ਲਖਵਿੰਦਰ ਜੌਹਲ ‘ਧੱਲੇਕੇ’
ਬੱਚਿਆਂ ਲਈ ਨਾਨਕਾ ਪਿੰਡ ਸਵਰਗ ਵਰਗਾ ਹੁੰਦਾ ਏ। ਅੱਜਕੱਲ੍ਹ ਭਾਵੇਂ ਬਦਲਦੇ ਦੌਰ ਨਾਲ ਰਿਸ਼ਤਿਆਂ ਵਿੱਚ ਫ਼ਰਕ ਪੈਣ ਲੱਗ ਗਏ ਹਨ, ਵੱਡੇ ਹੋ ਕੇ ਆਪਸੀ ਦੂਰੀਆਂ ਵੀ ਵਧ ਜਾਂਦੀਆਂ ਹਨ ਪਰ ਇਹ ਵੀ ਸੱਚ ਹੈ ਕਿ ਬਚਪਨ ਵਾਲਾ ਨਾਨਕਿਆਂ ਦਾ ਘਰ ਤੇ ਪਿੰਡ ਕਦੇ ਵੀ ਨਹੀਂ ਭੁੱਲਦੇ। ਨਾਨਕਿਆਂ ਦਾ ਪਿੰਡ ਅਜਿਹੀ ਜਗ੍ਹਾ ਜਿੱਥੇ ਸਾਨੂੰ ਸਾਡੇ ਪਿਓ ਦਾਦੇ ਦੇ ਨਾਂ ਦੀ ਬਜਾਏ ਮਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੋਟਕਪੂਰਾ ਅਤੇ ਜੈਤੋ ਤੋਂ ਲਗਪਗ ਇੱਕੋ ਜਿਹੀ ਦੂਰੀ ’ਤੇ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਸਥਿਤ ਹੈ ਮੇਰੇ ਨਾਨਕਿਆਂ ਦਾ ਪਿੰਡ ‘ਰੋਮਾਣਾ ਅਲਬੇਲ ਸਿੰਘ’ (ਜ਼ਿਲ੍ਹਾ ਫ਼ਰੀਦਕੋਟ)। ਇਸ ਪਿੰਡ ਦਾ ਕੋਈ ਬਹੁਤਾ ਲੰਮਾ ਚੌੜਾ ਇਤਿਹਾਸ ਤਾਂ ਨਹੀਂ ਪਰ ਐਨਾ ਕੁ ਜ਼ਿਕਰ ਮਿਲਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਜਦੋਂ ਮਾਲਵੇ ਵਿੱਚ ਵਿਚਰ ਰਹੇ ਸਨ ਤਾਂ ਕੁਝ ਪਲ ਲਈ ਇਸ ਪਿੰਡ ਦੇ ਬਾਹਰਵਾਰ ਰੁਕੇ ਸਨ। ਇੱਥੇ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਬਣਿਆ ਹੋਇਆ ਹੈ। ਪਿੰਡ ਦੇ ਚੜ੍ਹਦੇ ਪਾਸੇ ਪੁਰਾਣਾ ਰੇਲਵੇ ਸਟੇਸ਼ਨ ਹੈ। ਇੱਥੋਂ ਗੁਜ਼ਰਦੀ ਰੇਲ ਪਟੜੀ ਇਸ ਨਿੱਕੇ ਜਿਹੇ ਪਿੰਡ ਨੂੰ ਫ਼ਿਰੋਜ਼ਪੁਰ, ਬਠਿੰਡਾ ਅਤੇ ਦਿੱਲੀ ਨਾਲ ਜੋੜਦੀ ਹੈ। ਪੰਜਾਬ ਵੰਡ ਤੋਂ ਪਹਿਲਾਂ ਇਹ ਰੇਲ ਪਟੜੀ ਇਸ ਪਿੰਡ ਨੂੰ ਵਾਇਆ ਫ਼ਿਰੋਜ਼ਪੁਰ-ਕਸੂਰ ਰਾਹੀਂ ਲਾਹੌਰ ਨਾਲ ਵੀ ਜੋੜਦੀ ਸੀ ਅਤੇ ਉਸ ਸਮੇਂ ਇਹ ਪਿੰਡ ਰਿਆਸਤ ਫ਼ਰੀਦਕੋਟ ਦਾ ਹਿੱਸਾ ਸੀ। ਮੇਰੀ ਜੰਮਣ ਭੋਇੰ, ਮੇਰੇ ਨਾਨਕਿਆਂ ਦਾ ਘਰ ਪਿੰਡ ਤੋਂ ਬਾਹਰਵਾਰ ਕੋਠਿਆਂ ਵਿੱਚ ਹੈ। ਛੋਟੇ ਹੁੰਦਿਆਂ ਜਦੋਂ ਨਾਨਕੇ ਜਾਣਾ ਤਾਂ ਆਸ-ਪਾਸ ਘਰਾਂ ਦੀ ਗਿਣਤੀ ਕੋਈ ਖ਼ਾਸ ਨਹੀਂ ਸੀ ਹੁੰਦੀ ਪਰ ਹੁਣ ਕਾਫ਼ੀ ਨਵੇਂ ਘਰ ਬਣ ਗਏ ਹਨ ਤੇ ਹੁਣ ਇਨ੍ਹਾਂ ਕੋਠਿਆਂ ਦੀ ਪੰਚਾਇਤ ਵੀ ਪਿੰਡ ਨਾਲੋਂ ਅਲੱਗ ਬਣਨ ਲੱਗ ਪਈ ਹੈ। ਅਬੋਹਰ ਬਰਾਂਚ ਵਾਲੀ ਵੱਡੀ ਨਹਿਰ ਇਸ ਪਿੰਡ ਦੇ ਕੋਲ ਦੀ ਹੋ ਕੇ ਗੁਜ਼ਰਦੀ ਹੈ। ਅਸੀਂ ਛੋਟੇ ਹੁੰਦਿਆਂ ਇਸ ਨਹਿਰ ਦੀ ਡੰਡੀ ’ਤੇ ਘੁੰਮਣ ਚਲੇ ਜਾਣਾ। ਲੰਘਦੀ ਹੋਈ ਰੇਲ ਦੇ ਹਾਰਨ ਦੀ ਆਵਾਜ਼ ਸੁਣ ਕੇ ਭੱਜ ਕੇ ਦਰਵਾਜ਼ੇ ਵਿੱਚ ਚਲੇ ਜਾਣਾ ਤੇ ਓਨਾ ਚਿਰ ਉਸ ਨੂੰ ਦੇਖੀ ਜਾਣਾ ਜਦੋਂ ਤੱਕ ਦੂਰ ਨਾ ਚਲੀ ਜਾਂਦੀ। ਨਾਨਕਿਆਂ ਦੇ ਪਰਿਵਾਰ ਵਿੱਚੋਂ ਕੁਝ ਘਰ ਪਿੰਡ ਵਿੱਚ ਵੀ ਹਨ। ਕੋਠਿਆਂ ਤੋਂ ਪਿੰਡ ਦੇ ਵਿਚਕਾਰ ਪੈਂਦੀ ਰੇਲ ਪਟੜੀ ਤੇ ਸਟੇਸ਼ਨ ਕੋਲੋਂ ਲੰਘਦਿਆਂ ਹੁਣ ਵੀ ਬਚਪਨ ਦੀਆਂ ਕਈ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਮੇਰੀ ਨਾਨੀ ਤੇ ਉਨ੍ਹਾਂ ਦੀ ਭੈਣ (ਮੇਰੀ ਵੱਡੀ ਨਾਨੀ) ਇੱਥੇ ਦੋਵੇਂ ਇੱਕੋ ਪਿੰਡ ਵਿੱਚ ਹਨ। ਦੋਵੇਂ ਨਾਨੀਆਂ ਦਾ ਜਨਮ ਵੰਡ ਤੋਂ ਪਹਿਲਾਂ ਰਿਆਸਤ ਬਹਾਵਲਪੁਰ ਦਾ ਹੈ। ਹੁਣ ਵੀ ਜਦੋਂ ਦੋਵੇਂ ਇਕੱਠੀਆਂ ਹੁੰਦੀਆਂ ਹਨ ਤਾਂ ਆਪਸੀ ਗੱਲਾਂਬਾਤਾਂ ਬਹਾਵਲਪੁਰੀ ਲਹਿਜੇ ਵਿੱਚ ਹੀ ਕਰਦੀਆਂ ਹਨ।
ਨਾਨਕਿਆਂ ਦੇ ਪਿੰਡ ਤੋਂ ਅੱਗੇ ਆਉਂਦਾ ਹੈ ਸ਼ਹਿਰ ‘ਗੰਗਸਰ ਜੈਤੋ’ ਜਿਸ ਨੂੰ ਇੱਥੋਂ ਦੇ ਉੱਘੇ ਲੇਖਕ ਮਰਹੂਮ ਗੁਰਦਿਆਲ ਸਿੰਘ ਨੇ ਆਪਣੀਆਂ ਰਚਨਾਵਾਂ ਵਿੱਚ ਜੈਤੋ ਮੰਡੀ ਲਿਖਿਆ। ਮੈਂ ਲਫ਼ਜ਼ ‘ਮੰਡੀ’ ਆਪਣੇ ਰਿਸ਼ਤੇਦਾਰ ਵੀ ਵਰਤਦੇ ਸੁਣੇ ਹਨ। ਇਹ ਸ਼ਹਿਰ 1923-1924 ਵਿੱਚ ਇੱਥੇ ਲੱਗਣ ਵਾਲੇ ਮੋਰਚੇ ਕਰਕੇ ਵੀ ਮਸ਼ਹੂਰ ਹੈ ਜਿਸ ਦਾ ਜ਼ਿਕਰ ਇਤਿਹਾਸ ਵਿੱਚ ਜੈਤੋ ਦਾ ਮੋਰਚਾ ਵਜੋਂ ਆਉਂਦਾ ਹੈ। ਇਹ ਸ਼ਹਿਰ ਵੰਡ ਤੋਂ ਪਹਿਲਾਂ ਰਿਆਸਤ ਨਾਭਾ ਦਾ ਹਿੱਸਾ ਹੁੰਦਾ ਸੀ। ਇਸ ਸ਼ਹਿਰ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਗੁਰਦੁਆਰਾ ਟਿੱਬੀ ਸਾਹਿਬ ਅਤੇ ਗੁਰਦੁਆਰਾ ਗੰਗਸਰ ਸਾਹਿਬ (ਜਿਸ ਨੂੰ ਜੈਤੋ ਵਾਲੇ ਵੱਡਾ ਗੁਰਦੁਆਰਾ ਵੀ ਕਹਿੰਦੇ ਹਨ) ਗੁਰੂ ਸਾਹਿਬ ਦੀ ਯਾਦ ਵਿੱਚ ਸੁਸ਼ੋਭਿਤ ਹਨ। ਮੇਰੀਆਂ ਦੋਵੇਂ ਮਾਸੀਆਂ ਇਸੇ ਸ਼ਹਿਰ ਵਿੱਚ ਹੀ ਹਨ (ਛੋਟੀ ਮਾਸੀ ਜੀ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ)। ਜਦੋਂ ਵੀ ਇੱਥੇ ਮਾਸੀ ਹੁਰਾਂ ਕੋਲ ਆਉਣਾ ਤਾਂ ਦੋਵੇਂ ਗੁਰਦੁਆਰਾ ਸਾਹਿਬ ਵੀ ਆਉਣਾ ਹੀ ਹੁੰਦਾ ਸੀ।
ਹੁਣ ਅੱਗੇ ਗੱਲ ਕਰਦੇ ਹਾਂ ਯਾਦਾਂ ਦੀ ਅਗਲੀ ਕੜੀ ਦੀ। ਜਦੋਂ ਨੌਵੀਂ ਦਸਵੀਂ ਕਲਾਸ ਵਿੱਚ ਹੋਏ ਤਾਂ ਸਾਨੂੰ ਪੰਜਾਬੀ ਦੇ ਸਿਲੇਬਸ ਵਿੱਚ ਇੱਕ ਨਾਵਲ ਹੁੰਦਾ ਸੀ ‘ਪਹੁ ਫੁਟਾਲੇ ਤੋਂ ਪਹਿਲਾਂ’ ਜੋ ਜੈਤੋ ਵਾਲੇ ਗੁਰਦਿਆਲ ਸਿੰਘ ਦੀ ਰਚਨਾ ਹੈ। ਨਾਵਲ ਦੀ ਕਹਾਣੀ ਦੇ ਪਾਤਰ ਤਿੰਨ ਦੋਸਤ ਨੱਥਾ, ਜਗਨਾ ਅਤੇ ਦੀਨਾ- ਤਿੰਨੇ ਅਲੱਗ ਅਲੱਗ ਮਜ਼ਹਬਾਂ ਨਾਲ ਸੰਬੰਧ ਰੱਖਦੇ ਸਨ। ਨਾਵਲ ਦੇ ਪਹਿਲੇ ਕਾਂਡਾਂ ਵਿੱਚ ‘ਜੈਤੋ ਦੇ ਮੋਰਚੇ’ ਦਾ ਬਿਰਤਾਂਤ ਨੰਦ ਸਿੰਘ ਆਪਣੇ ਪੁੱਤਰ ਨੱਥੇ ਨੂੰ ਸੁਣਾਉਂਦਿਆਂ ਜੈਤੋ ਦੇ ਆਸ-ਪਾਸ ਵਾਲੇ ਪਿੰਡਾਂ, ਦੋਵੇਂ ਗੁਰਦੁਆਰਿਆਂ ਅਤੇ ਟਿੱਬੀ ਸਾਹਿਬ ਵਿੱਚ ਲੱਗੀ ਸ਼ਹੀਦਾਂ ਦੇ ਨਾਵਾਂ ਵਾਲੀ ਸਿੱਲ ਦਾ ਜ਼ਿਕਰ ਕਰਦਾ ਹੈ। ਮੋਰਚੇ ਦੀਆਂ ਘਟਨਾਵਾਂ ਸੁਣ ਕੇ ਪੰਡਿਤ ਜਵਾਹਰ ਲਾਲ ਨਹਿਰੂ ਵੀ ਜੈਤੋ ਪਹੁੰਚਦਾ ਅਤੇ ਗ੍ਰਿਫ਼ਤਾਰ ਹੁੰਦਾ ਹੈ। ਜਿੱਥੇ ਪੰਡਿਤ ਨਹਿਰੂ ਨੂੰ ਕੈਦ ਕਰਕੇ ਰੱਖਿਆ ਜਾਂਦਾ ਹੈ, ਲੇਖਕ ਉਸ ਜੇਲ੍ਹ ਦਾ ਜ਼ਿਕਰ ਵੀ ਕਰਦਾ ਹੈ। ਮੈਂ ਇਹ ਸਾਰੀਆਂ ਥਾਵਾਂ ਵੇਖੀਆਂ ਹੋਈਆਂ ਹਨ। ਇਸ ਕਰਕੇ ਮੈਂ ਇਸ ਕਹਾਣੀ ਨੂੰ ਮਹਿਸੂਸ ਵੀ ਕਰਦਾ ਹਾਂ ਤੇ ਉਨ੍ਹਾਂ ਥਾਵਾਂ ’ਤੇ ਜਾ ਕੇ ਕਲਪਨਾ ਕਰਦਾ ਹਾਂ ਕਿ ਇੱਥੇ ਇੱਥੇ ਇਹ ਹੋਇਆ ਹੋਵੇਗਾ। ਨਾਵਲ ਵਿਚਲੀ ਅਗਲੀ ਘਟਨਾ 1946 ਈਸਵੀ ਦੀ ਹੈ ਜਦੋਂ ਪਰਜਾ ਮੰਡਲੀਏ ਮੰਡੀ ਤੋਂ ਰੇਲਾਂ ਭਰ ਕੇ ਫ਼ਰੀਦਕੋਟ ਜਾਂਦੇ ਸਨ। ਇਹ ਰੇਲਾਂ ਮੇਰੇ ਨਾਨਕਿਆਂ ਦੇ ਪਿੰਡ ਵਿੱਚੋਂ ਹੋ ਕੇ ਲੰਘਦੀਆਂ ਸਨ। ਇਹ ਨਾਵਲ ਮੇਰੇ ਕੋਲ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਇਹ ਮੇਰੇ ਨਾਨਕਿਆਂ ਦੇ ਪਿੰਡਾਂ ਦੀ ਕਹਾਣੀ ਹੈ। ਸਿੱਧੀ ਸਾਦੀ ਜ਼ਿੰਦਗੀ ਜਿਉਣ ਵਾਲੇ ਉਨ੍ਹਾਂ ਮਲਵਈਆਂ ਦੀ ਕਹਾਣੀ ਜਿਨ੍ਹਾਂ ਵਿੱਚੋਂ ਬਹੁਤੇ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ। ਹੁਣ ਵੀ ਕਦੇ ਕਦੇ ਮੈਂ ਇਸ ਨਾਵਲ ਨੂੰ ਪੜ੍ਹਦਾ ਹਾਂ ਤਾਂ ਸਾਰੀਆਂ ਘਟਨਾਵਾਂ ਕਿਸੇ ਫ਼ਿਲਮ ਵਾਂਗ ਅੱਖਾਂ ਸਾਹਵੇਂ ਆ ਜਾਂਦੀਆਂ ਹਨ। ਗੁਰਦਿਆਲ ਸਿੰਘ ਆਪਣੀਆਂ ਹੋਰ ਸਾਰੀਆਂ ਰਚਨਾਵਾਂ ਵਿੱਚ ਵੀ ਹਮੇਸ਼ਾ ‘ਜੈਤੋ ਮੰਡੀ’ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦਾ ਆਮ ਜ਼ਿਕਰ ਕਰਦਾ ਹੁੰਦਾ ਸੀ ਕਿਉਂਕਿ ਉਹ ਮਾਲਵੇ ਦੀ ਇਸ ਮਿੱਟੀ ਦਾ ਪੁੱਤਰ ਸੀ ਅਤੇ ਉਸ ਦੀਆਂ ਕਹਾਣੀਆਂ ਦੇ ਪਾਤਰ ਵੀ ਆਮ ਜਿਹੇ ਸਿੱਧ ਪੱਧਰੇ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਮਲਵਈ ਹੁੰਦੇ ਸਨ। ਮਾਲਵੇ ਦੇ ਇਨ੍ਹਾਂ ਇਲਾਕਿਆਂ ਦੀ ਬੋਲੀ ਅਤੇ ਸੱਭਿਆਚਾਰ ਦੀ ਝਲਕ ਵੀ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਬਹੁਤ ਮਿਲਦੀ ਹੈ। ਗੁਰਦਿਆਲ ਸਿੰਘ ਨੂੰ ਪੜ੍ਹਦਿਆਂ ਮਾਲਵੇ ਦੇ ਅਤੀਤ ਦੀ ਸੋਹਣੀ ਤਸਵੀਰ ਅੱਖਾਂ ਸਾਹਮਣੇ ਆਪਣੇ ਆਪ ਬਣ ਜਾਂਦੀ ਹੈ ਕਿਉਂਕਿ ਮਾਲਵੇ ਦੇ ਪਿੰਡਾਂ-ਸ਼ਹਿਰਾਂ, ਕੱਸੀਆਂ-ਨਹਿਰਾਂ, ਰੋਹੀਆਂ, ਧੋੜੇ ਟਿੱਬਿਆਂ, ਵਣਾਂ, ਕਰੀਰਾਂ, ਜੰਡਾਂ, ਕਿੱਕਰਾਂ ਆਦਿ ਦਾ ਜ਼ਿਕਰ ਬੜੇ ਸੋਹਣੇ ਢੰਗ ਤਰੀਕੇ ਨਾਲ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੋਇਆ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ‘ਪਹੁ ਫੁਟਾਲੇ ਤੋਂ ਪਹਿਲਾਂ’ ਮੈਨੂੰ ਉਦੋਂ ਵੀ ਬਹੁਤ ਚੰਗਾ ਲੱਗਦਾ ਸੀ ਜਦੋਂ ਪਹਿਲੀ ਵਾਰ ਸਕੂਲ ਵਿੱਚ ਪੜ੍ਹਿਆ ਸੀ ਅਤੇ ਅੱਜ ਉਸ ਤੋਂ ਵੀ ਕਿਤੇ ਵੱਧ ਲਗਾਅ ਇਸ ਨਾਲ ਹੈ ਕਿਉਂਕਿ ਬਚਪਨ ਵਾਲੇ ਨਾਨਕਿਆਂ ਦੇ ਪਿੰਡ ਅਤੇ ਜੈਤੋ ਦੀਆਂ ਕਈ ਯਾਦਾਂ ਦੀ ਕੜੀ ਇਸ ਨਾਲ ਜੁੜਦੀ ਹੈ।
ਮੇਰਾ ਨਾਨਕਾ ਪਿੰਡ ‘ਰੋਮਾਣਾ’, ਜੈਤੋ ਮੰਡੀ ਅਤੇ ਨਾਵਲ ‘ਪਹੁ ਫੁਟਾਲੇ ਤੋਂ ਪਹਿਲਾਂ’ ਆਖ਼ਰੀ ਸਾਹ ਤੱਕ ਹਮੇਸ਼ਾ ਮੇਰੇ ਜ਼ਿਹਨ ਵਿੱਚ ਰਹਿਣਗੇ ਭਾਵੇਂ ਮੈਂ ਕਿਤੇ ਵੀ ਕਿਉਂ ਨਾ ਹੋਵਾਂ। ਮੈਂ ਅਰਦਾਸ ਕਰਦਾ ਹਾਂ ਕਿ ਰਹਿੰਦੀ ਦੁਨੀਆਂ ਤੱਕ ਇਨ੍ਹਾਂ ਤਿੰਨਾਂ ਦੀ ਹੋਂਦ ਕਾਇਮ ਰਹੇ। ਮੇਰੇ ਬਚਪਨ ਵਾਲਾ ਨਾਨਕਾ ਪਿੰਡ ਹੁਣ ਕਿਧਰੇ ਗੁਆਚ ਗਿਆ ਜਾਪਦਾ ਏ, ਜੈਤੋ ਮੰਡੀ ਵੀ ਹੁਣ ਭਾਵੇਂ ਉਹੋ ਜਿਹੀ ਨਹੀਂ ਰਹੀ ਪਰ ‘ਪਹੁ ਫੁਟਾਲੇ ਤੋਂ ਪਹਿਲਾਂ’ ਜਿਹੋ ਜਿਹਾ ਪਹਿਲਾਂ ਸੀ ਓਹੋ ਜਿਹਾ ਹੀ ਅੱਜ ਵੀ ਹੈ ਤੇ ਸਾਰੀਆਂ ਯਾਦਾਂ ਤਾਜ਼ੀਆਂ ਕਰਵਾ ਦਿੰਦਾ ਹੈ। ਹਾਂ ਸੱਚ! ਇਹ ਵੀ ਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਨਾਵਲ ਵੀ ਹੈ ਜਿਸ ਨੇ ਨਾਵਲਾਂ ਨਾਲ ਜਾਣ ਪਹਿਚਾਣ ਕਰਵਾਈ ਸੀ ਕਿ ਇਹ ‘ਨਾਵਲ’ ਭਲਾ ਕੀ ਸ਼ੈਅ ਹੁੰਦੇ ਨੇ!!?
ਸੰਪਰਕ: 98159-59476
ਈਮੇਲ: johallakwinder@gmail.com