ਜਗਵੰਤ ਸਿੰਘ ਢਿੱਲੋਂ
ਵੱਖ-ਵੱਖ ਥਾਵਾਂ ’ਤੇ ਸਰਕਾਰੀ ਨੌਕਰੀ ਕਰਦਿਆਂ ਮੇਰਾ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਅਤੇ ਬੜਾ ਕੁਝ ਸਿੱਖਣ ਨੂੰ ਮਿਲਿਆ। ਮੇਰਾ ਬਹੁਤਾ ਵਾਹ-ਵਾਸਤਾ ਲੇਬਰ, ਟਰੱਕ ਡਰਾਈਵਰਾਂ, ਆੜ੍ਹਤੀਆਂ ਜਾਂ ਦਰਜਾ ਚਾਰ ਕਰਮਚਾਰੀਆਂ ਨਾਲ ਪੈਂਦਾ ਸੀ। ਇਸ ਲਈ ਫੋਕਾ ਰੋਅਬ ਰੱਖਣਾ ਪੈਂਦਾ ਸੀ ਤਾਂ ਜੋ ਸਰਕਾਰੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਈ ਜਾ ਸਕੇ ਅਤੇ ਸਰਕਾਰ ਦਾ ਕੋਈ ਨੁਕਸਾਨ ਨਾ ਹੋਵੇ।
ਲੇਬਰ ਵਿਚ ਕੁਝ ਅਜਿਹੇ ਮਜ਼ਦੂਰ ਵੀ ਹੁੰਦੇ ਸਨ ਜੋ ਹਿਸਾਬ-ਕਿਤਾਬ ਵਿਚ ਸਾਡੇ ਤੋਂ ਵੀ ਮਾਹਰ ਸਨ, ਭਾਵੇਂ ਉਹ ਇਹ ਹਿਸਾਬ-ਕਿਤਾਬ ਆਪਣੀ ਬਣਦੀ ਮਿਹਨਤ ਲਈ ਰੱਖਦੇ ਸਨ। ਕਈ ਵਾਰ ਅਸੀਂ ਟਪਲਾ ਖਾ ਜਾਂਦੇ ਸਾਂ ਤਾਂ ਉਹ ਝੱਟ ਦੱਸ ਦਿੰਦੇ ਸਨ ਕਿ ਕਿਹੜੇ ਗੁਦਾਮ ਵਿਚ ਕਿੰਨੀ ਕਣਕ ਲੱਗੀ ਹੈ, ਕਿੰਨੀ ਨਿਕਲ ਗਈ ਹੈ ਅਤੇ ਕਿੰਨੀ ਬਕਾਇਆ ਹੈ। ਕਈ ਸਰਕਾਰੀ ਚੌਕੀਦਾਰ ਵੀ ਇੰਨੇ ਹੀ ਮਾਹਰ ਸਨ, ਆਪਣੀ ਚੌਕੀਦਾਰ ਦੀ ਡਿਊਟੀ ਦੇ ਨਾਲ ਹਰ ਸਰਕਾਰੀ ਚੀਜ਼ ’ਤੇ ਨਿਗ੍ਹਾ ਰੱਖਦੇ ਸਨ।
ਇਕ ਵਾਰ ਕਣਕ ਦੇ ਚਲਦੇ ਸੀਜ਼ਨ ਵਿਚ ਇਕ ਇੰਸਪੈਕਟਰ ਦੀ ਮੌਤ ਹੋ ਗਈ। ਮਹਿਕਮੇ ਨੂੰ ਬੜੀ ਮੁਸ਼ਕਲ ਬਣੀ। ਕੋਈ ਵੀ ਉਸ ਦੀ ਥਾਂ ਲੱਗਣ ਨੂੰ ਤਿਆਰ ਨਹੀਂ ਸੀ। ਹਰ ਕੋਈ ਦਲੀਲ ਦਿੰਦਾ ਕਿ ‘‘ਕਿੰਨੀ ਕਣਕ ਗੋਦਾਮਾਂ ਅੰਦਰ ਲੱਗੀ ਹੈ, ਕਿੰਨੀ ਆੜ੍ਹਤੀਆਂ ਵੱਲ ਬਕਾਇਆ ਹੈ, ਕਿੰਨਾ ਭੁਗਤਾਨ ਹੋਇਆ ਹੈ, ਬਾਰਦਾਨੇ ਦਾ ਹਿਸਾਬ, ਲੇਬਰ ਦੀ ਪੇਮੈਂਟ, ਟਰੱਕਾਂ ਦਾ ਕਿਰਾਇਆ- ਸਰਕਾਰ ਨੇ ਤਾਂ ਹਰ ਚੀਜ਼ ਦਾ ਪੂਰਾ ਹਿਸਾਬ ਲੈਣਾ ਹੈ, ਕੌਣ ਪੱਥਰਾਂ ’ਚ ਸਿਰ ਦੇਵੇ?’’ ਹਿਸਾਬ ਨਾ ਦੇ ਸਕਣ ਦੀ ਸੂਰਤ ਵਿਚ ਕਰੋੜਾਂ ਦੀ ਭਰਪਾਈ ਕਿਵੇਂ ਕਰ ਸਕੇਗਾ? ਜਿਸ ਦੀ ਵੀ ਨਿਯੁਕਤੀ ਹੁੰਦੀ ਉਹ ਸਿਆਸੀ ਦਬਾਅ ਬਣਾ ਕੇ ਜਾਂ ਬਿਮਾਰੀ ਦਾ ਬਹਾਨਾ ਬਣਾ ਕੇ ਖਹਿੜਾ ਛੁਡਾ ਲੈਂਦਾ। ਆਖ਼ਰ ਕਈ ਦਿਨ ਬੀਤ ਜਾਣ ’ਤੇ ਮੰਡੀ ਵਿਚ ਰੌਲਾ ਪੈਣ ਲੱਗਾ ਤੇ ਗੱਲ ਮੁੱਖ ਦਫ਼ਤਰ ਤੱਕ ਪਹੁੰਚ ਗਈ। ਜ਼ਿਲ੍ਹੇ ਦੇ ਮੁਖੀ ਨੇ ਮੁੱਖ ਦਫ਼ਤਰ ਦੀਆਂ ਝਿੜਕਾਂ ਤੋਂ ਬਚਣ ਲਈ ਮੈਨੂੰ ਆਪਣੇ ਦਫ਼ਤਰ ਬੁਲਾਇਆ ਤੇ ਮਹਿਕਮੇ ਦੀ ਬਦਨਾਮੀ ਦਾ ਵਾਸਤਾ ਪਾ ਕੇ ਮੈਨੂੰ ਚਾਰਜ ਲੈਣ ਲਈ ਮਨਾ ਲਿਆ। ਉਹ ਜਾਣਦਾ ਸੀ ਕਿ ਜੇਕਰ ਪਹਿਲਾਂ ਵਾਂਗ ਜ਼ਬਰਦਸਤੀ ਆਰਡਰ ਕੀਤੇ ਤਾਂ ਮੈਂ ਵੀ ਮੁੱਖ ਦਫ਼ਤਰ ਤੱਕ ਪਹੁੰਚ ਕਰ ਕੇ ਆਰਡਰ ਰੱਦ ਕਰਾ ਲੈਣੇ ਸਨ। ਇਸ ਲਈ ਉਹ ਮੇਰੀ ਹਰ ਸ਼ਰਤ ਮੰਨਣ ਨੂੰ ਤਿਆਰ ਸੀ।
ਮੈਂ ਹਾਮੀ ਭਰ ਦਿੱਤੀ ਕਿਉਂਕਿ ਇਕ ਤਾਂ ਮੈਂ ਪਹਿਲਾਂ ਵੀ ਉਸ ਕੇਂਦਰ ’ਤੇ ਤਾਇਨਾਤ ਰਹਿ ਚੁੱਕਾ ਸਾਂ, ਦੂਜਾ ਉੱਚ ਅਧਿਕਾਰੀਆਂ ਨਾਲ ਵਿਗਾੜ ਕੇ ਵੀ ਨੌਕਰੀ ਕਰਨਾ ਅਸੰਭਵ ਹੈ। ਅਧਿਕਾਰੀ ਨੇ ਮੈਨੂੰ ਅਗਲੇ ਦਿਨ ਹੀ ਜੁਆਇਨ ਕਰਨ ਦੇ ਹੁਕਮ ਫੜਾ ਦਿੱਤੇ। ਮੈਂ ਜੁਆਇਨ ਕਰਨ ਸਾਰ ਦੋ ਚੌਕੀਦਾਰਾਂ ਦੀ ਰਾਤ ਦੀ ਡਿਊਟੀ ਬਦਲ ਕੇ ਦਿਨ ਦੀ ਕਰ ਦਿੱਤੀ। ਚੌਕੀਦਾਰਾਂ ਵਿਚ ਖਲਬਲੀ ਮਚ ਗਈ। ਇੱਥੋਂ ਤੱਕ ਕਿ ਗੱਲ ਜ਼ਿਲ੍ਹਾ ਮੁਖੀ ਤੱਕ ਵੀ ਪਹੁੰਚ ਗਈ, ਪਰ ਮੈਂ ਆਪਣੇ ਫ਼ੈਸਲੇ ’ਤੇ ਕਾਇਮ ਰਿਹਾ। ਮੈਂ ਦੋਵੇਂ ਚੌਕੀਦਾਰਾਂ ਨੂੰ ਸਵੇਰੇ ਆਪਣੇ ਦਫ਼ਤਰ ਬੁਲਾਇਆ ਤੇ ਬੜੇ ਸਤਿਕਾਰ ਨਾਲ ਉਨ੍ਹਾਂ ਦੀ ਰਾਤ ਦੀ ਡਿਊਟੀ ਬਦਲ ਕੇ ਦਿਨ ਦੀ ਕਰਨ ਬਾਰੇ ਦੱਸਿਆ। ਉਹ ਦੋਵੇਂ ਇਕੋ ਹੀ ਪਿੰਡ ਦੇ ਸਨ। ਇਕ ਦਾ ਨਾਂ ਸੀ ਚੰਨਣ ਸਿੰਘ ਤੇ ਦੂਸਰੇ ਦਾ ਨਾਂ ਸੀ ਮੰਗਲ ਸਿੰਘ। ਦੋਵੇਂ ਸਾਬਕਾ ਫ਼ੌਜੀ ਸਨ। ਚੰਨਣ ਸਿੰਘ, ਮੰਗਲ ਸਿੰਘ ਨਾਲੋਂ ਉਮਰ ਵਿਚ ਦਸ ਸਾਲ ਵੱਡਾ ਸੀ ਜਿਸ ਕਰਕੇ ਮੰਗਲ ਸਿੰਘ ਉਸ ਨੂੰ ਭਾਊ ਕਹਿ ਕੇ ਜਾਂ ਭਾਊ ਚੰਨਣ ਸਿੰਘ ਕਹਿ ਕੇ ਸੰਬੋਧਨ ਕਰਦਾ ਸੀ।
ਮੈਂ ਉਨ੍ਹਾਂ ਵਾਸਤੇ ਚਾਹ ਮੰਗਾਈ ਤੇ ਬੜੇ ਸਤਿਕਾਰ ਨਾਲ ਸੰਬੋਧਨ ਕੀਤਾ, ‘‘ਜਿਸ ਤਰ੍ਹਾਂ ਤੁਸੀਂ ਬਾਰਡਰ ’ਤੇ ਬਹਾਦਰੀ ਨਾਲ ਲੜੇ ਹੋ ਅਤੇ ਸਰਕਾਰ ਨੇ ਤੁਹਾਡੀ ਇਮਾਨਦਾਰੀ ਤੇ ਬਹਾਦਰੀ ਵੇਖ ਕੇ ਤੁਹਾਨੂੰ ਦੁਬਾਰਾ ਸਰਕਾਰੀ ਨੌਕਰੀ ਦਿੱਤੀ ਹੈ, ਹੁਣ ਤੁਹਾਡਾ ਫ਼ਰਜ਼ ਬਣਦਾ ਹੈ ਕਿ ਉਸੇ ਬਹਾਦਰੀ ਤੇ ਇਮਾਨਦਾਰੀ ਨਾਲ ਇਹ ਲੜਾਈ ਵੀ ਜਿੱਤੀ ਜਾਵੇ। ਕੋਈ ਵੀ ਮੁਸ਼ਕਲ ਆਵੇ, ਮੈਂ ਬੈਠਾ ਹਾਂ। ਮੈਂ ਪੂਰਾ ਸਾਥ ਦਿਆਂਗਾ। ਬਾਕੀ ਤੁਸੀਂ ਮੈਨੂੰ ਪੁਰਾਣਾ ਜਾਣਦੇ ਹੋ।’’ ਬਸ ਜੀ ਤਿੰਨ ਦਿਨਾਂ ਦੇ ਅੰਦਰ ਉਨ੍ਹਾਂ ਨੇ ਪੂਰੀ ਦੀ ਪੂਰੀ ਇੰਨ-ਬਿਨ ਰਿਪੋਰਟ ਮੈਨੂੰ ਲਿਖਵਾ ਦਿੱਤੀ ਜਿਸ ਵਿਚ ਪੂਰਾ ਵੇਰਵਾ ਸੀ ਕਿ ਕਿਹੜੇ ਆੜ੍ਹਤੀ ਵੱਲ ਕਿੰਨਾ ਬਕਾਇਆ ਹੈ, ਕਿਹੜੇ ਗੋਦਾਮ ’ਚ ਕਿੰਨੀ ਕਣਕ ਲੱਗੀ ਹੈ, ਕਿਹੜੇ ਟਰੱਕ ਦੇ ਕਿੰਨੇ ਚੱਕਰ ਲੱਗੇ ਹਨ।
ਇੱਥੋਂ ਤੱਕ ਕਿ ਖਾਲੀ ਬਾਰਦਾਨਾ ਵੀ ਪੂਰਾ ਕਰਾ ਦਿੱਤਾ। ਉਹ ਦੋਵੇਂ ਹਰ ਰੋਜ਼ ਮੇਰੇ ਕੋਲ ਦਫ਼ਤਰ ਦੋ ਘੰਟੇ ਆਉਂਦੇ ਤੇ ਫਿਰ ਕਈ ਗੁੱਝੇ ਭੇਦ ਮੈਨੂੰ ਦੱਸ ਕੇ ਸਮੇਂ ਸਿਰ ਆਪਣੀ ਗੋਦਾਮਾਂ ਦੀ ਰਖਵਾਲੀ ਵਾਲੀ ਡਿਊਟੀ ਸ਼ੁਰੂ ਕਰਦੇ ਸਨ। ਕਈ ਚੌਕੀਦਾਰ ਜੋ ਰਾਤ ਨੂੰ ਫਰਲੋ ਮਾਰਦੇ ਸਨ, ਉਨ੍ਹਾਂ ਤੋਂ ਖਾਰ ਖਾਂਦੇ ਸਨ ਅਤੇ ਝੂਠੀਆਂ-ਸੱਚੀਆਂ ਸ਼ਿਕਾਇਤਾਂ ਵੀ ਕਰਦੇ ਸਨ। ਉਹ ਦੋਵੇਂ ਜਦ ਵੀ ਦਫ਼ਤਰ ਆਉਂਦੇ ਤਾਂ ਮੈਂ ਸਾਰਿਆਂ ਨੂੰ ਦਫ਼ਤਰ ਤੋਂ ਬਾਹਰ ਜਾਣ ਲਈ ਕਹਿੰਦਾ, ਉਨ੍ਹਾਂ ਦਾ ਪੂਰਾ ਸਤਿਕਾਰ ਕਰਦਾ ਅਤੇ ਉਨ੍ਹਾਂ ਨਾਲ ਬੈਠ ਕੇ ਚਾਹ ਪੀਂਦਾ। ਉਹ ਹਰ ਵਾਰ ਮੈਨੂੰ ਕੋਈ ਨਾ ਕੋਈ ਅਜੀਬ ਅਤੇ ਦਿਲਚਸਪ ਘਟਨਾ ਸੁਣਾਉਂਦੇ। ਉਹ ਗੱਲਾਂ-ਗੱਲਾਂ ਵਿਚ ਹੀ ਮੈਨੂੰ ਇਸ਼ਾਰਾ ਕਰ ਜਾਂਦੇ ਕਿ ਕਿਸ ਪਾਸ ਦੋ ਨੰਬਰ ਦੀ ਕਣਕ ਪਈ ਹੈ ਅਤੇ ਕਿੱਥੇ ਪਈ ਹੈ। ਕਿਹੜਾ ਬੰਦਾ ਬੋਰੀਆਂ ਵਿਚੋਂ ਸੀਮੈਂਟ ਕੱਢਦਾ ਹੈ, ਕਿਹੜਾ ਕੀ ਬਲੈਕ ਵਿਚ ਵੇਚਦਾ ਹੈ। ਜਦ ਕਿਸੇ ਕਾਲਾਬਾਜ਼ਾਰੀ ਕਰਨ ਵਾਲੇ ’ਤੇ ਕਾਰਵਾਈ ਹੁੰਦੀ ਤਾਂ ਉਨ੍ਹਾਂ ਦੇ ਚਿਹਰੇ ’ਤੇ ਲੜਾਈ ਜਿੱਤਣ ਵਰਗੀ ਖ਼ੁਸ਼ੀ ਹੁੰਦੀ। ਗੱਲਾਂ-ਗੱਲਾਂ ਵਿਚ ਉਹ ਮੇਰੇ ਨਾਲ ਕਈ ਘਰੇਲੂ ਗੱਲਾਂ ਕਰਦੇ ਅਤੇ ਪਿੰਡ ਵਿਚ ਹੋਈਆਂ ਘਟਨਾਵਾਂ ਵੀ ਸੁਣਾਉਂਦੇ।
ਮੰਗਲ ਸਿੰਘ ਹਰ ਵੇਲੇ ਕਾਲੀਆਂ ਐਨਕਾਂ ਲਾ ਕੇ ਰੱਖਦਾ ਸੀ ਜਿਸ ਕਰਕੇ ਕਿਸੇ ਦਾ ਵੀ ਧਿਆਨ ਉਸ ਦੀਆਂ ਅੱਖਾਂ ਵੱਲ ਨਹੀਂ ਸੀ ਜਾਂਦਾ। ਉਨ੍ਹਾਂ ਨਾਲ ਖਾਰ ਖਾਣ ਵਾਲੇ ਇਕ ਚੌਕੀਦਾਰ ਨੇ ਮੈਨੂੰ ਦੱਸਿਆ ਸੀ ਕਿ ਮੰਗਲ ਸਿੰਘ ਦੀ ਖੱਬੀ ਅੱਖ ਪੂਰੀ ਤਰ੍ਹਾਂ ਖ਼ਰਾਬ ਹੈ। ਮੈਂ ਸੋਚਿਆ ਕਿ ਹੋ ਸਕਦਾ ਕਿਧਰੇ ਕਿਸੇ ਲੜਾਈ ਦੌਰਾਨ ਜਾਂ ਕਿਸੇ ਦੁਰਘਟਨਾ ਕਾਰਨ ਨੁਕਸ ਪੈ ਗਿਆ ਹੋਵੇ ਕਿਉਂਕਿ ਫ਼ੌਜ ਦੀ ਨੌਕਰੀ ਬੜੀ ਸਖ਼ਤ ਹੁੰਦੀ ਹੈ ਅਤੇ ਕਿਸੇ ਅੰਗ ਦਾ ਨਕਾਰਾ ਹੋ ਜਾਣਾ ਆਮ ਗੱਲ ਹੈ।
ਇਕ ਦਿਨ ਉਸ ਨੇ ਆਪ ਹੀ ਸਾਰਾ ਚਿੱਠਾ ਖੋਲ੍ਹ ਦਿੱਤਾ ਅਤੇ ਮੈਨੂੰ ਹੈਰਾਨ ਕਰਨ ਵਾਲੀ ਗੱਲ ਸੁਣਾਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਕ ਸੂਬੇਦਾਰ ਪਿੰਡ ਛੁੱਟੀ ਕੱਟਣ ਆਇਆ ਸੀ ਜੋ ਸ਼ਰੀਕੇ ਵਿਚੋਂ ਉਸ ਦਾ ਚਾਚਾ ਲੱਗਦਾ ਸੀ। ਉਸ ਨੇ ਕਈ ਵਾਰ ਉਸ ਦੀਆਂ ਮਿੰਨਤਾਂ ਕੀਤੀਆਂ ਕਿ ਉਸ ਨੂੰ ਵੀ ਫ਼ੌਜ ਵਿਚ ਭਰਤੀ ਕਰਾ ਛੱਡੇ ਪਰ ਉਹ ਹਰ ਵਾਰ ਉਸ ਨੂੰ ‘‘ਤੁਮ ਅਨਪੜ੍ਹ ਲੋਗ ਪਸ਼ੂ ਸਮਾਨ ਹੋ ਔਰ ਹਮਾਰੇ ਬਰਾਬਰ ਨੌਕਰੀ ਮਾਂਗਤਾ’’ ਕਹਿ ਕੇ ਬੇਇੱਜ਼ਤ ਕਰਦਾ ਸੀ।
ਉਸ ਨੇ ਅੱਗੇ ਦੱਸਿਆ, ‘‘ਅਜੇ ਉਹ ਆਪ ਪੰਜਵੀਂ ਫੇਲ੍ਹ ਸੀ ਤੇ ਮੈਂ ਅੱਠ ਪਾਸ। ਉਹ ਬਰਾਦਰੀ ਨਾਲ ਵੀ ਘੱਟ ਹੀ ਮੇਲ-ਮਿਲਾਪ ਰੱਖਦਾ ਸੀ। ਬੜੀ ਹੈਂਕੜ ਵਿਚ ਰਹਿੰਦਾ ਸੀ। ਮਿਹਨਤਕਸ਼ ਲੋਕਾਂ ਦੀ ਪਸ਼ੂਆਂ ਨਾਲ ਤੁਲਨਾ ਕਰਦਾ ਸੀ ਅਤੇ ਉਨ੍ਹਾਂ ’ਤੇ ਰੋਅਬ ਪਾਉਣ ਲਈ ਰਲੀ-ਮਿਲੀ ਹਿੰਦੀ ਤੇ ਅੰਗਰੇਜ਼ੀ ਬੋਲਦਾ ਸੀ ਜਿਵੇਂ ‘ਹਮ ਲੋਗ ਡੇਲੀ ਰਮ ਪੀਤਾ ਹੈ ਔਰ ਵੋਹ ਭੀ ਗਰਮ ਪਾਨੀ ਕੇ ਸਾਥ ਔਰ ਕਭੀ ਸ਼ੋਰ ਨਹੀਂ ਕਰਤਾ। ਯੇ ਪਸ਼ੂ ਲੋਗ ਦੇਸੀ ਪੀਤਾ ਹੈ ਵੋਹ ਭੀ ਬਿਨਾਂ ਵਾਟਰ ਕੇ ਔਰ ਜੋਰ ਜੋਰ ਸੇ ਚੰਗਾਰ ਮਾਰਤਾ ਹੈ। ਅਗਰ ਮੇਰਾ ਵਸ ਚਲੇ ਤੋ ਇਨ ਸਭ ਕਾ ਕੋਰਟ ਮਾਰਸ਼ਲ ਕਰੂੰ ਜਾਂ ਕੋੜੇ ਲਗਾਊਂ।’
ਪਰ ਜਦ ਉਸ ਦੀ ਛੁੱਟੀ ਖ਼ਤਮ ਹੋਈ ਤਾਂ ਵਾਪਸੀ ’ਤੇ ਉਸ ਕੋਲ ਕਾਫ਼ੀ ਸਾਮਾਨ ਸੀ ਜਿਵੇਂ ਟਰੰਕ, ਬਿਸਤਰਾ ਅਤੇ ਬਹੁਤ ਸਾਰਾ ਖਾਣ-ਪੀਣ ਦਾ ਸਾਮਾਨ ਜੋ ਉਸ ਨੇ ਪੀਪਿਆਂ ਵਿਚ ਪਾ ਕੇ ਉਪਰ ਜਿੰਦਰੇ ਲਗਾ ਰੱਖੇ ਸਨ। ਉਦੋਂ ਅੱਜ ਵਾਂਗ ਜਾਣ-ਆਉਣ ਦੀਆਂ ਸਹੂਲਤਾਂ ਨਹੀਂ ਸਨ। ਉਸ ਨੇ ਮੇਰੇ ਨਾਲ ਸ਼ਰਾਰਤ ਖੇਡੀ। ਮੈਨੂੰ ਭਰਤੀ ਦਾ ਲਾਲਚ ਦੇ ਕੇ ਸਾਰਾ ਸਾਮਾਨ ਮੈਨੂੰ ਚੁਕਾ ਦਿੱਤਾ ਤੇ ਨਾਲ ਚੱਲਣ ਲਈ ਕਿਹਾ। ਮੈਂ ਝਟ-ਪਟ ਨਾਲ ਤੁਰ ਪਿਆ। ਉਸ ਦੇ ਅੰਦਰ ਖੋਟ ਸੀ। ਉਸ ਨੂੰ ਪਤਾ ਸੀ ਕਿ ਇਸ ਦੀ ਅੱਖ ਵੇਖ ਕੇ ਇਸ ਨੂੰ ਬਾਹਰ ਕਰ ਦੇਣਾ ਹੈ। ਆਪੇ ਧੱਕੇ ਖਾਂਦਾ ਪਿੰਡ ਵਾਪਸ ਪਹੁੰਚ ਜਾਉ। ਮੈਂ ਰਾਤ ਉਸ ਦੇ ਕੁਆਰਟਰ ’ਚ ਰਿਹਾ। ਸਵੇਰੇ ਮੈਨੂੰ ਉਸ ਨੇ ਪੰਜਾਹ ਰੁਪਏ ਦੇ ਕੇ ਗਲੋਂ ਲਾਹ ਦਿੱਤਾ। ਬਾਹਰ ਆ ਕੇ ਮੈਂ ਵੇਖਿਆ ਕਿ ਸਾਹਮਣੇ ਭਰਤੀ ਹੋਣ ਵਾਲਿਆਂ ਦੀ ਲਾਈਨ ਲੱਗੀ ਸੀ। ਮੈਂ ਵੀ ਲਾਈਨ ’ਚ ਖਲੋ ਗਿਆ। ਮੇਰਾ ਚੰਗਾ ਕੱਦ-ਕਾਠ ਤੇ ਡੀਲ- ਡੋਲ ਸੀ, ਚੰਗਾ ਸਰੀਰ ਪਲਿਆ ਸੀ। ਮੇਰੀ ਡੀਲ-ਡੋਲ ਵੇਖ ਕੇ ਕਿਸੇ ਦਾ ਮੇਰੀ ਅੱਖ ਵੱਲ ਧਿਆਨ ਹੀ ਨਾ ਗਿਆ ਤੇ ਮੈਂ ਭਰਤੀ ਹੋ ਗਿਆ। ਹੁਣ ਨਾ ਮੇਰੇ ਕੋਲ ਕੋਈ ਲੀੜਾ ਕੱਪੜਾ ਨਾ ਕੁਝ ਖਾਣ-ਪੀਣ ਨੂੰ। ਸਬੱਬੀਂ ਦੋ ਦਿਨ ਬਾਅਦ ਮੈਨੂੰ ਭਾਊ ਚੰਨਣ ਸਿੰਘ ਮਿਲ ਪਿਆ। ਮੈਨੂੰ ਬੜੀ ਖ਼ੁਸ਼ੀ ਹੋਈ। ਮੈਂ ਭਾਊ ਨੂੰ ਘੁੱਟ ਕੇ ਜੱਫੀ ਪਾਈ ਤੇ ਰੋਣ ਲੱਗਿਆ ਤੇ ਸੂਬੇਦਾਰ ਦੀ ਸਾਰੀ ਕਰਤੂਤ ਦੱਸੀ।
ਭਾਊ ਨੇ ਮੈਨੂੰ ਹੌਸਲਾ ਦਿੱਤਾ, ਕੰਟੀਨ ’ਤੇ ਖੜ੍ਹ ਕੇ ਚਾਹ ਪਿਲਾਈ ਅਤੇ ਨਾਲੇ ਕੁਝ ਖਾਣ-ਪੀਣ ਨੂੰ ਦਿੱਤਾ। ਫਿਰ ਬਾਜ਼ਾਰ ਜਾ ਕੇ ਸਾਰਾ ਸਾਮਾਨ ਖਰੀਦ ਕੇ ਦਿੱਤਾ ਤੇ ਕੁਝ ਪੈਸੇ ਵੀ ਦਿੱਤੇ। ਨਾਲ ਹੀ ਕਹਿਣ ਲੱਗਾ, ‘ਬਸ ਦੜ ਵਟ ਜਾ। ਕਿਸੇ ਨੂੰ ਪਤਾ ਨਾ ਲੱਗਣ ਦੇਈਂ ਕਿ ਤੂੰ ਸੂਬੇਦਾਰ ਦੇ ਪਿੰਡ ਦਾ ਐਂ। ਨਾ ਹੀ ਪਿੰਡ ਕਿਸੇ ਨੂੰ ਪਤਾ ਲੱਗਣ ਦੇਈਂ।’ ਭਾਊ ਦੀ ਅਫ਼ਸਰਾਂ ਨਾਲ ਚੰਗੀ ਬਣਦੀ ਸੀ। ਉਸ ਨੇ ਮੈਨੂੰ ਲੰਗਰ ਦਾ ਕੰਮ ਦਿਵਾ ਦਿੱਤਾ। ਉਦੋਂ ਤਾਂ ਮੈਨੂੰ ਪਤਾ ਨਹੀਂ ਸੀ ਪਰ ਮੈਨੂੰ ਲੱਕੜਾਂ ਪਾੜਦਿਆਂ ਤੇ ਭਾਂਡੇ ਮਾਂਜਦਿਆਂ ਡਾਢੀ ਸ਼ਰਮ ਆਉਂਦੀ ਸੀ। ਅਜੇ ਤਿੰਨ ਕੁ ਮਹੀਨੇ ਲੰਘੇ ਸਨ। ਭਾਊ ਮੈਨੂੰ ਕਹਿਣ ਲੱਗਾ, ‘ਤੂੰ ਲਾਂਗਰੀ ਨੂੰ ਕਹਿ ਲੱਕੜਾਂ ਪਾੜਦਿਆਂ ਮੇਰੀ ਅੱਖ ਵਿਚ ਕੁਝ ਵੱਜਾ ਹੈ, ਦਾਰੂ ਮੰਗਾ ਕੇ ਦੇਵੇ।’ ਲਾਂਗਰੀ ਨੇ ਗੱਲ ਨਾ ਗੌਲੀ। ਹੁਣ ਮੈਨੂੰ ਕੁਝ ਗੱਲ ਸਮਝ ਆਉਣ ਲੱਗੀ। ਮੈਂ ਲਾਂਗਰੀ ਦਾ ਹਰ ਹੁਕਮ ਮੰਨਦਾ ਅਤੇ ਰੋਜ਼ ਅੱਖ ਫੜ ਕੇ ਬੈਠ ਜਾਂਦਾ। ਹੌਲੀ-ਹੌਲੀ ਮੈਂ ਸਾਰਾ ਕੰਮ ਸਿੱਖ ਗਿਆ। ਹੁਣ ਲਾਂਗਰੀ ਦਾ ਕੰਮ ਸਿਰਫ਼ ਬਾਜ਼ਾਰ ਤੋਂ ਸਾਮਾਨ ਖਰੀਦਣਾ ਸੀ। ਬਾਕੀ ਸਾਰਾ ਕੰਮ ਮੈਂ ਕਰ ਦਿੰਦਾ। ਕਈ ਵਾਰ ਆਪਣੇ ਹਿੱਸੇ ਦੀ ਰੰਮ ਵੀ ਮੈਂ ਉਸ ਨੂੰ ਦੇ ਛੱਡਦਾ। ਲਾਂਗਰੀ ਗੁਜਰਾਤ ਦਾ ਸੀ ਅਤੇ ਬੜਾ ਨੇਕ ਆਦਮੀ ਸੀ। ਪਤਾ ਨਹੀਂ ਕਿੱਥੋਂ ਉਸ ਨੂੰ ਮੇਰੀ ਅੱਖ ਦੀ ਸੂਹ ਮਿਲ ਗਈ। ਇਕ ਦਿਨ ਅਸਾਂ ਦੋਵਾਂ ਨੇ ਸ਼ਾਮ ਨੂੰ ਰੰਮ ਪੀਤੀ ਤਾਂ ਉਹ ਨਸ਼ੇ ਵਿਚ ਕਹਿਣ ਲੱਗਾ, ‘ਸਰਦਾਰ ਚੰਨਣ ਸਿੰਘ ਬਹੁਤ ਅੱਛਾ ਆਦਮੀ ਹੈ। ਹਮ ਉਸ ਕੀ ਬਹੁਤ ਇੱਜ਼ਤ ਕਰਤਾ ਹੈ ਔਰ ਉਸ ਕਾ ਭਾਈਬੰਦ ਹੋਨੇ ਕੇ ਨਾਤੇ ਮੈਂ ਆਪ ਕੋ ਕਲ ਹੀ ਪੈਨਸ਼ਨ ਭੇਜ ਸਕਤਾ ਹੂੰ, ਇਤਨੀ ਹਮਾਰਾ ਪਾਵਰ ਹੈ। ਤੁਮਹਾਰੀ ਆਂਖ ਸੋਨੇ ਕੀ ਆਂਖ ਬਨ ਜਾਏਗੀ।’ ਮੈਂ ਸੋਚਿਆ ਕਿ ਰੰਮ ਦੇ ਨਸ਼ੇ ’ਚ ਟੁੰਨ ਹੋ ਗਿਆ ਪਰ ਮੈਂ ਭਾਊ ਦੇ ਆਖੇ ਦੜ ਵੱਟ ਛੱਡੀ।
ਫਿਰ ਇਕ ਦਿਨ ਵਾਹਵਾ ਰੌਂਅ ਵਿਚ ਵੇਖ ਕੇ ਮੈਂ ਉਸ ਨੂੰ ਪੈਨਸ਼ਨ ’ਤੇ ਭੇਜਣ ਵਾਲੀ ਗੱਲ ਯਾਦ ਕਰਵਾ ਦਿੱਤੀ ਤਾਂ ਉਹ ਕਹਿਣ ਲੱਗਾ, ‘ਹਮ ਸਰਦਾਰ ਲੋਗ ਕਾ ਬਹੁਤ ਕਦਰ ਕਰਤਾ ਹੈ ਕਿਉਂਕਿ ਵੋਹ ਹੀ ਹਮਾਰੇ ਤਰਾਹ ਲੰਗਰ ਪਕਾਤਾ ਹੈ ਔਰ ਫਰੀ ਮੇਂ ਬਾਂਟਤਾ ਹੈ। ਯਹਾਂ ਤੱਕ ਤੋ ਠੀਕ ਹੈ ਪਰੰਤੂ ਯੇ ਨਹੀਂ ਦੇਖਤਾ ਆਗੇ ਖਾਨੇ ਵਾਲਾ ਕੌਨ ਹੈ। ਹਮ ਤੋ ਦੁਸ਼ਮਨ ਲੋਗ ਕਾ ਸਪਲਾਈ ਲਾਈਨ ਕਾਟ ਦੇਤਾ ਹੈ।’ ਮੈਂ ਉਸ ਨੂੰ ਦੱਸਿਆ ਕਿ ਸਾਡਾ ਧਰਮ ਇੱਥੋਂ ਸ਼ੁਰੂ ਹੁੰਦਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹੱਥੀਂ ਕੰਮ ਕਰਨ, ਵੰਡ ਕੇ ਛਕਣ ਲਈ ਕਿਹਾ ਹੈ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਖ਼ਿਲਾਫ਼ ਹਥਿਆਰ ਵਰਤਣ ਦੀ ਖੁੱਲ੍ਹ ਦਿੱਤੀ ਹੈ। ਲਉ ਜੀ ਇਕ ਸਾਲ ਬਾਅਦ ਉਸ ਭਲੇ ਆਦਮੀ ਨੇ ਇਹ ਲਿਖ ਕੇ ਕਿ ਲੱਕੜਾਂ ਪਾੜਦਿਆਂ ਮੇਰੀ ਅੱਖ ਖ਼ਰਾਬ ਹੋਈ, ਮੇਰੀ ਪੈਨਸ਼ਨ ਦਾ ਮੁੱਢ ਬੰਨ੍ਹ ਦਿੱਤਾ।
ਇਧਰ ਭਾਊ ਚੰਨਣ ਸਿੰਘ ਨੇ ਆਪਣੀ ਪੈਨਸ਼ਨ ਵਾਸਤੇ ਕਾਗ਼ਜ਼ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਪੈਨਸ਼ਨ ਮਨਜ਼ੂਰ ਹੋ ਗਈ। ਮੈਨੂੰ ਘੇਰਾਂ ਪੈਣ, ਮੇਰਾ ਰੋਟੀ ਖਾਣ ਨੂੰ ਮਨ ਨਾ ਕਰੇ, ਮੇਰਾ ਜੀਅ ਕਰੇ ਮੈਂ ਵੀ ਨਾਲ ਚਲਾ ਜਾਵਾਂ, ਘਰ ਦੀ ਯਾਦ ਸਤਾਉਣ ਲੱਗੀ। ਅਖ਼ੀਰ ਮੈਂ ਸੋਚਿਆ ਕਿ ਪੈਨਸ਼ਨ ਲੱਗੇ ਨਾ ਲੱਗੇ, ਮੈਂ ਵੀ ਭਾਊ ਦੇ ਨਾਲ ਹੀ ਚਲਾ ਜਾਵਾਂਗਾ ਅਤੇ ਨਾਂ ਕਟਾਉਣ ਦੀ ਦਰਖ਼ਾਸਤ ਦੇ ਦਿੱਤੀ। ਜਦ ਭਾਊ ਨੂੰ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ਼ ਹੋਇਆ ਤੇ ਕਹਿਣ ਲੱਗਾ, ‘ਪਤਾ ਈ ਅੱਗੇ ਲੋਕ ਸੂਬੇਦਾਰ ਨੂੰ ਟਿੱਚਰਾਂ ਕਰਦੇ ਨੇ, ਉਹ ਪਿੰਡ ਛੱਡ ਕੇ ਕਿਸੇ ਸ਼ੈਲਰ ’ਤੇ ਮਜ਼ਦੂਰੀ ਕਰਦਾ ਏ, ਤੇਰਾ ਵੀ ਇਹੋ ਇਰਾਦਾ ਏ।’
ਮੈਂ ਤ੍ਰਬਕ ਕੇ ਪੁੱਛਿਆ, ‘ਸੂਬੇਦਾਰ ਕਦੋਂ ਪੈਨਸ਼ਨ ਚਲਾ ਗਿਆ।’ ‘ਕਿਹੜੀ ਪੈਨਸ਼ਨ, ਇੱਥੇ ਮੇਜਰ ਸਾਬ੍ਹ ਨਾਲ ਵੱਧ ਘੱਟ ਬੋਲ ਪਿਆ। ਅਗਲਿਆਂ ਬਿਸਤਰਾ ਚੁਕਾ ਕੇ ਬਿਨਾਂ ਪੈਨਸ਼ਨ ਤੋਂ ਘਰ ਨੂੰ ਤੋਰ ਦਿੱਤਾ।’ ਭਾਊ ਨੇ ਦੱਸਿਆ। ਫਿਰ ਭਾਊ ਨੇ ਜਿਵੇਂ ਤਾਕੀਦ ਕੀਤੀ ਉਸੇ ਤਰ੍ਹਾਂ ਅਫ਼ਸਰਾਂ ਦਾ ਹੁਕਮ ਮੰਨ ਕੇ ਬਾਕੀ ਨੌਕਰੀ ਕੀਤੀ। ਮੇਰਾ ਕੇਸ ਮੈਡੀਕਲ ਬੋਰਡ ਕੋਲ ਗਿਆ ਤਾਂ ਉਨ੍ਹਾਂ ਲੜਾਈ ਵਾਸਤੇ ਅਨਫਿਟ ਕਰਾਰ ਦੇ ਕੇ ਪੈਨਸ਼ਨ ਲਗਾ ਦਿੱਤੀ।’’
ਹੁਣ ਮੈਨੂੰ ਵੀ ਆਦਤ ਪੈ ਗਈ ਸੀ ਕਿ ਹਰ ਰੋਜ਼ ਉਨ੍ਹਾਂ ਤੋਂ ਕੋਈ ਨਾ ਕੋਈ ਨਵੀਂ ਗੱਲ ਸੁਣਾਂ। ਇਕ ਦਿਨ ਉਨ੍ਹਾਂ ਦੋਵਾਂ ਦੀ ਚਾਰ ਦਿਨ ਦੀ ਛੁੱਟੀ ਦੀ ਦਰਖ਼ਾਸਤ ਮੇਰੇ ਕੋਲ ਆਈ ਅਤੇ ਉਨ੍ਹਾਂ ਆਪਣੀ ਥਾਂ ਬਦਲਵਾਂ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਸੀ। ਮੈਂ ਹੁਣ ਛੁੱਟੀ ਤੋਂ ਇਨਕਾਰ ਤਾਂ ਕਰ ਨਹੀਂ ਸੀ ਸਕਦਾ। ਮੈਂ ਸੋਚਿਆ ਹੋ ਸਕਦਾ ਹੈ ਕਿ ਘਰ ਵਿਚ ਕੋਈ ਵਿਆਹ ਸ਼ਾਦੀ ਹੋਵੇ ਪਰ ਜੇ ਕੋਈ ਵਿਆਹ ਸ਼ਾਦੀ ਹੁੰਦਾ ਤਾਂ ਉਨ੍ਹਾਂ ਮੈਨੂੰ ਜ਼ਰੂਰ ਸੱਦਣਾ ਸੀ। ਫਿਰ ਵੀ ਮੈਂ ਦਫ਼ਤਰ ਬੁਲਾ ਕੇ ਗੱਲ ਸਾਫ਼ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਲੰਮਾ ਚੌੜਾ ਕਿੱਸਾ ਸੁਣਾਉਣਾ ਸ਼ੁਰੂ ਕਰ ਦਿੱਤਾ ਜੋ ਅਜੀਬ ਕਿਸਮ ਦਾ ਸੀ। ਉਨ੍ਹਾਂ ਦੋਵਾਂ ਨੇ ਦੱਸਿਆ, ‘‘ਪਾਰ (ਪਾਕਿਸਤਾਨ) ਤੋਂ ਇਕ ਸੇਵਾਮੁਕਤ ਮੇਜਰ ਮੁਸਲਮਾਨ ਜਿਸ ਦਾ ਨਾਂ ਸਲੀਮ ਹੈ ਸਾਡੇ ਪਿੰਡ ਠਹਿਰਿਆ ਹੈ। ਉਸ ਦਾ ਪੂਰਾ ਨਾਂ ਸਲੀਮ ਅਹਿਮਦ ਹੈ। ਉਸ ਦੇ ਅੱਬਾ ਦਾ ਨਾਂ ਮਹਿਮੂਦ ਅਹਿਮਦ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਿਛਲਾ ਪਿੰਡ ਛੱਜਲਵੱਡੀ ਸੀ। ਵੰਡ ਵੇਲੇ ਉਹ ਅੱਠ-ਦਸ ਸਾਲ ਦਾ ਸੀ ਅਤੇ ਉਸ ਦੇ ਵੱਡੇ-ਵਡੇਰੇ ਇਸੇ ਪਿੰਡ ਦੀ ਮਿੱਟੀ ਵਿਚ ਦਫ਼ਨ ਹਨ। ਉਸ ਕੋਲ ਕਬਰਾਂ ਦਾ ਨਕਸ਼ਾ ਵੀ ਹੈ ਜੋ ਉਸ ਦੇ ਅੱਬੇ ਨੇ ਬਣਾ ਕੇ ਉਸ ਨੂੰ ਦਿੱਤਾ ਹੈ। ਉਸ ਨਕਸ਼ੇ ਵਿਚ ਕਬਰਾਂ ਦੀ ਨਿਸ਼ਾਨਦੇਹੀ ਅਤੇ ਆਸ-ਪਾਸ ਦੀਆਂ ਜ਼ਮੀਨਾਂ ਦੇ ਮਾਲਕਾਂ ਦੇ ਨਾਂ ਲਿਖੇ ਹਨ ਪਰ ਸਭ ਕੁਝ ਉਰਦੂ ਵਿਚ ਹੈ। ਉਸ ਮੇਜਰ ਸਾਬ੍ਹ ਕੋਲ ਇਕ ਚਿੱਠੀ ਹੈ ਜੋ ਪਿੰਡ ਦੇ ਬਜ਼ੁਰਗਾਂ ਨੂੰ ਸੰਬੋਧਨ ਕਰ ਕੇ ਉਸ ਦੇ ਅੱਬਾ ਨੇ ਭੇਜੀ ਹੈ। ਬਦਕਿਸਮਤੀ ਵਾਲੀ ਗੱਲ ਇਹ ਹੈ ਬਈ ਜਿਨ੍ਹਾਂ ਬਜ਼ੁਰਗਾਂ ਦੇ ਨਾਂ ਲਿਖੇ ਹਨ ਉਨ੍ਹਾਂ ਵਿਚੋਂ ਕੋਈ ਵੀ ਜਿਉਂਦਾ ਨਹੀਂ ਹੈ। ਇਕ ਹੋਰ ਚਿੱਠੀ ਪੂਰੇ ਪਿੰਡ ਨੂੰ ਸੰਬੋਧਨ ਕਰਕੇ ਲਿਖੀ ਹੈ ਜਿਸ ਵਿਚ ਉਸ ਦੇ ਅੱਬੇ ਨੇ ਆਪਣਾ ਨਾਂ, ਪਿਤਾ ਦਾ ਨਾਂ, ਗਲੀ ਮੁਹੱਲਾ, ਗੱਲ ਕੀ ਸਾਰਾ ਕੁਰਸੀਨਾਮਾ ਲਿਖ ਕੇ ਅਰਜ਼ ਕੀਤੀ ਹੈ ਕਿ ਉਹ ਹੁਣ ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਹੈ ਤੇ ਕਿਸੇ ਵੇਲੇ ਵੀ ਅੱਲ੍ਹਾ-ਤਾਅਲਾ ਵੱਲੋਂ ਫ਼ੌਤਗੀ ਦਾ ਪੈਗ਼ਾਮ ਆ ਸਕਦਾ ਹੈ। ਉਸ ਨੂੰ ਰੋਜ਼ ਰਾਤ ਨੂੰ ਪਿੰਡ ਦੇ ਸੁਫ਼ਨੇ ਆਉਂਦੇ ਹਨ। ਸੁਫ਼ਨੇ ਵਿਚ ਉਸ ਨੂੰ ਪਿੰਡ ਦੀਆਂ ਗਲੀਆਂ, ਛੱਪੜ, ਬਾਜ਼ਾਰ ਅਤੇ ਪੁਰਾਣੇ ਯਾਰ ਮਿੱਤਰ ਦਿਸਦੇ ਹਨ। ਸਭ ਤੋਂ ਵੱਡੀ ਗੱਲ ਸੁਫ਼ਨੇ ਵਿਚ ਫ਼ਰਿਸ਼ਤੇ ਉਸ ਨੂੰ ਸੁਨੇਹਾ ਦਿੰਦੇ ਹਨ ਕਿ ਉਸ ਨੂੰ ਜੰਨਤ ਤਾਂ ਹੀ ਨਸੀਬ ਹੋਵੇਗੀ ਜੇਕਰ ਉਸ ਨੂੰ ਉਸ ਦੇ ਜੱਦੀ ਪਿੰਡ ਛੱਜਲਵੱਡੀ ਦੀਆਂ ਕਬਰਾਂ ਵਿਚ ਸਪੁਰਦ-ਏ-ਖ਼ਾਕ ਕੀਤਾ ਗਿਆ ਜਿੱਥੇ ਉਸ ਦੇ ਵੱਡੇ-ਵਡੇਰੇ ਸਪੁਰਦ-ਏ-ਖ਼ਾਕ ਹਨ। ਇਸ ਕੰਮ ਲਈ ਉਹ ਆਪਣੇ ਪੁੱਤਰ ਸਲੀਮ ਨੂੰ ਸਾਡੇ ਕੋਲ ਭੇਜ ਰਿਹਾ ਹੈ। ਉਸ ਵਿਚਾਰੇ ਨੂੰ ਕੀ ਪਤਾ ਕਿ ਵੰਡ ਤੋਂ ਬਾਅਦ ਸਭ ਕੁਝ ਬਦਲ ਚੁੱਕਾ ਹੈ। ਪਿੰਡ ਵਿਚ ਮੁਸਲਮਾਨ ਭਾਈਚਾਰੇ ਦਾ ਕੋਈ ਘਰ ਨਹੀਂ। ਇਸ ਲਈ ਕਬਰਾਂ ਵੀ ਆਬਾਦ ਹੋ ਚੁੱਕੀਆਂ ਹਨ। ਫਿਰ ਵੀ ਸਾਰਾ ਪਿੰਡ ਇਕੱਠਾ ਹੋ ਕੇ ਮੇਜਰ ਸਲੀਮ ਦੇ ਮਗਰ ਤੁਰ ਪੈਂਦਾ ਹੈ। ਉਹ ਜਿਧਰ ਵੀ ਜਾਂਦੈ ਲੋਕ ਫੁੱਲਾਂ ਦੀ ਬਾਰਸ਼ ਕਰਦੇ ਹਨ। ਇਸ ਤਰ੍ਹਾਂ ਕਬਰਾਂ ਦੀ ਸ਼ਨਾਖ਼ਤ ਕਰ ਲਈ ਹੈ। ਬਸ ਉਸ ਦੇ ਅੱਬਾ ਵੱਲੋਂ ਦਿੱਤੀਆਂ ਨਿਸ਼ਾਨੀਆਂ ਵਿਚੋਂ ਸਿਰਫ਼ ਇਕ ਪਿੱਪਲ ਦਾ ਦਰੱਖ਼ਤ ਬਚਿਆ ਹੈ। ਕਬਰਾਂ ਦੀ ਤਿੰਨ ਕਨਾਲ ਅੱਠ ਮਰਲੇ ਜ਼ਮੀਨ ਪਿੰਡ ਦੇ ਦੋ ਵਿਅਕਤੀਆਂ ਨੰਬਰਦਾਰ ਚੇਤ ਸਿੰਘ ਅਤੇ ਉਸ ਦੇ ਭਰਾ ਧਰਮ ਸਿੰਘ ਦੇ ਕਬਜ਼ੇ ਹੇਠ ਹੈ ਪਰ ਅਸ਼ਕੇ ਜਾਈਏ ਦੋਵਾਂ ਦੇ, ਉਨ੍ਹਾਂ ਨੇ ਦੋ-ਦੋ ਕਨਾਲ ਜ਼ਮੀਨ ਪੱਕੇ ਤੌਰ ’ਤੇ ਛੱਡਣ ਦੀ ਹਾਮੀ ਭਰ ਦਿੱਤੀ ਹੈ ਅਤੇ ਦਸਤਖ਼ਤ ਕਰ ਦਿੱਤੇ ਹਨ। ਹੁਣ ਮੁਸੀਬਤ ਇਹ ਬਣੀ ਕਿ ਇਨ੍ਹਾਂ ਕਬਰਾਂ ਨੂੰ ਕੋਈ ਰਾਹ-ਖੈੜਾ ਨਹੀਂ, ਪਰ ਇਹ ਗੱਲ ਮੇਜਰ ਸਲੀਮ ’ਤੇ ਛੱਡ ਦਿੱਤੀ ਹੈ ਅਤੇ ਨਾਲ ਹੀ ਉਸ ਨੂੰ ਇਹ ਤਜਵੀਜ਼ ਦਿੱਤੀ ਹੈ ਕਿ ਮੇਨ ਜੀਟੀ ਰੋਡ ਤੋਂ ਪਿੰਡ ਨੂੰ ਆਉਂਦੀ ਸੜਕ ਨਾਲ ਇਕ ਕਿੱਲਾ ਜ਼ਮੀਨ ਦਾ ਪੰਚਾਇਤ ਪ੍ਰਬੰਧ ਕਰ ਕੇ ਦੇਵੇਗੀ ਅਤੇ ਫੁੱਲ ਬੂਟੇ ਲਗਾ ਕੇ ਸਾਂਭ-ਸੰਭਾਲ ਵੀ ਕਰੇਗੀ। ਮੈਂ ਤੇ ਭਾਊ ਚੰਨਣ ਸਿੰਘ ਨੇ ਮੇਜਰ ਸਲੀਮ ਨੂੰ ਉਸ ਦੇ ਅੱਬਾ ਦਾ ਉਰਸ ਹਰ ਸਾਲ ਮਨਾਉਣ ਵਾਸਤੇ ਮਨਾ ਲਿਆ ਹੈ ਅਤੇ ਉਸ ਨੇ ਹਾਮੀ ਭਰ ਦਿੱਤੀ ਹੈ ਕਿ ਉਹ ਹਰ ਸਾਲ ਪਰਿਵਾਰ ਸਮੇਤ ਇੱਥੇ ਸ਼ਿਰਕਤ ਕਰੇਗਾ।’’ ਛੁੱਟੀ ਤੋਂ ਵਾਪਸ ਆ ਕੇ ਉਨ੍ਹਾਂ ਦੱਸਿਆ ਕਿ ਮੇਜਰ ਸਲੀਮ ਨੂੰ ਬਹੁਤ ਸਾਰੇ ਤੋਹਫ਼ਿਆਂ ਨਾਲ ਵਿਦਾ ਕੀਤਾ ਹੈ। ਜਾਣ ਸਮੇਂ ਮੇਜਰ ਸਲੀਮ ਧਾਹਾਂ ਮਾਰ-ਮਾਰ ਕੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ‘‘ਮੈਨੂੰ ਤਾਂ ਬਹੁਤ ਡਰਾਇਆ ਗਿਆ ਸੀ ਕਿ ਇੰਡੀਆ ਦੇ ਲੋਕ ਮੁਸਲਮਾਨਾਂ ਨੂੰ ਬਹੁਤ ਨਫ਼ਰਤ ਕਰਦੇ ਹਨ। ਖ਼ਾਸਕਰ ਫ਼ੌਜੀ ਮੁਸਲਮਾਨਾਂ ਨੂੰ ਮਾਰ ਦਿੰਦੇ ਹਨ ਪਰ ਮੈਂ ਹੁਣ ਜਾ ਕੇ ਦੱਸਾਂਗਾ ਕਿ ਪਿੰਡ ਛੱਜਲਵੱਡੀ ਵਿਚ ਫ਼ੌਤਗੀ ਤੋਂ ਪਹਿਲਾਂ ਵੀ ਇਕ ਜੰਨਤ ਹੈ। ਇਸ ਜੰਨਤ ਵਿਚ ਮੈਂ ਦਸ ਦਿਨ ਬਿਤਾਏ ਹਨ। ਅੱਬਾ ਜੀ ਠੀਕ ਹੀ ਕਹਿੰਦੇ ਹਨ। ਖ਼ੁਦਾ ਕਰੇ ਇਹ ਜੰਨਤ ਉਨ੍ਹਾਂ ਨੂੰ ਸਦਾ ਵਾਸਤੇ ਨਸੀਬ ਹੋਵੇ।’’
ਸੰਪਰਕ: 99147-14496