ਸੀਨੀਅਰ ਪੱਤਰਕਾਰ ਤੇ ਟੈਲੀਵਿਜ਼ਨ ਐਂਕਰ ਇਮਰਾਨ ਰਿਆਜ਼ ਖ਼ਾਨ ਨਾਲ ਜ਼ਿਆਦਤੀਆਂ ਦਾ ਮਾਮਲਾ ਪਾਕਿਸਤਾਨੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋੋਇਆ ਹੈ। ਰਿਆਜ਼ ਨੂੰ ਸ਼ਨਿੱਚਰਵਾਰ ਨੂੰ ਲਾਹੌਰ ਤੋਂ ਦੁਬਈ ਜਾਣ ਵਾਲੀ ਉਡਾਨ ਵਿਚੋਂ ਜਬਰੀ ਉਤਾਰ ਲਿਆ ਗਿਆ ਸੀ। ਇਸ ਵੇਲੇ ਉਹ ਲਾਹੌਰ ਕੋਤਵਾਲੀ ਪੁਲੀਸ ਦੀ ਸੀ.ਆਈ.ਏ. ਸ਼ਾਖ਼ਾ ਦੇ ਜ਼ੇਰੇ-ਹਿਰਾਸਤ ਹੈ। ਉਸ ਦੇ ਖ਼ਿਲਾਫ਼ ਪਾਕਿਸਤਾਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਗੱਦਾਰੀ, ਦੇਸ਼ ਧਰੋਹ ਤੇ ਅਜਿਹੇ ਹੋਰ ਸੰਗੀਨ ਜੁਰਮਾਂ ਅਧੀਨ 18 ਐਫਆਈਆਰਜ਼ ਦਰਜ ਹਨ। ਮੁੱਖ ਇਲਜ਼ਾਮ ਹੈ ਕਿ ਉਸ ਨੇ ਥਲ ਸੈਨਾ ਮੁਖੀ ਆਸਿਫ਼ ਕਮਰ ਬਾਜਵਾ ਤੇ ਫ਼ੌਜ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਕੇ ਕੌਮੀ ਵਕਾਰ ਨੂੰ ਢਾਹ ਲਾਈ ਅਤੇ ਪਾਕਿਸਤਾਨੀ ਅਵਾਮ ਨੂੰ ਬਗ਼ਾਵਤ ਲਈ ਭੜਕਾਇਆ। ਉਹ ਸਾਬਕਾ ਵਜ਼ੀਰੇ ਆਜ਼ਮ ਤੇ ਤਹਿਰੀਕ-ਇ-ਇਨਸਾਫ਼ ਦੇ ਮੁਖੀ ਇਮਰਾਨ ਖ਼ਾਨ ਦਾ ਕੱਟੜ ਹਮਾਇਤੀ ਰਿਹਾ ਹੈ ਅਤੇ ਉਨ੍ਹਾਂ ਦਰਜਨ ਦੇ ਕਰੀਬ ਪੱਤਰਕਾਰਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਸਹਬਿਾਜ਼ ਸ਼ਰੀਫ਼ ਸਰਕਾਰ ਬਣਨ ਮਗਰੋਂ ਸਰਕਾਰੀ ਵਧੀਕੀਆਂ ਦੀ ਤਪਸ਼ ਲਗਾਤਾਰ ਝੱਲਣੀ ਪੈ ਰਹੀ ਹੈ।
ਰਿਆਜ਼ ਨੇ ਇਕ ਟਵੀਟ ਰਾਹੀਂ ਦੱਸਿਆ ਕਿ ਉਹ ਕੁਝ ਮੈਡੀਕਲ ਟੈਸਟ ਕਰਵਾਉਣ ਲਈ ਦੁਬਈ ਜਾ ਰਿਹਾ ਸੀ ਕਿ ਪੁਲੀਸ ਨੇ ਉਸ ਨੂੰ ਜਹਾਜ਼ ਵਿਚੋਂ ਜਬਰੀ ਉਤਾਰ ਲਿਆ। ਪਿਛਲੀ ਦਿਨੀਂ ਪੁਲੀਸ ਜਾਂ ਜੇਲ੍ਹਾਂ ਅੰਦਰਲੀ ਹਿਰਾਸਤ ਦੌਰਾਨ ਉਸ ਨੂੰ ਕੋਈ ਅਜਿਹਾ ਤੱਤ ਖਵਾਇਆ ਗਿਆ ਜੋ ਉਸ ਦੀ ਸਿਹਤ ਉੱਪਰ ਲਗਾਤਾਰ ਮੰਦਾ ਅਸਰ ਪਾ ਰਿਹਾ ਸੀ। ਇਸੇ ਕਾਰਨ ਉਹ ਇਹ ਟੈਸਟ ਕਰਵਾਉਣ ਲਈ ਦੁਬਈ ਜਾ ਰਿਹਾ ਸੀ ਕਿ ਉਸ ਦੇ ਕਿਹੜੇ ਅੰਗਾਂ ਵਿਚ ਖ਼ਰਾਬੀ ਹੈ ਤਾਂ ਜੋ ਉਹ ਉਸ ਦੇ ਮਾਕੂਲ ਇਲਾਜ ਕਰਵਾ ਸਕੇ।
ਜ਼ਿਕਰਯੋਗ ਹੈ ਕਿ ਰਿਆਜ਼ ਆਪਣੇ ਖ਼ਿਲਾਫ਼ ਦਾਇਰ ਕੇਸਾਂ ਦੇ ਸਬੰਧ ਵਿਚ ਪਿਛਲੇ ਮੰਗਲਵਾਰ ਨੂੰ ਪੇਸ਼ਗੀ ਜ਼ਮਾਨਤ ਲਈ ਇਸਲਾਮਾਬਾਦ ਹਾਈ ਕੋਰਟ ਜਾ ਰਿਹਾ ਸੀ ਕਿ ਕੌਮੀ ਰਾਜਧਾਨੀ ਦੇ ਬਾਹਰਵਾਰ ਪੈਂਦੇ ਟੌਲ ਪਲਾਜ਼ਾ ’ਤੇ ਉਸ ਨੂੰ ਅਟਕ ਪੁਲੀਸ ਨੇ ਦਬੋਚ ਲਿਆ। ਜਦੋਂ ਅਟਕ ਦੇ ਇਕ ਮੁਕਾਮੀ ਮੈਜਿਸਟਰੇਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਤਾਂ ਅਦਾਲਤੀ ਕਮਰੇ ਦੇ ਬਾਹਰੋਂ ਹੀ ਚੱਕਵਾਲ ਪੁਲੀਸ ਉਸ ਨੂੰ ਚੁੱਕ ਕੇ ਲੈ ਗਈ। ਚੱਕਵਾਲ ਦੇ ਮੈਜਿਸਟਰੇਟ ਵੱਲੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਰੱਖਣ ਦੇ ਹੁਕਮਾਂ ਤੋਂ ਤੁਰੰਤ ਮਗਰੋਂ ਚੱਕਵਾਲ ਪੁਲੀਸ ਨੇ ਉਸ ਨੂੰ ਲਾਹੌਰ ਪੁਲੀਸ ਦੇ ਹਵਾਲੇ ਕਰ ਦਿੱਤਾ। ਅਜਿਹੀਆਂ ਕਾਰਵਾਈਆਂ ਖ਼ਿਲਾਫ਼ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਦਿਆਂ ਲਾਹੌਰ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ, ਪਰ ਇਹ ਰਿਹਾਈ ਬੜੀ ਮੁਖ਼ਤਸਰ ਜਹੀ ਰਹੀ। ਉਸ ਖ਼ਿਲਾਫ਼ ਸਾਰੇ ਕੇਸਾਂ ਨੂੰ ਖਾਰਿਜ ਕੀਤੇ ਜਾਣ ਜਾਂ ਇਕਜੁੱਟ ਕਰਕੇ ਇਕ ਕੇਸ ਵਿਚ ਬਦਲੇ ਜਾਣ ਵਾਲੀ ਪਟੀਸ਼ਨ ’ਤੇ ਲਾਹੌਰ ਹਾਈ ਕੋਰਟ ਵਿਚ ਸੁਣਵਾਈ ਮੰਗਲਵਾਰ, 19 ਜੁਲਾਈ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਅੱਜ ਹਾਈਕੋਰਟ ਉਸ ਨੂੰ ਕੋਤਵਾਲੀ ਪੁਲੀਸ ਦੀ ਹਿਰਾਸਤ ਵਿਚੋਂ ਬਾਹਰ ਕੀਤੇ ਜਾਣ ਸਬੰਧੀ ਅਰਜ਼ੀ ’ਤੇ ਸੁਣਵਾਈ ਕਰੇਗਾ।
ਇਸੇ ਦੌਰਾਨ ਰਿਆਜ਼ ਨਾਲ ਹੋਈ ਬਦਸਲੂਕੀ ਦੀ ਇਮਰਾਨ ਖ਼ਾਨ, ਤਹਿਰੀਕ-ਇ-ਇਨਸਾਫ਼ ਦੇ ਹੋਰ ਨੇਤਾਵਾਂ ਅਤੇ ਪਾਕਿਸਤਾਨੀ ਮੀਡੀਆ ਸੰਗਠਨਾਂ ਨੇ ਸਖ਼ਤ ਮਜ਼ੱਮਤ ਕੀਤੀ ਹੈ। ਦੂਜੇ ਪਾਸੇ, ਹੁਕਮਰਾਨ ਪੀ.ਐੱਮ.ਐੱਲ.-ਐੱਨ. ਦੀ ਤਰਜਮਾਨ ਮਰੀਅਮ ਔਰੰਗਜ਼ੇਬ ਨੇ ਇਮਰਾਨ ਖ਼ਾਨ ਨੂੰ ਆਪਣੇ ਗਿਰੇਬਾਨ ’ਚ ਝਾਕਣ ਦੀ ਸਲਾਹ ਦਿੱਤੀ ਹੈ। ਉਸ ਨੇ ਆਲਮੀ ਜਥੇਬੰਦੀ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਦੀ ਸਾਲ 2021 ਦੀ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਕਿ ਇਮਰਾਨ ਦੇ ਚਾਰ ਵਰ੍ਹਿਆਂ ਦੇ ਰਾਜ-ਕਾਲ ਦੌਰਾਨ 10 ਪਾਕਿਸਤਾਨੀ ਪੱਤਰਕਾਰ ਜਾਨਾਂ ਗੁਆ ਬੈਠੇ ਅਤੇ ਇਕ ਦਰਜਨ ਤੋਂ ਵੱਧ ਨਾਜਾਇਜ਼ ਹਿਰਾਸਤਾਂ ਵਿਚ ਰਹੇ; ਕਈ ਅਖ਼ਬਾਰਾਂ ’ਤੇ ਬੰਦਸ਼ਾਂ ਲੱਗੀਆਂ, ਕਈ ਚੈਨਲ ਜਬਰੀ ਬੰਦ ਕਰਵਾਏ ਅਤੇ ਜਿਓ ਨਿਊਜ਼ ਤੇ ਕੈਪੀਟਲ ਟੀ.ਵੀ. ਉੱਪਰ ਚੱਲਦੇ ਪ੍ਰੋਗਰਾਮ ਦੇ ਉਪਗ੍ਰਹਿ ਲਿੰਕ ਅਚਨਚੇਤੀ ਕਟਵਾ ਦਿੱਤੇ ਗਏ। ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਕਿ ਰਿਆਜ਼ ਦੇ ਮਾਮਲੇ ਵਿਚ ਸਰਕਾਰ ਅਦਾਲਤੀ ਹੁਕਮਾਂ ’ਤੇ ਫੁੱਲ ਚੜ੍ਹਾ ਰਹੀ ਹੈ ਅਤੇ ਉਸ ਖ਼ਿਲਾਫ਼ ਜੋ ਵੀ ਕਾਰਵਾਈ ਹੋ ਰਹੀ ਹੈ, ਉਹ ਕਾਨੂੰਨਾਂ ਅਨੁਸਾਰ ਹੀ ਹੋ ਰਹੀ ਹੈ। ਅਜਿਹੇ ਦਾਅਵਿਆਂ ਪ੍ਰਤੀ ਦਾਅਵਿਆਂ ਦੇ ਸ਼ੋਰ ਵਿਚ ਉੱਘੇ ਟੀ.ਵੀ. ਐਂਕਰ ਹਾਮਿਦ ਮੀਰ ਨੇ ਉਮੀਦ ਜਤਾਈ ਹੈ ਕਿ ਅਦਾਲਤਾਂ ਪਹਿਲਾਂ ਵਾਂਗ ਹੁਣ ਵੀ ਆਜ਼ਾਦੀ-ਇ-ਸਹਾਫ਼ਤ (ਮੀਡੀਆ ਦੀ ਆਜ਼ਾਦੀ) ਦੀ ਹਿਫ਼ਾਜ਼ਤ ਕਰਨਗੀਆਂ ਅਤੇ ਰਿਆਜ਼ ਨੂੰ ਇਨਸਾਫ਼ ਜ਼ਰੂਰ ਮਿਲੇਗਾ।
ਆਸਿਮ ਅਜ਼ਹਰ ਨੂੰ ਥਾਪੜਾ
ਭਾਰਤੀ ਰੈਪ ਗਾਇਕ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਨੇ ਪਾਕਿਸਤਾਨੀ ਗਾਇਕ, ਸੰਗੀਤਕਾਰ ਤੇ ਅਦਾਕਾਰ ਆਸਿਮ ਅਜ਼ਹਰ ਦੇ ਨਵੇਂ ਗੀਤ ‘ਹਬੀਬੀ’ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਅਜ਼ਹਰ ਨੂੰ ਭੇਜੀ ਇਕ ਟਵੀਟ ਵਿਚ ਬਾਦਸ਼ਾਹ ਨੇ ਲਿਖਿਆ, ‘‘ਹਬੀਬੀ ਉੱਤੇ ਤਾਂ ਮੈਂ ਫ਼ਿਦਾ ਹੋ ਗਿਆ ਹਾਂ।’’ ਅਜ਼ਹਰ ਨੇ ਜਵਾਬੀ ਟਵੀਟ ਕੀਤਾ: ‘‘ਤੁਹਾਡੇ ਸ਼ਬਦਾਂ ਦੇ ਮਾਅਨੇ ਮੇਰੇ ਲਈ ਬਹੁਤ ਵੱਡੇ ਹਨ।’’ ਬਾਦਸ਼ਾਹ ਦਾ ਜਵਾਬ ਆਇਆ: ‘‘ਕਿਆ ਬਨਾ ਦੀਆ ਭਾਈ! ਅੰਤੋਂ ਕੀ ਮੈਲੋਡੀ!’’ ਅਜ਼ਹਰ ਨੇ ਇਸ ਤਾਰੀਫ਼ ਨੂੰ ਇਨ੍ਹਾਂ ਸ਼ਬਦਾਂ ਨਾਲ ਕਬੂਲਿਆ, ‘‘ਮੇਰੇ ਵੱਲੋਂ ਢੇਰ ਸਾਰਾ ਸਨੇਹ, ਵੱਡੇ ਭਾਈ!’’ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਵੱਲੋਂ ਪ੍ਰਕਾਸ਼ਿਤ ਇਸ ਖ਼ਬਰ ਦੇ ਅੰਤ ਵਿਚ ਅਜ਼ਹਰ ਨੇ ਕਬੂਲਿਆ ਕਿ ਜਦੋਂ ਉਸ ਨੂੰ ਭਾਰਤ ਦੇ ਕਿਸੇ ਕਲਾਕਾਰ ਤੋਂ ਇਸ ਕਿਸਮ ਦੀ ਸ਼ਾਬਾਸ਼ੀ ਮਿਲਦੀ ਹੈ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਉਸ ਦੀ ਮਿਹਨਤ ਸੱਚਮੁੱਚ ਸਫ਼ਲ ਹੋ ਗਈ ਹੈ।
ਮਜ਼ਹਬੀ ਬਦਇਲਮੀ ਦਾ ਸ਼ਿਕਾਰ ਬਣੇ ਤਿੰਨ ਬੱਚੇ
ਲਾਹੌਰ ਦੇ ਡਿਫੈਂਸ ਹਾਊਸਿੰਗ ਅਥਾਰਟੀ (ਡੀ.ਐੱਚ.ਏ.) ਖੇਤਰ ਦੇ ਇਕ ਘਰ ਨੌਕਰਾਂ ਵਜੋਂ ਕੰਮ ਕਰਦੇ ਦੋ ਬੱਚਿਆਂ ਨੂੰ ਤਸੀਹੇ ਦੇਣ ਦਾ ਮਾਮਲਾ ਬਹੁਤ ਸੰਗੀਨ ਅਪਰਾਧ ਸਾਬਤ ਹੋਇਆ ਹੈ। ਇਸ ਵਿਚ ਖ਼ਮਿਆਜ਼ਾ ਦੋ ਮੁੰਡਿਆਂ ਤੇ ਉਨ੍ਹਾਂ ਦੀ ਸੱਤ ਵਰ੍ਹਿਆਂ ਦੀ ਭੈਣ ਨੂੰ ਭੁਗਤਣਾ ਪਿਆ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਵੱਲੋਂ ਲਾਹੌਰ ਦੇ ਡੀਆਈਜੀ ਕਾਮਰਾਨ ਆਦਿਲ ਦੇ ਹਵਾਲੇ ਨਾਲ ਦਿੱਤੀ ਖ਼ਬਰ ਅਨੁਸਾਰ ਸਬੰਧਤ ਘਰ ਦਾ ਮਾਲਕ ਅਬੁਲ ਹਸਨ ਖ਼ੁਦ ਨੂੰ ਪੀਰ ਦੱਸਦਾ ਹੈ। ਉਸ ਨੇ ਤਿੰਨਾਂ ਬੱਚਿਆਂ ਦੇ ਪਿਤਾ ਇਰਫ਼ਾਨ ਦੀ ਬਦਇਲਮੀ ਦਾ ਲਾਹਾ ਲੈਂਦਿਆਂ ਮਜ਼ਹਬ ਦੇ ਨਾਂ ’ਤੇ ਉਸ ਪਾਸੋਂ ਉਸ ਦੀ ਧੀ ਦੀ ‘ਕੁਰਬਾਨੀ’ ਮੰਗ ਲਈ ਅਤੇ ਨਾਲ ਹੀ ਦੋ ਮੁੰਡਿਆਂ ਨੂੰ ਪੜ੍ਹਾਉਣ-ਲਿਖਾਉਣ ਤੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ। ਦੋਵਾਂ ਮੁੰਡਿਆਂ ਤੋਂ ਉਹ ਘਰ ਦਾ ਕੰਮ ਕਰਵਾਉਂਦਾ ਅਤੇ ਨਾਂਹ-ਨੁੱਕਰ ਕੀਤੇ ਜਾਣ ’ਤੇ ਉਨ੍ਹਾਂ ਨੂੰ ਘੋਰ ਤਸੀਹੇ ਦਿੰਦਾ। ਕੁੜੀ ਨੂੰ ਉਹ ਆਪਣੇ ਵਿਆਹ ਹਿੱਤ ਬਹਾਵਲਪੁਰ ਛੱਡ ਆਇਆ। ਉਸ ਨੇ ਪੁਲੀਸ ਕੋਲ ਦਾਅਵਾ ਕੀਤਾ ਕਿ ਉਸ ਨੂੰ ਨਿੱਕੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਣ ਦਾ ਮਸ਼ਵਰਾ, ਡੇਰਾ ਗਾਜ਼ੀ ਖ਼ਾਨ ਵਿਚ ਰਹਿੰਦੇ ਉਸ ਦੇ ‘ਮੁਰਸ਼ਦ’ ਨੇ ਦਿੱਤਾ ਸੀ। ਤਸੀਹੇ ਦਿੱਤੇ ਜਾਣ ਕਾਰਨ 9 ਵਰ੍ਹਿਆਂ ਦੇ ਇਮਰਾਨ ਦੀ ਮੌਤ ਹੋ ਗਈ ਜਦੋਂਕਿ 6 ਵਰ੍ਹਿਆਂ ਦੇ ਰਿਜ਼ਵਾਨ ਦੀ ਹਾਲਤ ਗੰਭੀਰ ਹੈ। ਲੜਕੀ ਨੂੰ ਪੁਲੀਸ ਨੇ ਬਹਾਵਲਪੁਰੋਂ ਬਰਾਮਦ ਕਰ ਲਿਆ ਹੈ। ਅਬੁਲ ਹਸਨ, ਬੱਚਿਆਂ ਦੇ ਪਿਤਾ ਇਰਫ਼ਾਨ ਅਤੇ ਡੇਰਾ ਗਾਜ਼ੀ ਖ਼ਾਨ ਵਾਲੇ ‘ਮੁਰਸ਼ਦ’ ਤੋਂ ਇਲਾਵਾ ਤਿੰਨ ਹੋਰ ਮੁਲਜ਼ਮ ਵੀ ਜ਼ੇਰੇ-ਗ੍ਰਿਫ਼ਤਾਰੀ ਹਨ। ਡੀਆਈਜੀ ਆਦਿਲ ਨੇ ਹੈਰਾਨੀ ਪ੍ਰਗਟਾਈ ਕਿ ਬੱਚਿਆਂ ਦਾ ਪਿਤਾ ਇਰਫ਼ਾਨ ਇਸ ਹੱਦ ਤਕ ਅੰਧ-ਵਿਸ਼ਵਾਸੀ ਹੈ ਕਿ ਉਸ ਨੂੰ ਬੱਚਿਆਂ ਦੇ ਹਸ਼ਰ ਉੱਤੇ ਜ਼ਰਾ ਵੀ ਅਫ਼ਸੋਸ ਨਹੀਂ। ਇਰਫ਼ਾਨ ਦਾ ਕਹਿਣਾ ਹੈ ਕਿ ਉਸ ਨੇ ਤਾਂ ਆਪਣੇ ਪੀਰ ਦੇ ਹੁਕਮਾਂ ਉੱਤੇ ਫੁੱਲ ਚੜ੍ਹਾਏ ਹਨ। ਪੁਲੀਸ ਨੇ ‘ਪੀਰ’ ਅਬੁਲ ਹਸਨ ਤੇ ਇਰਫ਼ਾਨ ਦੇ ਮਨੋਵਿਸ਼ਲੇਸ਼ਣ ਵਾਸਤੇ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਲਾਹੌਰ ਪਾਸੋਂ ਸਹਿਯੋਗ ਮੰਗਿਆ ਹੈ।
– ਪੰਜਾਬੀ ਟ੍ਰਿਬਿਊਨ ਫੀਚਰ