ਸੁਖਦੇਵ ਸਿੱਧੂ
ਵਲਾਇਤ ਦਾ ਵੱਡਾ ਹਿੱਸਾ ਇਤਿਹਾਸਕ ਧੱਕਾ ਜ਼ੋਰੀ ਤੇ ਜ਼ੁਲਮਾਂ ਨਾਲ ਸਰਾਬੋਰ ਹੈ। ਵਡੇਰੇ ਰਾਜ ਪਸਾਰੇ ’ਚ ਅਨਿਆਂ ਵੀ ਬਹੁਤ ਹੋਇਆ। ਇਸ ਰਾਜ ਦੀ ਮੁੱਖ ਟੇਕ ਤਾਂ ਦੂਸਰਿਆਂ ਦੀ ਲੁੱਟ ਕਰਕੇ ਆਪਣਾ ਢਿੱਡ ਭਰਨਾ ਹੀ ਸੀ। ਬ੍ਰਿਟਿਸ਼ ਰਾਜ ਦੇ ਕਰਿੰਦਿਆਂ ਤੇ ਨਾਗਰਿਕਾਂ ਨੇ 1640 ਤੋਂ ਲੈ ਕੇ 1807 ਤੀਕ ਤੀਹ ਲੱਖ ਕਾਲੇ ਅਫ਼ਰੀਕਨਾਂ ਨੂੰ ਗ਼ੁਲਾਮ ਬਣਾ ਕੇ ਰਾਜ ਦੀਆਂ ਦੂਸਰੀਆਂ ਕਾਲੋਨੀਆਂ ’ਚ ਪਹੁੰਚਾਇਆ, ਹੋਰ ਥਾਈਂ ਵੀ ਵੇਚਿਆ ਗਿਆ। ਇਨ੍ਹਾਂ ’ਚੋਂ ਤੀਹ ਹਜ਼ਾਰ ਦੇ ਕਰੀਬ ਰਾਹ ’ਚ ਹੀ ਪਾਣੀ ਵਾਲੇ ਜਹਾਜ਼ਾਂ ਦੇ ਸਫ਼ਰ ਦੌਰਾਨ ਮਾਰੇ ਗਏ। ਇਨਾਂ ’ਚੋਂ ਹੋਈ ਕਮਾਈ ਨਾਲ ਵਲਾਇਤ ਦੀਆਂ ਕਈ ਨਾਮੀ ਇਮਾਰਤਾਂ ਤੇ ਹੋਰ ਅਦਾਰਿਆਂ ’ਤੇ ਅਸਰ ਦਿਸਦੇ ਹਨ। ਦਸਤਾਵੇਜ਼ਾਂ ਮੁਤਾਬਕ ਜੌਹਨ ਲੋਕ ਨੇ ਗ਼ੁਲਾਮ ਖ਼ਰੀਦਣ ਵੇਚਣ ਦੀ ਪਹਿਲ 1555 ’ਚ ਕੀਤੀ। ਇਸਨੇ ਪੰਜ ਗ਼ੁਲਾਮ ਵਲਾਇਤ ਨੂੰ ਲਿਆਂਦੇ ਸੀ। ਵਿਲੀਅਮ ਟਾਵਰਸਨ ਨੇ ਵੀ ਬੈਰ੍ਹੀ ਜਹਾਜ਼ਾਂ ਦੇ ਸਫ਼ਰ ਦੌਰਾਨ 1656 ਤੋਂ 1657 ਤੀਕ ਗ਼ੁਲਾਮ ਖ਼ਰੀਦਣ ਵੇਚਣ ਦਾ ਧੰਦਾ ਕੀਤਾ, ਪਰ ਇਸ ਕਰਤੂਤ ਦੀ ਰਹਿਨੁਮਾਈ ਦਾ ਸਿਹਰਾ ਜੌਹਨ ਹੌਕਿਨਜ਼ ਦੇ ਸਿਰ ਟਿਕਦਾ ਹੈ। ਇਸਨੂੰ ਹੀ ਇਸ ਕੰਮ ਦਾ ਮੋਢੀ ਮਿਥਿਆ ਗਿਆ ਹੈ।
ਉਸਨੇ ਇਕੱਲੇ ਨੇ 1200 ਗ਼ੁਲਾਮ ਸੀਏਰਾ ਲਿਓਨ ਤੋਂ ਲਿਆ ਕੇ ਡੌਮੀਨਿਕ ਰਿਪਬਲਿਕ ਤੇ ਹੇਤੀ ’ਚ ਵੇਚੇ। ਵਲਾਇਤ ਤੋਂ ਅਫ਼ਰੀਕਾ ਨੂੰ ਤੁਰੇ ਜਹਾਜ਼ ਸੋਨੇ, ਹਾਥੀ ਦੰਦਾਂ ਦੇ ਇਵਜ਼ ’ਚ ਗ਼ੁਲਾਮ ਖ਼ਰੀਦ ਲੈਂਦੇ। ਅਫ਼ਰੀਕਾ ਤੋਂ ਸਿੱਧਾ ਕੈਰੇਬੀਅਨ ਤੇ ਅਮਰੀਕੀ ਮੁਲਕਾਂ ’ਚ ਜਾ ਕੇ ਵੇਚ ਦਿੰਦੇ; ਜਦੋਂ ਜਹਾਜ਼ ਵਾਪਸ ਵਲਾਇਤ ਨੂੰ ਮੁੜਦੇ ਤਾਂ ਆਉਂਦੇ ਹੋਏ ਯੂਰੋਪੀਨਾਂ ਲਈ ਤੰਬਾਕੂ, ਖੰਡ ਤੇ ਰੰਮ ਲਿਆਉਂਦੇ। ਮਤਲਬ ਦੁਹਰੀ-ਤੀਹਰੀ ਲੁੱਟ ਕੀਤੀ ਜਾਂਦੀ। ਇਨ੍ਹਾਂ ਵਪਾਰੀਆਂ ਦਾ ਛੇਤੀ ਅਮੀਰ ਹੋਣਾ ਹੈਰਾਨ ਕਰਨ ਵਾਲਾ ਨਹੀਂ ਹੈ। ਸਮਾਂ ਬੜਾ ਬਲਵਾਨ ਹੈ। ਬੇਕਿਰਕ ਵੀ ਹੈ। ਬ੍ਰਿਟਿਸ਼ ਸਾਮਰਾਜ ਦਾ ਦੀਵਾ ਹੌਲੀ ਹੌਲੀ ਗੁੱਲ ਹੋ ਗਿਆ। ਕਿਸੇ ਨੂੰ ਕੀ ਪਤਾ ਸੀ ਕਿ ਕਾਲੇ ਅਫ਼ਰੀਕੀਆਂ ਨੂੰ ਵੇਚ ਵੱਟ ਕੇ ਵਲਾਇਤ ’ਚ ਰੁਤਬੇ ਪਾਉਣ ਵਾਲਿਆਂ ਦੇ ਬੁਰੇ ਦਿਨ ਵੀ ਆ ਜਾਣਗੇ।
ਹਾਲਾਤ ਬਦਲੇ ਤਾਂ ਅੰਦਰੋਂ ਜ਼ੋਰ ਪੈਣਾ ਸ਼ੁਰੂ ਹੋ ਗਿਆ ਸੀ। ਗ਼ੁਲਾਮਾਂ ਦੇ ਵਪਾਰ ਦੀ ਹਮਾਇਤ ਕਰਨ ਵਾਲਿਆਂ ਦਾ ਦਾਅਵਾ ਸੀ ਕਿ ਇਸ ਸਦਕਾ ਵਲਾਇਤ ਦੇ ਅਰਥਚਾਰੇ ਨੂੰ ਪ੍ਰੋਤਸਾਹਨ ਮਿਲਿਆ ਹੈ ਤੇ ਲੋਕਾਂ ਦੀ ਹਾਲਤ ਸੁਧਰੀ ਹੈ। ਫਿਰ ਵੀ ਵਲਾਇਤ ਦੀ ਸੰਸਦ ਨੇ ਗ਼ੁਲਾਮ ਤਜ਼ਾਰਤ ਦੇ ਖ਼ਾਤਮੇ ਦਾ ਕਾਨੂੰਨ ਪਾਸ ਕਰ ਦਿੱਤਾ। ਇਸ ਕਾਨੂੰਨ ਰਾਹੀਂ ਸਰਕਾਰ ਨੇ 1807 ’ਚ ਗ਼ੁਲਾਮਾਂ ਦਾ ਖ਼ਰੀਦਣਾ ਵੇਚਣਾ ਗ਼ੈਰਕਾਨੂੰਨੀ ਕਰ ਦਿੱਤਾ। ਪਰ ਅਸਲ ’ਚ ਗ਼ੁਲਾਮਾਂ ਦੀ ਖ਼ਰੀਦੋ ਫ਼ਰੋਖਤ 1838 ਤੀਕ ਵੀ ਹੁੰਦੀ ਰਹੀ। ਖੱਟੀ ਵੀ ਹੁੰਦੀ ਰਹੀ। ਪਾ ਲਾ ਕੇ ਬਹੱਤਰ ਅਜਿਹੇ ਬੁੱਤ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਗ਼ੁਲਾਮਾਂ ਦੀ ਤਜ਼ਾਰਤ ਜਾਂ ਬਸਤੀਵਾਦ ਨਾਲ ਰਿਹਾ ਹੈ। ਇਨ੍ਹਾਂ ’ਚੋਂ ਵੀਹ ਇਕੱਲੇ ਲੰਡਨ ’ਚ ਹਨ। ਹੁਣ ਇਨ੍ਹਾਂ ਦੀ ਸ਼ਾਮਤ ਆਈ ਹੋਈ ਹੈ। ਭਾਰਤ ਨਾਲ ਸਬੰਧਿਤ ਰੌਬਰਟ ਕਲਾਈਵ ਤੇ ਲਾਰਡ ਕਿਚਨਰ ਵੀ ਲਿਸਟ ’ਤੇ ਹਨ। ਹੋਰ ਕਿਸ ਕਿਸ ਦੀ ਵਾਰੀ ਕਦੋਂ ਕਦੋਂ ਆਉਂਦੀ ਹੈ, ਬਲਵਾਨ ਸਮਾਂ ਦੱਸ ਦਏਗਾ। ਵਲਾਇਤ ਦੀ ਸਰਕਾਰ ਨੇ ਚਰਚਿਲ ਦੇ ਬੁੱਤ ਦੁਆਲੇ ਰੱਖਿਆ ਪਹਿਰਾ ਕਾਇਮ ਕਰ ਦਿੱਤਾ ਹੈ ਤੇ ਸਰਕਾਰ ਨੇ ਤਾਬੜਤੋੜ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਗ਼ੁਲਾਮਾਂ ਦੇ ਵਪਾਰ ਸਿਰੋਂ ਅਮੀਰ ਹੋਏ ਐਡਵਰਡ ਕੌਲਸਟਨ ਦਾ ਬ੍ਰਿਸਟਲ ਸ਼ਹਿਰ ’ਚ ਬੁੱਤ ਸੀ। ਜੋ ਹਾਲ ਬੁੱਤ ਦਾ ਹੋਇਆ, ਹਾਲ ਹੀ ਵਿਚ ਸਭ ਨੇ ਤੱਕਿਆ ਹੈ। ਇਹ ਸਬਰ ਟੁੱਟਣ ਦਾ ਝਲਕਾਰਾ ਹੈ। ਇਹ ਗੋਰਾ ਅਫ਼ਰੀਕੀ ਨਸਲ ਦੇ ਇਨਸਾਨਾਂ ਦਾ ਵਪਾਰੀ ਸੀ। ਵੈੱਸਟ ਇੰਡੀਜ਼ ’ਚ ਗ਼ੁਲਾਮ ਅਫ਼ਰੀਕਨਾਂ ਨੂੰ ਵੇਚਦਾ ਸੀ। ਇਸਨੇ ਮਨੁੱਖੀ ਤਸਕਰੀ ਤੋਂ ਏਨੀ ਖੱਟੀ ਕੀਤੀ ਕਿ ਇਸਨੇ ਆਪਣੀ ਕੰਪਨੀ ‘ਲੰਡਨ ਡੌਕਸ’ ਬਣਾ ਲਈ। ਇਸਦੇ ਬੁੱਤ ਦਾ ਹੁਣ ਜੋ ਹਸ਼ਰ ਹੋਇਆ, ਉਹ ਸਭ ਦੇ ਸਾਹਮਣੇ ਹੈ। ਇਸਦੇ ਬੁੱਤ ਦੇ ਹਾਲ ਨੂੰ ਦੇਖ ਕੇ ਲੰਡਨ ਦੇ ਮਿਊਜ਼ੀਅਮ ਅੱਗੇ ਲੱਗੇ ਰੌਬਰਟ ਮਿਲੀਗਨ ਦੇ ਬੁੱਤ ਨੂੰ ਸਰਕਾਰ ਨੇ ਆਪੇ ਲਾਹ ਲਿਆ ਹੈ। ਕਈ ਹੋਰਾਂ ਦੇ ਲਾਹੁਣ ਦਾ ਅਮਲ ਜਾਰੀ ਹੈ ਤੇ ਕਈਆਂ ਦੁਆਲੇ ਰੱਖਿਆ ਕੱਸੀ ਗਈ ਹੈ।
ਔਕਸਫੋਰਡ ਯੂਨੀਵਰਸਿਟੀ ਦੇ ਓਰੀਅਲ ਕਾਲਜ ਵਿਚ ਸੈਸਿਲ ਰੋਡਜ਼ ਦਾ ਬੁੱਤ ਹੈ; ਇਸਦੇ ਨਾਂ ’ਤੇ ਸਕਾਲਰਸ਼ਿਪ ਵੀ ਚੱਲਦੀ ਹੈ। ਇਸ ਬੁੱਤ ਖਿਲਾਫ਼ ਮੁਜ਼ਾਹਰੇ ਹੋ ਰਹੇ ਹਨ। ਪੁਲੀਸ ਪਹਿਰੇ ’ਤੇ ਖੜ੍ਹੀ ਰਹਿੰਦੀ ਹੈ ਕਿ ਕਿਤੇ ਬ੍ਰਿਸਟਲ ਵਾਲੀ ਨਾ ਹੋ ਜਾਏ। ਆਕਸਫੋਰਡ ’ਚ ਵਿਦਿਆਰਥੀ ਬਹੁਤ ਗਿਣਤੀ ’ਚ ਹਨ ਤੇ ਜੋੜ ਮੇਲਾ ਫੁਰਤੀ ਨਾਲ ਹੋ ਜਾਂਦਾ ਹੈ। ਬਿਜਲਈ ਯੁੱਗ ’ਚ ਇਹ ਹੋਰ ਸੌਖਾ ਹੋ ਗਿਆ ਹੈ। ਪੁਲੀਸ ਤੇ ਬੁੱਤ ਵਿਰੋਧੀਆਂ ’ਚ ਚੂਹੇ ਬਿੱਲੀ ਵਾਲੀ ਲੱਗੀ ਰਹਿੰਦੀ ਹੈ। ਗ਼ੁਲਾਮਾਂ ਨਾਲ ਕੀਤੀ ਕਮਾਈ ’ਚੋਂ ਸੈਸਿਲ ਰੋਡਜ਼ ਦੇ ਨਾਂ ’ਤੇ ਚਲਦੇ ਟਰੱਸਟ ਨੇ ਸਕਾਲਰਸ਼ਿਪਸ ਵੀ ਲਾਈਆਂ ਹੋਈਆਂ ਹਨ। ਔਕਸਫਰਡ ਯੂਨੀਵਰਸਿਟੀ ਦੇ ਚਾਂਸਲਰ ਨੇ ਸੈਸਿਲ ਦਾ ਬੁੱਤ ਹਟਾਉਣ ਦੀ ਮੰਗ ਕਰਨ ਵਾਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੁੱਤ ਨਹੀਂ ਹਟੇਗਾ। ਚਾਂਸਲਰ ਬਣਨ ਤੋਂ ਪਹਿਲਾਂ ਇਹ ਟੋਰੀ ਪਾਰਟੀ ਦਾ ਵੱਡਾ ਸਿਆਸਤਦਾਨ ਰਿਹਾ ਹੈ ਤੇ ਪਾਰਟੀ ਦਾ ਚੈਅਰਮੈਨ ਵੀ। ਇਹ ਥੈਚਰ ਦੀ ਸਰਕਾਰ ’ਚ ਮੰਤਰੀ ਵੀ ਰਿਹਾ। ਇਹ ਮੰਗ 2016 ’ਚ ਵੀ ਉੱਠੀ ਸੀ ਤੇ ਇਸੇ ਚਾਂਸਲਰ ਦਾ ਕਹਿਣਾ ਸੀ ਕਿ ਜਿਨ੍ਹਾਂ ਨੂੰ ਸੈਸਿਲ ਰੋਡਜ਼ ਚੰਗਾ ਨਹੀਂ ਲੱਗਦਾ, ਉਹ ਕਿਸੇ ਹੋਰ ਯੂਨੀਵਰਸਿਟੀ ’ਚ ਜਾ ਕੇ ਪੜ੍ਹ ਲੈਣ। ਔਕਸਫੋਰਡ ਯੂਨੀਵਰਸਿਟੀ ਦੀ ਡਬਿੇਟਿੰਗ ਸੁਸਾਇਟੀ ’ਚ ਹੋਈ ਬਹਿਸ ਸਮੇਂ 457 ’ਚੋਂ 245 ਵੋਟਰਾਂ ਨੇ ਬੁੱਤ ਲਾਹੁਣ ਦੇ ਹੱਕ ’ਚ ਵੋਟ ਪਾਈ। ਅਫ਼ਰੀਕਾ ’ਚ ਪਹਿਲਾਂ ਹੀ ਸੈਸਿਲ ਦਾ ਬੁੱਤ ਹਟਾਇਆ ਜਾ ਚੁੱਕਾ ਹੈ; ਅਫ਼ਰੀਕਾ ’ਚ ਹੀ ਇਸਨੇ ਸੋਨੇ ਤੇ ਹੀਰਿਆਂ ਦੀਆਂ ਖਾਣਾਂ ਹਥਿਆ ਕੇ ਪੈਸਾ ਬਣਾਇਆ ਸੀ। ਔਕਸਫੋਰਡ ’ਚ ਬੁੱਤ ਹਟਾਉਣ ਜਾਂ ਲੱਗੇ ਰਹਿਣ ਦਾ ਫ਼ੈਸਲਾ ਇਕੱਲੇ ਚਾਂਸਲਰ ਦਾ ਨਹੀਂ ਹੋਣਾ। ਲੋਕ ਰਾਏ ਦੀ ਅਹਿਮੀਅਤ ਵੀ ਹੁੰਦੀ ਹੈ। ਵੱਡੀ ਦਲੀਲ ਤਾਂ ਇਹੋ ਹੈ ਕਿ ਅਣਮਨੁੱਖੀ ਕਰਤੂਤ ਕਰਨ ਵਾਲਿਆਂ ਦਾ ਨਾਂ ਇਤਿਹਾਸ ’ਚ ਤਾਂ ਰਹਿਣਾ ਹੈ, ਪਰ ਇਨ੍ਹਾਂ ਨੂੰ ਏਨੀ ਮਹਿਮਾ ਕਿਉਂ ਦਿੱਤੀ ਜਾਵੇ। ਇਨ੍ਹਾਂ ਦਾ ਇਹ ਬੁੱਤ ਕਿਸ ਲਈ? ਕੀ ਮਨੁੱਖਤਾ ਦਾ ਇੰਨਾ ਘਾਣ ਕਰਨ ਵਾਲੇ ਇਸਦੇ ਹੱਕਦਾਰ ਹਨ? ਜੇ ਇਹੋ ਗੱਲ ਹੈ ਤਾਂ ਸਦਾਮ ਹੁਸੈਨ ਦੇ ਬੁੱਤ ਕਿਉਂ ਤੁੜਵਾਏ ਗਏ ਸਨ। ਇਨਸਾਨਾਂ ਨੂੰ ਗ਼ੁਲਾਮ ਬਣਾ ਕੇ ਵਪਾਰ ’ਚੋਂ ਪੈਸਾ ਬਣਾਉਣ ਵਾਲਿਆਂ ਦੇ ਬੁੱਤਾਂ ਦਾ ਦੱਬੀ ਜ਼ੁਬਾਨ ’ਚ ਵਿਰੋਧ ਜ਼ੋਰ ਫੜ ਗਿਆ। ਹੁਣ ਇਹ ਪੂਰੇ ਜਲੌਅ ’ਤੇ ਹੈ। ਆਮ ਲੋਕ ਰਾਏ ਤਾਂ ਬੁੱਤ ਹਟਾਉਣ ਦੇ ਹੱਕ ’ਚ ਹੈ, ਪਰ ਹੱਕ ’ਚ ਬੋਲਣ ਵਾਲੇ ਆਟੇ ’ਚ ਲੂਣ ਬਰਾਬਰ ਹਨ। ਹੱਕ ’ਚ ਬੋਲਣ ਵਾਲੇ ਭਾਰਤੀਆਂ ਦੀ ਘਾਟ ਨਹੀਂ। ਜਿਹੜੇ ਬੁੱਤਾਂ ਨੂੰ ਹਟਾਉਣ ਦੇ ਹੱਕ ’ਚ ਹਨ, ਪਰ ਅਮਲੇ ਫੈਲੇ ਦੀ ਸੁਲ੍ਹਾ ਨਾਲ ਬੁੱਤ ਬਾਰੇ ਫ਼ੈਸਲਾ ਲੈਣ ਦੇ ਹੱਕ ’ਚ ਹਨ। ਕਈ ਬੁੱਤ ਢਹਾਉਣ ’ਤੇ ਖ਼ੁਸ਼ ਤਾਂ ਹੋਏੇ ਹਨ, ਪਰ ਸਿਆਸੀ ਰੁਤਬਿਆਂ ਕਾਰਨ ਖੁੱਲ੍ਹ ਕੇ ਪ੍ਰਸੰਸਾ ਨਹੀਂ ਕਰਦੇ। ਜਿੱਥੇ ਜਿੱਥੇ ਲੇਬਰ ਪਾਰਟੀ ਤਾਕਤ ’ਚ ਹੈ, ਉਨ੍ਹਾਂ ’ਚੋਂ ਬਹੁਤਿਆਂ ਨੇ ਬੁੱਤ ਹਟਾਉਣ ਦਾ ਫ਼ੈਸਲਾ ਕਰ ਲਿਆ ਹੈ। ਮਨੁੱਖਤਾ ਦਾ ਘਾਣ ਕਰਨ ਵਾਲਿਆਂ ਦੇ ਬੁੱਤ ਢਹਿ ਰਹੇ ਹਨ, ਇਨ੍ਹਾਂ ਨੂੰ ਹਟਾਉਣ ਦਾ ਫ਼ੈਸਲਾ ਹੋ ਗਿਆ ਹੈ। ‘ਹੇਠਲੀ ਉੱਤੇ ਆਉਣੀ’ ਦੀ ਸਹੀ ਤਸਵੀਰ ਇਹੋ ਹੈ।
ਵਲਾਇਤ ’ਚ ਕਈ ਥਾਵਾਂ ’ਤੇ ਨੈਲਸਨ ਮੰਡੇਲਾ ਦੇ ਬੁੱਤ ਲਗਾਏ ਹੋਏ ਹਨ। ਕਈ ਇਮਾਰਤਾਂ ਦੇ ਨਾਂ ਵੀ ਉਨ੍ਹਾਂ ਦੇ ਨਾਂ ’ਤੇ ਰੱਖੇ ਗਏ। ਮੇਰੇ ਆਪਣੇ ਸ਼ਹਿਰ ਨੈਲਸਨ ਆਪ ਖ਼ੁਦ ਆ ਕੇ ਬੁੱਤ ਦਾ ਉਦਘਾਟਨ ਕਰਕੇ ਗਿਆ ਸੀ। ਮੈਂ ਖ਼ੁਸ਼ ਸਾਂ। ਉਨ੍ਹਾਂ ਦੀ ਰਿਹਾਈ ਲਈ ਅਸੀਂ ਮੁਜ਼ਾਹਰਿਆਂ ’ਚ ਭਾਗ ਲੈਂਦੇ ਰਹੇ ਸਾਂ। ਗਾਂਧੀ ਦੇ ਵੀ ਕਈ ਥਾਵਾਂ ’ਤੇ ਬੁੱਤ ਲੱਗੇ ਹੋਏ ਹਨ। ਹੋਰ ਤਾਂ ਹੋਰ ਮੁਹੰਮਦ ਅਲੀ ਜਿਨਾਹ ਦੇ ਬੁੱਤ ਵੀ ਲੱਗੇ ਤੇ ਇਮਾਰਤਾਂ ਦੇ ਨਾਂ ਵੀ ਉਨ੍ਹਾਂ ਦੇ ਨਾਂ ’ਤੇ ਰੱਖੇ ਗਏ। ਮੈਂ ਸੋਚਦਾ ਹਾਂ ਕਿ ਜੇ ਬੁੱਤ ਬੋਲਦੇ ਹੁੰਦੇ ਤਾਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਦੇ ਜਾਂ ਜ਼ਿੱਦ ਕਰਦੇ ਕਿ ਅਸੀਂ ਸਹੀ ਕੀਤਾ ਜਾਂ ਉਸ ਵੇਲੇ ਇਹ ਸਹੀ ਸੀ। ਕੀ ਊਸ ਵੇਲੇ ਕੀਤਾ ਗ਼ਲਤ ਕੰਮ ਸਹੀ ਹੁੰਦਾ ਹੈ? ਕੀ ਇਨ੍ਹਾਂ ਤੋਂ ਅਫ਼ਰੀਕਾ ਦੇ ‘ਟਰੁੱਥ ਐਂਡ ਰੀਕੋਂਸੀਲੀਏਸ਼ਨ ਕਮਿਸ਼ਨ’ ਦੀ ਤਰਜ਼ ’ਤੇ ਇਮਾਨਦਾਰੀ ਨਾਲ ਸਵੈ ਬਿਆਨੀ ਕਰਾਈ ਜਾ ਸਕਦੀ। ਪਰ ਬੁੱਤ ਤਾਂ ਬੋਲਦੇ ਨਹੀਂ। ਬੁੱਤਾਂ ਵਾਲਿਆਂ ਦੇ ‘ਕੰਮ’ ਜ਼ਰੂਰ ਬੋਲੀ ਜਾ ਰਹੇ ਹਨ। ਸਾਡੇ ਪੰਜਾਬੀਆਂ ’ਚ ਕੀਲੇ ਦੇ ਜ਼ੋਰ ਤੀਂਗੜਨ ਵਾਲੀ ਗੱਲ ਆਮ ਬੋਲੀ-ਦੱਸੀ ਜਾਂਦੀ ਹੈ। ਬੁੱਤ ਵੀ ਕੀਲੇ ਦੇ ਜ਼ੋਰ ’ਤੇ ਹੀ ਬੋਲਦੇ ਹਨ। ਚੁੱਪ ਵੀ ਕੀਲੇ ਦੇ ਜ਼ੋਰ ਬਿਨਾਂ ਹੀ ਹੋ ਜਾਂਦੇ ਹਨ। ਭਲਾ ਜੇ ਇਹ ਬੁੱਤ ਬੋਲਣ ਦੇ ਯੋਗ ਹੁੰਦੇ ਤਾਂ ਹੁਣ ਕੀ ਕਹਿੰਦੇ?