ਦਿਨੇਸ਼ ਸੀ ਸ਼ਰਮਾ
ਜੁਲਾਈ ਦੇ ਪਹਿਲੇ ਹਫ਼ਤੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਨੇ ਨਵੀਂ ਸਿੱਖਿਆ ਨੀਤੀ ਦੇ ਵੱਖ ਵੱਖ ਪਹਿਲੂਆਂ ’ਤੇ ਕੌਮੀ ਸੈਮੀਨਾਰ ਕਰਵਾਇਆ ਸੀ। ਸਿੱਖਿਆ ਨੀਤੀ ਵਿਚ ਮੈਡੀਸਨ ਦੀ ਸਿੱਖਿਆ ਸਣੇ ਚਲੰਤ ਸਿੱਖਿਆ ਪ੍ਰਣਾਲੀ ਵਿਚ ਦੂਰਗਾਮੀ ਸੁਧਾਰਾਂ ਦੇ ਸੁਝਾਅ ਪੇਸ਼ ਕੀਤੇ ਗਏ। ਇਨ੍ਹਾਂ ’ਚੋਂ ਇਕ ਸੁਝਾਅ ਸਿਹਤ ਸੰਭਾਲ ਦੇ ਖੇਤਰ ਵਿਚ ਵੱਖ ਵੱਖ ਤਰ੍ਹਾਂ ਦੇ ਵਿਕਲਪਾਂ ਨੂੰ ਹੱਲਾਸ਼ੇਰੀ ਦੇਣ ਅਤੇ ਸਿਹਤ ਸਿੱਖਿਆ ਨੂੰ ਏਕੀਕ੍ਰਿਤ ਬਣਾਉਣ ਬਾਰੇ ਸੀ। ਇਹ ਸੁਝਾਅ ਦਿੱਤਾ ਗਿਆ ਕਿ ਐਲੋਪੈਥਿਕ ਮੈਡੀਕਲ ਸਿੱਖਿਆ ਦੇ ਸਾਰੇ ਵਿਦਿਆਰਥੀਆਂ ਨੂੰ ਆਯੁਰਵੈਦ ਜਿਹੀਆਂ ਭਾਰਤੀ ਚਿਕਿਤਸਾ ਪ੍ਰਣਾਲੀਆਂ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ਅਤੇ ਇਉਂ ਹੀ ਭਾਰਤੀ ਚਿਕਿਤਸਾ ਪ੍ਰਣਾਲੀਆਂ ਦੇ ਵਿਦਿਆਰਥੀਆਂ ਨੂੰ ਐਲੋਪੈਥਿਕ ਦਵਾ ਪੱਧਤੀ ਦਾ ਮੁੱਢਲਾ ਗਿਆਨ ਦਿੱਤਾ ਜਾਵੇ। ਇਸ ਤਰ੍ਹਾਂ ਦੇ ਸਾਰੇ ਉਪਬੰਧਾਂ ਸਹਿਤ ਨਵੀਂ ਸਿੱਖਿਆ ਨੀਤੀ ਵਿਚ ਚਲੰਤ ਆਯੁਰਵੈਦਿਕ ਪਾਠਕ੍ਰਮ ਬਾਰੇ ਉੱਠਦੀਆਂ ਕੁਝ ਚਿੰਤਾ ਦੀਆਂ ਆਵਾਜ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਬੀਐਚਯੂ ਦੇ ਇਕ ਪ੍ਰੋਫੈਸਰ ਨੇ ਇੰਡੀਅਨ ਜਰਨਲ ਆਫ ਮੈਡੀਕਲ ਐਥਿਕਸ ਵਿਚ ਲਿਖੇ ਇਕ ਲੇਖ ਵਿਚ ਭਾਰਤ ਵਿਚ ਆਯੁਰਵੈਦਿਕ ਸਿੱਖਿਆ ਪੱਧਤੀ ਦੀਆਂ ਕੁਝ ਗੰਭੀਰ ਖਾਮੀਆਂ ਦੀ ਨਿਸ਼ਾਨਦੇਹੀ ਕੀਤੀ ਹੈ। ਕਿਸ਼ੋਰ ਪਟਵਰਧਨ ਦੇ ਇਸ ਲੇਖ ਨਾਲ ਯਕੀਨਨ ਕਈ ਲੋਕਾਂ ਨੂੰ ਦਿੱਕਤ ਮਹਿਸੂਸ ਹੋਈ ਹੋਵੇਗੀ ਕਿਉਂਕਿ ਉਹ ਇਕ ਨਾਮੀ ਆਯੁਰਵੈਦਿਕ ਖੋਜਕਾਰ ਹਨ ਅਤੇ ਆਯੁਰਵੈਦਿਕ ਸਰੀਰ ਵਿਗਿਆਨ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਹਨ।
ਆਯੁਰਵੈਦ ਦਾ ਵਿਸ਼ਾ ਪ੍ਰਾਚੀਨ ਗ੍ਰੰਥ ਚਰਕ ਸੰਹਿਤਾ ਤੇ ਸੁਸ਼੍ਰਤ ਅਤੇ ਵਾਗਭੱਟ ਵੱਲੋਂ ਕੀਤੀਆਂ ਗਈਆਂ ਇਸ ਦੀਆਂ ਵਿਆਖਿਆਵਾਂ ’ਤੇ ਆਧਾਰਿਤ ਹੈ। ਸਮੇਂ ਸਮੇਂ ’ਤੇ ਸਮੀਖਿਅਕ ਤੇ ਵਿਦਵਾਨ ਇਨ੍ਹਾਂ ਖਰੜਿਆਂ ਦੀ ਵਿਆਖਿਆ ਕਰਦੇ ਰਹੇ ਹਨ ਤੇ ਇਨ੍ਹਾਂ ਨੂੰ ਮੁੜ ਲਿਖਦੇ ਰਹੇ ਹਨ। ਹਾਲੀਆ ਸਦੀਆਂ ਦੌਰਾਨ ਅੰਗ ਵਿਗਿਆਨ, ਸਰੀਰ ਵਿਗਿਆਨ, ਰੋਗ ਵਿਗਿਆਨ, ਬਾਇਓਕੈਮਿਸਟਰੀ, ਮਾਈਕ੍ਰੋਬਾਇਓਲੋਜੀ ਆਦਿ ਵਿਚ ਪੈਦਾ ਹੋਏ ਨਵੇਂ ਗਿਆਨ ਦੀ ਲੋਅ ਵਿਚ ਇਨ੍ਹਾਂ ਖਰੜਿਆਂ ਦੀ ਪੁਨਰ-ਵਿਆਖਿਆ ਕੀਤੀ ਜਾਂਦੀ ਰਹੀ ਹੈ। ਇਨ੍ਹਾਂ ਪੁਨਰ-ਵਿਆਖਿਆਵਾਂ ਦਾ ਉਦੇਸ਼ ਹਮੇਸ਼ਾ ਇਹ ਸਿੱਟਾ ਕੱਢਣਾ ਰਿਹਾ ਹੈ ਕਿ ਆਯੁਰਵੈਦਿਕ ਗਿਆਨ ਤੇ ਸਮਕਾਲੀ ਮੈਡੀਕਲ ਸੰਕਲਪ ਮਿਲਦੇ ਜੁਲਦੇ ਜਾਂ ਫਿਰ ਇਕੋ ਜਿਹੇ ਹਨ। ਪ੍ਰਾਚੀਨ ਗਿਆਨ ਨੂੰ ਆਧੁਨਿਕ ਖੋਜਾਂ ਦੇ ਜ਼ਾਵੀਏ ਤੋਂ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਪ੍ਰੋ. ਪਟਵਰਧਨ ਨੇ ਆਯੁਰਵੈਦ ਦੇ ਅਧਿਆਪਕ ਤੇ ਪਾਠ ਪੁਸਤਕਾਂ ਦੇ ਲੇਖਕ ਵਜੋਂ ਖ਼ੁਦ ਇਉਂ ਹੀ ਕੀਤਾ ਸੀ। ਉਨ੍ਹਾਂ ਕਬੂਲ ਕੀਤਾ ਕਿ ਉਨ੍ਹਾਂ ਜਾਣ-ਬੁੱਝ ਕੇ ਪ੍ਰਾਚੀਨ ਕਹਾਵਤਾਂ ਦੇ ਤਰਕਸੰਗਤ ਸੰਸਕਰਣਾਂ ਦੀ ਚੋਣ ਕੀਤੀ ਸੀ ਤਾਂ ਕਿ ਉਹ ਆਧੁਨਿਕ ਸਮਿਆਂ ਅੰਦਰ ਪ੍ਰਸੰਗਕ ਲੱਗ ਸਕਣ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਬਹੇ ਵਿਚਾਰਾਂ ਨੂੰ ਸਹੀ ਸਿੱਧ ਕਰਨ ਦੀ ਉਨ੍ਹਾਂ ਦੀ ਪਹੁੰਚ ਗ਼ਲਤ ਹੈ ਹਾਲਾਂਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਅਤੇ ਪਾਠ ਪੁਸਤਕਾਂ ਲਿਖਦੇ ਸਮੇਂ ਇਹੀ ਕੁਝ ਕਰਦੇ ਰਹੇ ਸਨ।
ਮਿਸਾਲ ਦੇ ਤੌਰ ’ਤੇ ਆਯੁਰਵੈਦਿਕ ਗ੍ਰੰਥਾਂ ਵਿਚ – ਜਿਵੇਂ ਕਿ ਬੀਏਐਮਐੱਸ (ਬੈਚਲਰ ਆਫ ਆਯੁਰਵੈਦਿਕ ਮੈਡੀਸਨ ਐਂਡ ਸਰਜਰੀ) ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਰਿਹਾ ਹੈ ਕਿ ਵੀਰਜ (ਸ਼ੁੱਕਰ) ਬੋਨ ਮੈਰੋ (ਮਿੱਝ) ਵਿਚ ਪੈਦਾ ਹੁੰਦਾ ਹੈ ਅਤੇ ਖ਼ੂਨ ਦੇ ਜ਼ਰੀਏ ਸਮੁੱਚੇ ਸਰੀਰ ਵਿਚ ਪ੍ਰਵਾਹ ਕਰਦਾ ਹੈ। ਇਸ ਬਿਆਨ ਨੂੰ ਸਹੀ ਦਰਸਾਉਣ ਵਾਸਤੇ ਆਧੁਨਿਕ ਪਾਠ ਪੁਸਤਕਾਂ ਵਿਚ ਇਹ ਗੱਲ ਜੋੜ ਦਿੱਤੀ ਗਈ ਕਿ ਸ਼ੁੱਕਰ ਦੋ ਤਰ੍ਹਾਂ ਦਾ ਹੁੰਦਾ ਹੈ: ਇਕ ਵੀਰਜ ਹੁੰਦਾ ਹੈ ਅਤੇ ਦੂਜਾ ਪ੍ਰਜਣਨ ਹਾਰਮੋਨ ਦੇ ਰੂਪ ਵਿਚ ਠੋਸ ਮਾਦਾ ਸਮੁੱਚੇ ਸਰੀਰ ਵਿਚ ਮੌਜੂਦ ਹੁੰਦਾ ਹੈ। ਪ੍ਰੋ. ਪਟਵਰਧਨ ਨੇ ਇਕ ਹੋਰ ਮਿਸਾਲ ਪਿਸ਼ਾਬ ਦੇ ਨਿਰਮਾਣ ਵਿਚ ਗੁਰਦਿਆਂ ਦੀ ਭੂਮਿਕਾ ਦੀ ਦਿੱਤੀ। ਹਾਲਾਂਕਿ ਇਸ ਗੱਲ ਦੇ ਕੋਈ ਠੋਸ ਪ੍ਰਮਾਣ ਮੌਜੂਦ ਨਹੀਂ ਹਨ ਕਿ ਪ੍ਰਾਚੀਨ ਭਾਰਤੀਆਂ ਨੂੰ ਪਿਸ਼ਾਬ ਦੇ ਨਿਰਮਾਣ ਬਾਰੇ ਗਿਆਨ ਸੀ ਪਰ ਨਵੀਆਂ ਵਿਆਖਿਆਵਾਂ ਤੋਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਇਸ ਦਾ ਗਿਆਨ ਸੀ। ਜਿਉਂ ਜਿਉਂ ਨਵੇਂ ਸੰਕਲਪ ਅਤੇ ਸਿਧਾਂਤ ਸਾਹਮਣੇ ਆ ਰਹੇ ਹਨ ਤਿਉਂ ਤਿਉਂ ਪ੍ਰਾਚੀਨ ਗ੍ਰੰਥਾਂ ਦੀਆਂ ਮੁੜ ਪੁਨਰ-ਵਿਆਖਿਆਵਾਂ ਹੋ ਰਹੀਆਂ ਹਨ। ਇਸ ਤੋਂ ਇਹ ਆਮ ਧਾਰਨਾ ਬਣਦੀ ਜਾ ਰਹੀ ਹੈ ਕਿ ਪ੍ਰਾਚੀਨ ਭਾਰਤੀਆਂ ਨੂੰ ਨਾ ਕੇਵਲ ਸਾਰਾ ਗਿਆਨ ਸੀ ਸਗੋਂ ਉਹ ਆਪਣੇ ਸਮਿਆਂ ਤੋਂ ਬਹੁਤ ਅੱਗੇ ਸਨ। ਚਿੰਤਾ ਦੀ ਗੱਲ ਇਹ ਹੈ ਕਿ ਇਸ ਕਿਸਮ ਦੀਆਂ ਤਰਕਹੀਣ ਤੇ ਗ਼ੈਰ-ਵਿਗਿਆਨਕ ਪੁਨਰ-ਵਿਆਖਿਆਵਾਂ ਪਾਠ ਪੁਸਤਕਾਂ ਦਾ ਹਿੱਸਾ ਬਣ ਗਈਆਂ ਹਨ ਜੋ ਦੇਸ਼ ਭਰ ਵਿਚ ਸੈਂਕੜੇ ਆਯੁਰਵੈਦਿਕ ਕਾਲਜਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ। ਅਮਰੀਕਾ ਤੇ ਯੂਰਪ ਵਿਚ ਕਈ ਆਯੁਰਵੈਦਿਕ ਉਤਪਾਦਾਂ ਵਿਚ ਭਾਰੀ ਮਾਤਰਾ ਵਿਚ ਪਾਈਆਂ ਗਈਆਂ ਪਾਰੇ ਤੇ ਕੈਡਮੀਅਮ ਜਿਹੀਆਂ ਭਾਰੀ ਧਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਮਾਣ ਆਧਾਰਿਤ ਪਹੁੰਚ ਅਪਣਾਉਣ ਦੀ ਬਜਾਏ ਆਯੁਰਵੇਦ ਦੇ ਹਾਮੀਆਂ ਨੇ ਆਧੁਨਿਕ ਸੰਕਲਪਾਂ ਦੀ ਵਰਤੋਂ ਕਰ ਕੇ ਆਪਣੀਆਂ ਪਾਠ ਪੁਸਤਕਾਂ ਨੂੰ ਤਰਕਯੁਕਤ ਕਰਨ ਦਾ ਰਾਹ ਫੜਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਯੁਰਵੇਦ ਵਿਚ ਭਸਮ ਦਾ ਸੰਕਲਪ ਆਧੁਨਿਕ ਸਮਿਆਂ ਦੀ ਨੈਨੋ ਮੈਡੀਸਨ ਨਾਲ ਮੇਲ ਖਾਂਦਾ ਹੈ। ਦਵਾਈਆਂ ਵਿਚ ਭਾਰੀਆਂ ਧਾਤਾਂ ਦੇ ਅੰਸ਼ ਵੱਡਾ ਮੁੱਦਾ ਬਣੇ ਹੋਏ ਹਨ ਤੇ ਇਸ ਨਾਲ ਜਿਗਰ ਖਰਾਬ ਹੋ ਜਾਣ ਦੇ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ। ਕੇਰਲ ਤੋਂ ਜਿਗਰ ਦੀਆਂ ਬਿਮਾਰੀਆਂ ਦੇ ਇਕ ਮਾਹਿਰ ਸਾਇਰਿਐਕ ਐਬੀ ਫਿਲਿਪਸ ਵਿਗਿਆਨਕ ਰਸਾਲਿਆਂ ਵਿਚ ਅਜਿਹੇ ਕੇਸਾਂ ਬਾਰੇ ਲਗਾਤਾਰ ਲਿਖਦੇ ਆ ਰਹੇ ਹਨ ਅਤੇ ਆਯੁਰਵੈਦਿਕ ਉਤਪਾਦਾਂ ਵਿਚ ਜ਼ਹਿਰੀਲੇ ਅੰਸ਼ਾਂ ਦੀਆਂ ਰਿਪੋਰਟਾਂ ਛਾਪਣ ਬਦਲੇ ਉਨ੍ਹਾਂ ਨੂੰ ਲਗਾਤਾਰ ਟਰੋਲ ਕੀਤਾ ਜਾਂਦਾ ਹੈ। ਆਪਣੇ ਇਕ ਟਵੀਟ ਵਿਚ ਉਨ੍ਹਾਂ ਅਸਟਾਂਗ ਹਿਰਦਯਮ ਦੇ ਇਕ ਸਲੋਕ ਦਾ ਹਵਾਲਾ ਦਿੱਤਾ ਹੈ: ‘ਇਕ ਮਰੇ ਹੋਏ ਕਾਲੇ ਸੱਪ ਅਤੇ ਚਾਰ ਮਰੇ ਹੋਏ ਬਿੱਛੂਆਂ ਨੂੰ ਦੁੱਧ ਦੇ ਬਰਤਨ ਵਿਚ ਬਿਨਾਂ ਹਿਲਾਏ ਤਿੰਨ ਹਫ਼ਤੇ ਲਈ ਰੱਖਿਆ ਜਾਵੇ। ਫਿਰ ਇਸ ਨੂੰ ਹਿਲਾ ਕੇ ਮੱਖਣ ਕੱਢ ਲਿਆ ਜਾਂਦਾ ਹੈ ਅਤੇ ਇਕ ਮੁਰਗੇ ਨੂੰ ਖੁਆ ਦਿੱਤਾ ਜਾਂਦਾ ਹੈ। ਉਸ ਮੁਰਗੇ ਦੀਆਂ ਵਿੱਠਾਂ ਇਕੱਠੀਆਂ ਕਰ ਕੇ ਉਨ੍ਹਾਂ ਦਾ ਸੁਰਮਾ ਤਿਆਰ ਕਰ ਲਿਆ ਜਾਂਦਾ ਹੈ ਜਿਸ ਦੀ ਵਰਤੋਂ ਨਾਲ ਅੰਨ੍ਹੇ ਵਿਅਕਤੀ ਦੀ ਨਿਗਾਹ ਵਾਪਸ ਆ ਜਾਂਦੀ ਹੈ।’ ਆਯੁਰਵੇਦ ਦੇ ਕੋਰਸਾਂ ਦੇ ਸਿਲੇਬਸ ਵਿਚ ਇਹੋ ਜਿਹਾ ਕੁਝ ਵੀ ਹੈ। ਪ੍ਰਾਚੀਨ ਗ੍ਰੰਥਾਂ ਦੀ ਹਰ ਗੱਲ ਨੂੰ ਤਰਕਸੰਗਤ ਸਿੱਧ ਕਰਨ ਦੀ ਇਸ ਵਿਧੀ ਨੂੰ ਆਯੁਰਵੇਦ ਦੇ ਵਿਚਾਰਧਾਰਕ ਤੇ ਸਿਆਸੀ ਹਮਾਇਤੀਆਂ ਵੱਲੋਂ ਇਸ ਦੀ ਸ੍ਰੇਸ਼ਠਤਾ ਦਿਖਾਉਣ ਲਈ ਵਰਤਿਆ ਜਾਂਦਾ ਹੈ। ਵਿਗਿਆਨਕ ਵਿਭਾਗ ਵੱਲੋਂ ਫੰਡ ਖਰਚ ਕੇ ਗਊ ਮੂਤਰ ਜਾਂ ਤ੍ਰਿਦੋਸ਼ ਸਿਧਾਂਤ ਜਿਹੇ ਇਨ੍ਹਾਂ ਪਾਠ ਪੁਸਤਕਾਂ ਦੇ ਦਾਅਵਿਆਂ ਦਾ ‘ਵਿਗਿਆਨਕ ਆਧਾਰ’ ਲੱਭਣ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ। ਸਰਕਾਰ ਇਨ੍ਹਾਂ ਪ੍ਰਾਚੀਨ ਚਿਕਿਤਸਾ ਪੱਧਤੀਆਂ ਦੀ ਤਨਕੀਦੀ ਨਿਰਖ ਪਰਖ ਦੇ ਹੱਕ ਵਿਚ ਨਹੀਂ ਹੈ ਸਗੋਂ ਇਹ ਪ੍ਰਾਚੀਨ ਗਿਆਨ ਨੂੰ ਪੁਖਤਾ, ਆਧੁਨਿਕ ਤੇ ਵਿਗਿਆਨਕ ਦਰਸਾਉਣ ਲੱਗੀ ਹੋਈ ਹੈ। ਸਰਕਾਰੀ ਏਜੰਸੀਆਂ ਨੇ ਕੋਵਿਡ-19 ਦੇ ਆਯੁਰਵੈਦਿਕ ਇਲਾਜ ਨੂੰ ਕਾਫ਼ੀ ਉਛਾਲਿਆ ਸੀ ਅਤੇ ਸੱਤਾਧਾਰੀ ਪਾਰਟੀ ਨਾਲ ਜੁੜੇ ਕੁਝ ਵਿਅਕਤੀਆਂ ਦੀਆਂ ਆਯੁਰਵੈਦਿਕ ਕੰਪਨੀਆਂ ਵੱਲੋਂ ਕੀਤੇ ਗਏ ਗ਼ੈਰ-ਵਿਗਿਆਨਕ ਦਾਅਵਿਆਂ ਦੀ ਪ੍ਰੋੜ੍ਹਤਾ ਕੀਤੀ ਸੀ। ਮਨੀਪੁਰ ਦੇ ਇਕ ਪੱਤਰਕਾਰ ਨੇ ਜਦੋਂ ਕੋਵਿਡ ਤੋਂ ਬਚਾਓ ਲਈ ਗਊ ਮੂਤਰ ਦੇ ਅਸਰ ’ਤੇ ਸਵਾਲ ਉਠਾਇਆ ਤਾਂ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ। ਆਯੁਰਵੈਦਿਕ ਦਵਾਈਆਂ ਵਿਚ ਭਾਰੀਆਂ ਧਾਤਾਂ ਦੀ ਮੌਜੂਦਗੀ ਦਾ ਨੋਟਿਸ ਲੈਣ ਦੀ ਬਜਾਏ ਆਯੂਸ਼ ਮੰਤਰਾਲੇ ਨੇ ਐਬੀ ਫਿਲਿਪਸ ’ਤੇ ਪ੍ਰਾਚੀਨ ਚਿਕਿਤਸਾ ਪੱਧਤੀ ਨੂੰ ਬਦਨਾਮ ਕਰਨ ਦਾ ਦੋਸ਼ ਲਾ ਦਿੱਤਾ। ਮੰਤਰਾਲੇ ਤੇ ਆਯੁਰਵੇਦ ਦੇ ਝੰਡਾਬਰਦਾਰ ਹੁਣ ਪਟਵਰਧਨ ਨਾਲ ਵੀ ਇਹੀ ਸਲੂਕ ਕਰ ਸਕਦੇ ਹਨ। ਤਨਕੀਦੀ ਨਿਰਖ ਪਰਖ ਜ਼ਰੂਰੀ ਹੈ। ਆਯੁਰਵੈਦਿਕ ਦਵਾਈਆਂ ਦੇ ਜ਼ਹਿਰੀਲੇ ਮਾਦਿਆਂ, ਸੁਰੱਖਿਆ ਤੇ ਕਾਰਗਰਤਾ ਦੀ ਉਹੀ ਸਖ਼ਤ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਨਵੀਆਂ ਐਲੋਪੈਥਿਕ ਦਵਾਈਆਂ ਲਈ ਹੁੰਦੀ ਹੈ। ਯੋਗ ਪ੍ਰੈਕਟੀਸ਼ਨਰਾਂ ਨੂੰ ਹੀ ਪ੍ਰੈਕਟਿਸ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਅਤੇ ਭਾਰਤੀ ਦਵਾ ਪੱਧਤੀ ਦੇ ਨਿਰਮਾਣਕਾਰਾਂ ਨੂੰ ਨਿਰਮਾਣ, ਗੁਣਵੱਤਾ, ਲੇਬਲਿੰਗ ਤੇ ਮਾਰਕੀਟਿੰਗ ਦੇ ਉਨ੍ਹਾਂ ਨੇਮਾਂ ਅਧੀਨ ਲਿਆਉਣਾ ਚਾਹੀਦਾ ਹੈ ਜੋ ਆਧੁਨਿਕ ਦਵਾਈਆਂ ਲਈ ਲਾਗੂ ਹਨ। ਨਵੀਂ ਸਿੱਖਿਆ ਨੀਤੀ ਨੇ ਭਾਰਤੀ ਦਵਾ ਪੱਧਤੀ ਦੇ ਕੌਮੀ ਕਮਿਸ਼ਨ ਲਈ ਆਯੁਰਵੈਦਿਕ ਕੋਰਸਾਂ ਦੇ ਸਿਲੇਬਸ ਦਾ ਜਾਇਜ਼ਾ ਲੈਣ ਦਾ ਮੌਕਾ ਮੁਹੱਈਆ ਕਰਵਾਇਆ ਹੈ। ਆਯੁਰਵੇਦ ਨੂੰ ਇਸ ਦੀਆਂ ਵਿਚਾਰਧਾਰਕ ਫਹੁੜੀਆਂ ਤੋਂ ਮੁਕਤ ਕਰ ਕੇ ਆਜ਼ਾਦਾਨਾ ਰੂਪ ਵਿਚ ਵਧਣ ਫੁੱਲਣ ਦਾ ਮੌਕਾ ਦੇਣਾ ਚਾਹੀਦਾ ਹੈ।