ਪਰਵੀਨ ਪੁਰੀ
‘‘ਬੰਦੇ ਦੀ ਨਾ, ਇੱਕ ਬੜੀ ਵੱਡੀ ਸਮੱਸਿਆ ਈ ਜਿਸ ਵਿੱਚੋਂ ਉਹ ਨਾ ਸਾਰੀ ਉਮਰ ਬਾਹਰ ਨਹੀਂ ਊਂ ਨਿਕਲ ਸਕਦਾ … ਕਿ ਹੁੰਦਾ ਉਹ ਜਾਗਦਾ ਪਰ ਡਰਾਮਾ ਸੁੱਤੇ ਹੋਣ ਦਾ ਕਰਦਾ ਰਹਿੰਦਾ।’’
ਮੇਰਾ ਚਾਚੇ ਦੀ ਗੱਲ ਵੱਲ ਇਕਦਮ ਧਿਆਨ ਗਿਆ। ਜਦੋਂ ਚਾਚੇ ਨੇ ਜ਼ਿੰਦਗੀ ਦੇ ਕਿਸੇ ਰਹੱਸ ਤੋਂ ਪਰਦਾ ਚੱਕਣਾ ਹੋਵੇ ਜਾਂ ਮੈਨੂੰ ਜ਼ਿੰਦਗੀ ਜਿਊਣ ਲਈ ਕੋਈ ਨੁਕਤਾ ਦੱਸਣਾ ਹੋਵੇ ਤਾਂ ਉਹ ਇੰਝ ਹੀ ਕਰਦਾ।
ਕੱਲ੍ਹ ਰਾਤੀਂ ਵੀ ਉਹ ਆਪਣੇ ਪੰਜਾਂ ਚਾਚਿਆਂ ਤਾਇਆ ਦਾ ਇਹ ਕਹਿ ਕੇ ਇਤਿਹਾਸ ਖੋਲ੍ਹ ਕੇ ਬਹਿ ਗਿਆ ਕਿ ਜਿਹੜਾ ਆਪਣੇ ਪਿਓ ਦੇ ਆਖੇ ਨਹੀਂ ਲੱਗਦਾ ਉਸ ਦਾ ਹਾਲ ਬਹੁਤ ਮਾੜਾ ਹੁੰਦਾ ਏ।
ਉਹ ਦੱਸਦਾ ਰਿਹਾ ਸੀ ਤੇ ਮੈਂ ਸੁਣ-ਸੁਣ ਕੇ ਬੋਰ ਹੁੰਦਾ ਰਿਹਾ ਸੀ। ਇਸ ਤੋਂ ਇੱਕ ਦਿਨ ਪਹਿਲਾਂ ਇਹ ਕਹਿ ਕੇ ਅਮਰੇ ਹੋਣਾ ਦੇ ਪਰਿਵਾਰ ਦਾ ਸਾਰੀ ਉਮਰ ਦਾ ਰੋਣਾ ਪਿੱਟਣਾ ਲੈ ਕੇ ਬੈਠਾ ਰਿਹਾ ਕਿ ‘‘ਜਿਹੜਾ ਪਿਓ ਗਲਤ ਗੱਲਾਂ ਤੋਂ ਆਪਣੇ ਜੁਆਕਾਂ ਨੂੰ ਨਹੀਂ ਕੁੱਟਦਾ, ਵੱਡੇ ਹੋ ਕੇ ਉਹੀ ਜੁਆਕ ਪਿਓ ਦੇ ਗਲ ਵਿੱਚ ਸਾਫਾ ਪਾ ਕੇ ਗਲੀਆਂ ਵਿੱਚ ਧੂੰਹਦੇ ਫਿਰਦੇ ਆ…।’’
ਉਹ ਇਸ ਦੇ ਨਾਲ ਹੀ ਜਿਹੜੇ ਪਿਓ ਗਲਤ ਹੋ ਜਾਂਦੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੀ ਹਾਲ ਹੁੰਦਾ ਉਦਾਹਰਣਾਂ ਦੇ ਦੇ ਕੇ ਦੱਸਦਾ ਰਿਹਾ। ਮੈਂ ਇੱਕ ਦਿਨ ਅੱਕੇ ਨੇ ਪੁੱਛ ਹੀ ਲਿਆ, ‘‘ਚਾਚਾ, ਤੂੰ ਕੀ ਮੇਰੇ ਪਿੱਛੇ ਪਿਆ ਰਹਿੰਦਾ ਏਂ, ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਇਹੋ ਜਿਹੀਆਂ ਗੱਲਾਂ। ਮੈਨੂੰ ਇਹ ਕਿਉਂ ਦੱਸਦਾ ਰਹਿੰਦਾ ਏਂ…? ਆਪਣੇ ਨਿਆਣਿਆਂ ਨੂੰ ਦੱਸ…।’’
‘‘ਕਿਉਂ ਦੱਸਦਾਂ! ਦੱਸਾਂ ਫਿਰ? … …, ਲਾਵਾਂ ਛਿੱਤਰ!’’ ਚਾਚੇ ਨੇ ਆਪਣੇ ਛਿੱਤਰ ਨੂੰ ਹੱਥ ਪਾ ਲਿਆ।
‘‘ਰਹਿਣ ਦੇ, ਰਹਿਣ ਦੇ।’’ ਮੈਂ ਹੱਥ ਜੋੜ ਕੇ ਖੜ੍ਹ ਗਿਆ। ਚਾਚੇ ਨੇ ਛਿੱਤਰ ਲਾਉਣ ਦਾ ਇੰਝ ਹੀ ਡਰਾਵਾ ਦੂਜੇ ਤੀਜੇ ਦਿਨ ਇੰਝ ਦਿੰਦੇ ਰਹਿਣਾ ਜਿਵੇਂ ਹੁਣੇ ਹੀ ਲਾਹ ਲੈਣੇ ਅਤੇ ਦੜੱਮ ਦੜੱਮ ਮਾਰਨੇ ਸ਼ੁਰੂ ਕਰ ਦੇਣੇ ਨੇ। ਇਹ ਸਿਰਫ਼ ਉਹ ਕਹਿੰਦਾ ਹੀ ਹੁੰਦਾ ਸੀ, ਮਾਰਦਾ ਨਹੀਂ ਸੀ। ਮੈਨੂੰ ਇਸ ਗੱਲ ਦੀ ਛੇਤੀ ਹੀ ਸਮਝ ਲੱਗ ਗਈ ਸੀ। ਇਸ ਕਰਕੇ ਮੇਰਾ ਚਾਚੇ ਨਾਲ ਕਿਸੇ ਨਾ ਕਿਸੇ ਗੱਲੋਂ ਇੱਟ ਖੜਿੱਕਾ ਵੀ ਰਹਿਣ ਲੱਗ ਪਿਆ ਸੀ। ਚਾਚੀ ਨੇ ਵਿੱਚ ਆ ਕੇ ਚਾਚੇ ਦੇ ਗਲ ਪੈ ਜਾਣਾ। ਗਲ ਕੀ ਪੈ ਜਾਣਾ, ਗਲੋਂ ਲੱਥਣਾ ਈ ਨਾ… ‘‘ਅੱਗੋਂ ਤੋਂ ਕਹੀਂ ਗੱਲ ਇਹਨੂੰ। ਜੇ ਤਹਾਨੂੰ ਦੋਵਾਂ ਨੂੰ ਘਰੋਂ ਬਾਹਰ ਨਾ ਕੱਢਿਆ ਤਾਂ ਮੈਨੂੰ ਕਹਿਓ।’’
ਅਸਲ ਵਿੱਚ ਨਾ ਚਾਚਾ ਆਪਣੀਆਂ ਮਾਣ ਮਰਿਆਦਾਵਾਂ ਦਾ ਢੰਡੋਰਾ ਪਿਟਣੋਂ ਹਟਦਾ ਅਤੇ ਨਾ ਮੈਂ ਸਿੰਙ ਫਸਾਉਣੋਂ। ਨਾ ਉਹ ਹਟਦਾ, ਨਾ ਮੈਂ ਹਟਦਾ ਅਤੇ ਨਾ ਹੀ ਚਾਚੀ ਹਟਦੀ ਕੁੱਤੇਖਾਣੀ ਕਰਨ ਤੋਂ। ਮੇਰਾ ਅਸਲ ਵਿੱਚ ਇਹ ਸਵਾਲ ਉਠਾਉਣਾ ਬੜਾ ਜਾਇਜ਼ ਸੀ ਕਿ ਮੈਨੂੰ ਸਮਝਾਉਣ ਦੀ ਥਾਂ ਆਪਣੇ ਬੱਚਿਆਂ ਨੂੰ ਸਮਝਾ… ਉਸ ਦਾ ਮੁੰਡਾ ਅਤੇ ਦੋਵੇਂ ਕੁੜੀਆਂ ਮੇਰੇ ਵਾਂਗ ਹੀ ਗੱਲ ਨੂੰ ਸਮਝ ਸਕਦੇ ਅਤੇ ਮੇਰੇ ਵਾਂਗੂ ਹੀ ਕੁਝ ਨਾ ਕੁਝ ਗਲਤ ਕਰਦੇ ਰਹਿੰਦੇ। ਚਾਚੇ ਦੀ ਥਾਂ ਭਾਵੇਂ ਉਨ੍ਹਾਂ ਨੂੰ ਚਾਚੀ ਕੋਲੋਂ ਝਿੜਕਾਂ ਪੈਂਦੀਆਂ ਰਹਿੰਦੀਆਂ ਸਨ ਪਰ ਚਾਚਾ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ ਸੀ …ਇਹ ਮੈਨੂੰ ਬਹੁਤ ਰੜਕਦਾ ਸੀ। ਉਂਝ ਉਹ ਤਿੰਨੇ ਚਾਚੇ ਨੂੰ ਸਮਝਦੇ ਵੀ ਕੁਝ ਨਹੀਂ ਸਨ। ਬਸ ਜੋ ਜਾਣੇ ਚਾਚੀ ਹੀ ਜਾਣੇ ਜਿਸ ਕਰਕੇ ਉਹ ਚਾਚੇ ਦੀ ਥਾਂ ਚਾਚੀ ਦੇ ਹੀ ਮਗਰ ਲੱਗੇ ਰਹਿੰਦੇ ਸਨ। ਚਾਚਾ ਸਿਰਫ਼ ਮੇਰੇ ਨਾਲ ਹੀ ਸਿਰ ਖਪਾਈ ਕਰਨ ਜੋਗਾ ਸੀ ਅਤੇ ਜੇ ਮੈਂ ਚਾਚੇ ਦੇ ਕੋਲ ਰਹਿਣਾ ਸੀ ਤਾਂ ਮੈਨੂੰ ਇਹ ਸਭ ਕੁਝ ਸੁਣਨਾ ਪੈਣਾ ਸੀ। ਇਸ ਕਰਕੇ ਸੁਣਦਾ ਆ ਰਿਹਾ ਸਾਂ ਪਰ ਇਨ੍ਹਾਂ ਗੱਲਾਂ ਦਾ ਮੇਰੇ ’ਤੇ ਕੋਈ ਅਸਰ ਨਹੀਂ ਸੀ। ਮੈਂ ਇੱਕ ਕੰਨ ਥਾਣੀਂ ਸੁਣਦਾ ਤੇ ਦੂਜੇ ਕੰਨ ਥਾਣੀਂ ਕੱਢ ਦਿੰਦਾ।
ਇਸ ਤੋਂ ਵੀ ਤਿੰਨ-ਚਾਰ ਦਿਨ ਪਹਿਲਾਂ ਮੈਨੂੰ ਸੌਣ ਲੱਗਿਆ ਕਹਿੰਦਾ, ‘‘ਜਿਹਨੇ ਮੰਨ ਲਈ ਨਾਨਕ ਦੀ ਗੱਲ, ਉਸ ਦੀ ਇਹ ਵੀ ਹੱਲ ਤੇ ਉਸ ਦੀ ਔਹ ਵੀ ਹੱਲ।’’
‘‘ਕਿਹੜੀ ‘ਇਹ’ ਤੇ ਕਿਹੜੀ ‘ਉਹ’।’’ ਸਹਿਜ ਸੁਭਾਅ ਪੁੱਛ ਬੈਠਾ ਸਾਂ, ਚਾਚੇ ਨੇ ਮੇਰੇ ਕੰਨਾਂ ਨੂੰ ਹੱਥ ਲਵਾ ਦਿੱਤੇ ਗੱਲਾਂ ਦੱਸ ਦੱਸ ਕੇ। ਮੈਂ ਚਾਚੇ ਕੋਲੋਂ ਇਹ ਕਹਿ ਕੇ ਖਹਿੜਾ ਛੁਡਾਵਾਂ ਕਿ ਚਾਚਾ ’ਗਾਂਹ ਨਹੀਂ ਪੁੱਛਦਾ… ਅੱਜ ਸੌਂ ਲੈਣ ਦੇ, ਪਰ ਚਾਚਾ ਕਿੱਥੇ ਟਲੇ। ਕਹਿੰਦਾ, ‘‘ਮੈਂ ਤਾਂ ਹੁਣ ਸਾਰੀ ਗੱਲ ਸਮਝਾ ਕੇ ਹਟੂੰ।’’
ਜਦੋਂ ਪਿੰਡ ਸਾਂ ਤਾਂ ਚਾਚਾ ਬਾਤਾਂ ਸੁਣਾਉਂਦਾ ਹੁੰਦਾ ਸੀ। ਸਾਰੀ ਸਾਰੀ ਰਾਤ ਨਿਕਲ ਜਾਂਦੀ ਸੀ। ਚਾਚਾ ਮਾਸਾ ਬੋਰ ਨਹੀਂ ਸੀ ਕਰਦਾ।
‘‘ਚਾਚਾ! ਉਹ ਰਾਜੇ ਤੇ ਰਾਣੀ ਵਾਲੀ ਬਾਤ ਸੁਣਾ ਦੇ ਹੁਣ।’’ ਇੱਕ ਬਾਤ ਖ਼ਤਮ ਹੁੰਦਿਆਂ ਦੂਜੀ ਦੀ ਸਿਫ਼ਾਰਸ਼ ਕਰ ਦਿੰਦੇ ਸਾਂ… ਜਿਹੜੀ ਪਹਿਲਾਂ ਵੀ ਕਈ ਵਾਰ ਸੁਣੀ ਹੁੰਦੀ ਸੀ। ਲੱਗਦਾ ਹੁੰਦਾ ਸੀ ਕਿ ਸ਼ਾਇਦ ਹੁਣ ਚਾਚਾ ਉਹੀ ਪੁਰਾਣੀ ਰਾਜੇ ਅਤੇ ਰਾਣੀ ਜਾਂ ਪਰੀ ਦੀ ਕਹਾਣੀ ਸੁਣਾਵੇਗਾ ਤਾਂ ਉਨ੍ਹਾਂ ਦੇ ਹਾਲਾਤ ਕੁਝ ਬਦਲ ਗਏ ਹੋਣਗੇ। … ਚਾਚੇ ਨੇ ਜਲਦੀ ਨਾਲ ਕਹਿ ਦੇਣਾ, ‘‘ਚਲੋ ਸੁਣਾ ਦਿੰਦੇ ਆਂ…।’’ ਅਸੀਂ ਫਿਰ ਕੰਨ ਖੜ੍ਹੇ ਕਰ ਲੈਂਦੇ ਸਾਂ। ‘‘…ਇੱਕ ਸੀ ਰਾਜਾ …ਇੱਕ ਸੀ ਰਾਣੀ …ਦੋਵੇਂ ਮਰਗੇ ਖਤਮ ਕਹਾਣੀ…। ਹੁਣ ਤੁਸੀਂ ਸੌਂ ਜਾਓ, ਆਪੋ ਆਪਣੀ ਰਾਣੀ, ਰਾਜੇ ਨੂੰ ਲੈ ਕੇ… ਕੱਲ੍ਹ ਰਾਤ ਤੱਕ।’’ ਅਤੇ ਫਿਰ ਸੱਚੀ …ਘੂਕੀ ਨੀਂਦ ਸੌ ਜਾਂਦੇ … ਸਾਡੇ ਸੁਪਨਿਆਂ ’ਚ ਪਰੀਆਂ ਆਉਂਦੀਆਂ… ਰਾਜੇ ਆਉਂਦੇ… ਰਾਣੀਆਂ ਆਉਂਦੀਆਂ…।
ਪਰ ਅੱਜ ਜਦੋਂ ਚਾਚਾ ਕੋਈ ਗੱਲ ਦੱਸਦਾ ਤਾਂ ਨੀਂਦਾਂ ਉੱਡ ਜਾਂਦੀਆਂ ਨੇ, ਸਾਰੀ ਰਾਤ ਪਾਸੇ ਮਾਰਦਿਆਂ ਦੀ ਲੰਘ ਜਾਂਦੀ ਐ… ਮਾੜੀ ਜਹੀ ਅੱਖ ਲੱਗ ਜਾਂਦੀ ਤਾਂ ਅੱਭੜਵਾਹੇ ਉੱਠ ਖਲੋਂਦਾ… ਜਿਵੇਂ ਸਭ ਕੁਝ ਲੁੱਟਿਆ ਪੁੱਟਿਆ ਗਿਆ ਹੋਵੇ।
ਅੱਜ ਪਹਿਲਾਂ ਤਾਂ ਮੇਰਾ ਜੀਅ ਕੀਤਾ ਕਿ ਮੈਂ ਹੁੰਗਾਰਾ ਭਰ ਕੇ ਦਬਾਦਬ ਪੁੱਛ ਲਵਾਂ ਕਿ ਉਹ ਕਿਹੜੀ ਸਮੱਸਿਆ ਆ… ਚਾਚਾ ਦੱਸ? ਪਰ ਮੈਂ ਚਾਚੇ ਦੀ ਗੱਲ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਵਿਖਾਉਣਾ ਚਾਹੁੰਦਾ ਸੀ ਕਿਉਂਕਿ ਇਹ ਪੈਂਦੀ ਬੜੀ ਮਹਿੰਗੀ ਆ, ਖ਼ਾਸ ਕਰਕੇ ਉਦੋਂ ਜਦੋਂ ਚਾਚੀ ਆਪੇ ਤੋਂ ਬਾਹਰ ਹੋਈ ਹੋਵੇ। ਉਂਝ ਵੀ ਅੱਜ ਤਾਂ ਚਾਚੀ ਦੀ ਸੂਈ ਸਵੇਰ ਦੀ ਹੀ ਪਿੰਡ ਵਾਲਿਆਂ ’ਤੇ ਅੜੀ ਹੋਈ ਸੀ। ਚਾਚੀ ਦੀ ਆਦਤ ਐ ਉਹ ਅਗਲੀਆਂ ਪਿਛਲੀਆਂ ਸਾਰੀਆਂ ਠਾਹ-ਠਾਹ ਕਰਦੀ ਮਾਰਦੀ ਆ, ਚਾਚੀ ਉਹ ਗੱਲਾਂ ਵੀ ਕਰ ਜਾਂਦੀ ਐ ਜਿਹੜੀਆਂ ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦੀਆਂ। ਇੱਕ ਵਾਰ ਛਿੜ ਜਾਵੇ ਤਾਂ ਜਿੰਨਾ ਚਿਰ ਇੱਕ ਇੱਕ ਸੁਣਾ ਨਾ ਦੇਵੇ ਉਸ ਨੂੰ ਚੈਨ ਨਹੀਂ ਆਉਂਦਾ, ਪਤਾ ਨਹੀਂ ਇੱਕ ਇੱਕ ਕਰਕੇ ਸਾਰੀਆਂ ਚੇਤੇ ਕਿਵੇਂ ਆਉਣ ਲੱਗ ਪੈਂਦੀਆਂ ਨੇ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸ ਨੂੰ ਕੀ ਕੀ ਖੁਆਇਆ ਵੀ ਲੱਗਦੇ ਹੱਥ ਇਹ ਕਹਿ ਕੇ ਦੱਸ ਜਾਂਦੀ ਕਿ ਇੰਨਾ ਕੁਝ ਮੈਂ ਸਵੇਰ ਦਾ ਇਨ੍ਹਾਂ ਦੇ ਢਿੱਡ ਵਿੱਚ ਪਾ ਦਿੱਤਾ, ਫਿਰ ਵੀ ਕੋਈ ਮੇਰੀ ਕਦਰ ਨਹੀਂ ਕਰਦਾ। ਮੈਂ ਚਾਚੀ ਦੀ ਯਾਦ ਸ਼ਕਤੀ ਤੋਂ ਹੈਰਾਨ ਹੁੰਦਾ ਰਹਿੰਦਾ। ਮੈਂ ਜਦੋਂ ਨਵਾਂ ਨਵਾਂ ਆਇਆ ਸਾਂ ਤਾਂ ਮੈਨੂੰ ਲੱਗਦਾ ਸੀ ਕਿ ਚਾਚੀ ਜਾਣਬੁੱਝ ਕੇ ਮੈਨੂੰ ਸੁਣਾਉਣ ਲਈ ਕਰਦੀ ਐ, ਪਰ ਇਹ ਚਾਚੀ ਦੀ ਨਿੱਤ ਦੀ ਆਦਤ ਸੀ। ਪਿੰਡ ਵਾਲਿਆਂ ਦੀਆਂ ਬਹੁਤੀਆਂ ਗੱਲਾਂ ਮੈਨੂੰ ਵੀ ਚੰਗੀਆਂ ਨਹੀਂ ਸੀ ਲੱਗਦੀਆਂ। ਇਸ ਕਰਕੇ ਮੈਂ ਚਾਚੇ ਨਾਲੋਂ ਚਾਚੀ ਦੀ ਹਾਂ ਵਿੱਚ ਹਾਂ ਜ਼ਿਆਦਾ ਮਿਲਾਉਂਦਾ ਅਤੇ ਕਈ ਵਾਰ ਬਲਦੀ ’ਤੇ ਤੇਲ ਪਾਉਣ ਵਾਂਗ ਮੈਂ ਹੋਈ ਬੀਤੀ ਇੱਕ ਅੱਧੀ ਗੱਲ ਵੀ ਚੇਤੇ ਕਰਵਾ ਦਿੰਦਾ ਤਾਂ ਚਾਚੀ ਫਿਰ ਸ਼ੁਰੂ ਹੋ ਜਾਂਦੀ। ਮਾਹੌਲ ਅੱਜ ਚਾਚੇ ਦੇ ਹੱਕ ਵਿੱਚ ਨਹੀਂ ਸੀ। ਇਸ ਕਰਕੇ ਮੈਂ ਕੋਈ ਹੂੰ ਹਾਂ ਨਾ ਕੀਤੀ ਤੇ ਪੂਰੀ ਤਰ੍ਹਾਂ ਚੁੱਪ ਵੱਟ ਛੱਡੀ।
‘‘ਬੰਦਾ ਨਾ, ਹੁੰਦਾ ਜਾਗਦਾ ਪਰ ਡਰਾਮਾ ਸਾਰੀ ਉਮਰ ਸੁੱਤੇ ਹੋਣ ਦਾ ਕਰਦਾ ਰਹਿੰਦਾ, ਹੈਂ ਕਿ ਨਹੀਂ… ਤੇਰੇ ਵਾਂਗ… ਤੂੰ ਹੁਣ ਹੈਂ ਜਾਗਦਾ, ਡਰਾਮਾ ਸੁੱਤੇ ਹੋਣ ਦਾ ਕਰ ਰਿਹੈ… ਤੇ ਤੇਰੇ ਪਿਓ ਦਾ ਵੀ ਇਹੋ ਹਾਲ ਰਿਹਾ ਸਾਰੀ ਉਮਰ, ਹੁੰਦਾ ਸੁੱਤਾ ਤੇ ਡਰਾਮੇ ਜਾਗਦੇ ਹੋਣ ਦੇ… ਜੇ ਜ਼ਿੰਦਗੀ ਦੀ ਸਮਝ ਪਾਉਣੀ ਤਾਂ ਇੰਝ ਨਹੀਂ ਚਲਦਾ, ਜੇ ਜ਼ਿੰਦਗੀ ਢੋਹਣੀ ਖੋਤਿਆਂ ਵਾਂਗ ਤਾਂ ਠੀਕ… ਪਿਓ ਤੇਰਾ ਦੱਸ ਕੀ ਕਰਦਾ ਆ ਰਿਹਾ… ਦੱਸ??’’ ਚਾਚਾ ਗੱਲ ਭਉਂ ਭੁਆ ਕੇ ਮੇਰੇ ਪਾਪੇ ਵੱਲ ਲੈ ਕੇ ਜਾਣੀ ਚਾਹੁੰਦਾ ਸੀ। ਮੈਨੂੰ ਖਟਕ ਗਈ ਸੀ। ਅਸਲ ਵਿੱਚ ਹੁਣ ਲੈ ਦੇ ਕੇ ਚਾਚੇ ਨਾਲ ਵਾਹ ਵਾਸਤਾ ਜੇ ਕੋਈ ਰੱਖਦਾ ਸੀ ਤਾਂ ਮੇਰਾ ਪਾਪਾ ਹੀ ਰੱਖਦਾ ਸੀ। ਬਾਕੀ ਸਭ ਜਿਵੇਂ ਆਪੋ ਆਪਣੇ ਟਿਕਾਣੇ ’ਤੇ ਲੱਗੇ ਉਸ ਨਾਲੋਂ ਤੋੜ ਵਿਛੋੜਾ ਕਰ ਚੁੱਕੇ ਸਨ। ਬਸ ਕਿਸੇ ਵਿਆਹ ਸਮਾਗਮ ’ਤੇ ਟਕਰਦੇ, ਹਾਲ ਚਾਲ ਪੁੱਛ ਲੈਂਦੇ… ਤੇ ਫਿਰ ਕਈ ਮਹੀਨੇ, ਸਾਲ ਲੰਘ ਜਾਂਦੇ… ਚਾਚਾ ਕਈ ਵਾਰ ਭੁੱਬੀਂ ਰੋਂਦਾ ਕਿ ਮੈਂ ਇਨ੍ਹਾਂ ਲਈ ਹੋਇਆ ਮਰਦਾ ਰਿਹਾ… ਜਿੰਨਾ ਚਿਰ ਪਿੰਡ ਰਿਹਾ… ਪਿੰਡੋਂ ਆਉਣ ਲੱਗਿਆਂ ਕਿਸੇ ਨੇ ਦੁਆਨੀ ਮੇਰੀ ਜੇਬ ’ਚ ਨਹੀਂ ਪਾਈ… ਕਿਸੇ ਮੇਰੀ ਬਾਂਹ ਨਹੀਂ ਫੜੀ… ਉਸ ਨੂੰ ਪਤਾ ਸੀ ਕਿ ਚਾਚੀ ਜੋ ਕਲਪਦੀ ਆ ਸਹੀ ਕਲਪਦੀ, ਇਸ ਕਰਕੇ ਉਹ ਉਸ ਨੂੰ ਘੱਟ ਹੀ ਟੋਕਦਾ। ਸ਼ਹਿਰ ਆ ਕੇ ਚਾਚੇ ਵੱਲੋਂ ਜੋ ਕੀਤਾ ਸੀ ਆਪਣੇ ਸਿਰ ’ਤੇ ਕੀਤਾ ਸੀ ਪਰ… ਭਰਾਵਾਂ ਤੋਂ ਉਹ ਚਾਹ ਕੇ ਵੀ ਦੂਰ ਨਹੀਂ ਸੀ। ਭਾਵੇਂ ਅੱਜ ਕੋਈ ਕਿਤੇ ਸੀ ਤੇ ਕੋਈ ਕਿਤੇ…।
ਚਾਚਾ ਬੋਲੀ ਜਾ ਰਿਹਾ ਸੀ। ਮੈਂ ਕੋਲ ਲੰਮੇ ਪਏ ਨੇ ਘੇਸ ਵੱਟ ਹੋਈ ਸੀ। ਮੈਨੂੰ ਪਤਾ ਸੀ ਕਿ ਜੇ ਮੈਂ ਇੱਕ ਵਾਰ ਚਾਚੇ ਦੀ ਗੱਲ ਵਿੱਚ ਮਾੜੀ ਜਿਹੀ ਵੀ ਹਾਮੀ ਭਰ ਦਿੱਤੀ ਤਾਂ ਫਿਰ ਪਤਾ ਨਹੀਂ ਗੱਲ ਕਿੱਥੋਂ ਤੱਕ ਜਾਣੀ ਆ। ਕੋਈ ਪਤਾ ਨਹੀਂ ਸਾਰੀ ਰਾਤ ਗੱਲਾਂ ਕਰਦਿਆਂ ਦੀ ਨਿਕਲ ਜਾਂਦੀ। ਮੈਂ ਸਵੇਰੇ ਸੁਵਖਤੇ ਯੂਨੀਵਰਸਿਟੀ ਜਾਣਾ ਸੀ। ਇਸ ਕਰਕੇ ਘੇਸ ਵੱਟੀ ਰੱਖਣੀ ਹੀ ਸਹੀ ਸਮਝੀ। ਮੈਂ ਘੇਸ ਵੱਟੀ ਰੱਖੀ, ਚਾਚਾ ਬੋਲਦਾ ਰਿਹਾ…। ਫੇਰ ਮੈਨੂੰ ਨਹੀਂ ਪਤਾ ਚਾਚਾ ਅੱਗੋਂ ਕੀ ਕਹਿੰਦਾ ਰਿਹਾ… ਮੇਰੀ ਸੱਚੀਂ ਅੱਖ ਲੱਗ ਗਈ ਤੇ ਮੈਂ ਸੌਂ ਗਿਆ।
ਸਵੇਰੇ ਉੱਠਿਆ ਤਾਂ ਚਾਚਾ ਮੇਰੇ ਤੋਂ ਪਹਿਲਾਂ ਹੀ ਉੱਠ ਕੇ ਆਪਣੇ ਦਫ਼ਤਰ ਚਲਾ ਗਿਆ ਸੀ।
ਮੇਰੇ ਦਿਮਾਗ਼ ਵਿੱਚ ਸਾਰਾ ਦਿਨ ਚਾਚੇ ਦੀ ਸੁੱਤੇ ਜਾਗਦੇ ਵਾਲੀ ਗੱਲ ਘੁੰਮਦੀ ਰਹੀ…। ਮੈਨੂੰ ਕੁਝ ਕੁਝ ਤਾਂ ਸਮਝ ਆਈ ਪਰ ਬਹੁਤੀ ਸਿਰ ਤੋਂ ਹੀ ਨਿਕਲ ਗਈ ਸੀ। ਮੈਂ ਰਾਤ ਪੈਣ ਦਾ ਇੰਤਜ਼ਾਰ ਕਰਨ ਲੱਗਿਆ।
ਮੈਂ ਉਦੋਂ ਚਾਚੇ ਕੋਲ ਸ਼ਹਿਰ ਜੋ ਰਹਿੰਦਾ ਸਾਂ। ਪਿੰਡ ਘੱਟ ਵੱਧ ਹੀ ਜਾਂਦਾ ਸਾਂ। ਉਂਜ ਵੀ ਮੈਨੂੰ ਪਿੰਡ ਜਾਣ ਦੀ ਬਹੁਤੀ ਕਾਹਲ ਨਹੀਂ ਸੀ ਹੁੰਦੀ। ਜਦੋਂ ਦਾ ਸ਼ਹਿਰ ਰਹਿਣ ਲੱਗਾ ਪਿੰਡ ਨਾਲੋਂ ਸ਼ਹਿਰ ਵਿੱਚ ਹੀ ਜ਼ਿਆਦਾ ਜੀਅ ਲੱਗਦਾ। ਮੈਂ ਪਿੰਡ ਚਾਚੇ ਤਾਇਆਂ ਵਿੱਚ ਛਿੜੀ ਲੈਣ ਦੇਣ ਦੀ ਲੜਾਈ ਦਾ ਹਿੱਸਾ ਵੀ ਨਹੀਂ ਬਣਨਾ ਚਾਹੁੰਦਾ, ਪਿੰਡ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਘਰ ਵਿੱਚ ਕਲੇਸ਼ ਪਿਆ ਰਹਿੰਦਾ। ਚਾਚੇ ਨੂੰ ਆ ਕੇ ਮੈਂ ਸਭ ਦੱਸਦਾ। ਚਾਚਾ ਵਿਹੁ ਘੋਲ ਕੇ ਰਹਿ ਜਾਂਦਾ। ਫਲਾਣੇ ਨੇ ਆਹ ਲਿਲ ਲਿਆ ਈ, ਫਲਾਣੇ ਫਲਾਣੀ ਚੀਜ਼ ਦੀ ਮੱਲ ਮਾਰ ਲਈ… ਵਗੈਰਾ ਵਗੈਰਾ। ਪਹਿਲਾਂ ਪੰਜਾਂ ਭਰਾਵਾਂ ਦੀ ਇੱਕ ਗੱਲ ਸੀ। ਜੇ ਕਿਸੇ ਇੱਕ ਦੇ ਝਗੜੇ ਦੀ ਗੱਲ ਹੁੰਦੀ ਤਾਂ ਅਲੀ ਅਲੀ ਕਰਕੇ ਸਾਰੇ ਦੂਜੇ ਦੇ ਗਲ ਪੈਣ ਤੱਕ ਜਾਂਦੇ। ਪਿੰਡ ਵਿੱਚ ਛੇਤੀ ਕੀਤਿਆਂ ਕਿਸੇ ਦੀ ਉਨ੍ਹਾਂ ਨਾਲ ਲੜਨ ਦੀ ਹਿੰਮਤ ਨਾ ਪੈਂਦੀ।
ਮੈਨੂੰ ਪਤਾ ਏ ਚਾਚਾ ਜਿੰਨਾ ਚਿਰ ਪਿੰਡ ਰਿਹਾ ਓਨਾ ਚਿਰ ਪੰਜਾਂ ਭਰਾਵਾਂ ਵਿੱਚੋਂ ਕਦੇ ਕਿਸੇ ਦੀ ਗੱਲ ਨਹੀਂ ਸੀ ਕੱਟੀ। ਸਭ ਇੱਕ ਦੂਜੇ ਤੋਂ ਵਧ ਕੇ ਉੱਚੇ ਲੰਮੇ ਸੱਜਦੇ ਫੱਬਦੇ ਹੋਣ ਕਰਕੇ ਜਿੱਥੇ ਬੈਠਦੇ ਉੱਥੇ ਹੀ ਢਾਣੀ ਲੱਗ ਜਾਂਦੀ। ਇੱਕ ਦੂਜੇ ਦੇ ਵਧ ਰਹੇ ਜਾਂ ਘਟ ਰਹੇ ਕੰਮਾਂ-ਕਾਰਾਂ ਦੀਆਂ ਗੱਲਾਂ ਕਰਦੇ। ਕੰਮਾਂ ਨੂੰ ਹੋਰ ਵਧਾਉਣ ਲਈ ਸਿਰ ਜੋੜ ਕੇ ਇੱਕ ਦੂਜੇ ਨੂੰ ਸਲਾਹਾਂ ਦਿੰਦੇ। ਇੱਕ ਦੂਜੇ ਦੇ ਸਾਹੀਂ ਜਿਊਂਦੇ। ਉਹ ਸ਼ੁਰੂਆਤੀ ਦਿਨਾਂ ਵਿੱਚ ਹੀ ਆਪੋ ਆਪਣੇ ਕੰਮ ਨੂੰ ਕਿਤੇ ਦੇ ਕਿਤੇ ਲੈ ਗਏ।
ਮੈਨੂੰ ਉਹ ਦਿਨ ਚੇਤੇ ਕਰਕੇ ਬੜਾ ਆਨੰਦ ਆਉਂਦਾ ਜਦੋਂ ਸਾਡੀ ਦਾਦੀ ਜਿਸ ਨੂੰ ਅਸੀਂ ਸਾਰੇ ਭਾਬੀ ਭਾਬੀ ਕਹਿੰਦੇ ਨਹੀਂ ਥੱਕਦੇ ਸਾਂ ਸਾਰਿਆਂ ਨੂੰ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਇੱਕ ਪੀਪਾ ਅਲਸੀ ਦੀਆਂ ਪਿੰਨੀਆਂ ਬਣਾ ਕੇ ਆਪੋ ਆਪਣੇ ਕਮਰਿਆਂ ਵਿੱਚ ਲੈ ਕੇ ਜਾਣ ਲਈ ਕਹਿੰਦੀ। ਇਸੇ ਤਰ੍ਹਾਂ ਉਹ ਸਾਲ ਵਿੱਚ ਇੱਕ ਦੋ ਵਾਰ ਦੇਸੀ ਘਿਓ ਦੀਆਂ ਸੇਵੀਆਂ, ਮੱਠੀਆਂ, ਸ਼ੱਕਰਪਾਰੇ ਬਣਾ ਕੇ ਦਿੰਦੀ। ਲੋਹ ’ਤੇ ਸਾਰੇ ਟੱਬਰ ਦੀਆਂ ਰੋਟੀਆਂ ਲੱਥਦੀਆਂ, ਇੱਕੋ ਕੜਾਹੀ ਵਿੱਚ ਦਾਲ ਰਿੱਝਦੀ ਰਹਿੰਦੀ… ਸਾਫ਼ ਸੁਥਰੇ ਚੌਂਕੇ ਦੇ ਚੁੱਲ੍ਹੇ ਵਿੱਚ ਚਾਹ ਦੀ ਪਤੀਲੀ ਵਿੱਚ ਪਾਣੀ ਰਿਝਦਾ ਰਹਿੰਦਾ ਕਿ ਪਤਾ ਨਹੀਂ ਕਦੋਂ ਕੋਈ ਪ੍ਰਾਹੁਣਾ ਆ ਜਾਣਾ, ਗੜਵੀ ਭਰ ਕੇ ਚਾਹ ਦੀ ਤੇ ਨਾਲ ਪਿੱਤਲ ਦਾ ਗਲਾਸ ਦੇ ਦੇਣਾ। ਜਿਸ ਵਿੱਚੋਂ ਥੋੜ੍ਹੀ ਥੋੜ੍ਹੀ ਚਾਹ ਪਾ ਕੇ ਮੈਂ ਘਰ ਆਏ ਪ੍ਰਾਹੁਣਿਆਂ ਨੂੰ ਪੀਂਦੇ ਵੇਖਦਾ ਰਹਿੰਦਾ ਸਾਂ, ਕਿਵੇਂ ਉਹ ਗਲਾਸ ਨੂੰ ਕੱਪੜੇ ਵਿੱਚ ਲਪੇਟ ਕੇ ਪੀਂਦੇ ਰਹਿੰਦੇ ਸਨ ਅਤੇ ਨਾਲ ਗੱਲਾਂ ਦੀ ਲੜੀ ਨਹੀਂ ਸੀ ਟੁੱਟਣ ਦਿੰਦੇ।
ਭਾਈਆ ਜਦੋਂ ਸ਼ਹਿਰੋਂ ਆਉਂਦਾ ਇੱਕ ਵੱਢਿਓਂ ਸਾਰਿਆਂ ਲਈ ਵੰਨ-ਸੁਵੰਨੇ ਕੁੜਤੇ ਪਜਾਮਿਆਂ ਦੇ ਗਰਮੀ ਸਰਦੀ ਅਨੁਸਾਰ ਕੱਪੜੇ ਪੜਵਾ ਲਿਆਉਂਦਾ। ਜੇ ਅੰਬ ਲਿਆਉਂਦਾ ਤਿੰਨ ਚਾਰ ਟੋਕਰੀਆਂ ਇਕੱਠੀਆਂ ਲੈ ਆਉਂਦਾ, ਜੇ ਅਮਰੂਦ ਤਾਂ ਅਮਰੂਦਾਂ ਦੀਆਂ, ਜੇ ਅੰਗੂਰ ਤਾਂ ਅੰਗੂਰਾਂ ਦੀਆਂ। ਸ਼ਹਿਰ ਗਏ ਭਾਈਏ ਦੀ ਉਡੀਕ ਸਾਨੂੰ ਵੱਧ ਹੁੰਦੀ ਸੀ। ਭਾਈਆ ਮੱਝਾਂ ਗਾਵਾਂ ਦਾ ਵਪਾਰ ਕਰਦਾ ਸੀ। ਚਾਚਾ ਹੀ ਭਾਈਏ ਨਾਲ ਸ਼ਹਿਰ ਆਉਣ ਤੱਕ ਮਦਦ ਕਰਦਾ ਰਿਹਾ। ਬਾਕੀਆਂ ਨੂੰ ਭਾਈਏ ਨੇ ਵਿਆਹ ਦੇ ਨਾਲ ਕਿਸੇ ਨਾ ਕਿਸੇ ਕਾਰੋਬਾਰ ਵਿੱਚ ਦੇ ਲੈ ਕੇ ਵੱਖਰਾ ਕੀਤਾ ਹੋਇਆ ਸੀ। ਕੋਈ ਇੱਕ ਦੂਜੇ ਵੱਲ ਨਹੀਂ ਸੀ ਝਾਕਦਾ। ਬਸ ਚਾਚਾ ਹੀ ਭਾਈਏ ਦੇ ਖਾਤੇ ਸੀ। ਚਾਚਾ ਹਰ ਲੋੜ ਲਈ ਭਾਈਏ ਅੱਗੇ ਹੱਥ ਅੱਡਦਾ। ਦੂਸਰਾ ਕੋਈ ਵੀ ਉਸ ਨੂੰ ਨਿਆਂ ਨਹੀਂ ਸੀ ਦਿੰਦਾ। ਉਂਜ ਕੰਮਕਾਰ ਲਈ ਸਾਰੇ ਉਸ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਤੇ ਭੱਜ ਭੱਜ ਕੇ ਇਹ ਕੰਮ ਕਰਦਾ ਰਹਿੰਦਾ ਸੀ ਕਿ ਵੱਡੇ ਭਾਅ ਨੇ ਕਿਹਾ। ਉਹ ਆਪਣੇ ਸਾਰੇ ਭਰਾਵਾਂ ਦਾ ਪਹਿਲਾਂ ਨਾਂ ਲੈਂਦਾ ਤੇ ਨਾਲ ਭਾਅ ਜੋੜ ਦਾ। ਪਾਪੇ ਨੂੰ ਉਹ ਹਮੇਸ਼ਾ ਸਰਵਨ ਭਾਅ ਕਹਿੰਦਾ ਰਹਿੰਦਾ ਸੀ।
ਜੇ ਏਡੇ ਵੱਡੇ ਟੱਬਰ ਵਿੱਚ ਕਿਤੇ ਕੋਈ ਵਾਧਾ ਘਾਟਾ ਹੋ ਵੀ ਜਾਂਦਾ ਤਾਂ ਉਸ ਨੂੰ ਭਾਬੀ ਦੀ ਤੱਕੜੀ ਬਰਾਬਰ ਕਰ ਦਿੰਦੀ। ਫਿਰ ਵੀ ਜੇ ਕੋਈ ਚੁੱਕਿਆ ਚੁਕਾਇਆ ਗੱਲ ਕਰਨ ਦੀ ਹਿੰਮਤ ਕਰਦਾ ਤਾਂ ਭਾਈਏ ਦੇ ਹੁੱਕੇ ਦੀ ਨਾੜੀ ਦਾ ਇੰਨਾ ਡਰ ਹੁੰਦਾ ਸੀ ਕਿ ‘‘ਅੱਛਾ ਭਾਈਆ ਜੀ’’ ਤੋਂ ਵੱਧ ਕਿਸੇ ਦੀ ਕੀ ਮਜਾਲ ਕਿ ਭਾਈਏ ਹੋਰਾਂ ਦੀ ਗੱਲ ਕੱਟ ਜਾਵੇ। ਉਨ੍ਹਾਂ ਸਾਰੇ ਪਰਿਵਾਰ ਨੂੰ ਇੱਕਮੁੱਠ ਕਰ ਕੇ ਰੱਖਿਆ ਹੋਇਆ ਸੀ। ਵਧਦੇ ਫੁੱਲਦੇ ਪਰਿਵਾਰ ਨੂੰ ਅੱਗੇ ਤੇ ਹੋਰ ਅੱਗੇ ਵਧਦੇ ਵੇਖ ਕੇ ਉਹ ਫੁੱਲੇ ਨਾ ਸਮਾਉਂਦੇ। ਭਾਬੀ ਹਫ਼ਤੇ ਵਿੱਚ ਇੱਕ ਦੋ ਵਾਰ ਸਾਰਿਆਂ ਤੋਂ ਮਿਰਚਾਂ ਵਾਰ ਕੇ ਚੁੱਲ੍ਹੇ ਵਿੱਚ ਪਾਉਂਦੀ ਰਹਿੰਦੀ। ਖ਼ੁਸ਼ੀਆਂ ਵਿਹੜੇ ਵਿੱਚ ਨੱਚਦੀਆਂ ਫਿਰਦੀਆਂ ਰਹਿੰਦੀਆਂ। ਜਦੋਂ ਕਿਤੇ ਘਰ ਵਿੱਚ ਕੋਈ ਆਇਆ-ਗਿਆ ਹੁੰਦਾ ਤਾਂ ਘਰ ਦੀਆਂ ਖ਼ੁਸ਼ੀਆਂ ਦੂਣ ਸਵਾਈਆਂ ਹੁੰਦੀਆਂ ਰਹਿੰਦੀਆਂ। ਭਾਈਆ ਅਜੇ ਵੀ ਦੂਜੇ ਤੀਜੇ ਦਿਨ ਹੁੱਕੇ ਵਾਲੀ ਨਾੜੀ ਦੇ ਨਾਲ ਕਿਸੇ ਨਾ ਕਿਸੇ ਦੇ ਕਿਸੇ ਗੱਲੋਂ ਪਾਸੇ ਸੇਕਦਾ ਰਹਿੰਦਾ ਸੀ। ਭਾਬੀ ਪੇਕਿਆਂ ਦੇ ਨਾਲ ਨਾਲ ਸਹੁਰਿਆਂ ਦੀਆਂ ਸਾਕ ਸਕੀਰੀਆਂ ਵਿੱਚ ਦੇਣ ਲੈਣ ਦਾ ਪੂਰਾ ਹਿਸਾਬ ਰੱਖਦੀ। ਸਾਰੇ ਕਹਿੰਦੇ, ‘‘ਭਾਬੀ ਕੋਲ ਜਿਹੜੀ ਤੱਕੜੀ ਆ ਨਾ, ਉਹ ਨਾ ਤੋਲੇ ਘੱਟ ਤੇ ਨਾ ਤੋਲੇ ਵੱਧ।’’ ਦਿਨ ਤਿਹਾਰ ’ਤੇ ਕੀ ਛੋਟਾ ਕੀ ਵੱਡਾ ਭਾਬੀ ਨੇ ਕਿਸੇ ਨੂੰ ਨਾਰਾਜ਼ ਨਹੀਂ ਸੀ ਹੋਣ ਦਿੱਤਾ। ਸਾਰੇ ਰਿਸ਼ਤੇਦਾਰਾਂ ਵਿੱਚ ਭਾਬੀ ਕਰਕੇ ਸਾਰਿਆਂ ਦਾ ਬੜਾ ਮਾਣ ਸਤਿਕਾਰ ਹੁੰਦਾ ਸੀ। ਭਾਬੀ ਨੇ ਸਾਰੇ ਖਾਨਦਾਨ ਦਾ ਅਜਿਹਾ ਸੰਤੁਲਨ ਬਣਾ ਕੇ ਰੱਖਿਆ ਹੁੰਦਾ ਸੀ ਕਿ ਉਸ ਵੱਲ ਵੇਖ ਕੇ ਬਾਕੀ ਵੀ ਨਕਲ ਕਰਨ ਦੀ ਕੋਸ਼ਿਸ਼ ਕਰਦੇ। ਜੇ ਕਿਸੇ ਦੇ ਘਰ ਕੋਈ ਗੱਲ ਹੁੰਦੀ ਤਾਂ ਆਪ ਅੰਦਰ ਜਾ ਕੇ ਸਮਝਾ ਆਉਂਦੀ। ਭਾਬੀ ਬੜੀ ਛੇਤੀ ਭਰੇ ਭਰਾਏ ਘਰ ਨੂੰ ਛੱਡ ਕੇ ਤੁਰ ਗਈ। ਸਾਲ ਕੁ ਬਾਅਦ ਭਾਈਆ ਵੀ ਤੁਰ ਗਿਆ। ਦੋਵਾਂ ਦੇ ਤੁਰ ਜਾਣ ਤੋਂ ਬਾਅਦ ਕਈ ਸਾਲ ਉਸ ਘਰ ਵਿੱਚ ਹੀ ਰਹਿੰਦੇ ਰਹੇ। ਕਈ ਸਾਲ ਸਾਰੇ ਰਲ ਕੇ ਦੋਵਾਂ ਦੇ ਸ਼ਰਾਧ ਕਰਦੇ ਰਹੇ। ਰੱਬ ਵੱਲੋਂ ਉਨ੍ਹਾਂ ’ਤੇ ਮਿਹਰਾਂ ਦੀਆਂ ਬਖਸ਼ਿਸ਼ਾਂ ਹੁੰਦੀਆਂ। ਭਾਈਏ ਅਤੇ ਭਾਬੀ ਦੀਆਂ ਵਾਹੀਆਂ ਹੋਈਆਂ ਲਛਮਣ ਰੇਖਾਵਾਂ ਕੋਈ ਵੀ ਨਾ ਉਲੰਘਦਾ। ਅਤਿਵਾਦ ਦੇ ਦੌਰ ਨੇ ਸਾਰਿਆਂ ਨੂੰ ਵਿੰਨ੍ਹ ਕੇ ਰੱਖ ਦਿੱਤਾ। ਅਤਿਵਾਦ ਦੇ ਸ਼ੁਰੂਆਤੀ ਦਿਨਾਂ ਵਿੱਚ ਸਾਰੀ ਰਾਤ ਮੰਜੇ ਜੋੜ ਕੇ ਸਲਾਹਾਂ ਕਰਦੇ ਕਿ ਹੁਣ ਕੀ ਕਰੀਏ? ਗੱਲ ਕਿਸੇ ਸਿਰੇ ਨਾ ਚੜ੍ਹਦੀ। ਡਰਦਿਆਂ ਦੀ ਰਾਤ ਨਿਕਲ ਜਾਂਦੀ, ਦਹਿਸ਼ਤ ਵਿੱਚ ਦਿਨ ਨਿਕਲ ਜਾਂਦਾ। ਸਭ ਆਪੋ ਆਪਣੇ ਕੰਮ ਲੱਗ ਜਾਂਦੇ। ਕਿਸੇ ਦੀ ਹਿੰਮਤ ਨਾ ਪੈਂਦੀ ਕੰਮਕਾਰ ਛੱਡ ਪਿੰਡੋਂ ਨਿਕਲਣ ਦੀ ਪਰ ਇੱਕ ਤੋਂ ਬਾਅਦ ਇੱਕ ਵਾਪਰੀਆਂ ਕੁਝ ਘਟਨਾਵਾਂ ਕਰਕੇ ਮੇਰੇ ਪਾਪੇ ਨੂੰ ਛੱਡ ਕੇ ਬਾਕੀ ਸਭ ਇੱਕ ਇੱਕ ਕਰਕੇ ਪਿੰਡੋਂ ਨਿਕਲ ਆਏ।
ਚਾਚਾ ਪਾਪੇ ’ਤੇ ਖਿੱਝਦਾ ਰਹਿੰਦਾ। ਕਹਿੰਦਾ ਕਿ ‘‘ਇਹ ਬੜਾ ਸਿਆਣਾ ਬਣਿਆ ਫਿਰਦੈ। ਪਹਿਲਾਂ ਵੱਡੇ ਨੂੰ ਦਸਾਂ ਤੋਂ ਅੱਗੇ ਪੜ੍ਹਨ ਨਹੀਂ ਦਿੱਤਾ, ਆਪਣੇ ਨਾਲ ਕੰਮ ਵਿੱਚ ਲਾ ਲਿਆ ਅਤੇ ਫਿਰ ਕੁੜੀਆਂ ਨੂੰ ਪੜ੍ਹਾਉਣ ਦੀ ਥਾਂ ਵਿਆਹ ਕੇ ਗਲੋਂ ਲਾਹ ਦਿੱਤਾ, ਉਨ੍ਹਾਂ ਦਾ ਭਵਿੱਖ ਤਬਾਹ ਕਰ ਕੇ ਰੱਖ ਦਿੱਤਾ। ਹੁਣ ਉਹ ਤੇਰੇ ਮਗਰ ਪਿਆ ਕਿ ਇਹਨੇ ਪੜ੍ਹ ਕੇ ਕੀ ਕਰ ਲੈਣਾ ਏ। ਬਾਰਾਂ ਕਰਾਤੀਆਂ ਹੁਣ ਆਪਣੇ ਕੰਮਕਾਰ ਲੱਗੇ ਤੇ ਫਿਰ ਵਿਆਹੀਏ ਤੇ ਅਸੀਂ ਫਾਰਗ ਹੋਈਏ। ਉਹ ਨਾ ਪੈਸੇ ਬਚਾਉਣ ’ਤੇ ਲੱਗਾ ਏ। ਜਿੱਥੇ ਪੈਸੇ ਲਾਉਣ ਦੀ ਲੋੜ ਐ ਉੱਥੇ ਨਹੀਂ ਲਾ ਰਿਹਾ। ਪੁੱਠੀਆਂ ਮੱਤਾਂ ਦੇ ਰਿਹਾ ਏ। ਭਾਈਏ ਅਤੇ ਭਾਬੀ ਦੀ ਗੱਲਾਂ ਭੁੱਲ ਕੇ ਹੋਰ ਪਾਸੇ ਚੱਲ ਪਿਆ। ਨਾ ਕਿਸੇ ਨੂੰ ਮਿਲਦਾ, ਨਾ ਕਿਸੇ ਦੇ ਦੁੱਖ ਸੁੱਖ ਵਿੱਚ ਪੁੱਜਦਾ ਏ। ਬਸ ਪੈਸਾ ਈ ਅੱਗੇ ਰੱਖ ਲਿਆ। ਖਾਨਦਾਨੀ ਗੱਲਾਂ ਸਭ ਮਿੱਟੀ ਘੱਟੇ ਵਿੱਚ ਰੋਲ ’ਤੀਆਂ।’’ ਚਾਚਾ ਇੱਕੋ ਸਾਹ ਬੋਲਣ ਤੋਂ ਬਾਅਦ ਸਾਹ ਲੈ ਕੇ ਮੇਰੇ ਦੁਆਲੇ ਹੋ ਜਾਂਦਾ।
‘‘ਮੈਂ ਕਹਿੰਦਾਂ, ਉਹ ਨਹੀਂ ਜਾਗਦਾ ਤਾਂ ਤੂੰ ਹੀ ਜਾਗ ਪੈ ਅੰਦਰੋਂ, ਧੁਰ ਅੰਦਰੋਂ। ਬਾਹਰੋਂ ਜਾਗਣ ਦਾ ਕੋਈ ਫ਼ਾਇਦਾ ਨਹੀਂ। ਜਿਹੜਾ ਧੁਰ ਅੰਦਰੋਂ ਜਾਗਦਾ ਏ, ਉਸ ਦਾ ਚਾਨਣ ਦੂਰ ਤੱਕ ਫੈਲਦਾ ਏ। ਧੁੰਦ ਦਾ ਨਾਂ ਨਿਸ਼ਾਨ ਨਹੀਂ ਰਹਿੰਦਾ।’’
ਚਾਚਾ ਜਿੱਥੋਂ ਬੋਲ ਰਿਹਾ ਸੀ ਮੈਂ ਉੱਥੋਂ ਕਿਤੋਂ ਹੀ ਸੁਣ ਰਿਹਾ ਸਾਂ ਪਰ ਚਾਚੀ ਨੇ ਕਿਸੇ ਗੱਲੋਂ ਘਰ ਵਿੱਚ ਰਾਤੀਂ ਉਹ ਕਲੇਸ਼ ਪਾਇਆ ਕਿ ਗੱਲ ਸਿਰੇ ਲੱਗਦੀ ਰਹਿ ਗਈ।
ਅਸਲ ਵਿੱਚ ਚਾਚੀ ਨੂੰ ਲੱਗਦਾ ਸੀ ਕਿ ਮੈਂ ਮੁੜ ਉਨ੍ਹਾਂ ਕੋਲ ਰਹਿਣ ਲਈ ਆ ਗਿਆ। ਮੈਂ ਚਾਚੇ ਦੇ ਘਰ ਹੁਣ ਸਾਲ ਵਿੱਚ ਇੱਕ ਦੋ ਵਾਰ ਹੀ ਰਹਿੰਦਾ ਸਾਂ। ਮੈਂ ਆਪਣੇ ਦੋਸਤ ਨਾਲ ਯੂਨੀਵਰਸਿਟੀ ਦੇ ਬਾਹਰ ਕਮਰਾ ਲੈ ਲਿਆ ਸੀ। ਪੇਪਰਾਂ ਤੋਂ ਬਾਅਦ ਕਮਰਾ ਖਾਲੀ ਕਰਨਾ ਸੀ ਅਤੇ ਹੋਰ ਵੀ ਕਈ ਗੱਲਾਂ ਸਨ ਜੋ ਮੈਂ ਚਾਚੇ ਨਾਲ ਬੈਠ ਕੇ ਕਰਨੀਆਂ ਚਾਹੁੰਦਾ ਸਾਂ। ਮੇਰੀਆਂ ਉਲਝਣਾਂ ਗੁੰਝਲਾਂ ਬਣ ਚੁੱਕੀਆਂ ਸਨ। ਮੈਂ ਇੱਕ ਗੰਢ ਖੋਲ੍ਹਦਾ ਸਾਂ, ਦੋ ਹੋਰ ਬੱਝ ਜਾਂਦੀਆਂ ਸਨ। ਮੈਂ ਵਾਪਸ ਪਿੰਡ ਜਾਣ ਦੀ ਥਾਂ ਮੁੜ ਕੁਝ ਦਿਨ ਚਾਚੇ ਕੋਲ ਹੀ ਰਹਿਣ ਲਈ ਆਪਣੇ ਸਾਰੇ ਕੱਪੜੇ ਅਤੇ ਕਿਤਾਬਾਂ ਲੈ ਕੇ ਉਨ੍ਹਾਂ ਕੋਲ ਆ ਗਿਆ ਸਾਂ। ਸੋਚਿਆ ਸੀ ਕਿ ਇੱਕ ਦੋ ਦਿਨ ਚਾਚੇ ਕੋਲ ਰਹਾਂਗਾ ਅਤੇ ਅੱਗੇ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ, ਚਾਚੇ ਨਾਲ ਬੈਠ ਕੇ ਖੁੱਲ੍ਹ ਕੇ ਸਲਾਹ ਮਸ਼ਵਰਾ ਕਰ ਲਵਾਂਗਾ। ਪਿੰਡ ਪੱਕਾ ਜਾਣਾ ਚਾਹੀਦਾ ਜਾਂ ਸ਼ਹਿਰ ਰਹਿ ਕੇ ਅੱਗੇ ਪੜ੍ਹਾਈ ਜਾਰੀ ਰੱਖਣੀ ਚਾਹੀਦੀ ਏ? ਮੈਂ ਕੋਈ ਫ਼ੈਸਲਾ ਲੈਣ ਲਈ ਕਾਹਲਾ ਸਾਂ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਚਾਚਾ ਮੇਰੇ ਕਿਤੇ ਧੁਰ ਅੰਦਰ ਤੱਕ ਦੀ ਖ਼ਬਰ ਰੱਖ ਰਿਹਾ ਏ। ਚਾਚੇ ਨੂੰ ਜਦੋਂ ਦਾ ਇਹ ਪਤਾ ਲੱਗਾ ਸੀ ਕਿ ਮੈਂ ਪੜ੍ਹਾਈ ਖ਼ਤਮ ਕਰ, ਬਿਨਾਂ ਕੁਝ ਹਾਸਲ ਕੀਤੇ ਵਾਪਸ ਜਾ ਰਿਹਾਂ ਤਾਂ ਉਸ ਦਾ ਪਾਰਾ ਸੱਤਵੇਂ ਆਸਮਾਨ ’ਤੇ ਸੀ। ਉਹ ਗੱਲੀਂ-ਬਾਤੀਂ ਮੈਨੂੰ ਅੰਦਰੋਂ ਤਕੜਾ ਕਰਨਾ ਚਾਹੁੰਦਾ ਸੀ, ਮੈਨੂੰ ਕਿਸੇ ਵੀ ਹਾਲਤ ਵਿੱਚ ਡੋਲਣ ਨਹੀਂ ਦੇਣਾ ਚਾਹੁੰਦਾ ਸੀ ਪਰ ਮੈਂ ਰਾਤ ਦਾ ਡੋਲ ਗਿਆ ਸਾਂ। ਰਾਤੀਂ ਜੋ ਚਾਚੇ ਚਾਚੀ ਵਿੱਚ ਮੇਰੇ ਕਰਕੇ ਬੋਲ ਬੁਲਾਰਾ ਹੋਇਆ ਸੀ, ਉਸ ਤੋਂ ਬਾਅਦ ਹੀ ਮੈਂ ਸੋਚ ਲਿਆ ਸੀ ਕਿ ਮੈਂ ਦਿਨ ਚੜ੍ਹਦਿਆਂ ਹੀ ਆਪਣਾ ਬੋਰੀ ਬਿਸਤਰਾ ਚੁੱਕਾਂਗਾ ਤੇ ਚਲਾ ਜਾਵਾਂਗਾ ਪਰ ਕਿੱਥੇ? ਇਹ ਫ਼ੈਸਲਾ ਅਜੇ ਨਹੀਂ ਸੀ ਕੀਤਾ। ਭਾਂਪ ਤਾਂ ਚਾਚਾ ਰਾਤੀਂ ਹੀ ਗਿਆ ਸੀ ਕਿ ਮੈਂ ਹੁਣ ਇੱਥੇ ਰਹਿਣ ਵਾਲਾ ਨਹੀਂ ਪਰ ਉਹ ਦਿਲ ਦੀ ਕੋਈ ਗੱਲ ਦਿਲ ਵਿੱਚ ਹੀ ਰੱਖ ਗਿਆ।
ਸਵੇਰੇ ਮੈਂ ਆਪਣੇ ਦੋ ਬੈਗ ਤਿਆਰ ਕਰ ਲਏ ਸਨ। ਇੱਕ ਕਿਤਾਬਾਂ ਦਾ ਅਤੇ ਦੂਜਾ ਕੱਪੜਿਆਂ ਦਾ। ਚਾਚਾ ਲੰਘਦਾ-ਜਾਂਦਾ ਮੇਰੇ ’ਤੇ ਅੱਖ ਰੱਖ ਰਿਹਾ ਸੀ। ਵੱਡਾ ਦਿਲ ਕਰਕੇ ਤੁਰਨ ਲੱਗਿਆਂ ਮੈਂ ਚਾਚੇ ਨੂੰ ਇੱਧਰ ਉਧਰ ਵੇਖਿਆ ਕਿ ਅੱਖ ਬਚਾਅ ਕੇ ਨਿਕਲ ਜਾਵਾਂ ਪਰ ਹਿੰਮਤ ਨਾ ਕਰ ਸਕਿਆ। ‘‘ਨਹੀਂ ਇੱਕ ਵਾਰ ਚਾਚੇ ਨੂੰ ਮਿਲ ਕੇ ਹੀ ਜਾਣਾ ਏ।’’ ਮੈਂ ਮਨ ਵਿੱਚ ਧਾਰ ਕੇ ਚਾਚੇ ਦੇ ਸਾਹਮਣੇ ਜਾ ਖਲੋਤਾ।
‘‘ਚਾਚਾ ਮੈਂ…।’’ ਅਜੇ ਮੇਰੇ ਮੂੰਹੋਂ ‘ਮੈਂ’ ਹੀ ਨਿਕਲੀ ਕਿ ਚਾਚੇ ਨੇ ਤੇਜ਼ ਹਨੇਰੀ ਵਾਂਗ ਘੁਮਾ ਕੇ ਮੇਰੇ ਮੂੰਹ ’ਤੇ ਏਡੀ ਜ਼ੋਰ ਦੀ ਚਪੇੜ ਜੜ ਦਿੱਤੀ ਕਿ ਮੇਰੇ ਕੰਨਾਂ ’ਚ ਕਿੰਨਾ ਚਿਰ ਘੂੰ-ਘੂੰ ਦੀ ਆਵਾਜ਼ ਆਉਂਦੀ ਰਹੀ। ਮੈਂ ਭਮੱਤਰਿਆਂ ਵਾਂਗ ਚਾਚੇ ਦੇ ਮੂੰਹ ਵੱਲ ਵੇਖਦਾ ਰਹਿ ਗਿਆ। ਮੈਨੂੰ ਭੁਆਂਟਣੀ ਜਿਹੀ ਆਉਣ ਲੱਗੀ। ਮੈਂ ਗੱਲ੍ਹ ’ਤੇ ਹੱਥ ਰੱਖਿਆ, ਗੱਲ੍ਹ ਵਿੱਚੋਂ ਸੇਕ ਨਿਕਲ ਰਿਹਾ ਸੀ। ਚਾਚੀ ਨੇ ਚਾਚੇ ਦੀ ਬਾਂਹ ਫੜ ਲਈ।
‘‘ਕਿਉਂ ਜਵਾਨ ਜਹਾਨ ਮੁੰਡੇ ’ਤੇ ਹੱਥ ਚੁੱਕ ਰਹੇ ਓ, ਜੇ ਜਾਹ ਜਾਂਦੀ ਅਗਲਾ ਹੱਥੀਂ ਪੈ ਜਾਵੇ ਤਾਂ ਤੁਹਾਡੇ ਪੱਲੇ ਕੀ ਰਹੂ?’’ ਚਾਚੀ ਉੱਚੀ ਉੱਚੀ ਬੋਲਣ ਲੱਗ ਪਈ। ਚਾਚੇ ਦੀ ਹਾਲਤ ਵੇਖਣ ਵਾਲੀ ਸੀ। ਉਹ ਗੁੱਸੇ ਵਿੱਚ ਕੰਬ ਰਿਹਾ ਸੀ। ਉਸ ਦੇ ਮੂੰਹੋਂ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਸੀ ਨਿਕਲ ਰਹੀ। ਉਹ ਉੱਚੀ ਉੱਚੀ ਮੈਨੂੰ ਮੋਟੀਆਂ ਮੋਟੀਆਂ ਗਾਲ੍ਹਾਂ ਕੱਢੀ ਜਾ ਰਿਹਾ ਸੀ, ‘‘… … … ਨੂੰ ਸਮਝ ਨਹੀਂ ਲੱਗਦੀ …ਸਮਝਾ ਸਮਝਾ ਥੱਕ ਗਿਆ … ਉਹ ਨਾਲ ਮੇਰੇ ਪਾਪੇ ਨੂੰ ਵੀ ਗਾਲ੍ਹਾ ਕੱਢੀ ਜਾਵੇ… ਉਹਨੂੰ ਵੀ ਨਹੀਂ ਲੱਗਦੀ… ਸ਼ਹਿਰ ਆ ਮਰ ਜਾਵੇ…।’’
ਚਾਚਾ ਇੰਨੇ ਗੁੱਸੇ ਵਿੱਚ ਵੀ ਆ ਸਕਦਾ ਤੇ ਚਪੇੜ ਤੱਕ ਮੇਰੇ ਮੂੰਹ ’ਤੇ ਏਡੇ ਜ਼ੋਰ ਦੀ ਮਾਰ ਸਕਦਾ, ਗੁੱਸੇ ਵਿੱਚ ਇੰਝ ਆਪੇ ਤੋਂ ਬਾਹਰ ਹੋ ਸਕਦਾ ਏ, ਇਹ ਸੋਚ ਸੋਚ ਮੈਨੂੰ ਭੁਆਂਟਣੀ ਆਉਣ ਲੱਗ ਪਈ… ਮੇਰੀ ਸੋਚਣ ਸ਼ਕਤੀ ਜਵਾਬ ਦੇ ਰਹੀ ਸੀ…।
ਮੈਂ ਫਿਰ ਗੱਲ ’ਤੇ ਹੱਥ ਰੱਖਿਆ। ਸੇਕ ਦੀ ਥਾਂ ਨਿੱਘ ਜਿਹਾ ਲੱਗਾ। ਮੇਰੀ ਪੀੜ ਨਿੱਘ ਵਿੱਚ ਤਬਦੀਲ ਹੁੰਦੀ ਜਾ ਰਹੀ ਸੀ।
ਮੈਂ ਚੰਗੀ ਤਰ੍ਹਾਂ ਅੱਖਾਂ ਉਘਾੜ ਕੇ ਵੇਖ ਰਿਹਾ ਸਾਂ ਕਿ ਚਾਚਾ ਜਾਗਦੇ ਹੋਣ ਦਾ ਡਰਾਮਾ ਕਰ ਰਿਹਾ ਸੀ ਜਾਂ ਮੈਂ ਸੁੱਤੇ ਹੋਣ ਦਾ…।
ਸੰਪਰਕ: 98782-77423