ਯੋਧਾ ਸਿੰਘ
ਜਦੋਂ ਪਸ਼ੂ ਜਗਤ ਤੋਂ ਵੱਖ ਹੋਈ ਤੇ ਉੱਨਤ ਹੋ ਚੁੱਕੀ ਮਨੁੱਖੀ ਪ੍ਰਜਾਤੀ ਜਿਊਂਦੇ ਰਹਿਣ ਦੇ ਵਸੀਲੇ ਇਕੱਠੇ ਕਰਨ ਲਈ ਕੁਦਰਤ ਨਾਲ ਸੰਘਰਸ਼ ਵਿੱਚ ਪਈ ਤਾਂ ਕਿਰਤ ਕਰਨਾ ਉਨ੍ਹਾਂ ਦੇ ਜੀਵਨ ਦੀ ਮੁੱਖ ਸਰਗਰਮੀ ਬਣ ਗਿਆ। ਇਸ ਕਿਰਤ ਸਦਕਾ ਹੀ ਕੁਦਰਤ ਦੇ ਭੇਤਾਂ ਨੂੰ ਜਾਣ ਕੇ ਆਪਣੇ ਲਈ ਵਰਤਣਾ ਅਤੇ ਆਪਣੀ ਸਮਰੱਥਾ, ਹੁਨਰ ਤੇ ਵਿਗਿਆਨ ਨੂੰ ਵਿਕਸਤ ਕਰਨ ਦਾ ਅਮੁੱਕ ਸਫ਼ਰ ਅੱਜ ਵੀ ਜਾਰੀ ਹੈ।
ਅੱਗ ਕਰੋੜਾਂ ਸਾਲਾਂ ਤੋਂ ਧਰਤੀ ਦੇ ਕੁੱਲ ਜੀਵਨ ਲਈ ਸਭ ਤੋਂ ਵੱਧ ਖ਼ਤਰਨਾਕ ਬਿਪਤਾ ਰਹੀ ਜਿਸ ਕਰਕੇ ਜੰਗਲਾਂ ’ਚ ਜੀਵਨ ਦੀ ਬੇਹਿਸਾਬ ਤਬਾਹੀ ਹੁੰਦੀ ਸੀ। ਮੁੱਢਲੇ ਦੌਰ ਦੇ ਮਨੁੱਖੀ ਪੂਰਵਜ ਪੱਥਰਾਂ ਨਾਲ ਪੱਥਰ ਘਸਾ ਕੇ ਹਥਿਆਰ ਬਣਾਉਣ ਦੀ ਕਿਰਤ ਕਰਦੇ ਜਿਸ ਦਾ ਨਤੀਜਾ ਅੱਗ ਦੀ ਖੋਜ ’ਚ ਨਿਕਲਿਆ। ਅੱਜ ਤੋਂ 4.4 ਲੱਖ ਸਾਲ ਪਹਿਲਾਂ ਪੱਥਰ ਯੁੱਗ ਦੇ ਸ਼ੁਰੂ ਵਿੱਚ ਮਨੁੱਖ ਦੇ ਪੂਰਵਜ ਹੋਮੋ-ਇਰੈਕਟਸ ਦੇ ਪਥਰਾਟਾਂ ਵਿੱਚ ਉਸ ਵੱਲੋਂ ਅੱਗ ਨੂੰ ਕਾਬੂ ਕਰਨ ਅਤੇ ਵਰਤਣ ਦੇ ਸਬੂਤ ਕੀਨੀਆ (ਅਫ਼ਰੀਕਾ) ਦੀ ਟਰਕਾਨਾ ਝੀਲ ਵਿੱਚ ਮਿਲਦੇ ਹਨ। ਅੱਗ ਦੀ ਖੋਜ ਸੋਚ ਸਮਝ ਕੇ ਕੀਤੀ ਹੋਈ ਖੋਜ ਨਹੀਂ ਸੀ ਸਗੋਂ ਇਹ ਪੱਥਰਾਂ ਨਾਲ ਪੱਥਰਾਂ ਨੂੰ ਤਰਾਸ਼ਣ ਦੀ ਵਿਧੀ ਸੀ ਜਿਸ ਨਾਲ ਹਥਿਆਰ ਬਣਾਏ ਜਾ ਸਕਣ। ਹੁਣ ਮਨੁੱਖ ਦਾ ਟੀਚਾ ਸੀ ਕਿ ਇਸ ਅੱਗ ਨੂੰ ਕਾਬੂ ਕੀਤਾ ਜਾਵੇ। ਇਹ ਮਨੁੱਖ ਵੱਲੋਂ ਸੰਦਾਂ ਦੀ ਵਰਤੋਂ ਤੋਂ ਬਾਅਦ ਦੂਜੀ ਸਭ ਤੋਂ ਵੱਧ ਮਹਾਨ ਲੱਭਤ ਸੀ ਜਿਸ ਨੇ ਪੱਕਿਆ ਹੋਇਆ ਮਾਸ, ਹੋਰਾਂ ਜੀਵਾਂ ਤੋਂ ਸੁਰੱਖਿਆ ਅਤੇ ਚੱਲ ਰਹੇ ਬਰਫ਼ ਯੁੱਗ ’ਚ ਠੰਢ ਤੋਂ ਮਨੁੱਖ ਨੂੰ ਬਚਾਇਆ। ਅੱਗ ਕਿਸੇ ਵਰਦਾਨ ਵਾਂਗ ਹੋਮੋ ਇਰੈਕਟਸ ਦੇ ਜੀਵਨ ਦਾ ਹਿੱਸਾ ਬਣੀ। ਇਹ ਹੋਮੋ ਇਰੈਕਟਸ ਤੋਂ ਦੁੱਗਣੇ ਆਕਾਰ ਦੇ ਦਿਮਾਗ਼ ਵਾਲੇ ਹੋਮੋ ਸੇਪੀਅਨਜ਼ (ਜੋ ਕਿ ਅਸੀਂ ਹਾਂ) ਤੱਕ ਦੇ ਗੁਣਾਤਮਕ ਵਿਕਾਸ ਵਿੱਚ ਵੱਡਾ ਸਹਾਈ ਕਾਰਕ ਬਣੀ। ਅੱਗ ਦੀ ਵਰਤੋਂ ਨਾਲ ਮਨੁੱਖ ਨਵ-ਪੱਥਰ ਯੁੱਗ (ਲਗਭਗ 6500 ਈਸਾ ਪੂਰਵ) ਵਿੱਚ ਧਾਤਾਂ ਤੋਂ ਸੰਦ ਅਤੇ ਹਥਿਆਰ ਬਣਾਉਣ ਲੱਗ ਪਿਆ। ਨਵ-ਪੱਥਰ ਯੁੱਗ ਉਹ ਸਮਾਂ ਹੈ ਜਦੋਂ ਖੇਤੀਬਾੜੀ ਅਤੇ ਪਸ਼ੂ-ਪਾਲਣ ਵੀ ਸ਼ੁਰੂ ਹੋ ਚੁੱਕਿਆ ਸੀ ਜਿਸ ਕਰਕੇ ਮਨੁੱਖ ਨੂੰ ਪੈਦਾਵਾਰ ਦੇ ਨਵੇਂ ਅਤੇ ਉੱਨਤ ਸੰਦਾਂ ਦੀ ਜ਼ਰੂਰਤ ਸੀ। ਇੰਝ ਧਾਤਾਂ ਅਤੇ ਇਨ੍ਹਾਂ ਨੂੰ ਅੱਗ ਨਾਲ ਪਿਘਲਾ ਸਕਣ ਦੀ ਕਾਬਲੀਅਤ ਨੇ ਮਨੁੱਖੀ ਹੱਥ ਨੂੰ ਹੋਰ ਬਲ ਦੇ ਦਿੱਤਾ ਜਿਸ ਕਰਕੇ ਪੱਥਰ ਯੁੱਗ ਤੋਂ ਮਨੁੱਖ ਕਾਂਸਾ ਯੁੱਗ ਅਤੇ ਫੇਰ ਲੋਹ ਯੁੱਗ ਵਿੱਚ ਦਾਖਲ ਹੋਇਆ।
ਇਹ ਸੀ ਮਨੁੱਖ ਦੇ ਮੁੱਖ ਵਿਕਾਸ ਦੀ ਕਹਾਣੀ ਜਿਸ ’ਚ ਸੰਦਾਂ ਦੀ ਵਰਤੋਂ ਨੇ ਮਨੁੱਖ ਨੂੰ ਕੁਦਰਤ ਦੀ ਅਧੀਨਤਾ ਤੋਂ ਆਜ਼ਾਦ ਕਰਵਾਇਆ ਅਤੇ ਉਹ ਇਸ ਦੇ ਨਿਯਮਾਂ ਨੂੰ ਜਾਣਦਾ ਹੋਇਆ ਹੋਰ ਖੋਜਾਂ ਵਿੱਚ ਜੁੱਟ ਗਿਆ। ਇੱਥੋਂ ਮਨੁੱਖੀ ਜ਼ਿੰਦਗੀ ’ਚ ਫਲਸਫ਼ਾ, ਗਿਆਨ-ਵਿਗਿਆਨ ਅਤੇ ਧਰਮ ਦਾ ਤੇਜ਼ ਉਭਾਰ ਹੋਇਆ। ਮਨੁੱਖ ਸੰਸਾਰ ਭਰ ਵਿੱਚ ਵੱਖ ਵੱਖ ਸਵਾਲਾਂ ਨਾਲ ਨਜਿੱਠਣ ਲੱਗਿਆ ਜਿਵੇਂ “ਸੂਰਜ, ਚੰਦ, ਤਾਰੇ ਕੀ ਹਨ; ਮੀਂਹ ਕਿਉਂ ਪੈਂਦਾ ਹੈ; ਅਸੀਂ ਖ਼ੁਦ ਕੌਣ ਹਾਂ?” ਆਦਿ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ ਹੋਇਆ ਮਨੁੱਖ ਸੂਰਜ, ਚੰਦ, ਤਾਰਿਆਂ ਨੂੰ ਬਹੁਤ ਦਿਲਚਸਪੀ ਨਾਲ ਵੇਖਣ ਲੱਗਿਆ। ਸੂਰਜ ਅਤੇ ਤਾਰਿਆਂ ਨੂੰ ਵੇਖ ਕੇ ਸਾਡੇ ਵਡੇਰੇ ਸਮੇਂ ਅਤੇ ਦਿਸ਼ਾ ਦਾ ਅੰਦਾਜ਼ਾ ਲਗਾਉਂਦੇ ਸਨ। ਪਰ ਸੂਰਜ ਦੀ ਅੱਗ ਜੋ ਦੂਰ ਕਿਤੇ ਆਸਮਾਨ ਵਿੱਚ ਬਲ ਰਹੀ ਸੀ, ਸਾਡੇ ਲਈ ਸਭ ਤੋਂ ਪ੍ਰਮੁੱਖ ਅਤੇ ਸ਼ੁਰੂਆਤੀ ਸਵਾਲ ਸੀ। ਵਿਚਾਰਵਾਦੀ ਫਲਸਫ਼ੇ ਨੇ ਇਨ੍ਹਾਂ ਦੀ ਪਦਾਰਥ ਹੋਂਦ ਰੱਦ ਕਰਦੇ ਹੋਏ ਇਹ ਕਿਹਾ ਕਿ ਇਹ ਉਸ ਰਹੱਸਮਈ ਤਾਕਤ ਦਾ ਰੂਪ ਹਨ ਜਿਸ ਨੇ ਸਾਨੂੰ ਵੀ ਸਿਰਜਿਆ ਹੈ।
ਹਿੰਦੁਸਤਾਨ ਵਿੱਚ ਆਰੀਆਭੱਟ (476-550 ਸੀ.ਈ) ਜੋ ਕਿ ਖਗੋਲ-ਵਿਗਿਆਨੀ ਅਤੇ ਗਣਿਤਕਾਰ ਸੀ, ਅਨੁਸਾਰ ਧਰਤੀ ਆਪਣੇ ਧੁਰੇ ਦੁਆਲੇ ਹਰ ਰੋਜ਼ ਚੱਕਰ ਕੱਟਦੀ ਹੈ ਜਿਸਦਾ ਪੱਥ ਗੋਲਾਕਾਰ ਨਹੀਂ ਸਗੋਂ ਅੰਡਾਕਾਰ ਹੈ। ਆਰੀਆਭੱਟ ਅਨੁਸਾਰ ਸੂਰਜ ਅਤੇ ਸਮੁੱਚਾ ਬ੍ਰਹਿਮੰਡ ਧਰਤੀ ਦੁਆਲੇ ਚੱਕਰ ਕੱਟਦੇ ਹਨ।
ਪੁਰਾਤਨ ਤੋਂ ਲਗਭਗ ਮੱਧਕਾਲ ਤੱਕ ਇਹੋ ਵਿਚਾਰ ਭਾਰੂ ਰਿਹਾ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ ਅਤੇ ਸਮੁੱਚਾ ਬ੍ਰਹਿਮੰਡ ਇਸ ਦੀ ਪਰਿਕਰਮਾ ਕਰਦਾ ਹੈ। ਇਹ ਯੁੱਗ ਮੱਧਯੁੱਗੀ ਜਗੀਰੂ ਸੱਤਾ ਲਈ ਬਿਲਕੁਲ ਢੁਕਵਾਂ ਸੀ ਜਿਸ ਅਨੁਸਾਰ ਉਦੋਂ ਦਾ ਰਾਜ ਵੀ ਰਾਜੇ ਦੁਆਲੇ ਕੇਂਦਰਤ ਸੀ ਜਿਸ ਨੂੰ ਧਰਮ ਵੱਲੋਂ ਇਹ ਮਾਨਤਾ ਮਿਲੀ ਸੀ ਕਿ ਰਾਜਾ ਰੱਬ ਦਾ ਰੂਪ ਹੈ ਜੋ ਕਿ ਰਾਜ ਕਰਨ ਲਈ ਪੈਦਾ ਹੋਇਆ; ਕੁੱਲ ਸਮਾਜ ਅਤੇ ਮਨੁੱਖੀ ਸੱਭਿਅਤਾ ਇਸ ਨੂੰ ਆਪਣਾ ਕੇਂਦਰ ਮੰਨਣ।
ਮੱਧਯੁੱਗ ਦੇ ਅੰਤ ਵਿੱਚ ਜਗੀਰੂ ਸੱਤਾ ’ਚੋਂ ਸਰਮਾਏਦਾਰੀ ਉੱਭਰੀ ਜਿਸ ਨਾਲ ਵਿਕਸਤ ਹੋ ਰਹੀਆਂ ਪੈਦਾਵਾਰੀ ਸ਼ਕਤੀਆਂ ਕੁਝ ਹੋਰ ਨਵੀਆਂ ਤਕਨੀਕਾਂ ਦੀ ਮੰਗ ਵੀ ਕਰਦੀਆਂ ਸਨ ਅਤੇ ਇਨ੍ਹਾਂ ਤਕਨੀਕਾਂ ਨਾਲ ਪੈਦਾਵਾਰੀ ਤਾਕਤਾਂ ਦਾ ਹੋਰ ਤੇਜ਼ ਉਭਾਰ ਹੋਣ ਸ਼ੁਰੂ ਹੋ ਗਿਆ। ਇਸ ਬਦਲਾਅ ਦੇ ਪ੍ਰਗਟਾਵੇ ਨੇ ਮਨੁੱਖੀ ਚੇਤਨਾ ਉੱਪਰ ਵੀ ਆਪਣਾ ਅਸਰ ਵਿਖਾਇਆ ਜਿਸ ਨਾਲ ਕਲਾ, ਸਮਾਜ ਅਤੇ ਵਿਗਿਆਨ ਵਰਗੇ ਖੇਤਰ ’ਚ ਹਲਚਲ ਪੈਦਾ ਹੋ ਗਈ। ਇਸੇ ਦੌਰਾਨ 19 ਫਰਵਰੀ 1473 ਨੂੰ ਖਗੋਲ ਸ਼ਾਸਤਰੀ, ਗਣਿਤਕਾਰ ਅਤੇ ਨਵ ਜਾਗਰਤੀ ਦੇ ਬੁਲਾਰੇ ਨਿਕੋਲਸ ਕਾਪਰਨਿਕਸ ਦਾ ਜਨਮ ਹੋਇਆ ਜੋ ਤਾਰਿਆਂ ਦਾ ਨਿਰੀਖਣ ਕਰਦਾ ਹੋਇਆ ਇਸ ਨਤੀਜੇ ਉੱਪਰ ਪਹੁੰਚਦਾ ਹੈ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ ਹੈ ਸਗੋਂ ਧਰਤੀ ਦਾ ਕੇਂਦਰ ਸੂਰਜ ਹੈ ਜਿਸ ਦੁਆਲੇ ਬਾਕੀ ਸਾਰੇ ਗ੍ਰਹਿ ਘੁੰਮਦੇ ਹਨ। ਠੀਕ ਆਪਣੀ ਮੌਤ ਤੋਂ ਪਹਿਲਾਂ ਕਾਪਰਨਿਕਸ ਇੱਕ ਜੰਗ ਛੇੜ ਗਿਆ ਜਿਸ ਨੂੰ ਵਿਗਿਆਨਕ ਜੰਗ ਵਜੋਂ ਜਾਣਿਆ ਜਾਂਦਾ ਹੈ।
ਇਸ ਨਾਲ ਕੁੱਲ ਜਗੀਰੂ ਵਿਚਾਰ ਜੋ ਕਿ ਬਾਈਬਲ ਆਧਾਰਿਤ ਸੀ, ਨੂੰ ਸੱਟ ਵੱਜੀ ਅਤੇ ਇਸ ਤੋਂ ਬਾਅਦ ਕਾਪਰਨਿਕਸ ਦੀ ਕਿਤਾਬ ਉੱਤੇ ਪਾਬੰਦੀ ਲਾ ਦਿੱਤੀ ਗਈ।
ਕਾਪਰਨਿਕਸ ਤੋਂ ਬਾਅਦ ਤਾਰਿਆਂ ਦੀ ਜ਼ਿੰਮੇਵਾਰੀ ਨੂੰ ਗਿਆਰਦਾਨੋ ਬਰੂਨੋ ਨੇ ਨਿਭਾਈ ਜਿਸ ਦਾ 1548 ’ਚ ਇਟਲੀ ਵਿੱਚ ਜਨਮ ਹੋਇਆ ਸੀ। ਧਾਰਮਿਕ ਮਾਹੌਲ ’ਚ ਪਾਲਣ ਪੋਸ਼ਣ ਤੋਂ ਬਾਅਦ ਬਰੂਨੋ ਪਾਦਰੀ ਬਣ ਗਿਆ। ਪਰ ਉਹ ਦਾਰਸ਼ਨਿਕ, ਗਣਿਤਕ ਅਤੇ ਕਾਵਿਕ ਪ੍ਰਵਿਰਤੀ ਵਾਲਾ ਮਨੁੱਖ ਸੀ। ਜਦੋਂ ਉਸ ਨੂੰ ਕਾਪਰਨਿਕਸ ਦੀ ਕਿਤਾਬ ਮਿਲੀ ਤਾਂ ਉਸ ਨੇ ਖੁੱਭ ਕੇ ਇਸ ਨੂੰ ਪੜ੍ਹਿਆ ਅਤੇ ਆਪਣੀਆਂ ਗਣਨਾਵਾਂ ਦੇ ਨਤੀਜਿਆਂ ਤੋਂ ਬਹੁਤ ਛੇਤੀ ਉਹ ਕਾਪਰਨਿਕਸ ਦੇ ਕੱਢੇ ਨਤੀਜਿਆਂ ’ਤੇ ਪਹੁੰਚ ਗਿਆ। ਇਸ ਤੋਂ ਬਾਅਦ ਬਰੂਨੋ ਯੂਰਪ ਦੇ ਹਰ ਹਿੱਸੇ ਤੱਕ ਗਿਆ ਅਤੇ ਕੁੱਲ ਸੰਸਾਰ ਤੇ ਬ੍ਰਹਿਮੰਡ ਬਾਰੇ ਤਰਕਸੰਗਤ ਵਿਚਾਰ ਦਾ ਫੈਲਾਅ ਕਰਦਾ ਤੇ ਸਾਹਿਤ ਰਚਦਾ ਰਿਹਾ। ਬਰੂਨੋ ਨੇ ਇਹ ਦੱਸਿਆ ਕਿ ਬ੍ਰਹਿਮੰਡ ਦੇ ਕੇਂਦਰ ਵਿੱਚ ਧਰਤੀ ਨਹੀਂ ਸਗੋਂ ਸੂਰਜ ਹੈ ਅਤੇ ਸਾਡਾ ਸੂਰਜ ਮੰਡਲ ਇਕਲੌਤਾ ਨਹੀਂ ਸਗੋਂ ਅਣਗਿਣਤ ਸੂਰਜ ਮੰਡਲ ਹਨ। ਉੱਭਰ ਰਹੀ ਸਰਮਾਏਦਾਰੀ ਅਤੇ ਵਿਗਿਆਨ ਨੂੰ ਇਨ੍ਹਾਂ ਸਭ ਵਿਚਾਰਾਂ ਦੀ ਲੋੜ ਸੀ ਤਾਂ ਕਿ ਧਰਮ ਆਧਾਰਿਤ ਜਗੀਰੂ ਸੱਤਾ ਨੂੰ ਢਾਹ ਸਕਣ। ਇਸ ਲਈ ਬਰੂਨੋ ਦੇ ਵਿਚਾਰਾਂ ਨੂੰ ਸਮਾਜ ’ਚ ਮਾਨਤਾ ਮਿਲੀ ਪਰ ਸੱਤਾ ਅਤੇ ਧਰਮ ਦੇ ਗਲਬੇ ਨੂੰ ਮਾਨਤਾ ਦੇਣ ਵਾਲੇ ਇੱਕ ਹਿੱਸੇ ਦੇ ਲੋਕ ਬਰੂਨੋ ਦੇ ਵਿਰੋਧੀ ਹੋ ਗਏ ਸਨ। ਅੰਤ ਵਿੱਚ 130 ਦੋਸ਼ਾਂ ਹੇਠ ਤਾਰਿਆਂ ਦੀ ਬਾਤ ਪਾਉਣ ਵਾਲੇ ਇੱਕ ਸੱਚੇ ਦਾਰਸ਼ਨਿਕ ਅਤੇ ਵਿਗਿਆਨੀ ਨੂੰ ਕੈਦ ਕਰ ਲਿਆ ਗਿਆ ਤੇ ਸੱਤਾ ਨੇ ਸਜ਼ਾ ਸੁਣਾਈ ਕਿ ਪਹਿਲਾਂ ਬਰੂਨੋ ਇਹ ਮੰਨੇ ਬਈ ਜੋ ਵੀ ਉਸ ਨੇ ਕਿਹਾ ਉਹ ਸਭ ਗ਼ਲਤ ਹੈ। ਇਹ ਗੱਲ ਮੰਨਣ ਤੋਂ ਬਰੂਨੋ ਨੇ ਇਨਕਾਰ ਕਰ ਦਿੱਤਾ। ਫਿਰ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਕਿ ਬਰੂਨੋ ਨੂੰ ਮੌਤ ਦੀ ਸਜ਼ਾ ਦਿਓ, ਪਰ ਇਸ ਦੇ ਅਪਵਿੱਤਰ ਖ਼ੂਨ ਦੀ ਇੱਕ ਵੀ ਬੂੰਦ ਜ਼ਮੀਨ ’ਤੇ ਨਾ ਡਿੱਗੇ। 17 ਫਰਵਰੀ 1600 ਨੂੰ ਇਟਲੀ ਦੇ ਰੋਮ ਸ਼ਹਿਰ ਵਿੱਚ ਇੱਕ ਚੌਕ ਵਿੱਚ ਲੱਕੜਾਂ ਇਕੱਠੀਆਂ ਕਰ ਕੇ ਬਰੂਨੋ ਨੂੰ ਇਨ੍ਹਾਂ ਦੇ ਉੱਪਰ ਖੜ੍ਹਾ ਕੇ ਸਾੜ ਦਿੱਤਾ ਗਿਆ ਸੀ ਪਰ ਇਸ ਸੱਚ ਨੂੰ ਸਾੜਿਆ ਨਹੀਂ ਸੀ ਜਾ ਸਕਦਾ। ਅੰਤ ਨੂੰ ਉਹ ਸਹੀ ਸਾਬਿਤ ਹੋਇਆ ਜੋ ਬਰੂਨੋ ਨੇ ਕਿਹਾ ਸੀ। ਬਰੂਨੋ ਵਰਗੇ ਅਡੋਲ ਵਿਗਿਆਨੀ ਹੀ ਤਾਰਿਆਂ ਨੂੰ ਜਾਂਦੇ ਪੰਧ ਦੇ ਸੱਚੇ ਪਾਂਧੀ ਹੋ ਸਕਦੇ ਹਨ ਜੋ ਇੱਕ ਵਿਚਾਰ ’ਤੇ ਪਹਿਰਾ ਦਿੰਦਿਆਂ ਸ਼ਹੀਦ ਹੋ ਗਿਆ।
ਬਰੂਨੋ ਤੋਂ ਬਾਅਦ ਇਸ ਰਾਹ ਨੂੰ ਗੈਲੀਲਿਓ ਗਲੀਲੀ ਨੇ ਰੁਸ਼ਨਾਇਆ ਜਿਸ ਦਾ ਜਨਮ 15 ਫਰਵਰੀ 1564 ਨੂੰ ਇਟਲੀ ਵਿੱਚ ਹੋਇਆ। ਗੈਲੀਲਿਓ ਇੱਕ ਵਿਗਿਆਨੀ ਸੀ ਜਿਸ ਨੇ ਖਗੋਲ-ਵਿਗਿਆਨ, ਭੌਤਿਕ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ’ਚ ਨਵੀਂਆ ਖੋਜਾਂ ਕੀਤੀਆਂ ਸਨ ਜਿਨ੍ਹਾਂ ਵਿੱਚ ਗਤੀ, ਗੁਰੂਤਾ, ਸਾਪੇਖਤਾ ਵਰਗੇ ਵਿਸ਼ੇ ਸ਼ਾਮਲ ਹਨ। ਗੈਲੀਲਿਓ ਦੀ ਸਭ ਵੱਧ ਮਹੱਤਵਪੂਰਨ ਖੋਜ ਦੂਰਬੀਨ ਹੈ ਜਿਸ ਨੇ ਮਨੁੱਖੀ ਅੱਖ ਦੀ ਤਾਕਤ ਨੂੰ ਹੋਰ ਵਧਾ ਦਿੱਤਾ ਜਿਸ ਨਾਲ ਚੰਦ, ਤਾਰੇ ਅਤੇ ਗ੍ਰਹਿ ਹੋਰ ਵੀ ਸਾਫ਼ ਦਿਸਣ ਲੱਗ ਪਏ। 30 ਨਵੰਬਰ 1609 ਨੂੰ ਗੈਲੀਲਿਓ ਨੇ ਦੂਰਬੀਨ ਨਾਲ ਪਹਿਲੀ ਵਾਰ ਚੰਦ ਨੂੰ ਦੇਖਿਆ ਅਤੇ ਕੁਝ ਸਮੇਂ ਬਾਅਦ ਬ੍ਰਹਿਸਪਤੀ ਗ੍ਰਹਿ ਦੇ ਨਿਰੀਖਣ ਤੋਂ ਇਹ ਨਤੀਜੇ ਕੱਢੇ ਕਿ ਇਸ ਦੇ ਚਾਰ ਚੰਦ ਹਨ ਜੋ ਇਸ ਦੁਆਲੇ ਘੁੰਮਦੇ ਹਨ। ਗੈਲੀਲਿਓ ਨੇ ਕਾਪਰਨਿਕਸ ਦੇ ਸਿਧਾਂਤ ਨੂੰ ਹੋਰ ਦ੍ਰਿੜ੍ਹਤਾ ਨਾਲ ਪੇਸ਼ ਕੀਤਾ ਕਿ ਧਰਤੀ ਆਪਣੇ ਧੁਰੇ ਦੁਆਲੇ ਹਰ ਰੋਜ਼ ਅਤੇ ਸਾਲ ਵਿੱਚ ਸੂਰਜ ਦੁਆਲੇ ਘੁੰਮਦੀ ਹੈ। ਕਿਉਂਕਿ ਇਹ ਵਿਚਾਰ ਚਰਚ ਦੇ ਵਿਰੋਧੀ ਸੀ, ਇਸ ਕਰਕੇ ਇੱਕ ਵਾਰ ਫੇਰ ਰੋਮਨ ਕੈਥੋਲਿਕ ਚਰਚ ਨੇ ਇਸ ਨੂੰ ਧਿਆਨ ’ਚ ਲੈਂਦੇ ਹੋਏ ਜਾਂਚ ਕਮੇਟੀ ਬਿਠਾ ਦਿੱਤੀ ਜਿਸ ਨੇ ਗੈਲੀਲਿਓ ਦੇ ਵਿਚਾਰ ਨੂੰ ਮੂਰਖਾਨਾ ਅਤੇ ਫਾਲਤੂ ਸਾਬਿਤ ਕਰਨ ਲਈ ਜ਼ੋਰ ਲਗਾਇਆ ਅਤੇ ਇਸ ਤੋਂ ਬਾਅਦ ਗੈਲੀਲਿਓ ਦਾ ਕੁੱਲ ਜੀਵਨ ਕੈਦ ਵਿੱਚ ਬੀਤ ਗਿਆ। ਜੁਲਾਈ 1623 ਨੂੰ ਗੈਲੀਲਿਓ ਨੂੰ ਤਸੀਹੇ ਦਿੱਤੇ ਗਏ ਅਤੇ ਆਪਣੇ ਵਿਚਾਰ ਰੱਦ ਕਰਨ ਲਈ ਕਿਹਾ ਗਿਆ। ਮੁਕੱਦਮੇ ’ਚ ਕੁਝ ਨੁਕਤੇ ਲਿਖੇ ਗਏ ਜਿਵੇਂ ਕਿ ਗਲੀਲਿਓ ਸੂਰਜ ਨੂੰ ਗਤੀਹੀਣ ਅਤੇ ਬ੍ਰਹਿਮੰਡ ਦਾ ਕੇਂਦਰ ਦੱਸਦਾ ਹੈ ਜੋ ਬਾਈਬਲ ਦੇ ਖਿਲਾਫ਼ ਹੈ।
ਗੈਲੀਲਿਓ ਨੂੰ ਨਜ਼ਰਬੰਦ ਕਰ ਕੇ ਉਸ ਦੇ ਵਿਚਾਰਾਂ ਅਤੇ ਕਿਤਾਬਾਂ ਉੱਪਰ ਪਬੰਦੀ ਲਗਾ ਦਿੱਤੀ ਗਈ, ਪਰ ਗੈਲੀਲਿਓ ਨਜ਼ਰਬੰਦੀ ਦੌਰਾਨ ਵੀ ਆਪਣੇ ਕੰਮ ’ਚ ਰੁੱਝਿਆ ਰਿਹਾ ਅਤੇ ਸਾਰੀ ਰਾਤ ਤਾਰਿਆਂ ਨਾਲ ਬਾਤਾਂ ਪਾਉਣ ਵਾਲਾ ਵਿਗਿਆਨੀ 1638 ਤੱਕ ਪੂਰੀ ਤਰ੍ਹਾਂ ਅੰਨ੍ਹਾ ਹੋ ਗਿਆ। ਅੱਠ ਜਨਵਰੀ 1642 ਨੂੰ ਗੈਲੀਲਿਓ ਦੇ ਸ਼ਾਨਦਾਰ ਸਫ਼ਰ ਦਾ ਅੰਤ ਹੋ ਗਿਆ। ਇਹ ਕੁੱਲ ਮਨੁੱਖਤਾ ਦਾ ਸਫ਼ਰ ਹੈ ਜੋ ਲੱਖਾਂ ਸਾਲ ਪਹਿਲਾਂ ਸ਼ੁਰੂ ਹੋ ਕੇ ਚੰਦ ਤਾਰਿਆਂ ਤੱਕ ਪਹੁੰਚਿਆ, ਪਰ ਅੱਜ ਵੀ ਕੁਝ ਤਾਕਤਾਂ ਹਨ ਜਿਨ੍ਹਾਂ ਨੇ ਵਿਗਿਆਨ ਨੂੰ ਸਿਰਫ਼ ਆਪਣੇ ਮੁਨਾਫ਼ੇ ਤੱਕ ਸੀਮਤ ਕਰ ਲਿਆ ਹੈ ਅਤੇ ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ ’ਚ ਗੈਰ-ਵਿਗਿਆਨਕ ਅਤੇ ਅੰਧ-ਵਿਸ਼ਵਾਸੀ ਨਜ਼ਰੀਆ ਅੱਜ ਵੀ ਭਾਰੂ ਹਨ ਜਿਨ੍ਹਾਂ ਦਾ ਲਾਹਾ ਅੱਜ ਵੀ ਸੱਤਾ ਲੈ ਰਹੀ ਹੈ। ਆਪਣੇ ਆਪ ਨੂੰ ਸਮਾਜ ਅਤੇ ਵਿਗਿਆਨ ਨੂੰ ਸਮਰਪਿਤ ਮੰਨਣ ਵਾਲੇ ਹਰ ਇੱਕ ਵਿਅਕਤੀ ਦੇ ਫ਼ਰਜ਼ ਵੀ ਕਾਪਰਨਿਕਸ, ਬਰੂਨੋ ਅਤੇ ਗੈਲੀਲਿਓ ਵਰਗੇ ਵਿਗਿਆਨੀ ਤੋਂ ਸੇਧਿਤ ਹੋਣੇ ਚਾਹੀਦੇ ਹਨ ਜੋ ਆਪਣੇ ਵਿਚਾਰ ਦੀ ਹਮਾਇਤ ਆਪਣੇ ਅੰਤ ਤੱਕ ਡਟ ਕੇ ਕਰ ਸਕੇ।
ਸੰਪਰਕ: 96533-59244