ਚਰੰਜੀ ਲਾਲ ਕੰਗਣੀਵਾਲ
ਮੁਲਕ ਦੀ ਆਜ਼ਾਦੀ ਲਈ ਸੰਘਰਸ਼ ਦੇ ਇਤਿਹਾਸ ਵਿਚ ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਜੱਲ੍ਹਿਆਂਵਾਲੇ ਬਾਗ਼ ਨਾਲ ਸਬੰਧਿਤ ਅੰਦੋਲਨ ਅਤੇ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਬੱਬਰ ਅਕਾਲੀ ਲਹਿਰ ਨੇ ਪੰਜਾਬ ਵਿਚ ਬਸਤੀਵਾਦੀ ਵਿਰੋਧੀ ਅੰਦੋਲਨ ਨੂੰ ਹੋਰ ਤੇਜ਼ ਕੀਤਾ। 100 ਸਾਲ ਪਹਿਲਾਂ ਉੱਭਰੀ ਇਸ ਲਹਿਰ ਨੇ ਸੰਘਰਸ਼ ਦੇ ਨਵੇਂ ਨਕਸ਼ ਉਘਾੜੇ।
1920-21 ਦੇ ਸਾਲਾਂ ਵਿਚ ਪੰਜਾਬ ਦੇ ਲੋਕ ਅੰਗਰੇਜ਼ੀ ਹਕੂਮਤ ਖਿਲਾਫ਼ ਕਾਫ਼ੀ ਜਾਗਰੂਕ ਹੋ ਗਏ ਸਨ। ਪੰਜਾਬ ਵਿਚ ਵਿਦੇਸ਼ੀ ਹਕੂਮਤ ਖਿਲਾਫ਼ ਲੜਾਈ ਦਾ ਮੁੱਖ ਰੂਪ ਗੁਰਦੁਆਰਾ ਸੁਧਾਰ ਲਹਿਰ ਵਿਚ ਪ੍ਰਗਟ ਹੋਇਆ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਪੈਂਤੜਾ ਸ਼ਾਂਤਮਈ ਸੀ ਜਿਹੜਾ ਕੌਮੀ ਪੱਧਰ ਉੱਤੇ ਮਹਾਤਮਾ ਗਾਂਧੀ ਨੇ ਅਪਣਾਇਆ ਹੋਇਆ ਸੀ। ਪੰਜਾਬ ਵਿਚ ਅੰਗਰੇਜ਼ ਵਿਰੋਧੀ ਲਹਿਰ ਦਾ ਮੁਹਾਂਦਰਾ ਦੇਸ਼ ਦੇ ਬਾਕੀ ਹਿੱਸਿਆਂ ਵਿਚਲੀਆਂ ਲਹਿਰਾਂ ਦੇ ਮੁਹਾਂਦਰੇ ਨਾਲੋਂ ਅਲੱਗ ਸੀ। ਇਸ ਦਾ ਕਾਰਨ ਪਹਿਲੀ ਆਲਮੀ ਜੰਗ ਤੋਂ ਬਾਅਦ ਫ਼ੌਜੀਆਂ ਦੀ ਛਾਂਟੀ, ਮਹਿੰਗਾਈ ਅਤੇ ਤੰਗੀਆਂ ਤੁਰਸ਼ੀਆਂ ਦੇ ਨਾਲ ਨਾਲ ਅੰਗਰੇਜ਼ੀ ਹਕੂਮਤ ਵੱਲੋਂ ਜ਼ੁਲਮ ਤਸ਼ੱਦਦ ਦੇ ਪੈਂਤੜੇ ਅਖਤਿਆਰ ਕਰਨਾ ਸੀ। ਗ਼ਦਰ ਪਾਰਟੀ, ਕੌਮਾਗਾਟਾ ਮਾਰੂ ਜਹਾਜ਼, ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਅਤੇ ਗੁਰਦੁਆਰਾ ਸੁਧਾਰ ਲਹਿਰ ਨੂੰ ਕੁਚਲਣ ਲਈ ਕੀਤੀਆਂ ਸਖ਼ਤੀਆਂ, ਨਨਕਾਣਾ ਸਾਹਿਬ ਦੀ ਕਤਲੋਗਾਰਤ, ਗੁਰੂ ਕਾ ਬਾਗ਼ ਦੇ ਮੋਰਚੇ ਉੱਤੇ ਤਸ਼ੱਦਦ, ਅਕਾਲੀਆਂ ਦੀ ਫੜੋ-ਫੜੀ ਆਦਿ ਦੌਰਾਨ ਹੋਏ ਨਿਰੰਤਰ ਜ਼ੁਲਮ ਦਾ ਜਵਾਬ ਦੇਣ ਲਈ ਬੱਬਰ ਅਕਾਲੀ ਲਹਿਰ ਸ਼ੁਰੂ ਹੋਈ।
ਇਸ ਲਹਿਰ ਦਾ ਤਤਕਾਲੀ ਕਾਰਨ ਨਨਕਾਣਾ ਸਾਹਿਬ ਦਾ ਸਾਕਾ ਸੀ ਜੋ 20 ਫਰਵਰੀ 1921 ਨੂੰ ਅੰਗਰੇਜ਼ੀ ਹਕੂਮਤ ਦੀ ਸ਼ਹਿ ਉੱਤੇ ਗੁਰਦੁਆਰੇ ਦੇ ਮਹੰਤਾਂ ਵੱਲੋਂ ਵਰਤਾਇਆ ਗਿਆ। ਮਹਾਤਮਾ ਗਾਂਧੀ ਖ਼ੁਦ ਨਨਕਾਣਾ ਸਾਹਿਬ ਪੁੱਜੇ ਅਤੇ ਉਨ੍ਹਾਂ ਦਾ ਪ੍ਰਤੀਕਰਮ ਇਹ ਸੀ, ‘‘ਇਹ ਜੱਲ੍ਹਿਆਂਵਾਲਾ ਬਾਗ਼ ਕਾਂਡ ਦਾ ਦੁਹਰਾਓ ਹੀ ਨਹੀਂ ਸਗੋਂ ਉਸ ਤੋਂ ਵੀ ਵੱਧ ਘਿਨਾਉਣਾ ਕਾਰਾ ਹੈ।’’ ਜਥੇਦਾਰ ਕਿਸ਼ਨ ਸਿੰਘ ਗੜਗੱਜ ਜੋ ਉਸ ਸਮੇਂ ਫ਼ੌਜ ਦੀ ਨੌਕਰੀ ’ਤੇ ਸਨ, ਦੇ ਮਨ ’ਤੇ ਇਸ ਸਾਕੇ ਦਾ ਗਹਿਰਾ ਅਸਰ ਹੋਇਆ। ਉਸ ਨੇ ਛਾਉਣੀ ਦੇ ਗੁਰਦੁਆਰੇ ਵਿਚ ਇਸ ਖਿਲਾਫ਼ ਰੋਹ ਭਰੀ ਤਕਰੀਰ ਕਰ ਕੇ ਫ਼ੌਜੀਆਂ ਨੂੰ ਹਕੂਮਤ ਦੀਆਂ ਚਾਲਾਂ ਤੋਂ ਸੁਚੇਤ ਕੀਤਾ। ਪਤਾ ਲੱਗਣ ’ਤੇ ਫ਼ੌਜੀ ਅਫ਼ਸਰਾਂ ਨੇ ਉਸ ਦਾ ਕੋਰਟ ਮਾਰਸ਼ਲ ਕੀਤਾ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਘਰ ਆ ਗਿਆ।
ਬੱਬਰ ਅਕਾਲੀ ਲਹਿਰ ਦੀ ਸ਼ੁਰੂਆਤ 25 ਤੋਂ 27 ਮਾਰਚ, 1921 ਨੂੰ ਹੁਸ਼ਿਆਰਪੁਰ ਵਿਚ ਹੋਈ ਤੇਰ੍ਹਵੀਂ ਸਿੱਖ ਐਜੂਕੇਸ਼ਨ ਕਾਨਫਰੰਸ ਤੋਂ ਮੰਨੀ ਜਾ ਸਕਦੀ ਹੈ, ਜਦੋਂ ਕੁਝ ਮਹੱਤਵਪੂਰਨ ਵਿਅਕਤੀਆਂ ਨੇ ਕਾਨਫਰੰਸ ਤੋਂ ਵੱਖਰੀ ਮੀਟਿੰਗ ਕੀਤੀ। ਸ਼ਾਂਤੀ ਦਾ ਰਾਹ ਤਿਆਗ ਕੇ ਉਨ੍ਹਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਲਈ ਜ਼ਿੰਮੇਵਾਰ ਅੰਗਰੇਜ਼ ਅਫ਼ਸਰ ਸੀ.ਐਮ. ਕਿੰਗ (ਕਮਿਸ਼ਨਰ, ਲਾਹੌਰ), ਮਿਸਟਰ ਬਾਉਰਿੰਗ (ਐਸ.ਪੀ.), ਮਹੰਤ ਸੇਵਾ ਦਾਸ, ਮਹੰਤ ਨਰਾਇਣ ਦਾਸ, ਸੁੰਦਰ ਸਿੰਘ ਮਜੀਠਾ ਅਤੇ ਕਰਤਾਰ ਸਿੰਘ ਬੇਦੀ ਨੂੰ ਕਤਲ ਕਰਨ ਦਾ ਫ਼ੈਸਲਾ ਕੀਤਾ। ਇਹ ਫ਼ੈਸਲਾ ਲੈਣ ਵਾਲਿਆਂ ਵਿਚ ਸ. ਕਿਸ਼ਨ ਸਿੰਘ ਗੜਗੱਜ, ਮਾ. ਮੋਤਾ ਸਿੰਘ ਦੇ ਨਾਲ ਨਾਲ ਅਮਰ ਸਿੰਘ ਦਿੱਲੀ, ਗੁਰਬਚਨ ਸਿੰਘ ਅੰਬਾਲਾ, ਬਿਜਲਾ ਸਿੰਘ ਪਟਿਆਲਾ, ਅਮਰ ਸਿੰਘ ਕੋਟ ਬਾੜੇ ਖਾਂ (ਗੁੱਜਰਾਂਵਾਲਾ), ਸ਼ੰਕਰ ਸਿੰਘ ਪੰਡੋਰੀ ਬੀਬੀ, ਚਤਰ ਸਿੰਘ ਸ਼ੇਖੂਪੁਰਾ, ਤੋਤਾ ਸਿੰਘ ਪੇਸ਼ਾਵਰੀ, ਗੰਢਾ ਸਿੰਘ ਲੁਧਿਆਣਾ, ਬੇਲਾ ਸਿੰਘ ਲੁਧਿਆਣਾ, ਚੈਂਚਲ ਸਿੰਘ ਜੰਡਿਆਲਾ, ਨਰੈਣ ਸਿੰਘ ਚਾਟੀਵਿੰਡ, ਵਤਨ ਸਿੰਘ ਕਾਹਰੀ (ਹੁਸ਼ਿਆਰਪੁਰ), ਬਾਬਾ ਭਾਗ ਸਿੰਘ ਕਨੇਡੀਅਨ ਨੇ ਆਪ ਤੇ ਕਰਮ ਸਿੰਘ ਝਿੰਗੜ ਦਾ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਾ ਦੱਸਿਆ ਹੋਇਆ ਹੈ। ਇਸ ਯੋਜਨਾ ਬਾਰੇ ਪਤਾ ਲੱਗਣ ’ਤੇ ਫੜੋ-ਫੜੀ ਸ਼ੁਰੂ ਹੋ ਗਈ ਸੀ। ਕੁੱਲ 25 ਵਿਅਕਤੀਆਂ ਖਿਲਾਫ਼ ‘ਅਕਾਲੀ ਕਾਂਸਪੀਰੇਸੀ ਕੇਸ ਲਾਹੌਰ 1921’ ਦੇ ਨਾਂ ਹੇਠ 8 ਨਵੰਬਰ 1921 ਨੂੰ ਮੁਕੱਦਮਾ ਸ਼ੁਰੂ ਕੀਤਾ ਗਿਆ ਜਿਸ ਦਾ ਫ਼ੈਸਲਾ 19 ਮਈ 1922 ਨੂੰ ਸੁਣਾਇਆ ਗਿਆ। ਇਸ ਸਾਜ਼ਿਸ਼ ਦੇ ਮੁੱਖ ਦੋਸ਼ੀ ਮਾਸਟਰ ਮੋਤਾ ਸਿੰਘ ਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਵਾਰੰਟ ਜਾਰੀ ਹੋ ਗਏ। ਉਹ ਹਕੂਮਤ ਦੇ ਹੱਥਾਂ ਵਿਚ ਜਾਣ ਦੀ ਬਜਾਏ ਹਥਿਆਰਬੰਦ ਜੱਦੋਜਹਿਦ ਲਈ ਰੂਪੋਸ਼ ਹੋ ਕੇ ਜਨਤਕ ਆਧਾਰ ਕਾਇਮ ਕਰਨ ਲਈ ਨਿੱਤਰ ਪਏ।
ਸ਼ੁਰੂ-ਸ਼ੁਰੂ ਵਿਚ ਪਿੰਡਾਂ ਵਿਚ ਵੱਡੇ-ਵੱਡੇ ਬੇਮਿਸਾਲ ਇਕੱਠਾਂ ਨੂੰ ਮਾਸਟਰ ਮੋਤਾ ਸਿੰਘ ਨੇ ਸੰਬੋਧਨ ਕੀਤਾ ਸੀ। ਮਾਸਟਰ ਮੋਤਾ ਸਿੰਘ ਦੀ ਗ੍ਰਿਫ਼ਤਾਰੀ ਲਈ ਸਰਕਾਰ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਜਦੋਂ ਉਹ ਰੂਪੋਸ਼ ਹੋ ਗਏ ਤਾਂ ਉਨ੍ਹਾਂ ਦੀ ਥਾਂ ਜਥੇਦਾਰ ਕਿਸ਼ਨ ਸਿੰਘ ਗੜਗੱਜ, ਭਾਈ ਸੁੰਦਰ ਸਿੰਘ ਮਖਸੂਸਪੁਰੀ ਨੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲ ਲਈ। ਉਹ ਪਿੰਡਾਂ ਦੇ ਇਕੱਠਾਂ ਵਿਚ ਹਾਜ਼ਰ ਹੁੰਦੇ। ਪਹਿਲਾਂ ਭਾਈ ਸੁੰਦਰ ਸਿੰਘ ਮਖਸੂਸਪੁਰੀ ਕਵਿਤਾ ਗਾਉਂਦਾ ਤੇ ਫਿਰ ਜਥੇਦਾਰ ਕਿਸ਼ਨ ਸਿੰਘ ਗੜਗੱਜ ਸਟੇਜ ਉੱਤੇੇ ਕਿਰਪਾਨ ਲਹਿਰਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰਨਾਮੇ ਵਿਚੋਂ:
‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜੱਸ਼ਤ
ਹਲਾਲ ਅਸਤ ਓ ਬੁਰਦਨ-ਬ-ਸ਼ਮਸ਼ੀਰ ਦਸਤ’
ਫੁਰਮਾਨ ਦਾ ਹਵਾਲਾ ਦੇ ਕੇ ਹਕੂਮਤ ਨੂੰ ਲਲਕਾਰਦਿਆਂ ਜੋਸ਼ੀਲਾ ਲੈਕਚਰ ਸ਼ੁਰੂ ਕਰ ਦਿੰਦਾ। ਇਸ ਨਾਲ ਲੋਕਾਂ ਅੰਦਰ ਜੋਸ਼ ਭਰ ਜਾਂਦਾ, ਪੁਲੀਸ ਜਾਂ ਕਿਸੇ ਝੋਲੀ ਚੁੱਕ ਦੀ ਕੀ ਮਜ਼ਾਲ ਕਿ ਉਨ੍ਹਾਂ ਵੱਲ ਅੱਖ ਚੁੱਕ ਕੇ ਦੇਖ ਸਕੇ। ਪ੍ਰਚਾਰ ਦੇ ਇਸ ਤਰੀਕੇ ਤੋਂ ਲੋਕੀਂ ਇਸ ਜਥੇ ਨੂੰ ਚੱਕਰਵਰਤੀ ਜਥਾ ਦੇ ਨਾਂ ਨਾਲ ਪੁਕਾਰਨ ਲੱਗ ਪਏ। ਅਸਲ ਵਿੱਚ ਭਾਈ ਕਿਸ਼ਨ ਸਿੰਘ ਗੜਗੱਜ ਨੂੰ ਆਜ਼ਾਦੀ ਦੀ ਚੇਟਕ ਗ਼ਦਰ ਲਹਿਰ ਦੇ ਸਮੇਂ ਹੀ ਲੱਗ ਗਈ ਸੀ, ਜਦੋਂ ਉਹ 35 ਨੰਬਰ ਪਲਟਨ ਵਿਚ ਰਾਵਲਪਿੰਡੀ ਤਾਇਨਾਤ ਸਨ। ਉਨ੍ਹਾਂ ਦਾ ਸੰਪਰਕ ਗ਼ਦਰ ਲਹਿਰ ਦੇ ਵੱਡੇ ਕੇਂਦਰ ਨਾਰੰਗਵਾਲ ਦੇ ਮੁਖੀ ਭਾਈ ਰਣਧੀਰ ਸਿੰਘ ਨਾਲ ਨਾਰੰਗਵਾਲ ਦੇ ਭਾਈ ਅਤਰ ਸਿੰਘ ਬਿਗਲਰ ਰਾਹੀਂ ਹੋਇਆ ਸੀ ਜਿਹੜਾ ਸ. ਕਿਸ਼ਨ ਸਿੰਘ ਵਾਲੀ ਪਲਟਨ ਵਿਚੋਂ ਨਾਂ ਕਟਾ ਆਇਆ ਸੀ। ਇਹ ਖੁਲਾਸਾ ਗੜਗੱਜ ਦੀ ਭਾਈ ਰਣਧੀਰ ਸਿੰਘ ਨੂੰ ਲਿਖੀ ਚਿੱਠੀ ਤੋਂ ਹੁੰਦਾ ਹੈ ਜਿਸ ਵਿਚ ਲਿਖਿਆ ਸੀ: ‘‘ਭਾਈ ਅਤਰ ਸਿੰਘ ਨੂੰ ਸਾਡੇ ਪਾਸ ਭੇਜ ਦਿਉ, ਉਹ ਤੁਹਾਡੀ ਖਬਰਸਾਰ ਸਾਨੂੰ ਦੇ ਜਾਏ ਤੇ ਸਾਡੀ ਖ਼ਬਰਸਾਰ ਲੈ ਜਾਏ।’’
ਜਥੇਦਾਰ ਕਰਮ ਸਿੰਘ ਦੌਲਤਪੁਰੀ, ਬਾਬਾ ਭਾਗ ਸਿੰਘ ਕੈਨੇਡੀਅਨ, ਬਾਬਾ ਕਰਮ ਸਿੰਘ ਚੀਮਾ, ਭਾਈ ਪਿਆਰਾ ਸਿੰਘ ਲੰਗੇੇਰੀ, ਚੈਂਚਲ ਸਿੰਘ ਜੰਡਿਆਲਾ, ਬਾਬਾ ਹਰੀ ਸਿੰਘ ਸੂੰਢ, ਆਸਾ ਸਿੰਘ ਭੁਕੜੂੰਦੀ, ਕਰਮ ਸਿੰਘ ਝਿੰਗੜ, ਕਰਮ ਸਿੰਘ ਮਾਣਕ, ਬਸੰਤ ਸਿੰਘ ਰੰਧਾਵਾ ਮਸੰਦਾਂ, ਹਰਦਿੱਤ ਸਿੰਘ ਕੋਟ ਫਤੂੂਹੀ ਅਤੇ ਝੱਜਰ ਸਿੰਘ ਨੁੱਸੀ, ਵਤਨ ਸਿੰਘ ਕਾਹਰੀ, ਗੰਢਾ ਸਿੰਘ ਨੰਗਲ ਫੰਗੂੜੀਆਂ ਆਦਿ ਅਜਿਹੇ ਗ਼ਦਰੀ ਸਨ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਹਕੂਮਤ ਨੇ ਗ੍ਰਿਫ਼ਤਾਰ ਕਰ ਲਏ ਸਨ। ਇਨ੍ਹਾਂ ਦੀਆਂ ਰਿਹਾਈਆਂ 1920 ਵਿਚ ਹੋ ਗਈਆਂ ਸਨ। ਇਨ੍ਹਾਂ ਗ਼ਦਰੀਆਂ ਲਈ ਕੰਮ ਕਰਨ ਲਈ ਇਨਕਲਾਬੀ ਪਾਰਟੀ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਅਕਾਲੀ ਜਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਹੀ ਕੰਮ ਸ਼ੁਰੂ ਕਰਨਾ ਪਿਆ ਸੀ। ਉਹ ਅਜਿਹੀ ਜਥੇਬੰਦੀ ਦੀ ਤਲਾਸ਼ ਵਿਚ ਸਨ ਜਿਸ ਰਾਹੀਂ ਆਪਣੇ ਉਦੇਸ਼ ਲਈ ਦੁਬਾਰਾ ਕੰਮ ਸ਼ੁਰੂ ਕਰ ਸਕਣ। ਉਨ੍ਹਾਂ ਨੂੰ ਇਹ ਮੌਕਾ ਚੱਕਰਵਰਤੀ ਜਥੇ ਦੀਆਂ ਸਰਗਰਮੀਆਂ ਰਾਹੀਂ ਪ੍ਰਾਪਤ ਹੋਇਆ। ਗਵਰਨਰ ਓਡਵਾਇਰ ਲਿਖਦਾ ਹੈ: ‘‘ਬਹੁਤੇ ਲੋਕ ਕਾਨੂੰਨ ਦੇ ਡਰ ਤੋਂ ਹੀ ਚੁੱਪ ਰਹਿੰਦੇ ਸਨ। 1919 ਦੇ ਵਿਦਰੋਹੀਆਂ ਦੀ ਸਮੇਂ ਤੋਂ ਪਹਿਲਾਂ ਦਿੱਤੀ ਮੁਆਫ਼ੀ (ਜਿਹੜੀ ਜੰਗ ਜਿੱਤਣ ਦੀ ਖ਼ੁਸ਼ੀ ਵਿੱਚ ਦਿੱਤੀ) ਅਤੇ ਜੂਹਬੰਦੀਆਂ ਨੇ ਕਾਨੂੰਨ ਦੇ ਡਰ ਨੂੰ ਖ਼ਤਮ ਕਰ ਦਿੱਤਾ ਤਾਂ ਕੁਝ ਗ਼ਦਰੀਆਂ ਨੇ ਮੁੜ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਅਕਾਲੀ ਸਿੱਖਾਂ ਦੀ ਨਵੀਂ ਇਨਕਲਾਬੀ ਲਹਿਰ, ਜੋ ਪਿਛਲੇ ਕੁਝ ਸਾਲਾਂ ਵਿੱਚ ਵੱਡੀ ਹੋਈ ਹੈ, ਦੇ ਕੇਂਦਰ ਵਿਚ ਉਹੀ ਗ਼ਦਰੀ ਸਨ ਜਿਹੜੇ ਬੱਬਰ ਅਕਾਲੀ ਦੇ ਪ੍ਰਮੁੱਖ ਮੈਂਬਰ ਸਨ, ਜੋ ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਵਿਚ ਗ਼ਦਰੀ ਲੀਹਾਂ ’ਤੇ ਹੀ ਕਾਤਲਾਨਾਂ ਮੁਹਿੰਮ ਲਈ ਜ਼ਿੰਮੇਵਾਰ ਸਨ।’’
ਦੂਜੇ ਪਾਸੇ ਹੁਸ਼ਿਆਰਪੁਰ ਦੇ ਚੜ੍ਹਦੇ ਪਾਸੇ ਕੰਢੀ ਦੇ ਇਲਾਕੇ ਵਿਚ ਕੈਨੇਡਾ ਤੋਂ ਆਏ ਗ਼ਦਰੀ ਭਾਈ ਕਰਮ ਸਿੰਘ ਦੌਲਤਪੁਰ ਜੂਹਬੰਦੀ ਹਟਦੇ ਸਾਰ ਰਾਜਨੀਤੀ ਵਿਚ ਸਰਗਰਮ ਹੋ ਗਏ ਸਨ। ਨਨਕਾਣਾ ਸਾਹਿਬ ਦੇ ਸਾਕੇ ਨੇ ਉਨ੍ਹਾਂ ਅੰਦਰ ਗੁੱਸੇ ਦੀ ਜਵਾਲਾ ਭਰ ਦਿੱਤੀ ਸੀ। ਉਨ੍ਹਾਂ ਨੇ ਉਸ ਨੀਤੀ ’ਤੇ ਚੱਲਣ ਦਾ ਮਨ ਬਣਾ ਲਿਆ ਜਿਸ ਉਦੇਸ਼ ਨੂੰ ਲੈ ਕੇ ਉਹ 1914 ਵਿਚ ਕੈਨੇਡਾ ਤੋਂ ਹਿੰਦੋਸਤਾਨ ਆਇਆ ਸੀ। ਉਸੇ ਉਦੇਸ਼ ਲਈ ਆਪਣੇ ਗ਼ਦਰੀ ਸਾਥੀ ਆਸਾ ਸਿੰਘ ਭੁਕੜੂੰਦੀ (ਪਿੱਛੋਂ ਵਾਇਦਾਮੁਆਫ਼) ਭਾਈ ਕਰਮ ਸਿੰਘ ਝਿੰਗੜ ਨਾਲ ਮਿਲ ਕੇ 21 ਮਾਰਚ 1921 ਨੂੰ ਮਾਹਲਪੁਰ ਵਿਖੇ ਕਾਨਫਰੰਸ ਕੀਤੀ। ਇਸ ਤਰ੍ਹਾਂ ਦੋਆਬੇ ਵਿਚ ਦੋ ਅੱਡ-ਅੱਡ ਇਨਕਲਾਬੀ ਗਰੁੱਪਾਂ ਵਿਚੋਂ ਕਰਮ ਸਿੰਘ ਦੌਲਤਪੁਰ ਵਾਲਾ ਜਥਾ ਨਿਰੋਲ ਗ਼ਦਰੀਆਂ ਦਾ ਜਥਾ ਸੀ। ਪਰ ਸਰਕਾਰ ਮਾ. ਮੋਤਾ ਸਿੰਘ ਨੂੰ ਸਭ ਤੋਂ ਵੱਧ ਖ਼ਤਰਨਾਕ ਸਮਝਦੀ ਹੋਈ, ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਬੇਚੈਨ ਸੀ। ਇੱਕ ਵੱਡੀ ਯੋਜਨਾ ਤਹਿਤ ਸੱਤ ਸੌ ਪੁਲੀਸ ਕਰਮਚਾਰੀਆਂ ਅਤੇ ਫ਼ੌਜ ਦੇ ਸਿਪਾਹੀਆਂ ਨਾਲ ਪਿੰਡ ਨੂੰ ਘੇਰਾ ਪਾ ਕੇ 16 ਜੂਨ 1922 ਨੂੰ ਮਾਸਟਰ ਮੋਤਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਭਰ ਵਿਚ ਸੋਗ ਛਾ ਗਿਆ ਸੀ। ਬਾਬੂ ਸੰਤਾ ਸਿੰਘ ਨੇ ਲਿਖਿਆ: ‘‘ਉਸ ਸ਼ਾਮ ਕਿਸੇ ਨੇ ਚੁੱਲ੍ਹੇ ਵਿਚ ਅੱਗ ਨਹੀਂ ਸੀ ਬਾਲੀ।’’ ਬੱਬਰ ਅਕਾਲੀਆਂ ਅੰਦਰ ਰੋਹ ਤੇ ਗੁੱਸਾ ਫੈਲ ਗਿਆ ਸੀ ਤੇ ਉਨ੍ਹਾਂ ਨੇ ਮੁਖਬਰਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ। 20 ਅਗਸਤ 1922 ਨੂੰ ਕਰਮ ਸਿੰਘ ਨੇ ‘ਬੱਬਰ ਅਕਾਲੀ ਦੋਆਬਾ’ ਨਾਂ ਦੇ ਅਖ਼ਬਾਰ ਦਾ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ। ਅਖ਼ਬਾਰ ਦੇ ਨਾਂ ਤੋਂ ਹੀ ਅੱਗੋਂ ਜਾ ਕੇ ਕਰਮ ਸਿੰਘ ਦੌਲਤਪੁਰ ਵਾਲੇ ਜਥੇ ਨੂੰ ‘ਬੱਬਰ ਅਕਾਲੀ ਜਥਾ’ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ। ਅੱਠ ਅਗਸਤ 1922 ਨੂੰ ਗੁਰੂ ਕਾ ਬਾਗ਼ ਦਾ ਮੋਰਚਾ ਸ਼ੁਰੂ ਹੋਇਆ। ਮੋਰਚੇ ਵਿਚ ਜਾਣ ਵਾਲੇ ਸ਼ਾਂਤਮਈ ਜਥਿਆਂ ਦੇ ਨਿਹੱਥੇ ਸਤਿਆਗ੍ਰਿਹੀਆਂ ਉੱਪਰ ਜਿਸ ਤਰ੍ਹਾਂ ਜ਼ੁਲਮ ਢਾਹੇ ਗਏ, ਉਸ ਦੀ ਦੇਸ਼ਾਂ ਵਿਦੇਸ਼ਾਂ ਵਿਚ ਚਰਚਾ ਹੋਣੀ ਸ਼ੁਰੂ ਹੋ ਗਈ ਸੀ।
ਦੋਵਾਂ ਜਥਿਆਂ ਦੀਆਂ ਸਾਂਝੀਆਂ ਮੀਟਿੰਗਾਂ ਹੁਸ਼ਿਆਰਪੁਰ ਦੇ ਪਿੰਡ ਜੱਸੋਵਾਲ ਵਿਚ 25 ਦਸੰਬਰ 1922 ਅਤੇ 30-31 ਦਸੰਬਰ 1922 ਨੂੰ ਹੋਈਆਂ। ਇਸ ਵਿਚ ਫ਼ੈਸਲਾ ਕੀਤਾ ਗਿਆ ਕਿ ਮਾਸਟਰ ਮੋਤਾ ਸਿੰਘ ਨੂੰ ਗ੍ਰਿਫ਼ਤਾਰ ਕਰਾਉਣ ਵਾਲੇ ਅਤੇ ਹੋਰ ਮੁਖ਼ਬਰਾਂ ਨੂੰ ਖ਼ਤਮ ਕਰਨਾ, ਸ਼ਾਹੂਕਾਰ ਅਤੇ ਸਰਕਾਰੀ ਖ਼ਜ਼ਾਨੇ ਲੁੱਟਣੇ ਹਨ ਅਤੇ ਇਨ੍ਹਾਂ ਕਾਰਵਾਈਆਂ ਦੀ ਜ਼ਿੰਮੇਵਾਰੀ ਕਰਮ ਸਿੰਘ ਦੌਲਤਪੁਰੀ, ਉਦੈ ਸਿੰਘ ਅਤੇ ਧੰਨਾ ਸਿੰਘ ਬਹਬਿਲਪੁਰ ਆਪਣੇ ਉੱਪਰ ਲੈਣਗੇ। 1923 ਦਾ ਸਾਰਾ ਸਾਲ ਬੱਬਰਾਂ ਨੇ ਝੋਲੀਚੁੱਕਾਂ ਦਾ ਖਾਤਮਾ ਕਰਨ ਅਤੇ ਅੰਗਰੇਜ਼ੀ ਹਕੂਮਤ ਦੀ ਪੁਲੀਸ ਅਤੇ ਫ਼ੌਜ ਨਾਲ ਹਥਿਆਰਬੰਦ ਟੱਕਰਾਂ ਲੈ ਕੇ ਸ਼ਹੀਦੀਆਂ ਪਾਈਆਂ ਜਿਨ੍ਹਾਂ ਵਿਚ ਵੱਡੇ ਨਾਮੀਂ ਝੋਲੀਚੁੱਕਾਂ ਦਾ ਖਾਤਮਾ ਕੀਤਾ ਗਿਆ ਸੀ। ਪਹਿਲੀ ਸਤੰਬਰ 1923 ਨੂੰ ਬੰਬੇਲੀ ਦਾ ਸਾਕਾ, 12 ਦਸੰਬਰ 1923 ਨੂੰ ਮੰਡੇਰਾਂ ਦਾ ਸਾਕਾ ਹੋਇਆ। 25 ਅਕਤੂਬਰ 1923 ਨੂੰ ਧੰਨਾ ਸਿੰਘ ਬਹਬਿਲਪੁਰ ਆਪਣੀ ਬਾਂਹ ਨਾਲ ਬੰਬ ਬੰਨ੍ਹ ਕੇ ਸ਼ਹੀਦ ਹੋ ਗਿਆ ਅਤੇ ਉਸ ਨਾਲ ਪੰਜ ਪੁਲੀਸ ਵਾਲੇ ਵੀ ਉੱਡ ਗਏ ਸਨ। ਇਨ੍ਹਾਂ ਵਿਚ ਹੁਸ਼ਿਆਰਪੁਰ ਦਾ ਪੁਲੀਸ ਕਪਤਾਨ ਮਿਸਟਰ ਹਰਟਨ ਤੇ ਛੋਟਾ ਕਪਤਾਨ ਮਿਸਟਰ ਜੈਨਕਿਨ ਅਤੇ ਹੋਰ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਹਰਟਨ ਦੀਆਂ ਦੋਵੇਂ ਲੱਤਾਂ ਮੌਕੇ ’ਤੇ ਉੱਡ ਗਈਆਂ ਸਨ ਅਤੇ ਉਹ ਬਾਅਦ ਵਿਚ ਮਰ ਗਿਆ ਸੀ। ਜੈਨਕਿਨ ਬਚ ਤਾਂ ਗਿਆ ਸੀ, ਪਰ ਜਲੰਧਰ ਛਾਉਣੀ ਦੇ ਹਸਪਤਾਲ ਵਿਚ ਉਸ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ ਸਨ। ਧੰਨਾ ਸਿੰਘ ਬਹਬਿਲਪੁਰ ਦੇ ਇਸ ਅਦੁੱਤੀ ਕਾਰਨਾਮੇ ਨੇ ਤਹਿਲਕਾ ਮਚਾ ਦਿੱਤਾ। ਇਸ ਕਰਕੇ ਸ਼ਹੀਦ ਧੰਨਾ ਸਿੰਘ ਨੂੰ ਪਹਿਲਾ ਮਨੁੱਖੀ ਬੰਬ ਮੰਨਿਆ ਜਾਂਦਾ ਹੈ।
ਇਹ ਲਹਿਰ ਆਜ਼ਾਦੀ ਪ੍ਰਾਪਤੀ ਤੱਕ ਸਮੇਂ-ਸਮੇਂ ਬਦਲਦੇ ਰੂਪਾਂ ਵਿਚ ਨਿਰੰਤਰ ਜਾਰੀ ਰਹੀ ਅਤੇ ਇਸ ਦੇ ਨਾਇਕਾਂ ਨੇ ਵਿਲੱਖਣ ਕਾਰਨਾਮੇ ਕੀਤੇ। ਜਿਵੇਂ ਸ਼ਹੀਦ ਵਰਿਆਮ ਸਿੰਘ ਧੁੱਗਾ, ਸ਼ਹੀਦ ਰਤਨ ਸਿੰਘ ਰੱਕੜ, ਸ਼ਹੀਦ ਸਾਧੂ ਸਿੰਘ ਸਾਂਧਰਾ, ਸ਼ਹੀਦ ਹਰਬੰਸ ਸਿੰਘ ਸਰਹਾਲਾ ਆਦਿ। ਗਵਰਨਰ ਪੰਜਾਬ ਵੱਲੋਂ ਸ਼ਾਹੀ ਐਲਾਨ ਨੰਬਰ ਇਕ, ਦੋ ਅਤੇ ਤਿੰਨ ਸਾਰੀਆਂ ਅਖ਼ਬਾਰਾਂ ਵਿਚ ਛਪਵਾਏ ਗਏ ਸਨ ਜਿਨ੍ਹਾਂ ਵਿਚ ਜ਼ੈਲਦਾਰਾਂ, ਲੰਬੜਦਾਰਾਂ ਨੂੰ ਚਿੱਠੀਆਂ ਰਾਹੀਂ ਹੁਕਮ ਦਿੱਤਾ ਗਿਆ ਸੀ ਕਿ ਉਹ ਝੋਲੀਚੁੱਕਾਂ ਦੇ ਹੋਏ ਕਤਲਾਂ ਦਾ ਪਤਾ ਦੇਣ, ਦੂਜੇ ਐਲਾਨ ਵਿਚ ਬੱਬਰ ਆਗੂਆਂ ਦੇ ਨਾਵਾਂ ਅਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਲਈ ਜਾਣਕਾਰੀ ਦੇਣ ਵਾਲਿਆਂ ਲਈ ਵੱਡੀਆਂ ਰਕਮਾਂ ਦੇ ਇਨਾਮ ਰੱਖੇ ਗਏ ਸਨ। ਇਸ ਤਰ੍ਹਾਂ ਦੀਆਂ ਲਾਲਸਾਵਾਂ ਕਾਰਨ ਮੁਖਬਰਾਂ ਦਾ ਟੋਲਾ ਵੱਡੀ ਗਿਣਤੀ ਵਿਚ ਤਿਆਰ ਹੋ ਗਿਆ ਸੀ। ਆਸਾ ਸਿੰਘ ਫਕੜੂੰਦੀ ਜਿਹੇ ਕੁਝ ਗ਼ਦਾਰਾਂ ਕਰਕੇ ਬੱਬਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ। 20 ਜੂਨ 1923 ਨੂੰ ਬਾਬੂ ਸੰਤਾ ਸਿੰਘ ਦੀ ਗ੍ਰਿਫ਼ਤਾਰੀ ਨਾਲ ‘ਉਡਾਰੂ ਪ੍ਰੈਸ’ ਫਤਹਿਪੁਰ ਕੋਠੀ ਤੋਂ ਫੜੀ ਗਈ ਸੀ। ਸਾਰੇ ਦੋਆਬੇ ਵਿਚ ਫ਼ੌਜ ਤੇ ਪੁਲੀਸ ਦੀ ਗਸ਼ਤ ਲਾ ਦਿੱਤੀ ਗਈ। ਉਨ੍ਹਾਂ ਪਿੰਡਾਂ ’ਚ ਜਿੱਥੇ ਬੱਬਰ ਲਹਿਰ ਦਾ ਜ਼ੋਰ ਸੀ, ਵਿਚ ਤਾਜ਼ੀਰੀ ਚੌਕੀਆਂ ਬਿਠਾ ਦਿੱਤੀਆਂ ਗਈਆਂ ਅਤੇ ਦਹਿਸ਼ਤ ਦਾ ਮਾਹੌਲ ਬਣਾ ਕੇ ਲੋਕਾਂ ਉੱਪਰ ਸਖ਼ਤੀ ਦਾ ਦੌਰ ਸ਼ੁਰੂ ਕੀਤਾ ਗਿਆ।
‘ਬੱਬਰ ਅਕਾਲੀ ਸਾਜ਼ਿਸ਼ ਕੇਸ’ ਦੂਜਾ ਸਾਜ਼ਿਸ਼ ਕੇਸ ਪ੍ਰਮੁੱਖ ਅਤੇ ਤੀਜਾ ਬੱਬਰ ਸਾਜ਼ਿਸ਼ ਕੇਸ ਸਪਲੀਮੈਂਟਰੀ ਤੋਂ ਇਲਾਵਾ ਸਥਾਨਕ ਅਦਾਲਤਾਂ ਵਿਚ ਚੱਲੇ ਬਹੁਤ ਸਾਰੇ ਮੁਕੱਦਮਿਆਂ ਵਿਚ ਦੋ ਸੌ ਤੋਂ ਵੱਧ ਬੱਬਰ ਦੇਸ਼ ਭਗਤਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ 53 ਸ਼ਹੀਦ ਕੀਤੇ ਗਏ ਜਾਂ ਮੁਕਾਬਲਾ ਕਰ ਕੇ ਮਾਰੇ ਗਏ।
ਸਜ਼ਾਵਾਂ ਭੁਗਤਣ ਤੋਂ ਬਾਅਦ ਜਦੋਂ ਇਹ ਯੋਧੇ ਘਰੀਂ ਆਏ ਤਾਂ ਅਗਲੀ ਯੋਜਨਾ ਬਣਾਉਣ ਲਈ ਉਹ ਮਾਸਟਰ ਮੋਤਾ ਸਿੰਘ ਦੇ ਪਿੰਡ ਪਤਾਰੇ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰੇ ਵਿਚ 5 ਜੁਲਾਈ 1938 ਨੂੰ ਇਕੱਠੇ ਹੋਏ। ਨਵੇਂ ਹਾਲਾਤ ਮੁਤਾਬਿਕ ਉਨ੍ਹਾਂ ਫ਼ੈਸਲਾ ਕੀਤਾ ਕਿ ਕਾਂਗਰਸ ਅਤੇ ਅਕਾਲੀ ਪਾਰਟੀਆਂ ਦੀਆਂ ਕਮਜ਼ੋਰ ਨੀਤੀਆਂ ਕਾਰਨ ਉਹ ਹੁਣ ਕਿਰਤੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਕੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨਗੇ। ਆਜ਼ਾਦੀ ਤੋਂ ਪਿੱਛੋਂ ਵੀ ਇਨ੍ਹਾਂ ਨੇ ਦੇਸ਼ ਦੇ ਕਿਰਤੀਆਂ, ਕਿਸਾਨਾਂ ਦੇ ਹੱਕਾਂ ਹਿੱਤਾਂ ਲਈ ਜਿਉਂਦੇ ਜੀਅ ਸੰਘਰਸ਼ ਵਿੱਢੀ ਰੱਖਿਆ ਅਤੇ ਪੰਜਾਬ ਕਿਸਾਨ ਸਭਾ ਲਈ ਕੰਮ ਕਰਦੇ ਰਹੇ।
ਇਸ ਲਹਿਰ ਵਿਚ ਸਿੱਖ ਭਾਈਚਾਰੇ ਦੀ ਮੁੱਖ ਭੂਮਿਕਾ ਸੀ, ਪਰ ਇਸ ਵਿਚ ਲੁਹਾਰ, ਤਰਖਾਣ, ਬੁਣਕਰ, ਸੁਨਿਆਰ ਵੀ ਕਾਫ਼ੀ ਗਿਣਤੀ ਵਿਚ ਸ਼ਾਮਿਲ ਸਨ। ਹਿੰਦੂ, ਮੁਸਲਮਾਨ ਵੀ ਇਸ ਵਿਚ ਸ਼ਾਮਲ ਸਨ ਜਾਂ ਇਨ੍ਹਾਂ ਦੀ ਹਮਾਇਤ ’ਚ ਆਏ ਸਨ। ਇਸ ਤੱਥ ਦਾ ਪ੍ਰਮਾਣ ਪ੍ਰਾਪਤ ਹੋਇਆ ਬੇਨਾਮੀਂ ਉਰਦੂ ਵਿਚ ਲਿਖਿਆ ਪੱਤਰ ਪੇਸ਼ ਹੈ ਜਿਹੜਾ ਬੱਬਰ ਅਕਾਲੀ ਲਹਿਰ ਨੂੰ ਹਿੰਦੂ, ਸਿੱਖ, ਮੁਸਲਮਾਨਾਂ ਦੀ ਸਾਂਝੀ-ਮੀਂਝੀ ਲਹਿਰ ਹੋਣ ਦਾ ਸੰਕੇਤ ਦਿੰਦਾ ਹੈ। ਪੱਤਰ ਦਾ ਹੂ-ਬ-ਹੂ:
‘‘ਇਨਕਲਾਬ ਪਾਰਟੀ ਸੇ ਤੁਅਲਕਾਤ
ਬੱਬਰ ਅਕਾਲੀ ਲਹਿਰ
ਮੈਂ ਦੇਸ਼ ਸੇਵਕ ਕਾ ਐਡੀਟਰ, ਬੱਬਰ ਅਕਾਲੀਓਂ ਕੀ ਅਸ਼ਾਇਤ (ਛਾਪਣਾ) ਔਰ ਗਾਓਂ ਮੇਂ ਉਨਕੋ ਪਨਾਹ ਦੀ ਜਾਤੀ ਥੀ। ਏਕ ਦਿਨ ਕਰਮ ਸਿੰਘ ਦੌਲਤਪੁਰੀ ਬੈਮਹਿ (ਸਮੇਤ) ਚਾਰ ਦੀਘਰ ਸਾਥੀਓ ਕੇ ਸਾਥ ਆ ਗਏ ਔਰ ਨਗਦ ਰੁਪਏ ਕੀ ਇਮਦਾਦ ਮਾਂਗ ਕੀ। ਉਸ ਸਮੇਂ ਮੇਰੇ ਪਾਸ 10 ਰੁਪਏ ਥੇ। ਉਨਕੋ ਦੇ ਦਇਏ ਔਰ ਕਹਾ ਕਿ ਕੱਲ ਕੋ ਮੇਰੇ ਪਾਸ ਏਕ ਆਦਮੀ ਭੇਜੋ। ਦੂਜੇ ਦਿਨ ਬਾਬੂ ਸੰਤਾ ਸਿੰਘ ਜੀ ਆਏ, ਉਸ ਕੋ ਦੌਲਤ ਰਾਮ ਖੰਨਾ ਸਪੁੱਤਰ ਨਗੀਨਾ ਮੱਲ ਕੇ ਘਰ ਖਾਣਾ ਖਿਲਾਇਆ ਔਰ ਉਸ ਸੇ ਇਮਦਾਦ ਮਾਂਗੀ। ਉਸਕੀ ਘਰਵਾਲੀ ਨੇ ਜੇਵਰਾਤ ਕੀ ਪਟਾਰੀ ਲਾ ਕਰ ਰੱਖ ਦੀ ਔਰ ਕਹਾ, ‘‘ਆਪ ਮਨਜ਼ੂਰ ਕਰ ਲੋ। ਅਗਰ ਦੇਸ਼ ਭਗਤ ਭੂਖੇ ਰਹਿਤੇ ਹੈਂ, ਤੋ ਯੇ ਹਮਾਰੇ ਕਿਸ ਕਾਮ ਕੇ ਹੈਂ।’’ ਬਾਬੂ ਸੰਤਾ ਸਿੰਘ ਨੇ ਕਹਾ, ‘‘ਪੁੱਤਰੀ ਬਹੁਤ ਬਹੁਤ ਸ਼ੁਕਰੀਆ। ਅਭੀ ਇਸ ਕੀ ਜ਼ਰੂਰਤ ਨਹੀਂ।’’ ਫਿਰ ਮੈਨੇ ਦੌਲਤ ਰਾਮ ਕੇ ਹਮਰਾਹ ਫਿਰ ਕਰ ਦੋਸਤੋ ਸੇ ਤੀਨ ਸਦ (ਤਿੰਨ ਸੌ) ਇਕੱਠੇ ਕਰ ਕੇ ਦੇ ਦੀਏ। ਫਿਰ ਮੁਕਦਮੇ ਮੇਂ ਕੰਮ ਚੱਲ ਪਿਆ।’’ ਨਿਸ਼ਚੇ ਹੀ ਇਹ ਘਟਨਾ ਬੰਬੇਲੀ ਸਾਕੇ ਤੋਂ ਕੁਝ ਦਿਨ ਪਹਿਲਾਂ ਦੀ ਹੈ। ਇਹ ਲਿਖਤ ਬਾਬਾ ਭਾਗ ਸਿੰਘ ਕਨੇਡੀਅਨ ਦੀ ਜਾਪਦੀ ਹੈ।
ਬੱਬਰ ਅਕਾਲੀ ਲਹਿਰ ਦੇ ਸੌ ਸਾਲ ਪੂਰੇ ਹੋਣ ਜਾਣ ’ਤੇ ਇਸ ਵਾਰ ‘ਗ਼ਦਰੀ ਬਾਬਿਆਂ ਦਾ ਮੇਲਾ’ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਹੈ ਜਿਸ ਨੇ ਸ਼ਹੀਦ ਭਗਤ ਸਿੰਘ ਉਪਰ ਗਹਿਰਾ ਪ੍ਰਭਾਵ ਪਾਇਆ ਸੀ। ਉਸ ਨੇ ਬੱਬਰ ਅਕਾਲੀ ਲਹਿਰ ਨੂੰ ‘ਖ਼ੂਨ ਦੀ ਹੋਲੀ’ ਆਖਿਆ ਸੀ।
ਸੰਪਰਕ: 97806-02066