ਡਾ. ਵਿਦਵਾਨ ਸਿੰਘ ਸੋਨੀ
ਆਇੰਸਟਾਈਨ ਦੇ ਪੁੰਜ ਊਰਜਾ ਸਬੰਧ ਵਾਲੇ ਫਾਰਮੂਲੇ ਦੀ ਖੋਜ ਨੇ ਵਿਗਿਆਨ ਵਿਚ ਇਨਕਲਾਬ ਲੈ ਆਂਦਾ ਸੀ। ਪੁੰਜ ਊਰਜਾ ਵਿੱਚ ਵਟਣ ਲੱਗਾ, ਐਟਮ ਬੰਬ ਬਣ ਗਏ, ਐਟਮੀ ਸ਼ਕਤੀ ਤੋਂ ਬਿਜਲੀ ਬਣਨ ਲੱਗੀ। ਦਰਅਸਲ, ਆਇੰਸਟਾਈਨ ਦੀ ਕਲਪਨਾ ਸ਼ਕਤੀ ਅਸੀਮ ਸੀ।
ਐਲਬਰਟ ਆਇੰਸਟਾਈਨ ਚੌਦਾਂ ਮਾਰਚ 1879 ਨੂੰ ਜਰਮਨੀ ਦੇ ਉਲਮ (ਵਰਟਮਬਰਗ) ਵਿਖੇ ਜਨਮਿਆ। ਇਸ ਤੋਂ ਛੇ ਹਫ਼ਤਿਆਂ ਬਾਅਦ ਉਸ ਦਾ ਪਰਿਵਾਰ ਮਿਊਨਿਖ ਸ਼ਹਿਰ ਵਿਚ ਜਾ ਵਸਿਆ। ਓਥੇ ਲੂਇਟਪੋਲਡ ਜਿਮਨੇਜ਼ੀਅਮ ਵਿਚ ਸਕੂਲ ਦੀ ਪੜ੍ਹਾਈ ਕੀਤੀ। ਫਿਰ ਪਰਿਵਾਰ ਇਟਲੀ ਚਲਾ ਗਿਆ ਜਿੱਥੇ ਐਲਬਰਟ ਨੇ ਅਗਲੇਰੀ ਸਿੱਖਿਆ ਪ੍ਰਾਪਤ ਕੀਤੀ। 1896 ਵਿਚ ਉਸ ਨੇ ਜਿਊਰਿਖ ਦੇ ਫੈਡਰਲ ਪੌਲੀਟੈਕਨਿਕ ਸਕੂਲ ਵਿਚ ਦਾਖਲਾ ਲੈ ਲਿਆ ਜਿੱਥੋਂ ਉਹ ਗਣਿਤ ਅਤੇ ਭੌਤਿਕ ਵਿਗਿਆਨ ਦਾ ਅਧਿਆਪਕ ਬਣ ਕੇ ਨਿਕਲਿਆ। 1901 ਵਿਚ ਉਸ ਨੇ ਸਵਿਟਜ਼ਰਲੈਂਡ ਦੀ ਨਾਗਰਿਕਤਾ ਪ੍ਰਾਪਤ ਕਰ ਲਈ ਅਤੇ ਅਧਿਆਪਕ ਬਣਨ ਦੀ ਬਜਾਏ ਸਵਿੱਸ ਪੇਟੈਂਟ ਦਫ਼ਤਰ ਵਿਚ ਟੈਕਨੀਕਲ ਅਸਿਸਟੈਂਟ ਬਣ ਗਿਆ। ਓਥੇ ਖਾਲੀ ਵਕਤ ਦੌਰਾਨ ਉਹ ਪੜ੍ਹਾਈ ਕਰਦਾ ਰਿਹਾ ਤੇ ਪੀਐੱਚ.ਡੀ. ਕੀਤੀ। 1908 ਵਿਚ ਆਇੰਸਟਾਈਨ ਬਰਨ ਯੂਨੀਵਰਸਿਟੀ ਵਿਖੇ ਪੀ.ਡੀ. ਸਕਾਲਰ ਨਿਯੁਕਤ ਹੋ ਗਿਆ ਤੇ 1909 ਵਿਚ ਉਸ ਨੂੰ ਪ੍ਰੋਫੈਸਰ ਐਕਸਟਰਾ-ਔਰਡੀਨਰੀ ਬਣਾ ਦਿੱਤਾ ਗਿਆ ਕਿਉਂਕਿ 1905 ਵਿਚ ਐਲਬਰਟ ਨੇ ਰੈਲੇਟਿਵਿਟੀ ਸਿਧਾਂਤ ਦੀ ਖੋਜ ਕੀਤੀ ਸੀ। 1911 ਵਿਚ ਆਇੰਸਟਾਈਨ ਜਿਊਰਿਖ ਵਿਚ ਹੀ ਪ੍ਰੋਫ਼ੈਸਰ ਆਫ ਥੀਓਰੈਟੀਕਲ ਫਿਜ਼ਿਕਸ ਬਣ ਗਿਆ। ਉਸ ਦੀ ਕਾਬਲੀਅਤ ਦੇ ਮੱਦੇਨਜ਼ਰ 1914 ਵਿਚ ਉਸ ਨੂੰ ਕੈਸਰ ਵਿਲਹੈਲਮ ਫਿਜ਼ੀਕਲ ਇੰਸਟੀਚਿਊਟ ਦਾ ਡਾਇਰੈਕਟਰ ਅਤੇ ਨਾਲ ਹੀ ਯੂਨੀਵਰਸਿਟੀ ਆਫ਼ ਬਰਲਿਨ ਵਿਚ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ। 1914 ਵਿਚ ਉਸ ਨੇ ਜਰਮਨ ਨਾਗਰਿਕਤਾ ਹਾਸਲ ਕਰ ਲਈ ਜੋ 15 ਸਾਲਾਂ ਤੱਕ ਰੱਖੀ। ਫਿਰ ਸਿਆਸੀ ਕਾਰਨਾਂ ਕਰਕੇ 1933 ਵਿਚ ਜਰਮਨ ਨਾਗਰਿਕਤਾ ਤਿਆਗ ਦਿੱਤੀ। ਉਹ ਅਮਰੀਕਾ ਆ ਗਿਆ ਜਿੱਥੇ ਉਹ ਨਿਊ ਜਰਸੀ ਸਟੇਟ ਵਿਚ ਪ੍ਰਿੰਸਟਨ ਵਿਖੇ ਪ੍ਰੋਫ਼ੈਸਰ ਆਫ਼ ਥੀਓਰੈਟੀਕਲ ਫਿਜ਼ਿਕਸ ਬਣ ਗਿਆ। 1940 ਵਿਚ ਉਹ ਅਮਰੀਕੀ ਨਾਗਰਿਕ ਬਣ ਗਿਆ ਤੇ 1945 ਵਿਚ ਪ੍ਰਿੰਸਟਨ ਤੋਂ ਸੇਵਾਮੁਕਤ ਹੋ ਕੇ ਓਥੇ ਹੀ ਰਹਿਣ ਲੱਗਿਆ। 18 ਅਪਰੈਲ 1955 ਨੂੰ ਉਸ ਸ਼ਹਿਰ ਵਿਚ ਐਲਬਰਟ ਆਇੰਸਟਾਈਨ ਦਾ ਦੇਹਾਂਤ ਹੋ ਗਿਆ।
ਇੰਜ 1905 ਵਿਚ ਮਹਿਜ਼ 26 ਸਾਲ ਦੀ ਉਮਰ ਵਿਚ ਉਹ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਮਹਾਨ ਵਿਅਕਤੀ ਬਣ ਗਿਆ ਸੀ। ਉਸ ਨੇ ਭੌਤਿਕ ਵਿਗਿਆਨ ਵਿਚ ਇੱਕ ਅਜਿਹੀ ਖੋਜ ਕੀਤੀ ਜਿਸ ਨਾਲ ਮਨੁੱਖ ਦਾ ਸਾਰੀ ਸ੍ਰਿਸ਼ਟੀ ਬਾਰੇ ਸੰਕਲਪ ਹੀ ਬਦਲ ਗਿਆ। ਸਮਾਂ, ਪੁਲਾੜ (ਖਲਾਅ) ਅਤੇ ਪਦਾਰਥ ਉਸ ਨੇ ਇੱਕੋ ਲੜੀ ਵਿਚ ਪਰੋ ਦਿੱਤੇ। ਆਇੰਸਟਾਈਨ ਨੇ ਕਿਹਾ ਕਿ ਇਹ ਤਿੰਨੋਂ ਵਾਸਤਵਿਕਤਾਵਾਂ ਇੱਕ ਦੂਜੇ ’ਤੇ ਨਿਰਭਰ ਕਰਦੀਆਂ ਹਨ ਅਤੇ ਇੱਕ ਦੂਜੇ ਤੋਂ ਮੁਕਤ ਨਹੀਂ ਹਨ। ਪਹਿਲਾਂ ਨਿਊਟਨ ਦੇ ਵਿਚਾਰ ਅਨੁਸਾਰ ਇਹ ਮੰਨਿਆ ਜਾਂਦਾ ਸੀ ਕਿ ਸਮਾਂ ਨਿਰਪੇਖ ਹੈ ਅਤੇ ਸਦਾ ਇੱਕੋ ਰਉਂ ਵਿਚ, ‘ਇਕਸਾਰ’ ਚੱਲਦਾ ਹੈ ਅਤੇ ਹੈ ਵੀ ਇੱਕ-ਦਿਸ਼ਾਵੀ (ਭਾਵ ਕਿ ਸਮਾਂ ਸਦਾ ਅਗਾਂਹ ਵੱਲ ਵਧਦਾ ਹੈ)। ਪੁੰਜ (ਪਦਾਰਥ) ਦੀ ਹੋਂਦ ਜਾਂ ਵਸਤੂ ਦੀ ਗਤੀ ਉੱਤੇ ਸਮਾਂ ਨਿਰਭਰ ਨਹੀਂ ਕਰਦਾ। ਇਹ ਵੀ ਮੰਨਿਆ ਜਾਂਦਾ ਸੀ ਕਿ ਇਸ ਬ੍ਰਹਿਮੰਡ ਦਾ ਪੁੰਜ ਸਦਾ ‘ਇੱਕ-ਮੁੱਲ’ ਰਹਿੰਦਾ ਹੈ; ਅਤੇ ਊਰਜਾ ਭਾਵੇਂ ਰੂਪ ਬਦਲ ਲੈਂਦੀ ਹੈ, ਪਰ ਵਿਸ਼ਵ ਦੀ ਕੁੱਲ ਊਰਜਾ ਸਦਾ ਸਥਿਰ ਰਹਿੰਦੀ ਹੈ। ਪੁਲਾੜ ਬਾਰੇ ਮੰਨਿਆ ਜਾਂਦਾ ਸੀ ਕਿ ਉਸ ਦਾ ਆਕਾਰ/ਮਿਣਤੀ ਸਦਾ ਲਈ ਇੱਕੋ ਹੀ ਹੈ ਅਤੇ ਕਿਸੇ ਪੁੰਜ ਜਾਂ ਕਿਸੇ ਗਤੀ ਦਾ ਉਸ ਉੱਤੇ ਕੋਈ ਪ੍ਰਭਾਵ ਨਹੀਂ। ਇਹ ਸਾਰਾ ਕੁਝ ਇਕ ਦੂਜੇ ਤੋਂ ਸੁਤੰਤਰ ਹੈ ਅਤੇ ਸਮਾਂ, ਪੁਲਾੜ ਤੇ ਪੁੰਜ- ਤਿੰਨੋ ਆਪਣੇ ਆਪ ਵਿਚ ਨਿਰਪੇਖ ਹਨ। ਦੂਜੇ ਪਾਸੇ ਆਇੰਸਟਾਈਨ ਨੇ ਕਿਹਾ ਕਿ ‘ਆਮ ਸਮਝ’ ਹਮੇਸ਼ਾ ਠੀਕ ਨਹੀਂ ਹੁੰਦੀ। ਗਹਿਰਾਈ ਵਿਚ ਸੋਚੋ ਤਾਂ ਹੋਰ ਦਾ ਕੁਝ ਹੋਰ ਹੀ ਬਣ ਜਾਂਦਾ ਹੈ। ਆਇੰਸਟਾਈਨ ਨੇ ਬਿਲਕੁਲ ਠੀਕ ਕਿਹਾ ਸੀ ਅਤੇ ਉਸ ਦੇ ਸਿਧਾਂਤ ਨੂੰ ਪਰਖਣ ਵਾਸਤੇ ਕੀਤੇ ਗਏ ਸਾਰੇ ਪ੍ਰੇਖਣ ਉਸ ਦੇ ਵਿਚਾਰ ਦੇ ਹੱਕ ਵਿਚ ਹੀ ਗਏ। ਬ੍ਰਹਿਮੰਡ ਵਿਚ ਆਕਾਸ਼ਗੰਗਾਵਾਂ ਦੇ ਬਣਨ ਤੇ ਫੈਲਣ ਬਾਰੇ ਸਮਝ ਆਉਣ ਲੱਗੀ ਤੇ ਸਹੀ ਤਾਰਾ ਵਿਗਿਆਨ ਵੀ ਹੋਂਦ ਵਿਚ ਆ ਗਿਆ।
ਆਇੰਸਟਾਈਨ ਨੇ ਰੈਲੇਟਿਵਿਟੀ ਦੋ ਹਿੱਸਿਆਂ ਵਿਚ ਪੇਸ਼ ਕੀਤੀ ਸੀ। ਪਹਿਲਾਂ ਉਸ ਨੇ 1905 ਵਿਚ ‘ਸਪੈਸ਼ਲ ਥਿਊਰੀ ਆਫ਼ ਰੈਲੇਟਿਵਿਟੀ’ (ਵਿਸ਼ਿਸ਼ਟ ਸਾਪੇਖਤਾ) ਦਾ ਸਿਧਾਂਤ ਦਿੱਤਾ ਜਿਸ ਦਾ ਰੂਪ ਅਤੇ ਸਿੱਟੇ ਅਜਿਹੇ ਸਨ ਕਿ ਉਨ੍ਹਾਂ ਨੇ ਭੌਤਿਕ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ। ਇਹ ਥਿਊਰੀ ਕੇਵਲ ਇਕ ਸਮਾਨ ਗਤੀ ਨਾਲ ਚੱਲ ਰਹੇ ਸਿਸਟਮਾਂ ’ਤੇ ਹੀ ਲਾਗੂ ਹੁੰਦੀ ਸੀ। ਬਾਅਦ ਵਿਚ 1916 ਵਿਚ ਉਸ ਨੇ ‘ਜਨਰਲ ਥਿਊਰੀ ਆਫ਼ ਰੈਲੇਟਿਵਿਟੀ’ ਪੇਸ਼ ਕੀਤੀ ਜੋ ਪਰਵੇਗਤ (ਗਤੀ ਬਦਲਦੇ) ਸਿਸਟਮਾਂ ਸਮੇਤ ਸਾਰੇ ਸਿਸਟਮਾਂ ਵਾਸਤੇ ਵਿਆਪਕ ਸੀ। ਸਪੈਸ਼ਲ ਰੈਲੇਟਿਵਿਟੀ ਦੋ ਸਰਲ ਬਿਆਨਾਂ ’ਤੇ ਆਧਾਰਿਤ ਹੈ ਜਿਨ੍ਹਾਂ ਨੂੰ ਸਪੈਸ਼ਲ ਰੈਲੇਟਿਵਿਟੀ ਦੇ ਦੋ ‘ਆਧਾਰ ਤੱਤ’(ਪਾਸਚੂਲੇਟ) ਕਿਹਾ ਜਾਂਦਾ ਹੈ। ਇਹ ਆਧਾਰ ਤੱਤ ਕਹਿੰਦੇ ਹਨ ਕਿ ਸ੍ਰਿਸ਼ਟੀ ਬਣੀ ਹੀ ਇੰਜ ਹੈ।
ਪਹਿਲਾ ਮੂਲ ਤੱਤ ਜੜ੍ਹਤਵੀ ਸਿਸਟਮਾਂ ਦੀ ਗੱਲ ਕਰਦਾ ਹੈ। ਜੜ੍ਹਤਵੀ (ਇਨਰਸ਼ੀਅਲ) ਸਿਸਟਮ ਉਹ ਹੁੰਦਾ ਹੈ ਜੋ ਇਕ ਸਮਾਨ ਗਤੀ ਨਾਲ ਚੱਲਦਾ ਹੈ, ਉਸ ਦੀ ਚਾਲ ਵਿਚ ਕੋਈ ਪਰਵੇਗ ਨਹੀਂ ਆਉਂਦਾ ਭਾਵ ਉਹ ਤੇਜ਼ ਜਾਂ ਹੌਲੀ ਨਹੀਂ ਹੁੰਦਾ। ਸਿਸਟਮ ਦੀ ਜੜ੍ਹਤਾ ਇਕ ਤਰ੍ਹਾਂ ਦੀ ਅਜਿਹੀ ਖੜੋਤ ਹੈ ਜਿਸ ਵਿਚ ਬੈਠਾ ਹਰ ਵਿਅਕਤੀ ਸਮਝਦਾ ਹੈ ਕਿ ਮੈਂ ਖੜ੍ਹਾ ਹਾਂ ਤੇ ਦੂਜੇ ਚੱਲ ਰਹੇ ਹਨ। ਉਸ ਨੂੰ ਆਪਣੀ ਗਤੀ ਦਾ ਅਹਿਸਾਸ ਨਹੀਂ ਹੁੰਦਾ। ਸਾਡੀ ਧਰਤੀ ਲਗਭਗ ਇਕ ਜੜ੍ਹਤਵੀ ਸਿਸਟਮ ਹੈ। ਧਰਤੀ 30 ਕਿਲੋਮੀਟਰ ਪ੍ਰਤੀ ਸਕਿੰਟ ਦੀ ਚਾਲ ਨਾਲ ਸੂਰਜ ਦੁਆਲੇ ਘੁੰਮ ਰਹੀ ਹੈ ਅਤੇ ਕਈ ਕਈ ਘੰਟੇ ਇਸ ਗਤੀ ਨਾਲ ਸਿੱਧੀ ਰੇਖਾ ਵਿਚ ਚੱਲਦੀ ਹੈ। ਪਰ, ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਚੱਲ ਰਹੇ ਹਾਂ। ਅਸੀਂ ਕੋਈ ਵਸਤੂ ਉੱਪਰ ਸੁੱਟੀਏ ਤਾਂ ਉਹ ਵਾਪਸ ਸਾਡੇ ਹੱਥ ਵਿਚ ਹੀ ਆ ਡਿੱਗਦੀ ਹੈ, ਭਾਵੇਂ ਧਰਤੀ ਏਨੀ ਤੇਜ਼ ਗਤੀ ਨਾਲ ਚੱਲ ਰਹੀ ਹੈ। ਉਹ ਵਸਤੂ ਪਿੱਛੇ ਨਹੀਂ ਰਹਿੰਦੀ। ਇਕ ਸਮਾਨ ਗਤੀ ਨਾਲ ਚੱਲ ਰਹੀ ਰੇਲ ਗੱਡੀ ਵਿਚ ਵੀ ਸਾਨੂੰ ਇੰਜ ਹੀ ਮਹਿਸੂਸ ਹੁੰਦਾ ਹੈ। ਇਹ ਆਮ ਸਮਝ ਦੀ ਗੱਲ ਨਹੀਂ। ਇਹ ਸਭ ਗੈਲੀਲੀਓ ਗੈਲੀਲੀ ਨੇ ਸਤਾਰ੍ਹਵੀਂ ਸਦੀ ਵਿਚ ਹੀ ਪਛਾਣ ਲਿਆ ਸੀ। ਗੈਲੀਲੀਓ ਤਾਂ ਲੋਕਾਂ ਦੇ ਸਾਹਮਣੇ ਕਈ ਪ੍ਰਯੋਗ ਕਰ ਕੇ ਹਰ ਗੱਲ ਸਿੱਧ ਕਰ ਦਿੰਦਾ ਸੀ। ਉਸ ਨੇ ਵੀ ਕਿਹਾ ਸੀ ਕਿ ਆਮ ਸਮਝ ਹਮੇਸ਼ਾ ਠੀਕ ਨਹੀਂ ਹੁੰਦੀ।
ਆਇੰਸਟਾਈਨ ਦੀ ਸਪੈਸ਼ਲ ਰੈਲੇਟਿਵਿਟੀ ਥਿਊਰੀ ਦੇ ਪਹਿਲੇ ਮੂਲ ਤੱਤ ਮੁਤਾਬਿਕ ਸਾਰੇ ਜੜ੍ਹਤਵੀ ਸਿਸਟਮਾਂ ਵਿਚ ਭੌਤਿਕ ਵਿਗਿਆਨ ਦੇ ਸਾਰੇ ਨਿਯਮ ਇਕਸਾਰ ਹੁੰਦੇ ਹਨ। ਕੋਈ ਭੌਤਿਕ ਪ੍ਰਯੋਗ ਕਰ ਕੇ ਅਸੀਂ ਇਹ ਨਹੀਂ ਪਛਾਣ ਸਕਦੇ ਕਿ ਅਸੀਂ ਖੜ੍ਹੇ ਹਾਂ ਜਾਂ ਚੱਲ ਰਹੇ ਹਾਂ।
ਦੂਜੇ ਮੂਲ ਤੱਤ ਮੁਤਾਬਿਕ ਖਲਾਅ ਵਿਚ ਪ੍ਰਕਾਸ਼ ਦੀ ਗਤੀ ਸਥਿਰ ਹੈ (ਲਗਭਗ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਜਿਸ ਤੋਂ ਵਧੇਰੇ ਕੋਈ ਗਤੀ ਨਹੀਂ ਹੁੰਦੀ। ਭਾਵੇਂ ਪ੍ਰਕਾਸ਼ ਦਾ ਸ੍ਰੋਤ ਪ੍ਰੇਖਕ ਵੱਲ ਆ ਰਿਹਾ ਹੋਵੇ ਜਾਂ ਉਸ ਤੋਂ ਦੂਰ ਜਾ ਰਿਹਾ ਹੋਵੇ, ਇਸ ਦੀ ਗਤੀ ਪ੍ਰਕਾਸ਼ ਦੀ ਗਤੀ ਵਿਚ ਜਮ੍ਹਾਂ ਜਾਂ ਮਨਫ਼ੀ ਨਹੀਂ ਹੁੰਦੀ। ਇਸ ਮੂਲ ਤੱਤ ਨੇ ਭੌਤਿਕ ਵਿਗਿਆਨ ਦੀ ਸਾਰੀ ਸਮਝ ਨੂੰ ਹੀ ਨਵਾਂ ਰੂਪ ਦਿੱਤਾ ਤੇ ਨਾਲ ਹੀ ਕਈ ਦਿਲਚਸਪ ਤੇ ਨਵੀਆਂ ਸੰਭਾਵਨਾਵਾਂ ਵੀ ਉਤਪੰਨ ਕਰ ਦਿੱਤੀਆਂ।
ਉਕਤ ਦੋਵਾਂ ਮੂਲ ਤੱਤਾਂ ਤੋਂ ਇਕ ਨਵਾਂ ਸਿਧਾਂਤ ਬਣਿਆ ਜਿਸ ਨੂੰ ‘ਸਪੈਸ਼ਲ ਥਿਊਰੀ ਆਫ਼ ਰੈਲੇਟਿਵਿਟੀ’ ਕਿਹਾ ਗਿਆ। ਆਇੰਸਟਾਈਨ ਨੇ ਇਕ ਸਮਾਨ ਗਤੀ ਨਾਲ ਚੱਲ ਰਹੇ ਦੋ ਜੜ੍ਹਤਵੀ ਫਰੇੇਮਾਂ ਵਿਚ ਸਮੇਂ ਤੇ ਪੁਲਾੜੀ ਫਾਸਲੇ ਦੇ ਆਪਸੀ ਰੂਪਾਂਤਰਣ ਤਿਆਰ ਕੀਤੇ ਜੋ ਲੋਰੈਂਟਜ਼/ਆਇੰਸਟਾਈਨ ਰੂਪਾਂਤਰਣ ਕਰਕੇ ਜਾਣੇ ਜਾਂਦੇ ਹਨ (ਲੋਰੈਂਟਜ਼ ਨੇ ਤਾਂ ਇਹ ਕਿਸੇ ਹੋਰ ਤੱਥ ਦੀ ਵਿਆਖਿਆ ਕਰਨ ਲਈ ਕਲਪਿਤ ਕੀਤੇ ਸਨ)। ਉਹ ਰੂਪਾਂਤਰਣ ਦੱਸਦੇ ਹਨ ਕਿ ਵੱਖ ਵੱਖ ਫਰੇਮਾਂ ਵਿਚ ਸਮੇਂ ਦੀ ਰਫ਼ਤਾਰ ਵੱਖ ਵੱਖ ਹੈ ਅਤੇ ਫਾਸਲਾ ਵੀ ਵੱਖ ਵੱਖ ਹੈ। ਸਮੇਂ ਦੀ ਚਾਲ ਤੇ ਲੰਬਾਈ ਦਾ ਮਾਪ, ਦੋਵਾਂ ਫਰੇਮਾਂ ਦੀ ਆਪਸੀ ਸਾਪੇਖਕ ਗਤੀ ’ਤੇ ਨਿਰਭਰ ਕਰਦੇ ਹਨ। ਉਨ੍ਹਾਂ ਸਮੀਕਰਣਾਂ ਤੋਂ ਬੜੀਆਂ ਨਵੀਆਂ ਧਾਰਣਾਵਾਂ ਉਪਜੀਆਂ। ਸਮੇਂ ਦਾ ਸੰਕਲਪ ਹੀ ਬਦਲ ਗਿਆ। ਕਈ ਨਵੇਂ ਸਿੱਟੇ ਨਿਕਲੇ ਜਿਨ੍ਹਾਂ ਦੀ ਵਰਤੋਂ ਨੇ ਵਿਗਿਆਨੀਆਂ ਨੂੰ ਨਵੀਆਂ ਖੋਜਾਂ ਦੇ ਕਾਬਲ ਬਣਾਇਆ।
ਵਿਸ਼ਿਸ਼ਟ ਸਾਪੇਖਤਾ ਦਾ ਇਕ ਸਿੱਟਾ ਇਹ ਸੀ ਕਿ ਇਕ ਸਮਾਨ ਗਤੀ ਨਾਲ ਬਹੁਤ ਤੇਜ਼ ਚੱਲ ਰਹੀ ਲੰਬਾਈ ਸੁੰਗੜੀ ਹੋਈ ਜਾਪੇਗੀ। ਉਹ ਉਸ ਦੇ ਆਪਣੇ ਫਰੇਮ ਵਿਚ ਬੈਠੇ ਵਿਅਕਤੀਆਂ ਨੂੰ ਸੁੰਗੜੀ ਨਹੀਂ ਜਾਪਣੀ, ਪਰ ਦੂਜੇ ਫਰੇਮ ਵਿਚ ਬੈਠਿਆਂ ਨੂੰ ਇੰਜ ਜਾਪੇਗੀ। ਜਿਉਂ ਜਿਉਂ ਉਹ ਲੰਬਾਈ ਤੇਜ਼ ਹੋਏਗੀ ਉਹ ਦੂਜੇ ਫਰੇਮ ਵਾਲਿਆਂ ਨੂੰ ਲਗਾਤਾਰ ਸੁੰਗੜ ਰਹੀ ਜਾਪੇਗੀ। ਇਹ ਕਿਰਿਆ ਇਸ ਤਰ੍ਹਾਂ ਦੋਤਰਫ਼ੀ ਹੁੰਦੀ ਹੈ ਕਿ ਦੂਜੇ ਜੜ੍ਹਤਵੀ ਫਰੇਮ ਨੂੰ ਪਹਿਲਾ ਫਰੇਮ ਸਾਪੇਖਕ ਤੌਰ ’ਤੇ ਪਿਛਾਂਹ ਵੱਲ ਜਾਂਦਾ ਲੱਗਦਾ ਹੈ, ਤੇ ਉਸ ਨੂੰ ਉਸ ਦੀ ਲੰਬਾਈ ਸੁੰਗੜੀ ਹੋਈ ਜਾਪਦੀ ਹੈ। ਆਇੰਸਟਾਈਨ ਨੇ ਕਿਹਾ ਸੀ ਕਿ ਇਹ ਸਭ ਸਮੇਂ ਦਾ ਕਸੂਰ ਹੈ। ਜਿਨ੍ਹਾਂ ਫਰੇਮਾਂ ਵਿਚ ਕੋਈ ਵੀ ਸਾਪੇਖਕ ਗਤੀ ਹੈ ਤਾਂ ਉਨ੍ਹਾਂ ਦਾ ਸਮਾਂ ਵੀ ਸਾਪੇਖਕ ਹੋ ਜਾਂਦਾ ਹੈ।
ਸਮੇਂ ਦੀ ਸਾਪੇਖਤਾ ਦੇ ਕੁਝ ਪਹਿਲੂ ਹੋਰ ਵੀ ਹਨ। ਸਮੇਂ ਦੀ ਸਾਪੇਖਤਾ ਦਾ ਇੱਕ ਬੜਾ ਦਿਲਚਸਪ ਪਹਿਲੂ ਹੈ ‘ਸਮੇਂ ਦੀ ਸਮਕਾਲੀਨਤਾ’। ਉਸ ਅਨੁਸਾਰ ਵਿਚ ਜੇਕਰ ਇੱਕ ਫਰੇਮ ਦੋ ਦੁਰੇਡੇ ਥਾਵਾਂ ’ਤੇ ਇੱਕ ਘਟਨਾ ਸਮਕਾਲੀਨ ਤੌਰ ’ਤੇ ਵਾਪਰਦੀ ਹੈ ਤਾਂ ਗਤੀਸ਼ੀਲ ਦੂਜੇ ਫਰੇਮ ਨੂੰ ਉਹ ਅੱਡ ਅੱਡ ਸਮਿਆਂ ’ਤੇ ਵਾਪਰਦੀ ਜਾਪਦੀ ਹੈ (ਕਿਉਂਕਿ ਆਪਸੀ ਗਤੀ ਸਾਪੇਖਕ ਹੈ)।
ਸਮੇਂ ਨਾਲ ਸਬੰਧਿਤ ਤੀਜਾ ਦਿਲਚਸਪ ਸੰਕਲਪ ਹੈ ‘ਟਵਿੱਨ ਪੈਰਾਡੌਕਸ’। ਇਸ ਨੂੰ ਸਮਝਣ ਲਈ ਇੱਕ ਪ੍ਰਯੋਗ ਦੀ ਕਲਪਨਾ ਕਰੋ: ਦੋ ਜੌੜੇ ਵਿਅਕਤੀਆਂ ’ਚੋਂ ਜੇ ਇੱਕ ਜਣਾ ਰੈਲੇਟਿਵਿਸਟਿਕ ਗਤੀ ਨਾਲ ਦੂਰ ਆਕਾਸ਼ਾਂ ਵੱਲ ਚਲਾ ਜਾਵੇ ਅਤੇ ਆਪਣੇ ਸਮੇਂ ਦੀ ਚਾਲ ਅਨੁਸਾਰ ਕੁਝ ਸਾਲਾਂ ਬਾਅਦ ਵਾਪਸ ਆ ਜਾਵੇ ਤਾਂ ਵਾਪਸ ਧਰਤੀ ’ਤੇ ਆ ਕੇ ਉਹ ਕੀ ਵੇਖੇਗਾ? ਉਹ ਵੇਖੇਗਾ ਕਿ ਏਥੇ ਤਾਂ ਕਈ ਦਹਾਕੇ ਬੀਤ ਗਏ ਹਨ। ਜੇ ਉਸ ਦੀ ਗਤੀ ਪ੍ਰਕਾਸ਼ ਗਤੀ ਦੇ ਬਹੁਤ ਹੀ ਨਿਕਟ ਹੋਵੇ ਤਾਂ ਇੱਥੋਂ ਦੇ ਸਮੇਂ ਦੀ ਚਾਲ ਅਨੁਸਾਰ ਇੱਥੇ ਕਈ ਸਦੀਆਂ ਵੀ ਬੀਤ ਸਕਦੀਆਂ ਹਨ। ਇਹ ਪ੍ਰਭਾਵ ਪ੍ਰਮਾਣੂਆਂ ਦੇ ਕੇਸ ਵਿਚ ਤਾਂ ਸਿੱਧ ਵੀ ਕੀਤਾ ਜਾ ਚੁੱਕਾ ਹੈ। ਇਹ ਪ੍ਰਭਾਵ ਦੋਤਰਫ਼ਾ ਨਹੀਂ ਕਿਉਂਕਿ ਬਾਹਰ ਜਾ ਕੇ ਵਾਪਸ ਆਉਣ ਵਾਲਾ ਜੌੜਾ ਲਗਾਤਾਰ ਆਪਣੀ ਗਤੀ ਬਦਲਦਾ ਰਿਹਾ ਸੀ ਅਤੇ ਵਿਸ਼ਿਸ਼ਟ ਸਾਪੇਖਤਾ ਦੀ ਸ਼ਰਤ ਦੇ ਉਲਟ ਉਸ ਦੀ ਗਤੀ ਇਕਸਾਰ ਨਾ ਰਹਿ ਕੇ ਵਾਰ ਵਾਰ ਬਦਲਦੀ ਰਹੀ। ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਉਮਰ ਘਟ ਗਈ, ਪਰ ਇਸ ਦਾ ਹੱਲ ਬੜਾ ਗੁੰਝਲਦਾਰ ਹੈ ਕਿਉਂਕਿ ਇਸ ਦੇ ਹੱਲ ਵਿਚ ‘ਜਨਰਲ ਰੈਲੇਟਿਵਿਟੀ’ ਦੇ ਸੂਤਰਾਂ ਦੀ ਵਰਤੋਂ ਹੁੰਦੀ ਹੈ।
ਸਪੈਸ਼ਲ ਰੈਲੇਟਿਵਿਟੀ ਦਾ ਵਿਗਿਆਨ ਨੂੰ ਸਭ ਤੋਂ ਵੱਡਾ ਲਾਭ ਓਦੋਂ ਹੋਇਆ ਜਦੋਂ ਪਤਾ ਲੱਗਾ ਕਿ ਪੁੰਜ ਤੇ ਊਰਜਾ ਆਪੋ ਆਪਣੀ ਥਾਂ ਸਥਿਰ ਨਹੀਂ ਸਗੋਂ ਆਪਸ ਵਿਚ ਵਟ ਸਕਦੇ ਹਨ। ਪੁੰਜ-ਊਰਜਾ ਬਰਾਬਰਤਾ ਦਾ ਸੂਤਰ ਦੇ ਕੇ ਆਇੰਸਟਾਈਨ ਨੇ ਸਿੱਧ ਕਰ ਦਿੱਤਾ ਕਿ ਥੋੜ੍ਹੇ ਜਿਹੇ ਪੁੰਜ ਨੂੰ ਅਥਾਹ ਊਰਜਾ ਵਿਚ ਬਦਲਿਆ ਜਾ ਸਕਦਾ ਹੈ। ਜੇ ਇੱਕ ਗਰਾਮ ਪੁੰਜ ਸਾਰੇ ਦਾ ਸਾਰਾ ਊਰਜਾ ਵਿਚ ਵਟ ਜਾਵੇ ਤਾਂ ਦਿੱਲੀ ਜਿੱਡੇ ਸ਼ਹਿਰ ਨੂੰ ਛੇ ਮਹੀਨੇ ਤੱਕ ਬਿਜਲੀ ਦਿੱਤੀ ਜਾ ਸਕਦੀ ਹੈ, ਪਰ ਸਾਰਾ ਪੁੰਜ ਊਰਜਾ ਵਿਚ ਨਹੀਂ ਵਟ ਸਕਦਾ ਸਗੋਂ ਇਸ ਦਾ ਕੁਝ ਅੰਸ਼ ਹੀ ਪੁੰਜ ਵਿਚ ਵਟਦਾ ਹੈ। ਇਸ ਤੱਥ ਦੀ ਦੁਰਵਰਤੋਂ ਵੀ ਹੋਈ ਜਦੋਂ ਜਪਾਨ ਵਿਚ ਐਟਮ ਬੰਬ ਸੁੱਟੇ ਗਏ। ਇਸ ਦੇ ਨਾਲ ਹੀ ਧਰਤੀ ’ਤੇ ਅਨੇਕਾਂ ਪ੍ਰਮਾਣੂ ਬਿਜਲੀ ਘਰ ਵੀ ਬਣ ਗਏ ਜੋ ਲੋਕਾਈ ਲਈ ਵਰਦਾਨ ਸਿੱਧ ਹੋਏ ਹਨ। ਸੂਰਜ ਅਤੇ ਤਾਰਿਆਂ ਵਿਚੋਂ ਨਿਕਲਦੀ ਅਥਾਹ ਊਰਜਾ ਪੁੰਜ ਤੋਂ ਹੀ ਪਰਿਵਰਤਿਤ ਹੋ ਰਹੀ ਹੈ ਜੋ ਪੁੰਜ-ਊਰਜਾ ਸਿਧਾਂਤ ਨਾਲ ਹੀ ਸਬੰਧਿਤ ਹੈ। ਤਾਰਿਆਂ ਵਿਚ ਤਾਂ ਇਹ ਕਿਰਿਆ ਹੈ ਹੀ, ਪਰ ਇਕੱਲੇ ਸੂਰਜ ਵਿਚ ਹੀ ਹਰ ਰੋਜ਼ ਲੱਖਾਂ ਟਨ ਪਦਾਰਥ ਊਰਜਾ ਵਿਚ ਵਟ ਰਿਹਾ ਹੈ।
ਜਨਰਲ ਥਿਊਰੀ ਆਫ਼ ਰੈਲੇਟਿਵਿਟੀ ਗਰੈਵਿਟੀ (ਗੁਰੂਤਾ ਆਕਰਸ਼ਣ) ਨਾਲ ਸਬੰਧਿਤ ਹੈ ਕਿਉਂਕਿ ਗੁਰੂਤਾ ਆਕਰਸ਼ਣ ਨਾਲ ਹਰ ਵਸਤੂ ਪਰਵੇਗਤ ਹੁੰਦੀ ਹੈ। ਇਸ ਥਿਊਰੀ ਅਨੁਸਾਰ ਬਹੁਤ ਭਾਰੇ ਤੇ ਸੰਘਣੇ ਪੁੰਜ ਨੇੜੇ ਪੁਲਾੜ ਬਹੁਤ ਜ਼ਿਆਦਾ ਸੁੰਗੜ ਜਾਂਦਾ ਹੈ ਤੇ ਵਕ੍ਰਿਤ ਹੋ ਜਾਂਦਾ ਹੈ। ਪ੍ਰਕਾਸ਼ ਵੀ ਭਾਰੇ ਪੁੰਜ ਕੋਲੋਂ ਵਲ ਖਾ ਕੇ ਲੰਘਦਾ ਹੈ। ਇਸ ਥਿਊਰੀ ਦੇ ਸਿੱਟੇ ਵਜੋਂ ਸਿਆਹ ਸੁਰਾਖ਼ (ਬਲੈਕ ਹੋਲ) ਦੀ ਖੋਜ ਹੋਈ ਜੋ ਇੰਨਾ ਸੰਘਣਾ ਹੁੰਦਾ ਹੈ ਕਿ ਉਸ ਦੇ ਚੌਗਿਰਦੇ ਦਾ ਪੁਲਾੜ ਬਹੁਤ ਹੀ ਵਕ੍ਰਿਤ ਹੋ ਜਾਂਦਾ ਹੈ, ਏਨਾ ਵਕ੍ਰਿਤ ਕਿ ਉਸ ’ਚੋਂ ਨਿਕਲਦਾ ਪ੍ਰਕਾਸ਼ ਵੀ ਵਲ ਖਾ ਕੇ ਉਸ ਉੱਪਰ ਹੀ ਆਣ ਡਿੱਗਦਾ ਹੈ। ਜਨਰਲ ਰੈਲੇਟਿਵਿਟੀ ਦਾ ਸਿਧਾਂਤ ਗਣਿਤਕ ਤੌਰ ’ਤੇ ਬਹੁਤ ਗੁੰਝਲਦਾਰ ਹੈ ਅਤੇ ਇਸ ਨੂੰ ਸਮਝਣਾ ਏਨਾ ਸੌਖਾ ਨਹੀਂ ਜਦੋਂਕਿ ਸਪੈਸ਼ਲ ਰੈਲੇਟਿਵਿਟੀ ਦੇ ਸਮੀਕਰਣ ਸੌਖੇ ਹਨ।
ਆਇੰਸਟਾਈਨ ਦੇ ਦਿਲਚਸਪ ਰੈਲੇਟਿਵਿਟੀ ਸਿਧਾਂਤ ਵਿਚ ਇੱਕ ਹੁਲਾਸ ਹੈ, ਇੱਕ ਰੁਮਾਂਸ ਹੈ; ਜਿਵੇਂ ਕਿ ਸਮੇਂ-ਪੁਲਾੜ ਵਿਚ ਬੱਝੇ ਪਦਾਰਥ ਉੱਪਰ ਉਸ ਨੇ ਕੋਈ ਸੁੰਦਰ ਕਵਿਤਾ ਰਚੀ ਹੋਵੇ।
* ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ।
ਸੰਪਰਕ: 98143-48697