ਪੁਸਤਕ ਚਰਚਾ

ਨਾਰੀ ਜੀਵਨ-ਯਥਾਰਥ ਦਾ ਗਲਪੀ ਬਿਰਤਾਂਤ

ਨਾਰੀ ਜੀਵਨ-ਯਥਾਰਥ ਦਾ ਗਲਪੀ ਬਿਰਤਾਂਤ

ਡਾ. ਅਮਰਜੀਤ ਕੌਂਕੇ

ਕੁਲਬੀਰ ਬਡੇਸਰੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਜਾਣਿਆ ਪਛਾਣਿਆ ਨਾਮ ਹੈ। ਤਕਰੀਬਨ ਚਾਰ ਦਹਾਕਿਆਂ ਤੋਂ ਉਹ ਲਗਾਤਾਰ ਕਹਾਣੀਆਂ ਲਿਖ ਅਤੇ ਛਪ ਰਹੀ ਹੈ। ਹੁਣ ਤੱਕ ਉਸ ਦੇ ਦੋ ਨਾਵਲੈੱਟ, ਤਿੰਨ ਕਹਾਣੀ ਸੰਗ੍ਰਹਿ, ਇਕ ਕਾਵਿ-ਸੰਗ੍ਰਹਿ, ਕਈ ਬਾਲ ਪੁਸਤਕਾਂ ਅਤੇ ਅਨੁਵਾਦ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹ ਅਨੇਕ ਟੀ.ਵੀ. ਲੜੀਵਾਰਾਂ ਤੇ ਫਿਲਮਾਂ ਵਿਚ ਆਪਣੇ ਅਭਿਨੈ ਦੀ ਛਾਪ ਵੀ ਛੱਡ ਚੁੱਕੀ ਹੈ। ਉਸ ਦੀਆਂ ਕਈ ਕਹਾਣੀਆਂ ਅਤੇ ਪੁਸਤਕਾਂ ਦੇ ਅਨੁਵਾਦ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਤੁਮ ਕਿਉਂ ਉਦਾਸ ਹੋ’ (ਪੰਨੇ: 295 ਰੁਪਏ; ਆਰਸੀ ਪਬਲਿਸ਼ਰਜ਼, ਦਿੱਲੀ) ਕੁਲਬੀਰ ਦੀ ਕਹਾਣੀਆਂ ਦੀ ਨਵੀਂ ਪੁਸਤਕ ਹੈ ਜਿਸ ਵਿਚ ਕੁਲ ਗਿਆਰਾਂ ਕਹਾਣੀਆਂ ਸ਼ਾਮਲ ਹਨ। ਇਹ ਸਾਰੀਆਂ ਕਹਾਣੀਆਂ ਸਾਡੇ ਸਮਾਜੀ ਢਾਂਚੇ ਵਿਚ ਵਿਆਪਤ ਵਿਭਿੰਨ ਵਸਤੂ-ਵਰਤਾਰਿਆਂ ਨੂੰ ਪੇਸ਼ ਕਰਦੀਆਂ ਅਤੇ ਸਾਡੇ ਸਮਾਜਿਕ ਢਾਂਚੇ ਵਿਚ ਪਰਿਵਾਰਕ ਸਿਸਟਮ ਦੇ ਸੰਦਰਭ ਵਿਚ ਨਾਰੀ ਮਸਲਿਆਂ ’ਤੇ ਵੀ ਅਨੇਕ ਸਵਾਲ ਕਰਦੀਆਂ ਹਨ।

ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ‘ਤੁਮ ਕਿਉਂ ਉਦਾਸ ਹੋ’ ਇਕ ਮਨੋਵਿਗਿਆਨਕ ਕਹਾਣੀ ਹੈ। ਬੰਬਈ ਤੋਂ ਇਕ ਟੀਮ ਫਿਲਮ ਬਣਾਉਣ ਲਈ ਮਠਿਆਈ ਬਣਾਉਣ ਵਾਲੀ ਇਕ ਫੈਕਟਰੀ ਵਿਚ ਆਉਂਦੀ ਹੈ। ਇਕ ਸੋਹਣੀ ਕੁੜੀ ਫੈਕਟਰੀ ਵਿਚ ਕੰਮ ਕਰਦੇ ਇਕ ਮੁੰਡੇ ਨੂੰ ਫਿਲਮ ਵਿਚ ਲੈ ਕੇ ਇਕ ਡਾਇਲਾਗ ਬੋਲਦੀ ਹੈ- ਤੁਮ ਕਿਉਂ ਉਦਾਸ ਹੋ? ਉਹ ਕੁੜੀ ਨਾਲ ਸ਼ੂਟ ਕਰਦਿਆਂ ਮੁੰਡਾ ਉਸ ਨਾਲ ਸੁਪਨੇ ਸਿਰਜਣ ਲੱਗ ਪੈਂਦਾ ਹੈ। ਕੁੜੀ ਵੱਲੋਂ ਦਿੱਤੇ ਚਾਕਲੇਟ ਬਦਲੇ ਜਦੋਂ ਉਹ ਆਪਣਾ ਬਣਾਇਆ ਪਤੀਸਾ ਕਾਗਜ਼ ਵਿਚ ਲਪੇਟ ਕੇ ਉਸ ਨੂੰ ਦੇਣ ਲੱਗਦਾ ਹੈ ਤਾਂ ਉਸ ਦਾ ਮਾਲਕ ਉਸ ਨੂੰ ਦੇਖ ਲੈਂਦਾ ਹੈ, ਉਸ ਨੂੰ ਕੁੱਟਣ ਤੇ ਗਾਲ੍ਹਾਂ ਕੱਢਣ ਲੱਗਦਾ ਹੈ। ਇਸ ਨਾਲ ਇਕ ਹੁਸੀਨ ਸੁਪਨੇ ਦਾ ਅੰਤ ਹੋ ਜਾਂਦਾ ਹੈ। ਇਹ ਕਹਾਣੀ ਸੁਪਨੇ ਅਤੇ ਯਥਾਰਥ ਦੇ ਟਕਰਾਅ ਦੀ ਕਹਾਣੀ ਹੈ। ਇਸ ਕਹਾਣੀ ਵਿਚ ਕੁਲਬੀਰ ਫਿਲਮ ਇੰਡਸਟਰੀ ਦੇ ਫੋਕੇ ਅਡੰਬਰ ਨੂੰ ਵੀ ਕਈ ਕੋਣਾਂ ਤੋਂ ਰੂਪਮਾਨ ਕਰਦੀ ਹੈ। ‘ਸਕੂਲ ਟਰਿੱਪ’ ਵਿਚਲੀ ਅੰਜਲੀ ਆਪਣੀਆਂ ਦੋਹਾਂ ਧੀਆਂ ਦੀ ਪਰਵਰਿਸ਼ ਆਪਣੀਆਂ ਅਨੇਕ ਖ਼ੁਆਹਿਸ਼ਾਂ ਦੀ ਬਲੀ ਦੇ ਕੇ ਕਰ ਰਹੀ ਹੈ। ਉਹ ਉਨ੍ਹਾਂ ਨੂੰ ਸਵੈਅਭਿਮਾਨੀ ਅਤੇ ਖ਼ੁੱਦਾਰ ਜ਼ਿੰਦਗੀ ਜਿਉਂਦੀਆਂ ਦੇਖਣਾ ਚਾਹੁੰਦੀ ਹੈ, ਪਰ ਉਸ ਦਾ ਇਹ ਸੁਪਨਾ ਉਦੋਂ ਟੁੱਟ ਜਾਂਦਾ ਹੈ ਜਦੋਂ ਉਸ ਦੀ ਧੀ ਡਾ. ਕਰਨਜੀਤ ਤੋਂ ਇਨਾਮ ਦੇ ਰੂਪ ਵਿਚ ਪੈਸਿਆਂ ਦੀ ਉਮੀਦ ਕਰਦੀ ਹੈ। ‘ਫੇਰ’ ਕਹਾਣੀ ਇਕ ਔਰਤ ਦੇ ਸੰਘਰਸ਼ ਨੂੰ ਰੂਪਮਾਨ ਕਰਦੀ ਹੈ। ਇਸ ਕਹਾਣੀ ਵਿਚ ਲੇਖਕਾ ਇਹ ਦੱਸਣਾ ਚਾਹੁੰਦੀ ਹੈ ਕਿ ਇਸ ਸਮਾਜ ਦੀ ਆਪੋ-ਧਾਪੀ ਵਿਚ ਮਨੁੱਖ ਏਨਾ ਸਵਾਰਥੀ ਤੇ ਖੁਦਗਰਜ਼ ਹੋ ਚੁੱਕਿਆ ਹੈ ਕਿ ਉਸ ਕੋਲ ਕਿਸੇ ਦਾ ਦੁੱਖ ਦਰਦ ਸੁਣਨ ਦੀ ਵੀ ਵਿਹਲ ਨਹੀਂ। ਕੋਈ ਟਾਵਾਂ ਮਨੁੱਖ ਜੇ ਐਸਾ ਬਚਿਆ ਵੀ ਹੈ ਤਾਂ ਉਸ ਨੂੰ ਦੇਖਕੇ ਹੈਰਾਨੀ ਹੁੰਦੀ ਹੈ। ‘ਮਾਂ ਨੀ’ ਕਹਾਣੀ ਵਿਚ ਇਕ ਧੀ ਆਪਣੀ ਮਾਂ ਨੂੰ ਘਰ ਅਤੇ ਔਲਾਦ ਲਈ ਕੁਰਬਾਨ ਹੁੰਦਿਆਂ, ਰਿਸ਼ਤਿਆਂ ਹੱਥੋਂ ਜ਼ਲੀਲ ਹੁੰਦਿਆਂ, ਸੰਘਰਸ਼ ਕਰਦਿਆਂ ਤੱਕਦੀ ਹੈ। ਧੀ ਵੀ ਪਿਤਾ-ਵਿਹੂਣੀ ਜ਼ਿੰਦਗੀ ਦਾ ਦਰਦ ਆਪਣੇ ਤਨ ਮਨ ’ਤੇ ਹੰਢਾਉਂਦੀ ਹੈ। ਇਸ ਕਹਾਣੀ ਦਾ ਇਕ ਇਕ ਵਾਕ ਦੁੱਖ ਨਾਲ ਭਰਿਆ ਹੈ। ਪਤੀ ਦੇ ਛੱਡ ਜਾਣ ਤੋਂ ਬਾਅਦ ਇਕ ਔਰਤ ਕਿਹੋ ਜਿਹਾ ਸਮਾਜਿਕ, ਪਰਿਵਾਰਕ, ਆਰਥਿਕ, ਮਨੋਵਿਗਿਆਨਕ ਸੰਤਾਪ ਹੰਢਾਉਂਦੀ ਹੈ, ਲੇਖਕਾ ਨੇ ਏਸ ਦਰਦ ਨੂੰ ਬਹੁਤ ਖੁੱਭ ਕੇ ਬਿਆਨ ਕੀਤਾ ਹੈ। ਹੇਠਲੀਆਂ ਸਤਰਾਂ ਦੇਖੀਆਂ ਜਾ ਸਕਦੀਆਂ ਹਨ,

‘ਕਿੰਨੀਆਂ ਨਿਸ਼ਚਿੰਤ ਲਗਦੀਆਂ ਨੇ ਉਹ ਕੁੜੀਆਂ ਜੋ ਆਪਣੇ ਆਪਣੇ ਬਾਪ ਨਾਲ ਸਕੂਲ ਆਉਂਦੀਆਂ ਨੇ, ਜਾਂ ਬਾਪ ਨਾਲ ਬੈਠ ਕੇ ਕਾਰ ’ਤੇ ਆਉਂਦੀਆਂ ਹਨ, ਲੱਗਦਾ ਹੈ ਉਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਹੈ, ਕੋਈ ਵੀ ਪਰੇਸ਼ਾਨੀ ਨਹੀਂ ਹੈ। ਜਿਵੇਂ ਦੁਨੀਆਂ ਦੀ ਕੋਈ ਵੀ ਪ੍ਰੋਬਲਮ ਉਨ੍ਹਾਂ ਦੇ ਚਿਹਰੇ ਦੀ ਨਿਸ਼ਚਿੰਤਤਾ ਨੂੰ ਨਾ ਡੁਲਾ ਸਕਦੀ ਹੋਵੇ। ਇਕ ਅਜੀਬ ਕਿਸਮ ਦਾ ਹੰਕਾਰ ਜਿਹਾ, ਜਾਂ ਕਹਿ ਲਓ ਅਭਿਮਾਨ ਜਿਹਾ ਝਲਕਦਾ ਹੈ ਇਨ੍ਹਾਂ ਕੁੜੀਆਂ ਦੇ ਚਿਹਰਿਆਂ ਤੋਂ... ਜੇ ਮੇਰਾ ਵੀ ਬਾਪ ਹੁੰਦਾ...’ ਇਸ ਕਹਾਣੀ ਦਾ ਅੰਤ ਲੇਖਕਾ ਨੇ ਬਹੁਤ ਕਮਾਲ ਦਾ ਕੀਤਾ ਹੈ। ਜਦੋਂ ਮਾਮੀਆਂ ਮਾਸੀਆਂ ਕੁੜੀ ਦੇ ਵਿਆਹ ਦੀ ਗੱਲ ਕਰਦੀਆਂ ਹਨ ਤਾਂ ਕੁੜੀ ਦਾ ਇਹ ਕਹਿਣਾ, ‘ਆਪਣੇ ਤੋਂ ਪਹਿਲਾਂ ਮੈਂ ਆਪਣੀ ਮਾਂ ਦਾ ਵਿਆਹ ਕਰਨਾ ਹੈ, ਉਸ ਦਾ ਇਕਲਾਪਾ ਦੂਰ ਕਰਨਾ ਹੈ’ ਸਮੁੱਚੀ ਕਹਾਣੀ ਦੇ ਬਿਰਤਾਂਤ ਨੂੰ ਉਲਟਾ ਦਿੰਦਾ ਹੈ। ‘ਭੈਣ ਜੀ’ ਕਹਾਣੀ ਪਰਿਵਾਰਕ ਰਿਸ਼ਤਿਆਂ ਵਿਚ ਪੈਦਾ ਹੋਈਆਂ ਗ਼ਲਤ-ਫਹਿਮੀਆਂ ਵਿਚੋਂ ਉਪਜੀਆਂ ਤਲਖ਼ੀਆਂ ਦੀ ਕਹਾਣੀ ਹੈ। ਇਸੇ ਤਰਾਂ ‘ਮਜਬੂਰ’ ਕਹਾਣੀ ਫਿਲਮੀ ਜਗਤ ਦੇ ਝੂਠੇ ਤੇ ਫੋਕੇ ਅਡੰਬਰਾਂ ਦੀ ਗੱਲ ਕਰਦੀ ਹੈ। ਛੋਟੇ ਕਲਾਕਾਰਾਂ ਨੂੰ ਪ੍ਰੋਡਿਊਸਰ ਡਾਇਰੈਕਟਰ ਕਿਵੇਂ ਆਪਣੇ ਸੁਆਰਥ ਲਈ ਵਰਤਦੇ ਅਤੇ ਉਨ੍ਹਾਂ ਨਾਲ ਅਣਮਨੁੱਖੀ ਵਿਹਾਰ ਕਰਦੇ ਹਨ। ਇਹ ਕਹਾਣੀ ਇਸ ਬਿਰਤਾਂਤ ਨੂੰ ਮਨੋਵਿਗਿਆਨਕ ਪੱਧਰ ’ਤੇ ਬਿਆਨ ਕਰਦੀ ਹੈ। ‘ਨੂੰਹ ਸੱਸ’ ਕਹਾਣੀ ਵਿਚ ਲੇਖਕਾ ਦੱਸਣਾ ਚਾਹੁੰਦੀ ਹੈ ਕਿ ਮਨੁੱਖ ਨੂੰ ਸਿਰਫ਼ ਪਦਾਰਥਕ ਸੰਪੰਨਤਾ ਹੀ ਨਹੀਂ ਚਾਹੀਦੀ, ਉਸ ਨੂੰ ਮੋਹ, ਮੁਹੱਬਤ, ਕੇਅਰ ਵਰਗੀਆਂ ਨਿੱਕੀਆਂ ਨਿੱਕੀਆਂ ਮਾਨਸਿਕ ਜ਼ਰੂਰਤਾਂ ਵੀ ਲੋੜੀਂਦੀਆਂ ਹਨ। ਏਸ ਬਿਰਤਾਂਤ ਨੂੰ ਲੇਖਕਾ ਨੇ ਨੂੰਹ ਸੱਸ ਦੇ ਕਿਰਦਾਰ ਨੂੰ ਸਮਾਨਾਂਤਰ ਰੱਖਦਿਆਂ ਪੇਸ਼ ਕੀਤਾ ਹੈ। ‘ਆਕਰੋਸ਼’ ਕਹਾਣੀ ਵਿਚ ਇਕ ਅਜਿਹੀ ਔਰਤ ਦੇ ਦਰਦ ਦੀ ਕਹਾਣੀ ਹੈ ਜਿਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਦੂਸਰੀ ਔਰਤ ਨਾਲ ਵਿਆਹ ਕਰਵਾ ਲੈਂਦਾ ਹੈ। ਵਰ੍ਹਿਆਂ ਬਾਅਦ ਉਹ ਔਰਤ ਕਹਾਣੀ ਦੀ ਨਾਇਕਾ ਨੂੰ ਸ਼ੂਟਿੰਗ ਵਿਚ ਮਿਲ ਜਾਂਦੀ ਹੈ। ਉਹ ਬਹੁਤ ਦਿਨ ਉਸ ਨਾਲ ਸ਼ੂਟਿੰਗ ਕਰਦੀ ਮਾਨਸਿਕ ਦਬਾਅ ਵਿਚੋਂ ਨਿਕਲਦੀ ਹੈ ਤੇ ਅੰਤ ਇਕ ਦਿਨ ਜਦੋਂ ਉਸ ਐਕਟਰੈਸ ਦੇ ਫ਼ਰਜ਼ੀ ਥੱਪੜ ਮਾਰਨ ਦਾ ਸੀਨ ਕਰਨਾ ਹੁੰਦਾ ਹੈ ਤਾਂ ਮਾਨਸਿਕ ਦਬਾਅ ਥੱਲੇ ਆਪਣਾ ਸੰਤੁਲਨ ਗੁਆ ਲੈਂਦੀ ਹੈ ਤੇ ਉਸਦੀ ਗੱਲ੍ਹ ’ਤੇ ਸਚਮੁਚ ਜ਼ੋਰਦਾਰ ਥੱਪੜ ਜੜ ਦਿੰਦੀ ਹੈ। ‘ਤੂੰ ਵੀ ਖਾ ਲੈ’ ਕਹਾਣੀ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਦੀ ਕਹਾਣੀ ਹੈ। ਕਿਸ ਤਰ੍ਹਾਂ ਜਦੋਂ ਅਸੀਂ ਇਕ ਦੂਜੇ ਦੇ ਨਾਲ ਰਹਿੰਦੇ ਹਾਂ ਤਾਂ ਕਿੰਨੇ ਪਿਆਰ ਵਿਚ ਹੁੰਦੇ ਹਾਂ, ਪਰ ਜਦੋਂ ਅਸੀਂ ਇਨ੍ਹਾਂ ਰਿਸ਼ਤਿਆਂ ਤੋਂ ਦੂਰ ਚਲੇ ਜਾਂਦੇ ਹਾਂ ਤਾਂ ਸਰੀਰਾਂ ਦੇ ਨਾਲ ਮਨਾਂ ਵਿਚ ਵੀ ਅਜੀਬ ਜਿਹੀ ਦੂਰੀ ਬਣ ਜਾਂਦੀ ਹੈ। ਲੇਖਕਾ ਅੰਤ ’ਤੇ ਸੁਨੇਹਾ ਦਿੰਦੀ ਹੈ ਕਿ ਭਾਵੇਂ ਰਿਸ਼ਤਿਆਂ ਵਿਚ ਕਿੰਨੀਆਂ ਵੀ ਦੂਰੀਆਂ ਬਣ ਜਾਣ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮੋਹ ਭਰਿਆ ਰਿਸ਼ਤਾ ਜ਼ਰੂਰ ਬਣਿਆ ਰਹਿੰਦਾ ਹੈ। ‘ਬਕ ਬਕ’ ਕਹਾਣੀ ਵਿਚ ਲੇਖਕਾ ਇਹ ਦੱਸਦੀ ਹੈ ਕਿ ਹਰ ਇਨਸਾਨ ਵਿਚ ਕੁਝ ਚੰਗਿਆਈਆਂ ਤੇ ਬੁਰਾਈਆਂ ਹੁੰਦੀਆਂ ਹਨ। ਕੋਈ ਵੀ ਇਨਸਾਨ ਮੁਕੰਮਲ ਨਹੀਂ ਹੁੰਦਾ। ਬੁਰੇ ਤੋਂ ਬੁਰੇ ਇਨਸਾਨ ਵਿਚ ਵੀ ਕੁਝ ਭਲਾਈ ਦਾ ਅੰਸ਼ ਦੇਖਣ ਨੂੰ ਮਿਲ ਸਕਦਾ ਹੈ। ‘ਦੋ ਔਰਤਾਂ’ ਕਹਾਣੀ ਇਕੱਲੀ ਰਹਿ ਕੇ ਬੱਚੇ ਪਾਲਦੀ ਇਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਕਹਾਣੀ ਸੁਨੇਹਾ ਦਿੰਦੀ ਹੈ ਕਿ ਅਸਲ ਵਿਚ ਇਕ ਔਰਤ ਹੀ ਇਕ ਔਰਤ ਦੇ ਦਰਦ ਨੂੰ ਪਛਾਣ ਸਕਦੀ ਹੈ।

ਇਉਂ ਕੁਲਬੀਰ ਦੀਆਂ ਕਹਾਣੀਆਂ ਭਾਵੇਂ ਵੱਖੋ ਵੱਖ ਮਸਲਿਆਂ ਨੂੰ ਆਪਣੀ ਕਹਾਣੀ ਦੇ ਵਸਤੂ-ਬਿਰਤਾਂਤ ਵਜੋਂ ਸਿਰਜਦੀਆਂ ਹਨ, ਪਰ ਇਨ੍ਹਾਂ ਦਾ ਸਾਂਝਾ ਸੂਤਰ ਸਾਡੇ ਸਮਾਜ ਵਿਚ ਉਸ ਔਰਤ ਦੀ ਮਾਨਸਿਕ ਅਤੇ ਸਰੀਰਕ ਵੇਦਨਾ ਨੂੰ ਸਿਰਜਣ ਵਿਚ ਪਿਆ ਹੈ ਜੋ ਆਪਣੇ ਪਤੀ ਤੋਂ ਬਿਨਾ ਮਹਾਂਨਗਰ ਵਿੱਚ ਇਕੱਲੀ ਰਹਿੰਦੀ, ਰੋਟੀ ਰੋਜ਼ੀ ਲਈ ਸੰਘਰਸ਼ ਕਰਦੀ, ਬੱਚਿਆਂ ਨੂੰ ਪਾਲਦੀ, ਰਿਸ਼ਤਿਆਂ ਵੱਲੋਂ ਵਾਰ ਵਾਰ ਤ੍ਰਿਸਕਾਰੀ ਜਾਂਦੀ, ਸਰੀਰਕ ਅਤੇ ਮਾਨਸਿਕ ਪੱਧਰ ’ਤੇ ਅਨੇਕਾਂ ਸੰਤਾਪ ਹੰਢਾਉਂਦੀ ਹੈ। ਕਿਤੇ ਕਿਤੇ ਇਹ ਕਹਾਣੀਆਂ ਸਵੈ-ਜੀਵਨੀਪਰਕ ਬਿਰਤਾਂਤ ਦਾ ਭੁਲੇਖਾ ਵੀ ਪਾਉਂਦੀਆਂ ਹਨ। ਕੁਲਬੀਰ ਦੀਆਂ ਕਹਾਣੀਆਂ ਦਾ ਸ਼ਿਲਪ ਮਨੋਵਿਗਿਆਨਕ ਛੋਹਾਂ ਨਾਲ ਭਰਪੂਰ ਹੈ। ਉਸ ਕੋਲ ਆਪਣੀ ਗੱਲ ਕਹਿਣ ਲਈ ਢੁਕਵੀਂ ਸ਼ੈਲੀ ਹੈ। ਪਾਠਕ ਕਹਾਣੀਆਂ ਪੜ੍ਹਦੇ ਸਮੇਂ ਇਨ੍ਹਾਂ ਕਹਾਣੀਆਂ ਵਿਚ ਸਮਕਾਲੀਨਤਾ ਨੂੰ ਮਹਿਸੂਸ ਕਰ ਸਕਦਾ ਹੈ।
ਸੰਪਰਕ: 98142-31698

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All