ਮਨਮੋਹਨ ਸਿੰਘ ਬਾਸਰਕੇ
ਮੈਂ ਖ਼ੁਸ਼ ਵੀ ਹੋਇਆ ਪਰ ਅਗਲੇ ਪਲ ਹੀ ਪ੍ਰੇਸ਼ਾਨ ਵੀ ਹੋ ਗਿਆ। ਕਈ ਸਾਲਾਂ ਬਾਅਦ ਮੈਨੂੰ ਅੱਜ ਹੀਰ ਦੇ ਦੀਦਾਰ ਹੋਏ ਹਨ। ਨਾਂ ਤਾਂ ਉਸ ਦਾ ਸੁਖਵਿੰਦਰ ਸੁੱਖੀ ਹੈ ਪਰ ਮੈਂ ਉਸ ਨੂੰ ਲੋਕਾਂ ਤੋਂ ਚੋਰੀ ਚੋਰੀ ਹੀਰ ਕਹਿ ਕੇ ਬੁਲਾਉਂਦਾ ਰਿਹਾ ਹਾਂ। ਪਹਿਲਾਂ-ਪਹਿਲਾਂ ਉਸ ਨੂੰ ਇਹ ਚੰਗਾ ਨਹੀਂ ਸੀ ਲੱਗਦਾ, ਸ਼ਾਇਦ ਉਸ ਨੂੰ ਜ਼ਮਾਨੇ ਤੋਂ ਡਰ ਲੱਗਦਾ ਸੀ, ਇਹ ਵੀ ਹੋ ਸਕਦਾ ਹੈ ਕਿ ਕਾਲਜ ਦੀਆਂ ਸਹੇਲੀਆਂ ਤੋਂ ਡਰਦੀ ਹੋਵੇ। ਇਹ ਵੀ ਡਰ ਹੋ ਸਕਦਾ ਕਿ ਮੁੰਡੇ ਕਿਤੇ ਮੇਰੀ ਛੇੜ ਹੀ ‘ਹੀਰ ਹੀਰ’ ਦੀ ਨਾ ਪਾ ਦੇਣ।
…ਤੇ ਫਿਰ ਪਤਾ ਨਹੀਂ ਉਹਨੂੰ ਮੇਰੇ ਵੱਲੋਂ ਹੀਰ ਕਹਿਣਾ ਕਿਵੇਂ ਚੰਗਾ-ਚੰਗਾ ਲੱਗਣ ਪਿਆ। ਹੁਣ ਜਦੋਂ ਕਿਤੇ ਇਕੱਲੀ ਮਿਲਦੀ ਤਾਂ ਨਾਲੇ ਮਿੰਨਾ-ਮਿੰਨਾ ਮੁਸਕਰਾਈ ਜਾਂਦੀ ਤੇ ਨਾਲੇ ਕਹਿੰਦੀ, ‘‘ਆ ਗਿਆ ਰਾਂਝਾ!’’ ਤੇ ਮੈਂ ਉਹਦੇ ਦਰਸ਼ਨ ਕਰ ਕੇ ਆਪਣੀਆਂ ਅੱਖਾਂ ਦੀ ਪਿਆਸ ਬੁਝਾ ਲੈਂਦਾ। ਉਹ ਜਾਣ ਲਈ ਕਾਹਲੀ ਪੈਂਦੀ ਪਰ ਮੇਰਾ ਦਿਲ ਵਿਛੜਨ ਨੂੰ ਨਾ ਕਰਦਾ।
ਉਹ ਸ਼ਾਇਦ ਆਪਣੇ ਪਰਿਵਾਰ ਦੇ ਵਿਚਾਰਾਂ ਤੋਂ ਜਾਣੂ ਸੀ। ਉਹ ਕਹਿੰਦੀ, ‘‘ਰਾਂਝਿਆ ਐਵੇਂ ਲੰਮੀਆਂ ਖਿਆਲ ਉਡਾਰੀਆਂ ਨਾ ਮਾਰ, ਨਾ ਤਾਂ ਧੀਦੋ ਰਾਂਝੇ ਨੂੰ ਸਿਆਲਾਂ ਦੀ ਹੀਰ ਮਿਲੀ ਸੀ ਤੇ ਨਾ ਹੀ (ਮੇਰੇ ਵੱਲ ਇਸ਼ਾਰਾ ਕਰ ਕੇ ਕਹਿੰਦੀ) ਨਾ ਹੀ ਇਸ ਰਾਂਝੇ ਨੂੰ ਮਿਲਣੀ ਹੈ।’’
ਮੈਂ ਉਸ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਗੌਲਿਆ ਸਗੋਂ ਖ਼ੁਸ਼ ਹੋ ਕੇ ਕਿਹਾ, ‘‘ਤੂੰ ਤਾਂ ਗੱਲਾਂ ਵੀ ਕਵਿਤਾ ਵਰਗੀਆਂ ਕਰਦੀ ਏਂ।’’
ਉਹ ਇਕਦਮ ਉਦਾਸ ਹੋ ਗਈ। ਗੁਲਾਬ ਦੇ ਫੁੱਲ ਵਾਂਗ ਖਿੜਿਆ ਚਿਹਰਾ ਮੁਰਝਾ ਗਿਆ। ਸੂਹੇ ਗੁਲਾਬ ਦੀਆਂ ਪੱਤੀਆਂ ਵਰਗੇ ਬੁੱਲ੍ਹਾਂ ’ਤੇ ਜਿਵੇਂ ਸਿੱਕਰੀ ਜੰਮ ਗਈ ਹੋਵੇ।
‘‘ਮੈਂ ਤੈਨੂੰ ਇਸ ਹਾਲਤ ਵਿੱਚ ਨਹੀਂ ਦੇਖ ਸਕਦਾ, ਮੈਨੂੰ ਦੱਸ ਗੱਲ ਕੀ ਏ?’’
‘‘ਗੱਲ ਪੁੱਛ ਕੇ ਕੀ ਲੈਣਾ ਈ, ਹੀਰ ਹੁਣ ਰਾਂਝੇ ਦੀ ਨਹੀਂ।’’ ਤੇ ਉਸ ਮੂੰਹ ਭੁੰਆ ਕੇ ਅੱਖਾਂ ਵਿੱਚ ਆਏ ਗਲੇਡੂਆਂ ਨੂੰ ਮੈਥੋਂ ਚੋਰੀ ਪੂੰਝਣ ਦਾ ਯਤਨ ਕੀਤਾ। ਮੇਰੇ ਤੋਂ ਉਸ ਦੀ ਇਹ ਹਾਲਤ ਦੇਖੀ ਨਹੀਂ ਗਈ। ਮੈਂ ਵੀ ਘੋਰ ਉਦਾਸ ਹੋ ਗਿਆ।
‘‘ਮਾਂ-ਬਾਪ ਨੇ ਮੇਰੀ ਮੰਗਣੀ ਵਿਦੇਸ਼ੀ ਮੁੰਡੇ ਨਾਲ ਕਰ ਦਿੱਤੀ ਹੈ। ਮੈਂ ਬਥੇਰੇ ਮਾਂ ਦੇ ਹਾੜ੍ਹੇ ਕੱਢੇ ਬਈ ‘ਜਦੋਂ ਮੈਂ ਉਸ ਨੂੰ ਜਾਣਦੀ ਬੁਝਦੀ ਨਹੀਂ ਤਾਂ ਮੈਂ ਕਿਵੇਂ ਉਹਦੇ ਲੜ ਲੱਗ ਜਾਵਾਂ। ਮਾਂ ਮੇਰੀਏ, ਮੇਰੇ ਨਾਲ ਗੱਲ ਤਾਂ ਕਰ ਲੈਂਦੀ! ਮੈਂ ਮੱਝ ਗਾਂ ਤਾਂ ਨਹੀਂ ਹਾਂ ਕਿ ਰੱਸਾ ਜਿਸ ਹੱਥ ਮਰਜ਼ੀ ਫੜਾ ਦਿਓ?’ ‘ਧੀਏ ਨਾ ਕੁਝ ਮੇਰੇ ਵੱਸ ਏ ਨਾ ਤੇਰੇ। ਪਿਓ ਤੇ ਭਰਾ ਦਾ ਸੁਭਾਅ ਤੈਥੋਂ ਲੁਕਿਆ ਨਹੀਂ ਹੈ। ਉਨ੍ਹਾਂ ਇਕੋ ਰਟ ਲਾਈ ਏ ਕਿ ਮੁੰਡਾ ਵਿਦੇਸ਼ੀ ਏ, ਫਿਰ ਇਹੋ ਜਿਹਾ ਮੁੰਡਾ ਨਹੀਂ ਮਿਲਣਾ’। ਮੈਂ ਕਿਹਾ ਵੀ, ਬੀ ਏ ਦਾ ਆਖ਼ਰੀ ਸਾਲ ਹੈ, ਮੁਕੰਮਲ ਹੋ ਲੈਣ ਦਿਉ ਪਰ ਨਹੀਂ ਮੰਨੇ। ਕਹਿੰਦੇ, ‘ਉਹੀ ਹੋਊ ਜੋ ਅਸੀਂ ਕਹਾਂਗੇ। ਇਹਨੇ ਕਿਹੜਾ ਪੜ੍ਹ ਕੇ ਨੌਕਰੀ ਕਰਨੀ ਏ, ਬਾਹਰ ਜਾ ਕੇ ਆਪ ਸੈਟ ਹੋਵੇ ਤੇ ਮਗਰੋਂ ਛੋਟੇ ਭਰਾ ਨੂੰ ਸੱਦ ਲਵੇ, ਕੁਲ ਸੌਰ ਜੂ’। ਮਾਂ ਕਹਿੰਦੀ, ‘ਧੀਏ, ਮੈਂ ਤਾਂ ਇਹ ਵੀ ਕਿਹਾ ਸੀ, ਚੰਗੀ ਤਰ੍ਹਾਂ ਪਤਾ ਕਰ ਲੋ, ਧੋਖਾਧੜੀ ਬਥੇਰੀ ਹੋ ਰਹੀ ਹੈ ਪਰ ਮੇਰੀ ਕੋਈ ਸੁਣੇ ਤਾਂ ਨਾ। ਅਖ਼ਬਾਰ ਪੜ੍ਹ ਰਿਸ਼ਤਾ ਕਰ ਲੈਣਾ ਤਾਂ ਕੋਈ ਅਕਲਮੰਦੀ ਨਹੀਂ। ਨਾ ਕਿਸੇ ਰਿਸ਼ਤੇਦਾਰ ਦਾ ਪਤਾ, ਨਾ ਇਹਦੇ ਪਿਛੋਕੜ ਦਾ ਪਤਾ।’ ਭਰਾ ਤੇਰਾ ਕਹਿੰਦਾ, ਮਾਂ, ਅਸੀਂ ਨਿਆਣੇ ਆਂ? ਵੇਖ ਵੀਚਾਰ ਕੇ ਹੀ ਫ਼ੈਸਲਾ ਲਿਆ। ਸਵੇਰ ਤੋਂ ਇਹਦਾ ਕਾਲਜ ਜਾਣਾ ਬੰਦ’।
ਇਹ ਸਵੇਰੇ ਗੱਲਾਂ ਹੋਈਆਂ ਤੇ ਬਾਅਦ ਦੁਪਹਿਰ ਵੇਖਣ ਆ ਗਏ। ਉਮਰ ਦਾ ਵੀ ਵੱਡਾ ਤੇ ਵਿਆਹ ਵੀ ਅੰਬ ਵਾਲਾ ਕਿੱਲਾ ਵੇਚ ਕੇ ਕਰਨਾ ਏ।’’ ‘‘ਉਨ੍ਹਾਂ ਦੀ ਕੀ ਵੇਲਣੇ ’ਚ ਬਾਂਹ ਆਈ ਏ। ਨਾਲੇ ਆਪ ਤੰਗ ਹੋਣਗੇ, ਨਾਲੇ ਤੈਨੂੰ ਕਰਨਗੇ ਤੰਗ। ਹੀਰੇ ਜੇ ਤੇਰੇ ਵਿਚ ਹਿੰਮਤ ਹੋਵੇ ਤਾਂ ਮੈਂ ਕੋਰਟ ਮੈਰਿਜ ਕਰਵਾਉਣ ਲਈ ਤਿਆਰ ਹਾਂ।’’ ਮੈਂ ਉਹਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਪ੍ਰੇਮ ਵਿਆਹ ਵਿਚ ਜੋ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ, ਇਕ ਜਾਤ ਬਰਾਦਰੀ ਦਾ ਨਾ ਹੋਣਾ, ਆਪਾਂ ਤਾਂ ਦੋਵੇਂ ਜ਼ਿਮੀਦਾਰ ਹਾਂ।’’
‘‘ਮੇਰੇ ਵਿੱਚ ਹਿੰਮਤ ਤਾਂ ਹੈ ਪਰ ਮੈਨੂੰ ਬਾਪ ਦੀ ਚਿੱਟੀ ਪੱਗ ਦਾ ਵੀ ਖਿਆਲ ਹੈ, ਮੈਂ ਬਾਪ ਦੀ ਪੱਗ ਨੂੰ ਦਾਗ ਨਹੀਂ ਲਾਵਾਂਗੀ। ਤੂੰ ਮੈਨੂੰ ਭੁੱਲ ਜਾ, ਕੱਲ੍ਹ ਤੋਂ ਮੇਰਾ ਕਾਲਜ ਆਉਣਾ ਵੀ ਬੰਦ ਹੈ।’’ ਉਹਨੇ ਮੇਰੇ ਵੱਲ ਤਰਸਦੀਆਂ ਜਿਹੀਆਂ ਨਜ਼ਰਾਂ ਨਾਲ ਇਕ ਵਾਰੀ ਨੀਝ ਲਾ ਕੇ ਵੇਖਿਆ ਤੇ ਤੁਰ ਗਈ। ਤੁਰੀ ਜਾਂਦੀ ਨੇ ਪਿੱਛਾ ਭਉਂ ਕੇ ਇਕ ਵਾਰ ਫਿਰ ਦੇਖਿਆ ਤੇ ਬੋਲੀ, ‘‘ਰੂਹ ਤੇਰੇ ਕੋਲ ਛੱਡ ਚੱਲੀ ਆਂ, ਕਲਬੂਤ ਵਿਦੇਸ਼ੀ ਪਾਸ ਹੋਵੇਗਾ।’’ ਤੇ ਮੈਂ ਕੋਈ ਮੋੜਵਾਂ ਜਵਾਬ ਨਹੀਂ ਦੇ ਸਕਿਆ।
ਬੀ.ਏ. ਕਰਨ ਉਪਰੰਤ ਮੈਨੂੰ ਗ੍ਰਾਮ ਸੇਵਕ ਵਜੋਂ ਨੌਕਰੀ ਮਿਲ ਗਈ। ਜੋ ਚੀਜ਼ ਮਿਲਣੀ ਨਹੀਂ, ਉਸ ਦੇ ਪਿੱਛੇ ਦੌੜਨ ਦਾ ਕੋਈ ਫਾਇਦਾ ਨਹੀਂ। ਇਹ ਗੱਲ ਪੰਜਾਬੀ ਦੇ ਪ੍ਰੋਫੈਸਰ ਭਾਟੀਆ ਨੇ ਪਤਾ ਨਹੀਂ ਕਿਸ ਸੰਦਰਭ ਵਿਚ ਕਹੀ ਸੀ ਪਰ ਮੈਨੂੰ ਹੁਣ ਮਹਿਸੂਸ ਹੋਇਆ, ਸ਼ਾਇਦ ਉਨ੍ਹਾਂ ਇਹ ਗੱਲ ਮੈਨੂੰ ਸਮਝਾਉਣ ਲਈ ਹੀ ਕੀਤੀ ਹੋਵੇ ਤੇ ਮੈਂ ਇਹ ਗੱਲ ਪੱਲੇ ਬੰਨ੍ਹ ਲਈ। ਮੈਂ ਉਹਨੂੰ ਭੁੱਲ ਜਾਣਾ ਹੀ ਬਿਹਤਰ ਸਮਝਿਆ। ਮੇਰਾ ਵਿਆਹ ਹੋ ਗਿਆ ਅਤੇ ਮੈਂ ਆਪਣੀ ਗ੍ਰਹਿਸਤੀ ਗੱਡੀ ਲੈ ਤੁਰਿਆ। ਮੇਰੇ ਦੋ ਬੱਚੇ ਵੀ ਹਨ।
ਅਚਾਨਕ ਇਕ ਵਿਆਹ ਵਿੱਚ ਜਦ ਮੈਂ ਉਸਨੂੰ ਵੇਖਿਆ ਤਾਂ ਮੇਰੇ ਮੂੰਹੋਂ ਆਪਮੁਹਾਰੇ ਨਿਕਲਿਆ ‘‘ਹੀਰ!’’ ਪਹਿਲਾਂ ਤਾਂ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਪਰ ਜਦੋਂ ਮੈਂ ਉਸ ਦੇ ਮੁਰਝਾਏ ਚਿਹਰੇ ਵੱਲ ਵੇਖਿਆ ਤਾਂ ਪ੍ਰੇਸ਼ਾਨ ਹੋ ਗਿਆ। ਉਸ ਦੇ ਨਾਲ ਨੌਂ ਦਸ ਸਾਲ ਦਾ ਬੇਟਾ ਵੀ ਸੀ। ਜਦੋਂ ਸਾਡੀ ਅੱਖ ਮਿਲੀ ਤਾਂ ਉਹ ਮੇਰੇ ਵੱਲ ਇਸ ਤਰ੍ਹਾਂ ਖਿੱਚੀ ਆਈ ਜਿਵੇਂ ਲੋਹੇ ਨੂੰ ਚੁੰਬਕ ਖਿੱਚਦੀ ਹੈ। ਮੇਰੇ ਨਾਲ ਮੇਰੀ ਪਤਨੀ ਵੀ ਸੀ। ਉਹਨੇ ਸਤਿ ਸ੍ਰੀ ਅਕਾਲ ਆਣ ਬੁਲਾਈ। ਮੈਂ ਆਪਣੀ ਪਤਨੀ ਸੁਰਿੰਦਰ ਨਾਲ ਤੁਆਰਫ਼ ਕਰਾਇਆ, ‘‘ਅਸੀਂ ਕਾਲਜ ਦੇ ਜਮਾਤੀ ਹਾਂ।’’
ਉਹ ਮੇਰੀ ਪਤਨੀ ਨੂੰ ਵੀ ਬੜੇ ਤਪਾਕ ਨਾਲ ਮਿਲੀ। ਉਹ ਸਾਨੂੰ ਪੈਲੇਸ ਵਿਚ ਬਣੇ ਪਾਰਕ ਵਿਚ ਇਹ ਕਹਿ ਕੇ ਲੈ ਗਈ ਕਿ ਬੈਠ ਕੇ ਕਰਦੇ ਹਾਂ ਗੱਲਾਂ।
ਮੈਂ ਗੱਲ ਦੀ ਸ਼ੁਰੂਆਤ ਕਰਦਿਆਂ ਕਿਹਾ, ‘‘ਸੁੱਖੀ, ਕਿਵੇਂ ਗੁਜ਼ਰ ਰਹੀ ਏ ਜ਼ਿੰਦਗੀ?’’ ਭਾਵੇਂ ਉਹਦਾ ਚਿਹਰਾ ਮੈਨੂੰ ਸਭ ਕੁਝ ਦੱਸ ਰਿਹਾ ਸੀ।
‘‘ਕਾਹਨੂੰ ਫੋੜੇ ਨੂੰ ਛੇੜਦੇ ਜੇ?’’ ਉਹ ਨਾਲ ਹੀ ਫਿਸ ਪਈ। ਮੇਰੀ ਪਤਨੀ ਨੂੰ ਉਹਦੇ ਨਾਲ ਹਮਦਰਦੀ ਜਾਗੀ। ‘‘ਨਾ ਭੈਣ ਮੇਰੀਏ! ਰੋਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਤੂੰ ਗੱਲ ਦੱਸ ਕੀ ਏ, ਹੋ ਸਕਦਾ ਅਸੀਂ ਤੇਰੇ ਕਿਸੇ ਕੰਮ ਆ ਸਕੀਏ।’’ ਮੇਰੀ ਪਤਨੀ ਨੇ ਦਿਲਾਸਾ ਦਿੱਤਾ।
‘‘ਇਹ ਤਾਂ ਤੁਸੀਂ ਜਾਣਦੇ ਹੋ ਕਿ ਮੇਰੀ ਸ਼ਾਦੀ ਵਿਦੇਸ਼ੀ ਮੁੰਡੇ ਨਾਲ ਹੋ ਗਈ ਸੀ।’’
‘‘ਹਾਂ।’’ ਮੈਂ ਹੁੰਗਾਰਾ ਭਰਿਆ।
‘‘ਮੇਰੇ ਨਾ ਚਾਹੁੰਦਿਆਂ ਵੀ ਮਾਂ-ਬਾਪ ਨੇ ਕਿੱਲਾ ਜ਼ਮੀਨ ਦਾ ਵੇਚ ਕੇ ਛੋਟੇ ਭਰਾ ਨੂੰ ਬਾਹਰ ਭੇਜਣ ਦੇ ਲਾਲਚ ਵਿਚ ਮੇਰਾ ਵਿਆਹ ਕਰ ਦਿੱਤਾ। ਉਹ ਦੋ ਮਹੀਨੇ ਮੇਰੇ ਬਦਨ ਨੂੰ ਚੂੰਡਦਾ ਰਿਹਾ, ਜਿਵੇਂ ਮੈਂ ਉਸ ਦੀ ਪਤਨੀ ਨਹੀਂ ਸਗੋਂ ਕੋਈ ਹੰਢਾਉਣ ਵਾਲੀ ਵਸਤੂ ਹੋਵਾਂ। ਉਹ ਮੌਜ ਮਸਤੀ ਕਰਦਾ, ਮੈਨੂੰ ਇਹ ਲਾਰਾ ਲਾ ਕੇ ਵਿਦੇਸ਼ ਚਲਾ ਗਿਆ ਕਿ ਦੋ ਮਹੀਨਿਆਂ ਤੱਕ ਤੇਰੇ ਕਾਗਜ਼ ਭੇਜਾਂਗਾ। ਮੇਰੀ ਕੁੱਖ ਨੂੰ ਹਰੀ ਤਾਂ ਉਹ ਜਾਂਦਾ ਜਾਂਦਾ ਕਰ ਗਿਆ ਸੀ, ਜੋਬਨ ਸੁੱਖ ਨਾਲ 10 ਸਾਲਾਂ ਦਾ ਹੋ ਗਿਆ ਹੈ।’’ ਉਹਨੇ ਸਟਾਲਾਂ ’ਤੇ ਖੜ੍ਹੇ ਆਪਣੇ ਪੁੱਤਰ ਵੱਲ ਇਸ਼ਾਰਾ ਕਰ ਕੇ ਕਿਹਾ। ‘‘ਗਿਆਰਾਂ ਸਾਲ ਹੋ ਗਏ ਵਿਆਹ ਹੋਏ ਨੂੰ ਪਰ ਉਹਦੇ ਦੋ ਮਹੀਨੇ ਨਹੀਂ ਹੋਏ। ਨਾ ਮੈਂ ਵਿਆਹੀਆਂ ’ਚੋਂ ਨਾ ਕੁਆਰੀਆਂ ’ਚੋਂ। ਪਹਿਲਾਂ ਤਾਂ ਕੁਝ ਅਰਸਾ ਪੈਸੇ ਵੀ ਗੁਜ਼ਾਰੇ ਜੋਗੇ ਭੇਜਦਾ ਰਿਹਾ, ਫੋਨ ’ਤੇ ਵੀ ਗੱਲਬਾਤ ਹੋ ਜਾਂਦੀ, ਫਿਰ ਉਹ ਵੀ ਬੰਦ ਹੋ ਗਈ। ਜਦੋਂ ਮੈਨੂੰ ਦਾਲ ਵਿਚ ਕੁਝ ਕਾਲਾ ਜਾਪਿਆ ਤਾਂ ਪੁੱਛ ਪੜਤਾਲ ਕੀਤੀ। ਪਤਾ ਲੱਗਾ ਕਿ ਉਹ ਤਾਂ ਉਧਰ ਪਹਿਲਾਂ ਹੀ ਵਿਆਹਿਆ ਸੀ, ਹੁਣ ਪੇਕਿਆਂ ਦੇ ਬੈਠੀ ਹਾਂ। ਹੁਣ ਤਾਂ ਜੋਬਨ ਲਈ ਹੀ ਦਿਨ ਕਟੀ ਕਰ ਰਹੀ ਹਾਂ।’’ ਉਹਨੇ ਮੁੜ ਅੱਖਾਂ ਦੇ ਕੋਇਆਂ ਨੂੰ ਰੁਮਾਲ ਨਾਲ ਸਾਫ ਕੀਤਾ।
‘‘ਮੈਂ ਤਾਂ ਮਾਂ-ਬਾਪ ਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਨੂੰ ਪਤਾ ਨਹੀਂ ਕਿਉਂ ਇੰਜ ਪ੍ਰਤੀਤ ਹੁੰਦਾ ਕਿ ਇਹਨੇ ਮੈਨੂੰ ਬਾਹਰ ਲੈ ਕੇ ਨਹੀਂ ਜਾਣਾ ਪਰ ਬਾਪ ਤੇ ਭਰਾ ਦੀਆਂ ਅੱਖਾਂ ’ਤੇ ਛੋਟੇ ਭਰਾ ਨੂੰ ਬਾਹਰ ਭੇਜਣ ਦੇ ਲਾਲਚ ਵਾਲੀ ਪੱਟੀ ਬੱਝੀ ਹੋਈ ਸੀ। ਤਿੰਨ ਤਾਂ ਕੁੱਲ ਕਿੱਲੇ ਸਨ, ਉਨ੍ਹਾਂ ਵਿਚੋਂ ਇਕ ਵਿਕਿਆ ਵੀ ਤੇ ਹੱਥ ਵੀ ਕੁਝ ਨਾ ਆਇਆ।’’ ਉਹ ਪਲਕੁ ਚੁੱਪ ਰਹੀ ਤੇ ਫਿਰ ਬੋਲੀ, ‘‘ਮੈਂ ਤਾਂ ਆਪਣੇ ਦੁੱਖ ਲੈ ਕੇ ਬੈਠ ਗਈ। ਤੁਸੀਂ ਸੁਣਾਓ?’’ ਉਹ ਮੈਨੂੰ ਮੁਖ਼ਾਤਬਿ ਹੋਈ।
‘‘ਸਾਡੀ ਸੋਹਣੀ ਨਿਭ ਰਹੀ ਹੈ। ਐੱਸ ਈ ਪੀ ਓ ਵਜੋਂ ਤਰੱਕੀ ਹੋਣ ਵਾਲੀ ਹੈ, ਵਾਹਵਾ ਦਿਨ ਗੁਜ਼ਰ ਰਹੇ ਹਨ। ਇਕ ਕਾਕਾ ਹੈ ਇਕ ਗੁੱਡੀ।’’ ਉਹ ਮੇਰੀ ਸੁਣ ਕੇ ਉੱਠ ਖੜ੍ਹੀ ਹੋਈ ਜਿਵੇਂ ਉਹ ਮੇਰੀ ਜ਼ਿੰਦਗੀ ਤੋਂ ਸੰਤੁਸ਼ਟ ਹੋਵੇ। ‘‘ਚੱਲੋ ਰੋਟੀ ਲੱਗ ਗਈ ਹੈ।’’ ਉਹਨੇ ਰੋਟੀ ਖਾਣ ਦਾ ਇਸ਼ਾਰਾ ਕੀਤਾ।
ਮੈਂ ਉਹਦੀ ਜ਼ਿੰਦਗੀ ਬਾਰੇ ਜਾਣ ਕੇ ਦਿਲੋਂ ਦੁਖੀ ਤਾਂ ਹੋਇਆ ਪਰ ਮੈਂ ਦੁੱਖ ਨੂੰ ਲੁਕਾਉਂਦਿਆਂ ਉਨ੍ਹਾਂ ਨਾਲ ਚੁੱਪ-ਚਾਪ ਰੋਟੀ ਖਾਣ ਤੁਰ ਪਿਆ।
ਸੰਪਰਕ: 99147-16616
* * *
ਕਸੂਰ
ਹਰਦੀਪ ਕੌਰ
‘‘ਡਰ ਲੱਗਦੈ ਸਾਨੂੰ ਤੈਨੂੰ ਕਿਤੇ ਵੀ ਇਕੱਲਿਆਂ
ਭੇਜਣ ’ਤੇ।’’ ‘‘ਪਾਪਾ, ਪਰ ਹੁਣ ਮੈਂ ਬੱਚੀ ਨਹੀਂ
ਰਹੀਂ।’’ ‘‘ਨਹੀਂ ਮਤਲਬ ਨਹੀਂ, ਤੂੰ ਇਕੱਲੀ ਨੇ ਕਿਤੇ ਵੀ ਨਹੀਂ ਜਾਣਾ।’’ ‘‘ਮੰਮੀ, ਦੇਖੋ ਨਾ ਪਾਪਾ ਕੀ ਕਹਿ ਰਹੇ ਹਨ। ਮੈਂ ਸਹੇਲੀ ਦੀ ਜਨਮ ਦਿਨ ਦੀ ਪਾਰਟੀ ’ਤੇ ਜਾਣਾ ਏ। ਉੱਥੇ ਹੋਰ ਵੀ ਕੁੜੀਆਂ ਆਈਆਂ ਹੋਣਗੀਆਂ।’’ ‘‘ਵੇਖ ਪੁੱਤ, ਮੇਰੀ ਗੱਲ ਸੁਣ, ਅੱਜਕੱਲ੍ਹ ਸਮਾਂ ਬਹੁਤ ਬੁਰਾ ਚੱਲ ਰਿਹਾ। ਕੁੜੀਆਂ ਦੇ ਇਕੱਲਿਆਂ ਕਿਤੇ ਜਾਣ ਦਾ ਟਾਈਮ ਨਹੀਂ ਰਿਹਾ।’’
ਮੈਂ ਬਹੁਤ ਹੀ ਹੈਰਾਨੀ ਨਾਲ ਮੰਮੀ ਨੂੰ ਪੁੱਛਿਆ, ‘‘ਕਿਉਂ ਮੰਮੀ, ਅਜਿਹਾ ਕੀ ਕਰ ਦਿੱਤਾ ਕੁੜੀਆਂ ਨੇ।’’ ‘‘ਪੁੱਤ, ਅੱਜ ਦੇ ਲੋਕ ਵਹਿੰਸ਼ੀ ਦਰਿੰਦੇ ਬਣ ਚੁੱਕੇ ਹਨ। ਉਹ ਕੁੜੀਆਂ ਨੂੰ ਨੋਚ ਨੋਚ ਕੇ ਖਾਂਦੇ ਹਨ।’’ ‘‘ਮੰਮੀ, ਉਹ ਅਜਿਹਾ ਕਿਉਂ ਕਰਦੇ ਹਨ, ਉਨ੍ਹਾਂ ਦੇ ਘਰ ਮਾਵਾਂ ਭੈਣਾਂ ਨਹੀਂ ਹਨ?’’ ‘‘ਪੁੱਤ, ਉਨ੍ਹਾਂ ਦਰਿੰਦਿਆਂ ਨੂੰ ਕੁੜੀਆਂ ਸਿਰਫ਼ ਵਸਤ ਹੀ ਜਾਪਦੀਆਂ ਨੇ।’’ ‘‘ਮੰਮੀ, ਅਜਿਹੇ ਲੋਕਾਂ ਨੂੰ ਤਾਂ ਫਿਰ ਸਰਕਾਰ ਸਖ਼ਤ ਸਜ਼ਾ ਦਿੰਦੀ ਹੋਣੀ।’’
ਮੇਰੀ ਇਹ ਗੱਲ ਸੁਣ ਕੇ ਮੰਮੀ ਉਦਾਸ ਜਿਹੇ ਹੋ ਗਏ। ਮੈਂ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ, ‘‘ਕੁੜੀਆਂ ਦੀ ਸੁਰੱਖਿਆ ਬਸ… ਕੀ ਆਖੀਏ। ਨਿਰਭੈ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਦਸ ਬਾਰਾਂ ਸਾਲ ਬਾਅਦ ਸਜ਼ਾ ਮਿਲੀ ਸੀ।’’ ‘‘ਮੰਮੀ, ਮੇਰੀ ਸਹੇਲੀ ਵੀ ਦੱਸ ਰਹੀ ਸੀ ਕਿ ਉਸ ਦੀ ਭੂਆ ਦੇ ਪਿੰਡ ਦੀ ਕੁੜੀ ਨੂੰ ਰਾਹ ਜਾਂਦਿਆਂ ਮੋਟਰਸਾਈਕਲ ਉੱਤੇ ਸਵਾਰ ਤਿੰਨ ਮੁੰਡਿਆਂ ਵਿਚੋਂ ਕਿਸੇ ਇਕ ਨੇ ਪ੍ਰਪੋਜ਼ ਕਰ ਦਿੱਤਾ।’’ ‘‘ਅੱਛਾ ਫਿਰ।’’ ‘‘ਫਿਰ ਜਦੋਂ ਉਸ ਕੁੜੀ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਹ ਮੁੰਡੇ ਗੁੱਸੇ ਵਿਚ ਉੱਥੋਂ ਚਲੇ ਗਏ। ਕੁੜੀ ਨੂੰ ਲੱਗਾ ਸ਼ਾਇਦ ਉਹ ਸਮਝ ਗਏ ਹੋਣੇ। ਪਰ ਅਗਲੇ ਦਿਨ ਫਿਰ ਜਦੋਂ ਉਹ ਕੁੜੀ ਸਕੂਲ ਜਾ ਰਹੀ ਸੀ ਤਾਂ ਉਨ੍ਹਾਂ ਮੁੰਡਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਮੂੰਹ ਉੱਤੇ ਤੇਜ਼ਾਬ ਕੇ ਸਾਰੀ ਉਮਰ ਦਾ ਦਾਗ ਛੱਡ ਗਏ।’’ ‘‘ਪੁੱਤ, ਚਾਹੀਦਾ ਤਾਂ ਇਹ ਹੈ ਕਿ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਪਰ ਬਹੁਤ ਸਾਰੇ ਮਾਮਲਿਆਂ ਵਿਚ ਅਜਿਹਾ ਹੁੰਦਾ ਨਹੀਂ।’’ ਇਹ ਕਹਿ ਕੇ ਮੰਮੀ ਰਸੋਈ ਵਿਚ ਚਲੇ ਗਏ। ਮੈਂ ਵੀ ਟੈਲੀਵਿਜ਼ਨ ਦੇਖਣ ਲੱਗ ਪਈ। ਇਹ ਕੀ ਅੱਜ ਫਿਰ ਇਕ ਕੁੜੀ ਦਰਿੰਦਿਆਂ ਦੇ ਹੱਥ ਚੜ੍ਹ ਗਈ। ਮੈਂ ਮੰਮੀ ਤੇ ਪਾਪਾ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੀ, ‘‘ਮੰਮੀ ਪਾਪਾ ਇੱਧਰ ਆਓ ਜਲਦੀ ਇੱਧਰ ਆਓ ਦੇਖੋ ਖ਼ਬਰਾਂ ਵਿਚ ਕੀ ਦੱਸ ਰਹੇ ਨੇ।’’
ਉਹ ਦੋਵੇਂ ਭੱਜ ਕੇ ਆਏ ਅਤੇ ਕਿਸੇ ਕੁੜੀ ਨਾਲ ਜਬਰ ਜਨਾਹ ਦੀ ਖ਼ਬਰ ਦੇਖਣ ਲੱਗੇ। ਲੋਕ ਉਸ ਕੁੜੀ ਨੂੰ ਇਨਸਾਫ਼ ਦਿਵਾਉਣ ਲਈ ਕਾਲੇ ਕਾਲੇ ਬਿੱਲੇ ਲਾ ਕੇ ਅਤੇ ਹੱਥਾਂ ਵਿਚ ਮੋਮਬੱਤੀਆਂ ਲੈ ਕੇ ਖੜ੍ਹੇ ਸਨ। ਮੈਂ ਇਹ ਖ਼ਬਰ ਦੇਖ ਕੇ ਪਾਪਾ ਨੂੰ ਕਿਹਾ, ‘‘ਪਾਪਾ, ਮੈਨੂੰ ਜਨਮਦਿਨ ਦੀ ਪਾਰਟੀ ’ਤੇ ਜਾਣ ਦਿਓ। ਮੈਂ ਕਾਲਾ ਬਿੱਲਾ ਲਾ ਕੇ ਜਾਵਾਂਗੀ ਤਾਂ ਕਿ ਸਭ ਨੂੰ ਕੁੜੀਆਂ ਦੀ ਸੁਰੱਖਿਆ ਦਾ ਸੁਨੇਹਾ ਦੇ ਸਕਾਂ।’’
ਮੇਰਾ ਹੌਸਲਾ ਦੇਖ ਕੇ ਪਾਪਾ ਨੇ ਕਿਹਾ, ‘‘ਚੱਲ ਪੁੱਤ, ਚਲੀ ਜਾਈ ਤੂੰ।’’ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਤਿਆਰ ਹੋਣ ਕਮਰੇ ਵਿਚ ਚਲੀ ਗਈ। ਮੈਂ ਸੂਟ ਪਾ ਕੇ ਕੰਨਾਂ ਵਿਚ ਵਾਲੀਆਂ ਪਾ ਲਈਆਂ। ਮੇਰੀ ਮੰਮੀ ਨੇ ਮੈਨੂੰ ਆਵਾਜ਼ ਮਾਰੀ, ‘‘ਪੁੱਤ, ਹੋ ਗਈ ਤਿਆਰ।’’ ‘‘ਹਾਂ ਜੀ ਮੰਮੀ, ਬੱਸ ਆਈ।’’ ਮੈਂ ਕਮਰੇ ਵਿਚੋਂ ਬਾਹਰ ਆਈ। ਪਾਪਾ ਨੇ ਮੈਨੂੰ ਦੇਖ ਕੇ ਕਿਹਾ, ‘‘ਇਹ ਕੀ ਪਾ ਲਿਆ? ਤੂੰ ਪਾਰਟੀ ਤੇ ਜਾ ਰਹੀ ਏ ਜਾਂ ਧਰਮ ਅਸਥਾਨ ’ਤੇ, ਜਾ ਜਾਕੇ ਕੋਈ ਜੀਨ ਪਾ ਲੈ।’’ ‘‘ਪਾਪਾ, ਖ਼ਬਰਾਂ ਵਿਚ ਦੱਸ ਰਹੇ ਸੀ ਕਿ ਕੁੜੀਆਂ ਦੇ ਕੱਪੜਿਆਂ ਦੇ ਕਾਰਨ…।’’ ‘‘ਪੁੱਤ, ਕੱਪੜਿਆਂ ਕਾਰਨ ਅਜਿਹਾ ਕੁਝ ਨਹੀਂ ਹੁੰਦਾ। ਤੂੰ ਜਾ ਕੇ ਹੋਰ ਕੱਪੜੇ ਪਾ ਲੈ।’’ ਮੈਂ ਕਮਰੇ ਵਿਚ ਗਈ ਅਤੇ ਆਪਣੀ ਆਦਤ ਮੂਜਬ ਕੱਪੜੇ ਬਦਲ ਕੇ ਕਮਰੇ ਵਿਚੋਂ ਬਾਹਰ ਆਈ। ਪਾਪਾ ਕਹਿੰਦੇ, ‘‘ਦੇਖ ਸਰਦਾਰਨੀਏ, ਆਪਣਾ ਪੁੱਤ ਕਿੰਨਾ ਸੋਹਣਾ ਲੱਗ ਰਿਹਾ ਏ।” ਇੰਨੇ ਨੂੰ ਮੇਰੀ ਸਹੇਲੀ ਵੀ ਆ ਗਈ। ‘‘ਬਾਏ ਮੰਮੀ ਪਾਪਾ, ਮੈਂ ਚੱਲਦੀ ਹਾਂ।’’ ਮੈਂ ਤੁਰੀ ਹੀ ਸੀ ਕਿ ਮਗਰੋਂ ਮੰਮੀ ਨੇ ਆਵਾਜ਼ ਮਾਰੀ, ‘‘ਖੜ੍ਹ ਜਾ ਪੁੱਤ।’’ ਮੈਂ ਰੁਕ ਗਈ ਅਤੇ ਦੇਖਿਆ ਕਿ ਉਹ ਹੱਥ ਵਿਚ ਲਾਲ ਮਿਰਚਾਂ ਦੀ ਡੱਬੀ ਲੈ ਕੇ ਆ ਰਹੇ ਹਨ। ਮੈਂ ਮੰਮੀ ਨੂੰ ਕਿਹਾ, ‘‘ਮੰਮੀ, ਇਹ ਮੈਂ ਕੀ ਕਰਨਾ ਏ?’’ ‘‘ਜੇ ਤੈਨੂੰ ਕੋਈ ਮੁੰਡਾ ਤੰਗ ਕਰੇ ਤਾਂ ਤੂੰ ਇਨ੍ਹਾਂ ਦੀ ਵਰਤੋਂ ਕਰੀ।’’ ‘‘ਹਾਏ ਮੰਮੀ, ਤੁਹਾਡੇ ਵਰਗੇ ਮਾਪੇ ਹਰ ਕੁੜੀ ਨੂੰ ਮਿਲਣ ਜੋ ਵਹਿੰਸ਼ੀ ਦਰਿੰਦਿਆਂ ਤੋਂ ਡਰ ਕੇ ਧੀਆਂ ਨੂੰ ਘਰ ਬਿਠਾਉਣ ਦੀ ਬਿਜਾਏ, ਉਨ੍ਹਾਂ ਨੂੰ ਹੌਸਲਾ ਅਤੇ ਆਤਮ-ਰੱਖਿਆ ਦੀ ਸਿੱਖਿਆ ਦੇਣ।’’