ਹਰਜੀਤ ਅਟਵਾਲ
ਇੰਗਲੈਂਡ ਵਿੱਚ ਬਣੇ ਸਮਾਰਕਾਂ ਵਿੱਚੋਂ ਬਰਾਈਟਨ ਛੱਤਰੀ ਇਕ ਬਹੁਤ ਹੀ ਅਹਿਮ ਜੰਗੀ ਯਾਦਗਾਰ ਹੈ। ਇਸ ਦੀ ਮੁਕਾਮੀ ਵਿਰਾਸਤ ਵਿੱਚ ਖ਼ਾਸ ਥਾਂ ਹੈ। ਭਾਵੇਂ ਇਹ ਸਮਾਰਕ ਯੂ.ਕੇ. ਦੀ ਦੂਜੇ ਗਰੇਡ ਦੀ ਲਿਸਟਡ ਇਮਾਰਤ ਹੈ, ਪਰ ਸਾਡੀ ਭਾਰਤੀਆਂ ਦੀ ਇਸ ਨਾਲ ਬਹੁਤ ਡੂੰਘੀ ਜਜ਼ਬਾਤੀ ਸਾਂਝ ਜੁੜਦੀ ਹੈ। ਇਹ ਸਮਾਰਕ ਪਹਿਲੀ ਆਲਮੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਹਿੰਦੋਸਤਾਨੀ ਫ਼ੌਜੀਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਸ ਸਾਲ ਇਸ ਸਮਾਰਕ ਨੂੰ ਬਣਾਏ ਜਾਣ ਦੇ ਸੌ ਸਾਲ ਵੀ ਪੂਰੇ ਹੁੰਦੇ ਹਨ। ਇਸ ਲਈ ਇਸ ਨੂੰ ਚੇਤੇ ਕਰਨਾ ਬਣਦਾ ਹੈ। ਇਕ ਅੰਦਾਜ਼ੇ ਮੁਤਾਬਿਕ ਪਹਿਲੀ ਆਲਮੀ ਜੰਗ ਵਿੱਚ ਤਕਰੀਬਨ ਤੇਰਾਂ ਲੱਖ ਹਿੰਦੋਸਤਾਨੀ ਫ਼ੌਜੀਆਂ ਨੇ ਭਾਗ ਲਿਆ। ਉਨ੍ਹਾਂ ਵਿੱਚੋਂ 74000 ਫ਼ੌਜੀ ਸ਼ਹੀਦ ਹੋਏ ਤੇ ਇਸ ਤੋਂ ਕਿਤੇ ਵੱਧ ਜ਼ਖ਼ਮੀ ਹੋਏ। ਅਜਿਹੀ ਹੀ ਸਥਿਤੀ ਦੂਜੀ ਆਲਮੀ ਜੰਗ ਵਿੱਚ ਹੋਈ ਸਗੋਂ ਇਸ ਤੋਂ ਵੀ ਬਦਤਰ। ਬਰਤਾਨਵੀ ਸਾਮਰਾਜ ਨੂੰ ਬਚਾਉਣ ਜਾਂ ਖੜ੍ਹੇ ਕਰਨ ਲਈ ਸਾਡੇ ਫ਼ੌਜੀਆਂ ਦਾ ਖ਼ੂਨ ਵੀ ਡੁੱਲ੍ਹਿਆ। ਹਿੰਦੋਸਤਾਨੀਆਂ ਨੇ ਦੋਵਾਂ ਆਲਮੀ ਜੰਗਾਂ ਵਿੱਚ ਹਿੱਸਾ ਲੈ ਕੇ ਬਰਤਾਨਵੀ ਸਰਕਾਰ ਨੂੰ ਜਿੱਤ ਦਿਵਾਈ। ਇਹ ਗੱਲ ਅੰਗਰੇਜ਼ ਵੀ ਸਮਝਦੇ ਹਨ ਕਿ ਹਿੰਦੋਸਤਾਨੀ ਫ਼ੌਜੀਆਂ ਤੋਂ ਬਿਨਾਂ ਉਹ ਜਿੱਤ ਹਾਸਲ ਨਹੀਂ ਸਨ ਕਰ ਸਕਦੇ। ਹਿੰਦੋਸਤਾਨੀ ਫ਼ੌਜੀ ਪੂਰੇ ਯੌਰਪ ਤੋਂ ਲੈ ਕੇ ਬਰਮਾ ਤੋਂ ਅੱਗੇ ਤੱਕ ਲੜੇ। ਪਹਿਲੀ ਆਲਮੀ ਜੰਗ ਵਿੱਚ ਹਿੰਦੋਸਤਾਨੀ ਫ਼ੌਜੀਆਂ ਨੇ ਫਰਾਂਸ ਤੇ ਬੈਲਜੀਅਮ ਆਦਿ ਵਿੱਚ ਮੋਰਚੇ ਸੰਭਾਲੇ ਤੇ ਇੱਥੇ ਹੀ ਬਹੁਤੇ ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਬਰਤਾਨੀਆ ਵਿੱਚ ਲਿਆ ਕੇ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ। ਵੱਖ ਵੱਖ ਸ਼ਹਿਰਾਂ ਵਿੱਚ ਜ਼ਖ਼ਮੀ ਫ਼ੌਜੀਆਂ ਲਈ ਵਿਸ਼ੇਸ਼ ਹਸਪਤਾਲ ਬਣਾਏ ਗਏ। ਦਸੰਬਰ 1914 ਵਿੱਚ 345 ਹਿੰਦੋਸਤਾਨੀ ਜ਼ਖ਼ਮੀ ਫ਼ੌਜੀ ਲੰਡਨ ਤੋਂ ਰੇਲ ਰਾਹੀਂ ਬਰਾਈਟਨ ਲਿਆਂਦੇ ਗਏ। ਬਰਾਈਟਨ ਸ਼ਹਿਰ ਵਿੱਚ ਤਿੰਨ ਹਸਪਤਾਲ ਇਨ੍ਹਾਂ ਜ਼ਖ਼ਮੀਆਂ ਲਈ ਖੜ੍ਹੇ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਇਕ ਹਸਪਤਾਲ ਬਰਾਈਟਨ ਸ਼ਹਿਰ ਦੀ ਮਸ਼ਹੂਰ ਇਮਾਰਤ ‘ਦਿ ਰੌਇਲ ਪੈਵਿਲੀਅਨ’ ਵਿੱਚ ਬਣਾਇਆ ਗਿਆ। ਇਹ ਇਮਾਰਤ ਹਿੰਦੋਸਤਾਨੀ ਇਮਾਰਤਸਾਜ਼ੀ ਦੀ ਤਰਜ਼ ’ਤੇ ਬਣਾਈ ਹੋਈ ਹੈ ਤੇ ਇਸ ਅੰਦਰਲਾ ਮਾਹੌਲ ਵੀ ਭਾਰਤੀ ਸੀ। ਇਨ੍ਹਾਂ ਜ਼ਖ਼ਮੀਆਂ ਨੂੰ ਵਿਸ਼ੇਸ਼ ਤੌਰ ’ਤੇ ਇਸ ਇਮਾਰਤ ਵਿੱਚ ਲਿਆਉਣ ਦਾ ਮਕਸਦ ਇਹੋ ਸੀ ਕਿ ਇਹ ਓਪਰਾ ਮਹਿਸੂਸ ਨਾ ਕਰਨ। ਇਨ੍ਹਾਂ ਵਿੱਚ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਧਰਮਾਂ ਦੇ ਫ਼ੌਜੀ ਸ਼ਾਮਲ ਸਨ। ਇਨ੍ਹਾਂ ਦੇ ਖਾਣ-ਪੀਣ ਤੇ ਧਾਰਮਿਕ ਜ਼ਰੂਰਤਾਂ ਦਾ ਪੂਰਾ ਧਿਆਨ ਰੱਖਿਆ ਗਿਆ। ਉਸ ਵੇਲੇ ਦੇ ਬਰਤਾਨੀਆ ਦੇ ਰਾਜਾ ਤੇ ਰਾਣੀ, ਬਰਾਈਟਨ ਸ਼ਹਿਰ ਦਾ ਮੇਅਰ, ਪੁਲੀਸ ਕਪਤਾਨ ਤੇ ਹੋਰ ਵਿਸ਼ੇਸ਼ ਵਿਅਕਤੀ ਹਸਪਤਾਲ ਵਿੱਚ ਇਨ੍ਹਾਂ ਦੀ ਮਿਜ਼ਾਜਪੁਰਸ਼ੀ ਲਈ ਅਕਸਰ ਜਾਂਦੇ ਰਹਿੰਦੇ ਸਨ। ਜ਼ਖ਼ਮੀਆਂ ਵਿੱਚੋਂ ਬਹੁਤੇ ਸਿਹਤਯਾਬ ਹੋ ਕੇ ਮੁੜ ਸਰਵਿਸ ’ਤੇ ਚਲੇ ਗਏ, ਪਰ ਕੁਝ ਸ਼ਹੀਦ ਵੀ ਹੋ ਗਏ ਸਨ। ਬਰਾਈਟਨ ਸ਼ਹਿਰ ਵਿੱਚ ਇੱਕੀ ਮੁਸਲਮਾਨ ਫ਼ੌਜੀ ਸ਼ਹੀਦ ਹੋਏ ਜਿਨ੍ਹਾਂ ਨੂੰ ਸਰੀ ਕਾਉਂਟੀ ਦੇ ਵੋਕਿੰਗ ਸ਼ਹਿਰ ਦੀ ਸ਼ਾਹਜਹਾਂ ਮਸਜਿਦ ਵਿੱਚ ਇਸਲਾਮੀ ਰਸਮਾਂ ਨਾਲ ਦਫ਼ਨਾ ਦਿੱਤਾ ਗਿਆ। ਇਉਂ ਹੀ ਸ਼ਹੀਦ ਹੋਏ ਪਹਿਲੇ 53 ਹਿੰਦੂ-ਸਿੱਖਾਂ ਦਾ ਬਰਾਈਟਨ ਤੋਂ ਬਾਹਰ ਇਕ ਪਹਾੜੀ ਉਪਰ ਚਿਤਾ ਬਣਾ ਕੇ ਅੰਤਿਮ ਰਸਮਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਵੀ ਹਿੰਦੂ ਜਾਂ ਸਿੱਖ ਜ਼ਖ਼ਮੀ ਫ਼ੌਜੀ ਸ਼ਹੀਦ ਹੁੰਦਾ ਉਸ ਦਾ ਇਸੇ ਜਗ੍ਹਾ ਲਿਆ ਕੇ ਸਸਕਾਰ ਕੀਤਾ ਜਾਂਦਾ ਤੇ ਉਨ੍ਹਾਂ ਦੇ ਫੁੱਲ ਇੰਗਲਿਸ਼ ਚੈਨਲ ਵਿੱਚ ਪਾ ਦਿੱਤੇ ਜਾਂਦੇ। ਇਸ ਚਿਤਾ ਨੂੰ ਗੋਰੇ ਘਾਟ ਵੀ ਕਹਿੰਦੇ ਸਨ। ਆਖ਼ਰੀ ਸਸਕਾਰ ਅਗਸਤ 1915 ਵਿੱਚ ਇਕ ਹਿੰਦੋਸਤਾਨੀ ਲੈਫਟੀਨੈਂਟ ਦਾ ਕੀਤਾ ਗਿਆ ਸੀ। ਬਰਾਈਟਨ ਸ਼ਹਿਰ ਦੇ ਤਤਕਾਲੀ ਮੇਅਰ, ਸਰ ਜੌਹਨ ਓਟਰ ਜੋ ਕਿ ਖ਼ੁਦ ਫ਼ੌਜੀ ਅਫ਼ਸਰ ਰਿਹਾ ਸੀ, ਨੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਰਕ ਬਣਾਉਣ ਦੀ ਯੋਜਨਾ ਬਣਾਈ ਜਿਸ ਨੂੰ ਬਰਾਈਟਨ ਛੱਤਰੀ ਕਿਹਾ ਗਿਆ। ਇਸ ਸਮਾਰਕ ਨੂੰ ਇਕ ਭਾਰਤੀ ਵਿਦਿਆਰਥੀ ਈ.ਸੀ. ਹੈਨਰੀਕਿਊਜ਼ ਨੇ ਡਿਜ਼ਾਈਨ ਕੀਤਾ ਸੀ। 1918 ਵਿੱਚ ਇਸ ਨੂੰ ਬਣਾਉਣ ਦਾ ਠੇਕਾ ਮਾਨਚੈਸਟਰ ਦੀ ਇਕ ਕੰਪਨੀ ਨੂੰ ਦਿੱਤਾ ਗਿਆ। ਇਸ ਨੂੰ ਬਣਾਉਣ ਲਈ ਸੰਗਮਰਮਰ ਇਟਲੀ ਦੇ ਸ਼ਹਿਰ ਸਿਸਲੀ ਤੋਂ ਮੰਗਵਾਇਆ ਗਿਆ ਜੋ ਬਹੁਤ ਪ੍ਰਸਿੱਧ ਹੈ। ਆਲਮੀ ਜੰਗ ਕਾਰਨ ਸੰਗਮਰਮਰ ਆਉਣ ਵਿੱਚ ਸਾਲ ਭਰ ਲੱਗ ਗਿਆ ਜਿਸ ਕਾਰਨ ਇਸ ਨੂੰ ਬਣਾਉਣ ਦਾ ਕੰਮ ਅਗਸਤ 1920 ਵਿੱਚ ਸ਼ੁਰੂ ਹੋ ਸਕਿਆ ਤੇ ਸਾਲ ਦੇ ਅਖੀਰ ਤੱਕ ਚਲਦਾ ਰਿਹਾ। ਪਹਿਲੀ ਫਰਵਰੀ 1921 ਨੂੰ ਵੇਲਜ਼ ਦੇ ਸ਼ਹਿਜ਼ਾਦੇ ਐਡਵਰਡ ਨੇ ਇਸ ਦਾ ਉਦਘਾਟਨ ਕੀਤਾ। ਇਸ ਜਗ੍ਹਾ ਨੂੰ ਦੋ ਏਕੜ ਥਾਂ ਮੁਹੱਈਆ ਕੀਤੀ ਗਈ ਤੇ ਇਸ ਦੀ ਦੇਖਭਾਲ ਦਾ ਕੰਮ ਬਰਾਈਟਨ ਕੌਂਸਲ ਨੂੰ ਸੌਂਪਿਆ ਗਿਆ। ਇਸ ਨੂੰ ਬਣਾਉਣ ਲਈ ਸ਼ੁਰੂਆਤੀ ਬੱਜਟ 1117 ਪੌਂਡ ਸੀ ਜੋ ਅੱਜ ਦੇ ਪੰਜਤਾਲੀ ਹਜ਼ਾਰ ਪੌਂਡ ਬਣਦੇ ਹਨ, ਪਰ ਇਸ ਦੇ ਬਣਦੇ ਬਣਦੇ ਇਸ ਉਪਰ ਕੁਲ ਖਰਚ 4964 ਪੌਂਡ ਹੋ ਗਿਆ ਜੋ ਅੱਜ ਦੇ ਦੋ ਲੱਖ ਪੌਂਡ ਤੋਂ ਵੀ ਉਪਰ ਬਣਦੇ ਹਨ। ਇਹ ਸਮਾਰਕ ਜਾਂ ਗੁੰਬਦ 29 ਫੁੱਟ ਉੱਚਾ ਹੈ ਤੇ ਇਸ ਦਾ ਦਾਇਰਾ ਨੌਂ ਫੁੱਟ ਹੈ। ਇਹ ਅੱਠ ਥੰਮ੍ਹਾਂ ਉਪਰ ਖੜ੍ਹਾ ਹੈ।
ਬਰਾਈਟਨ ਛੱਤਰੀ ਕੁਦਰਤ ਦੀ ਗੋਦ ਵਿੱਚ ਬਹੁਤ ਹੀ ਰਮਣੀਕ ਜਗ੍ਹਾ ’ਤੇ ਬਣੀ ਹੋਈ ਹੈ। ਜੇ ਤੁਸੀਂ ਜਾਣਾ ਹੋਵੇ ਤਾਂ ਲੰਡਨ ਤੋਂ ਏ23 ’ਤੇ ਜਾਂਦਿਆਂ, ਬਰਾਈਟਨ ਸ਼ਹਿਰ ਵਿੱਚ ਵੜਨ ਤੋਂ ਪਹਿਲਾਂ ਏ27 ਵਾਲੇ ਚੌਕ ਤੋਂ ਖੱਬੇ ਮੁੜੋ। ਜਲਦੀ ਹੀ ਦੋ ਵਿੰਡਮਿਲ ਦਿਸਣਗੇ ਜਿਨ੍ਹਾਂ ਨੂੰ ਸਥਾਨਕ ਲੋਕ ਜੈਕ ਐਂਡ ਜਿੱਲ ਕਹਿੰਦੇ ਹਨ। ਉਸ ਪਾਸੇ ਮੁੜਦਿਆਂ ਇਕ ਕਾਰ ਪਾਰਕ ਆਉਂਦਾ ਹੈ ਜੋ ਬਰਾਈਟਨ ਛੱਤਰੀ ਦੇਖਣ ਜਾਣ ਵਾਲਿਆਂ ਲਈ ਹੀ ਹੈ। ਇੱਥੋਂ ਤੁਹਾਨੂੰ ਦੋ ਕਿਲੋਮੀਟਰ ਤੋਂ ਕੁਝ ਵੱਧ ਤੁਰ ਕੇ ਜਾਣਾ ਹੋਵੇਗਾ। ਇੱਥੋਂ ਬਰਾਟੀਨ ਛੱਤਰੀ ਨੂੰ ਪਬਲਿਕ ਫੁੱਟਪਾਥ ਜਾਂਦਾ ਹੈ ਜਿਸ ਨੂੰ ਅਸੀਂ ਆਪਣੀ ਬੋਲੀ ਵਿੱਚ ਪਹਾ ਵੀ ਕਹਿ ਸਕਦੇ ਹਾਂ। ਇੰਗਲੈਂਡ ਦੇ ਪਿੰਡਾਂ ਵਾਲਾ ਖ਼ੂਬਸੂਰਤ ਮਾਹੌਲ ਹੈ। ਭੇਡਾਂ, ਘੋੜੇ, ਗਾਈਆਂ ਚਰਦੇ ਦਿਸਣਗੇ। ਕਈ ਥਾਂ ਅਜਿਹੇ ਗੇਟ ਮਿਲਣਗੇ ਜਿਹੋ ਜਿਹੇ ਫਾਰਮਾਂ ਨੂੰ ਲੱਗੇ ਹੁੰਦੇ ਹਨ। ਮੌਸਮ ਦੇ ਹਿਸਾਬ ਨਾਲ ਆਲੇ-ਦੁਆਲੇ ਫ਼ਸਲਾਂ ਵੀ ਖੜ੍ਹੀਆਂ ਹੁੰਦੀਆਂ ਹਨ। ਇਹ ਪਹਾ ਆਮ ਲੋਕਾਂ ਲਈ ਤੁਰਨਗਾਹ ਵੀ ਹੈ। ਇਸ ਲਈ ਗਰਮੀਆਂ ਵਿੱਚ ਬਹੁਤ ਸਾਰੇ ਲੋਕ ਕਾਹਲੀ-ਕਾਹਲੀ ਤੁਰਦੇ ਵੀ ਮਿਲ ਸਕਦੇ ਹਨ। ਜਿੰਨਾ ਇਸ ਜਗ੍ਹਾ ਨੂੰ ਦੇਖਣ ਲਈ ਉਤਸੁਕਤ ਹੋਵੋਗੇ ਓਨਾ ਹੀ ਤੁਹਾਨੂੰ ਪੈਦਲ ਤੁਰਨ ਦਾ ਆਨੰਦ ਵੀ ਆਵੇਗਾ। ਰਾਹ ਵਿੱਚ ਛੋਟੇ-ਛੋਟੇ ਖ਼ੂਬਸੂਰਤ ਅਜਿਹੇ ਨਵੀਂ ਕਿਸਮ ਦੇ ਫੁੱਲ ਦਿਸਦੇ ਹਨ ਜੋ ਕਿਤੇ ਹੋਰ ਨਹੀਂ ਮਿਲਦੇ। ਬਰਾਈਟਨ ਛੱਤਰੀ ਹੈ ਤਾਂ ਛੋਟੀ ਜਿਹੀ ਥਾਂ, ਪਰ ਬਹੁਤ ਖ਼ੂਬਸੂਰਤ ਹੈ। ਇਹ ਜਗ੍ਹਾ ਸਮੁੰਦਰੀ ਤਲ ਤੋਂ ਪੰਜ ਸੌ ਫੁੱਟ ਉੱਚੀ ਹੈ। ਉਪਰ ਖੜ੍ਹ ਕੇ ਆਲੇ-ਦੁਆਲੇ ਦਾ ਮਨਮੋਹਕ ਨਜ਼ਾਰਾ ਦਿਖਾਈ ਦਿੰਦਾ ਹੈ। ਅੱਜ ਤੋਂ ਸੌ ਸਾਲ ਪਹਿਲਾਂ ਤਾਂ ਇਹ ਜਗ੍ਹਾ ਹੋਰ ਵੀ ਰਮਣੀਕ ਹੋਵੇਗੀ। ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਵਿੱਚ ਇਸ ਜਗ੍ਹਾ ਬਾਰੇ ਜਾਣਕਾਰੀ ਲਿਖੀ ਹੋਈ ਹੈ। ਹੁਣ ਸਿੱਖ ਧਰਮ ਦਾ ਖੰਡਾ ਵੀ ਲੱਗਾ ਹੋਇਆ ਹੈ।
ਉਸ ਵੇਲੇ ਇਸ ਜਗ੍ਹਾ ਦੀ ਦੇਖਭਾਲ ਲਈ ਇਕ ਖ਼ਾਸ ਕੇਅਰ-ਟੇਕਰ ਲਗਾ ਦਿੱਤਾ ਗਿਆ ਸੀ ਜੋ 1930 ਤੱਕ ਇਸ ਦੀ ਸੰਭਾਲ ਚੰਗੀ ਤਰ੍ਹਾਂ ਕਰਦਾ ਰਿਹਾ, ਪਰ ਫਿਰ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸਮਾਰਕ ਦੀ ਹਾਲਤ ਖ਼ਸਤਾ ਹੋਣ ਲੱਗੀ ਕਿਉਂਕਿ ਬਰਾਈਟਨ ਕਾਰਪੋਰੇਸ਼ਨ ਵੱਲੋਂ ਨਵਾਂ ਕੇਅਰ-ਟੇਕਰ ਨਿਯੁਕਤ ਕਰਨ ਵਿੱਚ ਕੁਝ ਢਿੱਲ ਹੋ ਗਈ ਤੇ ਇੱਥੇ ਬਣਾਈ ਹੋਈ ਇਕ ਕੌਟੇਜ ਢਹਿ ਗਈ। ਜਦ ਤੱਕ ਕਾਰਪੋਰੇਸ਼ਨ ਕੁਝ ਕਰਦੀ, ਦੂਜੀ ਆਲਮੀ ਜੰਗ ਦਾ ਬਿਗਲ ਵੱਜ ਗਿਆ। ਇਹ ਸਾਰਾ ਇਲਾਕਾ ਫ਼ੌਜ ਨੇ ਆਪਣੇ ਅਧਿਕਾਰ ਹੇਠ ਲੈ ਲਿਆ। ਇੱਥੇ ਫ਼ੌਜੀ ਟਰੇਨਿੰਗ ਦਿੱਤੀ ਜਾਣ ਲੱਗੀ। ਹੈਰਾਨੀ ਦੀ ਗੱਲ ਇਹ ਹੈ ਕਿ ਫ਼ੌਜੀ ਸਿਖਲਾਈ ਵਿੱਚ ਗੋਲੀਆਂ ਚਲਾਉਣ ਲਈ ਇਸ ਸਮਾਰਕ ਨੂੰ ਨਿਸ਼ਾਨੇ ਵਜੋਂ ਵਰਤਿਆ ਜਾਣ ਲੱਗਿਆ। ਇਹ ਸਾਰਾ ਸਮਾਰਕ ਗੋਲੀਆਂ ਦੇ ਨਿਸ਼ਾਨਾਂ ਨਾਲ ਭਰ ਗਿਆ। ਹਾਲੇ ਵੀ ਇਸ ਉਪਰ ਗੋਲੀਆਂ ਦੇ ਬਹੁਤ ਸਾਰੇ ਨਿਸ਼ਾਨ ਨਜ਼ਰ ਆਉਂਦੇ ਹਨ। ਯੁੱਧ ਤੋਂ ਬਾਅਦ ‘ਵਾਰ ਔਫਿਸ’ ਨੇ ਇਸ ਸਮਾਰਕ ਦੀ ਮੁਰੰਮਤ ਕਰਵਾਈ। 1951 ਤੋਂ ਫ਼ੌਜੀਆਂ ਦੀ ਸੰਸਥਾ ‘ਰੌਇਲ ਬ੍ਰਿਟਿਸ਼ ਲੀਯਨ’ ਇੱਥੇ ਹਰ ਸਾਲ ਫੇਰਾ ਪਾਉਂਦੀ ਰਹੀ ਤੇ ਇਸ ਦੀ ਸੰਭਾਲ ਵੀ ਕਰਦੀ ਰਹੀ। 2000 ਵਿੱਚ ਸਿੱਖ ਜਥੇਬੰਦੀਆਂ ਨੇ ਇੱਥੇ ਜਾਣਾ ਸ਼ੁਰੂ ਕਰ ਦਿੱਤਾ। ਸਿੱਖ ਇੱਥੇ ਜਾਂਦੇ ਹਨ ਤੇ ਅਰਦਾਸਾਂ ਕਰਦੇ ਹਨ, ਆਪਣੇ ਫ਼ੌਜੀਆਂ ਨੂੰ ਚੇਤੇ ਕਰਦੇ ਹਨ। ਸਿੱਖ ਤੇ ਹੋਰ ਭਾਰਤੀਆਂ ਦੇ ਨਾਲ ਨਾਲ ਬਹੁਤ ਸਾਰੇ ਗੋਰੇ ਵੀ ਹਰ ਸਾਲ ਇੱਥੇ ਜਾਂਦੇ ਹਨ। ਆਮ ਲੋਕਾਂ ਦੇ ਨਾਲ ਨਾਲ ਪੁਲੀਸ ਤੇ ਫ਼ੌਜ ਨਾਲ ਜੁੜੇ ਬਹੁਤ ਸਾਰੇ ਲੋਕ ਵੀ ਇੱਥੇ ਜਾਂਦੇ ਹਨ। ਸਾਲ ਵਿੱਚ ਕਦੇ ਵੀ ਇੱਥੇ ਜਾਉ ਤਾਂ ਕੁਝ ਲੋਕ ਇੱਥੇ ਮਿਲ ਹੀ ਜਾਣਗੇ। ਇਸ ਦੀਆਂ ਪੌੜੀਆਂ ਅਤੇ ਕੁਝ ਹੋਰ ਥਾਵਾਂ ’ਤੇ ਹਾਲੇ ਵੀ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਸ ਦੇ ਦੁਆਲੇ ਕੁਝ ਇਮਾਰਤੀ ਮਲਬਾ ਵੀ ਪਿਆ ਹੈ, ਸ਼ਾਇਦ ਇਹ ਉਸ ਕੌਟੇਜ ਦਾ ਹੀ ਹੋਵੇ ਜੋ ਨੱਬੇ ਸਾਲ ਪਹਿਲਾਂ ਢਹਿ ਗਈ ਸੀ।
ਇਸ ਸਮਾਰਕ ਦੀ ਮਹੱਤਤਾ, ਬਰਾਈਟਨ ਸ਼ਹਿਰ ਵਿੱਚ ਹਿੰਦੋਸਤਾਨੀ ਫ਼ੌਜੀਆਂ ਲਈ ਹਸਪਤਾਲ ਬਣਨ ਦੀ ਖ਼ਾਸੀਅਤ, ਇਹ ਸਭ ਆਪਣੀ ਜਗ੍ਹਾ ਹਨ, ਪਰ ਮੇਰੇ ਲਈ ਪਹਿਲੀ ਆਲਮੀ ਜੰਗ ਦੇ ਜ਼ਖ਼ਮੀ ਫ਼ੌਜੀਆਂ ਦਾ ਬਰਾਈਟਨ ਵਿੱਚ ਆਉਣਾ ਉਸ ਵੇਲੇ ਹੋਰ ਵੀ ਖ਼ਾਸ ਬਣ ਜਾਂਦਾ ਹੈ ਜਦੋਂ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਛੋਟੀ ਧੀ ਰਾਜਕੁਮਾਰੀ ਸੋਫੀਆ ਇਨ੍ਹਾਂ ਫ਼ੌਜੀਆਂ ਦੇ ਸੇਵਾ ਕਰਨ ਜਾਂਦੀ ਹੈ। ਰਾਜਕੁਮਾਰੀ ਸੋਫੀਆ ਨਰਸ ਬਣ ਕੇ ਇਨ੍ਹਾਂ ਹਿੰਦੋਸਤਾਨੀ ਫ਼ੌਜੀਆਂ ਦੀ ਸੇਵਾ ਕਰਦੀ ਰਹੀ ਹੈ। ਮੈਂ ਜਦ ਵੀ ਬਰਾਈਟਨ ਜਾਂਦਾ ਹਾਂ ਤਾਂ ‘ਦਿ ਰੌਇਲ ਪੈਵਿਲੀਅਨ’ ਵਿੱਚ ਜਾਣਾ ਨਹੀਂ ਭੁੱਲਦਾ। ਇੱਥੇ ਅਕਸਰ ਮੈਂ ਉਹ ਮੰਜ਼ਰ ਮਨ ਹੀ ਮਨ ਚਿਤਵਦਿਆਂ ਰੁਮਾਂਚਿਤ ਹੋ ਜਾਂਦਾ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਨਰਸ ਬਣ ਕੇ ਪੰਜਾਬੀ ਜ਼ਖ਼ਮੀ ਫ਼ੌਜੀਆਂ ਦੀ ਸੇਵਾ ਕਰ ਰਹੀ ਹੈ। ਸੋਚਦਾ ਹਾਂ ਉਹ ਫ਼ੌਜੀ ਆਪਣੇ ਆਪ ਨੂੰ ਕਿੰਨਾ ਧੰਨ ਸਮਝਦੇ ਹੋਣਗੇ। ਇਸ ਸਥਿਤੀ ਦੀ ਕਲਪਨਾ ਕਰਕੇ ਇਸ ਦਾ ਲੁਤਫ਼ ਉਹ ਹੀ ਲੈ ਸਕਦਾ ਹੈ ਜਿਸ ਨੂੰ ਪੰਜਾਬ ਦੇ ਉਨ੍ਹੀਵੀਂ ਸਦੀ ਦੇ ਇਤਿਹਾਸ ਦੀ ਸਮਝ ਹੋਵੇ।