ਡਾ. ਬਲਵਿੰਦਰ ਲੱਖੇਵਾਲੀ
ਮੇਰੇ ਪਿਆਰੇ ਦੋਸਤ,
ਮੈਂ ਯਾਨੀ ਗੁਲਾਬ ਦਾ ਫੁੱਲ, ਗਮਲਿਆਂ, ਕਿਆਰੀਆਂ, ਬਾਗ਼-ਬਗੀਚੀਆਂ ਆਦਿ ਸਭਨੀਂ ਥਾਈਂ ਰਾਜੀ-ਖੁਸ਼ੀ ਹਾਂ ਅਤੇ ਧਰਤ ਦੇ ਇਸ ਟੁਕੜੇ ਉੱਪਰ ਮਹਿਕਾਂ ਦੀ ਹੱਟ ਲਾਈ ਹੋਈ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਵੀ ਪਰਮਾਤਮਾ ਦੀ ਰਚੀ ਹੋਈ ਇਸ ਸ਼੍ਰਿਸ਼ਟੀ ਅੰਦਰ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈ ਰਹੇ ਹੋਵੇਗੇ। ਪਰ ਮੈਂ ਕਾਫ਼ੀ ਦੁਖੀ ਹਾਂ ਕਿਉਂਕਿ ਅੱਜਕੱਲ੍ਹ ਲੋਕ ਮੈਨੂੰ ਸਾਲ ਵਿਚ ਕੁਝ ਦਿਨ ਹੀ ਅਹਿਮੀਅਤ ਦੇਣ ਨਾਲ ਆਪਣਾ ਫਰਜ਼ ਪੂਰਾ ਸਮਝਦੇ ਹਨ ਜਾਂ ਫਿਰ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਤਾਂ ਮੈਨੂੰ ਸਿਰਫ਼ ਆਪਣੇ ਪਿਆਰਿਆਂ ਨੂੰ ਖੁਸ਼ ਕਰਨ ਤਕ ਹੀ ਸੀਮਤ ਸਮਝਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੈਂ ਸਦੀਆਂ ਤੋਂ ਮਨੁੱਖ ਨਾਲ ਜੁੜਿਆ ਹੋਇਆ ਹਾਂ। ਨਵੀਂ ਪੀੜ੍ਹੀ ਮੇਰੇ ਮਿਥਿਹਾਸ, ਇਤਿਹਾਸ ਬਾਰੇ ਡੱਕਾ ਵੀ ਨਹੀਂ ਜਾਣਦੀ। ਇਸੇ ਸ਼ਸ਼ੋਪੰਜ ਨੂੰ ਲੈ ਕੇ ਮੈਂ ਸੋਚਿਆ ਕਿਉਂ ਨਾ ਮੈਂ ਖ਼ੁਦ ਹੀ ਆਪਣੇ ਦੋਸਤਾਂ ਨੂੰ ਇਸ ਖ਼ਤ ਰਾਹੀਂ ਆਪਣੀ ਅਤੇ ਮਨੁੱਖ ਦੀ ਸਾਂਝ ਬਾਰੇ ਜਾਣੂ ਕਰਵਾਵਾਂ।
ਸੱਜਣ ਜੀ! ਤੁਸੀਂ ਇਹ ਜਾਣ ਕੇ ਹੈਰਾਨ ਹੋਵੇਗੇ ਕਿ ਮੈਂ (ਗੁਲਾਬ) ਤਾਂ ਮਨੁੱਖ ਦੀ ਹੋਂਦ ਤੋਂ ਲੰਮਾ ਅਰਸਾ ਪਹਿਲਾਂ ਹੀ ਆਪਣੀ ਮਹਿਕ ਖਿਲਾਰਨ ਲਈ ਧਰਤੀ ਉੱਪਰ ਪੁੱਜ ਗਿਆ ਸੀ। ਮੇਰੇ ਸਬੰਧਤ ਕਈ ਪੱਖ ਸਾਹਮਣੇ ਆਉਂਦੇ ਹਨ। ਸਭ ਤੋਂ ਪਹਿਲਾਂ ਜੇਕਰ ਹਿੰਦੂ ਮਿਥਿਹਾਸ ਦੀ ਗੱਲ ਕਰੀਏ ਤਾਂ ਸੁਣਨ ਵਿਚ ਆਉਂਦਾ ਹੈ ਕਿ ਬ੍ਰਹਮਾ ਅਤੇ ਵਿਸ਼ਨੂੰ ਇਸ ਗੱਲ ਨੂੰ ਲੈ ਕੇ ਬਹਿਸ ਰਹੇ ਸਨ ਕਿ ਕਮਲ ਦਾ ਫੁੱਲ ਜ਼ਿਆਦਾ ਖੂਬਸੂਰਤ ਹੈ ਜਾਂ ਫਿਰ ਗੁਲਾਬ ਦਾ। ਵਿਸ਼ਨੂੰ ਮਹਾਰਾਜ ਦੀ ਵੋਟ ਮੇਰੇ ਪੱਖ ਵਿਚ ਸੀ ਅਤੇ ਬ੍ਰਹਮਾ ਦੀ ਕਮਲ ਦੇ ਪੱਖ ਵਿਚ। ਬ੍ਰਹਮਾ ਨੇ ਪਹਿਲਾਂ ਮੈਨੂੰ (ਗੁਲਾਬ) ਨਹੀਂ ਦੇਖਿਆ ਸੀ। ਪਰ ਦੇਖਣ ਉਪਰੰਤ ਖੂਬਸੂਰਤੀ ਪ੍ਰਤੀ ਵਿਚਾਰ ਬਦਲ ਲਿਆ ਅਤੇ ਨਾਲ ਹੀ ਉਨ੍ਹਾਂ ਵਿਸ਼ਨੂੰ ਜੀ ਖ਼ਾਤਰ ਦੁਲਹਨ ਦੀ ਸਿਰਜਣਾ ਕੀਤੀ, ਜਿਸ ਨੂੰ ਉਨ੍ਹਾਂ ਲਕਸ਼ਮੀ ਕਿਹਾ। ਲਕਸ਼ਮੀ ਬਾਰੇ ਖਾਸੀਅਤ ਇਹ ਸੀ ਕਿ ਉਨ੍ਹਾਂ ਨੂੰ 108 ਵੱਡਿਆਂ ਅਤੇ 1008 ਛੋਟੀਆਂ ਗੁਲਾਬ ਦੀਆਂ ਪੱਤੀਆਂ ਤੋਂ ਸਿਰਜਿਆ ਗਿਆ ਸੀ।
ਦੋਸਤੋ! ਜੇਕਰ ਤੁਸੀਂ ਯੂਨਾਨ ਦਾ ਮਿਥਿਹਾਸ ਦੇਖੋ ਤਾਂ ਮੇਰੇ ਬਾਰੇ ਕਈ ਕਹਾਣੀਆਂ ਸਾਹਮਣੇ ਆਉਣਗੀਆਂ ਅਤੇ ਤੁਸੀਂ ਮਹਿਸੂਸ ਕਰੋਗੇ ਕਿ ਉਨ੍ਹਾਂ ਕਿਵੇਂ ਆਪਣੇ ਪਿਆਰ ਦੇਵਤਿਆਂ ਨਾਲ ਮੈਨੂੰ ਜੋੜਿਆ। ਯੂਨਾਨੀ ਲੋਕਾਂ ਦੀ ਤਰ੍ਹਾਂ ਰੂਸ ਦੇ ਲੋਕਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ। ਉਹ ਤਾਂ ਖ਼ਾਸ ਤੌਰ ’ਤੇ ਆਪਣੇ ਭੋਜਨ ਕਰਨ ਵਾਲੇ ਕਮਰੇ ਦੀਆਂ ਛੱਤਾਂ ਮੇਰੇ ਫੁੱਲਾਂ ਨਾਲ ਸਜਾਉਂਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਆਏ ਮਹਿਮਾਨ ਗੁਲਾਬ ਦੇ ਫੁੱਲਾਂ ਨੂੰ ਦੇਖ ਕੇ ਇਹ ਯਾਦ ਰੱਖਣ ਕਿ ਖਾਣੇ ਦੌਰਾਨ ਕੀਤੀਆਂ ਗੱਲਾਂ ਦਾ ਭੇਤ ਬਾਹਰ ਜਾ ਕੇ ਨਹੀਂ ਖੋਲ੍ਹਣਾ। ਜੇਕਰ ਉਨ੍ਹਾਂ ਕੋਈ ਗੁਪਤ ਵਿਸ਼ਾ ਵਿਚਾਰਨਾ ਹੁੰਦਾ ਸੀ ਤਾਂ ਵੀ ਉਹ ਕਮਰੇ ਦੇ ਬਾਹਰ ਮੈਨੂੰ ਰੱਖਦੇ ਸਨ। ਅਰਬੀ ਲੋਕਾਂ ਦਾ ਮੰਨਣਾ ਤਾਂ ਇਹ ਹੈ ਕਿ ਸਭ ਗੁਲਾਬਾਂ ਦਾ ਰੰਗ ਪਹਿਲਾਂ ਸਫ਼ੈਦ ਹੁੰਦਾ ਸੀ, ਪਰ ਇਕ ਰਾਤ ਜਦੋਂ ਬੁਲਬੁਲ ਦੀ ਮੁਲਾਕਾਤ ਸਫ਼ੈਦ ਗੁਲਾਬ ਨਾਲ ਹੋਈ ਤਾਂ ਉਹ ਪਿਆਰ ਦੇ ਰੰਗ ਵਿਚ ਰੰਗੀ ਗਈ। ਰੰਗਾਂ ਦੀ ਗੱਲ ਚਲ ਰਹੀ ਹੈ ਤਾਂ ਮੈਂ ਇਹ ਵੀ ਦੱਸ ਹੀ ਦਿਆਂ ਕਿ ਮੇਰੇ ਅੰਦਰ ਕੁਦਰਤ ਨੇ ਬੇਸ਼ੁਮਾਰ ਰੰਗ ਭਰੇ ਹਨ। ਸਿਵਾਏ ਕਾਲੇ ਤੋਂ। ਕਾਲੇ ਰੰਗ ਬਾਰੇ ਤੁਸੀਂ ਖ਼ੁਦ ਗਾਉਂਦੇ ਹੋ:
ਕਾਲੇ ਰੰਗ ਦਾ ਗੁਲਾਬ ਕੋਈ ਨਾ
ਤੇਰੀਆਂ ਕਿਤਾਬਾਂ ਵਿਚ ਵੇ
ਮੇਰੀ ਗੱਲ ਦਾ ਜਵਾਬ ਕੋਈ ਨਾ।
ਸੋ, ਸੱਜਣ ਜੀ! ਕਹਿਣ ਤੋਂ ਭਾਵ ਮੈਂ ਕਾਲੇ ਰੰਗ ਵਿਚ ਮੌਜੂਦ ਨਹੀਂ ਹਾਂ, ਪਰ ਹਾਂ ਨੀਲੇ ਰੰਗ ’ਤੇ ਖੋਜ ਕਰਦਿਆਂ ਕੁਝ ਵਿਗਿਆਨੀਆਂ ਨੇ ਮੈਨੂੰ ਪਿਛਲੇ ਕੁਝ ਸਾਲ ਪਹਿਲਾਂ ਹੀ ਨੀਲਾ ਰੰਗ ਜ਼ਰੂਰ ਚਾੜ੍ਹਿਆ ਹੈ। ਅਜੇ ਮੈਂ ਉਸ ਰੂਪ ਵਿਚ ਬਾਜ਼ਾਰ ਵਿਚ ਨਹੀਂ ਮਿਲਦਾ। ਰੰਗਾਂ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕੰਡਿਆਂ ਦੀ। ਕੁਝ ਲੋਕਾਂ ਨੂੰ ਇਹ ਗੱਲ ਬੜੀ ਚੁੱਭਦੀ ਐ ਕਿ ਐਨੀ ਖੂਬਸੂਰਤ ਚੀਜ਼ ਨਾਲ ਕੰਡੇ ਕਿਉਂ ਹਨ? ਇਸ ਗੱਲ ਦਾ ਜਵਾਬ ਆਪ ਸਭ ਨੂੰ ਭਾਈ ਵੀਰ ਸਿੰਘ ਜੀ ਨੇ ਆਪਣੀ ਕਵਿਤਾ ‘ਕੰਡੇ’ ਵਿਚ ਇਉਂ ਬਿਆਨ ਕੀਤਾ ਹੈ:
ਫੁੱਲ ਗੁਲਾਬ ਤੋਂ ਕਿਸੇ ਪੁੱਛਿਆ
‘‘ਅਵੇ ਕੋਮਲਤਾ ਦੇ ਸਾਂਈ!
ਇਸ ਸੁਪ੍ਹੱਣ ਇਸ ਸੁਹਲ ਸੁਹਜ ਨੂੰ
ਹੈ ਕਿਉਂ ਕੰਡਿਆ ਬਜ ਲਾਈ?
ਮਸਤ ਅਲਸਤੀ ਸੁਰ ਵਿਚ ਸੁਹਣੇ
ਹਸ ਕਿਹਾ: ‘ਖ਼ਬਰ ਨਹੀਂ ਮੈਨੂੰ
‘‘ਤੋੜ ਨਹੀਂ ਦੀ ਫੱਟੀ ਭਾਵੇਂ
ਮਿਰੇ ਮੌਲਾ ਨੇ ਲਿਖ ਲਾਈ।’’
ਮੇਰੇ ਪਿਆਰੇ ਮਿੱਤਰ ਮਨੁੱਖ ਤੂੰ ਸੋਚਣਾ ਹੋਵੇਗਾ ਕਿ ਗੁਲਾਬ ਨੇ ਮਿਥਿਹਾਸ ਬਾਰੇ ਤਾਂ ਚਾਨਣਾ ਪਾ ਦਿੱਤਾ, ਪਰ ਇਤਿਹਾਸ ਬਾਰੇ ਜਾਂ ਵਿਗਿਆਨਕ ਤੱਥਾਂ ਬਾਰੇ ਕੁਝ ਦੱਸ ਹੀ ਨਹੀਂ ਰਿਹਾ।
ਦੇਖ ਬਈ! ਜੇਕਰ ਤੇਰੇ ਵਿਗਿਆਨੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜੋ ਪਥਰਾਟਾਂ ਤੋਂ ਅੰਦਾਜ਼ਾ ਲਾਇਆ ਤਾਂ ਇਹ ਗੱਲ ਸਾਹਮਣੇ ਆਈ ਕਿ ਮੇਰਾ ਇਤਿਹਾਸ ਤਕਰੀਬਨ 35-40 ਮਿਲੀਅਨ (1 ਮਿਲੀਅਨ: 10 ਲੱਖ) ਸਾਲ ਪੁਰਾਣਾ ਹੈ। ਜੇਕਰ ਮੈਂ ਤੁਹਾਨੂੰ ਮਨੁੱਖੀ ਸਬੰਧ ਦੀ ਗੱਲ ਦੱਸਾਂ ਤਾਂ ਦੱਖਣੀ ਸਾਈਬੇਰੀਆ ਦੀ ਸਮਾਧ/ਕਬਰ ਵਿਚ ਇਕ ਚਾਂਦੀ ਦਾ ਤਮਗਾ ਮਿਲਿਆ ਜਿਸ ਉੱਪਰ ਮੇਰੀ ਯਾਨੀ ਗੁਲਾਬ ਦੀ ਤਸਵੀਰ ਉਕਰੀ ਹੋਈ ਹੈ ਅਤੇ ਇਸ ਤਮਗੇ ਦੀ ਖਾਸੀਅਤ ਇਹ ਹੈ ਕਿ ਉਹ 7000 ਸਾਲ ਪੁਰਾਣਾ ਹੈ। ਬਾਕੀ ਅੰਦਾਜ਼ਾ ਤੁਸੀਂ ਖ਼ੁਦ ਲਗਾ ਲੈਣਾ। ਕਹਿਣ ਤੋਂ ਭਾਵ ਜੰਗਲੀ ਰੂਪ ਵਿਚ ਤਾਂ ਮੈਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਧਰਤੀ ਉੱਪਰ ਉੱਗਦਾ ਆ ਰਿਹਾ ਹਾਂ। ਮਨੁੱਖ ਦੁਆਰਾ ਖੂਬਸੂਰਤੀ ਪੱਖ ਤੋਂ ਲਾਏ ਜਾਣ ਦੀ ਗੱਲ ਕਰੀਏ ਅਤੇ ਮਿਜੋਪਟਾਸੀਆ ਦੀ ਸੱਭਿਅਤਾ ਤੋਂ ਅੰਦਾਜ਼ਾ ਲਾਈਏ ਤਾਂ ਇਹ ਰੁਚੀ ਵੀ ਤਕਰੀਬਨ ਪੰਜ ਹਜ਼ਾਰ ਸਾਲ ਪੁਰਾਣੀ ਹੈ। ਮੇਰਾ ਇਤਿਹਾਸ ਏਨਾ ਪੁਰਾਣਾ ਹੋਣ ਕਰਕੇ ਹੀ ਸ਼ਾਇਦ ਸ਼ੇਕਸਪੀਅਰ ਦੀਆਂ ਲਿਖਤਾਂ ਤੋਂ ਲੈ ਕੇ ਵਿਸ਼ਵ ਪ੍ਰਸਿੱਧ ਆਰਟਿਸਟ ਪਾਅਰੀ ਜੋਸਫ ਰੀਡਓੂਟੀ ਵਰਗਿਆਂ ਦੀਆਂ ਕਲਾਕ੍ਰਿਤੀਆਂ ਵਿਚ ਮੈਨੂੰ ਸਥਾਨ ਹਾਸਲ ਹੋਇਆ। ਨੈਪੋਲੀਅਨ ਨੂੰ ਦੁਨੀਆਂ ’ਤੇ ਕੌਣ ਨਹੀਂ ਜਾਣਦਾ। ਉਸ ਦੀ ਪਤਨੀ ਮੇਰੀ ਬਹੁਤ ਵੱਡੀ ਪ੍ਰਸੰਸਕ ਸੀ। ਏਸੇ ਦੀਵਾਨਗੀ ਸਦਕਾ ਉਸ ਨੇ ਪੈਰਿਸ ਵਿਚ ਆਪਣਾ ਬਗੀਚਾ ਬਣਾਇਆ ਹੋਇਆ ਸੀ ਅਤੇ ਉਸ ਵਿਚ ਅੰਦਾਜ਼ਨ ਮੇਰੀਆਂ 250 ਕਿਸਮਾਂ ਲਾਈਆਂ ਹੋਈਆਂ ਸਨ। ਨੈਪੋਲੀਅਨ ਆਪਣੇ ਅਫ਼ਸਰਾਂ ਨੂੰ ਬੋਰਿਆਂ ਦੇ ਬੋਰੇ ਭਰਕੇ ਮੇਰੀਆਂ ਪੱਤੀਆਂ ਦਿੰਦਾ ਸੀ ਅਤੇ ਉਸ ਦਾ ਕਹਿਣਾ ਸੀ ਕਿ ਵਾਈਨ ਵਿਚ ਉਬਾਲਣ ’ਤੇ ਇਹ ਪੱਤੀਆਂ ਗੋਲੀਆਂ ਦੇ ਜ਼ਖ਼ਮਾਂ ਨੂੰ ਠੀਕ ਕਰਨ ਵਿਚ ਸਹਾਈ ਹੋਣਗੀਆਂ। ਜ਼ਖਮਾਂ ਤੋਂ ਯਾਦ ਆਇਆ, ਪਹਿਲੇ ਵੇਲਿਆਂ ਵਿਚ ਤਾਂ ਇਸਾਈ ਭਾਈਚਾਰੇ ਦੇ ਲੋਕ ਤਾਂ ਮੇਰੀਆਂ ਪੰਜ ਪੱਤੀਆਂ ਦਾ ਯਿਸ਼ੂ ਮਹਾਰਾਜ ਦੇ ਪੰਜ ਜ਼ਖ਼ਮਾਂ ਨਾਲ ਸਬੰਧ ਜੋੜ ਕੇ ਦੇਖਦੇ ਸਨ।
ਵਿਸ਼ਵ ਪੱਧਰ ’ਤੇ ਜੇਕਰ ਪੁਰਾਣੇ ਸਮਿਆਂ ਤੋਂ ਮੇਰਾ ਫੈਲਾਅ ਦੁਨੀਆਂ ਵਿਚ ਫੈਲਿਆ ਤਾਂ ਵਿਗਿਆਨੀਆਂ ਅਨੁਸਾਰ ਤਿੰਨ ਜ਼ੋਨ ਅਜਿਹੇ ਹਨ। ਪਹਿਲਾ ਮਿਡਲ ਈਸਟ ਯਾਨੀ ਬੇਬੀਲਾਨ, ਪਰਸੀਆ, ਸੀਰੀਆ ਦਾ ਇਲਾਕਾ ਦੂਜਾ ਯੂਨਾਨ, ਰੋਮ ਅਤੇ ਤੀਸਰਾ ਚੀਨ, ਜਪਾਨ ਅਤੇ ਭਾਰਤ ਹੈ। ਚੀਨ ਦੀਆਂ ਬਹੁਤ ਪੁਰਾਣੀਆਂ ਲਿਖਤਾਂ ਵਿਚ ਮੇਰਾ ਜ਼ਿਕਰ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਭਾਰਤ ਦੀ ਬੇਹੱਦ ਪ੍ਰਚੱਲਿਤ ਪੁਸਤਿਕਾ ‘ਕਾਮ ਸੂਤਰ’ ਦੇ ਲੇਖਕ ਵਾਤਸਿਆਇਨ ਨੇ ਵੀ ਮੇਰਾ ਜ਼ਿਕਰ ਕੀਤਾ ਹੋਇਆ ਹੈ। ਦੋਸਤੋ! ਜੇਕਰ ਗੱਲ ਰਾਜੇ-ਰਾਣੀਆਂ ਦੀ ਕਰੀਏ ਤਾਂ ਉਹ ਵੀ ਮੇਰੇ ਘੱਟ ਦੀਵਾਨੇ ਨਹੀਂ ਸਨ। ਸੋਲਵੀਂ ਸਦੀ ਵਿਚ ਜਦੋਂ ਪਹਿਲਾ ਮੁਗਲ ਬਾਦਸ਼ਾਹ ਬਾਬਰ ਭਾਰਤ ਆਇਆ ਤਾਂ ਉਹ ਗੁਲਾਬ ਊਠਾਂ ਉੱਪਰ ਲੱਦ ਕੇ ਲਿਆਇਆ ਸੀ। ਇਸ ਤੋਂ ਵੱਧ ਉਸ ਨੇ ਤਾਂ ਆਪਣੀਆਂ ਚਾਰੋ ਬੇਟੀਆਂ ਦੇ ਨਾਮ ਵੀ ਮੇਰੇ ਨਾਲ ਸਬੰਧਤ ਰੱਖੇ ਸਨ। ਭਾਵ ਗੁਲ-ਚਿਹਰਾਂ, ਗੁਲ-ਰੁੱਖ, ਗੁੱਲ-ਬਦਨ ਅਤੇ ਗੁਲ-ਰੰਗ। ਮੁਗਲ ਬਗੀਚਿਆਂ ਭਾਵੇਂ ਉਹ ਕਸ਼ਮੀਰ ਦਾ ਸ਼ਾਲੀਮਾਰ ਬਾਗ਼ ਹੋਵੇ, ਭਾਵੇਂ ਆਗਰੇ ਦਾ ਤਾਜ ਮਹਿਲ ਸਭਨਾਂ ਵਿਚ ਮੈਨੂੰ ਜਗ੍ਹਾ ਦਿੱਤੀ ਗਈ। ਏਸੇ ਤਰ੍ਹਾਂ ਅਕਬਰ ਬਾਦਸ਼ਾਹ ਵੀ ਮੈਨੂੰ ਬਹੁਤ ਪਸੰਦ ਕਰਦੇ ਸਨ। ਮੇਰੇ ਅਤਰ ਬਾਰੇ ਕੌਣ ਨਹੀਂ ਜਾਣਦਾ। ਉਸ ਦਾ ਸਿਹਰਾ ਮੁਗਲ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰਜਹਾਂ ਦੇ ਸਿਰ ਬੱਝਦਾ ਹੈ। ਸੁਣਨ ਵਿਚ ਆਉਂਦਾ ਹੈ ਕਿ ਇਕ ਦਿਨ ਰਾਣੀ ਨੂਰਜਹਾਂ ਗੁਲਾਬ ਦੀਆਂ ਪੱਤੀਆਂ ਵਾਲੇ ਪਾਣੀ ਵਿਚ ਨਹਾ ਰਹੀ ਸੀ ਅਤੇ ਉਸ ਨੇ ਪਾਣੀ ਦੀ ਤਹਿ ਉੱਪਰ ਤੇਲ ਦੀਆਂ ਬੂੰਦਾਂ ਦੇਖੀਆਂ ਤੇ ਉਨ੍ਹਾਂ ਨੂੰ ਨਿਤਾਰ ਕੇ ਵੱਖ ਕਰ ਲਿਆ ਅਤੇ ਖੁਸ਼ਬੂਦਾਰ ਤੇਲ ਬਾਰੇ ਜਾਣਕਾਰੀ ਹੋਈ। ਰਾਣੀ ਨੇ ਮੇਰੇ ਇਸ ਅਤਰ ਨੂੰ ਅਤਰ-ਏ- ਜਹਾਂਗੀਰੀ ਦਾ ਨਾਂ ਦਿੱਤਾ। ਮੇਰੀਆਂ ਮਹਿਕਾਂ ਦਾ ਤਾਂ ਸਾਰਾ ਜੱਗ ਸ਼ੌਕੀਨ ਹੈ। ਪ੍ਰੋ. ਮੋਹਨ ਸਿੰਘ ਨੇ ਮੇਰੀ ਮਹਿਕ ਬਾਰੇ ਕੁਝ ਇਉਂ ਲਿਖਿਆ:
ਇਕ ਦਿਨ ਮੈਂ ਫੁਲਵਾੜੀ ਵਿਚੋਂ
ਲੰਘ ਰਿਹਾ ਸਾਂ ਕੱਲਾ,
ਕੰਡੇ ਇਕ ਗੁਲਾਬੀ ਫੁੱਲ ਦੇ
ਬਹਿ ਗਏ ਫੜ ਕੇ ਪੱਲਾ।
ਨਾ ਕਰ ਐਡੀ ਕਾਹਲੀ ਰਾਹੀਆ,
ਪਲ ਦਾ ਪਲ ਖਲੋਵੀਂ,
ਖੁਸ਼ਬੂਆਂ ਦੇ ਢੋਏ ਬਾਝੋਂ,
ਅਸਾਂ ਜਾਣ ਨਹੀਂ ਦੇਣਾ ਮੱਲਾ।
ਤੁਸੀਂ ਸੋਚ ਰਹੇ ਹੋਵੋਗੇ ਕਿ ਗੁਲਾਬ ਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਗੁਲਾਬ-ਬਗੀਚੇ ਕਿੱਥੇ-ਕਿੱਥੇ ਹਨ? ਦੋਸਤੋ ਅਮਰੀਕਾ, ਯੂਰੋਪ ਆਦਿ ਵਿਚ ਅਨੇਕਾਂ ਬਾਗ਼ ਹਨ, ਪਰ ਪੈਰਿਸ ਵਿਚ ਸਥਿਤ ਰੋਜ਼ ਗਾਰਡਨ (Bagatelle Bios de Bovlogne) ਵਿਸ਼ਵ ਪ੍ਰਸਿੱਧ ਹੈ। ਤੁਹਾਡੇ ਬਿਲਕੁਲ ਨੇੜੇ ਚੰਡੀਗੜ੍ਹ ਵਿਚਲਾ ਰੋਜ਼ ਗਾਰਡਨ ਵੀ ਏਸ਼ੀਆ ਦਾ ਸਭ ਤੋਂ ਵੱਡਾ ਗੁਲਾਬ-ਬਗੀਚਾ ਹੈ। ਉਂਜ ਪੰਜਾਬ ਵਿਚ ਕਿਸੇ ਸਮੇਂ ਅੰਮ੍ਰਿਤਸਰ ਦੇ ਇਲਾਕੇ ਵਿਚ ਵੀ ਮੇਰੀ ਖੇਤੀ ਕਾਫ਼ੀ ਵੱਡੇ ਪੱਧਰ ’ਤੇ ਕੀਤੀ ਜਾਂਦੀ ਸੀ ਜੋ ਅੱਜ ਨਹੀਂ ਰਹੀ। ਇੰਗਲੈਂਡ ਅਤੇ ਅਮਰੀਕਾ ਨੇ ਮੈਨੂੰ ਆਪਣਾ ਰਾਸ਼ਟਰੀ ਫੁੱਲ ਹੋਣ ਦਾ ਮਾਣ ਦਿੱਤਾ ਹੋਇਆ ਹੈ। ਜਰਮਨੀ ਵਿਚ ਹਿਲਸ਼ਾਈਮ ਨਾਮੀ ਗਿਰਜਾਘਰ ਦੀ ਕੰਧ ਨਾਲ ਮੈਂ ਪੂਰੇ 1000 ਸਾਲ ਤੋਂ ਵਧ-ਫੁੱਲ ਰਿਹਾ ਹਾਂ ਤੇ ਮਹਿਕਾਂ ਬਿਖੇਰ ਰਿਹਾ ਹਾਂ। ਦੁਨੀਆਂ ’ਤੇ ਉਹ ਮੇਰਾ ਸਭ ਤੋਂ ਪੁਰਾਣਾ ਪੌਦਾ ਹੈ।
ਦੋਸਤੋ! ਅਤਰ ਦੀ ਤਰ੍ਹਾਂ ਅਰਕ, ਗੁਲਕੰਦ ਅਤੇ ਮੇਰੇ ਫ਼ਲ ਜਿਨ੍ਹਾਂ ਨੂੰ ‘ਰੋਜ਼ ਹਿੱਪ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਵਿਸ਼ਵ ਪ੍ਰਸਿੱਧ ਹਨ। ਹੋਰ ਕਿਸੇ ਪੌਦੇ ਵਿਚ ਵਿਟਾਮਿਨ ‘ਸੀ’ ਦੀ ਮਾਤਰਾ ਐਨੀ ਜ਼ਿਆਦਾ ਨਹੀਂ ਪਾਈ ਜਾਂਦੀ, ਜਿੰਨੀ ਰੋਜ਼ ਹਿੱਪ ਵਿਚ। ਬਾਕੀ ਅੰਦਾਜ਼ਾ ਤੁਸੀਂ ਖ਼ੁਦ ਲਗਾ ਲਵੋ ਕਿ ਰੋਜ਼ ਹਿੱਪ ਦੇ ਇਕ ਕੱਪ ਵਿਚ ਤਕਰੀਬਨ 60 ਸੰਤਰਿਆਂ ਜਿੰਨਾ ਵਿਟਾਮਿਨ ਸੀ ਮੌਜੂਦ ਹੁੰਦਾ ਹੈ। ਦੂਜੀ ਸੰਸਾਰ ਜੰਗ ਦੌਰਾਨ ਜਦੋਂ ਫ਼ਲਾਂ ਦੀ ਕੁਝ ਦੇਸ਼ਾਂ ਵਿਚ ਕਮੀ ਮਹਿਸੂਸ ਹੋਈ ਤਾਂ ਰੋਜ਼ ਹਿੱਪ ਨੂੰ ਬਹੁਤ ਜ਼ਿਆਦਾ ਵਰਤਿਆ ਗਿਆ। ਪੰਜਾਬ ਵਿਚ ਮੇਰੇ ਫ਼ਲਾਂ ਜਾਂ ਰੋਜ਼ ਹਿੱਪ ਬਾਰੇ ਤਾਂ ਲੋਕ ਜਾਣਕਾਰੀ ਹੀ ਨਹੀਂ ਰੱਖਦੇ। ਰੋਜ਼ ਆਇਲ, ਯਾਨੀ ਤੇਲ ਦੇ ਸੰਸਾਰ ਵਿਚ ਬਹੁਤ ਮੰਗ ਹੈ। ਤਕਰੀਬਨ 2000 ਫੁੱਲਾਂ ਤੋਂ ਸਿਰਫ਼ 1 ਗ੍ਰਾਮ ਤੇਲ ਦੀ ਪ੍ਰਾਪਤੀ ਹੁੰਦੀ ਹੋਣ ਕਰਕੇ ਕਾਫ਼ੀ ਮਹਿੰਗਾ ਮਿਲਦਾ ਹੈ। ਅੱਜ ਦੀ ਤਰੀਕ ਵਿਚ ਬੁਲਗਾਰੀਆ ਵਿਚ ਗੁਲਾਬ ਤੋਂ ਮੁੱਖ ਰੂਪ ਵਿਚ ਉਤਪਾਦ ਤਿਆਰ ਕਰਕੇ ਹੋਰਨਾਂ ਦੇਸ਼ਾਂ ਵਿਚ ਭੇਜੇ ਜਾਂਦੇ ਹਨ। ਮੇਰੇ ਅਨੇਕਾਂ ਉਤਪਾਦ ਅਤੇ ਹਿੱਸੇ ਅਨੇਕਾਂ ਮਨੁੱਖੀ ਬਿਮਾਰੀਆਂ ਨੂੰ ਠੀਕ ਕਰਨ ਵਾਲੇ ਨੁਸਖਿਆਂ ਵਿਚ ਵਰਤੇ ਜਾਂਦੇ ਹਨ। ਸਰੀਰ ਨੂੰ ਠੰਢਕ ਪਹੁੰਚਾਉਣ, ਪਾਚਨ ਪ੍ਰਣਾਲੀ ਠੀਕ ਕਰਨ, ਮਿਹਦੇ ਅਤੇ ਜਿਗਰ ਦੇ ਰੋਗ, ਕਬਜ਼ ਰੋਗ, ਮੂਤਰ ਰੋਗ, ਮਹਾਂਵਾਰੀ, ਬਾਂਝਪਨ, ਨਿਰਾਸ਼ਤਾ, ਥਕਾਵਟ, ਦਸਤ ਰੋਗ ਆਦਿ ਅਨੇਕਾਂ ਰੋਗਾਂ ਦੇ ਇਲਾਜ ਲਈ ਮੈਨੂੰ ਵਰਤਿਆ ਜਾ ਸਕਦਾ ਹੈ। ਔਰਤਾਂ ਆਪਣੇ ਰੂਪ ਨੂੰ ਚਾਰ ਚੰਨ ਲਾਉਣ ਲਈ ਅਨੇਕਾਂ ਤਰੀਕਿਆਂ ਰਾਹੀਂ ਮੇਰੀਆਂ ਪੱਤੀਆਂ ਦਾ ਪ੍ਰਯੋਗ ਕਰਦੀਆਂ ਹਨ।
ਅੱਜ ਚਾਹੇ ਲੋਕਾਂ ਨੇ ਮੈਨੂੰ ਸਾਲ ਦੇ ਕੁਝ ਦਿਨਾਂ ਨਾਲ ਜੋੜ ਕੇ ਪਿਆਰ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਹੈ, ਪਰ ਤੁਸੀਂ ਹਮੇਸ਼ਾਂ ਯਾਦ ਰੱਖਿਓ ਕਿ ਮੈਂ ਤਾਂ ਸਦੀਆਂ ਤੋਂ ਪਿਆਰ ਦਾ ਪ੍ਰਤੀਕ ਹਾਂ। ਕੁਝ ਲੋਕ ਮੇਰੇ ਵੱਖ-ਵੱਖ ਰੰਗਾਂ, ਗਿਣਤੀ ਆਦਿ ਨਾਲ ਅਨੇਕਾਂ ਸੁਨੇਹੇ ਮੇਰੇ ਦੁਆਰਾ ਦਿੰਦੇ ਹਨ। ਪਰ ਮੇਰਾ ਹਰ ਰੰਗ ਤੁਹਾਡੇ ਪਿਆਰ, ਖੁਸ਼ੀ, ਜ਼ਿੰਦਗੀ ਦਾ ਪ੍ਰਤੀਕ ਹੈ। ਸਾਲ ਦੇ ਕਿਸੇ ਵੀ ਦਿਨ ਮੈਂ ਤਾਂ ਤੁਹਾਡੇ ਸੁਨੇਹੇ ਨੂੰ ਸੱਜਣਾਂ ਦੇ ਦਿਲਾਂ ਤਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹਾਂ।
ਤੁਸੀਂ ਸਭ ਨੇ ਮੈਨੂੰ ਮਾਣ ਬਖਸ਼ਿਆ ਹੈ ਤੇ ਮੈਂ ਹਮੇਸ਼ਾਂ ਧਰਤੀ ਦੇ ਇਕ ਟੁਕੜੇ ’ਤੇ ਮਹਿਕਾਂ ਦੀ ਹੱਟ ਲਾਈ ਰੱਖਾਂਗਾ। ਤੁਹਾਡਾ ਇਹ ਪਿਆਰਾ ਜਿਹਾ ਮਿੱਤਰ ਤੁਹਾਡੇ ਤੋਂ ਸਿਰਫ਼ ਭਾਈ ਵੀਰ ਦੇ ਸੁਨੇਹੇ ’ਤੇ ਅਮਲ ਮੰਗਦਾ ਹੈ:
ਡਾਲੀ ਨਾਲੋਂ ਤੋੜ ਨਾ ਸਾਨੂੰ,
ਅਸਾਂ ਹੱਟ ਮਹਿਕ ਦੀ ਲਾਈ।
ਲੱਖ ਗਾਹਕ ਜੇ ਸੁੰਘੇ ਆ ਕੇ,
ਖਾਲੀ ਇਕ ਨਾ ਜਾਈ।
ਤੂੰ ਜੇ ਇਕ ਤੋੜ ਕੇ ਲੈ ਗਿਓਂ
ਇਕ ਜੋਗਾ ਰਹਿ ਜਾਸਾਂ,
ਉਹ ਭੀ ਪਲਕ ਝਲਕ ਦਾ ਮੇਲਾ
ਰੂਪ ਮਹਿਕ ਨਸ ਜਾਈ
ਸੰਪਰਕ: 98142-39041