ਹਰਮਨਪ੍ਰੀਤ ਸਿੰਘ
ਪੁਰਾਤਨ ਸਮਿਆਂ ਵਿੱਚ ਜਦੋਂ ਲੋਕਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਸੀਮਤ ਸਾਧਨ, ਘਰ ਚਲਾਉਣ ਲਈ ਸੀਮਤ ਆਮਦਨ ਤੇ ਸੀਮਤ ਜਿਹੇ ਖਰਚੇ ਹੁੰਦੇ ਸਨ, ਉਦੋਂ ਲੋਕਾਂ ਦੇ ਦਿਲਾਂ ਵਿੱਚ ਇੱਕ-ਦੂਜੇ ਪ੍ਰਤੀ ਪਿਆਰ ਅਸੀਮਤ ਹੁੰਦਾ ਸੀ ਤੇ ਇੱਕ-ਦੂਜੇ ਲਈ ਸਤਿਕਾਰ ਅਥਾਅ ਹੁੰਦਾ ਸੀ। ਖੁੱਲ੍ਹੇ-ਡੁੱਲ੍ਹੇ ਕੱਚੇ ਘਰਾਂ ਵਿੱਚ ਰਹਿਣ ਵਾਲਿਆਂ ਦੇ ਸੁਭਾਅ ਵੀ ਖੁੱਲ੍ਹੇ-ਡੁੱਲ੍ਹੇ ਹੀ ਹੁੰਦੇ ਸਨ। ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੇ ਮਾਲਕਾਂ ਨੂੰ ਅੱਜ ਵੀ ਕਿਤੇ ਬੀਤੇ ਵੇਲੇ ਦੇ ਵਿਰਸੇ ਵਿੱਚੋਂ ਕੋਈ ਯਾਦ ਤਾਜ਼ਾ ਹੁੰਦੀ ਹੈ ਤਾਂ ਉਸ ਪੁਰਾਤਨ ਸਮੇਂ ਦਾ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲੱਗ ਪੈਂਦਾ ਹੈ। ਜੇਕਰ ਪਿਛੋਕੜ ’ਤੇ ਝਾਤ ਮਾਰੀਏ ਤਾਂ ਅਸੀਂ ਆਪਣੇ ਵਿਰਸੇ ਵਿੱਚੋਂ ਬਹੁਤ ਕੁਝ ਪਿੱਛੇ ਛੱਡ ਆਏ ਹਾਂ, ਜਿਨ੍ਹਾਂ ਵਿੱਚੋਂ ਇੱਕ ਹੁੰਦੀ ਸੀ ਸਾਡੇ ਘਰ ਦਾ ਸ਼ਿੰਗਾਰ ‘ਬੈਠਕ’। ਇਹ ਉਹ ਸਮਾਂ ਸੀ ਜਦੋਂ ਸਾਰੇ ਘਰ ਵਿੱਚ ਬੈਠਕ ਦਾ ਆਪਣਾ ਅਲੱਗ ਹੀ ਰੋਅਬ ਹੁੰਦਾ ਸੀ। ਕੱਚੇ ਘਰ ਦੀ ਪੱਕੀ ਬੈਠਕ ਆਪਣੇ ਅੰਦਰ ਕਈ ਰਾਜ਼, ਖੁਸ਼ੀ-ਗ਼ਮੀ ਦੀਆਂ ਗੱਲਾਂ-ਬਾਤਾਂ ਤੇ ਹਾਸੇ-ਠੱਠੇ ਸਮੋਈ ਬੈਠੀ ਹੁੰਦੀ ਸੀ। ਗਾਇਕ ਹਰਭਜਨ ਮਾਨ ਨੇ ਵੀ ਆਪਣੇ ਇੱਕ ਗੀਤ ਵਿੱਚ ਬੜੇ ਸੋਹਣੇ ਢੰਗ ਨਾਲ ਬੈਠਕ ਦਾ ਜ਼ਿਕਰ ਕੀਤਾ ਹੈ। ਬੈਠਕ ਬਾਰੇ ਉਨ੍ਹਾਂ ਦੇ ਬੋਲ ਹਨ :
ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ
ਬਿਲਕੁਲ ਹੀ ਮੇਨ ਸੜਕ ਤੇ ਥੋੜ੍ਹਾ ਜਿਹਾ ਹੋ ਕੇ ਸੱਜੇ
ਪਹਿਲਾ ਹੀ ਮੋੜ ਮੁੜਦਿਆਂ ਦੂਰੋਂ ਦਿਸ ਪੈਂਦੀ
ਬਾਬੇ ਬਿਸ਼ਨੇ ਦੀ ਬੈਠਕ ਬਾਬੇ ਬਿਸ਼ਨੇ ਦੀ ਬੈਠਕ
ਅੱਜਕੱਲ੍ਹ ਚਰਚਾ ’ਚ ਰਹਿੰਦੀ ਬਾਬੇ ਬਿਸ਼ਨੇ ਦੀ ਬੈਠਕ।
ਪਿਛਲੇ ਸਮਿਆਂ ਵਿੱਚ ਘਰ ਦੇ ਮੁੱਖ ਦਰਵਾਜ਼ੇ ਕੋਲ ਇੱਕ ਕਮਰਾ ਹੁੰਦਾ ਸੀ। ਬਾਹਰੋਂ ਆਏ-ਗਏ ਮਿੱਤਰ-ਬੇਲੀਆਂ, ਸਾਕ-ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਪਹਿਲਾਂ ਇਸ ਕਮਰੇ ਵਿੱਚ ਹੀ ਬਿਠਾਇਆ ਜਾਂਦਾ ਸੀ। ਘਰ ਦੇ ਮੁੱਖ ਦਰਵਾਜ਼ੇ ਦੇ ਕੋਲ ਵਾਲੇ ਇਸ ਕਮਰੇ ਨੂੰ ਬੈਠਕ ਕਿਹਾ ਜਾਂਦਾ। ਇਹ ਘਰ ਦਾ ਉਹ ਸਥਾਨ ਹੁੰਦਾ ਜਿੱਥੇ ਜ਼ਿਆਦਾਤਰ ਸਲਾਹ-ਮਸ਼ਵਰੇ ਹੁੰਦੇ, ਜਿਸ ਨੂੰ ਲੋਕ ਮੀਟਿੰਗ ਵੀ ਕਹਿ ਲੈਂਦੇ ਹਨ। ਜੇ ਦੇਖਿਆ ਜਾਵੇ ਤਾਂ ਅੰਗਰੇਜ਼ੀ ਦੇ ਸ਼ਬਦ ਮੀਟਿੰਗ ਨੂੰ ਪੰਜਾਬੀ ਵਿੱਚ ਬੈਠਕ ਹੀ ਤਾਂ ਕਿਹਾ ਜਾਂਦਾ ਹੈ। ਜਿਵੇਂ ਘਰ ਦੇ ਵਿੱਚ ਹਰ ਕਮਰੇ ਦਾ ਕੋਈ ਨਾ ਕੋਈ ਨਾਮ ਹੁੰਦਾ ਹੈ, ਓਵੇਂ ਹੀ ਘਰ ਦੇ ਬਾਹਰ ਤੇ ਘਰ ਦੇ ਅੰਦਰ ਵੱਲ ਖੁੱਲ੍ਹਦੇ ਦੋ ਪੱਲਿਆਂ ਵਾਲੇ ਦਰਵਾਜ਼ੇ ਵਾਲੇ ਇਸ ਕਮਰੇ ਵਿੱਚ ਜਦੋਂ ਆਏ-ਦਿਨ ਮੀਟਿੰਗਾਂ ਹੁੰਦੀਆਂ ਹੋਣਗੀਆਂ ਤਾਂ ਉੱਥੋਂ ਹੀ ਇਸ ਕਮਰੇ ਦਾ ਨਾਮ ਬੈਠਕ ਹੋ ਗਿਆ ਜਾਪਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਮਰੇ ਵਿੱਚ ਹੁੰਦੀਆਂ ਬੈਠਕਾਂ ਨੇ ਹੀ ਘਰ ਦੇ ਇਸ ਕਮਰੇ ਨੂੰ ਬੈਠਕ ਦਾ ਨਾਮ ਦੇ ਦਿੱਤਾ। ਜ਼ਿਆਦਾਤਰ ਘਰ ਦੀ ਬੈਠਕ ’ਤੇ ਕਬਜ਼ਾ ਘਰ ਦੇ ਲਾਣੇਦਾਰ ਦਾ ਹੀ ਹੁੰਦਾ ਸੀ ਕਿਉਂਕਿ ਬਾਹਰੋਂ ਆਏ ਕੰਮ-ਕਾਰ ਦੇ ਸਿਲਸਿਲੇ ਵਿੱਚ ਮਿਲਣ-ਗਿਲਣ ਵਾਲੇ ਲੋਕ ਸਭ ਤੋਂ ਪਹਿਲਾਂ ਘਰ ਦੇ ਲਾਣੇਦਾਰ ਨੂੰ ਹੀ ਮਿਲਦੇ ਸਨ। ਬੈਠਕ ਨੂੰ ਘਰ ਦੇ ਦੂਸਰੇ ਹਿੱਸਿਆਂ ਨਾਲੋਂ ਸਭ ਤੋਂ ਵੱਧ ਸਾਫ਼-ਸੁਥਰਾ ਤੇ ਸ਼ਿੰਗਾਰ ਕੇ ਰੱਖਿਆ ਜਾਂਦਾ ਸੀ। ਜ਼ਿਆਦਾਤਰ ਬੈਠਕ ਦਾ ਇੱਕ ਦਰਵਾਜ਼ਾ ਘਰ ਦੇ ਅੰਦਰ ਵੱਲ ਨੂੰ ਖੁੱਲ੍ਹਦਾ ਤੇ ਇੱਕ ਦਰਵਾਜ਼ਾ ਬਾਹਰ ਗਲੀ ਵੱਲ ਖੁੱਲ੍ਹਦਾ ਹੁੰਦਾ ਸੀ। ਕਿਸੇ ਚੰਗੇ ਕਾਰੀਗਰ ਦੇ ਹੱਥ ਦੇ ਲੱਗੇ ਚੀਲ ਦੀ ਲੱਕੜੀ ਦੇ ਦੋ ਪੱਲਿਆਂ ਵਾਲੇ ਦਰਵਾਜ਼ੇ ਬੈਠਕ ਦਾ ਰੋਅਬ ਹੋਰ ਵੀ ਵਧਾ ਦਿੰਦੇ ਸਨ। ਬੈਠਕ ਦੇ ਬਾਹਰ-ਵਾਰ ਯਾਨੀ ਕਿ ਗਲੀ ਵਾਲੇ ਪਾਸੇ ਦਰਵਾਜ਼ਾ ਇਸ ਲਈ ਰੱਖਿਆ ਜਾਂਦਾ ਤਾਂ ਜੋ ਕੰਮ-ਕਾਜ ਵਾਲਾ ਬਾਹਰੀ ਬੰਦਾ ਬਾਹਰੋਂ-ਬਾਹਰ ਮਿਲ ਕੇ ਆ ਤੇ ਜਾ ਸਕੇ। ਪੁਰਾਤਨ ਸਮਿਆਂ ਵਿੱਚ ਘਰ ਵਿੱਚ ਬੈਠਕ ਦਾ ਰੋਅਬ ਅੱਜ ਦੇ ਡਰਾਇੰਗ ਰੂਮ ਤੋਂ ਕਿਤੇ ਜ਼ਿਆਦਾ ਹੁੰਦਾ ਸੀ। ਗਰਮੀਆਂ ਵਿੱਚ ਬਿਨਾਂ ਬੱਤੀ ਤੋਂ ਵੀ ਠੰਢੀ ਰਹਿਣ ਵਾਲੀ ਬੈਠਕ ਸਿਆਲਾਂ ਵਿੱਚ ਨਿੱਘ ਦਾ ਅਹਿਸਾਸ ਵੀ ਕਰਾਉਂਦੀ, ਇਹ ਤਾਂ ਉਹੀ ਮਹਿਸੂਸ ਕਰ ਸਕਦਾ ਜਿਸ ਨੇ ਆਪਣਾ ਬੀਤਿਆ ਵੇਲਾ ਬੈਠਕ ਵਿੱਚ ਬਿਤਾਇਆ ਹੋਵੇਗਾ।
ਸੁਬ੍ਹਾ ਸਵੇਰੇ ਜਦੋਂ ਦੋ ਪੱਲਿਆਂ ਵਾਲਾ ਦਰਵਾਜ਼ਾ ਗਲੀ ਦੇ ਬਾਹਰ ਵੱਲ ਖੁੱਲ੍ਹਦਾ ਤਾਂ ਗਲੀ ਵਿੱਚੋਂ ਲੰਘਣ ਵਾਲਾ ਦੁਆ-ਸਲਾਮ ਕਰ ਲੰਘਦਾ ਤੇ ਬੈਠਕ ਦੇ ਰੋਸ਼ਨਦਾਨਾਂ ਵਿੱਚ ਲੱਗੀਆਂ ਸੀਮਿੰਟਡ ਜਾਲੀਆਂ ਵਿੱਚੋਂ ਸੂਰਜ ਦੀਆਂ ਪਹਿਲੇ ਪਹਿਰ ਵਾਲੀਆਂ ਕਿਰਨਾਂ ਇਸ ਨੂੰ ਰੁਸ਼ਨਾ ਦਿੰਦੀਆਂ ਸਨ। ਪੁਰਾਤਨ ਸਮੇਂ ਜਿੱਥੇ ਘਰ ਦੇ ਦੂਜੇ ਕਮਰਿਆਂ ਦੀਆਂ ਛੱਤਾਂ ਪਾਉਣ ਲਈ ਸ਼ਤੀਰ ਅਤੇ ਬਾਲੇ ਵਰਤੇ ਜਾਂਦੇ ਸਨ, ਉੱਥੇ ਹੀ ਬੈਠਕ ਦੀ ਛੱਤ ਪਾਉਣ ਲਈ ਬਾਲਿਆਂ ਦੇ ਥੱਲੇ ਗਾਡਰ ਪਾਏ ਜਾਂਦੇ। ਬੈਠਕ ਦੀ ਗਾਡਰ ਤੇ ਬਾਲਿਆਂ ਵਾਲੀ ਛੱਤ ਹੀ ਇਸ ਨੂੰ ਘਰ ਦੇ ਦੂਜੇ ਕਮਰਿਆਂ ਨਾਲੋਂ ਅਲੱਗ ਦਿੱਖ ਪ੍ਰਦਾਨ ਕਰਦੀ ਸੀ। ਬੈਠਕ ਦੀ ਛੱਤ ’ਤੇ ਗਾਡਰ ਨਾਲ ਚੰਗੇ ਕਲੰਪ-ਪੱਤੀਆਂ ਪਾ ਕੇ ਕੱਸਿਆ ਭਾਰੀ ਜਿਹਾ ਪੱਖਾ ਉਸ ਸਮੇਂ ਵਿੱਚ ਏ.ਸੀ. ਨਾਲੋਂ ਘੱਟ ਨਹੀਂ ਸੀ ਹੁੰਦਾ। ਗਾਡਰ ਭਾਰੀ ਪੱਖੇ ਨੂੰ ਸੰਭਾਲ ਕੇ ਰੱਖਦਾ ਸੀ।
ਕਿਸੇ ਚੰਗੇ ਕਾਰੀਗਰ-ਮਿਸਤਰੀ ਦੀ ਪਾਈ ਬੈਠਕ ਦਾ ਪੱਕਾ ਫ਼ਰਸ਼ ਵੀ ਆਪਣੇ ਆਪ ਨੂੰ ਕਿਸੇ ਸੰਗਮਰਮਰ ਤੋਂ ਘੱਟ ਨਹੀਂ ਸੀ ਜਾਣਦਾ। ਫ਼ਰਸ਼ ’ਤੇ ਕੀਤੀ ਗਈ ਅਲੱਗ-ਅਲੱਗ ਰੰਗਾਂ ਦੀ ਮੀਨਾਕਾਰੀ ਬਾ-ਕਮਾਲ ਹੁੰਦੀ। ਇਸ ਮੀਨਾਕਾਰੀ ਵਿੱਚ ਜ਼ਿਆਦਾਤਰ ਗੂੜ੍ਹਾ ਲਾਲ ਰੰਗ ਜਾਂ ਨਾਭੀ ਰੰਗ, ਪੀਲਾ ਰੰਗ, ਨੀਲਾ ਰੰਗ ਤੇ ਹਰਾ ਰੰਗ ਹੀ ਜ਼ਿਆਦਾਤਰ ਵਰਤੇ ਜਾਂਦੇ ਸਨ। ਆਮਤੌਰ ’ਤੇ ਬੈਠਕ ਦੇ ਫ਼ਰਸ਼ ਦਾ ਬਾਰਡਰ ਨਾਭੀ ਰੰਗ ਦਾ ਰੱਖਿਆ ਜਾਂਦਾ ਤੇ ਫ਼ਰਸ਼ ਦੇ ਚਾਰੋ ਖੂੰਜਿਆਂ ਵਿੱਚ ਅਲੱਗ-ਅਲੱਗ ਰੰਗਾਂ ਨਾਲ ਫੁੱਲ ਨੁਮਾ ਡਿਜ਼ਾਈਨ ਪਾਇਆ ਜਾਂਦਾ ਤੇ ਫ਼ਰਸ਼ ਦੇ ਬਿਲਕੁਲ ਵਿਚਕਾਰ ਇੱਕ ਵੱਡਾ ਫੁੱਲ ਨੁਮਾ ਡਿਜ਼ਾਈਨ ਬੈਠਕ ਦੀ ਸ਼ੋਭਾ ਨੂੰ ਹੋਰ ਵੀ ਵਧਾ ਦਿੰਦਾ ਸੀ। ਬੈਠਕ ਦੀ ਕੰਸ ’ਤੇ ਪਿਆ ਹੌਲੀ ਆਵਾਜ਼ ਵਿੱਚ ਚੱਲਦਾ ਰੇਡੀਓ, ਬੈਠਕ ਵਾਲੇ ਮੰਜੇ ’ਤੇ ਵਿਸ਼ੀ ਵੇਲ-ਬੂਟੀਆਂ ਵਾਲੀ ਚਾਦਰ ਤੇ ਲੱਕੜ ਦੇ ਮੇਜ਼ ਉੱਤੇ ਵਿਛਾਏ ਕਰੋਸ਼ੀਏ ਦਾ ਕਵਰ ਬੈਠਕ ਦੀ ਦਿੱਖ ਵਿੱਚ ਚਾਰ-ਚੰਨ ਲਗਾਉਣ ਦਾ ਕੰਮ ਕਰਦੇ ਸਨ। ਬੈਠਕ ਦੀ ਕੰਧ ’ਤੇ ਲੱਗੀ ਕੁੰਡੀ ਨਾਲ ਲਟਕਦਾ ਕਢਾਈ ਨਾਲ ਕੱਢਿਆ ਫੁੱਲ-ਬੂਟੀਆਂ ਵਾਲਾ ਝੋਲਾ ਵੀ ਕਿਸੇ ਤੋਂ ਘੱਟ ਨਹੀਂ ਅਖਵਾਉਂਦਾ ਤੇ ਨਾਲ ਹੀ ਇੱਥੇ ਆਲੇ ਵਿੱਚ ਰੱਖੇ ਦੀਵੇ ਤੇ ਲਾਲਟੈਨ ਨੂੰ ਕਿਵੇਂ ਭੁੱਲ ਸਕਦੇ ਹਾਂ ਜੋ ਰਾਤ ਦੇ ਸਮੇਂ ਬੱਤੀ ਗਈ ਤੋਂ ਆਪ ਬਲ ਕੇ ਬੈਠਕ ਨੂੰ ਰੁਸ਼ਨਾ ਦਿੰਦੇ ਸਨ।
ਇਹ ਉਹ ਸਮਾਂ ਸੀ ਜਦੋਂ ਬੈਠਕ ਵਿੱਚ ਪਈ ਹਰ ਚੀਜ਼ ਨਿਵੇਕਲੀ ਲੱਗਦੀ ਹੁੰਦੀ ਸੀ। ਘਰ ਆਏ ਪ੍ਰਾਹੁਣਿਆਂ ਨੂੰ ਸਭ ਤੋਂ ਪਹਿਲਾਂ ਬੈਠਕ ਵਿੱਚ ਹੀ ਬਿਠਾਇਆ ਜਾਂਦਾ। ਇਹ ਬੈਠਕ ਅੱਜ ਸਾਡੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀਆਂ ਯਾਦਾਂ ਵਿੱਚੋਂ ਧੁੰਦਲੀ ਹੁੰਦੀ ਜਾ ਰਹੀ ਹੈ। ਹੁਣ ਡਰਾਇੰਗ ਰੂਮ ਦੀ ਸਰਦਾਰੀ ਹੈ, ਪਰ ਜੋ ਸਕੂਨ ਬੈਠਕ ਵਿੱਚ ਬੈਠ ਕੇ ਮਿਲਦਾ ਸੀ, ਉਹ ਡਰਾਇੰਗ ਰੂਮ ਵਿੱਚ ਨਹੀਂ।
ਸੰਪਰਕ : 98550-10005