ਸੁਭਾਸ਼ ਪਰਿਹਾਰ
ਲਾਹੌਰ ਦੀ ਪਹਿਲੀ ਵੱਡੀ ਜਾਮਾ ਮਸਜਿਦ ਦੀ ਉਸਾਰੀ ਬਾਦਸ਼ਾਹ ਸ਼ਾਹਜਹਾਂ ਦੇ ਰਾਜਕਾਲ ਦੌਰਾਨ ਪੰਜਾਬ ਦੇ ਸੂਬੇਦਾਰ ਵਜ਼ੀਰ ਖ਼ਾਨ ਨੇ ਕਰਵਾਈ ਸੀ। ਇਹ ਮਸਜਿਦ ਅੱਜ ਵੀ ਸ਼ਹਿਰ ਦੀ ਸਭ ਤੋਂ ਦਿਲ-ਟੁੰਬਵੀਂ ਇਮਾਰਤ ਹੈ। ਇਸ ਮਸਜਿਦ ਦੀ ਉਸਾਰੀ ਕਰਵਾਉਣ ਵਾਲਾ ਵਜ਼ੀਰ ਖ਼ਾਨ, ਸਰਹਿੰਦ ਵਾਲੇ ਵਜ਼ੀਰ ਖ਼ਾਨ ਤੋਂ ਵੱਖਰਾ ਅਹਿਲਕਾਰ ਸੀ ਜੋ 1641 ਵਿੱਚ ਹੀ ਫ਼ੌਤ ਹੋ ਗਿਆ ਸੀ।
ਅਰਬੀ ਭਾਸ਼ਾ ਦਾ ਲਫ਼ਜ਼ ਹੈ ਸਿਜਦਾ। ਸਿਜਦਾ ਕਰਨ ਦਾ ਅਰਥ ਹੈ ਸਿਰ ਝੁਕਾਉਣਾ। ਇਸ ਲਫ਼ਜ਼ ਮੂਹਰੇ ਅਰਬੀ ਅਗੇਤਰ ਮੀਮ ਲੱਗਣ ਨਾਲ ਇਹ ਸ਼ਬਦ ‘ਮਸਜਿਦ’ ਬਣ ਜਾਂਦਾ ਹੈ ਅਤੇ ਇਸ ਦਾ ਮਤਲਬ ਬਣਦਾ ਹੈ ਸਿਜਦਾ ਕਰਨ ਦਾ ਸਥਾਨ। ਜੋ ਸਥਾਨ ਸਿੱਖ ਧਰਮ ਵਿੱਚ ਗੁਰਦੁਆਰੇ ਅਤੇ ਹਿੰਦੂ ਧਰਮ ਵਿੱਚ ਮੰਦਰ ਦਾ ਹੁੰਦਾ ਹੈ, ਇਸਲਾਮ ਵਿੱਚ ਮਸਜਿਦ ਦਾ ਹੈ। ਮਸਜਿਦ ਇਨ੍ਹਾਂ ਦੋਵਾਂ ਧਾਰਮਿਕ ਸਥਾਨਾਂ ਨਾਲੋਂ ਇਕ ਪੱਖੋਂ ਵੱਖਰੀ ਵੀ ਹੁੰਦੀ ਹੈ। ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਮੂਹਰੇ ਮੱਥਾ ਟੇਕਿਆ ਜਾਂਦਾ ਹੈ ਅਤੇ ਮੰਦਰ ਵਿੱਚ ਮੱਥਾ ਟੇਕਣ ਲਈ ਕਿਸੇ ਦੇਵੀ/ਦੇਵਤੇ ਦੀ ਮੂਰਤੀ ਹੁੰਦੀ ਹੈ, ਪਰ ਮਸਜਿਦ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ। ਬਸ ਪੱਛਮੀ ਕੰਧ ਵਿੱਚ ਇੱਕ ਮਹਿਰਾਬ/ਡਾਟ ਬਣੀ ਹੁੰਦੀ ਹੈ ਜਿਸ ਵੱਲ ਮੂੰਹ ਕਰਕੇ ਸਿਜਦਾ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਸਿਜਦਾ ਕਰਨ ਵਾਲੇ ਦਾ ਮੂੰਹ ਮੱਕਾ ਸ਼ਰੀਫ਼ ਵੱਲ ਹੋ ਜਾਂਦਾ ਹੈ ਜੋ ਮੁਸਲਮਾਨਾਂ ਲਈ ਸਭ ਤੋਂ ਮੁਕੱਦਸ ਥਾਂ ਮੰਨੀ ਜਾਂਦੀ ਹੈ।
ਮੁਸਲਿਮ ਵੱਸੋਂ ਵਾਲੇ ਹਰੇਕ ਪਿੰਡ/ਕਸਬੇ/ਸ਼ਹਿਰ ਵਿੱਚ ਘੱਟੋ-ਘੱਟ ਇੱਕ ਜਾਂ ਇਸ ਤੋਂ ਵੱਧ ਮਸਜਿਦਾਂ ਹੁੰਦੀਆਂ ਹਨ। ਆਮ ਤੌਰ ’ਤੇ ਗਲੀ-ਮੁਹੱਲਿਆਂ ਦੀਆਂ ਮਸਜਿਦਾਂ ਆਕਾਰ ਵਿੱਚ ਛੋਟੀਆਂ ਹੁੰਦੀਆਂ ਹਨ, ਪਰ ਸ਼ਹਿਰ ਵਿੱਚ ਇੱਕ ਵੱਡੀ ਕੇਂਦਰੀ ਮਸਜਿਦ ਵੀ ਹੁੰਦੀ ਹੈ ਜਿਸ ਨੂੰ ਜਾਮਾ ਮਸਜਿਦ ਕਿਹਾ ਜਾਂਦਾ ਹੈ। ਮੁਸਲਮਾਨ ਮਸਜਿਦ ਦੀ ਉਸਾਰੀ ਕਰਵਾਉਣਾ ਪੁੰਨ ਦਾ ਕੰਮ ਮੰਨਦੇ ਹਨ।
ਲਾਹੌਰ ਦੇ ਗਲੀ-ਮੁਹੱਲਿਆਂ ਵਿੱਚ ਵੀ ਅਣਗਿਣਤ ਮਸਜਿਦਾਂ ਹਨ, ਪਰ ਜਾਪਦਾ ਹੈ ਕਿ ਬਾਦਸ਼ਾਹ ਜਹਾਂਗੀਰ ਦੇ ਰਾਜਕਾਲ ਤੀਕ ਸ਼ਹਿਰ ਵਿੱਚ ਕੋਈ ਬਹੁਤ ਵੱਡੀ ਮਸਜਿਦ ਨਹੀਂ ਸੀ। ਇਸ ਸਮੇਂ ਤੀਕ ਸ਼ਹਿਰ ਵਿੱਚ ਸਭ ਤੋਂ ਵੱਡੀ ਮਸਜਿਦ ਜਹਾਂਗੀਰ ਦੀ ਰਾਜਪੂਤ ਮਾਂ (ਜੋ ਜੈਪੁਰ ਦੇ ਰਾਜਾ ਭਾਰਮੱਲ ਜਾਂ ਬਿਹਾਰੀ ਮੱਲ ਦੀ ਧੀ ਸੀ) ਵੱਲੋਂ 1611-14 ਦੌਰਾਨ ਉਸਰਵਾਈ ਗਈ ਮਰੀਅਮ ਜ਼ਮਾਨੀ ਦੀ ਮਸਜਿਦ ਸੀ ਜੋ ਹੁਣ ਵੀ ਲਾਹੌਰ ਕਿਲ੍ਹੇ ਦੇ ਅਕਬਰੀ ਦਰਵਾਜ਼ੇ ਨੇੜੇ ਸੁਰੱਖਿਅਤ ਬਚੀ ਹੋਈ ਹੈ।
ਲਾਹੌਰ ਦੀ ਪਹਿਲੀ ਵੱਡੀ ਜਾਮਾ ਮਸਜਿਦ ਦੀ ਉਸਾਰੀ ਬਾਦਸ਼ਾਹ ਸ਼ਾਹਜਹਾਂ ਦੇ ਰਾਜਕਾਲ ਦੌਰਾਨ ਪੰਜਾਬ ਦੇ ਸੂਬੇਦਾਰ ਵਜ਼ੀਰ ਖ਼ਾਨ ਨੇ ਕਰਵਾਈ ਸੀ। ਇਹ ਮਸਜਿਦ ਅੱਜ ਵੀ ਸ਼ਹਿਰ ਦੀ ਸਭ ਤੋਂ ਦਿਲ-ਟੁੰਬਵੀਂ ਇਮਾਰਤ ਹੈ। ਸ਼ੁਰੂ ਵਿੱਚ ਹੀ ਸਪਸ਼ਟ ਕਰ ਦੇਈਏ ਕਿ ਇਸ ਮਸਜਿਦ ਦੀ ਉਸਾਰੀ ਕਰਵਾਉਣ ਵਾਲਾ ਵਜ਼ੀਰ ਖ਼ਾਨ, ਸਰਹਿੰਦ ਵਾਲੇ ਵਜ਼ੀਰ ਖ਼ਾਨ ਤੋਂ ਵੱਖਰਾ ਅਹਿਲਕਾਰ ਸੀ ਜੋ 1641 ਵਿੱਚ ਹੀ ਫ਼ੌਤ ਹੋ ਗਿਆ ਸੀ ਜਦੋਂਕਿ ਸਰਹਿੰਦ ਵਾਲਾ ਵਜ਼ੀਰ ਖ਼ਾਨ ਇਸ ਤੋਂ 76 ਸਾਲ ਮਗਰੋਂ 1710 ਵਿੱਚ ਚੱਪੜਚਿੜੀ ਦੀ ਲੜਾਈ ਵਿੱਚ ਮਾਰਿਆ ਗਿਆ ਸੀ। ਦਰਅਸਲ, ਮੁਗ਼ਲ ਕਾਲ ਦੌਰਾਨ ‘ਵਜ਼ੀਰ ਖ਼ਾਨ’ ਇੱਕ ਖ਼ਿਤਾਬ ਸੀ ਜੋ ਬਾਦਸ਼ਾਹ ਕਿਸੇ ਅਹਿਲਕਾਰ ’ਤੇ ਖ਼ੁਸ਼ ਹੋ ਕੇ ਉਸ ਨੂੰ ਬਖ਼ਸ਼ਦਾ ਸੀ।
ਲਾਹੌਰ ਦੀ ਮਸਜਿਦ ਬਣਵਾਉਣ ਵਾਲੇ ਵਜ਼ੀਰ ਖ਼ਾਨ ਦਾ ਅਸਲ ਨਾਂ ਹਕੀਮ ਆਲਿਮੁੱਦੀਨ ਸੀ ਜੋ ਪੱਛਮੀ ਪੰਜਾਬ ਦੇ ਸ਼ਹਿਰ ਚਿਨਿਓਟ ਦਾ ਰਹਿਣ ਵਾਲਾ ਸੀ। ਖ਼ੁਸ਼ਕਿਸਮਤੀ ਨਾਲ, ਉਸ ਬਾਰੇ ਸਮਕਾਲੀ ਇਤਿਹਾਸਕ ਸੋਮਿਆਂ ਤੋਂ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ। ਸ਼ਾਹਜਹਾਂ ਦੇ ਸਮੇਂ ਦੇ ਦਰਬਾਰੀ ਇਤਿਹਾਸ ਪਾਦਸ਼ਾਹਨਾਮਾ ਵਿੱਚ ਵਜ਼ੀਰ ਖ਼ਾਨ ਦਾ ਅਨੇਕਾਂ ਥਾਵਾਂ ’ਤੇ ਜ਼ਿਕਰ ਹੈ। ਇਸ ਮੁਤਾਬਿਕ ਆਲਿਮੁੱਦੀਨ ਯੂਨਾਨੀ ਹਿਕਮਤ (ਡਾਕਟਰੀ) ਦਾ ਮਾਹਿਰ ਸੀ। ਸ਼ੁਰੂ ਤੋਂ ਹੀ ਉਹ ਸ਼ਾਹਜ਼ਾਦੇ ਖ਼ੁੱਰਮ ਨਾਲ ਜੁੜਿਆ ਹੋਇਆ ਸੀ ਜੋ ਬਾਅਦ ਵਿੱਚ 1628 ਵਿੱਚ ਸ਼ਾਹਜਹਾਂ ਦੇ ਨਾਂ ਨਾਲ ਗੱਦੀ ’ਤੇ ਬੈਠਾ। ਸ਼ਾਹਜ਼ਾਦਗੀ ਦੌਰਾਨ ਜਦ ਖ਼ੁੱਰਮ ਦੀ ਆਪਣੇ ਪਿਤਾ ਜਹਾਂਗੀਰ ਨਾਲ ਅਣਬਣ ਹੋ ਗਈ ਸੀ ਤਦ ਵੀ ਆਲਿਮੁੱਦੀਨ ਨੇ ਉਸ ਦੀ ਹਰ ਤਰ੍ਹਾਂ ਨਾਲ ਬਹੁਤ ਮਦਦ ਕੀਤੀ ਸੀ। 1628 ਵਿੱਚ ਗੱਦੀ ’ਤੇ ਬੈਠਦੇ ਸਾਰ ਬਾਦਸ਼ਾਹ ਨੇ ਉਸ ਨੂੰ ‘ਵਜ਼ੀਰ ਖ਼ਾਨ’ ਦੇ ਖ਼ਿਤਾਬ ਨਾਲ ਨਿਵਾਜਿਆ। ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕਰਨ ਮਗਰੋਂ 1632 ਵਿੱਚ ਬਾਦਸ਼ਾਹ ਨੇ ਉਸ ਨੂੰ ਪੰਜਾਬ ਸੂਬੇ ਦਾ ਨਾਜ਼ਿਮ (ਗਵਰਨਰ) ਲਾ ਦਿੱਤਾ। ਇਸ ਸਮੇਂ ਉਸ ਦੀ ਉਮਰ ਲਗਭਗ 63 ਸਾਲ ਸੀ।
ਸ਼ਾਇਦ ਆਪਣੀ ਇਸ ਨਿਯੁਕਤੀ ਲਈ ਅੱਲਾਹ ਦਾ ਸ਼ੁਕਰ ਅਦਾ ਕਰਨ ਵਾਸਤੇ ਹੀ ਵਜ਼ੀਰ ਖ਼ਾਨ ਨੇ ਲਾਹੌਰ ਵਿਖੇ ਜਾਮਾ ਮਸਜਿਦ ਬਣਵਾਉਣ ਦਾ ਫ਼ੈਸਲਾ ਕੀਤਾ ਹੋਵੇ। ਮਸਜਿਦ ਉੱਪਰ ਦੋ ਤਾਰੀਖ਼ਾਂ 1044 ਅਤੇ 1045 [ਹਿਜ਼ਰੀ] ਦਰਜ ਹਨ ਜੋ ਈਸਵੀ ਵਰ੍ਹੇ 1634-35 ਅਤੇ 1635-36 ਬਣਦੇ ਸਨ। ਇਹ ਤਾਰੀਖ਼ਾਂ ਮਸਜਿਦ ਦੀ ਕ੍ਰਮਵਾਰ ਉਸਾਰੀ ਅਤੇ ਸਜਾਵਟ ਪੂਰੀ ਹੋਣ ਦੀਆਂ ਹੋ ਸਕਦੀਆਂ ਹਨ।
ਵਜ਼ੀਰ ਖ਼ਾਨ ਦੀ ਇਹ ਮਸਜਿਦ ਪੁਰਾਤਨ ਲਾਹੌਰ ਦੇ ਦਿੱਲੀ ਦਰਵਾਜ਼ੇ ਨੇੜੇ ਹੈ। ਦਿੱਲੀ ਤੋਂ ਲਾਹੌਰ ਕਿਲ੍ਹੇ ਨੂੰ ਆਉਂਦਾ ਸ਼ਾਹੀ ਕਾਫ਼ਲਾ ਇਸ ਦੇ ਕੋਲ਼ ਦੀ ਲੰਘਦਾ ਹੋਵੇਗਾ। ਬਣਤਰ ਵਿੱਚ ਇਹ ਆਮ ਮਸਜਿਦਾਂ ਨਾਲੋਂ ਬਹੁਤੀ ਵੱਖ ਨਹੀਂ। ਇੱਕ ਸ਼ਾਨਦਾਰ ਵੱਡੇ ਦਰਵਾਜ਼ੇ ਰਾਹੀਂ ਅਸੀਂ ਖੁੱਲ੍ਹੇ ਵਿਹੜੇ ਵਿੱਚ ਪ੍ਰਵੇਸ਼ ਕਰਦੇ ਹਾਂ ਜਿਸ ਦੇ ਤਿੰਨ ਪਾਸੇ ਇਕਾਂਤ ਵਿੱਚ ਇਬਾਦਤ ਕਰਨ ਲਈ 40 ਹੁਜ਼ਰੇ (ਛੋਟੇ ਛੋਟੇ ਕਮਰੇ) ਹਨ। ਵਿਹੜੇ ਦੇ ਪੱਛਮ ਵੱਲ ਇਬਾਦਤ ਕਰਨ ਵਾਲੀ ਪੰਜ ਗੁੰਬਦਾਂ ਨਾਲ ਸੁਸ਼ੋਭਿਤ ਇਮਾਰਤ ਹੈ। ਇਮਾਰਤ ਅਤੇ ਵਲਗਣ ਦੇ ਹਰੇਕ ਕੋਨੇ ਉੱਪਰ ਇੱਕ ਇੱਕ ਅੱਠਭੁਜਾ ਛਤਰੀਦਾਰ ਮੀਨਾਰ ਹੈ। ਵਿਹੜੇ ਵਿੱਚ ਫ਼ਕੀਰ ਅਬਦੁਲ ਈਸ਼ਾਕ ਦਾ ਮਜ਼ਾਰ ਹੈ। ਅਸਲ ਵਿੱਚ ਇਸ ਮਸਜਿਦ ਦੀ ਉਸਾਰੀ ਇਸ ਮਜ਼ਾਰ ਦੁਆਲੇ ਹੀ ਕੀਤੀ ਗਈ ਸੀ।
ਮਸਜਿਦ ਦੀ ਰੰਗ-ਬਿਰੰਗੀਆਂ ਗ਼ਲੇਜ਼ਡ ਟਾਈਲਾਂ ਨਾਲ ਕੀਤੀ ਸਜਾਵਟ ਅਤੇ ਇਸ ਦੇ ਅੰਦਰੂਨ ਭਾਗਾਂ ’ਤੇ ਰੰਗਾਂ ਨਾਲ ਚਿਤਰੇ ਵੇਲ-ਬੂਟੇ ਇਸ ਨੂੰ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਨਾਲੋਂ ਵੱਖਰਾ ਬਣਾਉਂਦੇ ਹਨ। ਉਂਜ ਚੰਗੀ ਇਮਾਰਤਸਾਜ਼ੀ ਦਾ ਇੱਕ ਅਸੂਲ ਹੈ ਕਿ ਸਜਾਵਟ ਇਮਾਰਤ ਦੀ ਬਣਤਰ ’ਤੇ ਭਾਰੂ ਨਹੀਂ ਹੋਣੀ ਚਾਹੀਦੀ, ਪਰ ਇਸ ਮਸਜਿਦ ਵਿੱਚ ਤਾਂ ਬਿਲਕੁਲ ਉਲਟੀ ਗੱਲ ਹੈ। ਇਸ ਦੀਆਂ ਦੀਵਾਰਾਂ ਦੀ ਬਣਤਰ ਹੀ ਇਸ ਤਰ੍ਹਾਂ ਰੱਖੀ ਗਈ ਹੈ ਕਿ ਸਜਾਵਟ ਨੂੰ ਵੱਧ ਤੋਂ ਵੱਧ ਥਾਂ ਮਿਲ ਸਕੇ। ਅਜਿਹੀ ਹਾਲਤ ਵਿੱਚ, ਜਦ ਚੰਗੀ ਇਮਾਰਤਸਾਜ਼ੀ ਦਾ ਇਕ ਮੂਲ ਸਿਧਾਂਤ ਅੱਖੋਂ ਪਰੋਖੇ ਕੀਤਾ ਗਿਆ ਹੋਵੇ, ਕਿਸੇ ਪ੍ਰਭਾਵਹੀਣ ਇਮਾਰਤ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ ਪਰ ਇਸ ਮਸਜਿਦ ਵਿੱਚ ਅਜਿਹਾ ਨਹੀਂ ਹੈ। ਦਰਸ਼ਕ ਨੂੰ ਧੁੱਪ ਵਿੱਚ ਲਿਸ਼ਕਦੀ ਵੰਨ-ਸੁਵੰਨੇ ਰੰਗਾਂ ਦੀ ਸਜਾਵਟ ਮੋਹ ਲੈਂਦੀ ਹੈ। ਬਾਰਿਸ਼ ਮਗਰੋਂ ਇਹ ਚਮਕ ਹੋਰ ਵੀ ਵਧ ਜਾਂਦੀ ਹੈ।
ਰੰਗੀਨ ਗ਼ਲੇਜ਼ਡ ਟਾਈਲਾਂ ਨਾਲ ਸਜਾਵਟ ਦੀ ਜੋ ਸ਼ੈਲੀ ਇੱਥੇ ਵਰਤੀ ਗਈ ਹੈ ਉਸ ਨੂੰ ਫ਼ਾਰਸੀ ਵਿੱਚ ਕਾਸ਼ੀਕਾਰੀ ਕਿਹਾ ਜਾਂਦਾ ਹੈ ਅਤੇ ਅੰਗਰੇਜ਼ੀ ਵਿੱਚ ਮੋਜ਼ੇਕ-ਟਾਈਲ। ਸ਼ਬਦ ਕਾਸ਼ੀਕਾਰੀ ਫ਼ਾਰਸ (ਇਰਾਨ) ਦੇ ਸ਼ਹਿਰ ਕਾਸ਼ਾਨ ਤੋਂ ਲਿਆ ਜਾਪਦਾ ਹੈ ਜੋ ਇਸ ਕਲਾ ਦਾ ਪ੍ਰਮੁੱਖ ਕੇਂਦਰ ਸੀ। ਪਹਿਲੇ-ਪਹਿਲ ਸਿਰਫ਼ ਫ਼ਾਰਸ ਅਤੇ ਫੇਰ ਮੱਧਕਾਲੀਨ ਉੱਤਰੀ ਭਾਰਤ ਵਿੱਚ ਪ੍ਰਚੱਲਿਤ ਇਹ ਕਲਾ ਸਤਾਰ੍ਹਵੀਂ ਸਦੀ ਦੌਰਾਨ ਪੂਰੇ ਜੋਬਨ ’ਤੇ ਰਹੀ। ਚੜ੍ਹਦੇ ਪੰਜਾਬ ਵਿੱਚ ਇਸ ਦੇ ਸਭ ਤੋਂ ਖ਼ੂਬਸੂਰਤ ਨਮੂਨੇ ਹੁਣ ਵੀ ਸਰਾਏ ਅਮਾਨਤ ਖ਼ਾਨ (ਜ਼ਿਲ੍ਹਾ ਤਰਨ ਤਾਰਨ) ਅਤੇ ਨਕੋਦਰ (ਜ਼ਿਲ੍ਹਾ ਜਲੰਧਰ) ਦੇ ਮਕਬਰਿਆਂ ’ਤੇ ਵੇਖੇ ਜਾ ਸਕਦੇ ਹਨ। ਲਾਹੌਰ ਵਿੱਚ ਹੀ ਇਸ ਸ਼ੈਲੀ ਦੀ ਸਜਾਵਟ ਕਿਲ੍ਹੇ ਦੀਆਂ ਕੁਝ ਦੀਵਾਰਾਂ, ਜਹਾਂਗੀਰ ਦੇ ਮਕਬਰੇ, ਆਸਿਫ਼ ਖ਼ਾਨ ਦੇ ਮਕਬਰੇ, ਗ਼ੁਲਾਬੀ ਬਾਗ਼ ਦੇ ਦਰਵਾਜ਼ੇ, ਚਬੁਰਜੀ, ਅਲੀ ਮਰਦਾਨ ਖ਼ਾਨ ਦੇ ਮਕਬਰੇ ਅਤੇ ਦਾਈ ਅੰਗਾ ਦੀ ਮਸਜਿਦ ’ਤੇ ਵੀ ਵੇਖੀ ਜਾ ਸਕਦੀ ਹੈ। ਇਸ ਕਲਾ ਦੀ ਸਿਖ਼ਰਲੀ ਉਦਾਹਰਣ ਵਜ਼ੀਰ ਖ਼ਾਨ ਦੀ ਮਸਜਿਦ ਹੀ ਹੈ।
ਇਸ ਮਸਜਿਦ ਦੇ ਭਵਿੱਖ ਵਿੱਚ ਰੱਖ-ਰਖਾਅ ਲਈ ਵਜ਼ੀਰ ਖ਼ਾਨ ਨੇ ਇੱਕ ਵਕਫ਼ ਦੀ ਸਥਾਪਨਾ ਵੀ ਕੀਤੀ ਸੀ ਜਿਸ ਵਿੱਚ ਇਹ ਵਿਸ਼ੇਸ਼ ਤੌਰ ’ਤੇ ਦਰਜ ਕੀਤਾ ਗਿਆ ਕਿ ਮਸਜਿਦ ਨਾਲ ਜੁੜੀਆਂ ਦੁਕਾਨਾਂ ਸਿਰਫ਼ ਧਾਰਮਿਕ ਕਾਤਬਿਾਂ, ਕਾਗ਼ਜ਼ ਬਣਾਉਣ ਵਾਲਿਆਂ ਅਤੇ ਜਿਲਦਸਾਜ਼ੀ ਕਰਨ ਵਾਲਿਆਂ ਲਈ ਹੀ ਰਾਖਵੀਆਂ ਸਨ। ਇਨ੍ਹਾਂ ਤੋਂ ਹੋਣ ਵਾਲੀ ਆਮਦਨ ਸਿਰਫ਼ ਮਸਜਿਦ ਦੇ ਕੰਮਾਂ-ਕਾਜਾਂ ਲਈ ਵਰਤੀ ਜਾ ਸਕਦੀ ਸੀ। ਜਫ਼ਰਨਾਮਾ ਰਣਜੀਤ ਸਿੰਘ ਵਿੱਚ ਦਰਜ ਹੈ ਕਿ 1833 ਦੇ ਕਸ਼ਮੀਰ ਵਿੱਚ ਪਏ ਕਾਲ ਦੌਰਾਨ ਇਸ ਮਸਜਿਦ ਵਿੱਚ ਅੰਨ੍ਹਿਆਂ, ਵਿਧਵਾਵਾਂ ਤੇ ਕੁਰਾਨ-ਪਾਠੀਆਂ ਆਦਿ ਨੂੰ ਖਾਣਪੀਣ ਦਾ ਕਾਫ਼ੀ ਸਾਮਾਨ ਮਿਲਦਾ ਸੀ।
ਇਸ ਮਸਜਿਦ ਤੋਂ ਇਲਾਵਾ ਵਜ਼ੀਰ ਖ਼ਾਨ ਨੇ ਲਾਹੌਰ ਵਿਖੇ ਹੀ ਅਨੇਕਾਂ ਹੋਰ ਬਾਜ਼ਾਰਾਂ, ਦੁਕਾਨਾਂ, ਹਵੇਲੀਆਂ, ਬਾਉਲੀਆਂ, ਮਦਰੱਸੇ, ਸ਼ਫ਼ਾਖ਼ਾਨਿਆਂ, ਬਾਰਾਂਦਰੀ ਅਤੇ ਹਮਾਮਾਂ ਦੀ ਉਸਾਰੀ ਵੀ ਕਰਵਾਈ ਸੀ ਜਿਨ੍ਹਾਂ ਵਿਚੋਂ ਕਈ ਅਜੇ ਵੀ ਬਚੇ ਹੋਏ ਹਨ। ਲੱਗਦਾ ਹੈ ਜਿਵੇਂ ਉਸ ਨੇ ਆਪਣੀ ਦੌਲਤ ਦਾ ਵੱਡਾ ਹਿੱਸਾ ਲਾਹੌਰ ਦੀ ਖ਼ੂਬਸੂਰਤੀ ਵਧਾਉਣ ਲਈ ਹੀ ਖ਼ਰਚ ਦਿੱਤਾ ਸੀ।
ਛੇ ਨਵੰਬਰ 1640 ਨੂੰ ਵਜ਼ੀਰ ਖ਼ਾਨ ਦੀ ਨਿਯੁਕਤੀ ਸੂਬਾ ਅਕਬਰਾਬਾਦ ਦੇ ਗਵਰਨਰ ਦੇ ਤੌਰ ’ਤੇ ਕਰ ਦਿੱਤੀ। ਇਸ ਅਹੁਦੇ ’ਤੇ ਉਹ ਬਹੁਤਾ ਸਮਾਂ ਕੰਮ ਨਾ ਕਰ ਸਕਿਆ ਅਤੇ 72 ਸਾਲ ਦੀ ਉਮਰ ਵਿੱਚ ਅਗਸਤ 1641 ਵਿੱਚ ਪੇਟ ਦੇ ਕਿਸੇ ਰੋਗ ਨਾਲ ਉਸ ਦੀ ਮ੍ਰਿਤੂ ਹੋ ਗਈ। ਵਜ਼ੀਰ ਖ਼ਾਨ ਦਾ ਇੱਕ ਪੁਰਾਣਾ ਨਜ਼ਦੀਕੀ ਸ਼ੇਖ਼ ਫ਼ਰੀਦ ਭੱਕਰੀ ਲਿਖਦਾ ਹੈ ਕਿ ਵਜ਼ੀਰ ਖ਼ਾਨ ਦੀ ਮੌਤ ਆਗਰੇ ਦੇ ਕਿਲ੍ਹੇ ਦੇ ਹਾਥੀ ਪੋਲ (ਦਰਵਾਜ਼ੇ) ਕੋਲ਼ ਘੋੜੇ ਤੋਂ ਡਿੱਗਣ ਕਾਰਨ ਹੋਈ ਸੀ।
ਸੰਪਰਕ: 98728-22417