ਮਹਾਤਮਾ ਗਾਂਧੀ ਅਕਾਲੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ ਭੇਟ ਕਰਨ ਲਈ 3 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚੇ। ਉਸ ਦਿਨ ਰੱਖੇ ਸ਼ਹੀਦੀ ਦੀਵਾਨ ’ਚ ਉਨ੍ਹਾਂ ਹਿੰਦੋਸਤਾਨੀ ’ਚ ਭਾਸ਼ਣ ਦੇਂਦਿਆਂ ਮੁਕਤਸਰ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੀ ਭਿਆਨਕ ਖ਼ਬਰ ’ਤੇ ਉਨ੍ਹਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ। ਮਗਰੋਂ ਲਾਹੌਰ ’ਚ ਸਿੱਖਾਂ ਨੂੰ ਭੇਜੇ ਇਕ ਸੰਦੇਸ਼ ’ਚ ਮਹਾਤਮਾ ਨੇ ਕਿਹਾ, ‘‘ਜੋ ਕੁਝ ਵੀ ਮੈਂ ਦੇਖਿਆ ਤੇ ਸੁਣਿਆ ਇਹ ਡਾਇਰਵਾਦ ਦਾ ਦੂਜਾ ਹੀ ਰੂਪ ਸੀ ਸਗੋਂ ਉਸ ਤੋਂ ਜ਼ਿਆਦਾ ਵਹਿਸ਼ੀਆਨਾ, ਵਧੇਰੇ ਗਿਣਿਆ-ਮਿੱਥਿਆ ਅਤੇ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਤੋਂ ਵੀ ਵੱਧ ਕਰੂਰ।’’
ਅਕਾਲੀ ਸੁਧਾਰਕਾਂ ਦੀ ਅਹਿੰਸਾ ਪ੍ਰਤੀ ਨਿਸ਼ਚਾ ਤੋਂ ਮਹਾਤਮਾ ਗਾਂਧੀ ਇੰਨੇ ਪ੍ਰਭਾਵਿਤ ਹੋਏ ਕਿ ਕੁਝ ਸਮੇਂ ਤਕ ਆਪਣੇ ਭਾਸ਼ਣਾਂ ਅਤੇ ਲਿਖਤਾਂ ’ਚ ਉਹ ਇਸ ਸਾਕੇ ਦਾ ਜ਼ਿਕਰ ਕਰਦੇ ਰਹੇ। ਮੁਲਸ਼ੀ ਪੇਟਾ ਦੇ ਸਤਿਆਗ੍ਰਹਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ: ‘‘ਮੈਂ ਮੁਲਸ਼ੀ ਪੇਟਾ ’ਚ ਲਛਮਣ ਸਿੰਘ ਅਤੇ ਦਲੀਪ ਸਿੰਘ ਵਰਗੀ ਬਹਾਦਰੀ ਵੇਖਣ ਦਾ ਚਾਹਵਾਨ ਹਾਂ। ਨਨਕਾਣਾ ਸਾਹਿਬ ’ਚ ਮਹੰਤ ਨਰਾਇਣ ਦਾਸ ਦੇ ਹਮਲੇ ਦਾ ਇਨ੍ਹਾਂ ਦੋਵਾਂ ਨੇ ਅਹਿੰਸਕ ਰਹਿ ਕੇ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਆਪਣੀ ਕੁਰਬਾਨੀ ਦੇ ਦਿੱਤੀ।’’
ਡਾ. ਮਹਿੰਦਰ ਸਿੰਘ*
ਇਹ ਵਰ੍ਹਾ ਇਕ ਮਹੱਤਵਪੂਰਨ ਘਟਨਾ ਦੀ ਸ਼ਤਾਬਦੀ ਨਾਲ ਸੰਬੰਧਿਤ ਹੈ- ਹਰਿਮੰਦਰ ਸਾਹਿਬ ’ਚ ਖਾਲਸਾ ਬਿਰਾਦਰੀ ਦੀ ਕੜਾਹ-ਪ੍ਰਸ਼ਾਦ ਭੇਟ ਕਰਨ ਰਾਹੀਂ ਮੁੜ-ਪ੍ਰਵੇਸ਼ ਦੀ ਘਟਨਾ- ਜੋ ਅੱਗੇ ਚੱਲ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਦੀ ਵੱਡੀ ਲਹਿਰ (1920-25) ਦਾ ਪੂਰਵ ਆਧਾਰ ਬਣੀ। ਸਿੰਘ ਸਭਾ ਲਹਿਰ ਦੇ ਆਗੂਆਂ ਦੀਆਂ ਕੋਸ਼ਿਸ਼ਾਂ ਸਦਕਾ ਸੰਤ ਲਖਮੀਰ ਸਿੰਘ ਰਾਹੀਂ ਅਖੌਤੀ ਨੀਵੀਆਂ ਜਾਤਾਂ ਦੇ ਮਜ਼ਹਬੀ ਅਤੇ ਰਮਦਾਸੀਏ ਸਿੱਖਾਂ ਨੂੰ ਅੰਮ੍ਰਿਤਪਾਨ ਕਰਾ ਕੇ ਉਨ੍ਹਾਂ ਨੂੰ ਖਾਲਸਾ ਬਿਰਾਦਰੀ ਦਾ ਖਿਤਾਬ ਦਿੱਤਾ ਗਿਆ। ਫਿਰ ਇਨ੍ਹਾਂ ਨਵੇਂ ਖਾਲਸਾ ਬਿਰਾਦਰੀ ਦੇ ਮੈਂਬਰਾਂ ਨੂੰ ਸਿੰਘ ਸਭਾ ਲਹਿਰ ਦੇ ਆਗੂਆਂ ਨਾਲ, ਜਿਨ੍ਹਾਂ ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰੋਫ਼ੈਸਰ ਵੀ ਸ਼ਾਮਿਲ ਸਨ, ਹਰਿਮੰਦਰ ਸਾਹਿਬ ’ਚ ਕੜਾਹ-ਪ੍ਰਸਾਦਿ ਕਰਾਉਣ ਲਈ ਲਿਜਾਇਆ ਗਿਆ। ਬਹੁਤ ਲੰਬੇ ਸਮੇਂ ਤੋਂ ਜਾਤ ਵਿਤਕਰਿਆਂ ਕਾਰਨ ਇਨ੍ਹਾਂ ਦਾ ਕੜਾਹ-ਪ੍ਰਸਾਦਿ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਵੱਲੋਂ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ। ਇਹ ਅਜਿਹਾ ਖਸੂਸੀ ਹੱਕ ਸੀ ਜਿਸ ਤੋਂ ਜਾਤੀ ਤਫ਼ਰਕੇ ਕਰਕੇ ਉਨ੍ਹਾਂ ਨੂੰ ਮਹਿਰੂਮ ਰੱਖਿਆ ਗਿਆ ਸੀ। ਇਹ ਇਨ੍ਹਾਂ ਲਈ ਕਾਫ਼ੀ ਸਮੇਂ ਬਾਅਦ ਆਇਆ ਇਹ ਪਹਿਲਾ ਮੌਕਾ ਸੀ। ਜਦ ਇਸ ਮੌਕੇ ਇਨ੍ਹਾਂ ਪ੍ਰਸਾਦਿ ਚੜ੍ਹਾਇਆ ਤਾਂ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੇ ਉਸ ਨੂੰ ਪਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਸੁਧਾਰਕਾਂ ਜਦ ਕਿਹਾ ਕਿ ਸਿੱਖ ਧਰਮ ’ਚ ਜਦੋਂ ਜਾਤ-ਪਾਤ ਲਈ ਕੋਈ ਥਾਂ ਨਹੀਂ ਹੈ ਤਾਂ ਫਿਰ ਇਨ੍ਹਾਂ ਦੇ ਪ੍ਰਸਾਦਿ ਨੂੰ ਪਰਵਾਨ ਕੀਤਾ ਜਾਏ ਤੇ ਸੰਗਤ ’ਚ ਵਰਤਾਇਆ ਜਾਏ। ਇਸ ਗੱਲ ’ਤੇ ਦੋਵੇਂ ਧਿਰਾਂ ਖਹਬਿੜ ਪਈਆਂ ਤੇ ਫਿਰ ਦੋਵਾਂ ਧਿਰਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਇਸ ਬਾਬਤ ਵਾਕ ਲੈਣ ਦਾ ਫ਼ੈਸਲਾ ਕੀਤਾ। ਵਾਕ ਸੁਧਾਰਕਾਂ/ਸੁਧਾਰਵਾਦੀਆਂ ਦੇ ਹੱਕ ਆਉਣ ’ਤੇ ਸੁਧਾਰਕਾਂ ਦਾ ਦਬਾਓ ਵਧ ਗਿਆ ਅਤੇ ਉਹ ਸ੍ਰੀ ਅਕਾਲ ਤਖਤ ਵੱਲ ਅਗਲੀ ਕਾਰਵਾਈ ਲਈ ਵਧਣ ਲੱਗੇ। ਇਸ ਤੋਂ ਘਬਰਾ ਕੇ ਪੁਜਾਰੀ ਆਪਣੀ ਡਿਊਟੀ ਵਿਚੇ ਹੀ ਛੱਡ ਉੱਥੋਂ ਨੱਸ ਗਏ। ਪੁਜਾਰੀਆਂ ਦੇ ਜਾਣ ਤੋਂ ਬਾਅਦ ਸੁਧਾਰਕਾਂ ਨੇ ਉੱਥੋਂ ਦੀ ਸੇਵਾ ਸੰਭਾਲ ਲਈ ਅਤੇ ਜਲਦੀ ਹੀ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਲਾਗਲੇ ਗੁਰਦੁਆਰਿਆਂ ਦੇ ਪ੍ਰਬੰਧ ਲਈ 25 ਮੈਂਬਰੀ ਕਮੇਟੀ ਕਾਇਮ ਕੀਤੀ।
ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਅਸਥਾਨਾਂ ਦੇ ਪੁਜਾਰੀ ਚਿਰਾਂ ਤੋਂ ਅੰਗਰੇਜ਼ੀ ਰਾਜ ਪ੍ਰਤੀ ਆਪਣੀ ਵਫ਼ਾਦਾਰੀ ਭੁਗਤਾਉਂਦੇ ਆਏ ਸਨ। ਚਾਣਚੱਕ ਵਾਪਰੀ ਇਸ ਘਟਨਾ ਨੇ ਅਫ਼ਸਰਸ਼ਾਹੀ ਨੂੰ ਜਿਵੇਂ ਨਿਰਜਿੰਦ ਕਰ ਦਿੱਤਾ। ਉਧਰੋਂ ਸਰਕਾਰ ਨੇ ਵੀ ਆਪਣੇ ਵੱਲੋਂ 36 ਮੈਂਬਰੀ ਆਰਜ਼ੀ ਕਮੇਟੀ ਦਾ ਐਲਾਨ ਕਰ ਦਿੱਤਾ, ਪਰ ਸੁਧਾਰਕਾਂ ਨੇ ਇਸ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਛੇਤੀ ਹੀ ਇਤਿਹਾਸਕ ਗੁਰ-ਅਸਥਾਨਾਂ ਦੇ ਪ੍ਰਬੰਧ ਲਈ ਇਕ ਕੇਂਦਰੀ ਸਿੱਖ ਸੰਗਠਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ – ਦਾ ਮੁੱਢ ਬੰਨ੍ਹ ਦਿੱਤਾ ਜੋ ਸ਼ਾਂਤਮਈ ਅੰਦੋਲਨ ਸਦਕਾ ਅਕਾਲੀ ਸੁਧਾਰਕਾਂ ਦੇ ਪ੍ਰਬੰਧ ਹੇਠ ਆ ਗਏ ਸਨ। 20 ਜਨਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਜਿਸ ਵਿਚ 130 ਸ਼ਾਂਤਮਈ ਸੁਧਾਰਕਾਂ ਨੂੰ ਮਹੰਤ ਨਰਾਇਣ ਦਾਸ ਦੇ ਭਾੜੇ ਦੇ ਗੁੰਡਿਆਂ ਰਾਹੀਂ ਬੜੀ ਨਿਰਦੈਤਾ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ। ਜ਼ੁਲਮ ਦੀ ਇਸ ਘਟਨਾ ਮਗਰੋਂ ਜਿੱਥੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦੀ ਲਹਿਰ ਹੋਰ ਤੇਜ਼ ਹੋਈ ਉੱਥੇ ਇਸ ਸਾਕੇ ਦੀ ਚਰਚਾ ਪੂਰੇ ਮੁਲਕ ’ਚ ਹੋਈ। ਬਰਬਰਤਾ ਦੀ ਮਿਸਾਲ ਬਣੀ ਇਸ ਘਟਨਾ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੱਸਦੇ ਸਿੱਖਾਂ ਨੂੰ ਪੂਰੀ ਤਰ੍ਹਾਂ ਝੰਜੋੜ ਦਿੱਤਾ। ਉਨ੍ਹਾਂ ਅਕਾਲੀ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਅਤੇ ਸੁਧਾਰਕਾਂ ਦੀ ਪੂਰੀ ਹਮਾਇਤ ਕਰਦਿਆਂ ਇਸ ਨਿਰਦਈ ਘਟਨਾ ਦੀ ਭਰਪੂਰ ਨਿੰਦਾ ਕੀਤੀ।
ਮਹਾਤਮਾ ਗਾਂਧੀ ਅਕਾਲੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ ਭੇਟ ਕਰਨ ਲਈ 3 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚੇ। ਉਸ ਦਿਨ ਰੱਖੇ ਸ਼ਹੀਦੀ ਦੀਵਾਨ ’ਚ ਉਨ੍ਹਾਂ ਹਿੰਦੋਸਤਾਨੀ ’ਚ ਭਾਸ਼ਣ ਦੇਂਦਿਆਂ ਮੁਕਤਸਰ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੀ ਭਿਆਨਕ ਖ਼ਬਰ ’ਤੇ ਉਨ੍ਹਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ। ਮਗਰੋਂ ਲਾਹੌਰ ’ਚ ਸਿੱਖਾਂ ਨੂੰ ਭੇਜੇ ਇਕ ਸੰਦੇਸ਼ ’ਚ ਮਹਾਤਮਾ ਨੇ ਕਿਹਾ, ‘‘ਜੋ ਕੁਝ ਵੀ ਮੈਂ ਦੇਖਿਆ ਤੇ ਸੁਣਿਆ ਇਹ ਡਾਇਰਵਾਦ ਦਾ ਦੂਜਾ ਹੀ ਰੂਪ ਸੀ ਸਗੋਂ ਉਸ ਤੋਂ ਜ਼ਿਆਦਾ ਵਹਿਸ਼ੀਆਨਾ, ਵਧੇਰੇ ਗਿਣਿਆ-ਮਿੱਥਿਆ ਅਤੇ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਤੋਂ ਵੀ ਵੱਧ ਕਰੂਰ।’’ ਅਕਾਲੀ ਸੁਧਾਰਕਾਂ ਦੀ ਅਹਿੰਸਾ ਪ੍ਰਤੀ ਨਿਸ਼ਚਾ ਤੋਂ ਮਹਾਤਮਾ ਗਾਂਧੀ ਇੰਨੇ ਪ੍ਰਭਾਵਿਤ ਹੋਏ ਕਿ ਕੁਝ ਸਮੇਂ ਤਕ ਆਪਣੇ ਭਾਸ਼ਣਾਂ ਅਤੇ ਲਿਖਤਾਂ ’ਚ ਉਹ ਇਸ ਸਾਕੇ ਦਾ ਜ਼ਿਕਰ ਕਰਦੇ ਰਹੇ। ਮੁਲਸ਼ੀ ਪੇਟਾ ਦੇ ਸਤਿਆਗ੍ਰਹਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ: ‘‘ਮੈਂ ਮੁਲਸ਼ੀ ਪੇਟਾ ’ਚ ਲਛਮਣ ਸਿੰਘ ਅਤੇ ਦਲੀਪ ਸਿੰਘ ਵਰਗੀ ਬਹਾਦਰੀ ਵੇਖਣ ਦਾ ਚਾਹਵਾਨ ਹਾਂ। ਨਨਕਾਣਾ ਸਾਹਿਬ ’ਚ ਮਹੰਤ ਨਰਾਇਣ ਦਾਸ ਦੇ ਹਮਲੇ ਦਾ ਇਨ੍ਹਾਂ ਦੋਵਾਂ ਨੇ ਅਹਿੰਸਕ ਰਹਿ ਕੇ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਆਪਣੀ ਕੁਰਬਾਨੀ ਦੇ ਦਿੱਤੀ।’’
ਮਹਾਤਮਾ ਗਾਂਧੀ ਅਕਾਲੀ ਸੰਘਰਸ਼ ਨੂੰ ਹਮਾਇਤ ਦੇਣ ਲਈ ਕਾਂਗਰਸ ਦੇ ਪ੍ਰਤਿਨਿਧਾਂ ਨੂੰ ਸਮਝਾਉਣ ’ਚ ਕਾਮਯਾਬ ਰਹੇ ਜਿਸ ਨੇ ਉਨ੍ਹਾਂ ਨੂੰ ਉਦਾਸੀਨ ਪੀੜਾ ਦੇ ਆਪਣੇ ਅਨੁਭਵ ਦੀ ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਚੰਗਾ ਮੌਕਾ ਪ੍ਰਦਾਨ ਕੀਤਾ ਸੀ। ਵਿਦੇਸ਼ੀ ਸਰਕਾਰ ਪ੍ਰਤੀ ਅਕਾਲੀ ਸੰਘਰਸ਼ ਸਿੱਖ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦਾ ਪ੍ਰਤੀਕ ਬਣ ਗਿਆ। ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਅਕਾਲੀਆਂ ਦੇ ਅਹਿੰਸਕ ਅੰਦੋਲਨ ਦੀਆਂ ਪ੍ਰਮੁੱਖ ਮਿਸਾਲਾਂ ਸਨ। ਜਦੋਂ ਸਰਕਾਰ ਵੱਲੋਂ ਜਬਰੀ ਹਾਸਲ ਕੀਤੀਆਂ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਵਾਪਸ ਕੀਤੀਆਂ ਗਈਆਂ ਤਾਂ ਮਹਾਤਮਾ ਗਾਂਧੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਇਕ ਟੈਲੀਗ੍ਰਾਮ ਰਾਹੀਂ ਇਹ ਸੰਦੇਸ਼ ਭੇਜਿਆ- ‘‘ਹਿੰਦੋਸਤਾਨ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ, ਮੁਬਾਰਕਬਾਦ।’’
ਅਕਾਲੀ ਸੁਧਾਰਕਾਂ ਨੂੰ ਉਨ੍ਹਾਂ ਦੇ ਸੰਘਰਸ਼ ’ਚ ਆਪਣੀ ਹਿਮਾਇਤ ਜਾਰੀ ਰੱਖਣ ਲਈ ਕਾਂਗਰਸ ਆਗੂਆਂ ਨੇ ਇਕ ਰਸਮੀ ਮਤਾ ਪਾਸ ਕੀਤਾ ਜਿਸ ਵਿਚ ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕੀਤੀਆਂ ਵਧੀਕੀਆਂ ਨੂੰ ਸਾਰੇ ਭਾਰਤੀਆਂ ਦੇ ਸੁਤੰਤਰ ਵਿਚਰਨ ਤੇ ਮੇਲਜੋਲ ਰੱਖਣ ਦੇ ਅਧਿਕਾਰ ਲਈ ਸਿੱਧੀ ਚੁਣੌਤੀ ਦੱਸਿਆ। ਸਤੰਬਰ 1923 ਨੂੰ ਦਿੱਲੀ ਵਿਚ ਕਾਂਗਰਸ ਦੇ ਵਿਸ਼ੇਸ਼ ਇਜਲਾਸ ’ਚ ਨਾਭਾ ਦੀ ਸਿੱਖ ਰਿਆਸਤ ’ਚ ਚੱਲੇ ਅਕਾਲੀ ਸੰਘਰਸ਼ ਦੀ ਹਮਾਇਤ ’ਚ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਜਵਾਹਰਲਾਲ ਨਹਿਰੂ, ਏ.ਟੀ. ਗਿਡਵਾਨੀ ਅਤੇ ਕੇ. ਸਾਂਤਾਨਮ ਨੂੰ ਲਹਿਰ ਬਾਰੇ ਮੁੱਢਲੀ ਜਾਣਕਾਰੀ ਲਈ ਨਿਰੀਖਕਾਂ ਵਜੋਂ ਭੇਜਿਆ ਗਿਆ। ਨਾਭਾ ਪੁੱਜਦਿਆਂ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਸੀਖਾਂ ਪਿੱਛੇ ਡਕ ਦਿੱਤਾ ਗਿਆ। ਇੱਥੇ ਨਹਿਰੂ ਨੂੰ ਅਕਾਲੀਆਂ ਵੱਲੋਂ ਪੇਸ਼ ਮੁਸ਼ਕਲਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਅਕਾਲੀਆਂ ਦੀ ਕਰਨੀ ਤੋਂ ਪ੍ਰਭਾਵਿਤ ਹੁੰਦਿਆਂ ਉਸ ਇਨ੍ਹਾਂ ਨੂੰ ਕਲਮਬੰਦ ਕੀਤਾ। ਇਸ ਲਿਖਤ ਦੀ ਅਸਲ ਕਾਪੀ ਨਹਿਰੂ ਮੈਮੋਰੀਅਲ ਮਿਊਜ਼ੀਅਮ, ਨਵੀਂ ਦਿੱਲੀ ’ਚ ਸੁਰੱਖਿਅਤ ਹੈ। ਇਸ ਹੱਥ-ਲਿਖਤ ਬਿਆਨ ਦਾ ਅਖ਼ੀਰਲਾ ਪੈਰ੍ਹਾ ਇੱਥੇ ਦੇਣਾ ਵਾਜਬ ਹੋਵੇਗਾ:
‘‘ਮੈਂ ਜੇਲ੍ਹ ’ਚ ਸਾਂ ਜਦੋਂ ਸਿੱਖਾਂ ਵੱਲੋਂ ਗੁਰੂ ਕਾ ਬਾਗ਼ ਮੋਰਚਾ ਬੜੀ ਬਹਾਦਰੀ ਨਾਲ ਲੜਿਆ ਅਤੇ ਜਿੱਤਿਆ ਗਿਆ। ਮੈਂ ਅਕਾਲੀਆਂ ਦੀ ਕੁਰਬਾਨੀ ਅਤੇ ਹੌਸਲਾ ਵੇਖ ਕੇ ਅਚੰਭਿਤ ਹੋਇਆ ਅਤੇ ਦੁਆ ਕੀਤੀ ਕਿ ਮੈਨੂੰ ਵੀ ਕੋਈ ਅਜਿਹਾ ਮੌਕਾ ਮਿਲੇ ਜਿਸ ਸਦਕਾ ਮੈਂ ਕਿਸੇ ਸੇਵਾ ਦੇ ਰੂਪ ’ਚ ਆਪਣੀ ਡੂੰਘੀ ਦਿਲੀ ਭਾਵਨਾ ਉਨ੍ਹਾਂ ਪ੍ਰਤੀ ਪ੍ਰਗਟ ਕਰ ਸਕਾਂ। ਇਹ ਮੌਕਾ ਹੁਣ ਮੈਨੂੰ ਮਿਲਿਆ ਹੈ ਅਤੇ ਮੈਂ ਇਮਾਨਦਾਰੀ ਨਾਲ ਉਮੀਦ ਰੱਖਦਾ ਹਾਂ ਕਿ ਮੈਂ ਉਨ੍ਹਾਂ ਦੀਆਂ ਉੱਚ ਪਰੰਪਰਾਵਾਂ ਅਤੇ ਹਿੰਮਤ ਅੱਗੇ ਯੋਗ ਸਾਬਤ ਹੋਵਾਂਗਾ। ਸਤਿ ਸ੍ਰੀ ਅਕਾਲ।’’
ਸੈਂਟਰਲ ਜੇਲ੍ਹ
ਜਵਾਹਰਲਾਲ ਨਹਿਰੂ
ਨਾਭਾ 25 ਸਤੰਬਰ, 1923
ਅਕਾਲੀ ਲਹਿਰ ਨੇ ਅਹਿੰਸਕ ਅਸਹਿਯੋਗ ਸਿਧਾਂਤ ਦਾ ਕੁਸ਼ਲਤਾ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਹੰਤਾਂ ਨੂੰ ਗੁਰਧਾਮਾਂ ਦੀ ਸੇਵਾ-ਸੰਭਾਲ ਤੋਂ ਆਪਣੀਆਂ ਸ਼ਾਂਤਮਈ ਕੋਸ਼ਿਸ਼ਾਂ ਰਾਹੀਂ ਲਾਂਭੇ ਕਰ ਦਿੱਤਾ ਅਤੇ ਨਾਲ ਸਰਕਾਰ ਨੂੰ ਵੀ ਉਸਦੇ ਤਰਕ ਵਿਹੂਣੇ ਸਟੈਂਡ ਤੋਂ ਵੀ। ਅਕਾਲੀ-ਤੇ-ਪਰਦੇਸੀ ਅਖ਼ਬਾਰ ਨੇ ਲਹਿਰ ਦੀ ਸਫ਼ਲਤਾ ਨੂੰ ਇੰਞ ਬਿਆਨਿਆ:
‘‘ਅਕਾਲੀਆਂ ਨੇ ਹਿੰਦੋੋਸਤਾਨੀਆਂ ਨੂੰ ਦਿਖਾਇਆ ਕਿਵੇਂ ਇਕ ਬਹੁਤ ਹੰਕਾਰੀ, ਜ਼ਾਬਰ, ਸ਼ਾਤਿਰ ਤੇ ਧੋਖੇਬਾਜ਼ ਅਫ਼ਸਰਸ਼ਾਹੀ ਨੂੰ ਅਹਿੰਸਕ ਸਤਿਆਗ੍ਰਹਿ ਰਾਹੀਂ ਅੱਡੀਆਂ ਦੇ ਭਾਰ ਲਿਆਂਦਾ ਜਾ ਸਕਦਾ ਹੈ। ਗੁਰੂ ਕੇ ਬਾਗ਼ ’ਚ ਕੀਤੀਆਂ ਕੁਰਬਾਨੀਆਂ ਰਾਹੀਂ ਉਨ੍ਹਾਂ ਅਫ਼ਸਰਸ਼ਾਹੀ ਦੀ ਗਰਿਮਾ ਨੂੰ ਰੋਲ ਕੇ ਰੱਖ ਦਿੱਤਾ ਅਤੇ ਭਾਰਤ ਦੇ ਮਾਣ ਨੂੰ ਵਧਾਇਆ।’’
ਅਕਾਲੀ ਲਹਿਰ ਦੀ ਕਾਮਯਾਬੀ ਦਾ ਸਿਹਰਾ ਮੁੱਖ ਤੌਰ ’ਤੇ ਇਸਦੀ ਯੋਗ ਅਗਵਾਈ ਕਰਨ ਵਾਲਿਆਂ ਨੂੰ ਜਾਂਦਾ ਹੈ ਜਿਨ੍ਹਾਂ ਵਿਚ ਵਕੀਲ, ਕਾਲਜ ਅਤੇ ਸਕੂਲ ਅਧਿਆਪਕ, ਸੇਵਾਮੁਕਤ ਫ਼ੌਜੀ ਅਫ਼ਸਰ ਅਤੇ ਪ੍ਰਤੀਬੱਧ ਕਾਰਕੁਨ ਸ਼ਾਮਿਲ ਸਨ। ਵੱਖ-ਵੱਖ ਇਲਾਕਿਆਂ ’ਚੋਂ ਆਏ ਅਕਾਲੀ ਕਾਰਕੁਨਾਂ ’ਚ 66 ਫ਼ੀਸਦੀ ਜੱਟ ਸਿੱਖ ਕਿਰਸਾਨੀ ’ਚੋਂ ਸਨ ਜਿਨ੍ਹਾਂ ਵਿੱਚੋਂ ਵਧੇਰੇ ਲਾਇਲਪੁਰ, ਸ਼ੇਖੂਪੁਰਾ, ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਤੋਂ ਸਨ। ਉਸੇ ਅਨੁਰੂਪ, ਸਿੱਖ ਰਿਆਸਤਾਂ ’ਚ ਚੱਲੀ ਅਕਾਲੀ ਲਹਿਰ ’ਚ ਵਧੇਰੇ ਕਾਰਕੁਨ ਕਿਰਸਾਣੀ ਨਾਲ ਸੰਬੰਧਤ ਸਨ।
ਅਕਾਲੀ ਆਗੂ ਝੂਠੇ ਸਰਕਾਰੀ ਪ੍ਰਚਾਰ ਨਾਲ ਨਜਿੱਠਣ ਲਈ ਪ੍ਰੈੱਸ ਅਤੇ ਲੋਕ ਰਾਇ ਦੀ ਕੀਮਤ ਨੂੰ ਜਾਣਦੇ ਸਨ। ਇਸ ਖ਼ਾਤਰ ਉਨ੍ਹਾਂ ਆਪਣੇ ਬਲਬੂਤੇ ’ਤੇ ਲੋਕ ਭਾਸ਼ਾ ’ਚ ਦੋ ਰੋਜ਼ਾਨਾ ਅਖ਼ਬਾਰ ਜਾਰੀ ਕੀਤੇ- ਅਕਾਲੀ (ਉਰਦੂ) ਅਤੇ ਅਕਾਲੀ-ਤੇ-ਪਰਦੇਸੀ (ਪੰਜਾਬੀ) ਅਤੇ ਲਾਹੌਰ ਤੋਂ ਛਪਦੇ ਅੰਗਰੇਜ਼ੀ ਅਖ਼ਬਾਰ ‘ਦਿ ਨੇਸ਼ਨ’ ਦੇ ਸ਼ੇਅਰ ਖ਼ਰੀਦੇ। ‘ਦਿ ਟ੍ਰਿਬਿਊਨ’ ਦਾ ਟ੍ਰਸਟੀ ਰੁਚੀ ਰਾਮ ਸਾਹਨੀ ਅਕਾਲੀ ਲਹਿਰ ਦਾ ਤਕੜਾ ਹਮਾਇਤੀ ਸੀ ਅਤੇ ਵੱਖੋ-ਵੱਖ ਮਸਲਿਆਂ ’ਤੇ ਅਕਾਲੀ ਦਲ ਦੇ ਫ਼ੈਸਲਿਆਂ ਨੂੰ ਕਲਮਬੰਦ ਕਰਕੇ ਮੀਡੀਆ ਨੂੰ ਭੇਜਦਾ ਸੀ। ਅਕਾਲੀ ਸੰਘਰਸ਼ ’ਤੇ ਉਸ ਇਕ ਕਿਤਾਬ ਵੀ ਲਿਖੀ-‘ ਸਟਰਗਲ ਫ਼ਾਰ ਰਿਫੌਰਮ ਇਨ ਸਿੱਖ ਸ਼ਰਾਈਨਸ’ ਜਿਸ ਨੂੰ ਬਾਅਦ ਵਿਚ ਸ਼੍ਰੋਮਣੀ ਕਮੇਟੀ ਨੇ ਛਾਪਿਆ। ਇਹ ਗੱਲ ਸਾਡੇ ਲਈ ਹੈਰਾਨੀ ਵਾਲੀ ਤੇ ਜਾਣਕਾਰੀ ’ਚ ਵਾਧਾ ਕਰਨ ਵਾਲੀ ਹੋਵੇਗੀ ਕਿ ਅੰਗਰੇਜ਼ੀ ਅਖ਼ਬਾਰ ਦਿ ਹਿੰਦੋਸਤਾਨ ਟਾਈਮਸ ਨੂੰ ਅਕਾਲੀਆਂ ਨੇ ਸ਼ੁਰੂ ਕੀਤਾ ਸੀ ਤੇ ਮੰਗਲ ਸਿੰਘ ਗਿੱਲ ਇਸ ਦੇ ਬਾਨੀ ਸੰਪਾਦਕ ਸਨ।
ਆਪਣੇ ਪੰਜ ਸਾਲਾਂ ਦੇ ਸੰਘਰਸ਼ ’ਚ ਅਕਾਲੀਆਂ ਨੇ ਕਈ ਮਿੱਥਾਂ ਨੂੰ ਤੋੜਿਆ ਜਿਨ੍ਹਾਂ ’ਚ ਇਕ ਸੀ – ‘ਸਿੱਖ ਸੁਭਾਉਕੀ ਹਿੰਸਕ ਹੁੰਦੇ ਹਨ।’ ਤਰਨ ਤਾਰਨ, ਪੰਜਾ ਸਾਹਿਬ, ਨਨਕਾਣਾ ਸਾਹਿਬ, ਗੁਰੂ ਦਾ ਬਾਗ਼, ਜੈਤੋ ਅਤੇ ਹੋਰ ਥਾਵਾਂ ’ਤੇ ਚੱਲੇ ਅਕਾਲੀ ਜਥਿਆਂ ਦੇ ਸ਼ਾਂਤਮਈ ਸੰਘਰਸ਼ ਨੇ ਸਰਕਾਰੀ ਦਮਨ ਅਤੇ ਉਨ੍ਹਾਂ ਰਾਹੀਂ ਪ੍ਰਚਾਰੀ ਸਿੱਖਾਂ ਬਾਰੇ ਹਿੰਸਕ ਮਿੱਥ ਨੂੰ ਪੂਰੀ ਤਰ੍ਹਾਂ ਖੰਡਿਤ ਕਰ ਦਿੱਤਾ। ਸਰਕਾਰੀ ਦਮਨ ਦੌਰਾਨ ਮੌਕੇ ’ਤੇ ਮੌਜੂਦ ਇਕ ਇਸਾਈ ਪ੍ਰਚਾਰਕ ਸੀ.ਐਫ. ਐਂਡ੍ਰਿਊਜ਼ ਨੇ ਇਸ ਜਬਰ ਨੂੰ ਅਣਮਨੁੱਖੀ, ਵਹਿਸ਼ੀ, ਕੋਝਾ, ਕਾਇਰਾਨਾ ਅਤੇ ਅੰਗਰੇਜ਼ ਲਈ ਨਾ-ਮੰਨਣਯੋਗ ਕਿਹਾ। ਇਸ ਨੂੰ ਉਸ ਨੇ ਇੰਗਲੈਂਡ ਦੀ ਚਰਿਤ੍ਰਿਕ ਹਾਰ ਕਿਹਾ।
ਹੁਣ ਜਦੋਂ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਦੇਸ਼ਾਂ-ਵਿਦੇਸ਼ਾਂ ਵਿਚ ਸਿੱਖਾਂ ਵਿਚ ਨਿਰਾਸ਼ਾ ਤੇ ਰੋਹ ਜ਼ੋਰਾਂ ’ਤੇ ਹੈ ਤਾਂ ਕੀ ਅਸੀਂ ਅਕਾਲੀ ਲਹਿਰ ਦੇ ਸੂਰਬੀਰਾਂ ਦੀ ਕੁਰਬਾਨੀ ਤੋਂ ਕੁਝ ਸਬਕ ਸਿੱਖ ਸਕਦੇ ਹਾਂ ਤੇ ਕੌਮ ਦੇ ਦਰਦੀਆਂ ਨੂੰ ਇਕ ਪਲੈਟਫਾਰਮ ’ਤੇ ਇਕੱਠੇ ਹੋ ਕੇ ‘ਚੁਣੇ ਹੋਏ ਮਹੰਤਾਂ’ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਸਕਦੇ ਹਾਂ? ਇਹ ਹੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ, ਜਿਨ੍ਹਾਂ ਨੂੰ ਅਸੀਂ ਆਪਣੀ ਨਿਤਾਪ੍ਰਤਿ ਅਰਦਾਸ ਵਿਚ ਯਾਦ ਕਰਦੇ ਹਾਂ, ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।
*ਇਸ ਵਿਸ਼ੇ ’ਤੇ ਇਕ ਪੁਖ਼ਤਾ ਪੁਸਤਕ ‘ਦਿ ਅਕਾਲੀ ਮੂਵਮੈਂਟ, ਮੈਕਮਿਲਨ, 1978’ ਦੇ ਲੇਖਕ ਡਾ. ਮਹਿੰਦਰ ਸਿੰਘ, ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਨਵੀਂ ਦਿੱਲੀ ਦੇ ਡਾਇਰੈਕਟਰ ਹਨ।
ਸੰਪਰਕ: 98183-09390