ਬਲਦੇਵ ਸਿੰਘ ਧਾਲੀਵਾਲ
ਸੈਲੂਲਰ ਜੇਲ੍ਹ ਬਾਰੇ ਕੁਝ ਕਹਿਣ ਦੇ ਖ਼ਿਆਲ-ਮਾਤਰ ਨਾਲ ਹੀ ਇਕ ਅਜੀਬ ਜਿਹੀ ਬੇਬੱਸੀ ਦੀ ਭਾਵਨਾ ਅੰਦਰ ਕਰਵਟਾਂ ਲੈਣ ਲੱਗਦੀ ਹੈ, … ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ, ਸਾਥੋਂ ਦਰਦ ਸੁਣਾਇਆ ਨਈਂ ਜਾਣਾ…। ਅੰਗਰੇਜ਼ੀ ਹਕੂਮਤ ਦੁਆਰਾ ਦਿੱਤੀਆਂ ਯਾਤਨਾਵਾਂ ਨਾਲ ਭਾਰਤ ਦੇ ਸੁਤੰਤਰਤਾ ਸੰਗਰਾਮੀ ਕੈਦੀਆਂ ਨੇ ਜੋ ਅਕਹਿ ਪੀੜਾਂ ਝੱਲੀਆਂ ਸਨ, ਉਨ੍ਹਾਂ ਲਈ ਦਰਦ ਸ਼ਬਦ ਵੀ ਛੋਟਾ ਪੈ ਜਾਂਦਾ ਹੈ। ਕਾਲੇਪਾਣੀ ਦੀ ਸਜ਼ਾ ਅਤੇ ਤਸੀਹਿਆਂ ਬਾਰੇ ਤਾਂ ਸਕੂਲੀ ਸਮਿਆਂ ਤੋਂ ਹੀ ਪੜ੍ਹਦੇ ਆਏ ਸਾਂ ਪਰ ਅੰਦਰ ਜੋ ਉਥਲ-ਪੁਥਲ ਇਸ ਭਿਆਨਕ ਜੇਲ੍ਹ ਨੂੰ ਅੱਖੀਂ ਵੇਖ ਕੇ ਮਹਿਸੂਸ ਹੁੰਦੀ ਹੈ, ਉਹ ਅਹਿਸਾਸ ਸਿਲੇਬਸ ’ਚ ਲੱਗੇ ਲੇਖਾਂ-ਕਹਾਣੀਆਂ ਨੂੰ ਪੜ੍ਹ ਕੇ ਨਹੀਂ ਸੀ ਹੋ ਸਕਦਾ।
ਪੋਰਟ ਬਲੇਅਰ ਪਹੁੰਚ ਕੇ ਸਭ ਤੋਂ ਵੱਧ ਜਗਿਆਸਾ ਸੈਲੂਲਰ ਜੇਲ੍ਹ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੀ ਸੀ, ਇਹ ਪੂਰੀ ਵੀ ਪਹਿਲੇ ਨੰਬਰ ’ਤੇ ਕੀਤੀ। ਬਾਹਰੋਂ ਵੇਖਿਆਂ ਇਹ ਲਾਲ ਇੱਟਾਂ ਨਾਲ ਚਿਣੀਆਂ, ਟੀਪ ਕੀਤੀਆਂ ਮੋਟੀਆਂ-ਉੱਚੀਆਂ ਕੰਧਾਂ ਵਾਲੀ ਕਿਲ੍ਹਾ-ਨੁਮਾ ਇਮਾਰਤ ਜਾਪਦੀ ਸੀ ਜਿਸ ਦਾ ਮੋਟੇ ਮਜ਼ਬੂਤ ਸਰੀਆਂ ਨਾਲ ਬਣਾਇਆ ਦਰਵਾਜ਼ਾ ਮੁੱਖ ਸੜਕ ’ਤੇ ਖੁੱਲ੍ਹਦਾ ਸੀ। ਦਰਵਾਜ਼ੇ ਦੇ ਮੱਥੇ ਉੱਤੇ ਅੰਗਰੇਜ਼ੀ ਅਤੇ ਹਿੰਦੀ ਵਿਚ ਡਰਾਉਣਾ ਸ਼ਬਦ ‘ਸੈਲੂਲਰ ਜੇਲ੍ਹ’ ਲਿਖਿਆ ਹੋਇਆ ਸੀ। ਜੇਲ੍ਹ ਦੀ ਇਸ ਪਹਿਲੀ ਤੇ ਬਾਹਰੀ ਝਲਕ ਤੋਂ ਹੀ ਅਨੁਮਾਨ ਹੋ ਜਾਂਦਾ ਸੀ ਕਿ ਚੀਕਾਂ-ਕੂਕਾਂ ਕਿਵੇਂ ਇਸ ਇਮਾਰਤ ਦੇ ਅੰਦਰ ਹੀ ਦਫ਼ਨ ਹੋ ਜਾਂਦੀਆਂ ਹੋਣਗੀਆਂ।
ਜੇਲ੍ਹ ਦੇ ਸਾਹਮਣੇ, ਸੜਕ ਦੇ ਪਾਰ, ਇਕ ਪਾਰਕ ਵਿਚ ਸ਼ਹੀਦ ਦੇਸ਼ਭਗਤਾਂ ਦੇ ਬੁੱਤ ਲੱਗੇ ਹੋਏ ਸਨ। ਉਨ੍ਹਾਂ ਵਿਚ ਇਕ ਸਾਡੇ ਭਾਨ ਸਿੰਘ ਦਾ ਵੀ ਸੀ। ਵੇਖ ਕੇ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਉੱਤੇ ਮਾਣ ਜਿਹਾ ਮਹਿਸੂਸ ਹੋਇਆ। ਆਪਣੀ ‘ਆਜ਼ਾਦੀ’ ਨਾਲ ਪਿਆਰ ਹੋਰ ਗੂੜ੍ਹਾ ਹੁੰਦਾ ਮਹਿਸੂਸ ਹੋਇਆ।
ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਸੱਜੇ ਤੇ ਖੱਬੇ ਦੋਵੇਂ ਪਾਸੀਂ ਵੱਡੀਆਂ ਗੈਲਰੀਆਂ ਸਨ ਜਿੱਥੇ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਤਸਵੀਰਾਂ, ਚੀਜ਼ਾਂ-ਵਸਤਾਂ, ਅਖ਼ਬਾਰੀ ਕਤਰਨਾਂ, ਚਿੱਠੀਆਂ, ਅਦਾਲਤੀ ਹੁਕਮਾਂ ਅਤੇ ਸਵੈ-ਬਿਰਤਾਂਤਾਂ ਦੇ ਮਾਧਿਅਮ ਰਾਹੀਂ ਬਿਆਨ ਕੀਤੀ ਗਈ ਸੀ। ਹਰੇਕ ਵੇਰਵਾ ਦਰਸ਼ਕ ਦੇ ਲੂੰ ਕੰਡੇ ਖੜ੍ਹੇ ਕਰਦਾ ਜਾਂਦਾ ਸੀ। ਜਿੰਨਾ ਕੁ ਵੇਖ ਸਕੇ ਵੇਖ ਲਿਆ, ਪੜ੍ਹ ਸਕੇ ਪੜ੍ਹ ਲਿਆ, ਬਾਕੀ ਤਸਵੀਰਾਂ ਖਿੱਚ ਕੇ ਆਪਣੇ ਮੋਬਾਈਲ ਕੈਮਰਿਆਂ ’ਚ ਬਾਅਦ ਵਿਚ ਪੜ੍ਹ ਸਕਣ ਲਈ ਸਾਂਭ ਲਿਆ। ਸ਼ੁਕਰ ਹੈ ਇੱਥੇ ਤਸਵੀਰਾਂ ਖਿੱਚਣ ਦੀ ਮਨਾਹੀ ਨਹੀਂ ਸੀ। ਲਤਾ ਮੰਗੇਸ਼ਕਰ ਦਾ ਗਾਇਆ ਹਿਰਦੇਵੇਧਕ ਗੀਤ ‘ਜ਼ਰਾ ਯਾਦ ਕਰੋ ਕੁਰਬਾਨੀ’ ਹਰੇਕ ਤਸਵੀਰ ਖਿਚਦਿਆਂ ਕੰਨਾਂ ’ਚ ਗੂੰਜਣ ਲੱਗਦਾ ਅਤੇ ਸਰੀਰ ’ਚ ਝੁਣਝੁਣੀਆਂ ਛਿੜਨ ਲੱਗਦੀਆਂ।
ਚੁੱਪਚਾਪ ਅਸੀਂ ਇਕ ਇਕ ਚੀਜ਼ ਨੂੰ ਨਿਹਾਰਦੇ ਜਾ ਰਹੇ ਸਾਂ। ਮੇਰਾ ਪੁੱਤਰ ਗੋਨੂੰ ਆਪਣੀ ਸਿਵਿਲ ਸੇਵਾਵਾਂ ਦੀ ਤਿਆਰੀ ਦੌਰਾਨ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਇਤਿਹਾਸ ਬਹੁਤ ਬਾਰੀਕੀ ’ਚ ਪੜ੍ਹ ਚੁੱਕਿਆ ਹੋਣ ਕਰਕੇ, ਹਰ ਨਿੱਕੇ-ਵੱਡੇ ਵੇਰਵੇ ਨੂੰ ਗਹੁ ਨਾਲ ਵਾਚ ਰਿਹਾ ਸੀ। ਕਈ ਵਾਰ ਭਾਵੁਕ ਜਿਹਾ ਹੋ ਕੇ ਆਪਣੇ ਭਾਵ ਸਾਡੇ ਨਾਲ ਵੀ ਸਾਂਝੇ ਕਰਨ ਲੱਗ ਜਾਂਦਾ।
“ਪਾਪਾ… ਪਾਪਾ… ਰੀਡ ਦਿਸ, ਜੇ ਅਸਲ ਟਰੁੱਥ ਨੂੰ ਟੇਸਟ ਕਰਨਾ ਐ ਤਾਂ।” ਗੋਨੂੰ ਨੇ ਭਰੇ ਜਿਹੇ ਮਨ ਨਾਲ ਸਾਹਮਣੇ ਬੋਰਡ ਦੀ ਲਿਖਤ ਵੱਲ ਇਸ਼ਾਰਾ ਕੀਤਾ। ਸਿਰਲੇਖ ਸੀ, ‘ਜੇਲ੍ਹ ਜੀਵਨ ਦੀ ਕਹਾਣੀ’ (The Story of Prison Life) ਇਹ ਇਕ ਦੇਸ਼ਭਗਤ ਕੈਦੀ ਬਰਿੰਦਰ ਕੁਮਾਰ ਘੋਸ਼ ਦੀ ਸਵੈ-ਜੀਵਨੀ ਦਾ ਅੰਸ਼ ਸੀ। ਲਿਖਿਆ ਸੀ:
ਸਵੇਰੇ ਉੱਠ ਕੇ ਮੂੰਹ ਧੋਤਾ, ਨਾਸ਼ਤੇ ਦੇ ਨਾਂ ਤੇ ਗਾਂਜੀ, ਜਿਸਨੂੰ ਕਾਂਜੀ ਆਖਦੇ ਸਨ, ਦੇ ਦਰਸ਼ਨ ਹੋਏ, ਵੇਖ ਕੇ ਸਾਰਾ ਸੁਆਦ ਮਾਰਿਆ ਗਿਆ। ਉਬਲੇ ਹੋਏ ਚੌਲ ਮਸਲ ਕੇ ਪਾਣੀ ’ਚ ਘੋਲੇ ਹੋਏ ਸਨ। ਕੋਈ ਇਸ ਦੀ ਸ਼ਕਲ ਨੂੰ ਖੀਰ ਵਰਗੀ ਸਮਝਣ ਦਾ ਭਰਮ ਪਾਲ ਸਕਦਾ ਹੈ, ਪਰ ਇਹ ਬਕਬਕਾ ਘੋਲੀਆ ਸੀ, ਜਿਸ ਦਾ ਛੋਟਾ ਜਿਹਾ ਡੱਬਾ ਭਰ ਕੇ ਹਰੇਕ ਨੂੰ ਫੜਾ ਦਿੱਤਾ ਜਾਂਦਾ ਸੀ। ਕਾਗਜ਼ਾਂ ਵਿਚ ਰੋਜ਼ ਦਿੱਤੇ ਜਾਣ ਵਾਲੇ ਰਾਸ਼ਨ ਦੀ ਮਿਕਦਾਰ ਸੀ, ਚੌਲ 6 ਔਂਸ, ਰੋਟੀ 5 ਔਂਸ, ਦਾਲ ਦੋ ਔਂਸ, ਲੂਣ 1 ਦਰਾਮ, ਥਿੰਦਾ ਪੌਣਾ ਦਰਾਮ, ਸਬਜ਼ੀ 8 ਦਰਾਮ… ਸਾਨੂੰ ਹਰੇਕ ਨੂੰ ਜਿਹੜੀ ਜੰਗਾਲੇ ਥੱਲੇ ਵਾਲੀ ਲੋਹੇ ਦੀ ਬਠਲੀ ਦਿੱਤੀ ਜਾਂਦੀ ਉਸਦਾ ਚਿਕਨੀ ਪਰਤ ਵਾਲਾ ਤਲ਼ ਦੱਸਦਾ ਸੀ ਕਿ ਇਸਨੂੰ ਮਾਂਜਣ-ਧੋਣ ਦੀ ਕਦੇ ਕਿਸੇ ਨੇ ਲੋੜ ਹੀ ਨਹੀਂ ਸਮਝੀ ਹੋਣੀ। ਹਰੇਕ ਕੈਦੀ ਕੱਛੇ ਵਰਗੀ ਅੱਧੀ ਪੈਂਟ, ਖੱਦਰ ਦਾ ਕੁੜਤਾ ਅਤੇ ਚਿੱਟੇ ਰੰਗ ਦੀ ਟੋਪੀ ਪਹਿਨਦਾ। ਨਹਾਉਣ ਵੇਲੇ ਕੱਪੜੇ ਬਦਲਣ ਲਈ ਕੋਈ ਸਾਫ਼ਾ ਵਗੈਰਾ ਨਾ ਮਿਲਦਾ। ਛੋਟੀ ਲੰਗੋਟੀ ਬੰਨ੍ਹ ਕੇ ਨਹਾਉਂਦੇ ਜੋ ਅੱਧ-ਪਚੱਧਾ ਹੀ ਨੰਗ ਢਕ ਸਕਦੀ, ਲੰਗੋਟੀ ਕਾਹਦੀ ਨਿਰਾ ਸ਼ਰਮ ਦਾ ਘਰ। ਕੱਪੜੇ ਬਦਲਦਿਆਂ ਸਾਡੀ ਹਾਲਤ ਉਹੀ ਹੁੰਦੀ ਜਿਹੜੀ ਕੌਰਵਾਂ ਦੀ ਸਭਾ ਵਿਚ ਬੇਬੱਸ ਦਰੋਪਤੀ ਦੀ ਸੀ। ਅਸੀਂ ਸ਼ਰਮ ਨਾਲ ਸਿਰ ਝੁਕਾਈ ਕਾਹਲੀ ਨਾਲ ਨਹਾਉਣ ਦੀ ਰਸਮ ਪੂਰੀ ਕਰਦੇ। ਮੈਨੂੰ ਜਾਪਦਾ, ਭੱਦਰਪੁਰਸ਼ਾਂ ਵਾਲੇ ਵਿਹਾਰ ਦੀ ਆਸ ਤਾਂ ਦੂਰ ਦੀ ਗੱਲ, ਸਾਨੂੰ ਬੰਦੇ ਵੀ ਨਹੀਂ ਸਮਝਿਆ ਜਾ ਰਿਹਾ। ਕਾਹਦੇ ਬੰਦੇ, ਉਨ੍ਹਾਂ ਲਈ ਤਾਂ ਮਹਿਜ਼ ਮੁਜਰਿਮ ਸਾਂ…। ਨਾਸ਼ਤੇ ਤੋਂ ਬਾਅਦ ਹਰੇਕ ਕੈਦੀ ਮੁਸ਼ੱਕਤ ਲਈ ਜਾਂਦਾ। ਇਹ ਕੰਮ ਦਿਨ ਭਰ ਨਾਰੀਅਲ ਦੇ ਖੋਲ ਕੁੱਟ ਕੇ ਮੁੰਜ ਬਣਾਉਣ ਦਾ ਹੁੰਦਾ। ਦੁਪਹਿਰੇ ‘ਲੰਚ’ ਦੇ ਬਹਾਨੇ ਥੋੜ੍ਹਾ ਦਮ ਲੈਣਾ ਨਸੀਬ ਹੁੰਦਾ। ਇਸ ਤੋਂ ਵੀ ਸਖ਼ਤ ਕੰਮ ਕੋਹਲੂ ਗੇੜ ਕੇ ਤੇਲ ਕੱਢਣ ਦਾ ਹੁੰਦਾ। ਹਰੇਕ ਕੈਦੀ ਨੂੰ ਵੀਹ ਖੋਲ ਮਿਲਦੇ ਜਿਨ੍ਹਾਂ ਨੂੰ ਤੋੜ ਕੇ, ਪਿੰਜ ਕੇ, ਧੋ ਕੇ, ਸੁਕਾ ਕੇ, ਸੁੱਬੀਆਂ ਵੱਟ ਕੇ, ਬੈਗ ਬਣਾਉਣ ਦਾ ਕੰਮ ਕਰਨਾ ਹੁੰਦਾ…।
ਅਜਿਹੀਆਂ ਔਖਾਂ ਅਤੇ ਨਮੋਸ਼ੀਆਂ ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਡੁਲਾ ਨਾ ਸਕੀਆਂ। ਉਹ ਹਰ ਹਾਲਤ ਵਿਚ ਚੜ੍ਹਦੀ ਕਲਾ ’ਚ ਰਹਿਣ ਦਾ ਯਤਨ ਕਰਦੇ ਤਾਂ ਕਿ ਉਨ੍ਹਾਂ ਦਾ ਹੌਸਲਾ ਭਾਰਤੀਆਂ ਦੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਬਣ ਸਕੇ। ਇਸ ਤਰ੍ਹਾਂ ਦੇ ਜਜ਼ਬੇ ਨੂੰ ‘ਫਸਾਨਾ-ਏ-ਬਿਸਮਿਲ’ ਵਿਚ ਇਉਂ ਜ਼ੁਬਾਨ ਦਿੱਤੀ ਗਈ ਹੈ:
ਨੌਜਵਾਨੋਂ ਯਹੀ ਮੌਕਾ ਹੈ ਉਠੋ ਖੁੱਲ ਖੇਲੋ।
ਖਿਦਮਤੇ-ਕੌਮ ਪੇ ਆਏ ਜੋ ਬਲਾ ਤੁਮ ਝੇਲੋ।
ਦੇਸ਼ ਕੇ ਸਦਕੇ ਮੇਂ ਸਭ ਆਪਨੀ ਜਵਾਨੀ ਦੇ ਦੋ।
ਫਿਰ ਮਿਲੇਗੀ ਨਾ ਯੇਹ ਮਾਤਾ ਕੀ ਦੁਆਏਂ ਲੇ ਲੋ।
ਇਸ ਤਰ੍ਹਾਂ ਦੇ ਅਨੇਕਾਂ ‘ਅਫ਼ਸਾਨੇ’ ਇਨ੍ਹਾਂ ਤਸਵੀਰਾਂ ਦੀ ਬੁੱਕਲ ਵਿਚ ਸਮੋਏ ਹੋਏ ਹਨ। ਸ਼ਾਇਦ ਹੀ ਕੋਈ ਹੋਵੇ ਜਿਸ ਦੀਆਂ ਅੱਖਾਂ ਇਨ੍ਹਾਂ ਨੂੰ ਪੜ੍ਹਦਿਆਂ ਨਮ ਨਾ ਹੁੰਦੀਆਂ ਹੋਣ।
ਗੈਲਰੀਆਂ ਨੂੰ ਪੂਰੀ ਨੀਝ ਨਾਲ ਵੇਖਣ ਤੋਂ ਬਾਅਦ ਅਸੀਂ ਸੈਲੂਲਰ ਜੇਲ੍ਹ ਨੂੰ ਅੰਦਰੋਂ ਵੇਖਣ ਜਾਣਾ ਸੀ। ਇੱਥੇ ਕੋਈ ਪਾਬੰਦੀ ਨਹੀਂ ਸੀ, ਹਰੇਕ ਆਪਣੀ ਮਰਜ਼ੀ ਨਾਲ ਸਭ ਕੁਝ ਵੇਖ ਸਕਦਾ ਸੀ। ਮੁੱਢ ਵਿਚ ਜੇਲ੍ਹ ਦੀਆਂ ਸੱਤ ਲੰਮੀਆਂ ਇਮਾਰਤਾਂ ਦੀ ਲੜੀ ਇਸ ਡਿਜ਼ਾਇਨ ਨਾਲ ਬਣਾਈ ਗਈ ਸੀ ਜਿਵੇਂ ਸਾਈਕਲ ਦੇ ਚੱਕੇ ਦੀ ਹੱਬ ਦੁਆਲੇ ਤਾਰਾਂ ਜੁੜੀਆਂ ਹੁੰਦੀਆਂ ਹਨ। ਹਰੇਕ ਇਮਾਰਤ ਤਿੰਨ ਮੰਜ਼ਲੀ ਸੀ ਅਤੇ ਹਰੇਕ ਦੀ ਦੂਜੀ ਵੱਲ ਪਿੱਠ ਸੀ ਤਾਂ ਕਿ ਕੈਦੀ ਇਕ ਦੂਜੇ ਦੀ ਝਾਤ ਵੀ ਨਾ ਪਾ ਸਕਣ। ਹੱਬ ਵਾਲੇ ਹਿੱਸੇ ਵਿਚ ਬਣੀ ਗੋਲ ਇਮਾਰਤ ਵਿਚ ਗਾਰਡਾਂ ਦੀ ਚੌਂਕੀ ਹੁੰਦੀ ਸੀ। ਸੱਤੇ ਇਮਾਰਤਾਂ ਵਿਚ ਪੌਣੇ ਸੱਤ ਸੌ ਦੇ ਕਰੀਬ ਸੈੱਲ ਜਾਂ ਕਾਲ ਕੋਠੜੀਆਂ ਸਨ। ਹਰੇਕ ਸੈੱਲ 15×9 ਫੁੱਟ ਦੀ ਲੰਬਾਈ-ਚੌੜਾਈ ਵਾਲਾ ਸੀ। ਸੈੱਲ ਦੀ ਪਿਛਲੀ ਕੰਧ ਵਿਚ 3 ਮੀਟਰ ਦੀ ਉਚਾਈ ’ਤੇ ਇਕ ਰੌਸ਼ਨਦਾਨ ਹੁੰਦਾ ਸੀ ਅਤੇ ਮੂਹਰਲੇ ਪਾਸੇ ਰੋਟੀ-ਪਾਣੀ ਫੜਾਉਣ ਲਈ ਫੁੱਟ ਕੁ ਚੌੜੀ ਖਿੜਕੀ। ਕਮਰੇ ਵਿਚ ਦੋ ਛੋਟੀਆਂ ਬਠਲੀਆਂ ਹੁੰਦੀਆਂ, ਇਕ ਖਾਣ ਲਈ, ਦੂਜੀ ਟੱਟੀ-ਪਿਸ਼ਾਬ ਵਾਸਤੇ। ਇਨ੍ਹਾਂ ਨਾਲ ਕਾਲ-ਕੋਠੜੀਆਂ ਵਿਚ ਬੀਤੀ ਦੇਸ਼ਭਗਤਾਂ ਦੀ ਜ਼ਿੰਦਗੀ ਬਾਰੇ ਕਲਪਨਾ ਕਰਦਿਆਂ ਹੁਣ ਵੀ ਕਲੇਜਾ ਮੂੰਹ ਨੂੰ ਆਉਂਦਾ ਸੀ। ਕਸ਼ਟ ਤਾਂ ਇਕ ਪਾਸੇ, ਬੰਦੀਆਂ ਨੂੰ ਤਾਂ ਇੱਥੋਂ ਰਿਹਾਅ ਹੋਣ ਦੀ ਵੀ ਕੋਈ ਉਮੀਦ ਨਹੀਂ ਸੀ ਹੁੰਦੀ, ਫਿਰ ਉਹ ਕਿਸ ਆਸ ਦੀ ਕਿਰਨ ਸਹਾਰੇ ਸਮਾਂ ਬਿਤਾਉਂਦੇ ਹੋਣਗੇ? ਆਪਣੇ ਮਨੋਬਲ ਨੂੰ ਡਿੱਗਣੋਂ ਕਿਵੇਂ ਬਚਾਉਂਦੇ ਹੋਣਗੇ?
ਕੁਝ ਕੁ ਕਾਲ-ਕੋਠੜੀਆਂ ਵਿਚ ਉਨ੍ਹਾਂ ਬੰਦੀਆਂ ਦੀਆਂ ਤਸਵੀਰਾਂ ਵੀ ਰੱਖੀਆਂ ਹੋਈਆਂ ਸਨ ਜਿਹੜੇ ਉੱਥੇ ਬੰਦ ਰਹੇ ਸਨ। ਹਰੇਕ ਤਸਵੀਰ ਮੂਹਰੇ ਨਤਮਸਤਕ ਹੋ ਕੇ ਕੁਝ ਪਲ਼ ਸੋਚਦੇ ਹੋਏ ਖੜ੍ਹੇ ਰਹਿਣ ਨੂੰ ਮਨ ਕਰਦਾ ਸੀ ਤਾਂ ਕਿ ਉਸ ਸੂਰਬੀਰ ਦੀ ਕੁਰਬਾਨੀ ਦਾ ਅਹਿਸਾਸ ਆਪਣੇ ਅੰਦਰ ਮਹਿਸੂਸ ਕੀਤਾ ਜਾ ਸਕੇ।
ਦਰਦ ਨਾਲ ਭਰੇ ਮਨ ਨੂੰ ਇਸ ਗੱਲ ਨੇ ਰਤਾ ਕੁ ਸਕੂਨ ਦਿੱਤਾ ਕਿ ਬਾਅਦ ’ਚ ਇਨ੍ਹਾਂ ਕਾਲ-ਕੋਠੜੀਆਂ ਵਿਚ ਕੁਝ ਕੁ ਉਨ੍ਹਾਂ ਅੰਗਰੇਜ਼ ਅਧਿਕਾਰੀਆਂ ਨੂੰ ਵੀ ਬੰਦ ਰਹਿਣਾ ਪਿਆ ਸੀ ਜਿਨ੍ਹਾਂ ਨੇ ਇਹ ਭਾਰਤ ਦੇ ਦੇਸ਼ਭਗਤਾਂ ਨੂੰ ਤਾੜਨ ਲਈ ਬਣਵਾਈਆਂ ਸਨ। ਅਜਿਹਾ ਰੱਬੀ ਨਿਆਂ ਉਸ ਵੇਲੇ ਹੋਇਆ ਸੀ ਜਦੋਂ ਜਪਾਨੀਆਂ ਨੇ ਪੋਰਟ ਬਲੇਅਰ ਉੱਤੇ ਕਬਜ਼ਾ ਕੀਤਾ ਸੀ। ਕਿਸੇ ਲਈ ਪੁੱਟੇ ਟੋਏ ਵਿਚ ਇਉਂ ਕਈ ਵਾਰ ਆਪ ਨੂੰ ਵੀ ਡਿੱਗਣਾ ਪੈ ਜਾਂਦਾ ਹੈ।
ਜੇਲ੍ਹ ਦੀ ਹੱਬ ਵਾਲੀ ਇਮਾਰਤ ਵਿਚ ਸੰਗਮਰਮਰ ਦੇ ਚਿੱਟੇ ਪੱਥਰਾਂ ਉੱਤੇ ਬੰਦੀ ਰਹੇ ਦੇਸ਼ਭਗਤਾਂ ਦੇ ਨਾਵਾਂ ਦੀ ਸੂਚੀ ਉੱਕਰੀ ਹੋਈ ਸੀ। ਇਨ੍ਹਾਂ ਵਿਚ ਭਾਵੇਂ ਸਾਰੇ ਕੌਮਾਂ, ਫ਼ਿਰਕਿਆਂ ਦੇ ਲੋਕਾਂ ਦੇ ਨਾਂ ਸਨ ਪਰ ਵੱਡੀ ਗਿਣਤੀ ਪੰਜਾਬੀਆਂ ਅਤੇ ਬੰਗਾਲੀਆਂ ਦੀ ਸੀ। ਇਹ ਗੱਲ ਹੁਣ ਤੱਕ ਪੰਜਾਬੀਆਂ ਦਾ ਮਾਣ ਨਾਲ ਸਿਰ ਉੱਚਾ ਕਰਦੀ ਹੈ। ਇਸੇ ਲਈ ਜਦੋਂ ਪੰਜਾਬੀ ਕੌਮ ਨੂੰ ਲੱਗਦਾ ਹੈ ਕਿ ਭਾਰਤ ਦੀ ਕੇਂਦਰੀ ਸੱਤਾ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ ਤਾਂ ਉਹ ਰੋਸ ਵਿਚ, ਆਜ਼ਾਦੀ ਦੀ ਲੜਾਈ ਦੌਰਾਨ, ਅੱਸੀ ਫ਼ੀਸਦੀ ਕੁਰਬਾਨੀਆਂ ਦੇਣ ਦੀ ਗੱਲ ਜ਼ਰੂਰ ਚਿਤਾਰਦੇ ਹਨ। ਬੰਦੀਆਂ ਦੀਆਂ ਸੂਚੀਆਂ ਪੰਜਾਬੀਆਂ ਦੇ ਇਸ ਦਾਅਵੇ ਅਤੇ ਮਾਣ ਦੀ ਗਵਾਹੀ ਬਾਖ਼ੂਬੀ ਭਰਦੀਆਂ ਹਨ। ਪਰ ਹੁਣ ਸੌੜੀ ਸਿਆਸਤ ਦੇ ਦੌਰ ਵਿਚ ਉਨ੍ਹਾਂ ਦਾਅਵਿਆਂ ਨੂੰ ਕੌਣ ਪੁੱਛਦਾ ਹੈ, ਹੁਣ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ ਵਾਲੀ ਸਥਿਤੀ ਹੈ। ਜਿਨ੍ਹਾਂ ਕੋਲ ਸੱਤਾ ਹੈ ਉਨ੍ਹਾਂ ਨੇ ਵੀਰ ਸਾਵਰਕਰ ਵਾਲੇ ਸੈੱਲ ਨੂੰ ਹੀ ਸ਼ਿੰਗਾਰਿਆ ਗਿਆ ਹੈ ਅਤੇ ਉਸੇ ਦਾ ਬੁੱਤ ਜੇਲ੍ਹ ਦੇ ਵਿਹੜੇ ਵਿਚ ਉਚੇਚ ਨਾਲ ਸਥਾਪਿਤ ਕੀਤਾ ਗਿਆ ਹੈ। ਬਾਕੀਆਂ ਨੂੰ ਅਗਲਿਆਂ ਨੇ ਗੌਲਿਆ ਨਹੀਂ, ਭਾਵੇਂ ਕੋਈ ਰੋਵੇ ਭਾਵੇਂ ਪਿੱਟੇ, ਤਕੜੇ ਦਾ ਇਵੇਂ ਸੱਤੀਂ ਵੀਹੀਂ ਸੌ ਹੁੰਦਾ ਹੈ।
ਬੰਦੀਆਂ ਦੀਆਂ ਕਾਲ-ਕੋਠੜੀਆਂ ਵੇਖ ਕੇ ਹੀ ਮਨ ਬਥੇਰਾ ਭੈੜਾ ਹੋ ਚੁੱਕਿਆ ਸੀ ਪਰ ਹੇਠਾਂ ਜੇਲ੍ਹ ਦੇ ਵਿਹੜੇ ਵਿਚ ਕੁਝ ਹੋਰ ਦ੍ਰਿਸ਼ ਵੀ ਦਿਲ ਦਹਿਲਾਉਣ ਵਾਲੇ ਸਨ। ਇਕ ਕੋਰੜਿਆਂ ਦੀ ਮਾਰ ਝੱਲ ਰਹੇ ਕੈਦੀ ਦਾ ਬੁੱਤ ਲਾਇਆ ਹੋਇਆ ਸੀ। ਕੈਦੀ ਦੀਆਂ ਲੱਤਾਂ-ਬਾਹਾਂ ਇਕ ਸ਼ਿਕੰਜੇ ਵਿਚ ਕਸ ਕੇ ਉਸ ਦੀ ਨੰਗੀ ਪਿੱਠ ਉੱਤੇ ਕੋਰੜੇ ਵਰ੍ਹਾਏ ਜਾਂਦੇ ਸਨ ਤਾਂ ਕਿ ਉਸ ਦੀ ਕੁਰਲਾਹਟ ਬਾਕੀ ਬੰਦੀਆਂ ਲਈ ‘ਸਬਕ’ ਬਣ ਜਾਵੇ। ਪਰ੍ਹੇ ਇਕ ਸ਼ੈੱਡ ਹੇਠਾਂ ਉਹ ਕੋਹਲੂ ਵੀ ਪਿਆ ਸੀ ਜਿਸ ਦੀ ਗਾਧੀ ਅੱਗੇ ਬਲਦ ਵਾਂਗ ਜੁਪ ਕੇ ਕੈਦੀ ਤੇਲ ਕੱਢਦਾ ਸੀ। ਮੱਠੀ ਚਾਲ ਵਾਲੇ ਦੇ ਪ੍ਰੈਣੀਆਂ ਅਤੇ ਛਾਂਟਿਆਂ ਦੀ ਮਾਰ ਵੀ ਫਿਰ ਬਲਦ ਵਾਂਗ ਹੀ ਪੈਂਦੀ ਸੀ। ਦੁਸ਼ਮਣਾਂ ਨੂੰ ਕਾਹਦਾ ਤਰਸ ਸੀ ਕਿ ਮਾਰ ਸਹਿਣ ਵਾਲੇ ਦੇ ਤਨ-ਮਨ ’ਚੋਂ ਕਿਵੇਂ ਤ੍ਰਾਟਾਂ ਉੱਠ ਰਹੀਆਂ ਹਨ। ਇਸ ਤੋਂ ਵੀ ਭਿਆਨਕ ਉਹ ਭੋਰੇ-ਨੁਮਾ ਕਮਰਾ ਸੀ ਜਿੱਥੇ ਲਟੈਣ ਨਾਲ ਫਾਂਸੀ ਦੇ ਰੱਸੇ ਟੰਗੇ ਪਏ ਸਨ। ਗੈਲਰੀ ’ਚ ਅਸੀਂ ਵੇਖਿਆ ਸੀ ਕਿ ਜਦੋਂ ਤਿੰਨ ਕੁ ਸੌ ਬੰਦੀਆਂ ਉੱਤੇ ਜੇਲ੍ਹ ’ਚੋਂ ਭੱਜਣ ਦੀ ਸਾਜ਼ਿਸ਼ ਦਾ ਇਲਜ਼ਾਮ ਲੱਗਿਆ ਸੀ ਤਾਂ ਉਨ੍ਹਾਂ ’ਚੋਂ ਸਤਾਸੀਆਂ ਨੂੰ ਤੁਰੰਤ ਫਾਂਸੀ ਦੇ ਦਿੱਤੀ ਗਈ ਸੀ। ਕਿਹੜਾ ਕੋਈ ਪੁੱਛਣ-ਦੱਸਣ ਵਾਲਾ ਸੀ, ਅਗਲੇ ਆਪ ਹੀ ਹਾਕਮ ਸਨ ਅਤੇ ਆਪ ਹੀ ਜੱਜ।
ਜੇਲ੍ਹ ਦੀ ਛੱਤ ਉੱਤੇ ਚੜ੍ਹ ਕੇ ਆਲਾ-ਦੁਆਲਾ ਵੇਖਿਆਂ ਬਸਤੀਵਾਦੀ ਹਕੂਮਤ ਦੀਆਂ ਜ਼ਾਲਮ ਸ਼ਾਤਰ ਨੀਤੀਆਂ ਦੀਆਂ ਹੋਰ ਬਥੇਰੀਆਂ ਗੁੱਝੀਆਂ ਗੱਲਾਂ ਸਮਝ ਆ ਜਾਂਦੀਆਂ ਹਨ। ਜੇਲ੍ਹ ਦੀ ਵੱਡ-ਆਕਾਰੀ ਇਮਾਰਤ ਦੇ ਪਿਛੋਕੜ ਵਿਚ ਵਿਸ਼ਾਲ ਸਮੁੰਦਰ ਹੈ। ਕੋਈ ਕੈਦੀ ਭੱਜਣ ਦੀ ਸੋਚੇ ਤਾਂ ਅੱਗੇ ਖੂਹ ਅਤੇ ਪਿੱਛੇ ਖਾਤਾ ਵਾਲੀ ਗੱਲ ਵੀ ਨਾਲ ਹੀ ਚੇਤੇ ਆ ਜਾਵੇ। ਹੁੰਮਸ ਭਰੀ ਸਿੱਲ੍ਹੀ ਲੂਣੀ ਹਵਾ ਬੰਦੀਆਂ ਲਈ ‘ਸਲੋਅ ਡੈੱਥ’ ਦਾ ਸਾਮਾਨ ਬਣ ਜਾਂਦੀ ਸੀ। ਜੇ ਇਹ ਸਾਰਾ ਮਾਹੌਲ ਨਰਕ-ਰੂਪੀ ਸੀ ਤਾਂ ਛੱਤ ’ਤੇ ਖੜ੍ਹਿਆਂ ਨੇੜੇ ਹੀ ਦਿਸਦਾ ਰੌਸ ਟਾਪੂ ਸੁਰਗ-ਰੂਪੀ ਸੀ ਜਿਸ ਨੂੰ ਅੰਗਰੇਜ਼ ਅਧਿਕਾਰੀਆਂ ਨੇ ਆਪਣੀ ਰਿਹਾਇਸ਼ੀ ਕਾਲੋਨੀ ਵਜੋਂ ਸਭ ਸਹੂਲਤਾਂ ਨਾਲ ਲੈਸ ਕਰ ਕੇ ਵਿਕਸਿਤ ਕੀਤਾ ਸੀ।
ਮੰਨਿਆ ਜਾਂਦਾ ਹੈ ਕਿ ਸੈਲੂਲਰ ਜੇਲ੍ਹ ਦਾ ਫੁਰਨਾ ਅੰਗਰੇਜ਼ੀ ਹਕੂਮਤ ਨੂੰ 1857 ਦੇ ਗਦਰ ਤੋਂ ਬਾਅਦ ਫੁਰਿਆ ਸੀ। ਇਹ ਬਾਗ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੇ ਇਰਾਦੇ ਨਾਲ ਬਣਾਈ ਜਾਣੀ ਸੀ। ਫਿਰ 1896 ਵਿਚ ਇਹ ਬਣਨੀ ਸ਼ੁਰੂ ਹੋਈ ਅਤੇ 1906 ਵਿਚ ਮੁਕੰਮਲ ਹੋ ਗਈ। ਜੋ ਕੁਝ ਸੋਚ ਕੇ ਇਹ ਬਣਾਈ ਗਈ ਸੀ, ਬਿਲਕੁਲ ਉਵੇਂ ਹੀ ਵਾਪਰਿਆ। ਸਮੁੰਦਰੋਂ ਪਾਰ ਹੋਣ ਕਰਕੇ ਬੰਦੀਆਂ ਦਾ ਨਾਤਾ ਆਪਣੇ ਬਾਕੀ ਸਮਾਜ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦਾ ਸੀ। ਬੰਦੀ ਦੇ ਵਾਪਸ ਮੁੜਨ ਦੀ ਕੋਈ ਉਮੀਦ ਨਹੀਂ ਸੀ ਹੁੰਦੀ ਇਸ ਲਈ ਇਹ ਬਿਨਾਂ ਫਾਂਸੀ ਤੋਂ ਹੀ ਮੌਤ ਦੀ ਸਜ਼ਾ ਵਰਗੀ ਸੀ। ਸ਼ਾਇਦ ਇਸੇ ਕਰਕੇ ਭਾਰਤੀ ਲੋਕ-ਮਨ ਨੇ ਇਸ ਨੂੰ ਕਾਲੇਪਾਣੀ ਵਜੋਂ ਚਿਤਵਿਆ ਹੋਵੇਗਾ।
ਕਾਲੇਪਾਣੀ ਦੀ ਸਜ਼ਾ ਤਾਂ ਬਹੁਤ ਸਾਰੇ ਪੰਜਾਬੀਆਂ ਨੇ ਕੱਟੀ ਸੀ ਪਰ ਇਹ ਤਖ਼ੱਲਸ ਸਿਰਫ ਡਾ. ਦੀਵਾਨ ਸਿੰਘ ਦੇ ਨਾਂ ਨਾਲ ਜੁੜਿਆ। ਪੰਜਾਬੀ ਸਾਹਿਤ ਦਾ ਵਿਦਿਆਰਥੀ ਹੋਣ ਕਰਕੇ ਮੈਂ ਸੈਲੂਲਰ ਜੇਲ੍ਹ ਦੇ ਤਸੀਹਿਆਂ ਬਾਰੇ ਵਧੇਰੇ ਕਰਕੇ ਡਾ. ਕਾਲੇਪਾਣੀ ਦੇ ਹਵਾਲੇ ਨਾਲ ਹੀ ਸੋਚਦਾ ਰਿਹਾ ਹਾਂ। ਆਪਣੇ ਵਿਦਿਆਰਥੀ ਜੀਵਨ ਤੋਂ ਹੀ ਸੈਲੂਲਰ ਜੇਲ੍ਹ ਨੂੰ ਆਪਣੇ ਅੱਖੀਂ ਵੇਖਣ ਦੀ ਤਮੰਨਾ ਵਾਰ ਵਾਰ ਭੜਕਦੀ ਰਹੀ ਪਰ ਆਪਣੇ ਸੀਮਤ ਸਾਧਨਾਂ ਕਰਕੇ ਸਬੱਬ ਨਹੀਂ ਬਣ ਸਕਿਆ। ਪਰ ਚਲੋ ਜਿਵੇਂ ਕਹਿੰਦੇ ਹਨ ਦੇਰ ਆਇਦ ਦਰੁਸਤ ਆਇਦ, ਹੁਣ ‘ਸਿਆਣੀ’ ਉਮਰ ਵਿਚ ਸੈਲੂਲਰ ਜੇਲ੍ਹ ਵੇਖੀ ਤਾਂ ਉਸ ਬਾਰੇ ਉਹ ਗੱਲਾਂ ਵੀ ਸਮਝ ਆਈਆਂ ਜੋ ਸ਼ਾਇਦ ‘ਨਿਆਣੀ’ ਉਮਰ ’ਚ ਸਮਝ ਨਾ ਆਉਂਦੀਆਂ। ਜ਼ਿੰਦਗੀ ਵਿਚ ਆਜ਼ਾਦੀ ਅਤੇ ਗ਼ੁਲਾਮੀ ਦੇ ਅਰਥ ਅਸਲ ਵਿਚ ਅਜਿਹੀਆਂ ਥਾਵਾਂ ਦੀ ਯਾਤਰਾ ਕਰਕੇ ਹੀ ਸਮਝ ਆਉਂਦੇ ਹਨ। ਪਦਾਰਥਕ ਦੌੜ ਵਿਚ ਗ੍ਰਸਤ ਹੋ ਕੇ ਅੱਗਾ ਦੌੜ ਪਿੱਛਾ ਚੌੜ ਵਾਲੀ ਸਥਿਤੀ ’ਚੋਂ ਅਸੀਂ ਸਾਰੇ ਹੀ ਲੰਘ ਰਹੇ ਹਾਂ ਪਰ ਇੱਥੇ ਆ ਕੇ ਬੰਦਾ ਕੁਝ ਸਮਾਂ ਰੁਕ ਕੇ ਸੋਚਦਾ ਹੈ ਕਿ ਜੇ ਸਾਡੇ ਪੁਰਖੇ ਵੀ ਇਉਂ ਹੀ ਪਦਾਰਥਕ ਲੱਭਤਾਂ ਬਾਰੇ ਹੀ ਸੋਚਦੇ ਰਹਿੰਦੇ ਤਾਂ ਸਾਡਾ ਵਰਤਮਾਨ ਕਿਹੋ ਜਿਹਾ ਹੁੰਦਾ।
ਸੈਲੂਲਰ ਜੇਲ੍ਹ ਦੇ ਵਿਹੜੇ ਵਿਚ ਇਕ ਪਾਸੇ ਹੁਣ ਓਪਨ ਏਅਰ ਥੀਏਟਰ ਹੈ ਜਿੱਥੇ ਸ਼ਾਮ ਨੂੰ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਦੀ ਦਰਦ ਭਰੀ ਦਾਸਤਾਨ ਸੁਣਾਈ ਜਾਂਦੀ ਹੈ। ਇਹ ਦਰਦ ਹਰੇਕ ਦਰਸ਼ਕ ਦੇ ਅਹਿਸਾਸਾਂ ਵਿਚ ਘੁਲ ਜਾਂਦੇ ਹਨ ਅਤੇ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਹੁਣ ਉਹ, ਉਹ ਨਹੀਂ ਜੋ ਸੈਲੂਲਰ ਜੇਲ੍ਹ ਨੂੰ ਵੇਖਣ ਤੋਂ ਪਹਿਲਾਂ ਸੀ, ਹੁਣ ਉਸ ਦੀ ਰੂਹ ਨੇ ਕੋਈ ਨਵਾਂ ਜਾਮਾ ਪਹਿਨ ਲਿਆ ਹੈ। ਸੈਲੂਲਰ ਜੇਲ੍ਹ ਦੀ ਝਲਕ ਦਾ ਮੇਰੇ ਉੱਤੇ ਅਸਰ ਵੀ ਕੁਝ ਇਸੇ ਤਰ੍ਹਾਂ ਦਾ ਸੀ। ਰੂਹ ਵਿਚ ਹੁਣ ਇਹੀ ਤਰਾਨਾ ਗੂੰਜ ਰਿਹਾ ਸੀ ਕਿ ਸੰਸਾਰ ਵਿਚ ਗ਼ੁਲਾਮੀ ਵਰਗਾ ਕੋਈ ਨਰਕ ਨਹੀਂ ਹੋਣਾ ਅਤੇ ਆਜ਼ਾਦੀ ਜਿਹਾ ਕੋਈ ਸੁਰਗ ਨਹੀਂ ਹੋਣਾ।