ਬਚਿੰਤ ਕੌਰ
ਕਈ ਵਾਰ ਕੁਝ ਘਟਨਾਵਾਂ ਇਉਂ ਵੀ ਹੁੰਦੀਆਂ ਹਨ ਜੋ ਅਸੀਂ ਕਿਸੇ ਨੂੰ ਸੱਚੋ-ਸੱਚ ਸੁਣਾਈਏ ਤਾਂ ਰਤਾ ਵੀ ਯਕੀਨ ਨਹੀਂ ਕੀਤਾ ਜਾ ਸਕਦਾ। ਹਾਂ ਇਹੋ ਜਿਹੀ ਹੀ ਗੱਲ ਹੋਈ ਹੈ, ਸੁਲੱਖਣ ਮੀਤ ਤੇ ਮੇਰੀ ਜਾਣ ਪਹਿਚਾਣ ਵਿੱਚ। ਜੋ ਜਾਣ ਪਛਾਣ ਪਿੱਛੋਂ ਗੂੜ੍ਹੀ ਮਿੱਤਰਤਾ ਤੱਕ ਪਹੁੰਚ ਗਈ। ਜੇ ਮੇਰੀ ਕਹਾਣੀ ਤਸਵੀਰ ਸਮੇਤ ‘ਪ੍ਰੀਤਮ’ ਪਰਚੇ ਵਿੱਚ ਛਪਦੀ ਤਾਂ ਨਾਲ ਹੀ ਸੁਲੱਖਣ ਮੀਤ ਦੀ ਕਹਾਣੀ ਵੀ ਤਸਵੀਰ ਸਮੇਤ ਜ਼ਰੂਰ ਛਪੀ ਹੁੰਦੀ। ਵਾਹਵਾ ਗੱਭਰੂ ਜੂਆਨ, ਤਿੱਖੇ ਨੈਣ-ਨਕਸ਼ਾਂ ਵਾਲੀ ਤਸਵੀਰ। ਇਉਂ ਹੀ ਜੇਕਰ ਮੇਰਾ ਕੋਈ ਲੇਖ ਜਾਂ ਕਵਿਤਾ, ‘ਫ਼ਤਿਹ’ ਵਿੱਚ ਛਪਦਾ ਤਾਂ ਠੀਕ ਮੇਰੀ ਰਚਨਾ ਦੇ ਨਾਲ ਨਾਲ ਹੀ ਸੁਲੱਖਣ ਮੀਤ ਦੀ ਵੀ ਰਚਨਾ ਛਪੀ ਹੁੰਦੀ। ਪਿੱਛੋਂ ਜਾ ਕੇ ਜਦੋਂ ‘ਪ੍ਰੇਰਨਾ’ ਪਰਚਾ ਨਿਕਲਣਾ ਸ਼ੁਰੂ ਹੋਇਆ ਤਾਂ ਮੇਰੀ ਕਵਿਤਾ ਦੇ ਠੀਕ ਅੱਗੇ ਜਾਂ ਪਿੱਛੇ ਸੁਲੱਖਣ ਮੀਤ ਦੀ ਕਾਵਿ-ਕਿਆਰੀ ਟਹਿਕ ਰਹੀ ਹੁੰਦੀ। ਬੜੀ ਅਸਚਰਜ ਜਹੀ ਲੱਗਦੀ ਸੀ ਓਦੋਂ ਮੈਨੂੰ ਇਹ ਗੱਲ। ਉਦੋਂ ਮੇਰੀ ਤਸਵੀਰ ਵੀ ਹੁੰਦੀ ਸੀ ਕੁਝ ਨਦਾਨ ਜਹੀ ਤੇ ਸੁਲੱਖਣ ਮੀਤ ਦੀ ਤਸਵੀਰ ਸੀ ਜਵਾਨ ਜਹਾਨ। ਕਦੇ ਏਸ ਮੂਰਤ ਦੇ ਸੀਸ ਉੱਤੇ ਪੇਚਦਾਰ ਨੀਲੀ ਪੱਗ ਬੰਨ੍ਹੀ ਹੁੰਦੀ ਤੇ ਕਦੇ ਪਟਿਆਲਾਸ਼ਾਹੀ ਨੋਕ ਵਾਲਾ ਸਾਫ਼ਾ…। ਮੈਨੂੰ ਲੱਗਿਆ ਕਿ ਸਾਊ ਬੰਦੇ ਨੇ ਕਿਤੇ ਪਰਚੇ ਵਾਲਿਆਂ ਨੂੰ ਕਹਿ ਤਾਂ ਨਹੀਂ ਰੱਖਿਆ ਬਈ ਮੇਰੀ ਤਸਵੀਰ ਤੇ ਮੇਰੀ ਰਚਨਾ ਹਮੇਸ਼ਾ ਬਚਿੰਤ ਕੌਰ ਦੀ ਰਚਨਾ ਦੇ ਆਸ ਪਾਸ ਹੀ ਛਾਪੋ। ਕਈ ਸਵਾਲ ਮੇਰੇ ਮਨ ਵਿੱਚ ਉੱਠਦੇ ਤੇ ਮੈਂ ਮਨ ਹੀ ਮਨ ਮੁਸਕਰਾਉਂਦੀ ਉਸਦੀ ਤਸਵੀਰ ਨੂੰ ਆਪਣੀ ਤਸਵੀਰ ਨਾਲ ਮੇਲਦੀ। ਪਰ ਉਸ ਦਾ ਨਾਉਂ ਪਤਾ ਤਾਂ ਹੁੰਦਾ ਸੀ ਸੰਗਰੂਰ ਦਾ ਤੇ ਮੇਰਾ ਸੀ ਦਿੱਲੀ ਦਾ। ਇਤਫ਼ਾਕ ਦੇਖੋ ਕਿ ਇੱਕ ਵਾਰ ਕਨਾਟ ਪਲੇਸ ਯਾਦ ਨਹੀਂ ਕਿਹੜੇ ਹੋਟਲ ਵਿੱਚ ਪ੍ਰੇਰਨਾ-ਦਿਵਸ ਬੜੇ ਧੂਮ-ਧਾਮ ਨਾਲ ਮਨਾਉਣ ਦੇ ਸੱਦਾ-ਪੱਤਰ ਨੂੰ ਦੇਖਕੇ ਮੈਂ ਵੀ ਏਸ ਸਵਾਗਤ ਵਿੱਚ ਸ਼ਾਮਲ ਹੋਈ। ਹੋਟਲ ਤੱਕ ਪਹੁੰਚ ਕੇ ਮੈਂ ਦੇਖਿਆ ਸਾਹਿਤਕਾਰਾਂ ਵਿੱਚ ਕਾਫ਼ੀ ਗਹਿਮਾ-ਗਹਿਮੀ ਨਜ਼ਰ ਆ ਰਹੀ ਸੀ ਤੇ ਸਵਾਗਤ ਕਰਤਿਆਂ ਵਿੱਚ ਸਭ ਤੋਂ ਮੂਹਰੇ ਖੜ੍ਹਾ ਸੀ ਜੁਆਨ-ਜਹਾਨ ਖ਼ੂਬਸੂਰਤ ਪ੍ਰੋਫ਼ੈਸਰ ਹਰਚਰਨ ਸੋਬਤੀ ਤੇ ਨਾਲ ਹੀ ਮਹਿੰਦਰ ਸਿੰਘ ਲ਼ੂਥਰਾ ਜੀ ਜਿਨ੍ਹਾਂ ਦੀ ਬੀਬੀ ਦਾਹੜੀ ਉਨ੍ਹਾਂ ਦੀ ਪੂਰੀ ਸ਼ਖ਼ਸੀਅਤ ਨੂੰ ਹੋਰ ਵੀ ਚਾਰ ਚੰਦ ਲਾ ਰਹੀ ਸੀ। ਮੈਂ ਕੁਝ ਸੰਗਾਊ ਸੁਭਾਅ ਦੀ ਹੋਣ ਕਰਕੇ ਬੈਂਕ-ਬੈਂਚਰਾਂ ਵਿੱਚ ਬੈਠਣ ਵਾਲਿਆਂ ਵਿੱਚ ਹੀ ਆਪਣੇ ਆਪ ਨੂੰ ਆਸਾਨ ਅਤੇ ਸੁਖਾਲਾ ਮਹਿਸੂਸ ਕਰਦੀ ਸੀ। ਫ਼ੰਕਸ਼ਨ ਸ਼ੁਰੂ ਹੋਇਆ। ਕਈ ਹਾਰ ਪਤਵੰਤੇ ਸੱਜਣਾਂ ਦੇ ਗਲਾਂ ਵਿੱਚ ਪਹਿਨਾਏ ਗਏ। ਫੇਰ ਹੋਇਆ ਸਾਹਿਤਕਾਰਾਂ ਦਾ ਸਨਮਾਨ ਸਮਾਰੋਹ। ਸ਼ਾਇਦ ਪੰਜ ਨਾਉਂ ਵਾਰੋ-ਵਾਰੀ ਬੋਲੇ ਗਏ ਸਨ। ਇਨ੍ਹਾਂ ਵਿੱਚ ਇੱਕ ਨਾਉਂ ਕਹਾਣੀਕਾਰ ਸੁਲੱਖਣ ਮੀਤ ਦਾ ਵੀ ਸੀ। ਮੇਰੀ ਉਤਸੁਕਤਾ ਜਿਵੇਂ ਹੁਣ ਸਾਰੀਆਂ ਸੀਮਾਵਾਂ ਤੋਂ ਪਾਰ ਸੀ। ਦੇਖਾਂ ਬਈ ਇਹ ਕਿਹੋ ਜਿਹਾ ਚਿਹਰਾ ਹੈ? ਕਿਹੋ ਜਿਹੀ ਸ਼ਖ਼ਸੀਅਤ? ਸਨਮਾਨਿਤ ਸ਼ਖ਼ਸੀਅਤਾਂ ਵਿੱਚ ਤੀਜੇ ਜਾਂ ਚੌਥੇ ਨੰਬਰ ’ਤੇ ਸੁਲੱਖਣ ਮੀਤ ਦਾ ਨਾਉਂ ਬੋਲਿਆ ਗਿਆ। ਮੈਂ ਪਿੱਛੇ ਕੁਰਸੀ ਉੱਤੋਂ ਉੱਠ ਕੇ ਖੜ੍ਹੀ ਹੋ ਗਈ ਦੇਖਾਂ ਤਾਂ, ਇੱਕ ਭਰ ਜੁਆਨ ਗੱਭਰੂ ਨਸਵਾਰੀ ਰੰਗ ਦੀ ਨੋਕਦਾਰ ਪੱਗ ਬੰਨ੍ਹੀ ਸਟੇਜ ਵੱਲ ਨੂੰ ਵਧ ਰਿਹਾ ਸੀ। ਮੁਸ਼ਕੀ ਮੁਸ਼ਕੀ ਜਿਹਾ ਉਹਦਾ ਰੰਗ। ਤਿੱਖੇ ਤਿੱਖੇ ਨੈਣ ਨਕਸ਼ ਤੇ ਨੈਣਾਂ ਵਿੱਚੋਂ ਡੁੱਲ੍ਹਦੀ ਖ਼ੁਸ਼ੀ ਤੇ ਸੁਡੋਲ ਪਰ ਪਤਲੀ ਮਲੂਕ ਜਹੀ ਉਸ ਦੀ ਕਾਠੀ। ਐਨੇ ਵਿੱਚ ਇੱਕ ਭਰੀ ਪਲੇਟ ਫੜੀ ਸੁਲੱਖਣ ਮੀਤ ਮੇਰੇ ਕੋਲ ਆਇਆ ਤੇ ਆ ਕੇ ਪਲੇਟ ਮੇਰੇ ਹੱਥਾਂ ਵਿੱਚ ਥਮਾਉਂਦਾ ਹੋਇਆ ਬੋਲਿਆ: “ਤੁਸੀਂ ਬਚਿੰਤ ਕੌਰ ਹੋ ਨਾ…?” “ਹਾਂ, ਕਿਵੇਂ ਪਹਿਚਾਣਿਆ ਤੁਸੀਂ?” “ਤੁਹਾਡੀ ਤਸਵੀਰ ਤੋਂ…।” “ਅੱਛਾ ਤੁਸੀਂ ਆਪਣੀ ਰਚਨਾ ਤੇ ਤਸਵੀਰ ਸਦਾ ਮੇਰੀ ਤਸਵੀਰ ਦੇ ਨਾਲ ਹੀ ਛਪਵਾਉਣ ਦੀ ਸਹੁੰ ਜੋ ਖਾ ਰੱਖੀ ਐ।” ਮੈਂ ਸਹਿਜ ਹੀ ਸ਼ਰਾਰਤੀ ਜਿਹੇ ਬੋਲ ਕਹਿ ਗਈ। ਉਹ ਸਾਊ ਬੰਦਾ ਥੋੜ੍ਹਾ ਜਿਹਾ ਝਿਜਕਿਆ ਤੇ “ਨਹੀਂ ਨਹੀਂ ਐਸਾ ਤਾਂ ਕੁਝ ਨਹੀਂ, ਇਹ ਸਭ ਤਾਂ ਪਰਚਿਆਂ ਵਾਲਿਆਂ ਦੀ ਆਪਣੀ ਮਰਜ਼ੀ ਹੁੰਦੀ ਹੈ। ਜੋ ਜਿੱਥੇ ਮਰਜ਼ੀ ਛਾਪ ਦੇਣ।” ਕਹਿੰਦਾ ਹੋਇਆ ਉਹ ਜਿਵੇਂ ਸ਼ਰਮਾਅ ਜਿਹਾ ਗਿਆ। ਮੈਂ ਪਲੇਟ ਉਸ ਦੇ ਸਾਹਮਣੇ ਕਰਦਿਆਂ ਕਿਹਾ, “ਤੁਸੀਂ ਵੀ ਖਾਓ। ਇਹ ਤਾਂ ਬਹੁਤ ਜ਼ਿਆਦਾ ਹੈ।” ਸੋ ਉਸ ਸਮਾਰੋਹ ਉੱਤੇ ਹੋਈ ਨਿੱਕੀ ਜਿਹੀ ਮਿਲਣੀ ਨਾਲ ਸਾਨੂੰ ਦੋਹਾਂ ਨੂੰ ਇਉਂ ਲੱਗਿਆ ਕਿ ਉਹ ਸਾਰੀਆਂ ਕਵਿਤਾਵਾਂ ਮੇਰੇ ਲਈ ਰਚਦਾ ਹੈ ਤੇ ਮੈਂ ਆਪਣੀਆਂ ਕਹਾਣੀਆਂ ਉਸ ਲਈ ਲਿਖਦੀ ਹਾਂ। ਪਰ ਸੱਚ ਤਾਂ ਇਹ ਨਹੀਂ ਸੀ। ਇਹ ਸਭ ਤਾਂ ਇੱਕ ਇਤਫ਼ਾਕ ਹੀ ਸੀ। ਕਿਉਂਕਿ ਅਸੀਂ ਤਾਂ ਇੱਕ ਦੂਜੇ ਨੂੰ ਏਸ ਸਮਾਰੋਹ ਤੋਂ ਪਹਿਲਾਂ ਕਲਮ ਦੇ ਸਫ਼ਰ ਰਾਹੀਂ ਹੀ ਥੋੜ੍ਹਾ ਬਹੁਤ ਜਾਣਦੇ ਸੀ। ਪਰ ਸਾਡੀ ਬੋਲੀ ਇੱਕੋ ਸੀ, ਭਾਵ ਮਲਵਈ। ਇਲਾਕਾ ਇੱਕੋ ਸੀ, ਸੰਗਰੂਰ ਤੇ ਪਟਿਆਲਾ ਦਾ ਫ਼ਰਕ ਹੀ ਕਿੰਨਾ ਹੈ ਭਲਾ? ਸ. ਧੰਨਾ ਸਿੰਘ ਗੁਲਸ਼ਨ ਕੇਂਦਰ ਸਰਕਾਰ ਵਿੱਚ ਜਨਤਾ ਸਰਕਾਰ ਵੇਲੇ ਸਿੱਖਿਆ ਮੰਤਰੀ ਬਣੇ। ਗੁਲਸ਼ਨ ਸਾਹਿਬ ਮੀਤ ਦੇ ਸਹੁਰਾ ਸਾਹਿਬ ਸਨ। ਉਨ੍ਹੀਂ ਦਿਨੀਂ ਸੁਨਹਿਰੀ ਬਾਗ਼ ਵਿੱਚ ਵੀ ਉਸ ਨਾਲ ਮੇਰੀਆਂ ਮੁਲਕਾਤਾਂ ਹੁੰਦੀਆਂ ਰਹੀਆਂ, ਸੁਨਹਿਰੀ। ਖ਼ੈਰ ਇਨ੍ਹਾਂ ਮਿਲਣੀਆਂ ਪਿੱਛੋਂ ਵੀ ਸਾਡੀ ਕਦੇ ਕਦਾਈਂ ਖ਼ਤੋ-ਕਿਤਾਬਤ ਹੋਣ ਲੱਗੀ। ਫੇਰ 1980 ਵਿੱਚ ਇੱਕ ਖ਼ਤ ਆਇਆ ਬਹੁਤ ਹੀ ਮੋਹ ਭਰਿਆ। “ਬਚਿੰਤ! ਲੰਦਨ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਨਾ। ਮੈਂ ਜਾ ਰਿਹਾ ਹਾਂ ਤੁਸੀਂ ਵੀ ਜ਼ਰੂਰ ਚੱਲਣਾ।” ਪਰ ਮੈਂ ਦਸ ਹਜ਼ਾਰ ਰੁਪੈ ਕਿਰਾਏ ਦੇ ਓਦੋਂ ਭਲਾਂ ਕਿਵੇਂ ਖਰਚ ਸਕਦੀ ਸੀ। ਸੋ ਮੇਰੀ ਪੱਕੀ ਨਾਂਹ ਸੁਣ ਕੇ ਸੁਲੱਖਣ ਮੀਤ ਨੂੰ ਥੋੜ੍ਹਾ ਅਫ਼ਸੋਸ ਜ਼ਰੂਰ ਹੋਇਆ ਪਰ ਜਹਾਜ਼ ਚੜ੍ਹਨ ਤੋਂ ਪਹਿਲਾਂ ਉਹ ਸਾਡੇ ਘਰ ਆ ਕੇ ਥੋੜ੍ਹਾ ਚਿਰ ਰੁਕਿਆ। ਮੇਰੇ ਪਤੀ ਦੇਵ ਨੂੰ ਸੁਲੱਖਣ ਮੀਤ ਦੀ ਭੋਲੀ ਭਾਲੀ ਸੱਚੀ ਸੁੱਚੀ ਸ਼ਖ਼ਸੀਅਤ ਨੇ ਬੇਹੱਦ ਪ੍ਰਭਾਵਿਤ ਕੀਤਾ ਤੇ ਉਨ੍ਹਾਂ ਨੇ ਆਪਣੇ ਵੱਡੇ ਵੀਰ ਸ. ਬਚਨ ਸਿੰਘ ਦਾ ਸੁਲੱਖਣ ਮੀਤ ਨੂੰ ਪਤਾ ਲਿਖਾਇਆ ਜੋ ਵੀਹ ਕੁ ਵਰ੍ਹਿਆਂ ਤੋਂ ਲੰਦਨ ਰਹਿ ਰਹੇ ਸਨ। ਇਉਂ ਮੇਰੀ ਪਰਿਵਾਰਕ ਨੇੜਤਾ ਵੀ ਉਸ ਨਾਲ ਵਧ ਗਈ। ਉਧਰ ਸੁਲੱਖਣ ਮੀਤ ਦੀ ਜੀਵਨ ਸਾਥਣ ਮਲਕੀਤ ਕੌਰ ਦਾ ਖ਼ਤ ਘਰ ਵੀ ਮੈਨੂੰ ਆਉਣ ਲੱਗਿਆ ਤੇ ਇਉਂ ਸਾਡੀ ਦੋਵੇਂ ਪਰਿਵਾਰਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਮੋਹ ਸਤਿਕਾਰ ਦੀ ਭਾਵਨਾ ਹੋਰ ਵੀ ਗੂੜ੍ਹੀ ਹੋ ਗਈ। ਇਉਂ ਮੇਰੇ ਪਰਿਵਾਰ ਦੇ ਮੈਂਬਰਾਂ ਦੇ ਦਿਲਾਂ ਨੂੰ ਜਿਵੇਂ ਸੁਲੱਖਣ ਮੀਤ ਨੇ ਧੁਰ ਆਤਮਾ ਤੱਕ ਜਿੱਤ ਲਿਆ। ਇਉਂ ਵੀ ਹੁੰਦੀ ਹੈ ਜਾਣ-ਪਹਿਚਾਣ ਕਲਮਾਂ ਤੇ ਅੱਖਰਾਂ ਦੇ ਬੋਲਾਂ ਰਾਹੀਂ। ਸੁਲੱਖਣ ਮੀਤ ਇੱਕ ਸੁਚੱਜਾ ਬਹੁ-ਮੁਖੀ ਪ੍ਰਤਿਭਾ ਵਾਲਾ ਸਿਰਫ਼ ਸਾਹਿਤਕਾਰ ਹੀ ਨਹੀਂ ਸਗੋਂ ਇੱਕ ਨਿਮਰਤਾ ਆਜਜ਼ੀ ਨਾਲ ਮੂੰਹੋਂ ਮੂੰਹ ਭਰਿਆ ਸੱਚਾ ਸੁੱਚਾ ਇਨਸਾਨ ਵੀ ਹੈ। ਪੰਜਾਬੀ ਸਾਹਿਤਕਾਰੀ ਵਿੱਚ ਉਹ ਪੂਜਾ ਅਰਚਨਾ ਦੀ ਤਰ੍ਹਾਂ ਸਾਧਨਾ ਵਿੱਚ ਜੁਟਿਆ ਹੋਇਆ ਹੈ। ਉਸ ਦੀ ਕਵਿਤਾ ਕਹਾਣੀ, ਗ਼ਜ਼ਲ ਇੱਕੋ ਵੇਲੇ ਇੱਕ ਬਹੁ-ਮੁਖੀ ਸੰਗਮ ਹੈ ਜਿਸ ਬਾਰੇ ਉਹ ਕਰੜੀ ਮਿਹਨਤ ਹੀ ਨਹੀਂ ਕਰਦਾ ਸਗੋਂ ਸਾਹਿਤ ਦੇ ਤਿੰਨਾਂ ਰੂਪਾਂ ਬਾਰੇ ਉਹ ਬੇਹੱਦ ਸੰਜੀਦਾ ਅਤੇ ਚੇਤਨ ਪੱਖੀ ਹੈ। ਉਸ ਨੇ ਹੁਣੇ ਹੁਣੇ ਇੱਕ ਨਾਵਲ ਵੀ ਲਿਖਿਆ ਹੈ “ਇੱਕੋ ਇੱਕ”। ਉਹ ਇੱਕੋ ਵੇਲੇ ਵਧੀਆ ਕਵੀ ਵੀ ਹੈ ਅਤੇ ਚੰਗਾ ਗ਼ਜ਼ਲਗੋ ਵੀ…। ਉਹ ਅਜੋਕੀ ਨਿੱਕੀ ਕਹਾਣੀ ਵਿੱਚ ਵੀ ਧਾਂਕ ਜਮਾਈ ਬੈਠਾ ਹੈ। ਸਾਹਿਤ ਦੇ ਇਨ੍ਹਾਂ ਤਿੰਨਾਂ ਰੂਪਾਂ ਉੱਤੇ ਉਸ ਦੀ ਪਕੜ ਹੈ। ਹੈ ਨਾ ਇਹ ਕਮਾਲ ਉਸ ਦੀ ਕਲਮ ਦਾ। ਸੋ ਮੈਂ ਤਾਂ ਇਹੀ ਕਹਾਂਗੀ ਕਿ ਪ੍ਰਿੰਸੀਪਲ ਸੁਲੱਖਣ ਮੀਤ ਜਿੱਥੇ ਇੱਕ ਵਧੀਆ ਸ਼ਖ਼ਸੀਅਤ ਹੈ ਉੱਥੇ ਉਹ ਇੱਕ ਕੋਮਲ ਹਿਰਦੇ ਦਾ ਧਨੀ ਇਨਸਾਨ ਵੀ ਹੈ। ਉਹ ਸਾਦਗੀ ਦੇ ਜਾਮੇ ਅੰਦਰ ਇੱਕ ਬਾਦਸ਼ਾਹ ਵੀ ਹੈ ਤੇ ਸਾਹਿਤ ਕਲਾ ਵਿੱਚ ਜਾਗਰੂਕ ਸਾਹਿਤਕਾਰ ਵੀ। ਮੈਨੂੰ ਏਸ ਬਹੁਤ ਪ੍ਰਤਿਸ਼ਠਾਵਾਦੀ ਸ਼ਖ਼ਸੀਅਤ ਦੀ ਮਿੱਤਰਤਾ ਉੱਤੇ ਬਹੁਤ ਮਾਣ ਵੀ ਹੈ ਤੇ ਹਰਸ਼ੋ ਉਲਾਸ ਵੀ। ਰੱਬ ਕਰੇ ਉਸ ਦੀ ਅੰਦਰਲੀ ਇਨਸਾਨੀਅਤ ਅਤੇ ਉਸ ਦੇ ਬਾਹਰਲਾ ਸਾਦਾਪਣ ਮੇਰੇ ਵਰਗੇ ਸਾਹਿਤਕਾਰਾਂ ਲਈ ਸਦਾ ਰੌਸ਼ਨ-ਚਿਰਾਗ ਬਣਿਆ ਰਹੇ।
(ਡਾ. ਅਮਰ ਕੋਮਲ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ‘ਸ਼ਬਦ-ਸਰਵਰੁ’ ਵਿੱਚੋਂ)
– ਪੇਸ਼ਕਸ: ਸ. ਸ. ਰਮਲਾ
ਸੰਪਰਕ: 98722-50956