ਅਰਸ਼ਦੀਪ ਕੌਰ
ਮਾਪਿਆਂ ਤੋਂ ਬਾਅਦ ਸਮਾਜ ਤੇ ਦੁਨੀਆਂਦਾਰੀ ਬਾਰੇ ਸਾਡੀ ਸਮਝ ਵਿਕਸਤ ਕਰਨ ਪੱਖੋਂ ਅਧਿਆਪਕ ਬਹੁਤ ਅਹਿਮ ਭੂਮਿਕਾ ਅਦਾ ਕਰਦਾ ਹੈ। ਬਚਪਨ ਤੋਂ ਕਿਸ਼ੋਰ ਅਵਸਥਾ ਤੱਕ ਜੇ ਕੋਈ ਨਿਰਸੁਆਰਥ ਸਾਨੂੰ ਜੀਵਨ ਦੀਆਂ ਉਲਝਣਾਂ ਨੂੰ ਸੌਖ ਨਾਲ ਸਮਝਣ ਦੀ ਊਰਜਾ ਦਿੰਦਾ ਹੈ, ਤਾਂ ਉਹ ਹੈ ਅਧਿਆਪਕ। ਭਾਰਤ ਵਿਚ ਪ੍ਰਾਚੀਨ ਕਾਲ ਤੋਂ ਹੀ ਗੁਰੂ-ਸ਼ਿਸ਼ ਪਰੰਪਰਾ ਚੱਲਦੀ ਆ ਰਹੀ ਹੈ, ਕਿਉਂਕਿ ਗੁਰੂ ਜਾਂ ਅਧਿਆਪਕ ਨੂੰ ਹੀ ਅਜਿਹਾ ਮਾਧਿਅਮ ਮੰਨਿਆ ਜਾਂਦਾ ਹੈ, ਜੋ ਆਪਣੇ ਵਿਦਿਆਰਥੀ ਨੂੰ ਵਿਹਾਰਕ ਹੀ ਨਹੀਂ ਬਲਕਿ ਅਧਿਆਤਮਕ ਸਿੱਖਿਆ ਵੀ ਦਿੰਦਾ ਹੈ।
ਇਸ ਲਈ ਅਧਿਆਪਕਾਂ ਦਾ ਧੰਨਵਾਦ ਕਰਨ, ਉਨ੍ਹਾਂ ਪ੍ਰਤੀ ਪ੍ਰੇਮ ਭਾਵ ਅਰਪਣ ਲਈ ਸਾਲ ਦਾ ਇਕ ਦਿਨ ਚੁਣਿਆ ਗਿਆ ਹੈ, ਜਿਸ ਨੂੰ ਅਸੀਂ ‘ਰਾਸ਼ਟਰੀ ਅਧਿਆਪਕ ਦਿਵਸ’ ਵਜੋਂ ਮਨਾਉਂਦੇ ਹਾਂ, ਜੋ 5 ਸਤੰਬਰ ਨੂੰ ਇਹ ਦਿਵਸ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜੋ ਪ੍ਰਸਿੱਧ ਰਾਜਨੇਤਾ, ਵਿਦਵਾਨ, ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ ਅਤੇ ਕਾਬਲ ਅਧਿਆਪਕ ਸਨ।
ਬਦਲਦੇ ਸਮਾਜਿਕ ਹਾਲਾਤ ਨੇ ਵਿੱਦਿਆ ਦਾ ਮੰਦਰ ਅਖਵਾਉਂਦੇ ‘ਸਕੂਲ’ ਨੂੰ ਵਪਾਰੀਕਰਨ ਦਾ ਰੂਪ ਦੇ ਦਿੱਤਾ ਹੈ ਅਤੇ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਸੰਸਥਾਵਾਂ ਲਈ ਮਹਿਜ਼ ਗਾਹਕ ਬਣ ਕੇ ਰਹਿ ਗਏ ਹਨ। ਸਿੱਖਿਆ ਦੇ ਨਾਂ ’ਤੇ ਲੱਖਾਂ ਹੀ ‘ਦੁਕਾਨਾਂ’ ਖੁਲ੍ਹ ਗਈਆਂ ਹਨ, ਜਿੱਥੇ ਗੁਣਾਤਮਕ ਸਿੱਖਿਆ ਅਤੇ ਕੁਸ਼ਲ ਅਧਿਆਪਕਾਂ ਦੀ ਕਮੀ ਹੈ। ਆਧੁਨਿਕ ਯੁੱਗ ਵਿਚ ਜਦੋਂ ਸਿੱਖਿਆ ਰੁਜ਼ਗਾਰ ਦਾ ਸਾਧਨ ਬਣੀ ਤਾਂ ਨਾਲ ਹੀ ਅਧਿਆਪਕ ਅਤੇ ਵਿਦਿਆਰਥੀ ਸਬੰਧਾਂ ਵਿਚ ਵੀ ਪਰਿਵਰਤਨ ਆ ਗਿਆ ਹੈ। ਈ-ਲਰਨਿੰਗ, ਇੰਟਰਨੈਟ ਆਦਿ ਨੇ ਵਿਦਿਆਰਥੀ ਦੇ ਜੀਵਨ ਵਿਚ ਅਧਿਆਪਕ ਦੀ ਜ਼ਰੂਰਤ ਨੂੰ ਬਹੁਤ ਹੱਦ ਤੱਕ ਘਟਾ ਦਿੱਤੀ ਹੈ। ਆਨਲਾਈਨ ਸਿੱਖਿਆ ਨੇ ਕਲਾਸ ਵਿਚ ਹੋਣ ਵਾਲੇ ਅਧਿਆਪਕ-ਵਿਦਿਆਰਥੀ ਦੇ ਦੋ-ਪਾਸੜ ਵਿਚਾਰ-ਵਟਾਂਦਰੇ ਨੂੰ ਇਕ-ਪਾਸੜ ਬਣਾ ਦਿੱਤਾ ਹੈ, ਜਿਸ ਨਾਲ ਵਿਦਿਆਰਥੀ ਸਿਰਫ਼ ਕਿਤਾਬੀ ਗਿਆਨ ਹਾਸਲ ਕਰਨ ਤੱਕ ਸੀਮਿਤ ਹੋ ਗਿਆ ਹੈ।
ਸਿੱਖਿਆ ਦੇ ਵਪਾਰੀਕਰਨ ਨੇ ਅਧਿਆਪਕ ਅਤੇ ਵਿਦਿਆਰਥੀ ਰਿਸ਼ਤੇ ਵਿਚ ਵੀ ਤਰੇੜਾਂ ਪਾ ਦਿੱਤੀਆਂ ਹਨ। ਅਧਿਆਪਨ ਕਾਰਜ ਦੀ ਵਰਤਮਾਨ ਸਥਿਤੀ ਨੂੰ ਦੇਖਦਿਆਂ ਹਰ ਕੋਈ ਇਹ ਕਿੱਤਾ ਅਪਣਾਉਣ ਤੋਂ ਕਤਰਾਉਂਦਾ ਹੈ। ਅਧਿਆਪਕ ਨੂੰ ਪੱਕੀ ਨੌਕਰੀ ਲਈ, ਇੰਕਰੀਮੈਂਟ, ਅੱਪ ਗਰੇਡ ਹੋਣ ਅਤੇ ਹੋਰ ਵਾਜਬ ਹੱਕਾਂ ਲਈ ਨਿਰੰਤਰ ਸੰਘਰਸ਼ ਕਰਨਾ ਪੈ ਰਿਹਾ ਹੈ। ਗੈਰ-ਵਿੱਦਿਅਕ ਕੰਮਾਂ ਜਿਵੇਂ ਮਰਦਮਸ਼ੁਮਾਰੀ, ਆਧਾਰ ਕਾਰਡ, ਵੋਟਰ ਕਾਰਡ ਸੋਧ ਕਰਵਾਉਣ, ਮਿੱਡ-ਡੇਅ ਮੀਲ ਦੇ ਰਾਸ਼ਨ ਦੀ ਗਿਣਤੀ-ਮਿਣਤੀ ਆਦਿ ਨੂੰ ਪੂਰਾ ਕਰਦੇ-ਕਰਦੇ ਵਿਚਾਰੇ ਅਧਿਆਪਕ ਖ਼ੁਦ ਹੀ ਮਾਨਸਿਕ ਤੌਰ ’ਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਮਾਹੌਲ ਵਿਚ ਜਦੋਂ ਅਧਿਆਪਕ, ਵਿਦਿਆਰਥੀਆਂ ਦੀਆਂ ਆਸਾਂ ਉੱਪਰ ਖਰੇ ਨਹੀਂ ਉਤਰਦੇ ਤਾਂ ਸਿੱਖਿਆ ਪ੍ਰਣਾਲੀ ਵਿਚ ਵਿਗਾੜ ਆਉਣਾ ਸੁਭਾਵਿਕ ਹੈ। ਸਰਕਾਰਾਂ ਵੱਲੋਂ ਅਧਿਆਪਕਾਂ ਦੇ ਕੀਤੇ ਭਿੰਨ-ਭਿੰਨ ਵਰਗੀਕਰਨਾਂ ਜਿਵੇਂ ਜ਼ਿਲ੍ਹਾ ਪ੍ਰੀਸ਼ਦ, ਸਰਬ ਸਿੱਖਿਆ, ਰਮਸਾ, ਵਾਲੰਟੀਅਰਜ਼ ਨੇ ਬਲਦੀ ਉੱਤੇ ਤੇਲ ਪਾਇਆ ਹੈ। ਸਰਕਾਰੀ ਅਧਿਆਪਕ ਆਪਣੀ ਨੌਕਰੀ ਬਚਾਈ ਰੱਖਣ ਲਈ ਚਪੜਾਸੀ, ਲਾਂਗਰੀ, ਕਲਰਕ ਅਤੇ ਹੋਰ ਕਈ ਭੂਮਿਕਾਵਾਂ ਨਿਭਾਉਂਦਾ ਹੋਇਆ ਸਮਾਜ ਵਿਚ ਪਹਿਲਾਂ ਜਿੰਨਾ ਸਤਿਕਾਰ ਦਾ ਪਾਤਰ ਨਹੀਂ ਰਿਹਾ। ਸਿਆਸੀ ਤੇ ਸਿਫ਼ਾਰਸ਼ੀ ਜੁਗਾੜਾਂ ਨਾਲ ਕਈ ਅਧਿਆਪਕ ਸਰਕਾਰਾਂ ਵੱਲੋਂ ਇਨਾਮ ਪ੍ਰਾਪਤ ਕਰਦੇ ਵਾਹ-ਵਾਹੀ ਖੱਟਦੇ ਹਨ ਪਰ ਮਿਹਨਤੀ ਅਧਿਆਪਕ ਸਿਆਸੀ ਪਹੁੰਚ ਨਾ ਹੋਣ ਕਰਕੇ ਐਵਾਰਡਾਂ, ਸਨਮਾਨਾਂ ਤੋਂ ਵਾਂਝਾ ਰਹਿ ਜਾਂਦਾ ਹੈ।
ਅੱਜ ਬਹੁਤੇ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਬਹੁਤ ਸਾਰੇ ਸਕੂਲ ਤਾਂ ਅਧਿਆਪਕਾਂ ਨੂੰ ਉਡੀਕਦੇ ਹੀ ਢਹਿ-ਢੇਰੀ ਹੋ ਗਏ, ਬਹੁਤ ਸਾਰੀਆਂ ਯੂਨੀਵਰਸਿਟੀਆਂ ਵੀ ਖ਼ਾਲੀ ਅਸਾਮੀਆਂ ਵਾਲੇ ਖ਼ਾਨੇ ਭਰੇ ਜਾਣ ਦੇ ਇੰਤਜ਼ਾਰ ਵਿਚ ਹਨ ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਉਦਾਸੀਨ ਅਤੇ ਘੇਸਲ ਮਾਰੀ ਬੈਠਾ ਹੈ। ਇਸਦੇ ਨਾਲ ਹੀ ਮੀਡੀਆ ਦੇ ਅਥਾਹ ਵਿਸਤਾਰ ਨੇ ਸੂਚਨਾ ਅਤੇ ਗਿਆਨ ਦੇ ਕੇਂਦਰਾਂ ਦਾ ਵਿਕੇਂਦਰੀਕਰਨ ਕਰ ਦਿੱਤਾ ਹੈ ਅਤੇ ਇਨ੍ਹਾਂ ਡਿਜੀਟਲ ਉਪਕਰਨਾਂ ਨੇ ਅਧਿਆਪਕ ਵਿਦਿਆਰਥੀ ਦੇ ਸਬੰਧਾਂ ਦੀ ਅਹਿਮੀਅਤ ਘਟਾ ਦਿੱਤੀ ਹੈ। ਖ਼ੈਰ ਸਭ ਦੀ ਸੋਚ ਇਕਸਾਰ ਨਹੀਂ ਹੁੰਦ। ਬਹੁਤ ਸਾਰੇ ਅਜਿਹੇ ਵਿਦਿਆਰਥੀ ਵੀ ਹਨ ਜਿਹੜੇ ਆਪਣੇ ਅਧਿਆਪਕ ਦਾ ਪੂਰਾ ਸਨਮਾਨ ਕਰਦੇ ਉਸਦੀ ਦਿਖਾਈ ਰਾਹ ਉੱਤੇ ਚੱਲਦੇ ਹਨ। ਦੁਨੀਆਂ ਦੇ ਹਰ ਅਧਿਆਪਕ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਅਸੀਂ ਉਨ੍ਹਾਂ ਦੇ ਚਰਨਾਂ ’ਤੇ ਸੀਸ ਨਿਵਾਉਂਦੇ ਹਾਂ।
*ਪੀ.ਐੱਚ ਡੀ. (ਖੋਜਾਰਥੀ), ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ।
ਸੰਪਰਕ: arshdeepk676gmail.com