ਮੱਲੇਪੱਲੀ ਲਕਸ਼ਮੱਈਆ*
ਵਿਰਾਸਤ ਤੇ ਸਿਆਸਤ
ਭਾਰਤ ਫੇਰੀ ਉੱਤੇ ਆਏ ਦੂਜੇ ਚੀਨੀ ਬੋਧੀ ਯਾਤਰੀ ਤੇ ਇਤਿਹਾਸਕਾਰ ਹਿਊਨਸਾਂਗ ਨੇ ਆਪਣੇ ਸਫ਼ਰਨਾਮੇ ਵਿਚ ਲਿਖਿਆ ਹੈ: ‘‘ਅਯੁੱਧਿਆ ਵਿਚ ਕਰੀਬ 100 ਬੋਧੀ ਮੱਠ ਹਨ। ਇਨ੍ਹਾਂ ਵਿਚ 3000 ਤੋਂ ਵੱਧ ਬੋਧੀ ਭਿਖਸ਼ੂ ਰਹਿੰਦੇ ਤੇ ਧਾਰਮਿਕ ਸਰਗਰਮੀਆਂ ਕਰਦੇ ਹਨ। ਉਹ ਅੱਜ ਵੀ ਮਹਾਯਾਨ ਤੇ ਹੀਨਯਾਨ ਵਿਚਾਰਧਾਰਾਵਾਂ ਬਾਰੇ ਅਧਿਐਨ ਕਰਦੇ ਹਨ। ਨਾਮੀ ਬੋਧੀ ਦਾਰਸ਼ਨਿਕ ਵਸੂਬੰਧੂ ਇੱਥੇ ਧਾਰਮਿਕ ਪ੍ਰਵਚਨ ਕਰਦਾ ਹੈ। ਉਹ ਜੀਵਨ ਦੇ ਗੂੜ੍ਹ ਗਿਆਨ ਦੇ ਵੱਖੋ-ਵੱਖ ਪੱਖਾਂ ਦਾ ਅਧਿਐਨ ਵੀ ਕਰਦਾ ਹੈ। ਉਸ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ।’’ ਇਸ ਚੀਨੀ ਮੁਸਾਫ਼ਰ ਨੇ 629 ਤੋਂ 645 ਈਸਵੀ ਦਰਮਿਆਨ ਭਾਰਤ ਦਾ ਦੌਰਾ ਕੀਤਾ।
ਇਸ ਤੋਂ ਵੀ ਪਹਿਲਾਂ, ਚੀਨ ਦੇ ਹੀ ਇਕ ਹੋਰ ਮੁਸਾਫ਼ਰ ਫ਼ਾਹੀਯਾਨ ਨੇ ਵੀ (399-412 ਈਸਵੀ ਦੌਰਾਨ) ਭਾਰਤ ਵਿਚ ਵੱਖ-ਵੱਖ ਬੋਧੀ ਸਥਾਨਾਂ ਦੀ ਯਾਤਰਾ ਕੀਤੀ। ਉਸ ਨੇ ਆਪਣੇ ਸਫ਼ਰਨਾਮੇ ਵਿਚ ਉਸ ਵੇਲੇ ਸਥਾਪਤ ਕੌਸ਼ਲ ਰਾਜ (ਕੌਸ਼ਲ, ਪ੍ਰਾਚੀਨ ਭਾਰਤ ਦੇ 16 ਮਹਾਂਜਨਪਦਾਂ ਭਾਵ ਪ੍ਰਸ਼ਾਸਕੀ ਖਿੱਤਿਆਂ ਵਿਚੋਂ ਇਕ ਸੀ। ਇਸ ਵਿਚ ਮੁੱਖ ਤੌਰ ’ਤੇ ਯੂਪੀ ਦਾ ਮੌਜੂਦਾ ਅਵਧ ਇਲਾਕਾ ਸ਼ਾਮਲ ਸੀ ਜਿਸ ਵਿਚ ਅਯੁੱਧਿਆ ਸ਼ਹਿਰ ਵੀ ਆਉਂਦਾ ਹੈ) ਦਾ ਜ਼ਿਕਰ ਕੀਤਾ ਹੈ ਤੇ ਇਸ ਰਾਜ ਦੇ ਸ਼ਹਿਰਾਂ ਸ਼ਰਾਵਤੀ ਤੇ ਸਾਕੇਤ ਬਾਰੇ ਕਾਫ਼ੀ ਚਾਨਣਾ ਪਾਇਆ ਹੈ। ਬੋਧੀ ਗ੍ਰੰਥਾਂ ਵਿਚ ਕਿਹਾ ਗਿਆ ਹੈ ਕਿ ਕੌਸ਼ਲ ਰਾਜ ਦੇ ਹਾਕਮਾਂ ਨੇ ਬੁੱਧ ਧਰਮ ਦੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਇਆ। ਇਨ੍ਹਾਂ ਗ੍ਰੰਥਾਂ ਵਿਚ ਲਿਖਿਆ ਹੈ ਕਿ ਮਹਾਤਮਾ ਬੁੱਧ ਨੇ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਕੌਸ਼ਲ ਰਾਜ ਵਿਚ ਗੁਜ਼ਾਰਿਆ। ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਕੌਸ਼ਲ ਰਾਜ ਦੇ ਸ਼ਹਿਰ ਸਾਕੇਤ (ਅਯੁੱਧਿਆ ਦਾ ਮੰਨਿਆ ਜਾਂਦਾ ਪੁਰਾਣਾ ਨਾਂ) ਨੇ ਬੁੱਧ ਧਰਮ ਦੇ ਪ੍ਰਸਾਰ ਅਤੇ ਬੋਧੀ ਫਲਸਫੇ ਦੀ ਸੰਭਾਲ ਵਿਚ ਅਹਿਮ ਕਿਰਦਾਰ ਨਿਭਾਇਆ।
ਹੁਣ ਇਹ ਮਾਮਲਾ ਬਾਬਰੀ ਮਸਜਿਦ ਵਿਵਾਦ ਨੂੰ ਨਵਾਂ ਮੋੜ ਦੇ ਰਿਹਾ ਹੈ ਅਤੇ ਇਸ ਸਬੰਧ ਵਿਚ ਸੁਪਰੀਮ ਕੋਰਟ ਵਿਚ ਦਾਇਰ ਇਕ ਪਟੀਸ਼ਨ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਸੁਪਰੀਮ ਕੋਰਟ ਨੇ ਫ਼ੈਜ਼ਾਬਾਦ ਜ਼ਿਲ੍ਹੇ ਦੇ ਖ਼ਾਜ਼ੀਆ ਨਾਲ ਸਬੰਧਤ ਪਟੀਸ਼ਨਰ ਵਿਨੀਤ ਕੁਮਾਰ ਮੌਰਿਆ ਦੀ ਇਹ ਪਟੀਸ਼ਨ 23 ਜੁਲਾਈ 2018 ਨੂੰ ਸੁਣਵਾਈ ਲਈ ਮਨਜ਼ੂਰ ਕੀਤੀ ਸੀ। ਇਸ ਵਿਚ ਪਟੀਸ਼ਨਰ ਨੇ ਕਿਹਾ ਸੀ ਕਿ ਅਯੁੱਧਿਆ ਦੀ ਮੌਜੂਦਾ ਵਿਵਾਦਗ੍ਰਸਤ ਥਾਂ (ਰਾਮ ਜਨਮ ਭੂਮੀ-ਬਾਬਰੀ ਮਸਜਿਦ) ਵਿਖੇ ਬੁੱਧ ਵਿਹਾਰ ਹੁੰਦਾ ਸੀ। ਉਸ ਨੇ ਬੇਨਤੀ ਕੀਤੀ ਕਿ ਇਸ ਕਾਰਨ ਇਸ ਇਤਿਹਾਸਕ ਵਿਰਾਸਤ ਨੂੰ ਬਚਾਇਆ ਤੇ ਸੰਭਾਲਿਆ ਜਾਵੇ।
ਇਸ ਤੋਂ ਪਹਿਲਾਂ ਜਦੋਂ ਇਹ ਕੇਸ ਹਾਲੇ ਲਖਨਊ ਹਾਈ ਕੋਰਟ ਵਿਚ ਹੀ ਅਦਾਲਤ ਦੇ ਜ਼ੇਰ-ਏ-ਗ਼ੌਰ ਸੀ, ਉਦੋਂ ਵੀ ਕੁਝ ਬੋਧੀ ਸੰਸਥਾਵਾਂ ਅਤੇ ਨਾਲ ਹੀ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਲਈ ਕੰਮ ਕਰਦੀਆਂ ਜਥੇਬੰਦੀਆਂ ਨੇ ਪਟੀਸ਼ਨਾਂ ਦਾਇਰ ਕੀਤੀਆਂ ਸਨ, ਪਰ ਉਦੋਂ ਉਨ੍ਹਾਂ ’ਤੇ ਅਦਾਲਤ ਨੇ ਗ਼ੌਰ ਨਹੀਂ ਸੀ ਕੀਤੀ। ਬਾਅਦ ਵਿਚ ਪਟੀਸ਼ਨਰਾਂ ਦੇ ਹਲਫ਼ਨਾਮੇ ਤੋਂ ਇਕ ਸੰਯੁਕਤ ਪਟੀਸ਼ਨ ਤਿਆਰ ਕੀਤੀ ਗਈ ਜਿਸ ਨੂੰ ਸੁਪਰੀਮ ਕੋਰਟ ਨੇ ਜਾਂਚ ਲਈ ਭੇਜ ਦਿੱਤਾ ਸੀ। ਇਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਫ਼ੈਸਲਾ ਸਿਰਫ਼ ਹਿੰਦੂ ਜਥੇਬੰਦੀਆਂ ਦੇ ਹੱਕ ਵਿਚ ਸੁਣਾਇਆ।
ਇਸ ਦੌਰਾਨ ਹਾਲ ਹੀ ਵਿਚ ਜਦੋਂ ਅਯੁੱਧਿਆ ਵਿਚ ਵਿਵਾਦਗਸ੍ਰਤ ਥਾਂ ਉੱਤੇ ਜ਼ਮੀਨ ਪੱਧਰੀ ਕੀਤੀ ਜਾ ਰਹੀ ਸੀ ਤਾਂ ਉੱਥੇ ਬੁੱਧ ਦੌਰ ਦੀਆਂ ਕਲਾਕ੍ਰਿਤਾਂ ਤੇ ਹੋਰ ਨਿਸ਼ਾਨ ਮਿਲੇ। ਇਸ ਤੋਂ ਇਨ੍ਹਾਂ ਸੰਭਾਵਨਾਵਾਂ ਨੂੰ ਬਲ ਮਿਲਿਆ ਹੈ ਕਿ ਇਸ ਥਾਂ ’ਤੇ ਕਿਸੇ ਸਮੇਂ ਬੁੱਧ ਧਰਮ ਦਾ ਵੱਡੇ ਪੱਧਰ ’ਤੇ ਬੋਲਬਾਲਾ ਸੀ। ਬੁੱਧ ਧਰਮ ਗ੍ਰੰਥਾਂ ਵਿਚ ਲਿਖਿਆ ਹੈ ਕਿ ਗੌਤਮ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਆਪਣੇ ਜੀਵਨ ਦਾ ਬਹੁਤਾ ਸਮਾਂ ਕੌਸ਼ਲ ਰਾਜ ਵਿਚ ਸ਼ਰਾਵਤੀ ਤੇ ਸਾਕੇਤ ਵਿਖੇ ਹੀ ਗੁਜ਼ਾਰਿਆ। ਫ਼ਾਹੀਯਾਨ ਤੇ ਹਿਊਨਸਾਂਗ ਦੀਆਂ ਲਿਖਤਾਂ ਵਿਚ ਵੀ ਇਸ ਤੱਥ ਦਾ ਜ਼ਿਕਰ ਹੈ। ਉਨ੍ਹਾਂ ਦੀਆਂ ਲਿਖਤਾਂ ਪਹਿਲਾਂ ਚੀਨੀ ਭਾਸ਼ਾ ਵਿਚ ਸਨ ਜਿਨ੍ਹਾਂ ਦਾ ਬਾਅਦ ਵਿਚ ਅੰਗਰੇਜ਼ੀ ਤਰਜਮਾ ਹੋਇਆ।
ਫ਼ਾਹੀਯਾਨ ਦੇ ਸਫ਼ਰਨਾਮੇ ‘ਏ ਰਿਕਾਰਡ ਆਫ਼ ਬੁੱਧਿਸਟ ਕਿੰਗਡਮ’ ਦੇ 20ਵੇਂ ਅਧਿਆਏ ਵਿਚ ਇਸ ਮਾਮਲੇ ਦਾ ਹਵਾਲਾ ਮਿਲਦਾ ਹੈ। ਉਸ ਨੇ ਇਹ ਵੀ ਲਿਖਿਆ ਕਿ ਉਹ ਆਪਣੀ ਯਾਤਰਾ ਦੌਰਾਨ ਕੌਸ਼ਲ ਰਾਜ ਵੀ ਗਿਆ ਤੇ ਬੁੱਧ ਮੱਤ ਦੀ ਮਹਾਨਤਾ ਦੇਖ ਕੇ ਪ੍ਰਭਾਵਿਤ ਹੋਇਆ। ਇਸੇ ਤਰ੍ਹਾਂ ਹਿਊਨਸਾਂਗ ਦੀ ਕਿਤਾਬ ‘ਬੁੱਧਿਸਟ ਰਿਕਾਰਡ ਆਫ਼ ਵੈਸਟਰਨ ਵਰਲਡ’ ਦੇ ਅਯੁੱਧਿਆ ਵਾਲੇ ਅਧਿਆਏ ਵਿਚ ਕਾਫ਼ੀ ਵੇਰਵੇ ਦਿੱਤੇ ਗਏ ਹਨ। ਉਸ ਨੇ ਉੱਥੇ ਬੁੱਧ ਮੱਠ ਦੇ ਲਾਗੇ ਇਕ ਟੁੱਟੀ-ਭੱਜੀ ਕੰਧ ਦੇਖੀ ਸੀ, ਜੋ ਉਹ ਥਾਂ ਸੀ ਜਿੱਥੇ ਵਸੂਬੰਧੂ ਰਹਿੰਦਾ ਸੀ। ਵਸੂਬੰਧੂ ਇਕ ਨਾਮੀ ਭਿਖਸ਼ੂ ਤੇ ਵਿਦਵਾਨ ਸੀ ਜੋ ਗੰਧਾਰ (ਪ੍ਰਾਚੀਨ ਭਾਰਤ ਦੇ 16 ਮਹਾਂਜਨਪਦਾਂ ਵਿਚੋਂ ਇਕ, ਜਿੱਥੇ ਮੌਜੂਦਾ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੇ ਪਿਸ਼ਾਵਰ ਤੇ ਕੰਧਾਰ ਇਲਾਕੇ ਹਨ) ਨਾਲ ਸਬੰਧਤ ਸੀ। ਇੱਥੋਂ ਤੱਕ ਕਿ ਉਸ ਨੇ ਆਪਣੇ ਮਤਰੇਏ ਭਰਾ ਅਸੰਗ ਨਾਲ ਮਿਲ ਕੇ ਅਭਿਧੰਮ ਪਿਟਕ (ਬੁੱਧ ਧਰਮ ਦੇ ਤਿੰਨ ਗ੍ਰੰਥ ਭਾਵ ਪਿਟਕ ਹਨ; ਵਿਨੈ ਪਿਟਕ, ਸੁੱਤ ਪਿਟਕ ਤੇ ਅਭਿਧੰਮ ਪਿਟਕ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ) ਅਤੇ ਹੋਰ ਕਈ ਬੋਧੀ ਲਿਖਤਾਂ ਉੱਤੇ ਟੀਕੇ ਵੀ ਲਿਖੇ ਸਨ। ਬੋਧੀ ਵਿਦਵਾਨ ਅਸੰਗ ਨੂੰ ਬੁੱਧ ਧਰਮ ਦੀ ਯੋਗਾਚਾਰ ਧਾਰਾ ਦਾ ਮੁੱਖ ਬਾਨੀ ਵੀ ਮੰਨਿਆ ਜਾਂਦਾ ਹੈ। ਵਸੂਬੰਧੂ ਵੀ ਬੋਧੀ ਫਲਸਫ਼ੇ ਦੀ ਰਵਾਇਤ ਦੇ ਮੋਹਰੀ ਚਿੰਤਕਾਂ ਵਿਚ ਸ਼ੁਮਾਰ ਸੀ। ਉਹ ਬੁੱਧ ਧਰਮ ਦੀ ਸ਼ਾਖ਼ਾ ਮਹਾਯਾਨ (ਬੁੱਧ ਧਰਮ ਦੋ ਸ਼ਾਖ਼ਾਵਾਂ ਮਹਾਯਾਨ ਤੇ ਹੀਨਯਾਨ ਅਤੇ ਬਾਅਦ ਵਿਚ ਕਈ ਉਪ-ਸ਼ਾਖ਼ਾਵਾਂ ਵਿਚ ਵੰਡਿਆ ਗਿਆ ਸੀ) ਦਾ ਸਭ ਤੋਂ ਵੱਡਾ ਮਾਹਰ, ਵਿਦਵਾਨ ਤੇ ਤਰਕਵੇਤਾ ਬਣਿਆ ਜਿਸ ਬਾਰੇ ਮਸ਼ਹੂਰ ਹੈ ਕਿ ਉਸ ਨੇ ਗੁਪਤ ਸਮਾਰਟ ਵਿਕਰਮਾਦਿੱਤ, ਜਿਸ ਨੂੰ ਮੁੱਖ ਤੌਰ ’ਤੇ ਚੰਦਰਗੁਪਤ ਦੋਇਮ ਜਾਂ ਸਕੰਦਰਗੁਪਤ ਵਜੋਂ ਜਾਣਿਆ ਜਾਂਦਾ ਹੈ, ਦੇ ਦਰਬਾਰ ਵਿਚ ਨਾਮੀ ਸਾਂਖਯ ਦਰਸ਼ਨ ਵਿਦਵਾਨਾਂ ਨੂੰ ਤਰਕ ਵਿਚ ਮਾਤ ਦਿੱਤੀ ਸੀ।
ਫ਼ਾਹੀਯਾਨ ਨੇ ਵੀ ਲਿਖਿਆ ਹੈ ਕਿ ਅਯੁੱਧਿਆ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ 200 ਫੁੱਟ ਉੱਚਾ ਸਤੂਪ ਸਥਿਤ ਸੀ ਜੋ ਸਮਾਰਟ ਅਸ਼ੋਕ ਮਹਾਨ ਨੇ ਬਣਵਾਇਆ ਸੀ। ਉਸ ਮੁਤਾਬਿਕ ਗੌਤਮ ਬੁੱਧ ਨੇ ਉੱਥੇ ਸੱਤ ਦਿਨ ਬਿਤਾਏ ਅਤੇ ਆਪਣੇ ਉਪਦੇਸ਼ਾਂ ਰਾਹੀਂ ਲੋਕਾਂ ਵਿਚ ਵੱਡੇ ਪੱਧਰ ’ਤੇ ਆਪਣੇ ਮੱਤ ਦਾ ਪ੍ਰਚਾਰ ਕੀਤਾ। ਇਸ ਦੀ ਯਾਦ ਵਜੋਂ ਅਸ਼ੋਕ ਮਹਾਨ ਨੇ ਉੱਥੇ ਸਤੂਪ ਬਣਵਾਇਆ ਸੀ। ਇਸੇ ਤਰ੍ਹਾਂ ਸੰਘਆਸ਼ਰਮ ਤੋਂ ਢਾਈ ਕਿਲੋਮੀਟਰ ਦੂਰ ਗੌਤਮ ਬੁੱਧ ਦਾ ਇਕ ਹੋਰ ਖ਼ਾਸ ਸਤੂਪ ਹੈ ਜੋ ਬੁੱਧ ਦੀਆਂ ਅਸਥੀਆਂ ਉੱਤੇ ਉਸਾਰਿਆ ਗਿਆ ਹੈ। ਇਸ ਬੁੱਧ ਮੱਠ ਦੇ ਉੱਤਰ-ਪੱਛਮ ਵਿਚ ਬੁੱਧ ਦੀਆਂ ਅਸਥੀਆਂ ’ਤੇ ਬਣਿਆ ਇਕ ਹੋਰ ਸਤੂਪ ਸਥਿਤ ਹੈ ਅਤੇ ਵੱਡੀ ਗੱਲ ਹੈ ਕਿ ਇਸ ਨੂੰ ਹਿਊਨਸਾਂਗ ਨੇ ਲੱਭਿਆ ਸੀ। ਉਸ ਨੇ ਲਿਖਿਆ ਕਿ ਇਸੇ ਦਿਸ਼ਾ ਵਿਚ ਇਕ ਹੋਰ ਸਿੱਖਿਆ ਕੇਂਦਰ ਸੀ। ਅਯੁੱਧਿਆ ਨੂੰ ਬੁੱਧ ਦੀ ਚਰਨ ਛੋਹ ਪ੍ਰਾਪਤ ਹੋਣ ਦੇ ਇਕ ਨਹੀਂ ਸਗੋਂ ਅਨੇਕ ਸਬੂਤ ਲੱਭਣ ਦਾ ਸਿਹਰਾ ਹਿਊਨਸਾਂਗ ਨੂੰ ਜਾਂਦਾ ਹੈ।
ਬ੍ਰਿਟਿਸ਼ ਪੁਰਾਤੱਤਵ ਮਾਹਿਰ ਅਲੈਗਜ਼ੈਂਡਰ ਕਨਿੰਘਮ ਵੱਲੋਂ ਕਰਵਾਈਆਂ ਖੁਦਾਈਆਂ ਵਿਚ ਵੀ ਬੁੱਧ ਦੇ ਦੌਰ ਦੇ ਅਨੇਕਾਂ ਅਵਸ਼ੇਸ਼ ਮਿਲਦੇ ਹਨ। ਇਹ ਖੁਦਾਈਆਂ ਦੋਵੇਂ ਚੀਨੀ ਮੁਸਾਫ਼ਰਾਂ ਦੀਆਂ ਲਿਖਤਾਂ ਦੇ ਆਧਾਰ ’ਤੇ ਕਰਵਾਈਆਂ ਗਈਆਂ। ਕਨਿੰਘਮ ਨੇ ਸਿੱਟਾ ਕੱਢਿਆ ਸੀ ਕਿ ਅਯੁੱਧਿਆ ਵਿਚ ਵੀ ਬੁੱਧ ਧਰਮ ਦੇ ਅਵਸ਼ੇਸ਼ ਹਨ। ਉਸ ਨੇ ਪਹਿਲਾ ਸਰਵੇਖਣ 1862-63 ਵਿਚ ਤੇ ਦੂਜਾ 1889-93 ਵਿਚ ਕਰਵਾਇਆ। ਦੂਜੀ ਵਾਰ ਵੀ ਉਹ ਇਸੇ ਸਿੱਟੇ ’ਤੇ ਪੁੱਜਿਆ। ਇਕ ਹੋਰ ਸਰਵੇਖਣ ਪੁਰਾਤੱਤਵ ਮਾਹਿਰ ਏ.ਕੇ. ਨਰਾਇਣਨ ਨੇ ਕਰਵਾਇਆ ਤੇ ਉਸ ਨੇ ਵੀ ਇਨ੍ਹਾਂ ਹੀ ਸਿੱਟਿਆਂ ਨੂੰ ਤਸਦੀਕ ਕੀਤਾ। ਇੰਨਾ ਹੀ ਨਹੀਂ, ਬੁੱਧ ਮੱਤ ਨੂੰ ਮੰਨਣ ਤੇ ਇਸ ਦਾ ਪ੍ਰਚਾਰ ਕਰਨ ਵਾਲੇ ਰਾਜਿਆਂ ਨੇ ਇਸ ਥਾਂ 14 ਸਤੰਭ ਬਣਵਾਏ ਸਨ ਜਿਹੜੇ ਅਯੁੱਧਿਆ ਦੀ ਵਿਵਾਦਗ੍ਰਸਤ ਥਾਂ ਤੋਂ ਮਿਲੇ ਹਨ। ਇਸ ਥਾਂ ਮਿਲਿਆ ਇਕ ਹੋਰ ਬੁੱਤ ਵੀ ਇਸ ਦਾਅਵੇ ਨੂੰ ਪੁਖ਼ਤਾ ਕਰਦਾ ਹੈ। ਪੁਰਾਤੱਤਵ ਮਾਹਿਰ ਏ. ਘੋਸ਼ ਦੇ ਭਾਰਤੀ ਪੁਰਾਤੱਤਵ ਦੇ ਵਿਸ਼ਵਕੋਸ਼ ਦੀ 11ਵੀਂ ਜਿਲਦ ਵਿਚ ਵੀ ਬੁੱਧ ਤੇ ਜੈਨ ਧਰਮ ਦੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਗਏ ਹਨ।
ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨਾਂ ਵਿਚ ਪਟੀਸ਼ਨਰਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਅਯੁੱਧਿਆ ਦੀ ਵਿਵਾਦਗ੍ਰਸਤ ਥਾਂ ਨੂੰ ਬੁੱਧ ਵਿਹਾਰ ਐਲਾਨਿਆ ਜਾਵੇ ਅਤੇ ਇਸ ਦੀ ਹੋਰਨਾਂ ਬੋਧੀ ਸਥਾਨਾਂ ਜਿਵੇਂ ਸਾਰਨਾਥ (ਜਿੱਥੇ ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਦਿੱਤਾ), ਕੁਸ਼ੀਨਗਰ (ਜਿੱਥੇ ਮਹਾਤਮਾ ਬੁੱਧ ਦਾ ਦੇਹਾਂਤ ਹੋਇਆ), ਕਪਿਲਵਸਤੂ (ਬੁੱਧ ਦੇ ਪਾਲਣ-ਪੋਸ਼ਣ ਦਾ ਸਥਾਨ) ਅਤੇ ਸ਼ਰਾਵਤੀ ਵਾਂਗ ਹੀ ਸੰਭਾਲ ਕੀਤੀ ਜਾਵੇ। ਬੋਧੀ ਪਟੀਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਥਾਂ ਨੂੰ ਤਬਾਹ ਕਰਨਾ ਤੇ ਉੱਥੇ ਕਬਜ਼ਾ ਕਰਨਾ ਬੋਧੀ ਸਿਧਾਂਤਾਂ ਦੇ ਖ਼ਿਲਾਫ਼ ਹੈ, ਇਸ ਲਈ ਉਹ ਉੱਥੇ ਬੁੱਧ ਵਿਹਾਰ ਵੀ ਉਸਾਰਨਾ ਨਹੀਂ ਚਾਹੁੰਦਾ, ਪਰ ਸੁਪਰੀਮ ਕੋਰਟ ਇਸ ਸਥਾਨ ਦੀ ਰੱਖਿਆ ਕਰੇ। ਉਸ ਨੇ ਕਿਹਾ ਕਿ ਇਹ ਥਾਂ ਕਿਸੇ ਹੋਰ ਨੂੰ ਦਿੱਤੇ ਜਾਣ ਦਾ ਸਿੱਟਾ ਸਿਰਫ਼ ਮਤਭੇਦਾਂ ਤੇ ਹਿੰਸਾ ਵਜੋਂ ਹੀ ਨਿਕਲੇਗਾ ਅਤੇ ਇਸ ਕਾਰਨ ਉਹ ਇਹੋ ਮੰਗ ਕਰਦਾ ਹੈ ਕਿ ਇਤਿਹਾਸਕ ਸਬੂਤਾਂ ਤੇ ਤੱਥਾਂ ਨੂੰ ਮੰਨ ਕੇ ਅਜਿਹੀ ਕਿਸੇ ਗੜਬੜ ਨੂੰ ਰੋਕਿਆ ਜਾ ਸਕਦਾ ਹੈ। ਪਰ ਇਹ ਥਾਂ 1885 ਤੋਂ ਹੀ ਵਿਵਾਦ ਦਾ ਸ਼ਿਕਾਰ ਹੈ ਜਿਸ ਕਾਰਨ ਉੱਥੇ ਪੁਰਾਤੱਤਵ ਮਾਹਿਰਾਂ ਨੂੰ ਖੁਦਾਈ ਤੇ ਖੋਜ ਦੀ ਇਜਾਜ਼ਤ ਨਹੀਂ ਹੈ ਤੇ ਇਤਿਹਾਸ ਦਫ਼ਨ ਪਿਆ ਹੈ।
ਜੇ ਅਯੁੱਧਿਆ ਵਿਚ ਹਿਊਨਸਾਂਗ ਦੀਆਂ ਲੱਭਤਾਂ ਦੇ ਆਧਾਰ ’ਤੇ ਖੁਦਾਈ ਕੀਤੀ ਜਾਂਦੀ ਤਾਂ ਬਹੁਤ ਪੱਖਾਂ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਸੀ। ਹੁਣ ਤਾਂ ਆਧੁਨਿਕ ਤਕਨਾਲੋਜੀ ਸਦਕਾ ਹੱਥੀਂ ਖੁਦਾਈ ਕਰਨ ਦੀ ਵੀ ਲੋੜ ਨਹੀਂ ਹੈ ਤੇ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐੱਨਜੀਆਰਆਈ), ਹੈਦਰਾਬਾਦ ਵਰਗੇ ਅਦਾਰਿਆਂ ਕੋਲ ਮੌਜੂਦ ਤਕਨੀਕ ਰਾਹੀਂ ਜ਼ਮੀਨ ਪੁੱਟਣ ਤੋਂ ਬਿਨਾਂ ਹੀ ਜ਼ਮੀਨਦੋਜ਼ ਉਸਾਰੀਆਂ ਬਾਰੇ ਪਤਾ ਲਾਇਆ ਜਾ ਸਕਦਾ ਹੈ। ਗੂਗਲ ਵਰਗੀਆਂ ਬਹੁਕੌਮੀ ਕੰਪਨੀਆਂ ਕੋਲ ਵੀ ਅਜਿਹੀ ਤਕਨਾਲੋਜੀ ਹੈ। ਇਸ ਪੱਖੋਂ ਹਿਊਨਸਾਂਗ, ਫ਼ਾਹੀਯਾਨ, ਕਨਿੰਘਮ ਤੇ ਨਰਾਇਣਨ ਦੀਆਂ ਲੱਭਤਾਂ ਤੋਂ ਇਲਾਵਾ ਬੋਧੀ ਸਾਹਿਤਕ ਤੇ ਸੱਭਿਆਚਾਰਕ ਕਿਤਾਬਾਂ ਪਹਿਲਾਂ ਹੀ ਇਸ ਪੱਖੋਂ ਰਾਹ ਦਿਖਾਉਂਦੀਆਂ ਹਨ। ਜ਼ਰੂਰਤ ਸਿਰਫ਼ ਇਹ ਹੈ ਕਿ ਇਸ ਸਬੰਧ ਵਿਚ ਨਾ ਸਿਰਫ਼ ਭਾਰਤ ਸਗੋਂ ਸਾਰੀ ਦੁਨੀਆਂ ਭਰ ਦੇ ਪੁਰਾਤੱਤਵ ਮਾਹਿਰਾਂ ਦੀ ਇਕ ਕਮੇਟੀ ਬਣਾਉਣ ਬਾਰੇ ਸੋਚਿਆ ਜਾਵੇ ਜੋ ਇਸ ਲੀਹ ’ਤੇ ਚੱਲਦਿਆਂ ਖੁਦਾਈ ਕਰੇ ਤੇ ਸੱਚਾਈ ਦਾ ਪਤਾ ਲਾਵੇ।
ਸਾਨੂੰ ਡੂੰਘਾ ਪੁੱਟ ਕੇ ਇਤਿਹਾਸ ਨੂੰ ਬਾਹਰ ਲਿਆਉਣਾ ਪਵੇਗਾ ਤੇ ਨਵੀਆਂ ਲੱਭਤਾਂ ਕਰਨੀਆਂ ਹੋਣਗੀਆਂ ਜਿਹੜੀਆਂ ਸਾਡੀ ਕੌਮੀ ਵਿਰਾਸਤ ਦਾ ਹਿੱਸਾ ਹਨ। ਲੋਕਾਂ ਵੱਲੋਂ ਸਿਰਜਿਆ ਇਤਿਹਾਸ, ਵਿਰਸਾ ਤੇ ਸੱਭਿਆਚਾਰ ਦੇਸ਼ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜੋ ਸ਼ਾਂਤੀ, ਏਕਤਾ, ਪਿਆਰ ਤੇ ਹਮਦਰਦੀ ਦਾ ਪੋਸ਼ਣ ਕਰਦਾ ਹੈ। ਲੋਕਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਉੱਤੇ ਮੁਕੰਮਲ ਹੱਕ ਹਾਸਲ ਹੋਣਾ ਜ਼ਰੂਰੀ ਹੈ।
* ਲੇਖਕ ਤੈਲਗੂ ਪੱਤਰਕਾਰ ਹੈ ਜਿਸ ਨੇ ਵਾਰਤਾ ਅਤੇ ਆਂਧਰਾ ਜਿਓਤੀ ਅਖ਼ਬਾਰ ਵਿਚ ਕੰਮ ਕੀਤਾ। 2009 ਵਿਚ ਅਸਤੀਫ਼ਾ ਦੇਣ ਮਗਰੋਂ ਉਹ ਤਿਲੰਗਾਨਾ ਲਹਿਰ ਨਾਲ ਜੁੜ ਗਿਆ। ਉਹ ਸੈਂਟਰ ਫਾਰ ਦਲਿਤ ਸਟੱਡੀਜ਼ ਦਾ ਕੋਆਰਡੀਨੇਟਰ ਹੈ।