ਡਾ. ਗੁਰਿੰਦਰ ਕੌਰ
ਪ੍ਰਸਿੱਧ ਵਾਤਾਵਰਨ ਕਾਰਕੁਨ ਸੁੰਦਰ ਲਾਲ ਬਹੁਗੁਣਾ ਦਾ ਜਨਮ 9 ਜਨਵਰੀ 1927 ਨੂੰ ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਮਰੋਡਾ ਪਿੰਡ ਵਿਚ ਹੋਇਆ ਸੀ ਅਤੇ ਉਨ੍ਹਾਂ ਦੀ ਮੌਤ 21 ਮਈ 2021 ਨੂੰ ਹੋ ਗਈ। ਸੁੰਦਰ ਲਾਲ ਬਹੁਗੁਣਾ ਨੇ 1949 ਵਿਚ ਠਕਰ ਬੱਪਾ ਅਤੇ ਮੀਰਾ ਬੇਨ ਦੇ ਪ੍ਰਭਾਵ ਥੱਲੇ ਆ ਕੇ ਸਮਾਜ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਦਲਿਤ ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲ ਬਣਵਾਇਆ ਅਤੇ ਦਲਿਤਾਂ ਦੇ ਮੰਦਰ ਵਿਚ ਜਾਣ ਲਈ ਅੰਦੋਲਨ ਸ਼ੁਰੂ ਕਰ ਦਿੱਤਾ। ਇਨ੍ਹਾਂ ਨੇ ਸਿਲਾਰ ਪਿੰਡ ਵਿਚ ਨੌਜੁਵਾਨਾਂ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਨ ਲਈ ਆਸ਼ਰਮ ਬਣਾਇਆ। 1962 ਵਿਚ ਚੀਨ ਅਤੇ ਭਾਰਤ ਦੀ ਲੜਾਈ ਤੋਂ ਬਾਅਦ ਭਾਰਤ ਸਰਕਾਰ ਨੇ ਹਿਮਾਲਿਆ ਖੇਤਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਸੜਕਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸੜਕਾਂ ਬਣਾਉਣ ਸਮੇਂ ਪਹਾੜਾਂ ਦੀ ਬਣਤਰ ਦਾ ਖਿਆਲ ਨਾ ਰੱਖਦੇ ਹੋਏ ਅੰਨ੍ਹੇਵਾਹ ਜੰਗਲਾਂ ਦੀ ਕਟਾਈ ਸ਼ੁਰੂ ਕਰ ਦਿੱਤੀ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣ ਲਈ ਸੁੰਦਰ ਲਾਲ ਬਹੁਗੁਣਾ ਨੇ ਆਪਣੇ ਸਾਥੀਆਂ ਨਾਲ ਵਿਉਂਤਬੰਦੀ ਕਰ ਕੇ 1970ਵਿਆਂ ਦੇ ਦਹਾਕੇ ਵਿਚ ਚਿਪਕੋ ਅੰਦੋਲਨ ਸ਼ੁਰੂ ਕਰ ਦਿੱਤਾ ਜਿਸ ਕਰ ਕੇ ਉਹ ਦੁਨੀਆ ਭਰ ਵਿਚ ਪ੍ਰਸਿੱਧ ਹੋ ਗਏ। ਚਿਪਕੋ ਅੰਦੋਲਨ ਦਾ ਨਾਅਰਾ ‘ਵਾਤਾਵਰਨ ਸਥਾਈ ਅਰਥ ਵਿਵਸਥਾ ਹੈ’ (ਇਕੋਲੋਜੀ ਇਜ਼ ਪਰਮਾਨੈਂਟ ਇਕੌਨਮੀ)। ਸੁੰਦਰ ਲਾਲ ਬਹੁਗੁਣਾ ਅਨੁਸਾਰ ਮਿੱਟੀ, ਪਾਣੀ ਅਤੇ ਜੰਗਲ ਹਰ ਤਰ੍ਹਾਂ ਦੇ ਜੀਵ-ਜੰਤੂਆਂ ਦੀ ਜ਼ਿੰਦਗੀ ਦੇ ਆਧਾਰ ਹਨ। ਜੇਕਰ ਜੰਗਲ ਨਹੀਂ ਰਹਿਣਗੇ ਤਾਂ ਪਾਣੀ ਦੇ ਸ੍ਰੋਤ-ਚਸ਼ਮੇ ਅਤੇ ਦਰਿਆ ਵੀ ਸੁੱਕ ਜਾਣਗੇ।
ਚਿਪਕੋ ਅੰਦੋਲਨ ਹਿਮਾਲਿਆਂ ਖੇਤਰ ਤੋਂ ਬਾਅਦ ਭਾਰਤ ਦੇ ਬਾਕੀ ਹਿੱਸਿਆਂ ਵਿਚ ਫ਼ੈਲਿਆ ਅਤੇ 1980 ਵਿਚ ਅਮਰੀਕਾ ਦੀ ਫਰੈਂਡਜ਼ ਆਫ਼ ਨੇਚਰ ਸੰਸਥਾ ਨੇ ਇਸ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਸੁੰਦਰ ਲਾਲ ਬਹੁਗੁਣਾ ਨੂੰ ਸਨਮਾਨਿਤ ਕੀਤਾ। ਸੁੰਦਰ ਲਾਲ ਬਹੁਗੁਣਾ ਦੇ ਇਸ ਅੰਦੋਲਨ ਨਾਲ ਹਿਮਾਲਿਆ ਖੇਤਰ ਦੇ ਲੋਕ ਇੰਨੇ ਜਾਗਰੂਕ ਹੋ ਗਏ ਸਨ ਕਿ ਉਨ੍ਹਾਂ ਨੇ 1980 ਦੇ ਦਹਾਕੇ ਵਿਚ ਹਿਮਾਲੀਆ ਖੇਤਰ ਵਿਚ ਜੰਗਲਾਂ ਦੀ ਕਟਾਈ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਵਿਰੋਧ ਦੇ ਸਿੱਟੇ ਵਜੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1981 ਵਿਚ ਵਾਤਾਵਰਨ ਸੰਵੇਦਨਸ਼ੀਲ ਖੇਤਰਾਂ ਵਿਚੋਂ 15 ਸਾਲਾਂ ਲਈ ਜੰਗਲਾਂ ਦੀ ਕਟਾਈ ਉੱਤੇ ਪਾਬੰਦੀ ਲਗਾ ਦਿੱਤੀ ਸੀ।
1981-83 ਦਰਮਿਆਨ ਸੁੰਦਰ ਲਾਲ ਬਹੁਗੁਣਾ ਨੇ ਲੋਕਾਂ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਨ ਲਈ ਹਿਮਾਲੀਅਨ ਖੇਤਰ ਵਿਚ ਕਸ਼ਮੀਰ ਤੋਂ ਲੈ ਕੇ ਕੋਹੀਮਾ ਤੱਕ 5000 ਕਿਲੋਮੀਟਰ ਦੀ ਪਦਯਾਤਰਾ ਕੀਤੀ। ਉਨ੍ਹਾਂ ਨੇ ਇਸ ਯਾਤਰਾ ਸਮੇਂ ਵਿਕਾਸ ਯੋਜਨਾਵਾਂ ਦੇ ਨਾਂ ਹੇਠਾਂ ਜੰਗਲਾਂ ਦੀ ਕਟਾਈ ਦੇ ਅੰਕੜੇ ਇੱਕਠੇ ਕਰ ਕੇ ਉਸ ਦੀ ਰਿਪੋਰਟ ਯੂਨਾਈਟਡ ਨੇਸ਼ਨਜ਼ ਨੂੰ ਵੀ ਭੇਜੀ ਸੀ। ਉਨ੍ਹਾਂ ਨੇ ਇਹ ਰਿਪੋਰਟ ਯੂਨਾਈਟਡ ਨੇਸ਼ਨਜ਼ ਨੂੰ ਇਸ ਉਮੀਦ ਉੱਤੇ ਭੇਜੀ ਸੀ ਕਿ ਉਹ ਹਿਮਾਲਿਆ ਦੇ ਵਾਤਾਵਰਨ ਅਤੇ ਇੱਥੋਂ ਦੇ ਸਰੋਤਾਂ ਨੂੰ ਹਰ ਹੀਲੇ ਬਚਾਉਣਾ ਚਾਹੁੰਦੇ ਸਨ।
ਚਿਪਕੋ ਅੰਦੋਲਨ ਤੋਂ ਬਾਅਦ ਉਨ੍ਹਾਂ ਨੇ ਟਿਹਰੀ ਡੈਮ ਦੇ ਨਿਰਮਾਣ ਦਾ ਵੀ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਪ੍ਰਾਜੈਕਟ ਨਾਲ ਉੱਤਰਾਖੰਡ ਦੇ ਈਕੋ ਸਿਸਟਮ ਨੂੰ ਖ਼ਤਰਾ ਪੈਦਾ ਹੋ ਜਾਵੇਗਾ, ਕਿਉਂਕਿ ਇਕ ਤਾਂ ਇਹ ਭੂਚਾਲ ਸੰਵੇਦਨਸ਼ੀਲ ਖੇਤਰ ਵਿਚ ਪੈਂਦਾ ਹੈ; ਦੂਜਾ, ਆਸਪਾਸ ਦੇ ਪਿੰਡਾਂ ਦੇ ਲੱਖਾਂ ਲੋਕ ਉੱਜੜ ਜਾਣਗੇ। ਇਸ ਪ੍ਰਾਜੈਕਟ ਨੂੰ ਰੋਕਣ ਲਈ ਉਨ੍ਹਾਂ ਨੇ ਲੰਮੇ ਸਮੇਂ ਲਈ ਵਰਤ ਵੀ ਰੱਖਿਆ। ਕੇਂਦਰ ਸਰਕਾਰ ਨੇ ਉਨ੍ਹਾਂ ਦੇ ਸਿਰੜ ਨੂੰ ਦੇਖਦੇ ਹੋਏ ਇਸ ਪ੍ਰਾਜੈਕਟ ਦੀ ਸਮੀਖਿਆ ਲਈ ਕਮੇਟੀ ਬਣਾਈ ਪਰ ਕੇਂਦਰ ਸਰਕਾਰ ਕਮੇਟੀ ਦੀਆਂ ਸਿਫ਼ਾਰਸਾਂ ਲਾਗੂ ਕਰਨ ਵਿਚ ਨਾਕਾਮ ਰਹੀ। ਬਹੁਗੁਣਾ ਨੇ ਇਸ ਸਬੰਧੀ ਇਕ ਹੋਰ ਭੁੱਖ ਹੜਤਾਲ ਕੀਤੀ ਪਰ ਡੈਮ ਨਿਰਮਾਣ ਦਾ ਕੰਮ ਜਾਰੀ ਰਿਹਾ। ਇਸ ਡੈਮ ਦੇ ਬਣਨ ਕਾਰਨ ਬਹੁਗੁਣਾ ਨੂੰ ਲੋਕਾਂ ਅਤੇ ਵਾਤਾਵਰਨ ਦੇ ਉਜਾੜੇ ਦਾ ਬਹੁਤ ਦੁੱਖ ਸੀ। ਇਸ ਡੈਮ ਦੀ ਭੇਂਟ ਉਨ੍ਹਾਂ ਦਾ ਜੱਦੀ ਘਰ ਵੀ ਚੜ੍ਹ ਗਿਆ ਸੀ ਅਤੇ ਉਨ੍ਹਾਂ ਨੂੰ ਪਿੰਡ ਛੱਡ ਕੇ ਜਾਣਾ ਪਿਆ।
ਸੁੰਦਰ ਲਾਲ ਬਹੁਗੁਣਾ ਚੱਲਦੀ-ਫ਼ਿਰਦੀ ਸੰਸਥਾ ਸਨ। ਉਨ੍ਹਾਂ ਦਾ ਚਲਾਇਆ ਦਰਖ਼ਤਾਂ ਨੂੰ ਬਚਾਉਣ ਦਾ ਚਿਪਕੋ ਅੰਦੋਲਨ ਦੱਖਣੀ ਭਾਰਤ ਦੇ ਕਰਨਾਟਕ ਰਾਜ ਵਿਚ ਅਪੀਕੋ ਅੰਦੋਲਨ ਦੇ ਨਾਂ ਨਾਲ ਚੱਲਿਆ। ਸੁੰਦਰ ਲਾਲ ਬਹੁਗੁਣਾ ਐਡੀ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ ਕਿ 1981 ਵਿਚ ਇਨ੍ਹਾਂ ਨੇ ਪਦਮਸ੍ਰੀ ਪੁਰਸਕਾਰ ਲੈਣ ਤੋਂ ਇਸ ਲਈ ਨਾਂਹ ਕਰ ਦਿੱਤੀ ਸੀ ਕਿ ਹਿਮਾਲਿਆ ਖੇਤਰ ਵਿਚ ਵਿਕਾਸ ਦੇ ਨਾਂ ਉੱਤੇ ਜੰਗਲਾਂ ਦਾ ਅੰਧਾਧੁੰਦ ਉਜਾੜਾ ਹੋ ਰਿਹਾ ਸੀ। ਵਾਤਾਵਰਨ ਮੁੱਦਿਆਂ ਲਈ ਅੰਦੋਲਨ ਕਰਦਿਆਂ ਉਨ੍ਹਾਂ ਨੂੰ ਕਈ ਵਾਰੀ ਜੇਲ੍ਹ ਵੀ ਜਾਣਾ ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਸੀ।
2013 ਦੀ ਉੱਤਰਾਖੰਡ ਤਰਾਸਦੀ ਉਨ੍ਹਾਂ ਦੇ ਚਿਪਕੋ ਅੰਦੋਲਨ ਸ਼ੁਰੂ ਕਰਨ ਤੋਂ 40 ਸਾਲ ਬਾਅਦ ਵਾਪਰੀ ਜਿਸ ਵਿਚ ਲੱਖਾਂ ਸਥਾਨਕ ਲੋਕ ਘਰੋਂ ਬੇਘਰ ਹੋਏ ਅਤੇ ਦਰਜਨਾਂ ਪਿੰਡ ਪਹਾੜਾਂ ਦੇ ਸੰਤੁਲਨ ਵਿਗੜਨ ਕਾਰਨ ਆਪਣੇ ਥਾਵਾਂ ਤੋਂ ਖਿਸਕ ਗਏ ਸਨ। ਵਾਤਾਵਰਨ ਦੀ ਕੀਮਤ ਉੱਤੇ ਕੀਤਾ ਸਰਕਾਰ ਦੁਆਰਾ ਆਰਥਿਕ ਵਿਕਾਸ ਉੱਤਰਾਖੰਡ ਦੇ ਲੋਕਾਂ ਨੂੰ ਬਹੁਤ ਮਹਿੰਗਾ ਪਿਆ। ਬਹੁਗੁਣਾ ਨੇ ਡੈਮਾਂ ਦੀ ਉਸਾਰੀ ਅਤੇ ਦਰਖ਼ਤਾਂ ਦੀ ਕਟਾਈ ਦੇ ਨਾਲ ਨਾਲ ਸੜਕਾਂ ਦੇ ਬੇਸ਼ੁਮਾਰ ਵਾਧੇ ਦਾ ਵਿਰੋਧ ਕੀਤਾ ਸੀ। 2000 ਵਿਚ ਉੱਤਰਾਖੰਡ ਦੇ ਨਵੇਂ ਰਾਜ ਬਣਨ ਤੋਂ ਬਾਅਦ ਇਸ ਨੂੰ ਸੈਰਗਾਹ ਦੇ ਤੌਰ ਉੱਤੇ ਉਭਾਰਨ ਲਈ ਇੱਥੇ ਸੜਕਾਂ ਦਾ ਜਾਲ ਵਿਛਾ ਦਿੱਤਾ ਹੈ। ਸੜਕਾਂ ਦੀ ਲੰਬਾਈ ਜਿਹੜੀ 2000 ਵਿਚ ਸਿਰਫ਼ 2000 ਕਿਲੋਮੀਟਰ ਸੀ, ਉਹ 2013 ਵਿਚ ਵਧ ਕੇ 24,000 ਕਿਲੋਮੀਟਰ ਹੋ ਗਈ ਸੀ। ਸੜਕਾਂ ਬਣਾਉਣ ਲਈ ਸਰਕਾਰ ਨੇ ਨਾ ਤਾਂ ਭੂ-ਵਿਗਿਆਨੀਆਂ ਦੀ ਮਦਦ ਲਈ ਅਤੇ ਨਾ ਹੀ ਵਾਤਾਵਰਨ ਨਿਯਮਾਂ ਦੀ ਪਾਲਣਾ ਕੀਤੀ। ਸਥਾਨਕ ਲੋਕਾਂ ਅਤੇ ਵਾਤਾਵਰਨ ਕਾਰਕੁਨਾਂ ਦੀ ਰਾਇ ਲੈਣ ਨੂੰ ਸਰਕਾਰ ਨੇ ਅਣਗੌਲਿਆ ਕੀਤਾ। ਜੇਕਰ ਸੁੰਦਰ ਲਾਲ ਬਹੁਗੁਣਾ ਵਰਗੇ ਦਿਓ-ਕੱਦ ਵਾਤਾਵਰਨ ਕਾਰਕੁਨ ਦੀ ਗੱਲ ਮੰਨੀ ਹੁੰਦੀ ਤਾਂ ਉੱਤਰਾਖੰਡ ਵਿਚ 2013 ਦਾ ਹਾਦਸਾ ਨਾ ਵਾਪਰਿਆ ਹੁੰਦਾ।
ਫਰਵਰੀ 2021 ਵਿਚ ਵੀ ਚਮੋਲੀ ਵਿਚ ਪਹਾੜ ਖਿਸਕਣ ਨਾਲ ਭਿਆਨਕ ਹਾਦਸਾ ਵਾਪਰਨ ਨਾਲ ਲਗਭਗ ਸੌ ਜਣਿਆਂ ਦੀ ਮੌਤ ਹੋ ਗਈ। ਚਮੋਲੀ ਹਾਦਸਾ ਉਸੇ ਪਣ-ਬਿਜਲੀ ਪ੍ਰਾਜੈਕਟ ਉੱਤੇ ਵਾਪਰਿਆ ਜਿਸ ਨੂੰ ਬਣਾਉਣ ਤੋਂ ਪਹਿਲਾਂ ਦਰਖ਼ਤ ਕੱਟਣ ਤੋਂ ਰੋਕਣ ਲਈ ਚਿਪਕੋ ਅੰਦੋਲਨ ਸ਼ੁਰੂ ਹੋਇਆ ਸੀ। ਉੱਤਰਾਖੰਡ ਰਾਜ ਦਾ ਪਹਾੜੀ ਖੇਤਰ ਬਹੁਤ ਹੀ ਸੰਵੇਦਨਸ਼ੀਲ ਹੈ ਜਿਸ ਕਰ ਕੇ ਇਹ ਖੇਤਰ ਵਾਰ ਵਾਰ ਕੁਦਰਤੀ ਆਫ਼ਤਾਂ ਦੀ ਲਪੇਟ ਵਿਚ ਆ ਜਾਂਦਾ ਹੈ। ਭੂਚਾਲ ਆਉਣਾ, ਬੱਦਲ ਫਟਣਾ, ਪਹਾੜਾਂ ਦਾ ਖਿਸਕਣਾ, ਜੰਗਲਾਂ ਨੂੰ ਅੱਗ ਲੱਗਣਾ ਆਦਿ ਪ੍ਰਕਿਰਿਆਵਾਂ ਭਾਵੇਂ ਕੁਦਰਤੀ ਆਫ਼ਤਾਂ ਹਨ ਪਰ ਇਨ੍ਹਾਂ ਦੀ ਗਿਣਤੀ ਅਤੇ ਨੁਕਸਾਨ ਵਿਚ ਵਾਧਾ ਮਨੁੱਖੀ ਗਤੀਵਿਧੀਆਂ ਕਾਰਨ ਹੀ ਹੋ ਰਿਹਾ ਹੈ।
ਫਰਵਰੀ 2021 ’ਚ ਚਮੋਲੀ ਹਾਦਸੇ ਤੋਂ ਦੋ ਮਹੀਨੇ ਬਾਅਦ ਅਪਰੈਲ ਵਿਚ ਉੱਤਰਾਖੰਡ ਦੇ ਜੰਗਲਾਂ ਨੂੰ ਅੱਗ ਲੱਗ ਗਈ ਜਿਸ ਨੇ ਫਿਰ ਇੱਥੋਂ ਦੇ ਵਾਤਾਵਰਨ ਅਤੇ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਸੰਨ 2000 ਵਿਚ ਉੱਤਰਾਖੰਡ ਰਾਜ ਦੇ ਬਣਨ ਤੋਂ ਬਾਅਦ 2021 ਤੱਕ ਇੱਥੋਂ ਦਾ ਲਗਭਗ 48000 ਹੈਕਟੇਅਰ ਜੰਗਲੀ ਰਕਬਾ ਅੱਗ ਨਾਲ ਪ੍ਰਭਾਵਿਤ ਹੋ ਚੁੱਕਿਆ ਹੈ। ਉੱਤਰਾਖੰਡ ਦੇ ਲੋਕ ਇੱਥੋਂ ਦੇ ਵਾਤਾਵਰਨ ਦੀ ਸੰਵੇਦਨਸ਼ੀਲਤਾ ਬਾਰੇ ਜਾਣੂ ਸਨ ਜਿਸ ਕਰ ਕੇ ਉਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਬ੍ਰਿਟਿਸ਼ ਰਾਜ ਵੇਲੇ ਤੋਂ ਹੀ ਵਾਤਾਵਰਨ ਦੇ ਮੁਦਿਆਂ ਨਾਲ ਜੁੜੇ ਹੋਏ ਸਨ। ਸਥਾਨਕ ਦਰਖ਼ਤਾਂ ਦੀ ਜ਼ਿਆਦਾ ਕਟਾਈ ਤੋਂ ਬਾਅਦ ਜਦੋਂ ਬ੍ਰਿਟਿਸ਼ ਸਰਕਾਰ ਨੇ ਇਸ ਖੇਤਰ ਵਿਚ ਚੀਲ ਦੇ ਦਰਖ਼ਤ ਲਗਾਉਣੇ ਸ਼ੁਰੂ ਕੀਤੇ ਸਨ ਤਾਂ ਵੀ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਸੀ ਕਿਉਂਕਿ ਉਨ੍ਹਾਂ ਨੇ ਵਾਤਾਵਰਨ ਬਾਰੇ ਆਪਣੇ ਡੂੰਘੇ ਅਨੁਭਵ ਤੋਂ ਇਹ ਸਿੱਟਾ ਕੱਢ ਲਿਆ ਸੀ ਕਿ ਜਿੱਥੇ ਇਹ ਚੀਲ ਦੇ ਦਰਖ਼ਤ ਲੱਗੇ ਹਨ, ਉੱਥੇ ਜੰਗਲੀ ਅੱਗ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਸੁੰਦਰ ਲਾਲ ਬਹੁਗੁਣਾ ਨੇ 2018 ਵਿਚ ਇੰਟਰਵਿਊ ਵਿਚ ਕਿਹਾ ਸੀ ਕਿ ਨਵੀਂ ਚਾਰ ਧਾਮ ਸੜਕ ਅਤੇ ਪੰਚੇਸ਼ਵਰ ਡੈਮ, ਉੱਤਰਾਖੰਡ ਰਾਜ ਨੂੰ ਹੋਰ ਤਬਾਹ ਕਰ ਦੇਣਗੇ ਕਿਉਂਕਿ ਇਨ੍ਹਾਂ ਦੇ ਬਣਾਉਣ ਲਈ ਲੱਖਾਂ ਦਰਖ਼ਤ ਅਤੇ ਮੀਲਾਂ ਲੰਬੇ ਪਹਾੜ ਕੱਟੇ ਜਾਣਗੇ। ਸਰਕਾਰਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵਾਤਾਵਰਨ ਜ਼ਿਆਦਤੀ ਨਾਲ ਪਹਿਲਾਂ ਤੋਂ ਸੰਵੇਦਨਸ਼ੀਲ ਪਹਾੜੀ ਖੇਤਰ ਹੋਰ ਕੁਦਰਤੀ ਆਫ਼ਤਾਂ ਦੇ ਸਨਮੁੱਖ ਹੋ ਜਾਵੇਗਾ। ਸੁੰਦਰ ਲਾਲ ਬਹੁਗੁਣਾ ਦੂਰਅੰਦੇਸ਼ ਸੂਝਬੂਝ ਦਾ ਮਾਲਕ ਸੀ, ਸਰਕਾਰਾਂ ਨੂੰ ਉਸ ਤੋਂ ਸੇਧ ਲੈਣੀ ਚਾਹੀਦੀ ਹੈ। ਜੇਕਰ ਉੱਤਰਾਖੰਡ ਸਰਕਾਰ ਅਤੇ ਕੇਂਦਰ ਸਰਕਾਰ ਸੁੰਦਰ ਲਾਲ ਬਹੁਗੁਣਾ ਵਰਗੀ ਮਹਾਨ ਸ਼ਖ਼ਸੀਅਤ ਨੂੰ ਸੱਚੀ ਸ਼ਰਧਾਜਲੀ ਦੇਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਦੇ ਸੁਝਾਏ ਰਸਤੇ ਉੱਤੇ ਚੱਲ ਕੇ ਇਕੱਲੇ ਉੱਤਰਾਖੰਡ ਜਾਂ ਹਿਮਾਲਿਆ ਦੇ ਵਾਤਾਵਰਨ ਨੂੰ ਹੀ ਨਹੀਂ ਸਗੋਂ ਸਮੁੱਚੇ ਦੇਸ ਨੂੰ ਵਧਦੀਆਂ ਕੁਦਰਤੀ ਆਫ਼ਤਾਂ ਤੋਂ ਮਾਰ ਤੋਂ ਬਚਾਉਣ ਦੇ ਉਪਰਾਲੇ ਸ਼ੁਰੂ ਕਰਨ।
*ਪ੍ਰੋਫ਼ੈਸਰ, ਜਿਓਗਰਾਫ਼ੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।