ਬਲਦੇਵ ਸਿੰਘ (ਸੜਕਨਾਮਾ)
ਨਾਵਲ ‘ਸਿਆੜਾਂ ਦੀ ਕਰਵਟ’ (ਲੇਖਕ: ਬਲਬੀਰ ਪਰਵਾਨਾ; ਕੀਮਤ: 275 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਦੇ ਆਰੰਭ ਵਿਚ ਕਣਕ ਨੂੰ ਪਾਣੀ ਲਾਉਂਦਾ ਸਿਮਰ, ਮਨਿੰਦਰ ਦੀ ਉਡੀਕ ਵਿਚ ਹੈ ਜਿਸ ਨੇ ਵਾਅਦਾ ਕੀਤਾ ਸੀ ਕਿ ਨੌਂ ਕੁ ਵਜੇ ਤੱਕ ਆ ਜਾਵੇਗੀ। ਪਿੰਡਾਂ ਦੇ ਇਸ਼ਕ ਦੀ ਲੁਕਵੀਂ ਖੇਡ ਪਾਠਕ ਦੇ ਮਨ ਵਿਚ ਜਗਿਆਸਾ ਪੈਦਾ ਕਰਦੀ ਹੈ ਤੇ ਉਨ੍ਹਾਂ ਦੀ ਮਿਲਣ-ਘੜੀ ਨੂੰ ਉਡੀਕਦੇ ਅਨੰਦਿਤ ਹੁੰਦੇ ਹਨ। ਲੇਖਕ ਇਸ ਵਿਧੀ ਨਾਲ ਕਿਸਾਨੀ ਦੁਸ਼ਵਾਰੀਆਂ, ਬਿਜਲੀ ਸੰਕਟ ਤੇ ਕਿਸਾਨਾਂ ਦੀਆਂ ਔਕੜਾਂ ਬਿਆਨਦਾ ਹੈ। ਗੱਲ ਅੱਗੇ ਤੁਰਦੀ ਤੁਰਦੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਤੱਕ ਜਾ ਪੁੱਜਦੀ ਹੈ। ਬਿਰਤਾਂਤ ਵਿਚ ਸਿਮਰ ਅਤੇ ਮਨਿੰਦਰ ਦਾ ਕਦੇ ਕਦੇ ਆ ਜਾਣਾ ਕਥਾ ਨੂੰ ਰੌਚਕ ਬਣਾਉਣ ਦਾ ਚੰਗਾ ਉਪਰਾਲਾ ਹੈ।
ਨਾਵਲੀ ਪਾਤਰ ਪ੍ਰੋਫੈਸਰ ਰਵੀ ਨਵੀਂ ਚੇਤਨਾ ਤੇ ਨਵੀਂ ਵਿਚਾਰਧਾਰਾ ਦਾ ਪ੍ਰਤੀਕ ਹੈ। ਅਜਿਹਾ ਪਾਤਰ ਰਿਸ਼ਤਿਆਂ ਵਿਚ ਅਕਸਰ ‘ਮਿਸ-ਫਿੱਟ’ ਹੁੰਦਾ ਹੈ। ਪ੍ਰੋ. ਰਵੀ ਵੀ ਅਜਿਹੀ ਹੋਣੀ ਭੋਗਦਾ ਹੈ।
ਸਿਮਰ ਪਹਿਲਾਂ ਗੁੜਗਾਓਂ ਨੌਕਰੀ ਕਰਦਾ ਸੀ। ਨੋਟਬੰਦੀ ਤੇ ਫਿਰ ਜੀ.ਐੱਸ.ਟੀ., ਬਾਅਦ ਵਿਚ ਕਰੋਨਾ ਦੇ ਮਾਰੂ ਅਸਰ ਹੇਠ ਹਜ਼ਾਰਾਂ ਨਹੀਂ ਲੱਖਾਂ ਕਾਮੇ ਬੇਰੁਜ਼ਗਾਰ ਹੋ ਗਏ, ਨੌਕਰੀਆਂ ਚਲੀਆਂ ਗਈਆਂ। ਸਿਮਰ ਵੀ ਅਜਿਹੇ ਲੋਕਾਂ ਵਿਚੋਂ ਹੀ ਇਕ ਸੀ। ਉਸ ਦੀ ਮਾਂ ਨੂੰ ਝੋਰਾ ਸੀ, ਉਹ ਵੀ ਦੂਸਰੇ ਪਾੜ੍ਹਿਆਂ ਵਾਂਗ ਆਈਲੈਟਸ ਕਰ ਕੇ ਬਾਹਰ ਕਿਉਂ ਨਹੀਂ ਗਿਆ। ਇਸ ਕਾਰਨ ਸਿਮਰ ਦੀ ਮਾਂ ਨੂੰ ਨਾ ਸਿਮਰ ਦੀਆਂ ਆਦਤਾਂ ਪਸੰਦ ਹਨ ਨਾ ਸਿਮਰ ਦੇ ਬਾਪ ਦਾ ਕਿਸਾਨ ਜਥੇਬੰਦੀਆਂ ਵਿਚ ਤੁਰੇ ਰਹਿਣਾ ਤੇ ਸਾਂਝੇ ਕੰਮਾਂ ਵਿਚ ਸਮਾਂ ਬਰਬਾਦ ਕਰਨਾ ਪਸੰਦ ਸੀ। ਘਰ ਵਿਚ ਹਰ ਸਮੇਂ ਤਣਾਅ ਦਾ ਮਾਹੌਲ ਰਹਿੰਦਾ ਸੀ ਪਰ ਨਾ ਸਿਮਰ ਅਜਿਹੇ ਮਾਹੌਲ ਦੀ ਪਰਵਾਹ ਕਰਦਾ ਸੀ ਨਾ ਸਿਮਰ ਦਾ ਬਾਪ ਸਰਬਜੀਤ।
ਲੇਖਕ ਨੇ ਵਰਤਮਾਨ ਸੰਕਟਾਂ ਨੂੰ ਵੀ ਬਿਰਤਾਂਤ ਦਾ ਹਿੱਸਾ ਬਣਾਇਆ ਹੈ। ਵਿਸ਼ਵ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਨੇ ਭਾਰਤ ਨੂੰ ਵੀ ਬੇਹੱਦ ਪ੍ਰਭਾਵਿਤ ਕੀਤਾ ਹੈ। ਪੰਜਾਬ ਦੇ ਪਿੰਡਾਂ ਵਿਚ ਵੀ ਨੌਜਵਾਨਾਂ ਨੇ ਬਾਹਰੋਂ ਆਉਣ ਵਾਲਿਆਂ ਲਈ ਨਾਕੇ ਲਾਏ। ਸਮੁੱਚਾ ਦੇਸ਼, ਭਾਈਚਾਰਾ ਤੇ ਸਮਾਜ ਇਸ ਮਹਾਂਮਾਰੀ ਵਿਚ ਉਲਝ ਗਿਆ। ਇਕੋ ਹੀ ਚਰਚਾ ਸੀ, ਕਰੋਨਾ ਜਾਂ ਲੌਕਡਾਊਨ।
ਸਾਰਾ ਮੀਡੀਆ, ਸਾਰੇ ਮੁੱਦੇ ਛੱਡ ਕੇ ਬੱਸ ਇਸੇ ਗੱਲ ’ਤੇ ਕੇਂਦਰਿਤ ਹੋ ਗਿਆ ਸੀ, ਕਰੋਨਾ, ਇਸ ਦੀ ਭਿਆਨਕਤਾ। ਪੂਰੀ ਦੁਨੀਆ ’ਚ ਲਗਾਤਾਰ ਇਸ ਦਾ ਫੈਲ ਰਿਹਾ ਤੰਦੂਆ-ਜਾਲ। ਵੱਖ-ਵੱਖ ਦੇਸ਼ਾਂ ’ਚ ਲੱਗ ਰਹੇ ਲੌਕਡਾਊਨ। ਸੋਸ਼ਲ ਮੀਡੀਆ ’ਚ ਸਰਕਾਰ ’ਤੇ ਖੜ੍ਹੇ ਕੀਤੇ ਜਾ ਰਹੇ ਸਵਾਲ। ਚਾਰ ਘੰਟਿਆਂ ਦੇ ਨੋਟਿਸ ’ਤੇ ਜਦ ਸਭ ਕੁਝ ਜਾਮ ਕਰਕੇ ਰੱਖ ਦਿੱਤਾ ਤਾਂ ਉਹ ਲੋਕ ਕਿੱਥੇ ਜਾਣ…? (ਪੰਨਾ… 31)
ਇਸੇ ਕਰੋਨਾ ਦੀ ਆੜ ਵਿਚ ਸਰਕਾਰ ਨਵੇਂ ਖੇਤੀ ਕਾਨੂੰਨ ਲੈ ਆਈ ਜਿਸ ਨੇ ਬਾਅਦ ਵਿਚ ਕਿਸਾਨ ਅੰਦੋਲਨ ਨੂੰ ਜਨਮ ਦਿੱਤਾ। ਪ੍ਰੋ. ਰਵੀ ਇਨ੍ਹਾਂ ਸਭਨਾਂ ਤੋਂ ਵਧੇਰੇ ਚੇਤਨ ਅਤੇ ਵਧੇਰੇ ਸਮਝਦਾਰ ਹੈ। ਉਹ ਦੱਸਦਾ ਹੈ:
ਜਿਵੇਂ ਸੱਤਾ ਇਸ ਨੂੰ (ਕਰੋਨਾ ਮਹਾਂਮਾਰੀ) ਆਪਣੇ ਮਨਸੂਬਿਆਂ ਲਈ ਵਰਤ ਰਹੀ ਹੈ, ਉਹ ਬਹੁਤ ਹੀ ਘਟੀਆ ਹੈ। ਮਹਾਂਮਾਰੀ ਦੀ ਆੜ ਲੈ ਕੇ ਸੱਤਾ ਨੂੰ ਹੋਰ ਕੇਂਦਰਿਤ ਕੀਤਾ ਜਾ ਰਿਹਾ…।
ਅਜਿਹੇ ਪ੍ਰਵਚਨ ਮੁੱਲਵਾਨ ਤਾਂ ਹਨ ਪਰ ਨਾਵਲੀ ਪਾਠ ਦੀ ਪੜ੍ਹਤ ਨੂੰ ਖੁਸ਼ਕ ਬਣਾਉਂਦੇ ਹਨ। ਭਾਵੇਂ ਲੇਖਕ ਨੇ ਪ੍ਰੋ. ਰਵੀ ਦੇ ਕਿਰਦਾਰ ਰਾਹੀਂ ਮਾਲਤੀ ਅਤੇ ਰਜਨੀ ਦੇ ਕਿੱਸੇ ਸ਼ਾਮਲ ਕਰ ਕੇ ਬਿਰਤਾਂਤ ਦੀ ਖੁਸ਼ਕੀ ਨੂੰ ਸਿੰਜਣ ਦਾ ਯਤਨ ਕੀਤਾ ਹੈ, ਫਿਰ ਵੀ ਨਾਵਲ ਵਿਚ ਸਿਧਾਂਤ ਭਾਰੂ ਹੁੰਦਾ ਤੁਰਿਆ ਜਾਂਦਾ ਹੈ। ਕਿਤੇ ਕਿਤੇ ਪਾਠਕ ਦਾ ਗਿਲਾ ਦੂਰ ਵੀ ਹੁੰਦਾ ਹੈ:
‘ਸੱਚੀਂ! ਆ ਅੰਦਰ ਬਹਿੰਦੇ ਹਾਂ।’ ਸਿਮਰ ਉਸ ਦਾ ਹੱਥ ਫੜ ਮੋਟਰ ਵਾਲੇ ਅੰਦਰ ਨੂੰ ਹੋ ਤੁਰਿਆ। ਅੰਦਰ ਫੋਲਡਿੰਗ ਮੰਜਾ ਪਿਆ ਸੀ, ਜਿਹੜਾ ਕਿਤੇ ਵੇਲੇ ਕੁਵੇਲੇ ਆਰਾਮ ਕਰਨ ਲਈ ਰੱਖਿਆ ਹੋਇਆ ਸੀ ਤੇ ਇਹ ਮੰਜਾ ਮਚਦੇ ਜਿਸਮ ਤੇ ਕੁਆਰੇ ਚਾਵਾਂ ਦੇ ਸੇਕ ਦਾ ਗਵਾਹ ਬਣ ਗਿਆ। (ਪੰਨਾ 53)
ਕਿਸਾਨ ਅੰਦੋਲਨ ਦੇ ਸਭ ਵਰਤਾਰਿਆਂ ਦਾ ਜ਼ਿਕਰ ਨਾਵਲ ’ਚ ਮਿਲਦਾ ਹੈ। ਡੀ.ਸੀ. ਦਫ਼ਤਰਾਂ ਨੂੰ ਘੇਰਨਾ, ਰੇਲਵੇ ਲਾਈਨਾਂ ਉੱਪਰ ਧਰਨੇ ਜਾਂ ਟੋਲ ਪਲਾਜ਼ਿਆਂ ਉੱਪਰ ਧਰਨੇ। ਜਥਿਆਂ ਦੀ ਸ਼ਕਲ ਵਿਚ ਦਿੱਲੀ ਦੇ ਬਾਰਡਰਾਂ ਵੱਲ ਰਵਾਨਾ ਹੋਣਾ। ਉੱਥੇ ਧਰਨੇ ਵਾਲੀਆਂ ਥਾਵਾਂ ਉੱਪਰ ਅੰਦੋਲਨਕਾਰੀ ਕਿਸ ਤਰ੍ਹਾਂ ਦਾ ਵਸੇਬਾ ਕਰਦੇ ਹਨ। ਨਵਾਂ ਇਤਿਹਾਸ ਸਿਰਜਿਆ ਜਾ ਰਿਹਾ।
– ਕਦੀ ਕਦੀ ਦੌਰ ਆਉਂਦਾ ਹੈ ਜਦੋਂ ਇਤਿਹਾਸ ਸਿਰਜਿਆ ਜਾ ਰਿਹਾ ਹੁੰਦਾ। ਅੱਜ ਉਹੀ ਦੌਰ ਹੈ। ਮਹਾਂਮਾਰੀ ਕਰਕੇ ਸਮਾਜ ਦੀ ਹੋਣੀ ਦਾ ਫੈ਼ਸਲਾਕੁਨ ਦੌਰ ਵੀ ਤੇ ਕਿਸਾਨਾਂ ਦੀ ਹੋਣੀ ਦਾ ਵੀ…। (ਪੰਨਾ 92)
ਕਰੋਨਾ ਮਹਾਂਮਾਰੀ ਦੇ ਵੀ ਦੋ ਮਾਪਦੰਡ ਹਨ, ਇਕ ਸੱਤਾ ਧਿਰ ਵਾਲਿਆਂ ਦਾ, ਦੂਸਰਾ ਆਪਣਾ ਹੱਕ ਮੰਗਦੇ ਲੋਕਾਂ ਦਾ। ਚੋਣਾਂ ਲੜਨੀਆਂ ਹੋਣ, ਰੈਲੀਆਂ ਕਰਨੀਆਂ ਹੋਣ ਤਾਂ ਹਾਕਮ ਧਿਰ ਲਈ ਕਰੋਨਾ ਜ਼ਾਬਤੇ ਦਾ ਕੋਈ ਅਰਥ ਨਹੀਂ। ਬੇਰੁਜ਼ਗਾਰ ਆਪਣੇ ਹੱਕਾਂ ਲਈ, ਨੌਕਰੀਆਂ ਮੰਗਣ ਲਈ ਅੰਦੋਲਨ ਕਰਨ ਤਾਂ ਮਹਾਂਮਾਰੀ ਫੈਲਣ ਦਾ ਖ਼ਤਰਾ।
ਆਖ਼ਰ ਤੇ ਇਤਿਹਾਸਕ ਕਿਸਾਨ ਅੰਦੋਲਨ ਵਿਚ ਹਿੱਸਾ ਪਾਉਣ ਲਈ ਪ੍ਰੋ. ਰਵੀ, ਸਿਮਰ ਤੇ ਹੋਰ ਦਿੱਲੀ ਬਾਰਡਰ ’ਤੇ ਪਹੁੰਚਦੇ ਹਨ। ਸਿਮਰ ਲਈ ਤਾਂ ਦਿੱਲੀ ਲਈ ਪੂਰੀ ਖਿੱਚ ਹੈ ਕਿਉਂਕਿ ਉੱਥੇ ਮਨਿੰਦਰ ਵੀ ਅੰਦੋਲਨ ਵਿਚ ਗਈ ਹੋਈ ਹੈ। ਪਰਵਾਸੀਆਂ ਲਈ ਵੀ ਕਿਸਾਨ ਅੰਦੋਲਨ ਬਹੁਤ ਖਿੱਚ ਰੱਖਦਾ ਹੈ। ਕੁਝ ਇਕ ਨੇ ਤਾਂ ਆਪਣੀ ਜੌਬ ਦੀ ਪਰਵਾਹ ਨਾ ਕਰਦਿਆਂ ਟਿਕਟਾਂ ਅੱਗੇ ਕਰਵਾ ਲਈਆਂ ਤਾਂ ਕਿ ਉਨ੍ਹਾਂ ਕੋਲ ਅਗਾਂਹ ਵਾਲੀਆਂ ਪੀੜ੍ਹੀਆਂ ਨੂੰ ਕੁਝ ਮਾਣਯੋਗ ਦੱਸਣ ਜੋਗਾ ਹੋਵੇ।
ਪ੍ਰੋ. ਰਵੀ ਨੂੰ ਯਕੀਨ ਹੈ, ਮੋਰਚੇ ਭੀੜਾਂ ਨਾਲ ਨਹੀਂ ਇਰਾਦਿਆਂ ਨਾਲ ਜਿੱਤੇ ਜਾਂਦੇ ਹਨ। ਇੱਥੇ ਠੰਢ ਲੱਗਣ ਕਾਰਨ ਜਾਂ ਕਰੋਨਾ ਦੀ ਲਾਗ ਕਾਰਨ ਪ੍ਰੋ. ਰਵੀ ਦੀ ਮੌਤ ਹੋ ਜਾਂਦੀ ਹੈ। ਹੋਰ ਵੀ ਅਨੇਕਾਂ ਕਿਸਾਨਾਂ ਦੀ ਇੱਥੇ ਮੌਤ ਹੋਈ ਹੈ। ਇਹ ਮੌਤਾਂ ਸ਼ਹਾਦਤ ਤੋਂ ਘੱਟ ਨਹੀਂ ਹਨ।
ਨਾਵਲ ਦੇ ਅੰਤ ’ਤੇ ਇਕ ਬਿਮਾਰ ਕਿਸਾਨ ਨੂੰ ਹਸਪਤਾਲ ਲੈ ਕੇ ਜਾਣ ਸਮੇਂ ਸਬੱਬ ਨਾਲ ਸਿਮਰ ਤੇ ਮਨਿੰਦਰ ਮਿਲ ਪੈਂਦੇ ਹਨ। ਗੱਲਾਂ ਕਰਦਿਆਂ ਤੇ ਇਕ ਹੋਟਲ ’ਤੇ ਚਾਹ ਪੀਂਦਿਆਂ ਸਿਮਰ ਨੂੰ ਪ੍ਰੋ. ਰਵੀ ਦੇ ਬੋਲ ਯਾਦ ਆਉਂਦੇ ਹਨ:
‘‘ਇਸ ਅੰਦੋਲਨ ਦੇ ਅੰਤਮ ਨਤੀਜੇ ਜੋ ਵੀ ਨਿਕਲਣ, ਉਨ੍ਹਾਂ ਦਾ ਬਹੁਤਾ ਮਹੱਤਵ ਨਹੀਂ। ਮਹੱਤਵ ਇਸ ਦਾ ਹੈ ਕਿ ਸਮੇਂ ਦੀ ਹਿੱਕ ’ਤੇ ਨਵੀਂ ਇਬਾਰਤ ਲਿਖੀ ਜਾ ਰਹੀ ਹੈ। ਲੋਕਾਂ ਦੇ ਸੁਪਨਿਆਂ ਨੂੰ ਨਵੇਂ ਖੰਭ ਨਿਕਲ ਰਹੇ ਹਨ ਕਿ ਲੜਿਆਂ ਵੀ ਜਾ ਸਕਦਾ ਹੁੰਦਾ।’’
ਥੋੜਾ ਸਬਰ ਰੱਖ ਕੇ ਧੀਰਜ ਨਾਲ ਪੜ੍ਹਨ ਵਾਲਾ ਨਾਵਲ ਹੈ ਤੇ ਵਰਤਮਾਨ ਦੀ ਨਬਜ਼ ’ਤੇ ਹੱਥ ਰੱਖਣ ਦਾ ਪਰਵਾਨਾ ਨੇ ਸਫ਼ਲ ਯਤਨ ਕੀਤਾ ਹੈ।
ਸੰਪਰਕ: 98147-83069