ਗੁਰਮੀਤ ਸਿੰਘ*
ਮੁਗਲ ਬਾਦਸ਼ਾਹ ਆਪਣੇ ਸ਼ਿਕਾਰ ਦੇ ਸ਼ੌਕ ਦਾ ਆਨੰਦ ਲੈਣ ਲਈ ਤਰ੍ਹਾਂ ਤਰ੍ਹਾਂ ਦੇ ਬਾਜ਼ ਰੱਖਦੇ ਸਨ। ਸਮਰਾਟ ਅਕਬਰ ਬਾਦਸ਼ਾਹ ਦਾ ਮਨਭਾਉਂਦਾ ਪੰਛੀ ਚਿੜੀਮਾਰ ਸੀ। ਚਿੜੀਮਾਰ ਇਕ ਛੋਟਾ ਜਿਹਾ ਸ਼ਿਕਾਰੀ ਪੰਛੀ ਹੈ ਜਿਸ ਨੂੰ ਅੰਗਰੇਜ਼ੀ ਵਿਚ ‘The Eurasian sparrow hawk’ ਜਾਂ ‘Northern sparrow hawk’ ਵਜੋਂ ਜਾਣਿਆ ਜਾਂਦਾ ਹੈ। ਹਿੰਦੀ ਵਿਚ ਇਸ ਨੂੰ ‘ਬਾਸ਼ਾ’ ਕਿਹਾ ਜਾਂਦਾ ਹੈ। ਇਸ ਦੀ ਕੈਂਚੀ ਵਰਗੀ ਤੇਜ਼ ਚੁੰਝ ਤੇ ਤਿੱਖੀਆਂ ਨਹੁੰਦਰਾਂ ਹੁੰਦੀਆਂ ਹਨ। ਬਹੁਤ ਲੋਕ ਇਸ ਨੂੰ ਸ਼ਿਕਰੇ ਦੇ ਕੁੱਲ ਵਿਚੋਂ ਹੋਣ ਕਰਕੇ ਸ਼ਿਕਰਾ ਹੀ ਸਮਝਦੇ ਹਨ। ਇਸ ਦਾ ਰੰਗ ਰੂਪ ਥੋੜ੍ਹਾ ਵੱਖਰਾ ਹੋਣ ਕਰਕੇ ਇਸ ਨੂੰ ਆਸਾਨੀ ਨਾਲ ਵੱਖਰਾ ਸ਼ਿਕਾਰੀ ਪੰਛੀ ਸਮਝਿਆ ਜਾਂਦਾ ਹੈ। ਚਿੜੀਮਾਰ 31 ਤੋਂ 35 ਸੈਂਟੀਮੀਟਰ ਤਕ ਦੇ ਕੱਦ-ਕਾਠ ਦਾ ਪੰਛੀ ਹੈ। ਇਹ ਸਥਾਨਕ ਪਰਵਾਸੀ ਅਤੇ ਸਰਦ ਰੁੱਤ ਵਿਚ ਪਰਵਾਸ ਕਰਨ ਵਾਲਾ ਪੰਛੀ ਹੈ। ਪੰਜਾਬ ਵਿਚ ਚਿੜੀਮਾਰ ਨੂੰ ਕਈ ਥਾਵਾਂ ’ਤੇ ਵੇਖਿਆ ਗਿਆ ਹੈ। ਇਹ ਮੈਦਾਨੀ ਤੇ ਕੰਢੀ ਦੇ ਖੇਤਰ ਵਿਚ ਸਰਦ ਰੁੱਤ ਵਿਚ ਵੇਖਣ ਨੂੰ ਮਿਲਦਾ ਹੈ।
ਨਰ ਦਾ ਸਰੀਰ ਉੱਪਰਲੇ ਪਾਸਿਓਂ ਗੂੜ੍ਹਾ ਸਲੇਟੀ ਤੇ ਮਾਦਾ ਦਾ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਮਾਦਾ ਚਿੜੀਮਾਰ ਨਰ ਨਾਲੋਂ ਆਕਾਰ ਵਿਚ ਥੋੜ੍ਹੀ ਵੱਡੀ ਹੁੰਦੀ ਹੈ। ਨਰ ਦੀ ਛਾਤੀ ’ਤੇ ਸੰਗਤਰੀ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਮਾਦਾ ਵਿਚ ਇਹ ਧਾਰੀਆਂ ਭੂਰੇ ਹੰਗ ਦੀਆਂ ਦਿਖਦੀਆਂ ਹਨ। ਇਸ ਦੀ ਪੂਛ ਦੀਆਂ ਧਾਰੀਆਂ ਸ਼ਿਕਰੇ ਨਾਲੋਂ ਗੂੜ੍ਹੀਆਂ ਹੁੰਦੀਆਂ ਹਨ।
ਇਹ ਕਈ ਵਾਰ ਇਕੱਲਾ ਰੁੱਖਾਂ ’ਤੇ ਬੈਠਾ ਰਹਿੰਦਾ ਹੈ। ਚਿੜੀਆਂ, ਘੁੱਗੀਆਂ ਤੇ ਕਬੂਤਰਾਂ ਨੂੰ ਵੇਖਦਿਆਂ ਹੀ ਇਹ ਇਕਦਮ ਝਪਟ ਮਾਰ ਕੇ ਕਾਬੂ ਕਰ ਲੈਂਦਾ ਹੈ। ਕਦੇ ਕਦੇ ਤਾਂ ਜ਼ਮੀਨ ਅਤੇ ਝਾੜੀਆਂ ਵਿਚ ਲੁਕ ਕੇ ਚਿੜੀਆਂ ਦੇ ਝੁੰਡਾਂ ਨੂੰ ਖਦੇੜ ਦਿੰਦਾ ਹੈ ਤੇ ਦਲੇਰੀ ਨਾਲ ਕਾਬੂ ਵੀ ਕਰ ਲੈਂਦਾ ਹੈ। ਕਹਿੰਦੇ ਹਨ ਕਿ ਚਿੜੀਮਾਰ ਦੀ ਇਸ ਵਿਸ਼ੇਸ਼ ਨਿਪੁੰਨਤਾ ਨੂੰ ਵੇਖਦਿਆਂ ਅਕਬਰ ਬਾਦਸ਼ਾਹ ਨੇ ਸ਼ਿਕਾਰ ਲਈ ਚਿੜੀਮਾਰ ਰੱਖੇ ਹੋਏ ਸਨ। ਇਹ ਟਿਨ ਟਿਨ…ਦੇ ਦੋ ਲੰਬੇ ਬੋਲਾਂ ਤੋਂ ਬਾਅਦ ਤਿੰਨ-ਚਾਰ ਸ਼ਬਦ ਟੀ-ਟੀ-ਟੀ… ਬੋਲਦਾ ਹੈ। ਮਾਦਾ ਆਪਣਾ ਆਲ੍ਹਣਾ ਨਹੀਂ ਬਣਾਉਂਦੀ ਬਲਕਿ ਕਾਂ ਦੇ ਪੁਰਾਣੇ ਆਲ੍ਹਣੇ ਵਿਚ ਚਾਰ ਜਾਂ ਪੰਜ ਫਿੱਕੇ ਨੀਲੇ, ਭੂਰੇ ਰੰਗ ਦੇ ਚਿੱਟੇ ਆਂਡੇ ਦਿੰਦੀ ਹੈ। ਨਰ ਖਾਣ ਪੀਣ ਦਾ ਸਾਮਾਨ ਮਾਦਾ ਨੂੰ ਆਲ੍ਹਣੇ ਵਿਚ ਲਿਆ ਕੇ ਦਿੰਦਾ ਹੈ। ਚੂਜ਼ੇ ਲਗਭਗ 33 ਦਿਨਾਂ ਬਾਅਦ ਆਂਡਿਆਂ ਵਿਚੋਂ ਬਾਹਰ ਨਿਕਲ ਆਉਂਦੇ ਹਨ ਅਤੇ 24 ਤੋਂ 28 ਦਿਨਾਂ ਬਾਅਦ ਆਲ੍ਹਣੇ ਵਿਚੋਂ ਉੱਡ ਜਾਂਦੇ ਹਨ। ਚਿੜੀਮਾਰ ਪੰਛੀਆਂ ਵਿਚ ਨਰ ਚੂਜ਼ੇ ਮਾਦਾ ਦੀ ਤੁਲਨਾ ਵਿਚ ਜ਼ਿਆਦਾ ਮਰਦੇ ਹਨ। ਇਨ੍ਹਾਂ ਦੀ ਆਮ ਤੌਰ ’ਤੇ ਉਮਰ ਚਾਰ ਸਾਲ ਦੀ ਹੁੰਦੀ ਹੈ। ਚਿੜੀਮਾਰ ਦੀ ਇਹ ਕਿਸਮ ਹੁਣ ਯੂਰੋਪ ਵਿਚ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਵਾਲੇ ਪੰਛੀਆਂ ਵਿਚੋਂ ਇਕ ਹੈ, ਹਾਲਾਂਕਿ ਇਸ ਦੀ ਆਬਾਦੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਹੁਤ ਹੀ ਘਟ ਗਈ ਸੀ।
ਸ਼ਿਕਾਰੀ ਪੰਛੀ ਚਿੜੀਮਾਰ ਦੀ ਸੈਂਕੜੇ ਸਾਲਾਂ ਤੋਂ ਚਿੜੀਆਂ, ਕਬੂਤਰਾਂ ਅਤੇ ਹੋਰ ਪਾਲਤੂ ਪੰਛੀਆਂ ਨੂੰ ਮਾਰਨ ਦੀ ਆਦਤ ਕਾਰਨ ਬਹੁਤ ਸਾਰੇ ਮੁਰਗੀ ਮਾਲਕਾਂ, ਸ਼ਿਕਾਰੀਆਂ ਅਤੇ ਕਬੂਤਰ ਰੱਖਣ ਦੇ ਸ਼ੌਕੀਨ ਲੋਕਾਂ ਨੇ ਇਸ ਪੰਛੀ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ। ਬਹੁਤ ਸਾਰੇ ਦੇਸ਼ਾਂ ਵਿਚ ਆਮ ਬਟੇਰ ਫੜਨ ਲਈ ਪਰਵਾਸੀ ਚਿੜੀਮਾਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਭਾਰਤ ਵਿਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਕੀਤਾ ਗਿਆ ਹੈ। ਇਸ ਐਕਟ ਅਨੁਸਾਰ ਕਿਸੇ ਵੀ ਪੰਛੀ ਨੂੰ ਮਾਰਨਾ ਜਾਂ ਫੜਨਾ ਜੁਰਮ ਹੈ ਅਤੇ ਇਸ ਦੀ ਸਖ਼ਤ ਸਜ਼ਾ ਰੱਖੀ ਗਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910