ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਆਸ ਦੀ ਕਿਰਨ
ਯੁੱਧ ਦੇ ਮੈਦਾਨ ’ਚ ਹੀ ਪਿਆਰ ਦਾ ਅਸਲੀ ਪਤਾ ਲੱਗਦਾ ਹੈ। – ਦਾਰੀ ਭਾਸ਼ਾ ਦੀ ਕਵਿਤਾ ਦੇ ਅੰਸ਼
ਜੇਕਰ ਅਸਲੀ ਪਿਆਰ ਦੀ ਪਛਾਣ ਯੁੱਧ ਦਾ ਮੈਦਾਨ ਹੀ ਹੈ ਤਾਂ ਫਿਰ ਵਿਸ਼ਵ ਸਾਹਿਤ ’ਚ ਮੁਹੱਬਤ ਦੀ ਪਰਿਭਾਸ਼ਾ ਦੂਸਰੀ ਤਰ੍ਹਾਂ ਦੀ ਹੋਣੀ ਸੀ। ਅਸਲ ਵਿਚ ਮੁਹੱਬਤ ਇਕ ਖ਼ੁਸ਼ਬੂ ਹੈ ਤੇ ਇਹ ਅਮਨ ਦੇ ਫੁੱਲਾਂ ’ਚੋਂ ਹੀ ਆ ਸਕਦੀ ਹੈ, ਪਰ ਤੇਰ੍ਹਵੀਂ ਸਦੀ ਦੀ ਲੰਡਾਈ ਭਾਸ਼ਾ (ਅਫ਼ਗ਼ਾਨ ਉਪ ਭਾਸ਼ਾ) ਵਿਚ ਇਹ ਪ੍ਰੇਮ ਯੁੱਧ ਦੇ ਮੈਦਾਨ ’ਚ ਵੀ ਪਰਖਿਆ ਜਾਂਦਾ ਰਿਹਾ ਹੈ। ਇਹ ਉਸ ਵੇਲੇ ਤੇ ਅੱਜ ਦੇ ਸਮੇਂ ਵਿਚ ਵੀ ਤਾਜ਼ਾ ਹੈ, ਜਦੋਂ ਮੈਂ ਇਹ ਦਰਦ, ਦਹਿਸ਼ਤ ਤੇ ਗੁੱਸੇ ਨਾਲ ਭਰੇ ਹੋਏ ਸ਼ਬਦ ਸਾਂਝੇ ਕਰ ਰਿਹਾ ਹਾਂ। ਇਹ ਹੀ ਤਾਂ ਅੱਜ ਅਫ਼ਗ਼ਾਨਿਸਤਾਨ ਦੀ ਧਰਤੀ ਦਾ ਸੱਚ ਹੈ।
ਪਿਛਲੇ 25 ਵਰ੍ਹਿਆਂ ਤੋਂ ਅਫ਼ਗ਼ਾਨਿਸਤਾਨ ਦੀ ਲੋਕਾਈ ਦਹਿਸ਼ਤ, ਖ਼ੂਨ ਖਰਾਬੇ ਤੇ ਮੌਤ ਦੇ ਦਾਇਰੇ ’ਚ ਜੀਅ ਰਹੀ ਹੈ। ਅੱਜ ਪੂਰੀ ਦੁਨੀਆਂ ਵਿਚ ਸਰਕਾਰਾਂ ਦਹਿਸ਼ਤ ਨਾਲ ਲੋਹਾ ਲੈ ਰਹੀਆਂ ਹਨ। ਪਰ ਇਹ ਮੁਲਕ ਤੇ ਧਰਤੀ ਆਪਣਿਆਂ ਨਾਲ ਹੀ ਲੋਹਾ ਲੈ ਰਹੀ ਹੈ। ਤਾਲਿਬਾਨ ਦੇ ਕਬਜ਼ੇ ਹੇਠ ਜਿਉਂਦਾ ਅਫ਼ਗ਼ਾਨਿਸਤਾਨ ਅੱਜ ਦੁਨੀਆਂ ਦੀ ਸਭ ਤੋਂ ਵੱਧ ਖ਼ਤਰਨਾਕ ਜਗ੍ਹਾ ਬਣ ਚੁੱਕਾ ਹੈ, ਪਰ ਅਜੇ ਵੀ ਅਫ਼ਗ਼ਾਨ ਧਰਤੀ ’ਚ ਸਭ ਕੁਝ ਹੈ।
ਤੁਹਾਨੂੰ ਤਾਜੁਬ ਹੋਵੇਗਾ ਕਿ ਇਹ ਹੀ ਉਹ ਥਾਂ ਹੈ ਜਿੱਥੇ ਬੁੱਧ ਦੇ ਸ਼ਾਂਤੀ ਉਪਦੇਸ਼ ਤੋਂ ਬਿਨਾਂ ਦੁਨੀਆਂ ਨੂੰ ਅਮਨ ਦਾ ਪੈਗ਼ਾਮ ਦੇਣ ਵਾਲੇ ਸੂਫ਼ੀ ਹੋਏ ਸਨ।
ਫ਼ਾਰਸੀ ਭਾਸ਼ਾ ਤੇ ਇਸ ਖਿੱਤੇ ਦੀਆਂ ਹੋਰ ਬੋਲੀਆਂ ਦਾਰੀ, ਪਸ਼ਤੋ, ਉਰਦੂ ਤੇ ਹਿੰਦਵੀ ਦੀਆਂ ਜੜ੍ਹਾਂ ਵੀ ਅਫ਼ਗ਼ਾਨਿਸਤਾਨ ਦੀ ਧਰਤੀ ਵਿਚ ਹਨ।
ਅੱਜ 2021 ਵਿਚ ਜਦੋਂ ਇਕ ਵਾਰੀ ਫਿਰ ਤਾਲਿਬਾਨ ਕਾਬਜ਼ ਹੋ ਗਏ ਹਨ ਤਾਂ ਵੀ ਅਮਨ ਦੀ ਆਸ ਬਰਕਰਾਰ ਹੈ ਕਿਉਂਕਿ ਅਮਨ ਤੇ ਯੁੱਧ ਦੋਵੇਂ ਇਸ ਦੀ ਵਿਰਾਸਤ ਹਨ। ਤੁਹਾਨੂੰ ਹੈਰਾਨੀ ਹੋਵੇਗੀ ਕਿ ਦੁਨੀਆਂ ਦੀ ਸਭ ਤੋਂ ਵੱਧ ਸ਼ਾਂਤੀ ਭਰੀ ਤੇ ਜ਼ਿਆਦਾ ਅਨੁਵਾਦ ਹੋਈ ਕਵਿਤਾ ਦਾਰੀ ਤੇ ਫ਼ਾਰਸੀ ਜ਼ੁਬਾਨ ਵਿਚ ਹੈ ਜੋ ਸਿੱਧੇ ਅਰਥਾਂ ਵਿਚ ਅਮਨ ਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਅਜਿਹੀਆਂ ਫ਼ਾਰਸੀ ਕਵਿਤਾਵਾਂ 11ਵੀਂ ਤੇ ਬਾਰ੍ਹਵੀਂ ਸਦੀ ਤੋਂ ਹੀ ਮਿਲਦੀਆਂ ਹਨ, ਪਰ ਤੇਰ੍ਹਵੀਂ ਸਦੀ ਦੀ ਸਭ ਤੋਂ ਵੱਡੀ ਹਸਤੀ ਸੈਂਕੜੇ ਸਾਲ ਪਹਿਲਾਂ ਸੂਫ਼ੀ ਕਵਿਤਾ ਲੈ ਕੇ ਹਾਜ਼ਰ ਸੀ। ਉਸ ਦਾ ਨਾਮ ਸੀ ਜਲਾਲ-ਉਦ-ਦੀਨ ਰੂਮੀ ਬਲਖ਼ੀ ਜੋ ਰੂਮੀ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੈ।
ਇਰਾਨ, ਮੱਧ ਏਸ਼ੀਆ, ਭਾਰਤ, ਬੰਗਲਾਦੇਸ਼ ਤੋਂ ਇਲਾਵਾ ਸਮੁੱਚੇ ਪੱਛਮੀ ਦੇਸ਼ਾਂ ਵਿਚ ਰੂਮੀ ਨੂੰ ਪੜ੍ਹਿਆ ਗਿਆ ਹੈ। ਉਸ ਦਾ ਅਮਨ ਦਾ ਸੰਦੇਸ਼ ਲੋਕਾਂ ਲਈ ਮਿਸਾਲ ਹੈ। ਦੁਨੀਆਂ ਦੀਆਂ 34 ਜ਼ੁਬਾਨਾਂ ’ਚ ਰੂਮੀ ਦੀਆਂ ਸੂਫ਼ੀ ਰਚਨਾਵਾਂ ਦੇ ਅਨੁਵਾਦ ਮਿਲਦੇ ਹਨ।
ਖੁਸ਼ਾਲ ਖ਼ਾਨ ਖਟਕ ਨੂੰ ਅਫ਼ਗ਼ਾਨਿਸਤਾਨ ਦਾ ਰਾਸ਼ਟਰੀ ਕਵੀ ਕਿਹਾ ਜਾਂਦਾ ਹੈ। ਉਹ ਸਤਾਰ੍ਹਵੀਂ ਸਦੀ ’ਚ ਪੈਦਾ ਹੋਇਆ। ਅਫ਼ਗ਼ਾਨ ਪਰੰਪਰਾ ਵਿਚ ਦਸਵੀਂ ਸਦੀ ਵਿਚ ਰਾਬੀਆ ਬਲਖ਼ੀ ਦਾ ਨਾਂ ਵੀ ਮਿਲਦਾ ਹੈ। ਉਸ ਬਾਰੇ ਦਰਜ ਹੈ ਕਿ ਉਸ ਨੇ ਆਪਣੀ ਆਖ਼ਰੀ ਕਵਿਤਾ ਉਸ ਸਮੇਂ ਆਪਣੇ ਖ਼ੂਨ ਨਾਲ ਜੇਲ੍ਹ ਦੀ ਕੰਧ ’ਤੇ ਲਿਖੀ ਸੀ ਜਿੱਥੇ ਉਸ ਨੂੰ ਕੈਦ ਕੀਤਾ ਗਿਆ ਸੀ ਜੋ ਅੱਜ ਵੀ ਮੌਜੂਦ ਹੈ।
ਅਫ਼ਗ਼ਾਨ ਸਾਹਿਤ ਦੀ ਇਕ ਹੋਰ ਸਿਨਫ਼ ਹੈ ਲੰਡਾਈ ਭਾਸ਼ਾ ਜੋ ਉਪਭਾਸ਼ਾ ਹੈ। ਇਸ ਵਿਚ ਸਾਹਿਤ ਦੀ ਅਮੀਰ ਪਰੰਪਰਾ ਹੈ। ਇਹ ਪਿਆਰ ਤੇ ਗ਼ਮ ਦੀ ਕਵਿਤਾ ਦੇ ਰੂਪ ਵਿਚ ਜ਼ਿਆਦਾ ਹੈ। ਇਸ ਦਾ ਇਕ ਢੰਗ ਹੈ। ਦੋ ਸਤਰਾਂ ਤੇ 22 ਸ਼ਬਦਾਂ ’ਚ ਸਾਰ-
ਮਲਾਲਈ ਇਸ ਦੀ ਉਹ ਕਵਿੱਤਰੀ ਹੈ ਜਿਸ ਨੇ ਪਿਆਰ, ਗ਼ਮ, ਉਦਾਸੀ ਤੇ ਵਤਨ ਦੀਆਂ ਕਬੀਲਿਆਂ ਦੀਆਂ ਲੜਾਈਆਂ ਬਾਰੇ ਲਿਖਿਆ ਸੀ। ਇਕ ਨਮੂਨਾ ਵੇਖੋ:
‘‘ਉਹ ਪ੍ਰੇਮ ਨਹੀਂ- ਜੋ ਯੁੱਧ ’ਚ ਨਾ ਹੋਵੇ,
ਆਪਣੀ ਸ਼ਰਮ ਲਈ ਰੱਬ ਤੈਨੂੰ ਬਚਾਵੇਗਾ।’’
ਲੰਡਾਈ ਅਸਲ ’ਚ ਉਸ ਦੇ ਹਜ਼ਾਰਾਂ ਸਾਲਾਂ ਦੇ ਲਹੂ ਭਿੱਜੇ ਇਤਿਹਾਸ ਵਿਚ ਅਫ਼ਗ਼ਾਨ ਸਿਪਾਹੀਆਂ ਨੂੰ ਹੌਸਲਾ ਦੇਣ ਲਈ ਸੀ ਜਿਵੇਂ ਸਾਡੇ ਪੰਜਾਬ ਵਿਚ ਵਾਰਾਂ ਦੀ ਭੂਮਿਕਾ ਹੈ। ਇਸ ਨੂੰ ਅਫ਼ਗ਼ਾਨ ਸਾਹਿਤ ਵਿਚ ਸ਼ੇਰ-ਜੰਗੀ ਵੀ ਕਿਹਾ ਗਿਆ ਹੈ।
ਪਸ਼ੋਤ, ਦਾਰੀ ਵਿਚ ਲਿਖਣ ਵਾਲਿਆਂ ’ਚ ਰਹਿਮਾਨ ਬਾਬਾ, ਰੂਮੀ, ਤੈਮੂਰ ਸ਼ਾਹ, ਉਸਤਾਦ ਖਲੀਲ-ਉਲ੍ਹਾ-ਖਲੀਲੀ, ਅਕਬਰ ਨਦੀਮ, ਏ.ਆਰ. ਪਜਵਾਕ ਅਤੇ ਨਵਿਆਂ ਵਿਚ ਨਸਰ-ਉੱਲਾ ਹਾਫਿਜ਼, ਪਸ਼ਤੋ ਤੋਂ ਇਲਾਵਾ ਦਾਰੀ ਦੇ ਅਬੂ ਸ਼ਕੂਰ ਆਫ਼ ਬਲਖ਼ ਬੇਹੱਦ ਪ੍ਰਸਿੱਧ ਹਨ।
ਅੱਜ ਅਫ਼ਗ਼ਾਨਿਸਤਾਨ ਇਕ ਤਰ੍ਹਾਂ ਕਤਲਗਾਹ ਬਣਿਆ ਹੈ, ਪਰ ਇਸ ਦੀਆਂ ਜੜ੍ਹਾਂ ਵਿਚ ਅਮਨ ਦੀ ਇਬਾਰਤ ਹੈ। ਰੂਮੀ ਦੇ ਸ਼ਬਦ ਵੇਖੋ ਜਿਨ੍ਹਾਂ ਵਿਚ ਰੱਬ ਦਾ ਭਾਣਾ ਤੇ ਇਲਾਹੀ ਨਾਦ ਹੈ:
ਰੱਬ ਦੇ ਭਾਣੇ
ਤੇ ਆਪਣੇ ਕੀਤੇ ਨੂੰ ਵੇਖੋ-
ਅਸੀਂ ਖ਼ੂਨ ਵਹਾਉਂਦੇ ਹਾਂ
ਤੇ ਉਹ ਮਰਹੱਮ ਦਿੰਦਾ ਹੈ।
ਇਸ ਬਲਖ਼ ਬੁਖਾਰੇ ਦੀ ਰਹਿਮਤ
ਤੇ ਰੰਗ, ਮਿਠਾਸ, ਸ਼ਾਂਤੀ
ਸਭ ਉਸ ਦੀ ਹੀ ਬਰਕਤ ਹੈ।
ਇਨ੍ਹੀਂ ਦਿਨੀਂ ਭਾਵੇਂ ਸਾਹਿਤ, ਸਭਿਆਚਾਰ ਅਤੇ ਭਾਸ਼ਾ ਦੇ ਨਾਂ ’ਤੇ ਕੋਈ ਖ਼ਬਰ ਇਸ ਧਰਤੀ ਤੋਂ ਨਹੀਂ ਆਉਂਦੀ, ਪਰ ਉੱਥੇ ਅੱਜ ਵੀ ਸਾਹਿਤ ਜ਼ਿੰਦਾ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ। ਭਾਵੇਂ ਬਹੁਤ ਸਾਰੇ ਲੇਖਕ ਦੇਸ਼ ਛੱਡ ਗਏ ਹਨ। ਇਨ੍ਹਾਂ ਵਿਚ ਹੀ ਨਵੀਂ ਅਫ਼ਗ਼ਾਨ ਕਵਿਤਾ ਤੇ ਸਾਹਿਤ ਨੂੰ ਨਵਾਂ ਚਿਹਰਾ ਦੇਣ ਵਾਲਾ ਇਕ ਲੇਖਕ ਸ਼ੁਮਾਰ ਹੈ ਵਾਸਿਫ਼ ਬਖ਼ਤਾਰੀ। 1942 ਵਿਚ ਬਲਖ਼ ਵਿਚ ਪੈਦਾ ਹੋਇਆ ਪ੍ਰੋ. ਵਾਸਿਫ਼ ਕਹਿੰਦਾ ਹੈ: ‘‘ਅਫ਼ਗ਼ਾਨਿਸਤਾਨ ਮੇਰੀ ਜਨਮ ਭੂਮੀ ਹੈ, ਪਰ ਪਿਛਲੇ 30 ਵਰ੍ਹਿਆਂ ਤੋਂ ਲਹੂ-ਲਹਾਣ ਹੈ। ਜਿਹੋ ਜਿਹੀ ਵੀ ਹੈ ਉਹ ਮੇਰੇ ਸੁਪਨਿਆਂ ’ਚ ਹੈ।’’ ਭਾਸ਼ਾ ਵਿਗਿਆਨ, ਇਤਿਹਾਸ ਤੇ ਹੋਰ ਵਿਸ਼ਿਆਂ ’ਤੇ ਲਿਖਣ ਵਾਲਾ ਵਾਸਿਫ਼ ਆਪਣੇ ਬਚਪਨ ਦੀਆਂ ਯਾਦਾਂ ਵਿਚ ਮਜ਼ਾਰ-ਏ-ਸ਼ਰੀਫ਼ ਨੂੰ ਯਾਦ ਕਰਦਾ ਹੈ। ਉਸ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਫਿਰ ਅਫ਼ਗ਼ਾਨਿਸਤਾਨ ਦੀ ਕਾਬਲ ਯੂਨੀਵਰਸਿਟੀ ਆਇਆ, ਪਰ ਤਾਲਿਬਾਨ ਦੇ ਡਰੋਂ ਇਕ ਵਾਰੀ ਫਿਰ ਰਫਿਊਜੀ ਬਣ ਕੇ ਵਿਦੇਸ਼ ਚਲਾ ਗਿਆ। ਅੱਜਕੱਲ੍ਹ ਉਹ ਕੈਲੀਫੋਰਨੀਆ ’ਚ ਰਹਿ ਰਿਹਾ ਹੈ। ਉਸ ਨੇ ਫ਼ਾਰਸੀ ਜ਼ੁਬਾਨ ਵਿਚ ਝਵਨਦੂਨਾਂ ਨਾਂ ਦਾ ਰਸਾਲਾ ਵੀ ਕੱਢਿਆ। ਉਹ 20 ਤੋਂ ਜ਼ਿਆਦਾ ਪੁਸਤਕਾਂ ਦਾ ਲੇਖਕ ਹੈ। ਫ਼ਾਰਸੀ ਦੀ ਨਵੀਂ ਕਵਿਤਾ ਦਾ ਜਨਮਦਾਤਾ ਵਾਸਿਫ਼ ‘ਸ਼ਿਅਰ-ਏ-ਨਿਮਾਈਂ’ ਆਪਣੀ ਕਵਿਤਾ ’ਚ ਕਹਿੰਦਾ ਹੈ:
– ਬਲਦੀ ਹੋਈ ਅੱਗ ’ਚ ਸੜਦੇ ਰੁੱਖ ਵਾਂਗ ਮੈਂ ਉਦਾਸ ਹਾਂ-
ਬੰਬ ਧਮਾਕੇ ਤੇ ਗੋਲੀਆਂ ਦੀ ਬੁਛਾੜ ’ਚੋਂ ਮੈਂ
ਵੇਖਿਆ ਹੈ,
ਮੇਰਾ ਵਤਨ,
ਮੈਂ ਸਭ ਨੂੰ ਵੇਖ ਰਿਹਾ ਹਾਂ
ਇਹ ਮੇਰੀ ਧਰਤੀ ਲੁੱਟ ਰਹੇ ਹਨ
ਤੇ ਮੈਨੂੰ ਖ਼ਤਮ ਕਰ ਰਹੇ ਹਨ।
ਅੱਜ ਦੀ ਪੀੜ ਤੇ ਦਰਦ ਨੂੰ ਇਹ ਕਵੀ ਕੁਝ ਇਸ ਤਰ੍ਹਾਂ ਕਹਿ ਰਿਹਾ ਹੈ:
‘‘ਮੈਂ ਪਹਾੜ ਦੀ ਚੋਟੀ ’ਤੇ ਕਰਾਹ ਰਿਹਾ ਹਾਂ।’’ ਇਹ ਦਰਦ ਦੀ ਦਾਸਤਾਨ ਤੇ ਜਿਊਣ ਦੀ ਲਲ੍ਹਕ ਹੈ ਕਵੀ ਸੁਸਨਾਹ ਤੁਰਬੁਸ਼ ਦੀ। ਚਾਰ ਬੈਂਤ ’ਚ ਰਚੀ ਇਹ ਨਵੀਂ ਕਵਿਤਾ ਹੈ। ਦੁਆ, ਅਮਨ, ਪ੍ਰੇਮ, ਕੰਮ ਤੇ ਧਰਤੀ ਇਸ ਦੇ ਕੇਂਦਰ ਵਿਚ ਹਨ। ਉਸ ਦੀ ਕਵਿਤਾ ਦਾ ਨਮੂਨਾ ਹਾਜ਼ਰ ਹੈ ਜਿਸ ’ਚ ਅਮਨ ਦੀ ਦੁਆ ਹੈ:
ਬੰਦੂਕਾਂ ਤੇ ਬੰਬਾਂ, ਰਾਕੇਟਾਂ ਦੇ ਧੂੰਏਂ ’ਚ
ਉਦਾਸ ਹਾਂ, ਮੈਂ-
ਇਸ ਪਹਾੜ ’ਤੇ ਵੀ-
ਮੈਂ ਪਹਾੜ ਦੀ ਚੋਟੀ ’ਤੇ ਵੀ ਕਰਾਹ ਰਿਹਾ ਹਾਂ
ਖੂਨ ਤੇ ਕਤਲੋਗਾਰਤ ’ਚ ਡੁੱਬੀ ਆਪਣੀ ਜ਼ਮੀਨ ਵੇਖ ਕੇ
ਮੈਂ ਰੂਮੀ ਨੂੰ ਯਾਦ ਕਰਦਾ ਹਾਂ
ਅੱਜ ਆਪਣੀ ਅਮਨ ਦੀ ਦੁਆ ਦੇ ਜ਼ਰਾ-
ਫੁੱਲਾਂ ਤੇ ਫ਼ਲਾਂ ਦੀ ਖੁਸ਼ਬੂ ਤਾਂ ਹੈ
ਪਰ ਧੁਆਂਖੀਆਂ ਹੋਈਆਂ ਖ਼ੁਸ਼ੀਆਂ ਹਨ
ਪਰ- ਮੈਂ ਇਕੱਲਾ,
ਇਸ ਪਹਾੜ ’ਤੇ ਵੀ
ਉਦਾਸ ਹਾਂ
ਪਹਾੜ ਦੀ ਇਸ ਚੋਟੀ ’ਤੇ ਕਰਾਹ ਰਿਹਾ ਹਾਂ ਮੈਂ।
ਇਹ ਵੀ ਸੱਚ ਹੈ ਕਿ ਜ਼ਿਆਦਾ ਤਾਲਿਬਾਨ ਲੜਾਕੇ ਪਸ਼ਤੂਨ ਹਨ ਤੇ ਉਹ ਸ਼ਾਇਰੀ ਵਿਸ਼ੇਸ਼ ਕਰ ਸੂਫ਼ੀ ਸ਼ਾਇਰੀ ’ਤੇ ਝੂਮ ਉਠਦੇ ਹਨ, ਪਰ ਇਹ 1980ਵਿਆਂ ਦੀ ਗੱਲ ਸੀ। ਹੁਣ 22 ਵਰ੍ਹੇ ਬਾਅਦ 2021 ਵਿਚ ਤਾਲਿਬਾਨ ਸਿਰਫ਼ ਗੋਲੀ ਬਾਰੂਦ ਦੀ ਭਾਸ਼ਾ ਹੀ ਜਾਣਦੇ ਜਾਪਦੇ ਹਨ। ਇਸ ਦੇ ਬਾਵਜੂਦ ਇਸ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਰੂਮੀ ਦੀਆਂ ਰਚਨਾਵਾਂ ’ਤੇ ਕੋਈ ਵੀ ਸਭ ਕੁਝ ਭੁੱਲ ਕੇ ਝੂਮ ਸਕਦਾ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਤਾਲਿਬਾਨੀ ਨਿਜ਼ਾਮ ਦੀ ਵਿਚਾਰਧਾਰਾ ਇਸਲਾਮੀ ਸਟੇਟ ਦੀ ਧਾਰਾ ਹੈ ਜਿੱਥੇ ਅੱਜ ਦੇ ਹਾਲਾਤ ਪਛੜੇਵਾਂ, ਔਰਤਾਂ ਤੇ ਬੱਚਿਆਂ ’ਤੇ ਜ਼ੁਲਮ ਦੀ ਦਾਸਤਾਨ ਬਿਆਨ ਕਰਦੇ ਹਨ। ਇਸ ਪ੍ਰਸੰਗ ਵਿਚ ਕਵਿੱਤਰੀ ਨਾਦੀਆ ਦਾ ਜ਼ਿਕਰ ਕਰਨਾ ਚਾਹੀਦਾ ਹੈ ਜੋ ਧਮਕੀਆਂ ’ਚ ਜੀਵੀ। ਉਹ ਪਹਿਲੀ ਔਰਤ ਸੀ ਜਿਸ ਨੇ ਯੂਨੀਵਰਸਿਟੀ ਪੱਧਰ ’ਤੇ ਨਵੀਂ ਕਵਿਤਾ ਨੂੰ ਸਥਾਪਤ ਕਰ ਦਿੱਤਾ ਸੀ। ਅਫ਼ਗ਼ਾਨੀ ਕਵਿੱਤਰੀ ਨਾਦੀਆ ਅੰਜੁਮ ਨੂੰ 2005 ਵਿਚ ਪਰਿਵਾਰਕ ਹਿੰਸਾ ਵਿਚ ਮਾਰ ਦਿੱਤਾ ਗਿਆ। 25 ਸਾਲ ਦੀ ਉਮਰ ਵਿਚ ਹੀ ਉਸ ਨੇ ਹੈਰਾਤ ਯੂਨੀਵਰਸਿਟੀ ਵਿਚ ਅੰਜੁਮਨ-ਏ-ਅਦਬੀਅਤ ਹੈਰਾਤ ਵਰਗੀ ਸਾਹਿਤਕ ਸੰਸਥਾ ਖੜ੍ਹੀ ਕਰ ਦਿੱਤੀ ਸੀ। ਰਵਾਇਤੀ ਫ਼ਾਰਸੀ ਵਿਚ ਲਿਖਣ ਵਾਲੀ ਸੰਭਾਵਨਾਵਾਂ ਨਾਲ ਭਰਪੂਰ ਇਸ ਕਵਿੱਤਰੀ ਦੀਆਂ ਤਿੰਨ ਪੁਸਤਕਾਂ ਨੇ ਅਫ਼ਗ਼ਾਨ ਕਵਿਤਾ ਵਿਚ ਤਹਿਲਕਾ ਮਚਾਇਆ। ਉਸ ਦੀਆਂ ਕਵਿਤਾਵਾਂ ਦੁੱਖ ਤੇ ਅਫ਼ਗਾਨ, ਅਫ਼ਗਾਨ ਕੁੁੜੀ ਨੂੰ ਸਹਾਲਾ ਵਰਗੀ ਗਾਇਕਾ ਨੇ ਹਜ਼ਾਰਾਂ ਵਾਰ ਗਾਇਆ। ਉਸ ਦੀ ਕਵਿਤਾ ਦੀਆਂ ਕਿਤਾਬਾਂ ਗੁਲੇ ਦੂਦੀ, ਡਾਰਕ ਫਲਾਰ ਤੇ ਜੇਕਸ਼ਬਦ ਦਿਲਹੋਰੇ ਜ਼ਿਕਰਯੋਗ ਹਨ। ਉਦਾਸੀ ਦਾ ਸੰਗੀਤ ਹੈ ਉਸ ਦੇ ਸ਼ਬਦਾਂ ’ਚ। ਉਸ ਦੀ ਕਵਿਤਾ ਦਾ ਅੰਸ਼ ਇਉਂ ਹੈ:
ਮੇਰੇ ਲਈ ਸੰਗੀਤ ਦਾ ਕੋਈ ਅਰਥ ਨਹੀਂ ਹੈ
ਕਿਸੇ ਪਹਾੜ ਦੇ ਉਦਾਸ ਕੋਨੇ ’ਚ ਮੇਰੀ ਆਵਾਜ਼ ਹੈ-
ਮੇਰੇ ਸ਼ਬਦ ਮੇਰੀ ਜੀਭ ’ਚ ਜ਼ਹਿਰ ਵਾਂਗ ਹਨ
ਮੈਂ ਹੱਸ ਤੇ ਰੋ ਨਹੀਂ ਸਕਦੀ
ਮੇਰੇ ਟੁੱਟੇ ਹੋਏ ਖੰਭ,
ਮੇਰੇ ਗੀਤਾਂ ਵਾਂਗ ਚੁੱਪ ਹੋ ਗਏ ਹਨ।
ਪਰ ਅਫ਼ਗ਼ਾਨ ਮਾਵਾਂ ਮੇਰੇ ਗੀਤ ਗਾਉਣਗੀਆਂ।
ਆਪਣੀ ਇਕ ਹੋਰ ਕਵਿਤਾ ਵਿਚ ਨਾਦੀਆ ਕਹਿੰਦੀ ਹੈ:
ਧੂੰਆਂ ਹੈ ਹਰ ਪਾਸੇ,
ਮੇਰੀ ਰੂਹ ਕੰਬ ਰਹੀ ਹੈ, ਫੈਲੇ ਹੋਏ ਪਹਾੜੀ ਖੇਤਾਂ ਵਾਂਗ।
ਮੇਰੇ ਸ਼ਬਦਾਂ ’ਚ ਰੂਹ ਹੈ
ਇਸ ਹੇਰਾਤ ਦੀ ਧਰਤੀ ਦੀ
ਜੋ ਅੱਜ ਹੈ, ਧੂੰਆਂ, ਧੂੰਆਂ।
ਸ਼ਬਦ ਦੇ ਵਣਜਾਰਿਆਂ ਵਿਚ ਇਕ ਨਾਮ ਹੈ ਪ੍ਰਵੀਨ। ਉਹ ਵਿਦੇਸ਼ ਰਹਿੰਦੀ ਹੈ, ਪਰ ਮਨ ਵਿਚ ਅਫ਼ਗ਼ਾਨਿਸਤਾਨ ਦੀ ਧਰਤੀ ਪ੍ਰਤੀ ਅਥਾਹ ਮੁਹੱਬਤ ਹੈ। ਅਫ਼ਗ਼ਾਨ ਕਵਿਤਾ ਤੇ ਸਾਹਿਤ ਵਿਚ ਪ੍ਰਵੀਨ ਪਜਵਾਕ। 54 ਵਰ੍ਹਿਆਂ ਦੀ ਪ੍ਰਵੀਨ ਜ਼ਿੰਦਗੀ ਨੂੰ ਵੇਖਦਿਆਂ ਇਕ ਅਮਨ ਤੇ ਚਮਨ ਦੀ ਧਰਤੀ ਨੂੰ ਚਿਤਵਦੀ ਹੈ। ਉਹ ਅਫ਼ਗ਼ਾਨ ਔਰਤਾਂ ਦੀ ਤਹਿਰੀਕ ’ਚ ਵੀ ਕੰਮ ਕਰਦੀ ਹੈ। ਉਸ ਦੀ ਵਿਰਾਸਤ ਹੀ ਸਾਹਿਤ ਦੀ ਹੈ। ਉਸ ਦੇ ਪਿਤਾ ਨਿਆਮਤਉੱਲਾ ਤੇ ਮਾਂ ਅਫੀਜ਼ਾ ਤੇ ਦਾਦਾ ਅਬਦੁਲ ਰਹਿਮਾਨ ਫ਼ਾਰਸੀ ਭਾਸ਼ਾ ਦੇ ਕਵੀ ਰਹੇ ਹਨ। ਅੱਜਕੱਲ੍ਹ ਉਹ ਓਂਟਾਰੀਓ ’ਚ ਰਹਿੰਦੀ ਹੈ। ਉਸ ਦੀਆਂ ਦੋ ਕਿਤਾਬਾਂ ਛਪ ਚੁੱਕੀਆਂ ਹਨ। ਆਪਣੀ ਇਕ ਕਵਿਤਾ ਵਿਚ ਉਹ ਲਿਖਦੀ ਹੈ:
ਮੈਂ ਫਿਰ ਆਵਾਂਗੀ,
ਇਸ ਪਹਾੜ ਦੀ ਮਹਿਕ ’ਚ ਰਚੀ ਵਸੀ ਧਰਤੀ ’ਤੇ-
ਮੈਂ ਫਿਰ ਆਵਾਂਗੀ
ਆਪਣੇ ਪੁਰਖਿਆਂ ਦੀ ਧਰਤੀ ’ਤੇ
ਜਿੱਥੇ ਹਵਾ ਸੀ ਮਸਤ ਤੇ ਖੁਸ਼ਬੂ ਵਾਲੀ
ਪਰ ਹੁਣ ਹੈ-
ਬੰਬਾਂ ਤੇ ਬੰਦੂਕਾਂ ਦੀ ਆਵਾਜ਼
ਮੈਂ ਫਿਰ ਵੀ ਆਵਾਂਗੀ
ਕਿਉਂਕਿ ਮੇਰੇ ਸਾਹਵਾਂ ’ਚ ਹੈ
ਕਾਬੁਲ ਦੀ ਹਵਾ ਤੇ ਖ਼ੂਨ
ਮੈਂ ਫਿਰ ਆਵਾਂਗੀ-
ਮੇਰੇ ਅਫ਼ਗ਼ਾਨਿਸਤਾਨ
ਤੇ ਮੇਰੇ ਸੁਪਨਿਆਂ ਦੇ ਸ਼ਹਿਰ ਕਾਬੁਲ
ਮੈਂ ਫਿਰ ਆਵਾਂਗੀ,
ਮੁਹੱਬਤ ਤੇ ਨਫ਼ਰਤ ’ਚ ਫੈਲੇ
ਮੇਰੇ ਖ਼ੂਨ ਤੇ ਸਾਹਾਂ ’ਚ ਵਸੇ
ਕਾਬੁਲ ਲਈ
ਮੈਂ ਫਿਰ ਆਵਾਂਗੀ।