ਪ੍ਰਿੰ. ਸਰਵਣ ਸਿੰਘ
ਆਸ਼ਾ ਸ਼ਰਮਾ ਨੇ ਅੰਗਰੇਜ਼ੀ ਦੀ ਐੱਮਏ ਤੇ ਫਿਰ ਬੀਐੱਡ ਕਰ ਕੇ ਪਹਿਲਾਂ ਅਧਿਆਪਨ ਦਾ ਕਿੱਤਾ ਅਪਨਾਇਆ। ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ’ਚ ਅਫਸਰੀ ਕੀਤੀ ਅਤੇ ਸਰਕਾਰ ਦੀਆਂ ਸਟੇਜਾਂ ’ਤੇ ਐਂਕਰਿੰਗ ਕਰਦਿਆਂ ਨਾਮਣਾ ਕਮਾਇਆ। ਉਹ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲੇ-1978 ’ਚ ਭਾਸ਼ਣ ਮੁਕਾਬਲੇ ਦੀ ਗੋਲਡ ਮੈਡਲਿਸਟ ਹੈ। ਉਸ ਨੂੰ ਐੱਸਡੀ ਕਾਲਜ ਬਰਨਾਲਾ ਦੀ ਸਰਵੋਤਮ ਵਿਦਿਆਰਥਣ ਹੋਣ ਦਾ ਸਨਮਾਨ ਮਿਲਿਆ। ਅਮਰੀਕਾ ਵਿਚ ਉਹ 1998 ਤੋਂ 2010 ਤਕ ਰੇਡੀਓ ਗੀਤ-ਸੰਗੀਤ ਦੀ ਮੁੱਖ ਸੰਚਾਲਕਾ ਰਹੀ ਅਤੇ ਅੱਜ ਕੱਲ੍ਹ ਫਰੀਲਾਂਸ ਐਂਕਰ ਵਜੋਂ ਸਟੇਜਾਂ ਉੱਤੇ ਕੰਮ ਕਰਦੀ ਹੈ। ਐਂਕਰ ਹੋਣ ਦੇ ਨਾਲ ਨਾਲ ਉਹ ਸਚਿੱਤਰ ਮੈਗਜ਼ੀਨ ‘ਧਰਤੀ ਦਾ ਸੂਰਜ’ ਦੀ ਸੰਪਾਦਕਾ ਵੀ ਹੈ। ਪਰਮਜੀਤ ਰੰਧਾਵਾ ਅਤੇ ਸੁੱਖੀ ਉੱਪਲ ਨੇ ਉਸ ਬਾਰੇ ਅੰਗਰੇਜ਼ੀ ਵਿਚ ਪੁਸਤਕ ‘ਆਸ਼ਾ ਸ਼ਰਮਾ-ਦਿ ਲਿਵਿੰਗ ਲੀਜੈਂਡ’ ਲਿਖੀ ਹੈ।
ਆਸ਼ਾ ਸ਼ਰਮਾ ਨੂੰ ਅਮਰੀਕਾ ਵਿਚ ‘ਪੰਜਾਬ ਦੀ ਆਵਾਜ਼’ ਕਿਹਾ ਜਾਂਦਾ ਹੈ। ਪਰਮਜੀਤ ਰੰਧਾਵਾ ਅਤੇ ਸੁੱਖੀ ਉੱਪਲ ਨੇ ਉਸ ਬਾਰੇ ਅੰਗਰੇਜ਼ੀ ਵਿਚ ਪੁਸਤਕ ਲਿਖੀ ਹੈ ‘ਆਸ਼ਾ ਸ਼ਰਮਾ-ਦਿ ਲਿਵਿੰਗ ਲੀਜੈਂਡ’ ਜੋ ਉਸ ਦੀ ਜੀਵਨੀ ਹੈ। ਮੈਂ ਉਸ ਨੂੰ ਅਮਰੀਕਾ ਦੇ ਕਬੱਡੀ ਮੇਲਿਆਂ ਵਿਚ ਸਟੇਜ ਤੋਂ ਬੋਲਦਿਆਂ ਕਈ ਵਾਰ ਸੁਣਿਆ। ਉਸ ਨੂੰ ਖੇਡਾਂ ਖਿਡਾਰੀਆਂ ਬਾਰੇ ਚੰਗਾ ਤੇ ਢੁੱਕਵਾਂ ਬੋਲਣਾ ਆਉਂਦੈ ਪਰ ਚਾਂਭਲੇ ਪੰਜਾਬੀਆਂ ਦੇ ਖੇਡ ਮੇਲੇ ਵਿਚ ਕਿਸੇ ਬੀਬੀ ਵੱਲੋਂ ਕੁਮੈਂਟਰੀ ਕਰਨੀ ਸੌਖੀ ਨਹੀਂ ਹੁੰਦੀ। ਬੋਲ ਕਬੋਲ ਦਾ ਰਿਸਕ ਰਹਿੰਦੈ। ਇਹਦੇ ਬਾਵਜੂਦ ਉਹ ਖੇਡ ਮੇਲਿਆਂ ’ਚ ਅਨੋਖਾ ਰੰਗ ਭਰ ਦਿੰਦੀ ਹੈ। ਤਦੇ ਉਸ ਨੂੰ ਖੇਡ ਮੇਲਿਆਂ ਦੀ ਮਲਕਾ ਕਿਹਾ ਜਾਂਦੈ। ਉਹਦਾ ਸਟੇਜੀ ਸਫ਼ਰ ਸਕੂਲਾਂ ਕਾਲਜਾਂ ਦੇ ਸਟੇਜਾਂ ਤੋਂ ਰੇਡੀਓ, ਟੀਵੀ, ਗਾਉਣ ਮੇਲਿਆਂ, ਤੀਆਂ ਤੇ ਖੇਡ ਮੇਲਿਆਂ ਤਕ ਦੇ ਸਟੇਜਾਂ ਤਕ ਆ ਪਹੁੰਚਾ ਹੈ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਈ ਹੋਈ ਕਲਾਕਾਰਾ ਹੈ। ਅਮਰੀਕਾ ਖਾਸਕਰ ਕੈਲੀਫੋਰਨੀਆ ਦਾ ਸ਼ਾਇਦ ਹੀ ਕੋਈ ਸਭਿਆਚਾਰਕ ਸਮਾਗਮ, ਗੁਰਪੁਰਬ, ਤੀਆਂ ਦਾ ਮੇਲਾ, ਗਾਉਣ ਮੇਲਾ ਜਾਂ ਖੇਡ ਮੇਲਾ ਹੋਵੇ ਜਿਥੇ ਉਸ ਨੇ ਆਪਣੇ ਕਾਵਿਕ ਬੋਲਾਂ ਦਾ ਛੱਟਾ ਨਾ ਦਿੱਤਾ ਹੋਵੇ। ਉਸ ਨੂੰ ਪੁਰਾਣੀ ਤੇ ਨਵੀਂ ਸ਼ੇਅਰੋ-ਸ਼ਾਇਰੀ ਮੂੰਹ ਜ਼ਬਾਨੀ ਯਾਦ ਹੈ ਜੋ ਸ਼ੁੱਧ ਪੰਜਾਬੀ ਉਚਾਰਨ ਨਾਲ ਫੱਬਦੀ ਵੀ ਖ਼ੂਬ ਹੈ। ਉਸ ਦੀ ਮਧੁਰ ਆਵਾਜ਼ ਵਿਚ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਵਿਦੇਸ਼ ਵੱਸਦੇ ਪੰਜਾਬੀਆਂ ਦੀ ਸਾਂਝੀ ਸੁਰ ਸੁਣਾਈ ਦਿੰਦੀ ਹੈ। ਐਂਕਰ ਹੋਣ ਦੇ ਨਾਲ ਨਾਲ ਉਹ ਸਚਿੱਤਰ ਮੈਗਜ਼ੀਨ ‘ਧਰਤੀ ਦਾ ਸੂਰਜ’ ਦੀ ਸੰਪਾਦਕਾ ਵੀ ਹੈ ਜਿਸ ਦੇ ਸੌ ਤੋਂ ਵੱਧ ਅੰਕ ਛਪ ਚੁੱਕੇ ਹਨ। ਹਿੰਮਤੀ ਇੰਨੀ ਹੈ ਕਿ ਦੇਸ਼ ਵਿਦੇਸ਼ ਦੇ ਸੈਂਕੜੇ ਸਟੇਜਾਂ ਨੂੰ ਰੰਗ ਭਾਗ ਲਾ ਚੁੱਕੀ ਹੈ। ਉਸ ਨੇ 2020-21 ਦੇ ਕਿਸਾਨ ਅੰਦੋਲਨ ਵਿਚ ਵੀ ਬਣਦਾ ਸਰਦਾ ਯੋਗਦਾਨ ਪਾਇਆ। ਕਈ ਖੇਡ ਮੇਲੇ ਅਸੀਂ ਇਕੱਠਿਆਂ ਭੁਗਤਾਏ ਹਨ।
ਯਾਦ ਆ ਰਿਹੈ ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਦਾ ਖੇਡ ਮੇਲਾ ਜਿਸ ਦਾ ਜਿ਼ਕਰ ਮੈਂ ਆਪਣੀ ਪੁਸਤਕ ‘ਮੇਲੇ ਕਬੱਡੀ ਦੇ’ ਵਿਚ ਵੀ ਕੀਤਾ ਸੀ। ਇਹ 2005 ਦੀ ਗੱਲ ਹੈ ਜਦੋਂ ਮੈਂ ਵਿਦੇਸ਼ਾਂ ਦੇ ਕਬੱਡੀ ਮੇਲਿਆਂ ਦੀ ਕੁਮੈਂਟਰੀ ਕਰਦਿਆਂ ਹਵਾਈ ਜਹਾਜ਼ਾਂ ’ਤੇ ਚੜ੍ਹਿਆ ਰਹਿੰਦਾ ਸਾਂ। ਮੈਂ ਟੋਰਾਂਟੋ ਤੋਂ ਜਹਾਜ਼ ਚੜ੍ਹਿਆ ਤੇ ਸਾਨ ਫਰਾਂਸਿਸਕੋ ਜਾ ਉਤਰਿਆ। ਉਥੋਂ ਸੈਨਹੋਜ਼ੇ ਦੇ ‘ਗੁਰੂ’ ਸਟੋਰਾਂ ਦਾ ਮਾਲਕ ਹਰਦੁੱਮਣ ਸਿੰਘ ਸੰਘੇੜਾ ਜਿਸ ਦਾ ਨਿੱਕਾ ਨਾਂ ਬਿੱਲਾ ਸੰਘੇੜਾ ਹੈ, ਮੈਨੂੰ ਆਪਣੇ ਘਰ ਲੈ ਗਿਆ। ਅਗਲੇ ਦਿਨ ਅਸੀਂ ਪੂਰਾ ਜਥਾ ਬਣਾ ਕੇ ਸੈਲਮੇ ਜਾਣਾ ਸੀ। ਸਵੇਰੇ ਸਵੱਖਤੇ ਉਠੇ, ਗੁਰਦੁਆਰੇ ਮੱਥਾ ਟੇਕਿਆ, ਦੋ ਵੈਨਾਂ ਲਈਆਂ ਤੇ ਰੇਡੀਓ ਗੀਤ ਸੰਗੀਤ ਦੀ ਹੋਸਟ ਆਸ਼ਾ ਸ਼ਰਮਾ ਦੇ ਘਰ ਚਲੇ ਗਏ। ਉੱਦਣ ਪਹਿਲੀ ਵਾਰ ਮੈਂ ਆਸ਼ਾ ਸ਼ਰਮਾ ਅਤੇ ਉਸ ਦੇ ਪਤੀ ਨੂੰ ਮਿਲਿਆ। ਉਨ੍ਹਾਂ ਨੂੰ ਨਾਲ ਲੈ ਕੇ ਦੋ ਘੰਟਿਆਂ ਵਿਚ ਢਾਈ ਸੌ ਕਿਲੋਮੀਟਰ ਦੂਰ ਮਡੇਰੇ ਨਿੱਝਰ ਭਰਾਵਾਂ ਦੇ ਘਰ ਜਾ ਪਹੁੰਚੇ। ਸੁਰਿੰਦਰ ਸਿੰਘ ਨਿੱਝਰ ਤੇ ਅੰਮ੍ਰਿਤਪਾਲ ਸਿੰਘ ਨਿੱਝਰ ਹੋਰਾਂ ਦੇ ਮਡੇਰੇ ਵਾਲੇ ਫਾਰਮ ਹਾਊਸ ਨੂੰ ਮੈਂ ‘ਪਰੌਂਠਾਸਥਾਨ’ ਦਾ ਨਾਂ ਦੇ ਰੱਖਿਐ। ਪੰਜਾਬ ਤੋਂ ਜਾਣ ਵਾਲੇ ਰਾਗੀ, ਢਾਡੀ, ਗਾਇਕ, ਲੇਖਕ, ਅਫਸਰ ਤੇ ਸਿਆਸਤਦਾਨ ਉਸ ਘਰ ਦੀ ਪ੍ਰਾਹੁਣਚਾਰੀ ਮਾਣਦੇ ਰਹਿੰਦੇ ਹਨ। ਰਸੋਈ ਵਿਚੋਂ ਮੂਲੀਆਂ ਮੇਥਿਆਂ ਵਾਲੇ ਪਰੌਂਠਿਆਂ ਦੀ ਕਰਾਰੀ ਮਹਿਕ ਬਾਹਰ ਬੂਹੇ ਤਕ ਆ ਰਹੀ ਸੀ। ਉਨ੍ਹਾਂ ਦਾ ਕੁੱਤਾ ‘ਟਾਈਗਰ’ ਸਾਡੇ ਪੈਰ ਸੁੰਘਦਾ ਮੱਥਾ ਟੇਕਦਾ ਲੱਗਦਾ ਸੀ ਤੇ ਪੂਛ ਮਾਰਦਾ ਇਉਂ ਜਾਪਦਾ ਸੀ, ਜਿਵੇਂ ਜੀ ਆਇਆਂ ਕਹਿ ਰਿਹਾ ਹੋਵੇ। ਅਸੀਂ ਉਹਦੇ ਪਿਛਲੇ ਸਾਲ ਦੇ ਸਿਆਣੂ ਸਾਂ।
ਪਰੌਂਠੇ ਲੇੜ੍ਹ ਕੇ ਸਾਰੇ ਜਣੇ ਸੈਲਮਾ ਦੇ ਰਿੰਗੋ ਪਾਰਕ ਵਿਚ ਜਾ ਪੁੱਜੇ। ਉੱਦਣ ਉਹ ਪਾਰਕ ਪੰਜਾਬੀ ਰੰਗ ਵਿਚ ਰੰਗਿਆ ਹੋਇਆ ਸੀ। ਉਥੇ ਕਬੱਡੀ ਤੇ ਬਾਸਕਟਬਾਲ ਦੇ ਮੈਚ, ਰੱਸਾ ਖਿੱਚਣ ਦੀ ਖਿੱਚ ਧੂਹ ਤੇ ਮੱਲਾਂ ਦੇ ਘੋਲ ਹੋਣੇ ਸਨ। ਚੀਰੇ ਵਾਲਿਆਂ ਨੇ ਆਉਣਾ ਤੇ ਚੁੰਨੀਆਂ ਨੇ ਲਹਿਰਾਉਣਾ ਸੀ। ਪੰਜਾਬੀਆਂ ਦਾ ਭਾਈਚਾਰਕ ਜੋੜ ਮੇਲਾ ਸੀ। ਬਾਗਾਂ ਦੀ ਧਰਤੀ ਤੇ ਝੂਲਦੀਆਂ ਦਾਹੜੀਆਂ ਵਾਲੇ ਪੰਜਾਬੀ ਬਾਬੇ ਘਰਾਂ ਦੀ ਸੁੱਖ ਸਾਂਦ ਤੇ ਪਿੰਡਾਂ ਦਾ ਹਾਲ ਚਾਲ ਪੁੱਛਦੇ ਟਹਿਲ ਰਹੇ ਸਨ। ਸੱਜਣ ਬੇਲੀ ਟੋਲੀਆਂ ਬੰਨ੍ਹੀ ਖੜ੍ਹੇ ਸਨ। ਸੋਲਾਂ ਅਕਤੂਬਰ ਦਾ ਧੁੱਪ ਵਾਲਾ ਦਿਨ ਨਰਮੇ ਦੇ ਫੁੱਟ ਵਾਂਗ ਖਿੜਿਆ ਹੋਇਆ ਸੀ। ਅੰਗੂਰਾਂ ਦੀ ਫਸਲ ਲਗਭਗ ਤੋੜ ਲਈ ਗਈ ਸੀ। ਮੇਲੀ ਗੇਲੀ ਦਮਾਮੇ ਮਾਰਦੇ ਮੇਲੇ ਆ ਰਹੇ ਸਨ। ਸੁਖਾਵੇਂ ਮੌਸਮ ਦੀ ਰੁਮਕਦੀ ਹਵਾ ਪਾਰਕ ਦੇ ਰੁੱਖਾਂ ਨੂੰ ਹੁਲਾਰੇ ਦੇ ਰਹੀ ਸੀ। ਲਾਊਡ ਸਪੀਕਰ ਤੋਂ ਗੀਤ ਗੂੰਜ ਰਹੇ ਸਨ, ਚੰਨ ਵੇ ਕਿ ਸ਼ੌਂਕਣ ਮੇਲੇ ਦੀ… ਦੁਨੀਆ ਮੇਲੇ ਜਾਂਦੀ ਐ, ਜਾਂਦੀ ਹਾਰ ਸ਼ਿੰਗਾਰ ਲਗਾ ਕੇ… ਤੇ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ… ਕਰਦੇ ਬੋਲਾਂ ਨੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਨੂੰ ਛਪਾਰ ਦੇ ਮੇਲੇ ਦਾ ਰੰਗ ਚਾੜ੍ਹ ਰੱਖਿਆ ਸੀ। ਆ ਰਹੇ ਮੇਲੀਆਂ ਗੇਲੀਆਂ ਨੂੰ ਚਾਹ ਨਾਲ ਬਰਫੀ, ਕਾਜੂ ਤੇ ਗਰਮ ਕਰਾਰੇ ਪਕੌੜੇ ਵਰਤਾਏ ਜਾ ਰਹੇ ਸਨ। ਗੁਰਦੁਆਰਾ ਸਾਹਿਬ ਸੈਲਮਾ ਨੇ ਲੰਗਰ ਦੀ ਸੇਵਾ ਸੰਭਾਲੀ ਹੋਈ ਸੀ।
ਖੇਡ ਮੇਲੇ ਦੇ ਮੁਖ ਪ੍ਰਬੰਧਕ ਪਾਲ ਸਹੋਤਾ, ਹਰਨੇਕ ਸੰਘੇੜਾ, ਹੈਰੀ ਗਿੱਲ, ਅਵਤਾਰ ਗਿੱਲ, ਸੁਰਿੰਦਰ ਨਿੱਝਰ, ਸੁਰਜੀਤ ਟੁੱਟ, ਚਰਨ ਗਿੱਲ ਤੇ ਪਾਲ ਮਾਹਲ ਸਨ ਜਿਨ੍ਹਾਂ ਨੂੰ ਅਨੇਕਾਂ ਸੱਜਣਾਂ ਮਿੱਤਰਾਂ ਦਾ ਸਹਿਯੋਗ ਹਾਸਲ ਸੀ। ਇਸ਼ਤਿਹਾਰਾਂ ਵਿਚ ਸੁਪਰ ਸਪੋਰਟਸ ਕਲੱਬ ਦੇ ਮੈਂਬਰਾਂ ਤੇ ਸਪਾਂਸਰਾਂ ਦੇ ਨਾਂ ਦਰਜ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਕੈਲੀਫੋਰਨੀਆ ਦੇ ਜ਼ਿਮੀਦਾਰਾਂ, ਟਰਾਂਸਪੋਰਟਰਾਂ ਤੇ ਸਟੋਰਾਂ ਵਾਲਿਆਂ ਦਾ ਇਸ ਮੇਲੇ ਲਈ ਭਰਵਾਂ ਯੋਗਦਾਨ ਸੀ। ਉਹ ਨਿੱਤ ਦਿਹਾੜੀ ਦੇ ਕੰਮਾਂ ਕਾਰਾਂ ਵਿਚੋਂ ਸਮਾਂ ਕੱਢ ਕੇ ਇੱਕ ਦਿਨ ਮੌਜ ਮੇਲੇ ਦਾ ਮਨਾ ਰਹੇ ਸਨ ਤੇ ਨਵੀਂ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਸਨ। ਕਬੱਡੀ ਦਾ ਦਾਇਰਾ ਫੁੱਟਬਾਲ ਦੇ ਮੈਦਾਨ ਵਿਚ ਲਾਇਆ ਹੋਇਆ ਸੀ ਜਿਸ ਦੁਆਲੇ ਲੱਕੜ ਦੀਆਂ ਫੱਟੀਆਂ ਲਾ ਕੇ ਪੀਲੀ ਪੱਟੀ ਬੱਧੀ ਹੋਈ ਸੀ। ਦਾਇਰੇ ਦੁਆਲੇ ਦਰਸ਼ਕ ਜੀਆ ਜੰਤ ਦੇ ਭੌਣ ਵਾਂਗ ਜੁੜੀ ਜਾਂਦੇ ਸਨ। ਪੰਜਾਬ ਦੇ ਕਿਸੇ ਪੇਂਡੂ ਟੂਰਨਾਮੈਂਟ ਵਰਗਾ ਹੀ ਮਾਹੌਲ ਸੀ। ਲਾਊਡ ਸਪੀਕਰ ਤੋਂ ਜੀਟੀ ਰੋਡ ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ… ਜੀਟੀ ਰੋਡ `ਤੇ ਬਰੇਕਾਂ ਵੱਜੀਆਂ ਤੇ ਗੱਡੀਆਂ ਚ ਗੱਡੀਆਂ ਵੱਜੀਆਂ… ਵਰਗੇ ਤਵੇ ਵੱਜ ਰਹੇ ਸਨ। ਉਧਰ ਸ਼ਾਹਰਾਹ 99 ਉਤੇ ਵਾਟਾਂ ਵੱਢਦੇ ਟਰੱਕ ਹਵਾ ਹਵਾਈ ਬਣੇ ਜਾ ਰਹੇ ਸਨ। ਧੁੱਪ ਚ ਸੁੱਕ ਰਹੀ ਸੌਗੀ ਦੀ ਮਿੱਠੀ ਮਹਿਕ ਮਾਹੌਲ ਵਿਚ ਘੁਲੀ ਹੋਈ ਸੀ। ਰੁੱਖਾਂ ਬੂਟਿਆਂ ਤੋਂ ਝੜ ਕੇ ਡਿੱਗੇ ਬਦਾਮਾਂ ਤੇ ਪਿਸਤਿਆਂ ਦੀ ਵਾਸ਼ਨਾ ਵੱਖਰੀ ਸੀ।
ਮੇਲਾ ਭਰਿਆ ਤਾਂ ਜੌਹਨ ਸਿੰਘ ਗਿੱਲ ਦੀ ਟੀਮ ਗੋਲਡਨ ਸਟੇਟ ਸਪੋਰਟਸ ਕਲੱਬ ਯੂਬਾ ਸਿਟੀ ਅਤੇ ਨੇਕੀ ਸੰਘੇੜੇ ਦੀ ਟੀਮ ਸੁਪਰ ਸਪੋਰਟਸ ਕਲੱਬ ਸੈਲਮਾ ਦੇ ਜੋਧੇ ਖਿਡਾਰੀ ਪੱਟਾਂ ਤੇ ਥਾਪੀਆਂ ਮਾਰਦੇ ਮੈਦਾਨ ਵਿਚ ਆ ਨਿੱਤਰੇ। ਉਨ੍ਹਾਂ ਨੇ ਹੰਧਿਆਂ ਨੂੰ ਮੱਥਾ ਟੇਕਿਆ ਤਾਂ ਕੁਮੈਂਟੇਟਰ ਮੱਖਣ ਸਿੰਘ ਨੇ ਉਨ੍ਹਾਂ ਦੀ ਚੜ੍ਹਤ ਵੇਖ ਕੇ ਮਾਈਕ ਤੋਂ ਆਖਿਆ-ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ, ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ ਜਿਵੇਂ ਬੇਲਿਓਂ ਨਿਕਲਦੇ ਸ਼ੇਰ ਮੀਆਂ…। ਹੋਣਹਾਰ ਧਾਵੀ ਜ੍ਹੌਨੀ ਨੇ ਪਹਿਲੀ ਕਬੱਡੀ ਪਾਈ ਤੇ ਜਾਫੀਆਂ ਨੂੰ ਰੋਲਦਾ ਹੋਇਆ ਪਹਿਲਾ ਅੰਕ ਲੈ ਆਇਆ। ਦਰਸ਼ਕਾਂ ਨੇ ਤਾੜੀਆਂ ਮਾਰ ਕੇ ਹੱਲਾਸ਼ੇਰੀ ਦਿੱਤੀ। ਫਿਰ ਧਾਵੀਆਂ ਤੇ ਜਾਫੀਆਂ ਦੇ ਆਹਮੋ-ਸਾਹਮਣੇ ਟਾਕਰੇ ਹੋਣ ਲੱਗੇ ਜਿਨ੍ਹਾਂ ਉਤੇ ਡਾਲਰਾਂ ਦੀ ਵਰਖਾ ਹੋਣ ਲੱਗੀ। ਸਹੋਤਾ, ਟੁੱਟ, ਗਿੱਲ ਤੇ ਨਿੱਝਰ ਭਰਾਵਾਂ ਨੇ ਇਕ ਇਕ ਪਕੜ ਉਤੇ ਦੋ ਦੋ ਸੌ ਡਾਲਰਾਂ ਦੀ ਵੇਲ ਕਰਾਉਣੀ ਸ਼ੁਰੂ ਕਰ ਦਿੱਤੀ। ਤਦ ਤਕ ‘ਆਪਣਾ ਪੰਜਾਬ ਹੋਵੇ’ ਤੇ ‘ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ’ ਵਰਗੇ ਗੀਤ ਲਿਖਣ ਵਾਲਾ ਮੱਖਣ ਬਰਾੜ ਵੀ ਮੇਲੇ ਵਿਚ ਆ ਪਹੁੰਚਾ। ਉਹ ਆਸ਼ਾ ਸ਼ਰਮਾ ਅਤੇ ਮੇਰੇ ਨਾਲ ਹੀ ਕੁਰਸੀ ਤੇ ਸਜ ਗਿਆ ਤੇ ਤਿੰਨੇ ਜਣੇ ਨੋਕ ਝੋਕ ਕਰਦੇ ਨਹਿਲੇ ਤੇ ਦਹਿਲੇ ਧਰਨ ਲੱਗੇ। ਮੈਦਾਨ ਚ ਮੱਖਣ ਸਿੰਘ ਕੁਮੈਂਟਰੀ ਜਾਂਦਾ… ਅਹੁ ਵੈੱਲੀ ਭੱਜ ਤੁਰਿਆ ਜੀਤੇ ਮੌੜ ਨਾਲ ਪੰਗਾ ਪਾ ਕੇ, ਸਿੰਗ ਫਸਗੇ ਕੁੰਢੀਆਂ ਦੇ ਮਿੱਤਰਾ ਬਹਿਜਾ ਗੋਡੀ ਲਾ ਕੇ…। ਸੱਤ ਟੀਮਾਂ ਵੱਡੇ ਜੋੜ ਦੀਆਂ ਸਨ ਤੇ ਪੰਜ ਨਿੱਕੇ ਜੋੜ ਦੀਆਂ। ਸਾਰਾ ਦਿਨ ਕਬੱਡੀ ਮੈਚ ਚਲਦੇ ਰਹੇ। ਨਾ ਆਸ਼ਾ ਸ਼ਰਮਾ ਦੀਆਂ ਕਾਵਿਕ ਟਿੱਪਣੀਆਂ ਮੁੱਕੀਆਂ, ਨਾ ਮੱਖਣ ਬਰਾੜ ਦੇ ਲੋਕ ਗੀਤਾਂ ਵਰਗੇ ਟੱਪੇ ਤੇ ਨਾ ਮੇਰੇ ਤੇ ਮੱਖਣ ਸਿੰਘ ਦੇ ਟੋਟਕੇ।
ਚਲਦੀ ਖੇਡ ਵਿਚ ਮੈਥੋਂ ਕਿਤੇ ਗੀਤਕਾਰ ਗੁਰਦੇਵ ਮਾਨ ਦਾ ਟੱਪਾ ਬੋਲਿਆ ਗਿਆ, “ਚੱਲ ਬਰਨਾਲੇ ਚੱਲੀਏ ਮੋਟਰ ਮਿੱਤਰਾਂ ਦੀ…।” ਬਰਨਾਲੇ ਦੇ ਪਿੰਡਾਂ ਦੀ ਜੰਮਪਲ ਆਸ਼ਾ ਸ਼ਰਮਾ ਕਹਿਣ ਲੱਗੀ, “ਮੈਂ ਜੀਜਾ ਨੀ ਕਹਿਣਾ ਚੰਦਰੇ ਡਰੈਵਰ ਨੂੰ।” ਮੈਂ ਆਖਿਆ, “ਚੱਲ ਬੀਬਾ ਫੇਰ ਫੁੱਫੜ ਈ ਕਹਿ ਲੈ। ਨਾਲੇ ਹੁਣ ਜੀਜਾ ਬਣਨ ਦੀ ਉਮਰ ਵੀ ਨਹੀਂ।” ਇੰਜ ਹਾਸਾ ਮਖੌਲ ਵੀ ਚਲਦਾ ਰਿਹਾ ਤੇ ਮੈਚ ਵੀ ਚਲਦੇ ਗਏ। ਆਸ਼ਾ ਸ਼ਰਮਾ ਦੀਆਂ ਕਾਵਿਕ ਟੂਕਾਂ ਤੇ ਹਾਸਰਸੀ ਟਿੱਪਣੀਆਂ ਨੇ ਰੰਗ ਲਾਈ ਰੱਖਿਆ। ਜਦੋਂ ਬੀਬੀ ਦੀ ਝੋਲੀ ਇਨਾਮਾਂ ਸਨਮਾਨਾਂ ਨਾਲ ਭਰਨ ਲੱਗੀ ਤਾਂ ਮੈਥੋਂ ਕਹਿਣੋਂ ਨਾ ਰਿਹਾ ਗਿਆ: ਕਿਸੇ ਦੇ ਸੱਤ ਹਲ ਚਲਦੇ ਹੋਣਗੇ, ਕਿਸੇ ਦੀਆਂ ਸੱਤ ਦੁਕਾਨਾਂ ਤੇ ਕਿਸੇ ਦੇ ਸੱਤ ਟਰੱਕ। ਆਹ ਵੇਖ ਲਓ, ਬੀਬੀ ਜੀ ਦੀ ਇਕੋ ਜ਼ਬਾਨ ਹੀ ਸੱਤ ਹਲਾਂ ਜਿੰਨੀ ਕਮਾਈ ਕਰੀ ਜਾਂਦੀ ਐ! ਅੱਗੋਂ ਬੀਬੀ ਜੀ ਦਾ ਮੋੜਵਾਂ ਜਵਾਬ ਸੀ: ਕਲਮ ਤਾਂ ਪੋ੍ਰਫੈਸਰ ਸਾਹਿਬ, ਤੁਹਾਡੀ ਵੀ ਸੱਤਾਂ ਹਲਾਂ ਦੀ ਵਾਹੀ ਤੋਂ ਘੱਟ ਨਹੀਂ! ਓਧਰ ਮੱਖਣ ਬਰਾੜ ਆਪਣੀਆਂ ਛੱਡੀ ਜਾ ਰਿਹਾ ਸੀ: ਮੱਖਣ ਬਰਾੜਾ ਜੇ ਖਾਣ ਨੂੰ ਮਿਲੇ ਮੁਰਗਾ, ਕਿਥੋਂ ਦਾਲ ਨਾਲ ਹੱਥ ਲਬੇੜ ਹੁੰਦੇ!
ਮੱਖਣ ਬਰਾੜ ਪਹਿਲਾਂ ਪੱਗ ਬੰਨ੍ਹਦਾ ਹੁੰਦਾ ਸੀ, ਫਿਰ ਕੈਨੇਡਾ ਪਹੁੰਚਦਿਆਂ ਪਟੇ ਕਰਾ ਲਏ। ਸੈਲਮੇ ਦੇ ਖੇਡ ਮੇਲੇ ਚ ਉਹ ਪਟਿਆਂ ਉਤੋਂ ਦੀ ਪੱਗ ਬੰਨ੍ਹ ਕੇ ਢੁੱਕਾ ਸੀ ਪਈ ਵੇਖਣ ਵਾਲਿਆਂ ਨੂੰ ਸਰਦਾਰ ਲੱਗਾਂ। ਉਸ ਨੇ ਆਸ਼ਾ ਸ਼ਰਮਾ ਦੀ ਸ਼ੇਅਰੋ ਸ਼ਾਇਰੀ ਚ ਆਪਣਾ ਘੋੜਾ ਇਸ ਸਿ਼ਅਰ ਨਾਲ ਭਜਾਇਆ:
ਹੋਵੇ ਬਦਲਣਾ ਆਪਣੇ ਆਪ ਨੂੰ ਜੇ,
ਵੱਡੀ ਗੱਲ ਨਹੀਂ ਐਵੇਂ ਪਹਾੜ ਲੱਗਦਾ।
ਬਿਨਾ ਵਰਦੀ ਦੇ ਲਗਦਾ ਆਮ ਬੰਦਾ,
ਵਰਦੀ ਪਾਈ ਤੋਂ ਠਾਣੇਦਾਰ ਲੱਗਦਾ।
ਕੀਹਦਾ ਪੁੱਤ ਤੇ ਕੀਹਦਾ ਹੋਊ ਪੋਤਾ,
ਬੰਨ੍ਹੀ ਪੱਗ ਜੇ ਹੋਵੇ ਸਰਦਾਰ ਲੱਗਦਾ।
ਪਹਿਲਾਂ ਦੇਖਣ ਨੂੰ ਗੰਜਾ ਜਿਆ ਲੱਗਦਾ ਸੀ,
ਹੁਣ ਦੇਖੋ ਖਾਂ ਮੱਖਣ ਬਰਾੜ ਲੱਗਦਾ!
ਮੈਨੂੰ ਖ਼ਦਸ਼ਾ ਸੀ ਸਰਦਾਰ ਲੱਗਦਾ ਮੱਖਣ ਬਰਾੜ ਹੁਣ ਕਿਤੇ ਆਪਣਾ ਗੀਤ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਸੁਣਾ ਕੇ ਮੇਲੀਆਂ ਨੂੰ ਚੇਤਾ ਨਾ ਕਰਾ ਦੇਵੇ ਤੇ ਚੰਗੇ ਭਲੇ ਟਿਕੇ ਹੋਏ ਮੇਲੇ ਨੂੰ ਕਾਰਾਂ ਦੀਆਂ ਡਿੱਕੀਆਂ ਵੱਲ ਨਾ ਤੋਰ ਦੇਵੇ। ਉਹਨੇ ਜਦੋਂ ‘ਆਪਣਾ ਪੰਜਾਬ ਹੋਵੇ’ ਕਿਹਾ ਤਾਂ ਮੈਂ ਅਗਲੀ ਸਤਰ ਬੋਲਣ ਤੋਂ ਪਹਿਲਾਂ ਹੀ ਤੋਪਾ ਭਰ ਦਿੱਤਾ, ਘਰ ਦਾ ਕਮਾਦ ਹੋਵੇ, ਮੂਲੀ ਨਾਲ ਗੰਢਾ ਹੋਵੇ, ਗੁੜ ਦਾ ਸਵਾਦ ਹੋਵੇ…’ ਫਿਰ ਸਪੱਸ਼ਟ ਕੀਤਾ, ਜਿਥੇ ਕਮਾਦ ਹੁੰਦਾ, ਓਥੇ ਸਾਰਾ ਕੁਛ ਈ ਹੁੰਦੈ!
ਪੰਜਾਬੀਆਂ ਦੀ ਬੁਲੰਦ ਆਵਾਜ਼
ਪੱਤਰਕਾਰ ਗੁਰਮੀਤ ਪਲਾਹੀ ਨੇ ਆਪਣੀ ਕੁੜਮਣੀ ਆਸ਼ਾ ਸ਼ਰਮਾ ਬਾਰੇ ‘ਪੰਜਾਬੀਆਂ ਦੀ ਬੁਲੰਦ ਆਵਾਜ਼’ ਦੇ ਸਿਰਲੇਖ ਹੇਠ ਲਿਖਿਆ: ਪੰਜਾਬ ਦੀ ਆਵਾਜ਼ ਹੈ ਆਸ਼ਾ ਸ਼ਰਮਾ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਨਾਈ ਹੋਈ। ਬਰਨਾਲਾ ਸ਼ਹਿਰ ਦੇ ਪਿੰਡ ਸੇਖਾ ਵਿਚ ਮਾਸਟਰ ਸਰੂਪ ਸਿੰਘ ਅਤੇ ਗੋਦਾਵਰੀ ਦੇ ਘਰ 6 ਜਨਵਰੀ 1959 ਨੂੰ ਜਨਮੀ ਆਸ਼ਾ ਦਾ ਦਾਦਕਾ ਪਿੰਡ ਧੌਲਾ ਅਤੇ ਨਾਨਕਾ ਪਿੰਡ ਹੰਡਿਆਇਆ ਹੈ। ਇਸੇ ਖਿੱਤੇ ਚ ਉਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਸਾਂਝ ਪੀਡੀ ਕੀਤੀ ਅਤੇ ਇਸੇ ਦਾ ਕਰਜ਼ਾ ਉਤਾਰਨ ਲਈ ਉਸ ਨੇ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਅਪਾਣਾ ਜੀਵਨ ਲਗਾ ਦਿੱਤਾ। ਉਸ ਨੇ ਪੰਜਾਬ ਵਿਚ ਹੀ ਨਹੀਂ ਸਗੋਂ ਕੈਨੇਡਾ, ਅਮਰੀਕਾ ਅਤੇ ਵਿਸ਼ਵ ਦੇ ਹੋਰ ਕਈ ਮੁਲਕਾਂ ਵਿਚ ਆਪਣੀ ਸੂਝ-ਬੂਝ, ਸਲੀਕੇ ਤੇ ਮਿੱਠੇ ਬੋਲਾਂ ਨਾਲ ਪੰਜਾਬੀ ਬੋਲੀ ਨੂੰ ਪੰਜਾਬੀ ਘਰਾਂ ਚ ਜਿਊਂਦਿਆਂ ਰੱਖਣ ਲਈ ਬੜਾ ਵੱਡਾ ਕਾਰਜ ਕੀਤਾ ਅਤੇ ਪੰਜਾਬੀ ਸਭਿਆਚਾਰ ਨੂੰ ਦੁਨੀਆਂ ਦੇ ਹੋਰਨਾਂ ਸਭਿਆਚਾਰਾਂ ਵਾਲੇ ਲੋਕਾਂ ਵਿਚ ਲੈ ਜਾਣ ਚ ਵੀ ਵੱਡੀ ਭੂਮਿਕਾ ਨਿਭਾਈ।
ਆਸ਼ਾ ਸ਼ਰਮਾ ਕੈਲੀਫੋਰਨੀਆ ਦੇ ਸ਼ਹਿਰ ਮੌਰਗਿਨ ਹਿੱਲ ਚ ਆਪਣੇ ਪਤੀ ਹਰਮੋਹਨ ਸਿੰਘ ਐੱਮਬੀਏ ਨਾਲ ਵਸਦੀ ਕਮਾਲ ਦੀ ਐਂਕਰ ਤੇ ਵਕਤਾ ਹੈ। ਪੰਜਾਬੀ ਗਾਇਕਾਂ ਦੇ ਅਖਾੜਿਆਂ ਨਾਲ ਐਂਕਰਿੰਗ ਕਰਦੀ ਆਸ਼ਾ ਸ਼ਰਮਾ ਕਿਸੇ ਵੀ ਅਖਾੜੇ ਚ ਕਿਸੇ ਵੀ ਛੋਟੀ ਜਾਂ ਵੱਡੀ ਸਟੇਜ ਉੱਤੇ ਇਹੋ ਜਿਹਾ ਸਮਾਂ ਬੰਨ੍ਹਦੀ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ, ਔਰਤਾਂ ਤੇ ਮਰਦ ਸਭ ਉਹਦੇ ਬੋਲਾਂ ਨਾਲ ਕੀਲੇ ਜਾਂਦੇ ਹਨ। ਪੰਜਾਬੀ ਸਾਹਿਤ ਦੇ ਅਥਾਹ ਸਮੁੰਦਰ ਵਿਚੋਂ ਪੁਰਾਣੇ ਕਵੀਆਂ, ਕਵੀਸ਼ਰਾਂ ਦੇ ਟੋਟਕੇ ਸੁਣਾਉਂਦਿਆਂ ਅਤੇ ਗੁਰਬਾਣੀ ਦੇ ਹਵਾਲੇ ਦਿੰਦਿਆਂ ਉਹ ਸਟੇਜ ਉੱਤੇ ਸਮਾਂ ਬੰਨ੍ਹਣ ਦੀ ਜਾਚ ਰੱਖਦੀ ਹੈ। ਪੰਜਾਬ ਚ ਰਹਿੰਦਿਆਂ ਉਹ ਪੰਜਾਬ ਦੇ ਸਭਿਆਚਾਰਕ ਮੇਲਿਆਂ ਦਾ ਸ਼ਿੰਗਾਰ ਬਣਦੀ ਰਹੀ। ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਵਿਚ ਉਸ ਨੇ ਪੰਜਾਬ ਦੇ ਵੱਡੇ ਵੱਡੇ ਗਾਇਕਾਂ ਨਾਲ ਅਥਾਹ ਪ੍ਰੋਗਰਾਮ ਪੇਸ਼ ਕੀਤੇ ਜਿਥੇ ਹਜ਼ਾਰਾਂ ਸਰੋਤਿਆਂ ਦਾ ਅਦਬ ਸਤਿਕਾਰ ਪ੍ਰਾਪਤ ਕੀਤਾ। ਅਨੇਕਾਂ ਸਟੇਜਾਂ ਤੇ ਉਸ ਦਾ ਮਾਣ ਸਨਮਾਨ ਹੋਇਆ।
ਅੰਗਰੇਜ਼ੀ ਦੀ ਐੱਮਏ ਤੇ ਫਿਰ ਬੀਐੱਡ ਕਰ ਕੇ ਪਹਿਲਾਂ ਉਸ ਨੇ ਅਧਿਆਪਨ ਦਾ ਕਿੱਤਾ ਅਪਨਾਇਆ। ਕੁਝ ਸਾਲ ਅਧਿਆਪਨ ਕਰਨ ਬਾਅਦ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਬੰਧਨ ਚ ਅਫ਼ਸਰੀ ਵੀ ਕੀਤੀ ਅਤੇ ਰਾਜ ਸਰਕਾਰ ਦੀਆਂ ਸਟੇਜਾਂ ਉੱਤੇ ਐਕਰਿੰਗ ਕਰਦਿਆਂ ਨਾਮਣਾ ਕਮਾਇਆ। ਉਹ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲੇ-1978 ਵਿਚ ਭਾਸ਼ਣ ਮੁਕਾਬਲੇ ਦੀ ਗੋਲਡ ਮੈਡਲਿਸਟ ਹੈ। ਉਸ ਨੂੰ ਐੱਸਡੀ ਕਾਲਜ ਬਰਨਾਲਾ ਦੀ ਸਰਵੋਤਮ ਵਿਦਿਆਰਥਣ ਹੋਣ ਦਾ ਸਨਮਾਨ ਮਿਲਿਆ। ਉਹ ਉਸ ਕਾਲਜ ਦੇ ਪ੍ਰੋ. ਰਵਿੰਦਰ ਸਿੰਘ ਭੱਠਲ ਨੂੰ ਆਪਣਾ ਗੁਰੂ ਮੰਨਦੀ ਹੈ ਜਿਨ੍ਹਾਂ ਨੇ ਉਸ ਨੂੰ ਪੰਜਾਬੀ ਭਾਸ਼ਾ ਵਿਚ ਪਰਪੱਕ ਕੀਤਾ। ਵਿਆਹ ਕਰਾਉਣ ਉਪਰੰਤ ਉਹ ਅਮਰੀਕਾ ਚਲੇ ਗਏ। ਅਮਰੀਕਾ ਚ ਉਹ 1998 ਤੋਂ 2010 ਤਕ ਰੇਡੀਓ ਗੀਤ-ਸੰਗੀਤ ਦੀ ਮੁੱਖ ਸੰਚਾਲਕਾ ਰਹੀ ਅਤੇ ਅੱਜ ਕੱਲ੍ਹ ਫਰੀਲਾਂਸ ਐਂਕਰ ਵਜੋਂ ਸਟੇਜਾਂ ਉੱਤੇ ਕੰਮ ਕਰਦੀ ਹੈ। ਉਸ ਨੂੰ ਮਾਣ ਹੈ ਕਿ ਉਸ ਨੇ ਪਾਪੂਲਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਵਰਗੇ ਉੱਚ ਕੋਟੀ ਦੇ ਗਾਇਕਾਂ ਤੇ ਨਵੇਂ ਪੁੰਗਰਦੇ ਹੋਣਹਾਰ ਗਾਇਕਾਂ ਨੂੰ ਵਿਦੇਸ਼ਾਂ ਵਿਚ ਪੰਜਾਬੀ ਸਰੋਤਿਆਂ ਦੇ ਸਨਮੁੱਖ ਕੀਤਾ ਅਤੇ ਸ਼ਾਹਰੁਖ ਖਾਨ ਜਿਹੇ ਫਿਲਮੀ ਅਦਾਕਾਰਾਂ ਨੂੰ ਵੀ ਪੰਜਾਬੀ ਸਰੋਤਿਆਂ ਤੇ ਦਰਸ਼ਕਾਂ ਦੀਆਂ ਸਟੇਜਾਂ ਉੱਤੇ ਲਿਆਂਦਾ।
ਉਹ ਅਮਰੀਕਾ ਤੇ ਕੈਨੇਡਾ ਦੇ ਸਭਿਆਚਾਰਕ ਮੇਲਿਆਂ, ਕਬੱਡੀ ਟੂਰਨਾਮੈਂਟਾਂ, ਤੀਆਂ, ਤਿਉਹਾਰਾਂ, ਗੁਰਪੁਰਬਾਂ ਤੇ ਅਨੰਦ ਕਾਰਜਾਂ ਦੇ ਸਮਾਗਮਾਂ ਦਾ ਮਾਣ ਬਣਦੀ ਹੈ। ਆਪਣੀ ਮਿਠੀ ਸਰੋਦੀ ਆਵਾਜ਼ ਤੇ ਵਿਦਵਤਾ ਭਰੇ ਵਿਚਾਰਾਂ ਕਰਕੇ ਉਹ ਪਰਵਾਸੀ ਪੰਜਾਬੀਆਂ ਵਿਚ ਵੱਖਰੀ ਸਨਮਾਨਯੋਗ ਪਛਾਣ ਰੱਖਦੀ ਹੈ ਅਤੇ ਦੇਸ਼-ਵਿਦੇਸ਼ ਵਿਚ ਜਾਣੀ ਜਾਂਦੀ ਨਿਵੇਕਲੀ ਸ਼ਖ਼ਸੀਅਤ ਹੈ। ਅਨੇਕ ਗੁਣਾਂ ਨਾਲ ਭਰਪੂਰ ਆਸ਼ਾ ਸ਼ਰਮਾ ਪੰਜਾਬ ਤੋਂ ਪੰਜਾਬੀ ਵਿਰਸਾ ਟਰੱਸਟ ਵੱਲੋਂ ਪ੍ਰਕਾਸ਼ਤ ਕੀਤੇ ਜਾਂਦੇ ਮੈਗਜ਼ੀਨ ‘ਧਰਤੀ ਦਾ ਸੂਰਜ’ ਦੀ ਸੰਪਾਦਕਾ ਹੈ ਜੋ ਹੁਣ ਤਕ ਪੰਜਾਬੀ ਵਿਰਸੇ ਦੀ ਝੋਲੀ 101 ਅੰਕ ਪਾ ਚੁੱਕਾ ਹੈ। ਆਸ਼ਾ ਸ਼ਰਮਾ ਮੁੱਢ ਤੋਂ ਹੀ ਇਹਨਾਂ ਸਤਰਾਂ ਦੀ ਧਾਰਨੀ ਹੈ: ਲੱਖ ਹੋਵੇ ਮੌਤ ਸਰੀਰਾਂ ਦੀ, ਨਹੀਂ ਬੁਝਦੀ ਜੋਤ ਜ਼ਮੀਰਾਂ ਦੀ।ਪੇਸ਼ ਉਹਦੀਆਂ ਖੇਡ ਲਿਖਤਾਂ ਵਿਚੋਂ ਇਕ ਲਿਖਤ:
ਤਾਰ ’ਤੇ ਤੁਰਨ ਵਾਲੀਆਂ ਨਟ-ਨਟਣੀਆਂ
ਨਟ-ਨਟਣੀਆਂ ਦੀ ਜ਼ਿੰਦਗੀ ਸਦਾ ਤਲਵਾਰ ਦੀ ਧਾਰ ’ਤੇ ਤੁਰਨ ਵਾਂਗਰ ਹੈ, ਨਿਰਾ ਮੁਸੀਬਤਾਂ ਦਾ ਪਹਾੜ ਪਰ ਮਨੁੱਖੀ ਮਨ ਮੁਸੀਬਤਾਂ ਵਿਚੋਂ ਵੀ ਨਿੱਕੀ-ਵੱਡੀ ਖੁਸ਼ੀ ਲੱਭਦਾ ਰਹਿੰਦਾ ਹੈ। ਗ੍ਰਹਿਸਥ ਜੀਵਨ ਦੀ ਗੱਲ ਹੋਵੇ ਜਾਂ ਰੁਜ਼ਗਾਰ ਦੀ; ਸਿੱਖਿਆ ਸਥਾਨ ਹੋਵੇ ਜਾਂ ਖੇਡਾਂ ਦਾ ਮੈਦਾਨ; ਪਤਾਲ ਫਰੋਲਣਾ ਹੋਵੇ ਜਾਂ ਪਹਾੜ ਤੇ ਚੜ੍ਹਨ ਦੀ ਕੋਸ਼ਿਸ਼; ਹਰ ਥਾਂ ਮਨੁੱਖ ਸੰਘਰਸ਼ ਕਰਦਾ ਹੈ, ਖੁਸ਼ੀ ਲੱਭਦਾ ਹੈ ਅਤੇ ਖੁਸ਼ੀ ਦੀ ਪ੍ਰਾਪਤੀ ਲਈ ਉਹ ਘਰ-ਬਾਰ ਛੱਡ ਪਰਦੇਸੀ ਵੀ ਬਣ ਜਾਂਦਾ ਹੈ। ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ’ ਵਿਚ ਵੀ ਖ਼ੁਸ਼ੀ ਹੈ। ਕੋਲੇ/ਲੋਹੇ ਦੀਆਂ ਖਾਣਾਂ ਚ ਚਲੇ ਜਾਓ, ਸਮੁੰਦਰ ਕੰਢੇ ਤੁਰ ਜਾਓ, ਜੰਗਲਾਂ, ਪਹਾੜਾਂ ਵੱਲ ਝਾਤੀ ਮਾਰ ਲਉ, ਹਰ ਥਾਂ ਮਨੁੱਖ ਆਹਰ ਚ ਖੁਭਿਆ ਹੋਇਆ ਹੈ, ਪੇਟ ਪਾਲਣਾ ਲਈ, ਚੰਗੇ ਭਵਿੱਖ ਲਈ ਤੇ ਖਾਹਸ਼ਾਂ ਦੀ ਪੂਰਤੀ ਲਈ ਪਰ ਇਹਨਾ ਸਭਨਾਂ ਚ ਇਹ ਜਿਊੜੇ, ਨਟ-ਨਟਣੀਆਂ ਮਨ ਨੂੰ ਮੋਹ ਲੈਂਦੇ ਹਨ, ਜਿਹੜੇ ਖ਼ਤਰਿਆਂ ਨਾਲ ਖੇਡਦੇ ਰੋਟੀ ਕਮਾਉਂਦੇ ਹਨ, ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਸਵੈ-ਮਾਣ ਭਰੀ ਜ਼ਿੰਦਗੀ ਵੀ ਜਿਊਂਦੇ ਹਨ।
ਜ਼ਿੰਦਗੀ ਦੇ ਸੰਘਰਸ਼ ਦਾ ਇਹ ਪੱਖ, ਮਨੁੱਖੀ ਇਤਿਹਾਸ ਦੀ ਤਰਜਮਾਨੀ ਕਰਦਾ ਹੈ। ਜੰਗਲਾਂ ਵਿਚੋਂ ਮੈਦਾਨ, ਮੈਦਾਨਾਂ ਵਿਚੋਂ ਖੇਡ ਮੈਦਾਨ ਤੇ ਖੇਡ ਮੈਦਾਨ ਤੋਂ ਜੰਗ ਦਾ ਮੈਦਾਨ ਅਤੇ ਮਨ ਦੀ ਚਾਹਨਾ ਪੂਰੀ ਕਰਨ ਲਈ ਮਨੋਰੰਜਨ। ਮਨੋਰੰਜਨ ਦੇ ਬੜੇ ਰੂਪ ਹਨ। ਸੰਗੀਤ ਉਹਨਾਂ ਵਿਚੋਂ ਇਕ ਹੈ। ਖੇਡਾਂ ਅਥਵਾ ਕਰਤਬ ਦੇਖਣਾ, ਦਿਖਾਉਣਾ ਦੂਜਾ ਹੈ। ਇਹ ਮਨੁੱਖੀ ਜੀਵਨ ਦੀ ਖ਼ੁਰਾਕ ਹੈ। ਐਸੀ ਖ਼ੁਰਾਕ ਜੋ ਉਸ ਵਿਚ ਜੀਵਨ ਜਿਊਣ ਤੇ ਕਦੇ ਨਿਰਾਸ਼ ਨਾ ਹੋਣ ਦੀ ਤਾਂਘ ਪੈਦਾ ਕਰਦੀ ਹੈ। ਬੰਦਾ ਕਿੰਨਾ ਥੱਕਿਆ-ਟੁੱਟਿਆ ਹੋਵੇ, ਗੀਤ ਸੰਗੀਤ ਸੁਣ ਕੇ ਵਜਦ ਵਿਚ ਆ ਜਾਂਦਾ ਹੈ। ਮਨੁੱਖ ਕਿੰਨਾ ਔਖਾ ਹੋਵੇ, ਬਿਮਾਰ-ਠਮਾਰ ਹੋਵੇ, ਅਜੀਬ ਕਰਤਬ ਕਰਦੇ ਨਟ-ਨਟਣੀਆਂ ਨੂੰ ਵੇਖ ਕੇ ਮੁੜ ਸਿਹਤਮੰਦ ਜ਼ਿੰਦਗੀ ਜਿਊਣ ਦੇ ਰਾਹ ਪੈ ਤੁਰਦਾ ਹੈ। ਸੈਂਕੜੇ-ਹਜ਼ਾਰਾਂ ਅਪਾਹਜ ਲੋਕ ਜ਼ਿੰਦਗੀ ਦਾ ਸਫ਼ਰ ਮਾਨਸਿਕ ਮਜ਼ਬੂਤੀ ਨਾਲ ਹੀ ਤੈਅ ਕਰਦੇ ਹਨ। ਇਹੀ ਮਾਨਸਿਕ ਮਜ਼ਬੂਤੀ ਤਾਰਾਂ ’ਤੇ ਤੁਰਨ ਵਾਲਿਆਂ ਕੋਲ ਹੁੰਦੀ ਹੈ, ਜਿਹੜੇ ਪੇਟ ਦੀ ਖ਼ਾਤਰ ਖ਼ਤਰਨਾਕ ਕਰਤਬ ਕਰਦੇ ਹਨ। ਬਿਨਾ ਡਰੇ ਜ਼ਿੰਦਗੀ ਨਾਲ ਸਮਝੌਤਾ ਕੀਤੇ ਅੱਗੇ ਤੁਰਦੇ ਜਾਂਦੇ ਹਨ। ਬਾਜ਼ੀਗਰਾਂ ਦੇ ਦੰਗ ਕਰਨ ਵਾਲੇ ਕਰਤਬਾਂ ਨੂੰ ਪੰਜਾਬ ਦੇ ਪਿੰਡਾਂ ਚ ਭਲਾ ਕੀਹਨੇ ਨਹੀਂ ਵੇਖਿਆ। ਗਤਕਾ ਖੇਡਣ ਵਾਲਿਆਂ ਨੂੰ ਕੌਣ ਨਹੀਂ ਜਾਣਦਾ? ਸ਼ਹਿਰ ਸ਼ਹਿਰ, ਪਿੰਡ ਪਿੰਡ ਜਾ ਕੇ ਤਾਰ ਤੇ ਤੁਰਨ ਵਾਲੀਆਂ ਨਿੱਕੀਆਂ ਨਿੱਕੀਆਂ ਬਾਲੜੀਆਂ, ਉਹਨਾਂ ਦੇ ਮਾਪਿਆਂ ਦੀ ਝਲਕ ਕਿਸ ਨੇ ਨਹੀਂ ਪਾਈ ਹੋਵੇਗੀ ਜੋ ਖ਼ਤਰੇ ਸਹੇੜ ਕੇ ਰੋਟੀ-ਟੁੱਕ ਦਾ ਜੁਗਾੜ ਕਰਦੇ ਹਨ। ਇਸ ਜੁਗਾੜ ਚੋਂ ਵੀ ਉਹ ਖੁਸ਼ੀਆਂ ਵੰਡਦੇ ਤੇ ਖੁਸ਼ੀ ਪ੍ਰਾਪਤ ਕਰਦੇ ਹਨ।
ਨਟ-ਨਟਣੀਆਂ ਦੀ ਕਲਾ ਆਪਣੀ ਤਰ੍ਹਾਂ ਦੀ ਸਰਕਸ ਹੈ। ਇਸ ਨੂੰ ਭਾਰਤ ਵਿਚ ਆਈ 1880 ਦੀ ਸਰਕਸ ਨਾਲ ਜੋੜਿਆ ਜਾਂਦਾ ਹੈ। 1879 ਵਿਚ ਰਾਇਲ ਇਟੈਲੀਅਨ ਸਰਕਸ ਦੇ ਸ਼ੁਰੂ ਹੋਣ ਵੇਲੇ ਭਾਰਤ ਵਿਚ ਸਰਕਸ ਨੂੰ ਕੋਈ ਨਹੀਂ ਸੀ ਜਾਣਦਾ। ਮਾਰਚ 1880 ਵਿਚ ਵਿਸ਼ਨੂੰਪਤ ਚਤਰੇ ਨੇ ਸਰਕਸ ਦਾ ਪਹਿਲਾ ਸ਼ੋਅ ਕਲਕੱਤੇ ਕੀਤਾ। ਫਿਰ ਬੰਬੇ, ਸ੍ਰੀਲੰਕਾ, ਸਿੰਗਾਪੁਰ, ਕੁਆਲਾਲੰਪੁਰ, ਜਕਾਰਤਾ ਤੇ ਜਪਾਨ ਵਿਚ ਸ਼ੋਅ ਕੀਤੇ। ਭਾਰਤ ਵਿਚ ਕੀਤੇ ਜਾਂਦੇ ਸ਼ੋਆਂ ਦੀ ਰੀਸ ਕਰਦਿਆਂ ਨਟ-ਨਟਣੀਆਂ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਸ਼ੋਅ ਕਰਨ ਲੱਗੀਆਂ। ਨੰਗੇ ਪੈਰੀਂ ਤਾਰ ਤੇ ਤੁਰਦਿਆਂ ਲੜਕੀਆਂ ਵੱਲੋਂ ਕਰਤਬ ਦਿਖਾਉਣਾ ਬਿਨਾ ਸ਼ੱਕ ਜ਼ੋਖਿ਼ਮ ਦਾ ਕੰਮ ਹੈ। ਇਸ ਕਿਸਮ ਦੇ ਸਟੰਟ ਫਿਲਮਾਂ ਚ ਵੇਖੇ ਜਾ ਸਕਦੇ ਹਨ। ਸਹਿਜ ਸੁਭਾਅ ਪੀੜ੍ਹੀ-ਦਰ-ਪੀੜ੍ਹੀ ਕੀਤੇ ਜਾਂਦੇ ਇਹ ਕਰਤਬ ਸਪੇਰੇ ਤੇ ਸੱਪ, ਬਾਜ਼ੀਗਰੀ ਦੇ ਕਰਤਬ, ਬਾਂਦਰ ਤੇ ਮਦਾਰੀ ਦੀ ਡੁਗਡੁਗੀ ਵਰਗੇ ਕਰਤਬਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਦਿਸਦੇ। ਤਾਰ ’ਤੇ ਚੱਲਣ ਵਾਲੇ ਇਹ ਬੱਚੇ ਸੰਗੀਤ ਦੀ ਤਾਲ ਨਾਲ ਤਾਰ ’ਤੇ ਤੁਰਦੇ, ਰਤਾ ਮਾਸਾ ਵੀ ਨਹੀਂ ਉੱਕਦੇ। ਇੰਜ ਹੀ ਲੋਕਾਂ ਦੀ ਸ਼ਾਬਾਸ਼ ਪ੍ਰਾਪਤ ਕਰਦੇ ਹਨ ਅਤੇ ਮਾਨ ਸਨਮਾਨ ਤੇ ਇਨਾਮ ਵੀ ਜਿਹੜੇ ਉਹਨਾਂ ਦੀ ਰੋਟੀ ਦੇ ਸਾਧਨ ਬਣਦੇ ਹਨ।
ਖ਼ਰਚਾ-ਪਾਣੀ ਵਾਲੇ ਇਹ ਕਲਾਕਾਰ ਪੂਰੇ ਦੇਸ਼ ਵਿਚ ਫੈਲੇ ਹੋਏ ਹਨ। ਪਰ ਦਿੱਲੀ, ਪੰਜਾਬ ਤੇ ਹਰਿਆਣੇ ਵਿਚ ਇਹ ਕਲਾਕਾਰ ਆਮ ਤੌਰ ਤੇ ਛੱਤੀਸਗੜ੍ਹ ਤੋਂ ਆਉਂਦੇ ਹਨ। ਇਹ ਟੋਲੀਆਂ ਆਪਣੇ ਪੂਰੇ ਸਮਾਨ ਨਾਲ ਲੈੱਸ ਹੁੰਦੀਆਂ ਹਨ। ਪਹਿਲਾਂ ਇਹ ਢੋਲਕ ਦੀ ਤਾਲ ਉਤੇ ਲੋਕਾਂ ਨੂੰ ਇਕੱਠਾ ਕਰਦੇ ਸਨ ਪਰ ਹੁਣ ਉਹਨਾਂ ਵੱਲੋਂ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਇਹਨਾਂ ਕਰਤਬਾਂ ਨੂੰ ਖੇਡਾ ਪਾਉਣਾ ਵੀ ਕਿਹਾ ਜਾਣ ਲੱਗਾ ਹੈ। ਇਹ ਖੇਡਾ ਆਮ ਤੌਰ ਤੇ ਛੋਟੀਆਂ ਲੜਕੀਆਂ ਪਾਉਂਦੀਆਂ ਹਨ। ਇਹਨਾਂ ਖੇਡਿਆਂ ਚ ਰੱਸੀ ਉਤੇ ਅਡੋਲ ਤੁਰਨਾ, ਥਾਲੀ ਪੈਰਾਂ ਚ ਰੱਖ ਕੇ ਜਾਂ ਸਿਰ ਤੇ ਲੋਟਾ ਲੈ ਕੇ ਕਰਤਬ ਕਰਨੇ ਆਮ ਹਨ। ਲੰਮੇ ਬਾਂਸ ਉਪਰ&ਨਬਸਪ; ਛਤਰੀ ਉਤੇ ਘੁੰਮਣ ਦੀ ਵਿਸ਼ੇਸ਼ ਖਿੱਚ ਹੁੰਦੀ ਹੈ। ਇਹ ਛਤਰੀ ਉਸੇ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਬੂਤਰਾਂ ਦੀ ਛਤਰੀ। ਲੜਕੀ ਜਦੋਂ ਵੱਡੀ ਹੋ ਜਾਂਦੀ ਹੈ ਤਾਂ ਉਸ ਦੀ ਛੋਟੀ ਭੈਣ ਜਾਂ ਅੱਗੋਂ ਉਹਦੀ ਲੜਕੀ ਇਸ ਕੰਮ ਵਿਚ ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਹੈ।
ਖ਼ਰਚੇ-ਪਾਣੀ ਲਈ ਇਹ ਛੋਟੀ ਸਰਕਸ ਵਾਲਾ ਕੰਮ ਬਹੁਤ ਜ਼ੋਖਿ਼ਮ ਭਰਿਆ ਹੈ। ਝੁੱਗੀਆਂ ਝੌਂਪੜੀਆਂ ਚ ਦਿਨਕਟੀ ਕਰ ਰਹੇ ਇਹਨਾਂ ਲੋਕਾਂ ਦਾ ਜੀਵਨ ਬੇਹੱਦ ਦੁੱਭਰ ਹੈ। ਕਈ ਵੇਰ ਸੜਕਾਂ ਜਾਂ ਮੁਹੱਲਿਆਂ ਚ ਲੋਕ ਇਹਨਾਂ ਨੂੰ ਆਪਣੇ ਪਿੜ ਨਹੀਂ ਬੰਨ੍ਹਣ ਦਿੰਦੇ। ਫਿਰ ਇਹ ਮਨੋਰੰਜਨ ਪੇਸ਼ ਕਰਨ ਲਈ ਕਿਸੇ ਹੋਰ ਥਾਂ ਤੁਰ ਜਾਂਦੇ ਹਨ। 75 ਵਰ੍ਹਿਆਂ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਫਿਰਤੂ-ਲੋਕ ਨਾ ਆਪਣੇ ਘਰ ਬਣਾ ਸਕੇ ਹਨ, ਨਾ ਇਹਨਾਂ ਦੇ ਬੱਚੇ ਸਕੂਲ ਜਾ ਸਕੇ ਹਨ।ਜ਼ੋਖਿ਼ਮ ਉਠਾਉਣ ਵਾਲੀਆਂ ਇਹਨਾਂ ਨਟਣੀਆਂ ਦੀ ਪੁਸ਼ਾਕ ਸਰੀਰ ਨੂੰ ਪੂਰੀ ਤਰ੍ਹਾਂ ਕੱਜਣ ਵਾਲੀ ਹੁੰਦੀ ਹੈ। ਸਿਰ ਢਕਿਆ ਹੋਇਆ, ਪੂਰੀਆਂ ਬਾਹਾਂ ਵਾਲਾ ਲੰਮਾ ਜੰਪਰ ਤੇ ਘੁੱਟਵੀਂ ਪਜਾਮੀ ਇਹਨਾਂ ਦੀ ਪੁਸ਼ਾਕ ਹੈ। ਇਸ ਕਿਸਮ ਦੇ ਕੱਪੜੇ ਪਹਿਨਣਾ ਇਹਨਾਂ ਦੇ ਰਸਮੋ-ਰਿਵਾਜ ਦਾ ਹਿੱਸਾ ਵੀ ਹੈ। ਕਰਤਬ ਕਰਨ ਵੇਲੇ ਖੁੱਲ੍ਹੀ ਪੁਸ਼ਾਕ ਕਾਰਨ ਕੋਈ ਹਾਦਸਾ ਨਾ ਵਾਪਰੇ, ਇਸ ਕਰਕੇ ਤੰਗ ਤੇ ਘੁੱਟਵੀਂ ਪੁਸ਼ਾਕ ਪਹਿਨਣੀ ਇਨ੍ਹਾਂ ਦੀ ਮਜਬੂਰੀ ਹੈ। ਨਟ-ਨਟਣੀਆਂ ਦੀ ਜਿ਼ੰਦਗੀ ਸਦਾ ਤਲਵਾਰ ਦੀ ਧਾਰ ’ਤੇ ਤੁਰਨਾ ਹੀ ਲਿਖੀ ਹੈ।
ਈਮੇਲ: principalsarwansingh@gmail.com