ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਜਸ਼ੀਰ ਘਾਟੀ ’ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਦਾ ਸਾਰੇ ਅਫਗਾਨਿਸਤਾਨ ’ਤੇ ਕਬਜ਼ਾ ਹੋ ਗਿਆ ਹੈ। ਤਾਲਿਬਾਨ ਮੁਖੀ ਮੁੱਲ੍ਹਾ ਅਖੁੰਦਜ਼ਾਦਾ ਦੀ ਅਗਵਾਈ ਹੇਠ ਸਰਕਾਰ ਵੀ ਬਣ ਗਈ ਹੈ ਜਿਸ ਵਿਚ ਅਮਰੀਕਾ ਦੇ ਸਖਤ ਵਿਰੋਧ ਦੇ ਬਾਵਜੂਦ ਸਿਰਾਜ਼ੁਦੀਨ ਹੱਕਾਨੀ ਸਮੇਤ ਅਨੇਕਾਂ ਕੌਮਾਂਤਰੀ ਅਤਿਵਾਦੀਆਂ ਨੂੰ ਮੰਤਰੀ ਬਣਾਇਆ ਗਿਆ ਹੈ। ਹੱਕਾਨੀ ਅਮਰੀਕਾ ਦੀ ਖੁਫੀਆ ਏਜੰਸੀ ਐੱਫਬੀਆਈ ਦਾ ਸਭ ਤੋਂ ਵੱਧ ਲੋੜੀਂਦਾ ਅਤਿਵਾਦੀ ਹੈ ਜਿਸ ਦੇ ਸਿਰ ਤੇ ਦਸ ਕਰੋੜ ਡਾਲਰ (ਕਰੀਬ ਸਾਢੇ 7 ਅਰਬ ਰੁਪਏ) ਦਾ ਇਨਾਮ ਹੈ। ਤਾਲਿਬਾਨ ਲੀਡਰਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਲਾਂ ਤੋਂ ਵੱਖ ਵੱਖ ਦੁਸ਼ਮਣਾਂ ਨਾਲ ਲੜਦੇ ਆ ਰਹੇ ਆਪਣੇ ਸੈਨਿਕਾਂ ਨੂੰ ਹੁਣ ਕਿਸ ਕੰਮ ਤੇ ਲਗਾਇਆ ਜਾਵੇ ਕਿਉਂਕਿ ਅਫਗਾਨਾਂ ਨੂੰ ਜੇ ਲੜਨ ਲਈ ਸਾਂਝਾ ਦੁਸ਼ਮਣ ਨਾ ਮਿਲੇ ਤਾਂ ਉਹ ਆਪਸ ਵਿਚ ਹੀ ਲੜਨਾ ਸ਼ੁਰੂ ਕਰ ਦਿੰਦੇ ਹਨ। ਤਾਲਿਬਾਨ ਸਰਕਾਰ ਨੀ ਭਵਿੱਖੀ ਨੀਤੀ ਬਾਰੇ ਮੁੱਖ ਬੁਲਾਰੇ ਮੁੱਲ੍ਹਾ ਉਮਰ ਮੁਜ਼ਾਹਿਦ ਨੇ ਕੁਝ ਦਿਨ ਪਹਿਲਾਂ ਬਿਆਨ ਜਾਰੀ ਕੀਤਾ ਹੈ ਕਿ ਉਨ੍ਹਾਂ ਦਾ ਅਗਲਾ ਮਿਸ਼ਨ ਕਸ਼ਮੀਰ, ਸੀਰੀਆ, ਲੀਬੀਆ ਅਤੇ ਸੋਮਾਲੀਆ ਵਰਗੇ ਮੁਸਲਿਮ ਬਹੁਗਿਣਤੀ ਦੇਸ਼ਾਂ ਅਤੇ ਇਲਾਕਿਆਂ ਨੂੰ ਆਜ਼ਾਦ ਕਰਾਉਣ ਦਾ ਹੈ ਪਰ ਤਾਲਿਬਾਨ ਵੀ ਹੁਣ ਕੂਟਨੀਤੀ ਸਿੱਖ ਗਏ ਹਨ। ਉਮਰ ਮੁਜ਼ਾਹਿਦ ਨੇ ਚੀਨ ਦੇ ਉਈਗਰ ਅਤੇ ਰੂਸ ਦੇ ਚੇਚਨ ਮੁਸਲਮਾਨਾਂ ਬਾਰੇ ਇੱਕ ਲਫਜ਼ ਵੀ ਨਹੀਂ ਬੋਲਿਆ ਕਿਉਂਕਿ ਇਸ ਵੇਲੇ ਚੀਨ ਅਤੇ ਰੂਸ ਉਸ ਦੇ ਸਭ ਤੋਂ ਵੱਡੇ ਸਮਰਥਕ ਹਨ।
ਤਾਲਿਬਾਨ ਦੇ ਕਬਜ਼ੇ ਦੇ ਨਾਲ ਹੀ ਅਫਗਾਨਿਸਤਾਨ ਤੋਂ ਆਪਣੀਆਂ ਕਾਰਵਾਈਆਂ ਚਲਾਉਣ ਵਾਲੀਆਂ ਅਤਿਵਾਦੀ ਜਥੇਬੰਦੀਆਂ ਅਲ-ਕਾਇਦਾ, ਈਸਟਰਨ ਤੁਰਕਿਸਤਾਨ ਇਸਲਾਮਿਕ ਪਾਰਟੀ, ਇਸਲਾਮਿਕ ਮੂਵਮੈਂਟ ਫਾਰ ਉਜ਼ਬੇਕਿਸਤਾਨ, ਤਹਿਰੀਕੇ-ਤਾਲਿਬਾਨ ਪਾਕਿਸਤਾਨ, ਜੈਸ਼ੇ-ਮੁਹੰਮਦ, ਲਸ਼ਕਰੇ-ਤੋਇਬਾ ਅਤੇ ਹੱਕਾਨੀ ਨੈੱਟਵਰਕ ਵਿਚ ਨਵੀਂ ਜਾਨ ਪੈ ਗਈ ਤੇ ਉਹ ਹੁਣ ਅਮਰੀਕਾ ਦੇ ਭੈਅ ਤੋਂ ਮੁਕਤ ਹੋ ਕੇ ਆਪਣੇ ਘਟੀਆ ਮਨਸੂਬਿਆਂ ਨੂੰ ਖੁਲ੍ਹ ਕੇ ਸਰਅੰਜਾਮ ਦੇ ਸਕਦੇ ਹਨ। ਜੈਸ਼ੇ-ਮੁਹੰਮਦ ਅਤੇ ਲਸ਼ਕਰੇ-ਤੋਇਬਾ ਦੇ ਕੁੱਲ ਮਿਲਾ ਕੇ ਕਰੀਬ 15000 ਲੜਾਕਿਆਂ ਨੇ ਤਾਲਿਬਾਨ ਨਾਲ ਮਿਲ ਕੇ ਅਮਰੀਕਾ ਦੇ ਖਿਲਾਫ ਜੰਗ ਲੜੀ ਸੀ ਤੇ ਇਸ ਦੇ ਇਵਜ਼ਾਨੇ ਵਜੋਂ ਹੁਣ ਉਨ੍ਹਾਂ ਨੂੰ ਕਸ਼ਮੀਰ ਵਿਚ ਜਹਾਦ ਕਰਨ ਲਈ ਤਾਲਿਬਾਨ ਦੀ ਖੁੱਲ੍ਹੀ ਇਮਦਾਦ ਮਿਲਣ ਦੀ ਪੂਰੀ ਉਮੀਦ ਹੈ। ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਦਾ ਤਾਲਿਬਾਨ ਸਰਕਾਰ ਤੇ ਪੂਰਾ ਪ੍ਰਭਾਵ ਹੈ ਤੇ ਉਸ ਨੇ ਅਮਰੀਕਾ ਦੇ ਖਿਲਾਫ ਤਾਲਿਬਾਨ ਦੀ ਹਰ ਪ੍ਰਕਾਰ ਦੀ ਹਥਿਆਰਾਂ ਅਤੇ ਪੈਸੇ ਨਾਲ ਮਦਦ ਕੀਤੀ ਸੀ। ਤਾਲਿਬਾਨ ਸਰਕਾਰ ਦਾ ਗਠਨ ਵੀ ਆਈਐੱਸਆਈ ਦੀ ਮਰਜ਼ੀ ਮੁਤਾਬਕ ਹੋਇਆ ਹੈ ਤੇ ਪੰਜਸ਼ੀਰ ਘਾਟੀ ਦੀ ਜਿੱਤ ਪਾਕਿਸਤਾਨੀ ਫੌਜ ਦੀ ਮਦਦ ਤੋਂ ਬਗੈਰ ਮੁਮਕਿਨ ਨਹੀਂ ਸੀ। ਕੁਝ ਦਿਨ ਪਹਿਲਾਂ ਹੀ ਆਈਐੱਸਆਈ ਮੁਖੀ ਜਨਰਲ ਫੈਜ਼ ਹਮੀਦ ਨੇ ਅਫਗਾਨਿਸਤਾਨ ਦਾ ਦੌਰਾ ਕੀਤਾ ਹੈ ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਤਾਲਿਬਾਨ ਦੇ ਕਈ ਪ੍ਰਮੁੱਖ ਲੀਡਰਾਂ ਦੇ ਪਰਿਵਾਰ ਕਈ ਸਾਲਾਂ ਤੋਂ ਪਾਕਿਸਤਾਨ ਵਿਚ ਸ਼ਾਹੀ ਜੀਵਨ ਬਤੀਤ ਕਰ ਰਹੇ ਹਨ ਤੇ ਹੁਣ ਪਾਕਿਸਤਾਨ ਤਾਲਿਬਾਨ ਤੋਂ ਕੀਤੇ ਹੋਏ ਅਹਿਸਾਨ ਦਾ ਮੁੱਲ ਵਸੂਲਣਾ ਚਾਹੁੰਦਾ ਹੈ।
ਇਸ ਤੋਂ ਇਲਾਵਾ ਅਮਰੀਕਾ ਅਫਗਾਨਿਸਤਾਨ ਤੋਂ ਭੱਜਦੇ ਸਮੇਂ ਜੰਗੀ ਜਹਾਜ਼, ਬਲੈਕ ਹਾਕ ਹੈਲੀਕਾਪਟਰ, ਫੌਜੀ ਗੱਡੀਆਂ, ਰਾਈਫਲਾਂ, ਰਾਕਟ, ਤੋਪਾਂ ਅਤੇ ਗੋਲੀ ਸਿੱਕੇ ਸਮੇਤ ਅਰਬਾਂ ਡਾਲਰ ਦਾ ਸਾਜ਼ੋ-ਸਮਾਨ ਪਿੱਛੇ ਛੱਡ ਗਿਆ ਹੈ ਜਿਸ ਦੀ ਮੁਰੰਮਤ ਅਤੇ ਇਸਤੇਮਾਲ ਲਈ ਪਾਕਿਸਤਾਨੀ ਪਾਇਲਟਾਂ, ਇੰਜਨੀਅਰਾਂ ਅਤੇ ਸਪੇਅਰ ਪਾਰਟਸ ਦੀ ਸਖਤ ਜ਼ਰੂਰਤ ਹੈ। ਤਾਲਿਬਾਨ ਪਾਇਲਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਉਡਾਉਣ ਦੀ ਟਰੇਨਿੰਗ ਲੈਣ ਲਈ ਪਾਕਿਸਤਾਨ ਪਹੁੰਚ ਚੁੱਕੇ ਹਨ। ਭਾਰਤ ਲਈ ਇਹ ਫਿਕਰ ਵਾਲੀ ਗੱਲ ਹੈ। ਇਸ ਵਾਰ ਤਾਲਿਬਾਨ ਭਾਵੇਂ ਨਿਮਰ ਭਾਸ਼ਾ ਬੋਲ ਰਹੇ ਹਨ ਪਰ ਉਨ੍ਹਾਂ ਤੇ ਪਾਕਿਸਤਾਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਉਨ੍ਹਾਂ ਦੀ ਗੱਲ ਤੇ ਜਿ਼ਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਕਬਜ਼ੇ ਤੋਂ ਫੌਰਨ ਬਾਅਦ ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਮਰੀਕਾ ਅਤੇ ਨਾਟੋ ਦੇਸ਼ਾਂ ਲਈ ਕੰਮ ਕਰ ਕਰਨ ਵਾਲੇ ਨਾਗਰਿਕਾਂ, ਪੁਲੀਸ ਅਤੇ ਫੌਜੀਆਂ ਨੂੰ ਮੁਆਫੀ ਦਿੱਤੀ ਜਾਵੇਗੀ ਤੇ ਔਰਤਾਂ ਨੂੰ ਮੁੱਢਲੀ ਤੇ ਉੱਚ ਸਿੱਖਿਆ ਦੀ ਆਜ਼ਾਦੀ ਹੋਵੇਗੀ ਪਰ ਇਸ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ ਉਹ ਮੁੱਕਰ ਗਏ ਤੇ ਆਪਣੀਆਂ ਪੁਰਾਣੀਆਂ ਕਰਤੂਤਾਂ ਤੇ ਉੱਤਰ ਆਏ। ਪੱਤਰਕਾਰਾਂ ਅਤੇ ਬੁਰਕਾ ਨਾ ਪਹਿਨਣ ਵਾਲੀਆਂ ਔਰਤਾਂ ਦੀ ਸ਼ਰੇਆਮ ਮਾਰ-ਕੁਟਾਈ ਅਤੇ ਪੰਜਸ਼ੀਰ ਘਾਟੀ ਵਿਚ ਗ੍ਰਿਫਤਾਰ ਕੀਤੇ ਅਨੇਕਾਂ ਸੈਨਿਕਾਂ ਅਤੇ ਆਮ ਲੋਕਾਂ ਨੂੰ ਕਤਲ ਕਰਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
ਤਾਲਿਬਾਨ ਦੇ ਲੀਡਰ ਭਾਰਤ ਬਾਰੇ ਆਪਾ ਵਿਰੋਧੀ ਬਿਆਨ ਦੇ ਰਹੇ ਹਨ। ਇੱਕ ਦਿਨ ਇੱਕ ਲੀਡਰ ਭਾਰਤ ਨਾਲ ਚੰਗੇ ਸਬੰਧ ਰੱਖਣ ਬਾਰੇ ਬਿਆਨ ਦਿੰਦਾ ਹੈ ਤੇ ਅਗਲੇ ਦਿਨ ਦੂਸਰਾ ਲੀਡਰ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨ ਦੀ ਧਮਕੀ ਦੇ ਦਿੰਦਾ ਹੈ। ਤਾਲਿਬਾਨ ਭਾਰਤ ਨਾਲ ਕਦੇ ਵੀ ਚੰਗੇ ਸਬੰਧ ਨਹੀਂ ਰੱਖ ਸਕਦਾ ਕਿਉਂਕਿ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨਾ ਆਈਐੱਸਆਈ, ਜੈਸ਼ੇ-ਮੁਹੰਮਦ ਅਤੇ ਲਸ਼ਕਰੇ-ਤੋਇਬਾ ਦਾ ਨੰਬਰ ਇੱਕ ਨਿਸ਼ਾਨਾ ਹੈ ਤੇ ਤਾਲਿਬਾਨ ਵਿਚ ਆਪਣੇ ਮਾਲਕ ਪਾਕਿਸਤਾਨ ਨੂੰ ਨਾਰਾਜ਼ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਭਾਰਤ ਵੱਲੋਂ ਬਾਲਾਕੋਟ ਟਰੇਨਿੰਗ ਸੈਂਟਰ ਤੇ ਕੀਤੇ ਗਏ ਹਵਾਈ ਹਮਲੇ (26 ਫਰਵਰੀ 2019) ਤੋਂ ਬਾਅਦ ਘਬਰਾਈਆਂ ਹੋਈਆਂ ਇਨ੍ਹਾਂ ਅਤਿਵਾਦੀ ਜਥੇਬੰਦੀਆਂ ਆਪਣੇ ਟਰੇਨਿੰਗ ਸੈਂਟਰ ਅਫਗਾਨਿਸਤਾਨ ਵਿਚ ਸਥਾਪਿਤ ਕਰ ਲਏ ਹਨ। ਹੁਣ ੳਨ੍ਹਾਂ ਦੇ ਭਾਰਤ ਪਾਕਿ ਸਰਹੱਦ ਦੇ ਨਜ਼ਦੀਕ ਸਿਰਫ ਬੇਸ ਕੈਂਪ ਹੀ ਰਹਿ ਗਏ ਹਨ ਜਿੱਥੋਂ ਉਹ ਅਤਿਵਾਦੀਆਂ ਨੂੰ ਭਾਰਤ ਵੱਲ ਧੱਕ ਸਕਦੇ ਹਨ। ਕੁਝ ਅਪੁਸ਼ਟ ਰਿਪੋਰਟਾਂ ਦੇ ਮੁਤਾਬਕ ਕਸ਼ਮੀਰ ਵਿਚ ਵਿਦੇਸ਼ੀ ਅਤਿਵਾਦੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ ਪਰ ਅਸਲੀ ਸਥਿੱਤੀ ਦਾ ਪਤਾ ਆਉਣ ਵਾਲੀ ਸਰਦੀ ਦੇ ਖਤਮ ਹੋਣ ਉਪਰੰਤ ਬਰਫ ਪਿਘਲਣ ਤੋਂ ਬਾਅਦ ਹੀ ਚੱਲੇਗਾ।
ਪਹਿਲੀ ਵਾਰ ਤਾਲਿਬਾਨ ਦਾ ਅਫਗਾਨਿਸਤਾਨ ਵਿਚ ਰਾਜ ਭਾਗ 1996 ਤੋਂ 2001 ਤੱਕ ਚੱਲਿਆ ਸੀ ਤੇ ਇਸ ਦੌਰਾਨ ਹੀ (1996 ਤੋਂ 1998) ਕਸ਼ਮੀਰ ਵਿਚ ਅਤਿਵਾਦ ਸਿਖਰ ਤੇ ਪਹੁੰਚ ਗਿਆ ਸੀ। ਸਿਰਫ ਦੋ ਸਾਲਾਂ ਵਿਚ ਹੀ 4496 ਅਤਿਵਾਦੀ ਘਟਨਾਵਾਂ ਹੋਈਆਂ ਸਨ ਜਿਨ੍ਹਾਂ ਦੇ ਫਲਸਰੂਪ 1600 ਆਮ ਨਾਗਰਿਕ ਮਾਰੇ ਗਏ, ਅਨੇਕਾਂ ਸੁਰੱਖਿਆ ਜਵਾਨ ਫ਼ੌਤ ਹੋਏ ਅਤੇ 3200 ਅਤਿਵਾਦੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਇਸ ਤੋਂ ਬਾਅਦ ਅਤਿਵਾਦ ਵਿਚ ਕੁਝ ਕਮੀ ਆਈ ਪਰ ਕਾਰਗਿਲ ਜੰਗ (3 ਮਈ 1999 ਤੋਂ 26 ਜੁਲਾਈ 1999) ਕਾਰਨ ਸੁਰੱਖਿਆ ਦਸਤਿਆਂ ਦਾ ਧਿਆਨ ਉਸ ਪਾਸੇ ਲੱਗ ਗਿਆ ਸੀ ਤੇ ਅਤਿਵਾਦੀਆਂ ਦੇ ਗਰੋਹ ਇਸ ਦਾ ਫਾਇਦਾ ਉਠਾ ਕੇ ਕਸ਼ਮੀਰ ਵਿਚ ਘੁਸਪੈਠ ਕਰ ਗਏ ਸਨ ਜਿਸ ਕਾਰਨ ਅਤਿਵਾਦੀ ਘਟਨਾਵਾਂ ਫਿਰ ਵਧ ਗਈਆਂ ਸਨ। 1999 ਤੋਂ ਲੈ ਕੇ 2001 ਤੱਕ 3123 ਅਤਿਵਾਦੀ ਘਟਨਾਵਾਂ ਹੋਈਆਂ ਤੇ 1707 ਅਤਿਵਾਦੀ ਸੁਰੱਖਿਆਂ ਬਲਾਂ ਹੱਥੋਂ ਮਾਰੇ ਗਏ ਪਰ ਹੁਣ ਸੁਰੱਖਿਆ ਦਸਤਿਆਂ ਦੀ ਸਖਤ ਮੁਸਤੈਦੀ, ਆਧੁਨਿਕ ਹਥਿਆਰਾਂ ਅਤੇ ਸਰਹੱਦ ਤੇ ਲਗਾਏ ਗਏ ਅਤਿ ਸੂਖਮ ਟੋਹੀ ਯੰਤਰਾਂ ਕਾਰਨ ਵਿਦੇਸ਼ੀ ਅਤਿਵਾਦੀਆਂ ਵਾਸਤੇ ਘੁਸਪੈਠ ਕਰਨੀ ਅਸਾਨ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕਸ਼ਮੀਰੀ ਵੀ ਵਿਦੇਸ਼ੀ ਅਤਿਵਾਦੀਆਂ ਵੱਲੋਂ ਸਥਾਨਕ ਔਰਤਾਂ ਨਾਲ ਕੀਤੀ ਜਾਣ ਵਾਲੀ ਬਦਤਮੀਜ਼ੀ ਅਤੇ ਧੱਕੇਸ਼ਾਹੀ ਕਾਰਨ ਸੁਰੱਖਿਆ ਦਸਤਿਆਂ ਨੂੰ ਉਨ੍ਹਾਂ ਬਾਰੇ ਸੂਚਨਾ ਦੇਣ ਲਈ ਅੱਗੇ ਆਉਣ ਲੱਗ ਪਏ ਹਨ। ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆ ਨੇ ਇਸ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਉਂਜ, ਅਤਿਵਾਦੀ ਵੀ ਨਵੀਆਂ ਤਕਨੀਤਾਂ ਦਾ ਸਹਾਰਾ ਲੈਣ ਲੱਗ ਪਏ ਹਨ। ਪੰਜਾਬ ਵਿਚ ਡਰੋਨਾਂ ਰਾਹੀਂ ਸੁੱਟੇ ਜਾ ਰਹੇ ਹਥਿਆਰ ਅਤੇ ਨਸ਼ੇ ਇਸ ਦੀ ਸਭ ਤੋਂ ਨਵੀਂ ਮਿਸਾਲ ਹੈ। ਉਹ ਆਪਣੇ ਅਤਿਵਾਦੀਆਂ ਨੂੰ ਬਾਰਡਰ ਪਾਰ ਕਰਦੇ ਸਮੇਂ ਸੁਰੱਖਿਆ ਦਸਤਿਆਂ ਹੱਥੋਂ ਮਰਨ ਤੋਂ ਬਚਾਉਣ ਲਈ ਸਮੁੰਦਰੀ ਰਸਤੇ ਅਤੇ ਨੇਪਾਲ ਰਾਹੀਂ ਭੇਜ ਰਹੇ ਹਨ। ਇਸ ਤੋਂ ਇਲਾਵਾ ਉਹ ਖੁਦ ਸਾਹਮਣੇ ਆਉਣ ਦੀ ਬਜਾਏ ਵੈੱਬਸਾਈਟਾਂ ਅਤੇ ਸੋਸ਼ਲ਼ ਮੀਡੀਆ ਰਾਹੀਂ ਕਸ਼ਮੀਰ ਤੋਂ ਨਵੇਂ ਰੰਗਰੂਟ ਭਰਤੀ ਕਰ ਰਹੇ ਹਨ। ਕਸ਼ਮੀਰ ਦੀ ਸੁਰੱਖਿਆ ਸਿਰਫ ਸੁਰੱਖਿਆ ਦਸਤਿਆਂ ਰਾਹੀਂ ਹੀ ਨਹੀਂ ਕੀਤੀ ਜਾ ਸਕਦੀ, ਇਸ ਲਈ ਕਸ਼ਮੀਰੀ ਜਨਤਾ ਨੂੰ ਵੀ ਭਾਗੀਦਾਰ ਬਣਾਉਣਾ ਪਵੇਗਾ। ਕਸ਼ਮੀਰ ਵਿਚ ਸਫਲਤਾ ਨਾਲ ਕਰਾਈਆਂ ਗਈਆਂ ਪੰਚਾਇਤ, ਬਲਾਕ ਸਮਿਤੀਆਂ ਅਤੇ ਜ਼ਿਲਾ ਪਰਿਸ਼ਦ ਚੋਣਾਂ ਕਾਰਨ ਆਮ ਜਨਤਾ ਵਿਚ ਭਾਰਤ ਪ੍ਰਤੀ ਵਤੀਰਾ ਹਾਂ ਪੱਖੀ ਹੋਇਆ ਹੈ ਤੇ ਉਹ ਬੇਸਬਰੀ ਨਾਲ ਅਸੈਂਬਲੀ ਚੋਣਾਂ ਦੀ ਉਡੀਕ ਕਰ ਰਹੇ ਹਨ। ਅਤਿਵਾਦ ਤੇ ਬਹੁਤ ਹੱਦ ਤੱਕ
ਕੰਟਰੋਲ ਹੋ ਜਾਣ ਕਾਰਨ ਇਸ ਸਾਲ ਗਰਮੀਆਂ ਵਿਚ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਆਏ ਜਿਸ ਕਾਰਨ ਕਸ਼ਮੀਰ ਦੇ ਅਰਥਚਾਰੇ ਨੂੰ ਅਰਬਾਂ ਰੁਪਏ ਦਾ ਫਾਇਦਾ ਹੋਇਆ ਹੈ। ਸਰਕਾਰ ਨੂੰ ਕਸ਼ਮੀਰੀਆਂ ਦਾ ਇਹ ਵਿਸ਼ਵਾਸ ਬਣਾਈ ਰੱਖਣਾ ਪਵੇਗਾ ਤਾਂ ਜੋ ਇਥੇ ਤਾਲਿਬਾਨ, ਪਾਕਿਸਤਾਨੀ ਤੇ ਸਥਾਨਕ ਅਤਿਵਾਦੀਆਂ ਦੇ ਦੁਬਾਰਾ ਪੈਰ ਨਾ ਲੱਗ ਸਕਣ।
ਸੰਪਰਕ: 95011-00062