ਜਗਵੰਤ ਸਿੰਘ ਢਿੱਲੋਂ
ਇਹ ਗੱਲ ਸਤੰਬਰ 1965 ਦੀ ਹੈ। ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸਾਂ। ਅਚਾਨਕ ਦੋ ਹਵਾਈ ਜਹਾਜ਼ ਇੰਨੀ ਕੰਨ-ਪਾੜਵੀਂ ਆਵਾਜ਼ ਨਾਲ ਲੰਘੇ ਕਿ ਸਭ ਡਰ ਗਏ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇੰਨੇ ਨੀਵੇਂ ਜਹਾਜ਼ ਨਹੀਂ ਸਨ ਦੇਖੇ। ਕੋਈ ਕਹਿੰਦਾ ਸੀ ਆਪਣੇ ਹਨ, ਉਪਰ ਤਿਰੰਗਾ ਬਣਿਆ ਸੀ, ਕੋਈ ਕਹਿੰਦਾ ਸੀ ਦੁਸ਼ਮਣ ਦੇਸ਼ ਦੇ ਹਨ। ਉਦੋਂ ਅੱਜ ਵਾਂਗ ਕੋਈ ਸੋਸ਼ਲ ਮੀਡੀਆ ਨਹੀਂ ਸੀ। ਇੱਕਾ-ਦੁੱਕਾ ਬਜ਼ੁਰਗ ਉਰਦੂ ਦੀ ਅਖ਼ਬਾਰ ਪੜ੍ਹਦੇ ਸਨ। ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉੱਡਦੀਆਂ ਸਨ। ਰਾਤ ਨੂੰ ਅਚਾਨਕ ਅੰਮ੍ਰਿਤਸਰ ਵਾਲੇ ਪਾਸੇ ਤੋਂ ਰੰਗ-ਬਿਰੰਗੇ ਰਾਕੇਟਾਂ ਵਰਗੇ ਪਟਾਕੇ ਆਸਮਾਨ ਵਿੱਚ ਚੱਲਣ ਲੱਗੇ। ਇਸ ਤੋਂ ਸਾਬਕਾ ਫ਼ੌਜੀਆਂ ਨੇ ਅੰਦਾਜ਼ਾ ਲਾਇਆ ਕਿ ਦੁਸ਼ਮਣ ਦੇਸ਼ ਦੇ ਹਵਾਈ ਜਹਾਜ਼ਾਂ ਨੂੰ ਡੇਗਣ ਵਾਲੀਆਂ ਗੰਨਾਂ ਫਾਇਰ ਕਰ ਰਹੀਆਂ ਹਨ। ਦਿਨ ਚੜ੍ਹਦੇ ਨੂੰ ਮਿਲਟਰੀ ਨਾਲ ਭਰੇ ਟਰੱਕ ਬਾਰਡਰ ਵੱਲ ਨੂੰ ਜਾ ਰਹੇ ਸਨ ਅਤੇ ਬਾਰਡਰ ਲਾਗਲੇ ਪਿੰਡਾਂ ਤੋਂ ਲੋਕ ਆਪਣਾ ਸਾਮਾਨ ਅਤੇ ਪਸ਼ੂ ਲੈ ਕੇ ਉਲਟ ਦਿਸ਼ਾ ਵੱਲ ਆ ਰਹੇ ਸਨ। ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਜਦ ਪਾਕਿਸਤਾਨ ਬਣਿਆ ਸੀ ਤਾਂ ਇਸੇ ਤਰ੍ਹਾਂ ਕਾਫ਼ਲੇ ਗਏ ਸਨ।
ਸਾਡਾ ਸਕੂਲ ਸਾਡੇ ਘਰ ਤੋਂ ਪੰਜ ਕਿਲੋਮੀਟਰ ਦੂਰ ਸੀ। ਅਸੀਂ ਜਦ ਵੀ ਸਕੂਲ ਜਾਂਦੇ ਜਾਂ ਆਉਂਦੇ ਤਾਂ ਰਸਤੇ ਵਿੱਚ ਮਿਲਟਰੀ ਦੇ ਟਰੱਕ ਮਿਲਦੇ। ਅਸੀਂ ਜਦ ਵੀ ਕੋਈ ਮਿਲਟਰੀ ਦਾ ਟਰੱਕ ਵੇਖਦੇ ਤਾਂ ਸਾਵਧਾਨ ਖੜ੍ਹੇ ਹੋ ਕੇ ਉੱਚੀ ਸਾਰੀ ਜੈ ਹਿੰਦ ਆਖਦੇ, ਅੱਗੋਂ ਫ਼ੌਜ ਵਾਲੇ ਵੀ ਉਸੇ ਤਰ੍ਹਾਂ ਜਵਾਬ ਦਿੰਦੇ। ਸੜਕਾਂ ਉਪਰ ਲੋਕਾਂ ਨੇ ਫ਼ੌਜ ਵਾਸਤੇ ਲੰਗਰ ਲਗਾ ਰੱਖੇ ਸਨ। ਭਾਵੇਂ ਕਿ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਰੇਡੀਓ ’ਤੇ ਅੰਨ ਬਚਾਉਣ ਲਈ ਲੋਕਾਂ ਨੂੰ ਮੰਗਲਵਾਰ ਵਰਤ ਰੱਖਣ ਦੀ ਸਲਾਹ ਦਿੱਤੀ ਸੀ।
ਫਿਰ ਪਤਾ ਲੱਗਾ ਕਿ ਲੜਾਈ ਪੂਰੇ ਜ਼ੋਰਾਂ ’ਤੇ ਹੈ। ਹੁਣ ਟਰੱਕਾਂ ਦੀ ਥਾਂ ਟੈਂਕ ਸਰਹੱਦ ਵੱਲ ਜਾਣ ਲੱਗੇ ਜੋ ਕਿ ਆਮ ਤੌਰ ’ਤੇ ਰਾਤ ਨੂੰ ਜਾਂਦੇ ਸਨ। ਸਾਰਾ ਕਾਫ਼ਲਾ ਰਾਤ ਨੂੰ ਬੱਤੀਆਂ ਬੁਝਾ ਕੇ ਚੱਲਦਾ ਸੀ। ਪਿੰਡਾਂ ਵਿੱਚ ਵੀ ਪੂਰੀ ਤਰ੍ਹਾਂ ਬਲੈਕ ਆਊਟ ਸੀ। ਲੋਕੀਂ ਦਿਨ ਵੇਲੇ ਰੋਟੀ ਪਾਣੀ ਪਕਾ ਕੇ ਵਿਹਲੇ ਹੋ ਜਾਂਦੇ ਸਨ। ਕਿਉਂਕਿ ਦੱਸਦੇ ਸਨ ਕਿ ਰਾਤ ਨੂੰ ਦੁਸ਼ਮਣ ਦੇਸ਼ ਦੇ ਜਹਾਜ਼ ਜਿੱਥੇ ਵੀ ਥੋੜ੍ਹੀ-ਬਹੁਤੀ ਰੌਸ਼ਨੀ ਵੇਖਦੇ ਸਨ, ਬੰਬ ਸੁੱਟ ਦਿੰਦੇ ਹਨ, ਇੱਥੋਂ ਤਕ ਕਿ ਜੇਕਰ ਕੋਈ ਸਿਗਰਟ ਪੀਵੇ ਤਾਂ ਵੀ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ। ਇੱਕ ਰਾਤ ਜਦ ਟੈਂਕ ਸਰਹੱਦ ਵੱਲ ਜਾ ਰਹੇ ਸਨ ਤਾਂ ਇਕ ਟੈਂਕ ਹਨੇਰੇ ਵਿੱਚ ਸੜਕ ਤੋਂ ਥੱਲੇ ਉਤਰ ਗਿਆ ਤੇ ਡੂੰਘਾ ਧਸ ਗਿਆ, ਉਸ ਦੀ ਰਖਵਾਲੀ ਵਾਸਤੇ ਚਾਰ ਫ਼ੌਜੀ ਮੋਰਚਾ ਪੁੱਟ ਕੇ ਉਪਰ ਜਾਲ ਪਾ ਕੇ ਉਸ ਦੀ ਰਾਖੀ ਕਰਦੇ ਸਨ। ਅਸੀਂ ਲੜਾਈ ਦੀਆਂ ਖ਼ਬਰਾਂ ਸੁਣਨ ਵਾਸਤੇ ਉਨ੍ਹਾਂ ਫ਼ੌਜੀਆਂ ਦਾ ਰੋਟੀ-ਪਾਣੀ ਲਿਜਾਂਦੇ ਸਾਂ ਜੋ ਸਾਡੇ ਚੰਗੇ ਵਾਕਫ਼ ਬਣ ਚੁੱਕੇ ਸਨ।
ਰੇਡੀਓ ਲਾਹੌਰ ਬੜਾ ਸਾਫ਼ ਸੁਣਦਾ ਸੀ। ਜਦ ਰੇਡੀਓ ’ਤੇ ਪਾਕਿਸਤਾਨ ਦਾ ਮਸ਼ਹੂਰ ਅਨਾਊਂਸਰ ਨਿਜ਼ਾਮਦੀਨ ਆਪਣੀਆਂ ਫ਼ੌਜਾਂ ਅੰਮ੍ਰਿਤਸਰ ਨੇੜੇ ਪਹੁੰਚਣ ਦੀਆਂ ਖ਼ਬਰਾਂ ਸੁਣਾਉਂਦਾ ਤਾਂ ਅਸੀਂ ਝਟ-ਪਟ ਉਨ੍ਹਾਂ ਟੈਂਕ ਵਾਲੇ ਫ਼ੌਜੀਆਂ ਪਾਸ ਆ ਜਾਂਦੇ। ਉਹ ਸਾਨੂੰ ਹੌਸਲਾ ਦਿੰਦੇ ਕਿ ਸਾਡੀਆਂ ਫ਼ੌਜਾਂ ਤਾਂ ਲਾਹੌਰ ਲਾਗੇ ਪਹੁੰਚ ਚੁੱਕੀਆਂ ਹਨ। ਲਾਹੌਰ ਸਿੱਧਾ ਤੋਪਾਂ ਦੀ ਮਾਰ ਥੱਲੇ ਹੈ, ਪਰ ਸਾਡੀ ਸਰਕਾਰ ਆਮ ਲੋਕਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀ, ਇਸ ਲਈ ਲਾਹੌਰ ਦੇ ਲੋਕਾਂ ਨੂੰ ਦੋ ਦਿਨ ਦੇ ਅੰਦਰ ਸ਼ਹਿਰ ਖਾਲੀ ਕਰਨ ਲਈ ਕਹਿ ਦਿੱਤਾ ਹੈ। ਅਸੀਂ ਬਾਲ ਖ਼ੁਸ਼ ਹੋ ਜਾਂਦੇ। ਜਦ ਲੜਾਈ ਸ਼ੁਰੂ ਹੋਈ ਸੀ ਤਾਂ ਸਾਡਾ ਪਿੰਡ ਸਰਹੱਦ ਦੇ ਨੇੜੇ ਹੋਣ ਕਰਕੇ ਰਾਤ ਨੂੰ ਗੋਲੀਆਂ ਦੀ ਆਵਾਜ਼ ਸੁਣਦੀ ਸੀ, ਪਰ ਮਕਾਨਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਰਾਤ ਦਿਨ ਹੀ ਖੜ-ਖੜ ਕਰਦੇ ਸਨ। ਕੁਝ ਦਿਨਾਂ ਬਾਅਦ ਖੜ-ਖੜ ਬੰਦ ਹੋ ਗਈ ਤਾਂ ਪਤਾ ਲੱਗਾ ਸਾਡੀਆਂ ਫ਼ੌਜਾਂ ਕਾਫ਼ੀ ਅੱਗੇ ਵਧ ਗਈਆਂ ਹਨ।
ਪਾਕਿਸਤਾਨ ਦੇ ਸਰਹੱਦ ਨਾਲ ਲੱਗਦੇ ਪਿੰਡ ਭਡਾਣਾ, ਘਵਿਡ ਬਰਕੀਆਂ, ਜਾਮਣ, ਘਣਈਕੇ, ਕਿਲਾ, ਧੀਰ ਕੇ, ਘੁਰਕੀ, ਕੋਹਰੀਆ ਆਦਿ ਭਾਰਤੀ ਫ਼ੌਜ ਦੇ ਕਬਜ਼ੇ ਵਿੱਚ ਆ ਚੁੱਕੇ ਸਨ। ਇਸ ਲਈ ਅਸੀਂ ਨਿਸ਼ਚਿੰਤ ਹੋ ਗਏ ਸਾਂ, ਪਰ ਅਚਾਨਕ ਇੱਕ ਰਾਤ ਦੱਖਣ ਵਾਲੇ ਪਾਸੇ ਤੋਂ ਤੋਪਾਂ ਦੇ ਗੋਲੇ ਚੱਲਣ ਅਤੇ ਦਰਵਾਜ਼ੇ ਖੜਕਣ ਦੀ ਆਵਾਜ਼ ਦੁਬਾਰਾ ਆਉਣੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹੀ ਰਾਤਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ। ਫਿਰ ਪਤਾ ਲੱਗਾ ਕਿ ਪਾਕਿਸਤਾਨੀ ਫ਼ੌਜ ਖੇਮਕਰਨ ਵਾਲੇ ਪਾਸੇ ਤੋਂ ਅੱਗੇ ਵਧ ਰਹੀ ਹੈ ਅਤੇ ਆਸਲ ਭੂਰੇ, ਕਲਸ਼, ਮਹਿਦੀਪੁਰ, ਚੀਮੇ ਆਦਿ ਪਿੰਡ ਦੁਸ਼ਮਣ ਦੇ ਕਬਜ਼ੇ ਵਿੱਚ ਆ ਚੁੱਕੇ ਹਨ। ਸ਼ਰੀਕੇ ਵਿੱਚੋਂ ਸਾਡਾ ਇੱਕ ਚਾਚਾ ਜੋ ਪਹਿਲਾਂ ਫ਼ੌਜ ’ਚੋਂ ਪੈਨਸ਼ਨ ਆਇਆ ਸੀ, ਰਾਤ ਨੂੰ ਰੇਡੀਓ ਤੋਂ ਬੀਬੀਸੀ ਸੁਣਦਾ ਸੀ। ਉਹ ਦਿਨ ਵੇਲੇ ਦੋ ਚਾਰ ਸਾਬਕਾ ਫ਼ੌਜੀਆਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਘੁੰਮਦਾ ਅਤੇ ਲੋਕਾਂ ਨੂੰ ਹੌਸਲਾ ਦਿੰਦਾ ਸੀ ਕਿ ਸਾਡੀ ਫ਼ੌਜ ਕੋਲ ਵਧੀਆ ਹਥਿਆਰ ਹਨ। ਉਹ ਇਹ ਵੀ ਦੱਸਦਾ ਕਿ ਫ਼ੌਜ ਕਿੰਨਾ ਇਲਾਕਾ ਜਿੱਤ ਚੁੱਕੀ ਹੈ ਅਤੇ ਨਾਲ ਹੀ ਰਾਤ ਨੂੰ ਬਲੈਕ ਆਊਟ ਰੱਖਣ ਤੇ ਮੋਰਚੇ ਪੁੱਟਣ ਦੀ ਤਕਨੀਕ ਦੱਸਦਾ ਅਤੇ ਉਲੰਘਣਾ ਕਰਨ ਵਾਲੇ ਨੂੰ ਤਾੜਨਾ ਵੀ ਕਰਦਾ ਸੀ। ਜਦ ਲੋਕ ਉਸ ਨੂੰ ਖੇਮਕਰਨ ਬਾਰੇ ਪੁੱਛਦੇ ਤਾਂ ਉਹ ਗੱਲ ਟਾਲ ਜਾਂਦਾ। ਜੇਕਰ ਕੋਈ ਬਹੁਤਾ ਖਹਿੜੇ ਪੈਂਦਾ ਤਾਂ ਉਹ ਦੋ ਦਿਨ ਠਹਿਰਨ ਲਈ ਕਹਿੰਦਾ।
ਹੁਣ ਜਦ ਸਾਡੇ ਬਜ਼ੁਰਗਾਂ ਨੂੰ ਪਤਾ ਲੱਗਾ ਕਿ ਪਾਕਿਸਤਾਨੀ ਫ਼ੌਜ ਅਮਰਕੋਟ ਤੱਕ ਪਹੁੰਚ ਗਈ ਹੈ ਤਾਂ ਇੱਕ ਦਿਨ ਸਾਰੇ ਇਕੱਠੇ ਹੋ ਕੇ ਸੂਬੇਦਾਰ ਦੇ ਘਰ ਪਹੁੰਚ ਗਏ ਅਤੇ ਉਸ ਨੂੰ ਮਖੌਲ ਨਾਲ ਕਹਿਣ ਲੱਗੇ, ‘‘ਸੂਬੇਦਾਰ ਸਾਬ, ਹੁਣ ਦੱਸੋ ਮੋਰਚੇ ਪੁੱਟੀਏ ਕਿ ਸਾਮਾਨ ਬੰਨ੍ਹੀਏ?’’ ਇੱਕ ਹੋਰ ਕਹਿਣ ਲੱਗਾ, ‘‘ਹੁਣ ਤੁਸੀਂ ਕੋਈ ਹੀਲਾ ਕਰੋ।’’ ਸੂਬੇਦਾਰ ਨੇ ਬੜੀ ਨਮੋਸ਼ੀ ਮੰਨੀ। ਫਿਰ ਵੀ ਉਸ ਨੇ ਸਾਰਿਆਂ ਦੇ ਬੈਠਣ ਵਾਸਤੇ ਮੰਜੇ ਡਾਹ ਦਿੱਤੇ ਅਤੇ ਆਪਣੀ ਘਰਵਾਲੀ ਨੂੰ ਚਾਹ ਧਰਨ ਲਈ ਕਿਹਾ, ਆਪ ਤਿਆਰ ਹੋਣ ਲੱਗਾ। ਪੂਰੀ ਤਰ੍ਹਾਂ ਤਿਆਰ ਹੋ ਕੇ ਬਾਹਰ ਆਇਆ ਤੇ ਕਹਿਣ ਲੱਗਾ, ‘‘ਮੈਨੂੰ ਪਤਾ ਜਿਹੜਾ ਉਲ੍ਹਾਮਾ ਦੇਣ ਤੁਸੀਂ ਆਏ ਹੋ। ਪਰ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦੈ, ਅਫ਼ਵਾਹਾਂ ਸਿਰਫ਼ ਅਫ਼ਵਾਹਾਂ ਹੁੰਦੀਆਂ ਹਨ ਅਤੇ ਅਜਿਹੇ ਮੌਕੇ ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਸਾਮਾਨ ਬੰਨ੍ਹ ਕੇ ਸੜਕਾਂ ’ਤੇ ਨਿਕਲ ਪਏ ਤਾਂ ਅਜਿਹੇ ਭੀੜ-ਭੜੱਕੇ ਵਿੱਚ ਫ਼ੌਜ ਦੀਆਂ ਗੱਡੀਆਂ ਨੂੰ ਕਿੰਨੀ ਮੁਸ਼ਕਲ ਆਵੇਗੀ? ਇਹ ਤਾਂ ਦੁਸ਼ਮਣ ਦਾ ਸਾਥ ਦੇਣ ਵਾਲੀ ਗੱਲ ਹੋਈ ਨਾ। ਜਦ ਕੋਈ ਸਿਵਲ ਇਲਾਕਾ ਖ਼ਾਲੀ ਕਰਾਉਣਾ ਹੋਵੇ ਫ਼ੌਜ ਜਾਂ ਪੁਲੀਸ ਪਿੰਡ ਵਿੱਚ ਆ ਕੇ ਆਪ ਇਤਲਾਹ ਕਰਦੀ ਹੈ। ਤੁਸੀਂ ਨਿਸ਼ਚਿੰਤ ਹੋ ਜਾਓ, ਬਾਕੀ ਜੀ ਆਇਆਂ ਨੂੰ, ਆਓ ਆਪਾਂ ਬੈਠ ਕੇ ਸਲਾਹ ਕਰਦੇ ਹਾਂ। ਫਿਰ ਆਪ ਹੀ ਕਹਿਣ ਲੱਗਾ, ਤੁਸੀਂ ਕਰਦੇ ਹੋ ਦੋ ਦਿਨ ਪੁਰਾਣੀ ਗੱਲ। ਲੜਾਈ ਵਿਚ ਤਾਂ ਰਾਤੋ-ਰਾਤ ਪਾਸਾ ਪਲਟ ਜਾਂਦੈ। ਇਹ ਠੀਕ ਹੈ ਪਾਕਿਸਤਾਨ ਨੇ ਢਾਈ ਤਿੰਨ ਸੌ ਪੈਟਨ ਟੈਂਕਾਂ ਨਾਲ ਖੇਮਕਰਨ ਵਾਲੇ ਪਾਸੇ ਤੋਂ ਹਮਲਾ ਕੀਤਾ ਸੀ। ਉਸ ਨੂੰ ਅਮਰੀਕਾ ਦੀ ਸ਼ਹਿ ਸੀ ਕਿ ਇਸ ਟੈਂਕ ਦਾ ਇੰਡੀਆ ਕੋਲ ਕੋਈ ਤੋੜ ਨਹੀਂ। ਉਨ੍ਹਾਂ ਦੀ ਸਕੀਮ ਸੀ ਖੇਮਕਰਨ ਤੋਂ ਹਰੀਕੇ ਤੱਕ, ਬਿਆਸ ਦਰਿਆ ਦੇ ਨਾਲ ਅੱਗੇ ਵਧਣ ਦੀ, ਇਹ ਵੀ ਠੀਕ ਹੈ ਉਹ ਕੁਝ ਅੱਗੇ ਵਧ ਵੀ ਆਏ ਸਨ। ਤੁਹਾਡੇ ਵਿੱਚੋਂ ਕਿਸੇ ਨੇ ਪੈਟਨ ਟੈਂਕ ਚਲਦਿਆਂ ਵੇਖਿਆ?’’ ਸੂਬੇਦਾਰ ਨੇ ਸਾਰਿਆਂ ’ਤੇ ਨਜ਼ਰ ਮਾਰੀ ਪਰ ਕਿਸੇ ਨੇ ਹਾਂ ਨਾ ਕੀਤੀ। ‘‘ਆਓ, ਤੁਹਾਨੂੰ ਮੈਂ ਦੱਸਦਾਂ। ਪਾਕਿਸਤਾਨ ਨੂੰ ਮਾਣ ਸੀ ਪੈਟਨ ਟੈਂਕਾਂ ’ਤੇ। ਇੱਕ ਟੈਂਕ ਬਣਾਉਣ ’ਤੇ ਓਨਾ ਲੋਹਾ ਲੱਗਦੈ, ਜਿੰਨੇ ਲੋਹੇ ਨਾਲ ਹਜ਼ਾਰ ਟਰੈਕਟਰ ਬਣਦਾ। ਇਹ ਨਾ ਤਾਂ ਪੈਂਚਰ ਹੁੰਦੈ ਨਾ ਹੀ ਇਸ ’ਤੇ ਕੋਈ ਗੋਲੀ ਜਾਂ ਬੰਬ ਅਸਰ ਕਰਦੈ ਕਿਉਂਕਿ ਇਸ ਦੇ ਘੇਰੇ-ਘੇਰੇ ਡੇਢ ਤੋਂ ਦੋ ਫੁੱਟੀ ਮੋਟੀ ਲੋਹੇ ਦੀ ਚਾਦਰ ਤਿੰਨ ਪਰਤਾਂ ਵਿੱਚ ਹੁੰਦੀ ਹੈ। ਇਸੇ ਤਰੀਕੇ ਇਸ ਦੇ ਪਹੀਏ ’ਤੇ ਚੇਨ ਹੁੰਦੀ ਹੈ। ਇਸ ਤਰ੍ਹਾਂ ਇਸ ਨੂੰ ਚਲਾਉਣ ਵਾਲਾ ਆਪਣੇ-ਆਪ ਨੂੰ ਸੁਰੱਖਿਅਤ ਸਮਝਦਾ ਹੈ। ਸਾਡੇ ਜਵਾਨਾਂ ਪਾਸ ਇਸ ਨੂੰ ਰੋਕਣ ਦਾ ਇਕੋ ਇੱਕ ਤਰੀਕਾ ਸੀ ਕਿ ਚਲਦੇ ਟੈਂਕ ਦੀ ਚੇਨ ਵਿੱਚ ਬੰਬ ਰੱਖਣਾ, ਜਿਸ ਨਾਲ ਚੈਨ ਉਸ ਥਾਂ ਤੋਂ ਉੱਡ ਜਾਂਦੀ ਸੀ ਅਤੇ ਟੈਂਕ ਇੱਕ ਥਾਂ ਰੁਕ ਜਾਂਦਾ ਸੀ ਪਰ ਇਹ ਵੀ ਬੜਾ ਜੋਖ਼ਮ ਵਾਲਾ ਕੰਮ ਸੀ ਕਿਉਂਕਿ ਟੈਂਕ ’ਤੇ ਜਿੱਥੇ ਤੋਪ ਫਿੱਟ ਹੁੰਦੀ ਹੈ, ਉੱਥੇ ਨਾਲ ਹੀ ਇਕ ਗੰਨ ਫਿੱਟ ਹੁੰਦੀ ਹੈ ਜੋ ਕਿਸੇ ਨੂੰ ਟੈਂਕ ਦੇ ਨੇੜੇ ਨਹੀਂ ਫਟਕਣ ਦਿੰਦੀ ਅਤੇ ਜੇਕਰ ਚੇਨ ਉੱਡ ਵੀ ਜਾਵੇ ਤਾਂ ਟੈਂਕ ਦੇ ਨਾਲ ਟੈਂਕ ਮਕੈਨਿਕ ਹੁੰਦੇ ਹਨ ਜੋ ਚੇਨ ਜਾਂ ਤਾਂ ਠੀਕ ਕਰ ਦਿੰਦੇ ਹਨ ਜਾਂ ਬਦਲ ਦਿੰਦੇ ਹਨ ਜਿਸ ਨਾਲ ਟੈਂਕ ਫਿਰ ਚੱਲਣਯੋਗ ਹੋ ਜਾਂਦਾ ਹੈ। ਇਸ ਤਰ੍ਹਾਂ ਬੰਬ ਨਾਲ ਚੇਨ ਉਡਾਉਣ ਵਾਲਾ ਕੰਮ ਬਹੁਤਾ ਕਾਰਗਰ ਨਹੀਂ। ਇਕ ਤਾਂ ਚੇਨ ਲੋਹੇ ਦੀ ਮੋਟੀ ਚਾਦਰ ਨਾਲ ਢੱਕੀ ਹੁੰਦੀ ਹੈ, ਦੂਸਰਾ ਬੰਬ ਰੱਖਣ ਵਾਲਾ ਜਵਾਨ ਵੀ ਕਈ ਵਾਰ ਆਪ ਵੀ ਦਰੜਿਆ ਜਾਂਦਾ ਹੈ। ਸੋ ਇਸ ਦਾ ਰਾਹ ਰੋਕਦੀ ਹੈ ਐਂਟੀ ਟੈਂਕ ਗੰਨ ਜੋ ਜੀਪ ’ਤੇ ਵੀ ਫਿੱਟ ਹੁੰਦੀ ਹੈ ਅਤੇ ਟੈਂਕ ਉਪਰ ਵੀ ਤੇ ਮੋਰਚੇ ’ਤੇ ਵੀ ਫਿੱਟ ਕੀਤੀ ਜਾ ਸਕਦੀ ਹੈ। ਇਸ ਵਿੱਚ ਚੱਲਣ ਵਾਲਾ ਗੋਲਾ ਰੂਸ ਵਿੱਚ ਬਣਦਾ ਹੈ, ਬਸ ਇਹ ਗੋਲਾ ਬਾਰੂਦ ਪਹੁੰਚਣ ਵਿੱਚ ਕੁਝ ਦੇਰੀ ਹੋ ਗਈ। ਇਸ ਤਰ੍ਹਾਂ ਜਿਉਂ ਹੀ ਇਹ ਗੰਨਾਂ ਤੇ ਗੋਲੇ ਪਹੁੰਚੇ, ਨਾਲ ਹੀ ਪੈਦਲ ਸਿੱਖ ਇਨਫੈਂਟਰੀ ਪਹੁੰਚ ਗਈ। ਬਸ ਫਿਰ ਨਜ਼ਾਰਾ ਵੇਖਣ ਵਾਲਾ ਸੀ, ਉੱਧਰ ਇੱਕ ਫ਼ੌਜੀ ਅਫ਼ਸਰ ਨੇ ਅਮਰਕੋਟ ਦੇ ਗੁਰਦੁਆਰੇ ਤੋਂ ਅਜਿਹਾ ਜੋਸ਼ੀਲਾ ਭਾਸ਼ਣ ਦਿੱਤਾ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਰਵਾਇਤੀ ਹਥਿਆਰਾਂ ਨਾਲ ਫ਼ੌਜ ਦੇ ਨਾਲ ਹੋ ਗਏ।
ਹੁਣ ਮੈਂ ਤੁਹਾਨੂੰ ਤਫਸੀਲ ਨਾਲ ਦੱਸਦਾਂ ਇਸ ਐਂਟੀ ਟੈਂਕ ਗੰਨ ਨੇ ਕਿਸ ਤਰ੍ਹਾਂ ਸਾਨੂੰ ਜਿੱਤ ਦਿਵਾਈ। ਇਸ ਗੰਨ ਵਿੱਚ ਪੈਣ ਵਾਲਾ ਗੋਲਾ ਰੂਸ ਵਿੱਚ ਬਣਦਾ ਹੈ ਅਤੇ ਇਸ ਦੇ ਤਿੰਨ ਹਿੱਸੇ ਹੁੰਦੇ ਹਨ। ਇਸ ਦੇ ਅਗਲੇ ਹਿੱਸੇ ’ਤੇ ਭਾਰੀ ਚੁੰਬਕ ਲੱਗੀ ਹੁੰਦੀ ਹੈ ਜਿਸ ਨਾਲ ਗੋਲਾ ਟੈਂਕ ਵੱਲ ਖਿੱਚਿਆ ਜਾਂਦਾ ਹੈ ਜਾਂ ਕਹਿ ਲਓ ਸਿੱਧਾ ਟੈਂਕ ਨੂੰ ਵੱਜਦਾ ਹੈ। ਫਿਰ ਇਸ ਵਿਚਲਾ ਵਰਮਾ ਚੱਲ ਪੈਂਦਾ ਹੈ ਜੋ ਲੋਹੇ ਦੀਆਂ ਚਾਦਰਾਂ ਵਿੱਚ ਡੇਢ ਤੋਂ ਦੋ ਫੁੱਟ ਤੱਕ ਛੇਕ ਕਰ ਦਿੰਦਾ ਹੈ, ਫਿਰ ਫਟਦਾ ਹੈ ਗੋਲਾ ਜਿਸ ਨਾਲ ਟੈਂਕ ਤਿੰਨ ਤੋਂ ਚਾਰ ਫੁੱਟ ਹਵਾ ਵਿੱਚ ਉਛਲ ਜਾਂਦਾ ਹੈ ਅਤੇ ਸਵਾਹ ਦਾ ਢੇਰ ਬਣ ਜਾਂਦਾ ਹੈ। ਜੇਕਰ ਕਿਤੇ ਇਹ ਗੋਲਾ ਚਾਲਕ ਲਾਗੇ ਫਟ ਜਾਵੇ ਤਾਂ ਚਾਲਕ ਅੱਗ ਦਾ ਭਾਂਬੜ ਬਣ ਕੇ ਅੱਠ ਤੋਂ ਦਸ ਫੁੱਟ ਹਵਾ ਵਿੱਚ ਉਛਲ ਜਾਂਦਾ ਹੈ, ਉੱਧਰ ਪੈਟਰੋਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਚਾਲਕ ਸੜ ਕੇ ਰਾਖ ਹੋ ਜਾਂਦਾ ਹੈ।
ਇਹ ਸਕੀਮ ਬੜੀ ਕਾਰਗਰ ਸਿੱਧ ਹੋਈ ਕਿਉਂਕਿ ਦੁਸ਼ਮਣ ਦੇਸ਼ ਦੇ ਸਿਪਾਹੀ ਅੱਗ ਵਿੱਚ ਸੜਨ ਨੂੰ ਬਦਸ਼ਗਨੀ ਸਮਝਦੇ ਹਨ, ਉਨ੍ਹਾਂ ਦਾ ਮੰਨਣਾ ਕਿ ਅੱਗ ਵਿੱਚ ਸੜਨ ਨਾਲ ਜੰਨਤ ਨਸੀਬ ਨਹੀਂ ਹੁੰਦੀ। ਜਦ ਅਗਲੀ ਲਾਈਨ ਦੇ ਸਾਰੇ ਟੈਂਕ ਤਬਾਹ ਹੋ ਗਏ ਤਾਂ ਉਨ੍ਹਾਂ ਨੂੰ ਸੁਰਤ ਆਈ ਕਿ ਅੰਨ੍ਹੇਵਾਹ ਧੁਸ ਦੇਣਾ ਕੋਈ ਅਕਲਮੰਦੀ ਨਹੀਂ ਅਤੇ ਉਹ ਇੱਕ ਟਰੈਪ ਵਿੱਚ ਫਸ ਚੁੱਕੇ ਸਨ। ਉਨ੍ਹਾਂ ਨੂੰ ਤਿੰਨਾਂ ਪਾਸਿਓਂ ਮਾਰ ਪੈ ਰਹੀ ਸੀ। ਇੱਕ ਤਾਂ ਮੋਰਚੇ ਵਾਲੇ ਜਵਾਨ ਮੋਰਚੇ ਤੋਂ ਐਂਟੀ ਟੈਂਟ ਗੰਨ ਚਲਾ ਰਹੇ ਸਨ। ਇੱਕ ਪਾਸੇ ਤੋਂ ਅਬਦੁਲ ਹਮੀਦ ਵਾਲੀ ਕੰਪਨੀ ਜੀਪਾਂ ਤੇ ਟੈਂਕਾਂ ਉਪਰ ਫਿੱਟ ਗੰਨਾਂ ਨਾਲ ਗੋਲੇ ਸੁੱਟ ਰਹੇ ਸਨ। ਅਬਦੁਲ ਹਮੀਦ ਵਾਲੀ ਗੰਨ ਜੋ ਜੀਪ ਉਪਰ ਫਿੱਟ ਸੀ, ਉਸ ਇਕੱਲੇ ਨੇ ਅੱਗੇ ਵਧ ਕੇ ਛੇ ਟੈਂਕ ਤਬਾਹ ਕਰ ਦਿੱਤੇ ਅਤੇ ਸ਼ਹੀਦੀ ਪਾ ਗਿਆ, ਉਸ ਦੇ ਸ਼ਹੀਦ ਹੋਣ ਨਾਲ ਜਵਾਨਾਂ ਵਿੱਚ ਇੰਨਾ ਜੋਸ਼ ਫੈਲ ਗਿਆ ਕਿ ਸਾਡੇ ਜਵਾਨ ਹੱਥ ਨਾਲ ਗੋਲਾ ਫੜ ਕੇ ਟੈਂਕ ਉਪਰ ਚੜ੍ਹ ਜਾਂਦੇ ਅਤੇ ਚਾਲਕ ਵਾਲੀ ਥਾਂ ’ਤੇ ਗੋਲਾ ਸੁੱਟ ਦਿੰਦੇ। ਉੱਤੋਂ ਰਹਿੰਦੀ-ਖੂੰਹਦੀ ਕਸਰ ਏਅਰ ਫੋਰਸ ਨੇ ਪੂਰੀ ਕਰ ਦਿੱਤੀ। ਜਦ ਅੱਧੇ ਤੋਂ ਵੱਧ ਟੈਂਕ ਮਲਬੇ ਦਾ ਢੇਰ ਬਣ ਗਏ ਅਤੇ ਕਈ ਅਜੇ ਧੁਖ਼ ਰਹੇ ਸਨ ਤਾਂ ਇਹ ਸੀਨ ਵੇਖ ਕੇ ਉਹ ਟੈਂਕਾਂ ਸਣੇ ਪਿਛਾਂਹ ਨੂੰ ਭੱਜਣ ਲੱਗੇ ਪਰ ਉਨ੍ਹਾਂ ਨੂੰ ਕੀ ਪਤਾ ਸੀ, ਪਿੱਛੇ ਵੀ ਮੌਤ ਖੜ੍ਹੀ ਹੈ। ਹਾਂ, ਸੱਚ ਇਕ ਗੱਲ ਮੈਂ ਭੁੱਲ ਗਿਆ, ਉਦੋਂ ਯਾਦ ਜੇ ਨਾ ਜਦ ਫ਼ੌਜ ਅਤੇ ਪੁਲੀਸ ਨੇ ਆਪਾਂ ਨੂੰ ਨਹਿਰੀ ਪਾਣੀ ਵਰਤਣ ਤੋਂ ਰੋਕ ਦਿੱਤਾ ਸੀ ਜਦੋਂਕਿ ਨਹਿਰ ਪੂਰੀ ਤਰ੍ਹਾਂ ਫੁਲ ਵਗ ਰਹੀ ਸੀ? ਇਹ ਹੁੰਦੀਆਂ ਹਨ ਮਿਲਟਰੀ ਅਫ਼ਸਰਾਂ ਦੀਆਂ ਸਕੀਮਾਂ। ਹੁਣ ਤੁਸਾਂ ਪੁੱਛਣਾ ਏ ਕਿ ਜਦ ਅਮਰਕੋਟ ਤੋਂ ਖੇਮਕਰਨ ਤੱਕ ਦੁਸ਼ਮਣ ਪਿਛਾਂਹ ਹਟ ਗਿਆ ਤਾਂ ਖੇਮਕਰਨ ਵਾਪਸ ਕਿਉਂ ਨਹੀਂ ਲਿਆ। ਇਹ ਵੀ ਟਰੈਪ ਦਾ ਇੱਕ ਹਿੱਸਾ ਸੀ, ਜਦ ਦੁਸ਼ਮਣ ਚੱਲਦੇ ਟੈਂਕ ਛੱਡ ਕੇ ਪਿਛਾਂਹ ਨੂੰ ਭੱਜਿਆ ਤਾਂ ਪਿਛਲੇ ਟੈਂਕ ਵੀ ਵਾਪਸ ਮੁੜਨ ਲੱਗੇ ਜਦੋਂਕਿ ਸਾਡੇ ਅਫ਼ਸਰਾਂ ਦੀ ਸਕੀਮ ਸੀ ਪਈ ਸਾਰੇ ਦੇ ਸਾਰੇ ਟੈਂਕ ਤਬਾਹ ਕਰ ਦੇਣੇ ਹਨ ਜਾਂ ਚਾਲੂ ਹਾਲਤ ਵਿੱਚ ਕਬਜ਼ੇ ਵਿੱਚ ਲੈਣੇ ਹਨ ਤਾਂ ਜੋ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਤਾਹੀਓਂ ਤਾਂ ਕਹਿੰਦੇ ਹਨ ਲੜਾਈ ਵਿੱਚ ਸਭ ਜਾਇਜ਼ ਹੈ ਜਾਂ ਦੂਜੇ ਸ਼ਬਦਾਂ ਵਿੱਚ ਤੁਹਾਡਾ ਸਿਰ ਤੁਹਾਡੀਆਂ ਜੁੱਤੀਆਂ। ਇਹ ਨਹਿਰ ਜੋ ਆਪਣੇ ਕੋਲੋਂ ਲੰਘਦੀ ਹੈ ਜਿਸ ਨੂੰ ਆਪਾਂ ਕਸੂਰ ਬਰਾਂਚ ਆਖਦੇ ਹਾਂ। ਇਸ ਨਹਿਰ ਨੇ ਬੜਾ ਸਾਥ ਦਿੱਤਾ। ਜਦ ਦੁਸ਼ਮਣ ਦੇ ਟੈਂਕ ਅਮਰਕੋਟ ਲਾਗੇ ਪਹੁੰਚੇ ਤਾਂ ਪਿੱਛੋਂ ਇਸ ਨਹਿਰ ਦਾ ਪਾਣੀ ਛੱਡ ਦਿੱਤਾ ਗਿਆ, ਉਹ ਵੀ ਰਾਤ ਦੇ ਹਨੇਰੇ ਵਿੱਚ ਦਿਨ ਚੜ੍ਹਦੇ ਨੂੰ ਹਰ ਪਾਸੇ ਪਾਣੀ ਹੀ ਪਾਣੀ ਸੀ ਉਹ ਵੀ ਤਿੰਨ ਤੋਂ ਚਾਰ ਫੁੱਟ ਤੱਕ ਜਿਸ ਨਾਲ ਦਲ-ਦਲ ਬਣ ਗਈ ਸੀ। ਆਮ ਤੌਰ ’ਤੇ ਟੈਂਟ ਮਾੜਾ ਮੋਟਾ ਖਾਲ ਜਾਂ ਸੂਆ ਟੱਪ ਜਾਂਦਾ ਹੈ ਪਰ ਚਿੱਕੜ ਵਿੱਚੋਂ ਨਿਕਲਣਾ ਕਾਫ਼ੀ ਔਖਾ ਹੈ। ਇਸ ਲਈ ਪਿਛਾਂਹ ਮੁੜਦੇ ਟੈਂਕ ਖੇਮਕਰਨ ਲਾਗੇ ਚਿੱਕੜ ਵਿੱਚ ਫਸ ਗਏ। ਫਿਰ ਇੱਕੋ ਇੱਕ ਰਸਤਾ ਸੀ ਚੱਲਦੇ ਟੈਂਕ ਛੱਡ ਕੇ ਹੱਥ ਖੜ੍ਹੇ ਕਰਨਾ ਜਾਂ ਪਿਛਾਂਹ ਨੂੰ ਭੱਜਣਾ। ਫਿਰ ਸਪੀਕਰ ਰਾਹੀਂ ਅਨਾਊਂਸਮੈਂਟ ਕੀਤੀ ਗਈ ਗਈ ਕਿ ਜੋ ਵੀ ਆਪਣੀ ਜਾਨ ਦੀ ਸਲਾਮਤੀ ਚਾਹੁੰਦਾ ਹੈ, ਹੱਥ ਖੜ੍ਹੇ ਕਰਕੇ ਟੈਂਕ ’ਚੋਂ ਬਾਹਰ ਆ ਜਾਵੇ, ਨਾਲ ਹੀ ਦੱਸਿਆ ਗਿਆ ਤੁਸੀਂ ਚਾਰੇ ਪਾਸੇ ਤੋਂ ਘਿਰ ਚੁੱਕੇ ਹੋ ਅਤੇ ਹੱਥੇ ਖੜ੍ਹੇ ਕਰਨ ਤੋਂ ਬਿਨਾਂ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ। ਇਸ ਤਰ੍ਹਾਂ ਉਨ੍ਹਾਂ ਚਾਲੂ ਹਾਲਤ ਵਿੱਚ ਟੈਂਕ ਸਾਡੀ ਫ਼ੌਜ ਦੇ ਹਵਾਲੇ ਕਰ ਦਿੱਤੇ, ਹੁਣ ਸੁਣਿਆ ਹੈ ਕਿ ਕਿਸੇ ਤਰੀਕੇ ਨਾਲ ਇਹ ਸਾਰੇ ਟੈਂਕ ਇਕੱਠੇ ਕਰ ਕੇ ਭਿੱਖੀਵਿੰਡ ਨੁਮਾਇਸ਼ ਲਗਾਉਣੀ ਹੈ,’’ ਨਾਲ ਹੀ ਸੂਬੇਦਾਰ ਇਹ ਵੀ ਦੱਸ ਬੈਠਾ ਕਿ ਖੇਮਕਰਨ ਵਿੱਚ ਦੁਸ਼ਮਣ ਦੇਸ਼ ਦੇ ਲੋਕਾਂ ਨੇ ਬਹੁਤ ਲੁੱਟ-ਮਾਰ ਕੀਤੀ ਹੈ, ਘਰਾਂ ਦਾ ਸਾਮਾਨ ਤਾਂ ਇੱਕ ਪਾਸੇ, ਕਈ ਘਰਾਂ ਦੀਆਂ ਛੱਤਾਂ ਵੀ ਉਧੇੜ ਕੇ ਲੈ ਗਏ ਸਨ। ਲੋਕਾਂ ’ਤੇ ਇਸ ਗੱਲ ਦਾ ਬੜਾ ਉਲਟ ਅਸਰ ਹੋਇਆ ਤੇ ਉਨ੍ਹਾਂ ਨੇ ਰਲ ਕੇ ਇਕ ਟੋਲਾ ਬਣਾ ਲਿਆ ਅਤੇ ਸੂਬੇਦਾਰ ਨੂੰ ਦੱਸੇ ਬਿਨਾ ਹੀ ਭਾਰਤੀ ਫ਼ੌਜ ਵੱਲੋਂ ਕਬਜ਼ੇ ਵਿੱਚ ਲਏ ਗਏ ਪਿੰਡਾਂ ਵਿੱਚ ਲੁੱਟ-ਮਾਰ ਜਾਂ ਬਚਿਆ ਖੁਚਿਆ ਸਮਾਨ ਵਾਪਸ ਲਿਆਉਣ ਦਾ ਮਨ ਬਣਾ ਲਿਆ। ਖੋਰੇ ਕੋਈ ਕੀਮਤੀ ਚੀਜ਼ ਹੱਥ ਲੱਗ ਜਾਵੇ, ਪਰ ਤਿੰਨ ਚਾਰ ਦਿਨ ਖੱਜਲ ਖੁਆਰ ਹੋਣ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਧਰ ਤਾਂ ਆਪਣੇ ਤੋਂ ਵੀ ਵੱਧ ਭੁੱਖ-ਨੰਗ ਹੈ। ਸਾਰੇ ਪਿੰਡ ਕੱਚੇ ਹਨ, ਉਪਰ ਕਾਨਿਆਂ ਵਾਲੀਆਂ ਨੀਵੀਂਆਂ ਛੱਤਾਂ ਹਨ ਕਿਧਰੇ ਬਿਜਲੀ ਦਾ ਨਾਂ ਨਿਸ਼ਾਨ ਨਹੀਂ, ਘਰਾਂ ਵਿੱਚ ਖਾਲੀ ਟਰੰਕ ਤੇ ਇੱਕਾ-ਦੁੱਕਾ ਸਿਲਵਰ ਦੇ ਭਾਂਡੇ ਖਿਲਰੇ ਪਏ ਹਨ। ਪਰ ਇੱਕ ਪਿੰਡ ਵਿੱਚ ਇੱਕ ਬਹੁਤ ਵੱਡੀ ਨਾਨਕਸ਼ਾਹੀ ਇੱਟਾਂ ਨਾਲ ਬਣੀ ਹਵੇਲੀ ਪੱਕੀ ਹੈ, ਜਿਸ ਨੂੰ ਫ਼ੌਜ ਨੇ ਕਬਜ਼ੇ ਵਿੱਚ ਕਰ ਰੱਖਿਆ ਹੈ। ਫ਼ੌਜ ਤੋਂ ਪਤਾ ਲੱਗਾ ਕਿ ਵੰਡ ਤੋਂ ਪਹਿਲਾਂ ਜਵਾਲਾ ਸਿੰਘ ਨਾਂ ਦੇ ਕਿਸੇ ਸਰਦਾਰ ਨੇ ਇਹ ਹਵੇਲੀ ਬਣਾਈ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸੀ। ਹੁਣ ਇਸ ਹਵੇਲੀ ਵਿੱਚ ਸਿਵਲ ਕੈਦੀ ਸਨ ਜਿਨ੍ਹਾਂ ਵਿੱਚ ਕੁਝ ਬਜ਼ੁਰਗ ਔਰਤਾਂ ਤੇ ਮਰਦ ਸਨ, ਕੁਝ ਬੱਚੇ ਸਨ, ਇਨ੍ਹਾਂ ਦੀ ਗਿਣਤੀ ਦੋ ਸੌ ਦੇ ਕਰੀਬ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਨ੍ਹਾਂ ਦੀ ਦੇਖ-ਭਾਲ ਅਤੇ ਗਿਣਤੀ-ਮਿਣਤੀ ਵਾਸਤੇ ਇਨ੍ਹਾਂ ਵਿੱਚੋਂ ਹੀ ਇੱਕ ਸੇਠ ਖ਼ੁਦਾ ਬਖ਼ਸ਼ ਨਾਂ ਦਾ ਵਿਅਕਤੀ ਕਰ ਰਿਹਾ ਸੀ। ਉਸ ਨੇ ਆਪ ਹੀ ਦੱਸਿਆ ਕਿ ਉਸ ਦੀ ਪਿੰਡ ਵਿੱਚ ਪਕੌੜਿਆਂ ਦੀ ਦੁਕਾਨ ਸੀ ਅਤੇ ਹਰ ਵੇਲੇ ਉਸ ਦੀ ਦੁਕਾਨ ’ਤੇ ਰੌਣਕ ਲੱਗੀ ਰਹਿੰਦੀ ਸੀ ਅਤੇ ਉਹ ਵੀ ਦੁਕਾਨ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਸੀ। ਬਸ ਉਸ ਦਾ ਮਨ ਹੀ ਨਹੀਂ ਮੰਨਿਆ ਦੁਕਾਨ ਛੱਡ ਕੇ ਜਾਣ ਨੂੰ ਅਤੇ ਉਹ ਭਾਰਤੀ ਫ਼ੌਜ ਦੇ ਕਾਬੂ ਆ ਗਿਆ। ਜਦ ਉਸ ਨੂੰ ਫ਼ੌਜੀਆਂ ਨੇ ਪੁੱਛਿਆ ਕਿ ਉਸ ਨੂੰ ‘ਸੇਠ’ ਕਿਉਂ ਕਹਿੰਦੇ ਹਨ, ਕੀ ਉਹ ਕਾਫ਼ੀ ਧਨਾਢ ਆਦਮੀ ਹੈ? ਉਸ ਦਾ ਉੱਤਰ ਬੜਾ ਦਿਲਚਸਪ ਸੀ। ਉਹ ਕਹਿਣ ਲੱਗਾ, ‘‘ਪਹਿਲਾਂ ਉਹ ਕੇਵਲ ਖੁਦਾ ਬਖਸ਼ ਸੀ ਅਤੇ ਮਾੜੀ ਜਿਹੀ ਪਕੌੜਿਆਂ ਦੀ ਦੁਕਾਨ ਕਰਦਾ ਸੀ ਅਤੇ ਉਹ ਦੁਕਾਨ ਵੀ ਕਿਰਾਏ ’ਤੇ ਸੀ। ਮੈਂ ਸੋਚਿਆ ਕਿਉਂ ਨਾ ਘਰ ਦੇ ਇੱਕ ਪਾਸੇ ਹੀ ਦੁਕਾਨ ਪਾ ਲਈ ਜਾਵੇ ਤਾਂ ਜੋ ਕਿਰਾਇਆ ਨਾ ਦੇਣਾ ਪਵੇ, ਬਸ ਦੁਕਾਨ ਦੀ ਨੀਂਹ ਪੁੱਟਦਿਆਂ ਮੈਨੂੰ ਦਸ ਹਜ਼ਾਰ ਰੁਪਏ ਦੇ ਬਰਾਬਰ ਦੀ ਚਾਂਦੀ ਲੱਭ ਗਈ, ਮੈਂ ਜਿੰਨੇ ਪੈਸੇ ਦੁਕਾਨ ’ਤੇ ਲੱਗਣੇ ਸੀ ਲਾ ਕੇ, ਬਾਕੀ ਫਰੀ ਪਕੌੜੇ ਵੰਡ ਦਿੱਤੇ। ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ ਤੇ ਲੋਕਾਂ ਮੈਨੂੰ ਸੇਠ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਕਈ ਸੇਠ ਖੁਦਾ ਬਖਸ਼ ਕਹਿੰਦੇ ਹਨ ਅਤੇ ਕਈ ਨਿਰਾ ਸੇਠ ਹੀ ਕਹਿੰਦੇ ਹਨ। ਮੇਰੀ ਇਹ ਗੱਲ ਸੁਣ ਕੇ ਹੀ ਮੈਨੂੰ ਤੁਹਾਡੀ ਫ਼ੌਜ ਵਾਲਿਆਂ ਇਨ੍ਹਾਂ ਦਾ ਇੰਚਾਰਜ ਬਣਾ ਦਿੱਤਾ ਹੈ ਅਤੇ ਮੈਂ ਹੁਣ ਵੀ ਹਰ ਜੁੰਮੇ ਨੂੰ ਖੁੱਲ੍ਹੇ ਪਕੌੜੇ ਬਣਾਉਂਦਾ ਹਾਂ। ਭਾਰਤੀ ਫ਼ੌਜ ਵੀ ਬੜਾ ਤਾਅਵਨ ਕਰਦੀ ਹੈ। ਵੰਡ ਤੋਂ ਪਹਿਲਾਂ ਸਾਡੇ ਪਿੰਡ ਵੀ ਕਈ ਸਰਦਾਰਾਂ ਦੇ ਘਰ ਸਨ। ਮੈਂ ਆਪਣੀ ਮਾਂ ਤੋਂ ਸੁਣਿਆ ਸੀ ਕਿ ਤੁਹਾਡਾ ਵੀ ਇੱਕ ਦਰਬਾਰ ਹੈ ਜਿਸ ਦੇ ਚਾਰ ਦਰਵਾਜ਼ੇ ਹਨ ਅਤੇ ਉੱਥੇ ਕੋਈ ਵੀ ਇਬਾਦਤ ਕਰ ਸਕਦਾ ਹੈ। ਤੁਸਾਂ ਵਾਪਸ ਜਾ ਕੇ ਉੱਥੇ ਮੇਰੇ ਵੱਲੋਂ ਇਬਾਦਤ ਕਰਨੀ ਕਿ ਇਹ ਖੂਨ ਖਰਾਬਾ ਬੰਦ ਹੋਵੇ।’’
ਪਤਾ ਨਹੀਂ ਖੁਦਾ ਬਖ਼ਸ਼ ਦੀ ਅਰਦਾਸ ਰੱਬ ਨੇ ਸੁਣ ਲਈ ਜਾਂ ਸਰਕਾਰਾਂ ਨੂੰ ਅਕਲ ਆ ਗਈ, ਇੱਕ ਦਿਨ ਚਾਚੇ ਸੂਬੇਦਾਰ ਨੇ ਲੜਾਈ ਬੰਦ ਹੋਣ ਦੀ ਖ਼ਬਰ ਸਾਰੇ ਪਿੰਡ ਨੂੰ ਸੁਣਾ ਦਿੱਤੀ।
ਸੰਪਰਕ: 99147-14496