ਸਤਿੰਦਰ ਪਾਲ ਸਿੰਘ
ਕਿਸੇ ਵੀ ਥਾਂ ’ਤੇ ਘੁੰਮਣ ਦੇ ਦੋ ਤਰੀਕੇ ਹੁੰਦੇ ਹਨ – ਪਹਿਲਾ ਸਿੱਧਿਆਂ ਹੀ ਟਿਕਟ ਕਟਾ ਕੇ ਘੁੰਮ ਆਈਏ ਤੇ ਦੂਜਾ ਇਹ ਕਿ ਉਸ ਥਾਂ ਬਾਰੇ ਥੋੜ੍ਹਾ ਜਾਣ ਲਿਆ ਜਾਵੇ, ਯੋਜਨਾ ਬਣਾ ਲਈ ਜਾਵੇ ਅਤੇ ਫੇਰ ਘੁੰਮਿਆ ਜਾਵੇ। ਬੇਸ਼ੱਕ ਦੋਹਾਂ ਤਰੀਕਿਆਂ ਨਾਲ ਘੁੰਮਿਆ ਜਾ ਸਕਦਾ ਹੈ ਪਰ ਨਤੀਜਾ ਕਿਸ ਦਾ ਸ਼ਾਨਦਾਰ ਮਿਲਣਾ ਏ ਇਹ ਅੰਦਾਜ਼ਾ ਤੁਸੀਂ ਖ਼ੁਦ ਲਾ ਸਕਦੇ ਹੋ।
ਸਾਫ਼ ਹੈ ਕਿ ਕਿਸੇ ਵੀ ਸਫ਼ਰ ਦੀ ਸ਼ੁਰੂਆਤ ਤੋਂ ਪਹਿਲਾਂ ਉਸਦਾ ੳ-ਅ ਸਮਝਣਾ ਜ਼ਰੂਰੀ ਹੁੰਦਾ ਹੈੈ। ਖਾਸ ਤੌਰ ‘ਤੇ ਜਦੋਂ ਸਫ਼ਰ ਲੰਮਾ ਤੇ ਔਖਾ ਹੋਵੇ। ਇੱਥੇ ਗੱਲ ਹੋ ਰਹੀ ਹੈ – ਸਿਵਲ ਸੇਵਾਵਾਂ ਪ੍ਰੀਖਿਆ ਅਤੇ ਆਈਏਐੱਸ ਅਫ਼ਸਰ ਬਣਨ ਦੇ ਸਫ਼ਰ ਦੀ। ਅਕਸਰ ਜ਼ਿਆਦਾਤਰ ਉਮੀਦਵਾਰ ਪੇਪਰ ਦੇ ਪੈਟਰਨ ਨੂੰ ਸਮਝੇ ਬਿਨਾਂ ਹੀ ਇਮਤਿਹਾਨ ‘ਚ ਬੈਠਣ ਦੀ ਕਾਹਲੀ ਕਰਦੇ ਹਨ। ਇਹ ਸਿਰਫ਼ ਹਨੇਰੇ ਵਿੱਚ ਤੀਰ ਮਾਰਨ ਵਾਲੀ ਗੱਲ ਹੈ। ਤਿਆਰੀ ਸ਼ੁਰੂ ਕਰਨ ਤੋਂ ਪਹਿਲਾਂ ਯੂਪੀਐੱਸਸੀ ਵੱਲੋਂ ਤੈਅ ਯੋਗਤਾਵਾਂ ਤੇ ਪੇਪਰ ਦੇ ਪੈਟਰਨ ਬਾਰੇ ਮੁੱਢਲੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਕੋਈ ਵੀ ਭਾਰਤੀ ਨਾਗਰਿਕ ਜੋ ਗਰੈਜੂਏਟ ਹੈ, ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈਏਐੱਸ), ਭਾਰਤੀ ਪੁਲੀਸ ਸੇਵਾਵਾਂ (ਆਈਪੀਐੱਸ) ਅਤੇ ਭਾਰਤੀ ਵਿਦੇਸ਼ ਸੇਵਾ (ਆਈਐਫਐੱਸ) ਵਰਗੀਆਂ 20 ਤੋਂ ਵੱਧ ਸਿਵਲ ਸੇਵਾਵਾਂ ਵਿੱਚ ਨਿਯੁਕਤੀ ਲਈ ਯੋਗ ਹੁੰਦਾ ਹੈ, ਚਾਹੇ ਤੁਸੀਂ ਆਈਆਈਟੀ ਤੋਂ ਪਾਸ ਹੋਵੋ ਜਾਂ ਓਪਨ ਤੋਂ, ਪਹਿਲੀ ਡਿਵੀਜ਼ਨ ਵਿੱਚ ਪਾਸ ਹੋਵੋ ਜਾਂ ਤੀਜੀ ’ਚ, 98 ਫ਼ੀਸਦੀ ਅੰਕ ਲਏ ਹੋਣ ਜਾਂ 33 ਫ਼ੀਸਦੀ। ਇਸ ਤੋਂ ਯੂਪੀਐੱਸਸੀ ਨੂੰ ਕੋਈ ਫਰਕ ਨਹੀਂ ਪੈਂਦਾ।
ਆਈਏਐੱਸ ਪ੍ਰੀਖਿਆ ਅਸਲ ਵਿੱਚ ਸਿਵਲ ਸੇਵਾਵਾਂ ਪ੍ਰੀਖਿਆ ਅਖਵਾਉਂਦੀ ਹੈ। ਇਸ ਦਾ ਇਮਤਿਹਾਨ ਹਰ ਸਾਲ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਲਿਆ ਜਾਂਦਾ ਹੈ, ਜਿਸ ਵੱਲੋਂ ਫਾਰਮ ਭਰਨ ਤੇ ਪ੍ਰੀਖਿਆ ਦੀ ਤਰੀਕ ਦਾ ਐਲਾਨ ਇੱਕ ਸਾਲ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ, ਜਿਵੇਂ ਸਾਲ 2023 ‘ਚ ਹੋਣ ਵਾਲੀ ਪ੍ਰੀਖਿਆ ਦਾ ਕੈਲੰਡਰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਇਮਤਿਹਾਨ ਲਈ ਹਰ ਸਾਲ 9-10 ਲੱਖ ਉਮੀਦਵਾਰ ਫਾਰਮ ਭਰਦੇ ਹਨ, ਜਿਨ੍ਹਾਂ ’ਚੋਂ 4-5 ਲੱਖ ਮੁੱਢਲੀ ਪ੍ਰੀਖਿਆ ਦਿੰਦੇ ਹਨ ਤੇ ਲਗਭਗ 13-14 ਹਜ਼ਾਰ ਮੁੱਖ ਪ੍ਰੀਖਿਆ ਲਈ ਸਫਲ ਹੁੰਦੇ ਹਨ। ਅੰਤਿਮ ਰੂਪ ’ਚ ਨਿਯੁਕਤੀ ਲਈ ਕਿੰਨੇ ਉਮੀਦਵਾਰ ਸਫ਼ਲ ਹੋਣਗੇ ਇਹ ਉਸ ਸਾਲ ਭਰੀਆਂ ਜਾਣ ਵਾਲੀਆਂ ਅਸਾਮੀਆਂ ‘ਤੇ ਨਿਰਭਰ ਕਰਦਾ ਹੈ।
ਇਮਤਿਹਾਨ ਲਈ ਇਕ ਲਾਜ਼ਮੀ ਸ਼ਰਤ ਉਮਰ ਸਬੰਧੀ ਹੈ। ਇਮਤਿਹਾਨ ਵਾਲੇ ਸਾਲ ਦੀ ਪਹਿਲੀ ਅਗਸਤ ਤੱਕ ਤੁਹਾਡੀ ਉਮਰ 21 ਸਾਲ ਤੋਂ ਘੱਟ ਅਤੇ 32 ਸਾਲਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਮਰ ਸਬੰਧੀ ਕੁਝ ਸ਼੍ਰੇਣੀਆਂ ਨੂੰ ਛੋਟ ਪ੍ਰਾਪਤ ਹੈ, ਜਿਵੇਂ ਕਿ ਐੱਸਸੀ (ਅਨੁਸੂਚਿਤ ਜਾਤੀ) ਤੇ ਐੱਸਟੀ (ਅਨੁਸੂਚਿਤ ਕਬੀਲੇ) ਵਰਗ ਲਈ 5 ਸਾਲ ਅਤੇ ਓਬੀਸੀ (ਹੋਰ ਪਛੜੇ ਵਰਗ) ਲਈ 3 ਸਾਲ ਦੀ।
ਹਰ ਉਮੀਦਵਾਰ ਨੂੰ ਸਿਵਲ ਸੇਵਾ ਪ੍ਰੀਖਿਆ ‘ਚ ਬੈਠਣ ਲਈ 6 ਮੌਕੇ ਮਿਲਦੇ ਹਨ ਪਰ ਐੱਸਸੀ ਤੇ ਐੱਸਟੀ ਉਮੀਦਵਾਰਾਂ ਲਈ ਮੌਕਿਆਂ ਦੀ ਕੋਈ ਹੱਦ ਨਹੀਂ, ਭਾਵ ਇਨ੍ਹਾਂ ਵਰਗਾਂ ਦੇ ਉਮੀਦਵਾਰ 21 ਤੋਂ 37 ਸਾਲ ਦੀ ਉਮਰ ਤੱਕ ਕਿੰਨੀ ਵੀ ਵਾਰ ਪ੍ਰੀਖਿਆ ਦੇ ਸਕਦੇ ਹਨ, ਜਦੋਂਕਿ ਪਛੜੇ ਵਰਗ ਲਈ ਮੌਕਿਆਂ ਦੀ ਗਿਣਤੀ 9 ਹੈ। ਅਪਾਹਜ ਵਰਗ ਨੂੰ ਵੀ ਕੁੱਝ ਰਿਆਇਤਾਂ ਪ੍ਰਾਪਤ ਹਨ।
ਯੂਪੀਐੱਸਸੀ ਵੱਲੋਂ ਫਾਰਮਾਂ ਲਈ ਜੋ ਫੀਸ ਲਈ ਜਾਂਦੀ ਹੈ, ਉਹ ਨਾਂ-ਬਰਾਬਰ ਯਾਨੀ 100 ਰੁਪਏ ਹੈ ਤੇ ਵੱਖ ਵੱਖ ਵਰਗਾਂ ਜਿਵੇਂ ਮਹਿਲਾਵਾਂ, ਐੱਸਸੀ-ਐੱਸਟੀ ਤੇ ਵਿਕਲਾਂਗ ਵਰਗ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਅਜਿਹਾ ਇਸ ਲਈ ਕਿ ਸਮਾਜ ਵਿੱਚ ਵਿਕਾਸ ਦੀ ਅਖੀਰਲੀ ਪੌੜੀ ‘ਤੇ ਖੜ੍ਹੇ ਇਨਸਾਨ ਨੂੰ ਵੀ ਦੇਸ਼ ਸੇਵਾ ਦਾ ਮੌਕਾ ਮਿਲ ਸਕੇ।
ਸਿਵਲ ਸੇਵਾ ਪ੍ਰੀਖਿਆ ਦੇ ਤਿੰਨ ਪੜਾਅ ਹੁੰਦੇ ਹਨ – ਮੁੱਢਲੀ (ਪ੍ਰੀਲਿਮਨਰੀ) ਤੇ ਮੁੱਖ (ਮੇਨ) ਪ੍ਰੀਖਿਆ ਅਤੇ ਇੰਟਰਵਿਊ। ਮੁੱਢਲੀ ਪ੍ਰੀਖਿਆ ਦੇ ਦੋ ਪੜਾਅ ਹੁੰਦੇ ਹਨ: ਪਹਿਲਾ ਜਨਰਲ ਸਟੱਡੀਜ਼ ਤੇ ਦੂਜਾ ਸੀ-ਸੈਟ। ਇਸ ਪੜਾਅ ਦਾ ਉਦੇਸ਼ ਸਿਰਫ ਐਨਾ ਹੁੰਦਾ ਹੈ ਕਿ ਉਮੀਦਵਾਰਾਂ ਦੀ ਭੀੜ ਵਿੱਚੋਂ ਗੰਭੀਰ ਤੇ ਯੋਗ ਉਮੀਦਵਾਰਾਂ ਦੀ ਚੋਣ ਕਰ ਲਈ ਜਾਵੇ। ਦੂਜਾ ਪੜਾਅ ਮੇਨ (ਮੁੱਖ) ਪ੍ਰੀਖਿਆ ਅਖਵਾਉਂਦਾ ਹੈ, ਜੋ ਲਿਖਤੀ ਰੂਪ ‘ਚ ਪੂਰਾ ਹੁੰਦਾ ਹੈ। ਮੁੱਖ ਪ੍ਰੀਖਿਆ ਦੇ ਪੇਪਰ ਹਿੰਦੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਹੁੰਦੇ ਹਨ, ਪਰ ਜਵਾਬ ਸੰਵਿਧਾਨ ’ਚ ਸ਼ਾਮਿਲ 22 ਭਾਸ਼ਾਵਾਂ ਵਿੱਚੋਂ ਕਿਸੇ ‘ਚ ਵੀ ਦੇਣ ਦੀ ਖੁੱਲ੍ਹ ਹੁੰਦੀ ਹੈ। ਯੂਪੀਐੱਸਸੀ ਵੱਲੋਂ ਅਖੀਰਲੀ ਮੈਰਿਟ ਲਿਸਟ ਮੇਨ ਤੇ ਇੰਟਰਵਿਊ ਦੇ ਨੰਬਰਾਂ ਨੂੰ ਜੋੜ ਕੇ ਹੀ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਵੱਖ ਵੱਖ ਪੜਾਅ ਪਾਰ ਕਰਦੇ ਹੋਏ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਫ਼ਰ ਤੈਅ ਕਰਦੇ ਹੋ।
ਸੰਪਰਕ: 73407-80291