ਗੁਰਮੀਤ ਸਿੰਘ*
ਪੀਲੀ ਗਲ਼ ਚਿੜੀ ਘਰੇਲੂ ਚਿੜੀ ਦੀ ਤਰ੍ਹਾਂ ਛੋਟਾ ਤੇ ਸੁੰਦਰ ਪੰਛੀ ਹੈ। ਇਸ ਦੇ ਨਰ ਦੇ ਗਲ਼ੇ ’ਤੇ ਪੀਲੇ ਧੱਬੇ ਵਰਗੇ ਨਿਸ਼ਾਨ ਬਣੇ ਹੋਣ ਕਰਕੇ ਇਸ ਦਾ ਨਾਂ ‘ਪੀਲੀ ਗਲ਼ ਚਿੜੀ’ ਪੈ ਗਿਆ। ਇਸ ਚਿੜੀ ਨੂੰ ਅੰਗਰੇਜ਼ੀ ਵਿੱਚ ‘Yellow throated Sparrow’ ਅਤੇ ਹਿੰਦੀ ਵਿੱਚ ਰਾਜ਼ੀ, ਜੰਗਲੀ ਚਿੜੀ ਕਿਹਾ ਜਾਂਦਾ ਹੈ। ਇਹ ਛੋਟੇ ਸਮੂਹਾਂ ਵਿੱਚ ਰਹਿੰਦੀਆਂ ਹਨ, ਪਰ ਕਈ ਵਾਰ ਇਕੱਲੇ ਰਹਿਣਾ ਪਸੰਦ ਕਰਦੀਆਂ ਹਨ। ਇਹ ਚਿੜੀ ਤੁਰਕੀ ਤੋਂ ਈਰਾਨ, ਅਫ਼ਗਾਨਿਸਤਾਨ, ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਵਿੱਚ ਪਾਈ ਜਾਂਦੀ ਹੈ।
ਇਹ ਪ੍ਰਜਾਤੀ ਘਰੇਲੂ ਚਿੜੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਪੰਜਾਬ ਵਿੱਚ ਇਹ ਸਥਾਨਕ ਪੰਛੀ ਹੈ। ਇਹ ਜੰਗਲ, ਬਗੀਚਿਆਂ ਅਤੇ ਖੁੱਲ੍ਹੇ ਝਾੜੀਆਂ ਦੇ ਰਕਬਿਆਂ ਵਿੱਚ ਮਿਲਦੀ ਹੈ। ਇਸ ਦੀ ਚੁੰਝ ਆਮ ਘਰੇਲੂ ਚਿੜੀ ਨਾਲੋਂ ਸੋਹਣੀ, ਪਰ ਭੂਰੀ ਹੁੰਦੀ ਹੈ। ਚੁੰਝ ਪ੍ਰਜਣਨ ਦੇ ਦਿਨਾਂ ਵਿੱਚ ਕਾਲੀ ਹੋ ਜਾਂਦੀ ਹੈ। ਇਨ੍ਹਾਂ ਦੇ ਸਰੀਰ ’ਤੇ ਘਰੇਲੂ ਚਿੜੀਆਂ ਵਰਗੀਆਂ ਧਾਰੀਆਂ ਨਹੀਂ ਹੁੰਦੀਆਂ। ਨਰ ਦੇ ਮੋਢੇ ਲਾਖੇ ਰੰਗ ਦੇ ਅਤੇ ਪਰਾਂ ’ਤੇ ਦੋ-ਦੋ ਚਿੱਟੀਆਂ ਧਾਰੀਆਂ ਹੁੰਦੀਆਂ ਹਨ। ਅੱਖਾਂ ਭੂਰੀਆਂ ਹੁੰਦੀਆਂ ਹਨ। ਮਾਦਾ ਫਿੱਕੇ ਧੁੰਦਲੇ ਰੰਗ ਵਿੱਚ ਹੁੰਦੀ ਹੈ ਅਤੇ ਉਨ੍ਹਾਂ ਦੇ ਮੋਢਿਆਂ ’ਤੇ ਲਾਖੇ ਰੰਗ ਦਾ ਨਿਸ਼ਾਨ ਨਹੀਂ ਹੁੰਦਾ। ਮਾਦਾ ਦੇ ਨਰ ਦੀ ਤਰ੍ਹਾਂ ਪੀਲਾ ਧੱਬਾ ਬਹੁਤ ਹਲਕਾ ਜਾਂ ਨਾਂ ਮਾਤਰ ਹੁੰਦਾ ਹੈ ਜਾਂ ਕਿਸੇ ਵੇਲੇ ਦਿਖਦਾ ਹੀ ਨਹੀਂ।
ਇਹ ਪ੍ਰਜਾਤੀ ਰੁੱਖਾਂ ਨੂੰ ਪਿਆਰ ਕਰਨ ਵਾਲੀ ਹੈ, ਹਾਲਾਂਕਿ ਇਹ ਕਈ ਵਾਰ ਤਾਰਾਂ ਅਤੇ ਜ਼ਮੀਨ ’ਤੇ ਵੀ ਦਿਖਾਈ ਦਿੰਦੀ ਹੈ। ਇਸ ਚਿੜੀ ਦੀ ਚਾਲ-ਢਾਲ ਫੁੱਦਕਣ ਵਾਲੀ ਹੁੰਦੀ ਹੈ। ਇਹ ਕਈ ਵਾਰ ਚੂੰ ਚੂੰ ਕਰਕੇ ਰੌਲਾ ਪਾਉਂਦੀ ਹੈ, ਪਰ ਇਹ ਚਿਲਪ -ਚੈਲਪ -ਚੋਲਪ ਕਰਕੇ ਆਵਾਜ਼ ਕੱਢਦੀ ਹੈ। ਇਹ ਸੀਮਤ ਪੱਧਰ ਦੀ ਉਡਾਰੂ ਹੈ ਅਤੇ ਉਡਾਣ ਭਰਨ ਤੋਂ ਪਹਿਲਾਂ ਡੂੰਘੀ ਟੁੱਭੀ ਲਾਉਂਦੀ ਹੈ। ਇਨ੍ਹਾਂ ਦੀ ਖੁਰਾਕ ਕੀੜੇ-ਮਕੌੜੇ, ਸੁੰਡੀਆਂ, ਵੱਖ ਵੱਖ ਤਰ੍ਹਾਂ ਦੇ ਅਨਾਜ ਦੇ ਬੀਜ ਅਤੇ ਫੁੱਲਾਂ ਦੀਆਂ ਡੋਡੀਆਂ ਤੇ ਪੱਤਰੀਆਂ ਹਨ। ਇਹ ਪੰਛੀ ਅਪਰੈਲ ਤੋਂ ਜੁਲਾਈ ਤੱਕ ਪ੍ਰਜਣਨ ਤੋਂ ਬਾਅਦ ਦਰੱਖਤਾਂ ਦੀਆਂ ਖੁੱਡਾਂ ਜਿਨ੍ਹਾਂ ਵਿੱਚ ਅਕਸਰ ਹਰਾ ਬਸੰਤਾ ਤੇ ਸੁਨਹਿਰੀ ਕੱਠਫੋੜੇ ਦੇ ਪੁਰਾਣੇ ਆਲ੍ਹਣੇ ਹੁੰਦੇ ਹਨ, ਦੇ ਬਣੇ ਸੁਰਾਖਾਂ ਦੀ ਵਰਤੋਂ ਕਰਦੇ ਹਨ। ਆਲ੍ਹਣਾ ਮੁੱਖ ਤੌਰ ’ਤੇ ਮਾਦਾ ਵੱਲੋਂ ਠੀਕ ਕੀਤਾ ਜਾਂਦਾ ਹੈ, ਪਰ ਕਈ ਵਾਰ ਨਰ ਵੀ ਸਹਾਇਤਾ ਕਰਦਾ ਹੈ। ਮਾਦਾ ਵੱਲੋਂ ਦਿੱਤੇ ਆਂਡਿਆਂ ਵਿੱਚੋਂ ਲਗਭਗ 12 ਤੋਂ 14 ਦਿਨਾਂ ਬਾਅਦ ਚੂਚੇ ਨਿਕਲਦੇ ਹਨ।
ਇਸ ਪ੍ਰਜਾਤੀ ਦੀ ਸਲੀਮ ਅਲੀ (1896-1987) ਨੇ ਪੰਛੀ ਵਿਗਿਆਨ ਵਿੱਚ ਜਾਣ-ਪਛਾਣ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬਚਪਨ ਵਿੱਚ ਉਸ ਨੇ ਇੱਕ ਚਿੜੀ ਨੂੰ ਗੋਲੀ ਮਾਰੀ ਜੋ ਵੱਖਰੀ ਦਿਖਾਈ ਦਿੰਦੀ ਸੀ। ਫਿਰ ਇਸ ਦੀ ਪਛਾਣ ਬੰਬੇ ਨੈਚੁਰਲ ਹਿਸਟਰੀ ਸੁਸਾਇਟੀ (ਬੀ.ਐੱਨ.ਐੱਚ.ਐੱਸ.) ਦੇ ਸਕੱਤਰ ਡਬਲਯੂ. ਐੱਸ. ਮਿਲਾਰਡ ਦੁਆਰਾ ਕੀਤੀ ਗਈ ਸੀ, ਜਿਸ ਨੇ ਉਸ ਨੂੰ ਉੱਥੋਂ ਦੇ ਅਜਾਇਬ ਘਰ ਵਿੱਚ ਜਾਣੂ ਕਰਵਾਇਆ ਸੀ। ਸਥਾਨਕ ਪੰਛੀ ਹੋਣ ਦੇ ਬਾਵਜੂਦ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸ ਚਿੜੀ ਦਾ ਰਹਿਣ ਸਹਿਣ ਆਮ ਚਿੜੀ ਦੀ ਤਰ੍ਹਾਂ ਹੀ ਹੈ, ਪਰ ਇਹ ਘਰਾਂ ਵਿੱਚ ਨਹੀਂ ਆਉਂਦੀ। ਇਸ ਦੀ ਮਨਭਾਉਂਦੀ ਥਾਂ ਬਾਗ਼, ਬਗੀਚੇ, ਜੰਗਲ ਆਦਿ ਘਟਦੇ ਜਾ ਰਹੇ ਹਨ। ਕੀੜੇਮਾਰ ਦਵਾਈਆਂ ਦਾ ਅਸਰ ਵੀ ਮਾੜਾ ਪੈ ਰਿਹਾ ਹੈ। ਇਸ ਨੂੰ ਜੰਗਲੀ ਜੀਵ (ਸੁੱਰਖਿਆ) ਐਕਟ, 1972 ਦੇ ਸ਼ਡਿਊਲ-4 ਵਿੱਚ ਰੱਖ ਕੇ ਮੁਕੰਮਲ ਸੁਰੱਖਿਆ ਦਿੱਤੀ ਗਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ।
ਸੰਪਰਕ: 98884-56910