ਗੁਰਮੀਤ ਕੜਿਆਲਵੀ
ਮਹਿੰਦਰ ਸਾਥੀ ਨੇ ਆਪਣੀਆਂ ਨਜ਼ਮਾਂ, ਗੀਤਾਂ ਤੇ ਗ਼ਜ਼ਲਾਂ ਰਾਹੀਂ ਮਿਹਨਤਕਸ਼ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਕੀਤੀ ਅਤੇ ਉਨ੍ਹਾਂ ਦੀ ਕਿਰਤ ਨੂੰ ਲੁੱਟਣ ਵਾਲੀਆਂ ਧਿਰਾਂ ਨੂੰ ਲਲਕਾਰਿਆ। ਕਿਰਤੀ ਲੋਕਾਂ ਦਾ ਇਹ ਲੇਖਕ ਪੰਦਰਾਂ ਮਈ ਦੀ ਅੱਧੀ ਰਾਤ ਨੂੰ ਜਿਸਮਾਨੀ ਤੌਰ ’ਤੇ ਸਾਡੇ ਕੋਲੋਂ ਚਲਾ ਗਿਆ, ਪਰ ਉਸ ਦੇ ਸ਼ਬਦ ਮਿਹਨਤਕਸ਼ ਲੋਕਾਂ ਨੂੰ ਲੁਟੇਰੀਆਂ ਜਮਾਤਾਂ ਖ਼ਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੇ ਰਹਿਣਗੇ।
ਮਹਿੰਦਰ ਸਾਥੀ ਦਾ ਲਿਖਿਆ ਗੀਤ ‘ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ’ ਇੱਕ ਇਨਕਲਾਬੀ ਤਰਾਨਾ ਬਣ ਚੁੱਕਾ ਹੈ। ਅੱਸੀਵਿਆਂ ਦੇ ਦਹਾਕੇ ’ਚ ਭਾ’ਜੀ ਗੁਰਸ਼ਰਨ ਸਿੰਘ ਇਸ ਗੀਤ ਨੂੰ ਆਪਣੀਆਂ ਸਟੇਜਾਂ ਰਾਹੀਂ ਪੰਜਾਬ ਦੇ ਕੋਨੇ ਕੋਨੇ ਤੱਕ ਲੈ ਕੇ ਗਏ। ਅੱਜ ਤੱਕ ਇਹ ਗੀਤ ਅਗਾਂਹਵਧੂ ਸਟੇਜਾਂ ’ਤੇ ਗਾਇਆ ਜਾ ਰਿਹਾ ਹੈ। ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਸਮਾਜ ਦੀਆਂ ਹੋਰ ਸੰਘਰਸ਼ਸ਼ੀਲ ਧਿਰਾਂ ਦਾ ਸ਼ਾਇਦ ਹੀ ਕੋਈ ਅੰਦੋਲਨ ਹੋਵੇਗਾ ਜਿੱਥੇ ਇਹ ਗੀਤ ਨਾ ਗੂੰਜਿਆ ਹੋਵੇ। ਦਿੱਲੀ ’ਚ ਚੱਲਦੇ ਕਿਸਾਨ ਅੰਦੋਲਨ ਦੌਰਾਨ ਵੀ ਇਹ ਗੀਤ ਸਿੰਘੂ ਅਤੇ ਟਿੱਕਰੀ ਬਾਰਡਰਾਂ ਦੀਆਂ ਸਟੇਜਾਂ ’ਤੇ ਸੰਘਰਸ਼ ਨੂੰ ਮਘਾਉਣ ਦਾ ਕੰਮ ਕਰਦਾ ਆ ਰਿਹਾ ਹੈ।
ਮਹਿੰਦਰ ਸਾਥੀ ਦੀ ਪ੍ਰਤੀਬੱਧਤਾ ਹਮੇਸ਼ਾਂ ਮਿਹਨਤਕਸ਼ ਲੋਕਾਂ ਨਾਲ ਰਹੀ। ਵਿਦਰੋਹੀ ਸੁਰ ਵਾਲੀ ਸ਼ਾਇਰੀ ਰਾਹੀਂ ਸਾਥੀ ਨੇ ਹਾਸ਼ੀਏ ਤੋਂ ਪਰ੍ਹੇ ਧੱਕੇ ਲੋਕਾਂ ਨੂੰ ਰਾਜਨੀਤਕ ਤੇ ਸਮਾਜਿਕ ਤੌਰ ’ਤੇ ਚੇਤਨ ਕਰਨ ਦਾ ਯਤਨ ਕੀਤਾ। ਉਹ ਮਹਿਫ਼ਿਲ ਦਾ ਨਹੀਂ, ਮੁਹਾਜ਼ ਦਾ ਕਵੀ ਸੀ। ਸਾਥੀ ਬੁਲੰਦ ਆਵਾਜ਼ ਤੇ ਅੱਗ ਵਰਗੀ ਸ਼ਾਇਰੀ ਰਾਹੀਂ ਹਾਕਮਾਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰਦਾ ਰਿਹਾ। ਉਸ ਨੇ ਤਾਉਮਰ ਆਪਣੀ ਵਿਚਾਰਧਾਰਾ ਉਪਰ ਡਟ ਕੇ ਪਹਿਰਾ ਦਿੱਤਾ। ਇਨਾਮ ਸਨਮਾਨ ਜਾਂ ਧਮਕੀਆਂ ਉਸ ਨੂੰ ਆਪਣੇ ਅਕੀਦੇ ਤੋਂ ਭਟਕਾ ਨਾ ਸਕੀਆਂ।
ਜ਼ਿਲ੍ਹਾ ਮੋਗਾ ਦੀ ਬਾਘਾ ਪੁਰਾਣਾ ਸਬ-ਡਿਵੀਜ਼ਨ ਦੇ ਪਿੰਡ ਕਾਲੇ ਕੇ ’ਚ 6 ਜੂਨ 1936 ਨੂੰ ਇੰਦਰ ਸਿੰਘ ਦੇ ਘਰ ਪੈਦਾ ਹੋਏ ਮਹਿੰਦਰ ਸਾਥੀ ਦਾ ਬਚਪਨ ਬਹੁਤ ਗ਼ਰੀਬੀ ’ਚ ਬੀਤਿਆ। ਸਾਥੀ ਦਾ ਪਿਤਾ ਗ਼ਰੀਬੀ ਦੂਰ ਕਰਨ ਲਈ ਮਲਾਇਆ ਚਲਾ ਗਿਆ ਜਿੱਥੇ ਦੂਜੀ ਆਲਮੀ ਜੰਗ ਦੇ ਚੱਲਦਿਆਂ ਜਪਾਨੀਆਂ ਦੇ ਘੇਰੇ ’ਚ ਆ ਗਿਆ। ਕਈ ਵਰ੍ਹੇ ਉਸ ਦਾ ਕੋਈ ਥਹੁ ਪਤਾ ਨਾ ਲੱਗਾ। ਇਸੇ ਸਮੇਂ ’ਚ ਸਾਥੀ ਨੂੰ ਉਸ ਦੇ ਨਾਨਕੇ ਆਪਣੇ ਕੋਲ ਮੁਕਤਸਰ ਲੈ ਗਏ। ਛੋਟਾ ਮਾਮਾ ਜਸਵੰਤ ਸਿੰਘ ਪਿਆਰ ਆਪਣੇ ਸਮੇਂ ਦਾ ਉੱਘਾ ਪ੍ਰਚਾਰਕ ਤੇ ਕਵੀ ਸੀ ਜੋ ਗਿਆਨੀ ਜ਼ੈਲ ਸਿੰਘ ਨਾਲ ਜਥੇ ਵਿਚ ਰਿਹਾ। ਮਾਮੇ ਨੇ ਦਰਬਾਰ ਸਾਹਿਬ ਨੇੜਲੇ ਗੁਰਦੁਆਰੇ ਵਿਚ ਗੁਰਮੁਖੀ ਸਿੱਖਣ ਲਾ ਦਿੱਤਾ।
ਸਾਥੀ ਦਾ ਪਿਤਾ ਇੰਦਰ ਸਿੰਘ ਬਹੁਤ ਸਾਲਾਂ ਬਾਅਦ ਜਪਾਨੀਆਂ ਦੀ ਜੇਲ੍ਹ ’ਚੋਂ ਛੁੱਟ ਕੇ ਘਰ ਵਾਪਸ ਆਇਆ ਤਾਂ ਲੰਮਾ ਸਮਾਂ ਪਰਿਵਾਰ ਤੋਂ ਪਾਸੇ ਰਹਿਣ ਕਾਰਨ ਉਹ ਇਕੱਲਖੋਰਾ ਤੇ ਖਰਵਾ ਹੋ ਗਿਆ ਸੀ। ਸ਼ਾਇਦ ਜਪਾਨੀਆਂ ਦੇ ਤਸ਼ੱਦਦ ਨੇ ਉਸ ਅੰਦਰਲੀ ਸੰਵੇਦਨਾ ਮਾਰ ਦਿੱਤੀ ਸੀ। ਘਰ ’ਚ ਗੱਲ ਗੱਲ ’ਤੇ ਮਹਾਂਭਾਰਤ ਰਹਿਣ ਲੱਗਾ। ਆਰਥਿਕਤਾ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਇੰਦਰ ਸਿੰਘ ਪਰਿਵਾਰ ਨੂੰ ਲੈ ਕੇ ਮੋਗੇ ਆ ਗਿਆ ਤੇ ਲੱਕੜਾਂ ਵੇਚਣ ਦਾ ਟਾਲ਼ ਚਲਾ ਲਿਆ। ਮਹਿੰਦਰ ਸਾਥੀ ਨੂੰ ਭੁਪਿੰਦਰਾ ਖਾਲਸਾ ਸਕੂਲ ’ਚ ਪੜ੍ਹਨ ਲਾਇਆ ਗਿਆ।
ਸਕੂਲ ’ਚ ਸਾਥੀ ਦੀ ਦੋਸਤੀ ਸਰਦਾਰ ਖਾਨ ਨਾਲ ਹੋ ਗਈ। ਦੇਸ਼ ਦੀ ਵੰਡ ਸਮੇਂ ਉਸ ਦੇ ਇਸ ਦੋਸਤ ਨੂੰ ਪਾਕਿਸਤਾਨ ਜਾਣਾ ਪਿਆ। ਉਸ ਦੀ ਸਲੇਟ ਸਾਥੀ ਕੋਲ ਰਹਿ ਗਈ। ਸਾਥੀ ਨੇ ਬਹੁਤ ਵਰ੍ਹੇ ਇਹ ਸਲੇਟ ਇਸ ਆਸ ਨਾਲ ਸੰਭਾਲੀ ਰੱਖੀ ਕਿ ਜਦੋਂ ਸਰਦਾਰ ਖਾਨ ਵਾਪਸ ਆਇਆ ਤਾਂ ਉਸ ਨੂੰ ਵਾਪਸ ਕਰ ਦਿਆਂਗਾ। ਖ਼ੈਰ! ਘਰ ਦੀ ਗ਼ਰੀਬੀ ਨੇ ਉਸ ਨੂੰ ਪੜ੍ਹਾਈ ਛੱਡ ਕੇ ਟਰੱਕਾਂ ਦੀ ਰਿਪੇਅਰ ਕਰਨ ਵਾਲੀ ਵਰਕਸ਼ਾਪ ’ਚ ਲੱਗਣ ਲਈ ਮਜਬੂਰ ਕਰ ਦਿੱਤਾ। ਥੁੜਾਂ ਮਾਰੇ ਪਰਿਵਾਰ ਵਿਚ ਚੱਲਦਾ ਕਲੇਸ਼, ਨਿੱਤ ਦਿਹਾੜੇ ਹੁੰਦੀ ਕੁੱਟਮਾਰ, ਬਚਪਨ ਦੇ ਆੜੀ ਦਾ ਵਿਛੋੜਾ, ਅੱਧਵਾਟੇ ਹੀ ਛੁੱਟ ਗਈ ਪੜ੍ਹਾਈ, ਮਹਬਿੂਬ ਦੀ ਜੁਦਾਈ ਅਤੇ ਫੈਕਟਰੀਆਂ ਅੰਦਰ ਹੋਏ ਆਰਥਿਕ ਸ਼ੋਸ਼ਣ ਨੇ ਉਸ ਨੂੰ ਬਗ਼ਾਵਤੀ ਬਣਾ ਦਿੱਤਾ। ਚੁੱਪ ਰਹਿਣੇ ਸੁਭਾਅ ਵਾਲੇ ਸਾਥੀ ਨੇ ਬਗ਼ਾਵਤ ਦਾ ਪਹਿਲਾ ਝੰਡਾ ‘ਜੈ ਭਾਰਤ ਮੈਟਲ ਇੰਡਸਟਰੀਜ਼’ ਦੇ ਮਾਲਕਾਂ ਖ਼ਿਲਾਫ਼ ਚੁੱਕਿਆ ਜਿੱਥੇ ਉਹ ਟਰਨਰ ਵਜੋਂ ਕੰਮ ਕਰਦਾ ਸੀ। ਫੈਕਟਰੀ ਮਾਲਕਾਂ ਨੇ ਕਾਮਿਆਂ ਨੂੰ ਨਵੇਂ ਸਾਲ ’ਤੇ ਬੋਨਸ ਦੇਣ ਤੋਂ ਨਾਂਹ ਕਰ ਦਿੱਤੀ ਸੀ। ਸਾਥੀ ਨੇ ਮੋਗੇ ਦੀ ਮਸ਼ਹੂਰ ਦੁੱਧ ਫੈਕਟਰੀ ਅਤੇ ਹੋਰ ਫੈਕਟਰੀਆਂ ਦੇ ਕਾਮਿਆਂ ਨੂੰ ਜਥੇਬੰਦ ਕਰਕੇ ਮਾਲਕਾਂ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ। ਸਾਥੀ ਦੀਆਂ ਜੋਸ਼ੀਲੀਆਂ ਕਵਿਤਾਵਾਂ ਫੈਕਟਰੀ ਕਾਮਿਆਂ ਵਿੱਚ ਜੋਸ਼ ਭਰਦੀਆਂ ਸਨ।
ਜਦੋਂ ਤੱਕ ਹਥੇਲੀ ’ਤੇ ਸਿਰ ਨਾ ਧਰੋਂਗੇ।
ਮੁਹੱਬਤ ਦੀ ਬਾਜ਼ੀ ’ਚ ਯਾਰੋ! ਹਰੋਂਗੇ।
ਮਹਿਲੀਂ ਬਣੇ ਥੋਡੇ ਹੀਟਰ ਨੇ ਮਘਦੇ,
ਇਹ ਫੁੱਟਪਾਥ ਤੇ ਬੈਠੇ ਕਦੋਂ ਤੱਕ ਠਰੋਂਗੇ।
ਅਮਰ ਸਾਥੀਓ! ਇਹ ਹੋ ਜਾਊ ਹਯਾਤੀ,
ਮਨੁੱਖਤਾ ਲਈ ਲੜਦੇ-ਲੜਦੇ ਮਰੋਂਗੇ।
ਸਾਥੀ ਦੇ ਮਘਦੇ ਅੰਗਿਆਰਾਂ ਵਰਗੇ ਗੀਤਾਂ ਨੇ ਕਾਮਿਆਂ ਨੂੰ ਬੋਨਸ ਵਾਲੀ ਜੰਗ ਜਿੱਤ ਦਿੱਤੀ।
ਸੰਨ 1966 ’ਚ ਉਹ ‘ਜੈ ਭਾਰਤ ਮੈਟਲ ਇੰਡਸਟਰੀਜ਼’ ਛੱਡ ਕੇ ਵੈਦ ਤੀਰਥ ਰਾਮ ਕਿਆਂ ਵਾਲੀ ‘ਨਿਊ ਭਾਰਤ ਇੰਡਸਟਰੀ’ ਫੈਕਟਰੀ ਵਿੱਚ ਆ ਗਿਆ ਜਿੱਥੇ ਘੋੜਿਆਂ ਦੀਆਂ ਖੁਰੀਆਂ ’ਚ ਲੱਗਦੀਆਂ ਮੇਖਾਂ ਅਤੇ ਨਟ ਕਾਬਲੇ ਵਗੈਰਾ ਬਣਾਏ ਜਾਂਦੇ ਸਨ। ਸਾਥੀ ਦਾ ਭਰਾ ਫੈਕਟਰੀ ’ਚ ਠੇਕੇਦਾਰ ਸੀ। ਇੱਥੇ ਉਸ ਦੀ ਤੁਕਬੰਦੀ ਕਰਨ ਵਾਲੇ ਠਾਣਾ ਸਿੰਘ ਨਾਲ ਨੇੜਤਾ ਬਣ ਗਈ। ਠਾਣੇ ਨੇ ਉਸ ਨੂੰ ਮਹਿੰਦਰ ਸਿੰਘ ਤੋਂ ‘ਮਹਿੰਦਰ ਸਾਥੀ’ ਬਣਾ ਦਿੱਤਾ। ਇਸ ਠਾਣੇ ਨੇ ਹੀ ਸਾਥੀ ਨੂੰ ਠਾਣਾ ਸਿੰਘ ਨਾਂ ਦੇ ਇੱਕ ਹੋਰ ਬੰਦੇ ਨਾਲ ਮਿਲਾਇਆ ਜੋ ਮੁਕਤਸਰ ਨੇੜਲੇ ਪਿੰਡ ਭਲਾਈਆਣੇ ਦਾ ਸੀ।ਠਾਣਾ ਸਿੰਘ ਨਾਲ ਮੇਲ ਨੇ ‘ਨਿਊ ਭਾਰਤ ਇੰਡਸਟਰੀ’ ਨੂੰ ਇਨਕਲਾਬੀਆਂ ਦੇ ਮਿਲਣ ਗਿਲਣ ਦਾ ਅੱਡਾ ਬਣਾ ਦਿੱਤਾ। ਪਾਲ ਸਿੰਘ ਪਾਲ ਦੀ ਆਵਾਜ਼ ’ਚ ਗਾਏ ਬਹੁਚਰਚਿਤ ਗੀਤ ‘ਪਾਲੀ ਪਾਣੀ ਖੂਹ ਤੋਂ ਭਰੇ’ ਲਿਖਣ ਵਾਲੇ ਗੁਰਦੀਪ ਘੋਲੀਏ ਨਾਲ ਵੀ ਨੇੜਤਾ ਹੋਈ। ਰਾਜੇਆਣੀਏ ਬੰਤ ਤੇ ਹੋਰ ਰੂਪੋਸ਼ ਨਕਸਲਾਈਟਾਂ ਨਾਲ ਸਾਥੀ ਦਾ ਮੇਲ ਮਿਲਾਪ ਹੋਣ ਲੱਗਾ। ਕਈ ਰਸਾਲੇ ਤੇ ਸਿਧਾਂਤਕ ਪੁਸਤਕਾਂ ਉਸ ਕੋਲ ਆਉਣ ਲੱਗੀਆਂ। ਸਾਥੀ ਨੂੰ ਵੀ ਆਪਣੇ ਹੋਰ ਸਾਥੀਆਂ ਵਾਂਗ ਇਨਕਲਾਬ ਦੇ ਸੁਪਨੇ ਆਉਣ ਲੱਗੇ। ਮਾਰਕਸ ਦੀ ‘ਦਵੰਦਾਤਮਕ ਭੌਤਿਕਵਾਦ’ ਵਾਲੀ ਥਿਊਰੀ ਸਾਥੀ ਨੂੰ ਸਮਝ ਆਉਣ ਲੱਗੀ। ਸਾਥੀ ਨੇ ਕਾਮਿਆਂ ਦੇ ਹੱਕਾਂ ਦੀ ਖ਼ਾਤਰ ਫੈਕਟਰੀ ਦੇ ਠੇਕੇਦਾਰ ਬਣੇ ਆਪਣੇ ਭਰਾ ਖ਼ਿਲਾਫ਼ ਹੀ ਝੰਡਾ ਚੁੱਕ ਲਿਆ। ਘਰ ਵਿਚ ਕਲੇਸ਼ ਹੋਇਆ, ਪਰ ਸਾਥੀ ਨੇ ਸੰਘਰਸ਼ ਨੂੰ ਪਿੱਠ ਨਾ ਵਿਖਾਈ ਤੇ ਇਹ ਘੋਲ ਵੀ ਸ਼ਾਨ ਨਾਲ ਜਿੱਤ ਲਿਆ।
ਮੋਗੇ ਦਾ ਇਲਾਕਾ ਉਨ੍ਹਾਂ ਦਿਨਾਂ ’ਚ ਨਕਸਲੀ ਸਰਗਰਮੀਆਂ ਦਾ ਗੜ੍ਹ ਸੀ। ਸਾਲ 1971 ਦੇ ਗਣਤੰਤਰ ਦਿਹਾੜੇ ਮੁੰਡਿਆਂ ਨੇ ਮੋਗੇ ਨੇੜਲੇ ਇੱਕ ਪਿੰਡ ਦੇ ਜ਼ੈਲਦਾਰ ਦਾ ਕਤਲ ਕਰ ਦਿੱਤਾ। ਸਮਝਿਆ ਜਾਂਦਾ ਸੀ ਕਿ ਇਸੇ ਜ਼ੈਲਦਾਰ ਨੇ ਸਾਂਡਰਸ ਕਤਲ ਕੇਸ ਵਿੱਚ ਭਗਤ ਸਿੰਘ ਤੇ ਸਾਥੀਆਂ ਖ਼ਿਲਾਫ਼ ਗਵਾਹੀ ਦਿੱਤੀ ਸੀ। ਪੁਲੀਸ ਦਾ ਖ਼ਾਸ ਬੰਦਾ ਹੋਣ ਕਰਕੇ ਉਸ ਦੇ ਕਤਲ ਨੇ ਪੁਲੀਸ ਸਫ਼ਾਂ ਵਿਚ ਹਲਚਲ ਮਚਾ ਦਿੱਤੀ। ਫੜੋ ਫੜੀ ਸ਼ੁਰੂ ਹੋ ਗਈ। ਸਾਥੀ ਨੂੰ ਵੀ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਉਸ ਨੂੰ ਪੁਲੀਸ ਮੁਖਬਰ ਬਣ ਜਾਣ ਲਈ 25,000 ਦੀ ਮੋਟੀ ਰਾਸ਼ੀ ਦਾ ਚੋਗਾ ਪਾਇਆ। ਮੁਖਬਰੀ ਬਦਲੇ ਹਾਸਲ ਕੀਤੀ ਰਾਸ਼ੀ ਨਾਲ ਉਭੜ-ਖਾਬੜ ਹੋਈ ਕਬੀਲਦਾਰੀ ਦੀਆਂ ਕਈ ਖੁੱਡਾਂ ਬੰਦ ਕੀਤੀਆਂ ਜਾ ਸਕਦੀਆਂ ਸਨ। ‘‘ਭਾਵੇਂ ਫਾਂਸੀ ਲਾਉ ਭਾਵੇਂ ਚੌਕ ’ਚ ਖੜ੍ਹਾ ਕੇ ਗੋਲੀ ਮਾਰੋ ਪਰ ਮੈਥੋਂ ਗਦਾਰੀ ਦੀ ਆਸ ਨਾ ਰੱਖਿਓ।’’ ਉਹ ਅਡੋਲ ਰਿਹਾ। ਐਮਰਜੈਂਸੀ ਦੇ ਦੌਰ ’ਚ ਵੀ ਉਸ ਨੂੰ ਜੇਲ੍ਹ ਜਾਣਾ ਪਿਆ।
ਫੈਕਟਰੀਆਂ ’ਚ ਕੰਮ ਕਰਦਿਆਂ ਜਿਵੇਂ ਉਸ ਦੇ ਹੱਥ ਹੀ ਲੋਹੇ ਦੇ ਹੋ ਗਏ ਜਿਨ੍ਹਾਂ ਨਾਲ ਉਹ ਲੋਹੇ ਵਰਗੀ ਗ਼ਜ਼ਲ ਲਿਖਦਾ ਰਿਹਾ। ਭਾਵੇਂ ਉਸ ਦੇ ਸ਼ਿਅਰਾਂ ਵਿਚ ਲੋਹੇ ਦੀ ਖੜਕਾਰ ਸੁਣਦੀ ਹੈ, ਪਰ ਕਮਾਲ ਦੀ ਸੂਖ਼ਮਤਾ ਅਤੇ ਕਲਾਤਮਿਕਤਾ ਵੀ ਹੈ:
ਲੈ ਤੇਰੇ ਖ਼ਤ ਮੈਂ ਅੱਜ ਸਾਰੇ ਦੇ ਸਾਰੇ ਨੇ ਜਲਾ ਦਿੱਤੇ।
ਮੈਂ ਆਪਣੇ ਕਤਲ ਦੇ ਸਾਰੇ ਨਿਸ਼ਾਂ ਖ਼ੁਦ ਹੀ ਮਿਟਾ ਦਿੱਤੇ।
ਉਨ੍ਹਾਂ ਪੁੱਛਿਆ ਕਹਿਰ ਕੱਕਰ ਦਾ ਕਿਹੜੇ ਫੁੱਲ ਨੇ ਸਹਿ ਜਾਂਦੇ,
ਮੈਂ ਅੰਮ੍ਰਿਤ ਵੇਲੇ ਕੂੜਾ ਫੋਲਦੇ ਬੱਚੇ ਵਿਖਾ ਦਿੱਤੇ।
ਮਹਿੰਦਰ ਸਾਥੀ ਮੋਗੇ ਇਲਾਕੇ ਦੀਆਂ ਸਾਹਿਤਕ ਸਰਗਰਮੀਆਂ ਦਾ ਧੁਰਾ ਸੀ। ਸਾਲ 1966 ਵਿਚ ਉਹ ਲਿਖਾਰੀ ਸਭਾ ਮੋਗਾ ਦਾ ਮੈਂਬਰ ਬਣਿਆ। ਜਸਵੰਤ ਸਿੰਘ ਕੰਵਲ, ਪ੍ਰੀਤਮ ਪੰਧੇਰ, ਗੁਰਚਰਨ ਚੀਮਾ, ਕਹਾਣੀਕਾਰ ਅਜੀਤ ਪੱਤੋ, ਹਰਪਾਲਜੀਤ ਪਾਲੀ ਆਦਿ ਲੇਖਕਾਂ ਨਾਲ ਨੇੜਤਾ ਬਣੀ। ਬਲਦੇਵ ਸਿੰਘ ਦੇ ਕਲਕੱਤਾ ਛੱਡ ਕੇ ਪੱਕੇ ਤੌਰ ’ਤੇ ਮੋਗੇ ਆ ਵਸਣ ’ਤੇ ਮਹਿੰਦਰ ਸਾਥੀ ਨੇ ਅਜਮੇਰ ਗਿੱਲ ਤੇ ਉਪਾਸ਼ਕ ਵਰਗਿਆਂ ਨਾਲ ਮਿਲ ਕੇ ਸਾਹਿਤ ਵਿਚਾਰ ਮੰਚ ਬਣਾਇਆ। ਉਸ ਨੇ ਜਨਰਲ ਸਕੱਤਰ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾਈਆਂ। ਬਤੌਰ ਰੰਗਕਰਮੀ ਲੋਕ ਕਲਾ ਮੰਚ ਬੁੱਘੀਪੁਰਾ ਦੇ ਨਾਟ ਨਿਰਦੇਸ਼ਕ ਪਰਮਜੀਤ ਗਿੱਲ ਅਤੇ ਬਲਦੇਵ ਸਿੰਘ ਨਾਲ ਬਹੁਤ ਸਾਰੇ ਨਾਟਕਾਂ ’ਚ ਕੰਮ ਕੀਤਾ। ਉਸ ਦੀ ਜੀਵਨ ਸਾਥਣ ਰਾਮ ਦੁਲਾਰੀ ਤੇ ਬੇਟੀ ਸੰਜੂ ਨੇ ਵੀ ਨਾਟਕਾਂ ’ਚ ਅਦਾਕਾਰੀ ਕੀਤੀ। ਉਸ ਦਾ ਲਿਖਿਆ ਗੀਤ ਸਟੇਜਾਂ ’ਤੇ ਸੁਣਿਆ ਜਾਂਦਾ:
ਪੱਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਅਕਸਰ।
ਜੀਵਨ ਤੋਂ ਮੌਤ ਖਾਂਦੀ, ਆਈ ਹੈ ਹਾਰ ਅਕਸਰ
ਇਹ ਸਹਿਮ ਦਾ ਸਮੁੰਦਰ, ਲਹਿਣਾ ਹੀ ਲਹਿਣਾ ਇੱਕ ਦਿਨ
ਚਿੜੀਆਂ ਨੇ ਬਾਜਾਂ ਦੇ ਗਲ, ਪੈਣਾ ਹੀ ਪੈਣਾ ਇੱਕ ਦਿਨ।
ਸਤਿਆਂ ਦੇ ਰੋਹ ਦੇ ਹੜ੍ਹ ਨੇ, ਵਹਿਣਾ ਹੀ ਵਹਿਣਾ ਇੱਕ ਦਿਨ।
ਜ਼ੁਲਮੋ-ਸਿਤਮ ਦਾ ਧੌਲਰ, ਢਹਿਣਾ ਹੀ ਢਹਿਣਾ ਇੱਕ ਦਿਨ।
ਉਠਣਗੇ ‘ਸਾਥੀ’ ਖਾਕੋਂ ਇਹ ਖ਼ਾਕਸਾਰ ਆਖਰ।
ਪੰਜਾਬ ਦੇ ਸੰਤਾਪ ਭਰੇ ਦੌਰ ’ਚ ਵੀ ਉਸ ਦੀ ਕਲਮ ਬੇਖ਼ੌਫ਼ ਚੱਲਦੀ ਰਹੀ। ਉਸ ਦੀ ਬੁਲੰਦ ਆਵਾਜ਼ ਕਵੀ ਦਰਬਾਰਾਂ ’ਚ ਗੂੰਜਦੀ ਰਹੀ:
ਅਸੀਂ ਨਾ ਭਾਂਜ, ਨਾ ਫਰਿਆਦ ਨਾ ਸੰਧੀ ਬਣਾਂਗੇ ਓ
ਮਸ਼ਾਲਾਂ ਵਾਂਗ ਬਲ ਕੇ ਤੇਰੇ ਕੂਚੇ ਵਿਚ ਤੁਰਾਂਗੇ ਓ!
ਅਸੀਂ ਮੰਨਿਆ ਸ਼ਿਕਾਰੀ ਬਹੁਤ ਵਹਿਸ਼ੀ ਹੈ, ਜਨੂਨੀ ਹੈ,
ਅਸੀਂ ਚਹਿਕਾਂਗੇ, ਗਾਵਾਂਗੇ ਅਤੇ ਫਿਰ ਉੜਾਂਗੇ ਓ!
ਮਹਿੰਦਰ ਸਾਥੀ ਨੂੰ ਆਪਣੇ ਛੇ ਦਹਾਕਿਆਂ ਦੇ ਸਾਹਿਤਕ ਅਤੇ ਸੰਘਰਸ਼ੀ ਸਫ਼ਰ ’ਤੇ ਮਾਣ ਰਿਹਾ। ਉਸ ਨੇ ਇਨਾਮਾਂ ਸਨਮਾਨਾਂ ਖ਼ਾਤਰ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਤੇ ਅੰਤ ਤੱਕ ਆਪਣੀ ਲੋਕ ਪੱਖੀ ਸੁਰ ਬਰਕਰਾਰ ਰੱਖੀ। ਉਹ ਨਵੇਂ ਸ਼ਾਇਰਾਂ ਲਈ ਹਮੇਸ਼ਾਂ ਮਾਰਗ ਦਰਸ਼ਕ ਬਣਿਆ ਰਿਹਾ। ਰਣਜੀਤ ਸਰਾਂਵਾਲੀ, ਅਮਰਜੀਤ ਢੁੱਡੀਕੇ, ਮੁਰੀਦ ਸੰਧੂ, ਧਾਮੀ ਗਿੱਲ, ਅਵਤਾਰ ਅਵੀ ਆਦਿ ਸਮੇਤ ਅਨੇਕਾਂ ਨਵੇਂ ਪੁਰਾਣੇ ਸ਼ਾਇਰ ਉਸ ਤੋਂ ਅਗਵਾਈ ਲੈਂਦੇ ਰਹਿੰਦੇ। ਉਹ ਨਵੇਂ ਲੇਖਕਾਂ ਨੂੰ ਵਿਸ਼ਵ ਦਾ ਸ਼ਾਹਕਾਰ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੰਦਾ ਰਹਿੰਦਾ।
‘ਜਲਾਵਤਨ ਰੁੱਤ ਪਰਤੇਗੀ‘, ‘ਜਦੋਂ ਤੱਕ ਰਾਤ ਬਾਕੀ ਹੈ’, ‘ਪੱਤਝੜ ਸਦਾ ਨਾ ਰਹਿਣੀ’, ‘ਦੀਪ ਦਰਪਣ’ ਨਾਂ ਦੀਆਂ ਚਾਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਮਹਿੰਦਰ ਸਾਥੀ ਨੂੰ ਕਰੋਨਾ ਮਹਾਂਮਾਰੀ ਨੇ ਸ਼ਿਕਾਰ ਬਣਾ ਲਿਆ। ਉਸ ਦੇ ਪ੍ਰਸ਼ੰਸਕਾਂ ਨੇ ਸਾਥੀ ਨੂੰ ਬਚਾਉਣ ਲਈ ਸਿਰਤੋੜ ਯਤਨ ਕੀਤੇ।
ਮਹਿੰਦਰ ਸਾਥੀ ਜ਼ਿੰਦਾਦਿਲ ਇਨਸਾਨ ਸੀ। ਪਲਸ ਮੰਚ ਆਗੂ ਅਮੋਲਕ ਸਿੰਘ ਉਸ ਦਾ ਪਤਾ ਲੈਣ ਹਸਪਤਾਲ ਗਿਆ ਤਾਂ ਵੈਂਟੀਲੇਟਰ ’ਤੇ ਬੇਵੱਸ ਪਏ ਹੋਣ ਦੇ ਬਾਵਜੂਦ ਸਾਥੀ ਨੇ ਮੁੱਕਾ ਤਾਣ ਕੇ ਉਸ ਨੂੰ ਜੀ ਆਇਆਂ ਆਖਿਆ। ਅਖੀਰਲਾ ਸਾਹ ਲੈਣ ਤੱਕ ਵੀ ਉਸ ਅੰਦਰ ਜਿਉਣ ਦੀ ਖਾਹਿਸ਼ ਠਾਠਾਂ ਮਾਰਦੀ ਰਹੀ।
ਮਸ਼ਾਲਾਂ ਬਾਲ ਕੇ ਚੱਲਣਾ
ਮਸ਼ਾਲਾਂ ਬਾਲ ਕੇ ਚੱਲਣਾ,
ਜਦੋਂ ਤੱਕ ਰਾਤ ਬਾਕੀ ਹੈ।
ਸੰਭਲ ਕੇ ਹਰ ਕਦਮ ਚੁੱਕਣਾ,
ਜਦੋਂ ਤੱਕ ਰਾਤ ਬਾਕੀ ਹੈ।
ਪਸੀਨੇ ਦੀ ਤਾਂ ਗੱਲ ਛੱਡੋ,
ਲਹੂ ਮਜ਼ਦੂਰ ਦਾ ਯਾਰੋ।
ਇਹ ਸਸਤਾ ਪਾਣੀਉਂ ਰਹਿਣਾ,
ਜਦੋਂ ਤੱਕ ਰਾਤ ਬਾਕੀ ਹੈ।
ਮਿਲੂ ਮਨਸੂਰ ਨੂੰ ਸੂਲੀ,
ਜ਼ਹਿਰ ਸੁਕਰਾਤ ਦੇ ਹਿੱਸੇ,
ਰਹੇਗਾ ਜੁਰਮ ਸੱਚ ਕਹਿਣਾ,
ਜਦੋਂ ਤੱਕ ਰਾਤ ਬਾਕੀ ਹੈ।
ਰਗੜ ਮੱਥਾ ਤੂੰ ਮਸਜਿਦ ਵਿੱਚ,
ਜਾਂ ਮੰਦਰ ਨੂੰ ਤੂੰ ਕਰ ਸਜਦੇ।
ਤੇੇਰੇ ਦੁੱਖਾਂ ਨਹੀਂ ਮੁੱਕਣਾ,
ਜਦੋਂ ਤੱਕ ਰਾਤ ਬਾਕੀ ਹੈ।
ਹਕੀਕਤ ਇਹ ਕਿ ਕਈ ਮਿਰਜੇ,
ਗਏ ਮਾਰੇ ਨੇ ਬੰਨ ਬੰਨ ਕੇ,
ਤੇ ਖਬਰੀਂ ਟਾਕਰਾ ਛਪਣਾ,
ਜਦੋਂ ਤੱਕ ਰਾਤ ਬਾਕੀ ਹੈ।
ਨਹੀਂ ਫਰਿਆਦ ਦਾ ਫਾਇਦਾ,
ਹਨੇਰੇ ਦੀ ਅਦਾਲਤ ਵਿੱਚ।
ਤੂੰ ਕਰ ਸੰਗਰਾਮ ਐ ‘ਸਾਥੀ’,
ਜਦੋਂ ਤੱਕ ਰਾਤ ਬਾਕੀ ਹੈ।
ਸੰਪਰਕ: 98726-40994