ਆਰਤੀ ਆਰ. ਜੈਰਥ*
ਹਾਲੀਆ ਵਾਪਰੀਆਂ ਦੋ ਘਟਨਾਵਾਂ ਨੇ ਭਾਜਪਾ ਦੀ ਕਮਜ਼ੋਰੀ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਪਹਿਲੀ ਘਟਨਾ ਇਹ, ਜਦੋਂ ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿਧਾਨ ਸਭਾ ਵਿਚ ਹੂੰਝਾ-ਫੇਰੂ ਜਿੱਤ ਦਰਜ ਕੀਤੇ ਜਾਣ ਤੋਂ ਫੌਰੀ ਬਾਅਦ ਕੇਂਦਰ ਸਰਕਾਰ ਨੇ ਚਾਣਚੱਕ ਦਿੱਲੀ ਮਿਉਂਸਿਪਲ ਚੋਣਾਂ ਮੁਲਤਵੀ ਕਰ ਦਿੱਤੀਆਂ। ਦੂਜੀ ਘਟਨਾ ਸੀ, ਕੱਟੜਵਾਦੀ ਸੰਸਦ ਮੈਂਬਰ (ਐਮਪੀ) ਤੇਜਸਵੀ ਸੂਰਿਆ ਦੀ ਅਗਵਾਈ ਵਾਲੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਹਮਾਇਤੀਆਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉੱਤੇ ਕੀਤਾ ਗਿਆ ਹਮਲਾ। ਹਮਲਾ ਉਦੋਂ ਕੀਤਾ ਗਿਆ ਜਦੋਂ ਇਹ ਭੀੜ ਵਿਵੇਕ ਅਗਨੀਹੋਤਰੀ ਦੀ ਵਿਵਾਦਗ੍ਰਸਤ ਫਿਲਮ ‘ਕਸ਼ਮੀਰ ਫਾਈਲਜ਼’ ਬਾਰੇ ਕੇਜਰੀਵਾਲ ਦੀਆਂ ਟਿੱਪਣੀਆਂ ਖ਼ਿਲਾਫ਼ ਮੁਜ਼ਾਹਰਾ ਕਰ ਰਹੀ ਸੀ।
ਇਨ੍ਹਾਂ ਦੋਵਾਂ ਘਟਨਾਵਾਂ ਨੇ ਭਾਜਪਾ ਦੀ ਸਾਖ਼ ਨੂੰ ਵੱਟਾ ਹੀ ਲਾਇਆ ਹੈ। ਨਾਲ ਹੀ ਇਨ੍ਹਾਂ ਨੇ ਕੇਜਰੀਵਾਲ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਇਹ ਕਹਿਣ ਦਾ ਮੌਕਾ ਦੇ ਦਿੱਤਾ ਕਿ ਮੋਦੀ ਸਰਕਾਰ ‘ਆਪ’ ਤੋਂ ਡਰ ਕੇ ਭੱਜ ਰਹੀ ਹੈ। ਇਹ ਗੱਲ ਭਾਵੇਂ ਸੁਣਨ ਨੂੰ ਚੰਗੀ ਨਾ ਲੱਗੇ, ਪਰ ਇਸ ਦਾਅਵੇ ਵਿਚ ਕੁਝ ਨਾ ਕੁਝ ਸੱਚਾਈ ਜ਼ਰੂਰ ਜਾਪਦੀ ਹੈ। ਮਿਉਂਸਿਪਲ ਚੋਣਾਂ ਨੂੰ ਮੁਲਤਵੀ ਕਰਨ ਦਾ ਦੱਸਿਆ ਗਿਆ ਕਾਰਨ ਫ਼ਰਜ਼ੀ ਹੈ। ਦਿੱਲੀ ਦੀਆਂ ਤਿੰਨੇ ਮਿਉਂਸਿਪਲ ਕਾਰਪੋਰੇਸ਼ਨਾਂ ਨੂੰ ਮੁੜ ਇਕੱਠੀਆਂ ਕਰਨ ਦੇ ਕਦਮ ਦੇ ਭਲੇ-ਬੁਰੇ ਪੱਖਾਂ ਉੱਤੇ ਬਹਿਸ ਹੋ ਸਕਦੀ ਹੈ ਪਰ ਅਜਿਹੀ ਕੋਈ ਤਜਵੀਜ਼ ਕਦੇ ਵੀ ਜਨਤਕ ਘੇਰੇ ਵਿਚ ਨਹੀਂ ਸੀ। ਜਾਪਦਾ ਹੈ ਕਿ ਇਸ ਨੂੰ ਜਾਦੂਗਰ ਦੇ ਝੋਲੇ ਵਿਚੋਂ ਅਚਾਨਕ ਖ਼ਰਗੋਸ਼ ਨਿਕਲ ਆਉਣ ਵਾਂਗ ਮਹਿਜ਼ ਇਸ ਕਾਰਨ ਕੱਢਿਆ ਗਿਆ ਹੈ ਤਾਂ ਕਿ ਚੋਣਾਂ ਟਾਲਣ ਲਈ ਬਹਾਨਾ ਬਣਾਇਆ ਜਾ ਸਕੇ। ਪੰਜਾਬ ਵਿਚ ‘ਆਪ’ ਦੀ ਜ਼ੋਰਦਾਰ ਜਿੱਤ ਕਾਰਨ ਵੀ ਭਾਜਪਾ ਘਬਰਾਈ ਹੋਈ ਜਾਪਦੀ ਹੈ। ਸ਼ਾਇਦ ਉਸ ਨੂੰ ਡਰ ਹੈ ਕਿ ਇਸ ਦਾ ਦਿੱਲੀ ਵਿਚ ਕੇਜਰੀਵਾਲ ਨੂੰ ਫ਼ਾਇਦਾ ਹੋ ਸਕਦਾ ਹੈ।
ਦਿੱਲੀ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਕੀਤੀ ਗਈ ਗੁੰਡਾਗਰਦੀ ਤਾਂ ਸ਼ਰ੍ਹੇਆਮ ਲੋੜੋਂ ਵੱਧ ਭੜਕਣ ਵਾਲਾ ਮਾਮਲਾ ਸੀ। ‘ਆਪ’ ਮੁਖੀ ਨੇ ਫਿਲਮ ਬਾਰੇ ਆਪਣੀਆਂ ਤਲਖ਼ ਟਿੱਪਣੀਆਂ ਰਾਹੀਂ ਉਕਸਾਉਣ ਤੇ ਭੜਕਾਉਣ ਵਾਲੀ ਕਾਰਵਾਈ ਕੀਤੀ ਅਤੇ ਭਾਜਪਾ ਉਸ ਦੇ ਜਾਲ ਵਿਚ ਫਸ ਗਈ। ਸਿੱਟਾ ਇਹ ਨਿਕਲਿਆ ਕਿ ਕੇਜਰੀਵਾਲ ਵਿਚਾਰਾ ਬਣ ਗਿਆ ਤੇ ਭਾਜਪਾ ਖਲਨਾਇਕ। ਇਹ ਵੀ ਗ਼ੌਰਤਲਬ ਹੈ ਕਿ ਉਦੋਂ ਤੋਂ ਹੀ ਭਗਤਾਂ ਨੇ ਫਿਲਮ ਦੀ ਹਮਾਇਤ ਦੇ ਮਾਮਲੇ ਵਿਚ ਖ਼ਾਮੋਸ਼ੀ ਧਾਰੀ ਹੋਈ ਹੈ।
ਭਾਜਪਾ ਦੀ ਅਨਾੜੀਆਂ ਵਾਲੀ ਕਾਰਵਾਈ ਨੇ ਕੇਜਰੀਵਾਲ ਨੂੰ ਉੱਥੇ ਪਹੁੰਚਾ ਦਿੱਤਾ ਹੈ, ਜਿੱਥੇ ਉਹ ਪਹੁੰਚਣਾ ਚਾਹੁੰਦੇ ਸੀ: ਭਾਵ ਖ਼ੁਦ ਨੂੰ ਭਾਜਪਾ ਦੀ ਧੱਕੇਸ਼ਾਹੀ ਦੇ ਪੀੜਤ ਵਜੋਂ ਦਿਖਾਉਣਾ। ਇਹ ਉਹ ਭੂਮਿਕਾ ਸੀ ਜਿਹੜੀ ਉਨ੍ਹਾਂ ਨੇ ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਮੋਦੀ ਦੇ ਇਸ ਗੜ੍ਹ ਉੱਤੇ ਹੱਲਾ ਬੋਲਣ ਤੋਂ ਪਹਿਲਾਂ ਉਪਰੋਥਲੀ ਦਿੱਤੀਆਂ ਟੈਲੀਵਿਜ਼ਨ ਇੰਟਰਵਿਊਜ਼ ਦੌਰਾਨ ਨਿਭਾਈ ਸੀ। ਕੇਜਰੀਵਾਲ ਇਸ ਪੱਖੋਂ ਚੌਕਸ ਹਨ ਤੇ ਜਾਣਦੇ ਹਨ ਕਿ ਮੋਦੀ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ਵਿਚ ਵੰਗਾਰਨਾ ਕੋਈ ਸੌਖਾ ਕੰਮ ਨਹੀਂ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੋਦੀ ਨੇ ਕਿਵੇਂ ਪੰਜ ਸਾਲ ਪਹਿਲਾਂ ਗੁਜਰਾਤ ਦੀਆਂ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਹੱਥੋਂ ਹਾਰ ਦੀ ਕਗਾਰ ’ਤੇ ਖੜ੍ਹੀ ਭਾਜਪਾ ਨੂੰ ਆਪਣੀ ‘ਧਰਤੀ ਪੁੱਤਰ’ ਵਾਲੀ ਜਜ਼ਬਾਤੀ ਅਪੀਲ ਨਾਲ ਲਬਰੇਜ਼ ਜ਼ੋਰਦਾਰ ਚੋਣ ਮੁਹਿੰਮ ਰਾਹੀਂ ਜਿਤਾ ਦਿੱਤਾ ਸੀ। ਇਸ ਵਾਰ ਤਾਂ ਭਾਜਪਾ ਉਸ ਦੇ ਮੁਕਾਬਲੇ ਕਾਫ਼ੀ ਸੁਖਾਵੇਂ ਹਾਲਾਤ ਵਿਚ ਹੈ।
ਇਸ ਸੂਰਤ ਵਿਚ ਕੇਜਰੀਵਾਲ ਆਖ਼ਰ ਗੁਜਰਾਤ ਵਿਚੋਂ ਕੀ ਹਾਸਲ ਕਰਨ ਦੀ ਉਮੀਦ ਰੱਖਦੇ ਹਨ? ਫਿਰ ਭਾਜਪਾ ਇੰਨੀ ਡਰੀ ਹੋਈ ਕਿਉਂ ਹੈ ਕਿ ਉਹ ‘ਆਪ’ ਮੁਖੀ ਦੇ ਪਿੱਛੇ ਇੰਝ ਹੱਥ ਧੋ ਕੇ ਪੈ ਗਈ ਹੈ? ਇਸ ਦਾ ਜਵਾਬ ਕੇਜਰੀਵਾਲ ਵੱਲੋਂ ਬੜੇ ਸੋਚੇ-ਸਮਝੇ ਢੰਗ ਨਾਲ ਚਲੀਆਂ ਜਾ ਰਹੀਆਂ ਸਿਆਸੀ ਚਾਲਾਂ ਵਿਚ ਹੈ। ਉਨ੍ਹਾਂ ਦਾ ਪਹਿਲਾ ਟੀਚਾ ਕਾਂਗਰਸ ਦਾ ਸਿਆਸੀ ਖ਼ਾਤਮਾ ਕਰਨਾ ਅਤੇ ਉਸ ਦੀ ਥਾਂ ਉੱਤੇ ਖ਼ੁਦ ਕਾਬਜ਼ ਹੋਣਾ ਹੈ। ਇਸ ਤੋਂ ਬਾਅਦ ਉਹ ਆਪਣੀ ਤਵੱਜੋ ਭਾਜਪਾ ਨੂੰ ਵੰਗਾਰਨ ਵੱਲ ਦੇਣਗੇ। ਇਸ ਰਣਨੀਤੀ ਤੋਂ ਮੋਦੀ ਤੇ ਭਾਜਪਾ ਨੂੰ ਜ਼ਰੂਰ ਚਿੰਤਾ ਹੋਣੀ ਚਾਹੀਦੀ ਹੈ। ਦੇਸ਼ ਦੇ ਦਰਜਨ ਭਰ ਸੂਬਿਆਂ ਵਿਚ ਅਜਿਹੇ ਤਕਰੀਬਨ 200 ਲੋਕ ਸਭਾ ਹਲਕੇ ਹਨ ਜਿੱਥੇ ਭਾਜਪਾ ਦੀ ਕਾਂਗਰਸ ਨਾਲ ਸਿੱਧੀ ਟੱਕਰ ਹੈ। ਲਗਾਤਾਰ ਦੋ ਆਮ ਚੋਣਾਂ ਵਿਚ ਭਾਜਪਾ ਦੀਆਂ ਜਿੱਤਾਂ ਅਤੇ ਰਾਜ ਸਭਾ ਵਿਚ ਬਹੁਮਤ ਹਾਸਲ ਕਰਨ ਵੱਲ ਇਸ ਦੀ ਤੇਜ਼ ਰਫ਼ਤਾਰ ਦੀ ਬੁਨਿਆਦ ਇਸੇ ਭੂਗੋਲਿਕ ਖਿੱਤੇ ਵਿਚ ਹੈ। ਇਸੇ ਖਿੱਤੇ ਵਿਚ ਭਾਜਪਾ ਆਪਣੀ ਚੋਣ ਮਸ਼ੀਨਰੀ ਦੀ ਸ਼ਾਨਦਾਰ ਕਾਰਗੁਜ਼ਾਰੀ ਦੇ ਦਮ ’ਤੇ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾ ਕੇ ਬਿਹਤਰੀਨ ਚੋਣ ਪ੍ਰਦਰਸ਼ਨ ਕਰਦੀ ਹੈ।
ਹਾਕਮ ਧਿਰ ਨੂੰ ਆਪਣੀ ਜੇਤੂ ਮੁਹਿੰਮ ਵਿਚ ਕੁਝ ਅੜਿੱਕਿਆਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ, ਜਿਵੇਂ ਇਹ 2018 ਵਿਚ ਕਰਨਾਟਕ ਚੋਣਾਂ ਨਹੀਂ ਜਿੱਤ ਸਕੀ ਅਤੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ ਕਾਂਗਰਸ ਤੋਂ ਹਾਰ ਗਈ। ਪਰ ਉੱਤਰਾਖੰਡ ਅਤੇ ਗੋਆ ਵਿਚ ਵਿਧਾਨ ਸਭਾ ਚੋਣਾਂ ਦੇ ਹਾਲੀਆ ਗੇੜ ਦੌਰਾਨ ਇਸ ਨੇ ਸਾਬਿਤ ਕਰ ਦਿੱਤਾ ਕਿ ਇਸ ਨੇ ਇਸ ਮੁਤੱਲਕ ਆਪਣੀਆਂ ਖ਼ਾਮੀਆਂ ਸੁਧਾਰ ਲਈਆਂ ਹਨ ਤਾਂ ਜੋ ਸਥਾਪਤੀ-ਵਿਰੋਧੀ ਲਹਿਰ ਨੂੰ ਪਛਾੜਦੀ ਹੋਈ ਸ਼ਾਨਦਾਰ ਚੋਣ ਪ੍ਰਬੰਧਨ ਤਕਨੀਕਾਂ ਰਾਹੀਂ ਕਾਂਗਰਸ ਨੂੰ ਹਰਾ ਸਕੇ। ਭਾਜਪਾ ਨੇ ਬੀਤੇ ਸੱਤ ਸਾਲਾਂ ਦੌਰਾਨ ਕਾਂਗਰਸ ਨਾਲ ਆਪਣੀ ਮੁੱਖ ਵਿਰੋਧੀ ਤੇ ਮੁਕਾਬਲੇਬਾਜ਼ ਪਾਰਟੀ ਵਜੋਂ ਬਹੁਤ ਸੁਖਾਵਾਂ ਪੱਧਰ ਕਾਇਮ ਕਰ ਲਿਆ ਹੈ। ਇਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਾਂਗਰਸ ਨੂੰ ਮਾਤ ਦੇਣ ਲਈ ਇਸ ਨੇ ਕਦੋਂ ਤੇ ਕਿਹੜੀ ਕਲਾ ਮਰੋੜਨੀ ਹੈ ਅਤੇ ਫਿਰ ਕਿਵੇਂ ਇਸ ਨੂੰ ਆਪਣੇ ਵਿਸ਼ੇਸ਼ਣਾਂ – ਜਿਵੇਂ ਰਾਸ਼ਟਰ ਵਿਰੋਧੀ, ਖ਼ਾਨ ਮਾਰਕੀਟ ਗੈਂਗ, ਅਰਬਨ ਨਕਸਲ ਆਦਿ ਰਾਹੀਂ ਲਾਂਭੇ ਕਰ ਦੇਣਾ ਹੈ। ਇਸ ਨੇ ਬੜੀ ਕਾਮਯਾਬੀ ਨਾਲ ਰਾਹੁਲ ਗਾਂਧੀ ਨੂੰ ‘ਪੱਪੂ’ ਵਜੋਂ ਪੇਸ਼ ਕਰ ਦਿੱਤਾ ਹੈ ਅਤੇ ਉਸ ਦੇ ਮੋਦੀ ਦਾ ਸੰਜੀਦਾ ਬਦਲ ਬਣਨ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਕਰ ਸੁੱਟੀਆਂ ਹਨ। ਇਸ ਨੇ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਇੰਨੀ ਡੂੰਘੀ ਪੈਂਠ ਬਣਾ ਲਈ ਹੈ ਕਿ ਇਹ ਆਪਣੀ ਪਸੰਦ ਦੇ ਕਿਸੇ ਵੀ ਮੌਕੇ ਕਿਸੇ ਵੀ ਜਯੋਤਿਰਦਿੱਤਿਆ ਸਿੰਧੀਆ ਜਾਂ ਕਿਸੇ ਆਰਪੀਐਨ ਸਿੰਘ ਜਾਂ ਕਿਸੇ ਜਤਿਨ ਪ੍ਰਸਾਦ ਨੂੰ ਆਪਣੇ ਪਾਲੇ ਵਿਚ ਲਿਆ ਸਕਦੀ ਹੈ ਤਾਂ ਜੋ ਕਾਂਗਰਸ ਦੀ ਡੁੱਬਦੀ ਕਿਸ਼ਤੀ ਵਾਲੀ ਦਿੱਖ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਨੇ ਕਾਂਗਰਸ ਦੀਆਂ ਕਮਜ਼ੋਰੀਆਂ ਦਾ ਅਧਿਐਨ ਬਹੁਤ ਬਾਰੀਕੀ ਨਾਲ ਕਰ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਤਾਂ ਜੋ ਚੋਣਾਂ ਸਮੇਂ ਇਨ੍ਹਾਂ ਦਾ ਪੂਰਾ ਲਾਹਾ ਲਿਆ ਜਾ ਸਕੇ।
ਦੂਜੇ ਪਾਸੇ ਕੇਜਰੀਵਾਲ ਅਤੇ ਉਨ੍ਹਾਂ ਦੀ ‘ਆਪ’ ਹਾਲੇ ਵੀ ਭਾਜਪਾ ਲਈ ਬੁਝਾਰਤ ਹੀ ਹੈ। ਕਾਂਗਰਸ ਵਰਗੀ ਪੁਰਾਣੀ ਤੇ ਪਤਨ ਵੱਲ ਜਾ ਰਹੀ ਪਾਰਟੀ ਨੂੰ ਮਾਤ ਦੇਣਾ ਗਿੱਝੀ ਹੋਈ ਭਾਜਪਾ ਆਪਣੇ ਆਪ ਨੂੰ ‘ਆਪ’ ਦੀ ਤਾਜ਼ਗੀ ਤੇ ਫੁਰਤੀ ਦਾ ਟਾਕਰਾ ਕਰਨ ਦੇ ਬੇਵੱਸ ਪਾਉਂਦੀ ਹੈ। ਕੇਜਰੀਵਾਲ ਦੀ ਪਾਰਟੀ ਨਵੀਂ ਹੈ ਅਤੇ ਆਧੁਨਿਕ ਰੰਗ-ਢੰਗ ਨਾਲ ਲੈਸ ਹੈ। ਉਨ੍ਹਾਂ ਛਾਪਾਮਾਰ ਲੜਾਈ ਵਰਗੇ ਢੰਗ-ਤਰੀਕਿਆਂ ਵਿਚ ਮੁਹਾਰਤ ਹਾਸਲ ਕਰ ਲਈ ਹੈ ਅਤੇ ਉਹ ਲਗਾਤਾਰ ਆਪਣੇ ਤਬਾਹਕੁਨ ਸਿਆਸੀ ਕਦਮਾਂ ਰਾਹੀਂ ਭਾਜਪਾ ਨੂੰ ਹੈਰਾਨ-ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਇਹ ਸੋਸ਼ਲ ਮੀਡੀਆ ਦੀ ਵਰਤੋਂ ਵਿਚ ਭਾਜਪਾ ਜਿੰਨੀ ਹੀ ਮਾਹਿਰ ਹੈ। ਨਾਲ ਹੀ ਕੇਜਰੀਵਾਲ ਨੇ ਦਿਖਾ ਦਿੱਤਾ ਹੈ ਕਿ ਉਹ ਸੰਚਾਰ ਤੇ ਭਾਸ਼ਣ ਕਲਾ ਪੱਖੋਂ ਵੀ ਮੋਦੀ ਨੂੰ ਟੱਕਰ ਦੇ ਸਕਦੇ ਹਨ। ਇਹ ਕੋਈ ਮਾਮੂਲੀ ਗੱਲ ਨਹੀਂ ਹੈ, ਕਿਉਂਕਿ ਉਹ ਮੋਦੀ ਦੀ ਦਮਦਾਰ ਦਿੱਖ ਦੇ ਐਨ ਉਲਟ ਨਿਮਰਤਾ ਭਰੇ, ਹਲੀਮੀ ਨਾਲ ਗੱਲ ਕਰਨ ਵਾਲੇ ਆਮ ਆਦਮੀ ਵਾਂਗ ਅਤੇ ਆਪਣੀ ਲਗਾਤਾਰ ਚੱਲਦੀ ਖੰਘ ਸਣੇ ਲੋਕਾਂ ਨਾਲ ਜੁੜਦੇ ਹਨ।
ਇਸ ਤੋਂ ਇਲਾਵਾ ‘ਆਪ’ ਮੁਤੱਲਕ ਦੋ ਹੋਰ ਚੀਜ਼ਾਂ ਤੋਂ ਵੀ ਭਾਜਪਾ ਨੂੰ ਫ਼ਿਕਰਮੰਦ ਹੋਣਾ ਚਾਹੀਦਾ ਹੈ। ਪਹਿਲੀ ਗੱਲ ਇਹ ਹੈ ਕਿ ਕੇਜਰੀਵਾਲ ਵਿਚਾਰਧਾਰਾ ਪੱਖੋਂ ਨਿਰਪੱਖਤਾ ਲੈ ਕੇ ਚੱਲਦੇ ਹਨ। ਉਨ੍ਹਾਂ ਦੀ ਸਿਆਸਤ ਲੈਣ-ਦੇਣ ਵਾਲੀ ਹੈ: ਵੋਟਾਂ ਦਵੋ ਤੇ ਭਲਾਈ ਸਕੀਮਾਂ ਲਵੋ। ਇਸ ਕਾਰਨ ਭਾਜਪਾ ਲਈ ਉਨ੍ਹਾਂ ਨੂੰ ਧਰਮ ਨਿਰਪੱਖ ਬਨਾਮ ਧਾਰਮਿਕ ਜਾਂ ਰਾਸ਼ਟਰਵਾਦੀ ਬਨਾਮ ਰਾਸ਼ਟਰ-ਵਿਰੋਧੀ ਵਰਗੇ ਮਾਮਲਿਆਂ ਵਿਚ ਉਲਝਾਉਣਾ ਮੁਸ਼ਕਿਲ ਹੈ। ਦੂਜਾ, ‘ਆਪ’ ਵਿਚ ਵੱਡੀਆਂ ਜਿੱਤਾਂ ਦਰਜ ਕਰਨ ਦੀ ਲਾਸਾਨੀ ਸਮਰੱਥਾ ਹੈ। ਨਾ ਸਿਰਫ਼ ਦਿੱਲੀ ਸਗੋਂ ਹੁਣ ਪੰਜਾਬ ਵਿਚ ਵੀ ਇਸ ਨੇ ਚੋਣਾਂ ਵਿਚ ਵੱਡੇ ਪੱਧਰ ’ਤੇ ਸੀਟਾਂ ਜਿੱਤ ਕੇ ਹੂੰਝਾ ਫੇਰਿਆ ਹੈ ਅਤੇ ਸਮੁੱਚੀ ਵਿਰੋਧੀ ਧਿਰ ਨੂੰ ਹੀ ਲਾਂਭੇ ਕਰ ਕੇ ਰੱਖ ਦਿੱਤਾ ਹੈ। ‘ਆਪ’ ਦੀ ਪੰਜਾਬ ਵਿਚਲੀ ਜਿੱਤ ਦਾ ਸਿਹਰਾ ਇਸ ਦੇ ਵਿਰੋਧੀਆਂ ਕਾਂਗਰਸ ਤੇ ਅਕਾਲੀ ਦਲ ਦੀ ਮਾੜੀ ਹਾਲਤ ਨੂੰ ਦਿੱਤਾ ਜਾ ਸਕਦਾ ਹੈ ਪਰ ਦਿੱਲੀ ਵਿਚ ਵੀ ਇਸ ਨੇ ਕਾਂਗਰਸ ਦਾ ਵੋਟ ਆਧਾਰ ਨਿਗਲ ਲਿਆ ਹੈ ਤੇ ਭਾਰੀ ਫ਼ਰਕ ਨਾਲ ਜਿੱਤਾਂ ਦਰਜ ਕਰ ਕੇ ਲਗਾਤਾਰ ਦੋ ਮਿਆਦਾਂ ਦੌਰਾਨ ਭਾਜਪਾ ਨੂੰ ਸੱਤਾ ਤੋਂ ਬਾਹਰ ਰਹਿਣ ਲਈ ਮਜਬੂਰ ਕੀਤਾ ਹੈ।
ਇਸ ਦੇ ਬਾਵਜੂਦ ਕੇਜਰੀਵਾਲ ਅਤੇ ਉਨ੍ਹਾਂ ਦੀ ‘ਆਪ’ ਨੂੰ ਹਾਲੇ ਕੌਮੀ ਪੱਧਰ ਉੱਤੇ ਭਾਜਪਾ ਦਾ ਬਦਲ ਬਣਨ, ਜੋ ਉਨ੍ਹਾਂ ਦੀ ਖ਼ੁਆਹਿਸ਼ ਵੀ ਹੈ, ਲਈ ਪਹਾੜ ਜਿੱਡੀ ਚੜ੍ਹਾਈ ਚੜ੍ਹਨੀ ਪੈਣੀ ਹੈ। ਪਰ ਜਿਸ ਤੇਜ਼ੀ ਨਾਲ ਕਾਂਗਰਸ ਨਿਘਰ ਰਹੀ ਹੈ, ਅਜਿਹਾ ਛੇਤੀ ਹੀ ਹੋ ਸਕਦਾ ਹੈ। ਜੇ ‘ਆਪ’ ਵਿਚ ਚੱਲ ਰਹੀ ਚਰਚਾ ਸਹੀ ਹੈ ਤਾਂ ਗੁਜਰਾਤ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਅਤੇ ਹੋਰ ਵੱਖ-ਵੱਖ ਸੂਬਿਆਂ ਦੇ ਬੇਚੈਨ ਤੇ ਅਸੰਤੁਸ਼ਟ ਕਾਂਗਰਸੀ ਆਗੂ ਪਹਿਲਾਂ ਹੀ ਕੇਜਰੀਵਾਲ ਦੇ ਬੂਹਾ ਖੜਕਾ ਰਹੇ ਹਨ। ਜੇ ਕੇਜਰੀਵਾਲ ਸੱਚਮੁੱਚ ਹੀ ਕਾਂਗਰਸ ਦੀ ਥਾਂ ਮੱਲਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਕਾਮਯਾਬ ਰਹਿੰਦੇ ਹਨ ਤਾਂ ਉਹ ਯਕੀਨਨ ਭਾਜਪਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ। ਇਸ ਸੂਰਤ ਵਿਚ ਭਾਜਪਾ ਨੂੰ ਰਵਾਇਤੀ ਸਿਆਸਤ ਵਿਚਲੀ ਇਸ ਨਵੀਂ ਖ਼ਰਾਬੀ ਦਾ ਟਾਕਰਾ ਕਰਨ ਲਈ ਆਪਣੀ ਮਸ਼ੀਨਰੀ ਮੁੜ ਸੈੱਟ ਕਰਨੀ ਪਵੇਗੀ ਤੇ ਨਵੀਂ ਰਣਨੀਤੀ ਘੜਨੀ ਪਵੇਗੀ।
* ਲੇਖਿਕਾ ਸਿਆਸੀ ਵਿਸ਼ਲੇਸ਼ਕ ਹੈ।