ਪਾਵੇਲ ਕੁੱਸਾ
ਪੰਜਾਬ ਦੇ ਇੱਕ ਵੱਡੇ ਮਹਾਂਨਗਰ ਤੋਂ ਇਕ ਪਰਿਵਾਰ ਦਿੱਲੀ ਕਿਸਾਨ ਮੋਰਚੇ ‘ਚ ਪਹੁੰਚਦਾ ਹੈ। ਪਰਿਵਾਰ ’ਚ ਇਕ ਔਰਤ ਜੱਜ ਵੀ ਸ਼ਾਮਲ ਹੈ। ਇਹ ਪਰਿਵਾਰ ਸੰਘਰਸ਼ ‘ਚ ਡਟੇ ਲੋਕਾਂ ਲਈ ਗਰਮ ਕੱਪੜੇ ਤੇ ਹੋਰ ਸਮੱਗਰੀ ਲੈ ਕੇ ਪਹੁੰਚੇ ਹਨ। ਪਰਿਵਾਰ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਮਿਲਣ ਲਈ ਉਤਾਵਲਾ ਹੈ। ਮਿਲਣੀ ਵੇਲੇ ਵਗਦੇ ਹੰਝੂਆਂ ਨਾਲ ਕਿਸਾਨ ਸੰਘਰਸ਼ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਕਿਸਾਨ ਆਗੂਆਂ ਤੋਂ ਸਿਰ ਪਲੋਸਣ ਦੀ ਮੰਗ ਰਾਹੀਂ ਅਸ਼ੀਰਵਾਦ ਮੰਗਿਆ ਜਾਂਦਾ ਹੈ, ਡਾਹਢੀ ਅਪਣੱਤ ਦੇ ਜ਼ੋਰ ਮੰਗਿਆ ਜਾਂਦਾ ਹੈ। ਮੈਂ ਇਸ ਦ੍ਰਿਸ਼ ਵਿੱਚ ਖੁੱਭ ਜਾਂਦਾ ਹਾਂ। ਅਜਿਹੀ ਅਪਣੱਤ ਦੀ ਵਰਖਾ ‘ਚ ਭਿੱਜ ਗਏ ਕਿਸਾਨ ਆਗੂਆਂ ਦੇ ਵਲਵਲਿਆਂ ਨੂੰ ਫੜਨ ਦਾ ਯਤਨ ਕਰਦਾ ਹਾਂ।
ਮੇਰੇ ਅੰਦਰ ਜਵਾਬ ਚਲਦਾ ਹੈ। ਸੱਚਮੁੱਚ ਪੰਜਾਬੀ ਸਮਾਜ ‘ਚ ਕੁਝ ਨਵਾਂ ਨਰੋਆ ਵਾਪਰ ਰਿਹਾ ਹੈ। ਸ਼ਹਿਰਾਂ ਤੋਂ ਅਜਿਹੇ ਅਨੇਕਾਂ ਪਰਿਵਾਰ ਆ ਰਹੇ ਹਨ ਜੋ ਦਹਾਕਿਆਂ ਤੋਂ ਖੇਤੀ ਕਿੱਤੇ ਨਾਲੋਂ ਟੁੱਟ ਚੁੱਕੇ ਹਨ ਪਰ ਕਿਸਾਨਾਂ ਦਾ ਇਹ ਸੰਘਰਸ਼ ਉਨ੍ਹਾਂ ਨੂੰ ਚੁੰਬਕ ਵਾਂਗੂੰ ਖਿੱਚ ਰਿਹਾ ਹੈ। ਕਦੇ ਪੰਜਾਬ ਤੋਂ ਆਏ ਵਕੀਲਾਂ ਦਾ ਕੋਈ ਗਰੁੱਪ ਟੱਕਰਦਾ ਹੈ ਜੋ ਗਰਮ ਕੱਪੜਿਆਂ ਦੇ ਬੋਰੇ ਭਰ ਕੇ ਲਿਆ ਰਿਹਾ ਹੈ, ਕਦੇ ਡਾਕਟਰਾਂ ਦੀ ਕੋਈ ਟੀਮ ਤੇ ਕਦੇ ਅਧਿਆਪਕਾਂ ਦੇ ਜਥੇ। ਇੱਕ ਦਿਨ ਅਚਾਨਕ ਇੱਕ ਮੁਟਿਆਰ ਇੱਕ ਬਜ਼ੁਰਗ ਆਗੂ ਸਾਹਮਣੇ ਹੱਥ ਜੋੜ ਖੜ੍ਹੀ ਹੁੰਦੀ ਹੈ। ਅੱਖਾਂ ’ਚੋਂ ਵਗਦੇ ਹੰਝੂਆਂ ਨਾਲ ਅਸ਼ੀਰਵਾਦ ਮੰਗਦੀ ਹੈ। ਕਿਸਾਨ ਆਗੂ ਮੋਢਾ ਪਲੋਸਦਾ ਹੈ ਤੇ ਉਹ ਝਟਪਟ ਪਰਤ ਜਾਂਦੀ ਹੈ। ਮੈਂ ਪੁੱਛਦਾ ਹਾਂ ਕਿ ਕੀ ਤੁਹਾਡੀ ਕੋਈ ਪੁਰਾਣੀ ਵਾਕਫ਼ੀਅਤ ਹੈ, ਤਾਂ ਜਵਾਬ ਮਿਲਦਾ ਹੈ ਕਿ ਨਹੀਂ, ਮੈਂ ਵੀ ਨਹੀਂ ਜਾਣਦਾ! ਹਰ ਕੋਈ ਇਸ ਜੱਗ ‘ਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ। ਪੰਜਾਬ ਤੋਂ ਸੁਨੇਹੇ ਆ ਰਹੇ ਹਨ ਕਿ ਕਿਸੇ ਚੀਜ਼ ਦੀ ਤੋਟ ਨਹੀਂ ਪੈਣ ਦਿਆਂਗੇ, ਬਸ ਡਟੇ ਰਹੋ! ਬਸ ਜਿੱਤ ਕੇ ਮੁੜਿਓ!! ਜਿਨ੍ਹਾਂ ਦਾ ਖੇਤੀ ਕਿੱਤੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਉਹ ਵੀ ਜਿੱਤ ਚਾਹੁੰਦੇ ਹਨ, ਦਿਲੋਂ ਚਾਹੁੰਦੇ ਹਨ, ਕਿਉਂਕਿ ਲੋਕਾਂ ਦੀ ਧਿਰ ਦਹਾਕਿਆਂ ਤੋਂ ਹਾਰਦੀ ਆਈ ਹੈ। ਕੀ ਜਿੱਤ ਰਾਹੀਂ ਹਰ ਕਿਰਤੀ ਪੰਜਾਬੀ ਆਪਣੀ ਹਸਤੀ ਦਰਸਾਉਣਾ ਚਾਹੁੰਦਾ ਹੈ। ਕੀ ਕਿਸਾਨ ਆਗੂ ਪੰਜਾਬੀ ਸਮਾਜ ਦੇ ਇਸ ਮਾਣ ਦਾ ਪ੍ਰਗਟਾਵਾ ਹੋ ਗਏ ਹਨ। ਇਹ ਸਮੁੱਚਾ ਵਰਤਾਰਾ ਕੀ ਹੈ?
ਇਹ ਸਮੁੱਚੇ ਪੰਜਾਬੀ ਸਮਾਜ ਅੰਦਰ ਕੁਝ ਚੰਗਾ ਵਾਪਰਨ ਦੀ ਪਣਪਦੀ ਆ ਰਹੀ ਤਾਂਘ ਦਾ ਸ਼ਾਨਦਾਰ ਇਜ਼ਹਾਰ ਹੈ। ਇਹ ਵਰਤਾਰਾ ਲੋਕਾਂ ਦੇ ਨਿੱਸਲ ਹੋ ਚੁੱਕੇ ਹੋਣ ਦੀਆਂ ਸਭ ਮਰਨਊ ਧਾਰਨਾਵਾਂ ਨੂੰ ਹੂੰਝ ਕੇ ਪਾਸੇ ਕਰ ਦੇਣ ਦਾ ਵਰਤਾਰਾ ਹੈ। ਇਹ ਵਰਤਾਰਾ ਦੱਸਦਾ ਹੈ ਕਿ ਲੋਕ ਕਦੇ ਨਿੱਸਲ ਨਹੀਂ ਹੋਏ ਹੁੰਦੇ, ਦਿਖ ਰਹੀ ਸਥਿਲਤਾ ਵਕਤੀ ਹੁੰਦੀ ਹੈ, ਉੱਪਰੋਂ ਦੇਖਣ ਨੂੰ ਲਗ ਰਹੀ ਹੁੰਦੀ ਹੈ। ਇਸ ਦਿਖਦੀ ਸਥਿਲਤਾ ਦੇ ਅੰਦਰ ਬਹੁਤ ਕੁਝ ਕਰਵਟ ਲੈਣ ਲਈ ਪਨਪ ਰਿਹਾ ਹੁੰਦਾ ਹੈ। ਜ਼ਿੰਦਗੀ ਦੀ ਬਿਹਤਰੀ ਦੀਆਂ ਆਸਾਂ ਭਲਾ ਕਦੇ ਦਮ ਤੋੜ ਸਕਦੀਆਂ ਹਨ! ਇਹ ਤਾਂ ਜ਼ਿੰਦਗੀ ਦਾ ਸੱਚ ਹੈ। ਬੇਉਮੀਦੀ ਦੇ ਮੌਸਮਾਂ ‘ਚ ਵੀ ਸੱਤ ਸਮੁੰਦਰ ਪਾਰ ਜਾ ਕੇ ਜੜ੍ਹਾਂ ਲਾ ਲੈਣ ਤੇ ਜ਼ਿੰਦਗੀ ਨੂੰ ਹਰਾ ਭਰਾ ਕਰ ਲੈਣ ਦੀ ਪੰਜਾਬੀਆਂ ਦੀ ਸਮਰੱਥਾ ਇਸੇ ਸੱਚ ਦਾ ਇਕ ਪ੍ਰਗਟਾਵਾ ਬਣਦੀ ਆ ਰਹੀ ਹੈ। ਸਾਡੀ ਧਰਤੀ ‘ਤੇ ਫੈਲੇ ਅਜਿਹੇ ਹਨ੍ਹੇਰੇ ਸਮਿਆਂ ‘ਚ ਵੀ ਕੁਝ ਜੁਗਨੂੰਆਂ ਵੱਲੋਂ ਲੋਕਾਂ ਦੇ ਦਿਲਾਂ ‘ਚ ਸਵੇਰ ਹੋਣ ਦੀ ਆਸ ਧੜਕਦੀ ਰੱਖੀ ਜਾਂਦੀ ਹੈ। ਹਨੇਰੇ ਦੇ ਹੋਰ ਗੂੜ੍ਹਾ ਹੋਣ ਦੇ ਦੌਰ ‘ਚ ਵੀ ਇਹ ਆਸਾਂ ਜਗਮਗਾ ਉਠਦੀਆਂ ਹਨ। ਪੰਜਾਬ ਅੰਦਰ ਹਰ ਤਰ੍ਹਾਂ ਦੇ ਝੱਖੜਾਂ ਦੇ ਦੌਰ ਅੰਦਰ ਇਹ ਆਸਾਂ ਜਗਦੀਆਂ ਰੱਖੀਆਂ ਗਈਆਂ ਹਨ।
ਇਸ ਸੰਘਰਸ਼ ਰਾਹੀਂ ਦਹਾਕਿਆਂ ਤੋਂ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਘੋਰ ਲੋਕ ਵਿਰੋਧੀ ਸਿਆਸਤ ਦੇ ਮਾਰੂ ਅਸਰਾਂ ਦੀ ਝੰਬੀ ਲੋਕਾਈ ਨੂੰ ਆਸ ਦੀ ਅਜਿਹੀ ਕਿਰਨ ਦਿਖਾਈ ਦਿੱਤੀ ਹੈ, ਜਿਹੜੀ ਪਿਛਲੇ ਸਾਰੇ ਭੁਲਾਵਿਆਂ ਤੋਂ ਵੱਖਰੀ ਹੈ ਤੇ ਹਕੀਕੀ ਵੀ। ਆਮ ਕਰਕੇ ਆਸ ਦੀ ਕਿਰਨ ਬੇ-ਨਕਸ਼ ਭਰਮਾਊ ਨਾਅਰਿਆਂ ਵਿੱਚੋਂ ਦੇਖੀ ਜਾਂਦੀ ਰਹੀ ਹੈ, ਇਹ ਨਾਅਰਾ ਰਾਜ ਭਾਗ ਦੀਆਂ ਪੌੜੀਆਂ ਦੇ ਕਿਸੇ ਨਾ ਕਿਸੇ ਟੰਬੇ ‘ਤੇ ਬੈਠਾ ਕੋਈ ਸ਼ਖ਼ਸ ਦਿੰਦਾ ਰਿਹਾ, ਲੋਕਾਂ ਦੀ ਜ਼ਿੰਦਗੀ ’ਚ ਬਹੁਤ ਕੁਝ ਬਦਲ ਦੇਣ ਦੇ ਭਰੋਸੇ ਦੇ ਕੇ ਆਪਣੇ ਹੱਥ ਰਾਜਭਾਗ ਦੀ ਸ਼ਕਤੀ ਮੰਗਦਾ ਰਿਹਾ। ਪਰ ਹੁਣ ਜਾਗੀਆਂ ਆਸਾਂ ਦੀ ਤਾਸੀਰ ਵੱਖਰੀ ਹੈ, ਇਹ ਆਸਾਂ ਜਗਾਉਣ ਵਾਲੀ ਕੋਈ ਜਾਣੀ-ਪਛਾਣੀ ਰਾਜਨੀਤਕ ਹਸਤੀ ਨਹੀਂ, ਇਹ ਆਸਾਂ ਲੋਕਾਂ ਦੀ ਆਪਣੀ ਸਮੂਹਿਕ ਹਸਤੀ ਦੇ ਉੱਭਰ ਆਉਣ ’ਚੋਂ ਉਪਜੀਆਂ ਹਨ। ਕਿਸੇ ਹੋਰ ਬਿਗਾਨੀ ਸ਼ਕਤੀ ਤੋਂ ਕੁਝ ਚੰਗਾ ਹੋਣ ਦੀ ਆਸ ਪਾਲਣ ਦੀ ਥਾਂ ਲੋਕ ਮਨਾਂ ‘ਚ ਆਪਣੀ ਤਾਕਤ ਰਾਹੀਂ ਨਰੋਈ ਤਬਦੀਲੀ ਵਾਪਰਨ ਦੀਆਂ ਆਸਾਂ ਜਾਗੀਆਂ ਹਨ। ਭਰਮਾਊ ਨਾਅਰਿਆਂ ’ਚੋਂ ਉਪਜਦੀਆਂ ਆਸਾਂ ਨਾਲੋਂ ਇਹ ਆਸਾਂ ਕਿਤੇ ਡੂੰਘੀਆਂ ਤੇ ਵਿਸ਼ਾਲ ਹਨ।
ਪੰਜਾਬੀ ਸਮਾਜ ਦਾ ਇਹ ਸਮੁੱਚਾ ਰੋਹ ਸਿਰਫ਼ ਖੇਤੀ ਕਾਨੂੰਨਾਂ ਖ਼ਿਲਾਫ਼ ਸੇਧਿਤ ਹੀ ਨਹੀਂ, ਇਹਦੇ ਅੰਦਰ ਦਹਾਕਿਆਂ ਤੋਂ ਲੁੱਟੀ ਪੁੱਟੀ ਜਾ ਰਹੀ ਲੋਕਾਈ ਦਾ ਸਾਰਾ ਦਰਦ ਸ਼ਾਮਲ ਹੈ, ਕਿਰਤੀ ਜਮਾਤਾਂ ਵੱਲੋਂ ਪੈਰ ਪੈਰ ‘ਤੇ ਲਤਾੜੇ ਜਾਣ ਦੀ ਪੀੜ ਸ਼ਾਮਲ ਹੈ। ਸਮਾਜ ਅੰਦਰ ਆਰਥਿਕ ਤੇ ਸਮਾਜਿਕ ਤੌਰ ‘ਤੇ ਮੁਕਾਬਲਤਨ ਸੌਖੇ ਤਬਕਿਆਂ ਦੇ ਸਮਾਜਿਕ ਸੱਭਿਆਚਾਰਕ ਸੰਕਟਾਂ ਦੀ ਹਾਲਤ ਦਾ ਅੰਸ਼ ਵੀ ਸ਼ਾਮਲ ਹੈ ਜਿਹੜਾ ਉਨ੍ਹਾਂ ਨੂੰ ਇਸ ਅੰਦੋਲਨ ਵੱਲ ਖਿੱਚ ਰਿਹਾ ਹੈ। ਇਸ ਨੂੰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਤੋਂ ਬਿਹਤਰ ਹੋਰ ਭਲਾ ਕੋਈ ਕਿਵੇਂ ਪ੍ਰਗਟਾ ਸਕਦਾ ਹੈ। ਉਹ ਕਹਿ ਰਿਹਾ ਹੈ…
ਲੋਕ ਸ਼ਕਤੀ ਦੇ ਅਜਿਹੇ ਜਲੌਅ ਦਾ ਇਹ ਪ੍ਰਗਟਾਵਾ ਲੋਕਾਂ ਨੂੰ ਨਵੀਆਂ ਸੰਭਾਵਨਾਵਾਂ ਦਿਖਾਉਂਦਾ ਹੈ। ਇਹ ਸੰਭਾਵਨਾਵਾਂ ਹਾਕਮ ਜਮਾਤਾਂ ਦੀਆਂ ਸਿਆਸੀ ਸ਼ਕਤੀਆਂ ਦੇ ਮੁਕਾਬਲੇ ਲੋਕ ਸ਼ਕਤੀ ਦਾ ਅਜਿਹਾ ਥੰਮ੍ਹ ਉੱਭਰ ਜਾਣ ਦੀਆਂ ਹਨ ਜਿਹੜਾ ਪੂਰੇ ਸਮਾਜ ਨੂੰ ਨਜ਼ਰੀਂ ਪੈਣ ਲੱਗ ਸਕਦਾ ਹੈ। ਲੋਕ ਸ਼ਕਤੀ ਦੇ ਅਜਿਹੇ ਥੰਮ੍ਹ ਨੂੰ ਲੋਕ ਰਾਜਨੀਤਕ, ਸਮਾਜਿਕ ਤੇ ਸੱਭਿਆਚਾਰਕ ਪੱਧਰ ‘ਤੇ ਬਦਲਾਅ ਦੀ ਆਸ ਦੇ ਨੁਕਤੇ ਵਜੋਂ ਦੇਖਣ ਲੱਗ ਰਹੇ ਹਨ। ਇਹ ਵਰਤਾਰਾ ਸਿਰਫ਼ ਹਾਕਮ ਧੜਿਆਂ ਦੀ ਸਿਆਸਤ ਨੂੰ ਹੀ ਅਸਰਅੰਦਾਜ਼ ਨਹੀਂ ਕਰਨ ਜਾ ਰਿਹਾ ਸਗੋਂ ਲੋਕਾਂ ਦੀ ਆਪਣੀ ਸਿਆਸਤ ਦੇ ਉੱਭਰ ਆਉਣ ਲਈ ਅਧਾਰ ਵਿਛਾਈ ਕਰ ਰਿਹਾ ਹੈ। ਇਸ ਵਰਤਾਰੇ ਰਾਹੀਂ ਜੋ ਆਸਾਂ ਲੋਕਾਂ ਅੰਦਰ ਜਾਗ ਰਹੀਆਂ ਹਨ ਇਹ ਕਿਸੇ ਮੌਕਾਪ੍ਰਸਤ ਸਿਆਸਤਦਾਨ ਦੇ 10 ਨੁਕਾਤੀ ਜਾਂ 20 ਨੁਕਾਤੀ ਪ੍ਰੋਗਰਾਮ ਨਾਲ ਪੂਰੀਆਂ ਹੋਣ ਜਾਂ ਲਾਰਿਆਂ ਤੇ ਵਾਅਦਿਆਂ ਦੇ ਗੱਫਿਆਂ ਨਾਲ ਤ੍ਰਿਪਤ ਹੋਣ ਵਾਲੀਆਂ ਨਹੀਂ ਹਨ। ਅੰਦੋਲਨ ਦਾ ਇਹ ਨਿਵੇਕਲਾ ਵਰਤਾਰਾ ਸਿਆਸਤਦਾਨਾਂ ਦੇ ਵਾਅਦੇ ਪਰਖਣ ਲਈ ਲੋਕਾਂ ਨੂੰ ਇੱਕ ਨਵੀਂ ਪਰਖ ਕਸਵੱਟੀ ਵੀ ਮੁਹੱਈਆ ਕਰਵਾ ਰਿਹਾ ਹੈ। ਇਹ ਪਰਖ ਕਸਵੱਟੀ ਕਾਰਪੋਰੇਟਾਂ ਨਾਲ ਰਿਸ਼ਤੇ ਦੀ ਪਛਾਣ ਕਰਨ ਦਾ ਨੁਕਤਾ ਦੱਸ ਰਹੀ ਹੈ, ਲੋਕਾਂ ਦੇ ਸੰਘਰਸ਼ ਅੰਦਰ ਨਿਭਾਅ ਨੂੰ ਪਰਖਣ ਦਾ ਨੁਕਤਾ ਦੱਸ ਰਹੀ ਹੈ। ਇਹ ਸੰਘਰਸ਼ ਸਿਰਫ਼ ਰਾਜਨੀਤਕ ਨਾਅਰਿਆਂ ‘ਤੇ ਹੀ ਅਸਰ ਨਹੀਂ ਪਾਉਣ ਜਾ ਰਿਹਾ ਸਗੋਂ ਇਹ ਵਿਅਕਤੀ ਦੇ ਅੰਦਰ ਬਦਲਾਅ ਦੀਆਂ ਤਰੰਗਾਂ ਛੇੜ ਰਿਹਾ ਹੈ। ਰਾਜਨੀਤੀ ਦੇ ਖੇਤਰ ‘ਚ ਬਦਲ ਉੱਭਰਨ ਤੋਂ ਪਹਿਲਾਂ ਲੋਕਾਂ ਦੇ ਅੰਦਰ ਬਦਲਾਅ ਦਾ ਅਮਲ ਤੁਰਦਾ ਹੈ। ਅੰਦਰ ਚੇਤਨਾ ਫੈਲਦੀ ਹੈ, ਚਾਨਣ ਫੈਲਦਾ ਹੈ ਜੋ ਆਖਿਰ ਸਮਾਜ ਦੇ ਵੱਖ ਵੱਖ ਖੇਤਰਾਂ ਅੰਦਰ ਬਦਲਾਅ ਦਾ ਕਾਰਨ ਬਣਦਾ ਹੈ। ਇਹ ਪੁਲਾਂਘਾਂ ਭਰ ਰਹੀ ਚੇਤਨਾ ਦਾ ਦੌਰ ਹੈ ਜੋ ਪਿਛਲੇ ਕਈ ਦਹਾਕਿਆਂ ’ਚ ਸਰ ਹੋਇਆ ਸੀ, ਉਹ ਇਨ੍ਹਾਂ ਕੁਝ ਦਿਨਾਂ ‘ਚ ਹੋ ਰਿਹਾ ਹੈ। ਇਹ ਲੋਕ ਚੇਤਨਾ ਦੇ ਵਿਕਾਸ ਦਾ ਅਮਲ ਹੈ।
ਇਹ ਲੋਕ ਸ਼ਕਤੀ ਦਾ ਜਲੌਅ ਹੈ, ਜੋ ਦਿੱਲੀ ਦੇ ਬਾਰਡਰਾਂ ‘ਤੇ ਵਾਪਰ ਰਿਹਾ ਹੈ। ਇਹ ਲੋਕਾਂ ਵੱਲੋਂ ਜਮਹੂਰੀਅਤ ਦਾ ਪੜਿ੍ਹਆ ਜਾ ਰਿਹਾ ਪਾਠ ਹੈ। ਇਸ ਪਾਠ ਦਾ ਸਬਕ ਹੈ ਕਿ ਜਮਹੂਰੀਅਤ ਪਾਰਲੀਮੈਂਟਾਂ ਦੇ ਅੰਕੜਿਆਂ ’ਚ ਹੀ ਨਹੀਂ ਹੁੰਦੀ, ਕੈਬਨਿਟ ਕਮੇਟੀਆਂ ਦੇ ਮਤਿਆਂ ਤਕ ਹੀ ਸੀਮਤ ਨਹੀਂ ਹੁੰਦੀ, ਹਕੀਕਤ ‘ਚ ਕਿਰਤੀ ਲੋਕਾਂ ਦੀ ਸਾਂਝੀ ਰਜ਼ਾ ਹੀ ਜਮਹੂਰੀਅਤ ਹੁੰਦੀ ਹੈ। ਇਹ ਰਜ਼ਾ ਪਾਰਲੀਮੈਂਟ ਦੇ ਮਤਿਆਂ ਨਾਲ ਤੇ ਕੈਬਨਿਟ ਦੇ ਫ਼ੈਸਲਿਆਂ ਨਾਲ ਟਕਰਾਅ ਜਾ ਸਕਦੀ ਹੈ। ਇਹ ਜ਼ਿੰਦਗੀ ਦੀ ਬਿਹਤਰੀ ਲਈ ਲੋਕ ਮਨਾਂ ‘ਚ ਧੜਕਦੀਆਂ ਆਸਾਂ ‘ਚੋਂ ਜਨਮਦੀ ਹੈ। ਇਹ ਆਸਾਂ ਦੇ ਜਗਮਗ ਕਰਨ ਦਾ ਦੌਰ ਬਣਨ ਜਾ ਰਿਹਾ ਹੈ ਤੇ ਇਹ ਲੋਕ ਸੰਘਰਸ਼ ਇਨ੍ਹਾਂ ਜਗਦੀਆਂ ਆਸਾਂ ਦਾ ਮੀਨਾਰ ਬਣ ਕੇ ਉੱਭਰ ਆਇਆ ਹੈ।
ਸੰਪਰਕ: pavelnbs11@gmail.com