ਰਾਧਿਕਾ ਰਾਮਾਸੇਸ਼ਨ
ਭਾਜਪਾ ਅਤੇ ਮਹਾਰਾਸ਼ਟਰ ਵਿਚ ਇਸ ਦੇ ਨਵੇਂ ਭਾਈਵਾਲ ਤੇ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਅਤੇ ਇਸ ਵੇਲੇ ਤਾਕਤਵਰ ਧੜੇ ਨੇ ਆਪਣੇ ਉਹ ਦੋਵੇਂ ਇਮਤਿਹਾਨ ਕਾਮਯਾਬੀ ਨਾਲ ਪਾਰ ਕਰ ਲਏ ਹਨ ਜਿਹੜੇ ਮਹਾਰਾਸ਼ਟਰ ਦੀ ਸਰਕਾਰ ਅਤੇ ਸਿਆਸਤ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਇਨ੍ਹਾਂ ਵਾਸਤੇ ਜ਼ਰੂਰੀ ਸਨ।
ਪਹਿਲਾ, ਇਸ ਗੱਠਜੋੜ ਸਰਕਾਰ ਨੇ ਵਿਧਾਨ ਸਭਾ ਵਿਚ ਆਪਣਾ ਸਪੀਕਰ ਚੁਣ ਲਿਆ। ਸਪੀਕਰ ਵਜੋਂ ਭਾਜਪਾ ਦੇ ਵਿਧਾਇਕ ਰਾਹੁਲ ਨਾਰਵੇਕਰ ਦੀ ਚੋਣ ਕੀਤੀ ਗਈ। ਇਸ ਚੋਣ ਲਈ ਮੁਕਾਬਲਾ ਭਾਵੇਂ ਆਸਾਨ ਸੀ, ਪਰ ਇਹ ਵਿਧਾਨਕੀ ਅੜਿੱਕਿਆਂ ਨੂੰ ਹਟਾਉਣ ਲਈ ਬਹੁਤ ਜ਼ਰੂਰੀ ਸੀ, ਜਿਵੇਂ ਸ਼ਿਵ ਸੈਨਾ ਵਿਧਾਇਕ ਦਲ ਦੇ ਆਗੂ ਅਤੇ ਚੀਫ਼ ਵ੍ਹਿਪ ਆਦਿ ਵਜੋਂ ਊਧਵ ਠਾਕਰੇ ਧੜੇ ਦੇ ਬੰਦਿਆਂ ਨੂੰ ਲਾਂਭੇ ਕਰਨਾ। ਸ਼ਿੰਦੇ ਗਰੁੱਪ ਵਿਚ ਸ਼ਾਮਲ ਹੋਏ 40 ਬਾਗ਼ੀ ਵਿਧਾਇਕਾਂ ਵਿਚੋਂ 16 ਨੂੰ ਅਯੋਗ ਕਰਾਰ ਦੇ ਕੇ ਉਨ੍ਹਾਂ ਦੀ ਮੈਂਬਰੀ ਰੱਦ ਕਰਨ ਲਈ ਊਧਵ ਧੜੇ ਵੱਲੋਂ ਦਾਇਰ ਅਪੀਲ ਨੂੰ ਖ਼ਾਰਜ ਕਰਨ ਲਈ ਵੀ ਨਾਰਵੇਕਰ ਦੀ ਚੋਣ ਜ਼ਰੂਰੀ ਸੀ। ਨਾਰਵੇਕਰ ਨੇ ਅਹੁਦਾ ਸੰਭਾਲਦਿਆਂ ਹੀ ਸ਼ਿੰਦੇ ਨੂੰ ਸ਼ਿਵ ਸੈਨਾ ਵਿਧਾਇਕ ਦਲ ਦੇ ਆਗੂ ਵਜੋਂ ਮਾਨਤਾ ਦੇ ਦਿੱਤੀ ਅਤੇ ਨਾਲ ਹੀ ਸ਼ਿੰਦੇ ਧੜੇ ਦੇ ਭਾਰਤ ਗੋਲਾਵਾਲੇ ਦੀ ਪਾਰਟੀ ਦੇ ਚੀਫ਼ ਵ੍ਹਿਪ ਵਜੋਂ ਕੀਤੀ ਗਈ ਨਿਯੁਕਤੀ ਨੂੰ ਵੀ ਤਸਦੀਕ ਕਰ ਦਿੱਤਾ।
ਊਧਵ ਦੀ ਖੁਰਦੀ ਜਾਂਦੀ ਤਾਕਤ ਸਪੀਕਰ ਦੀ ਚੋਣ ਲਈ ਪਈਆਂ ਵੋਟਾਂ ਤੋਂ ਜ਼ਾਹਰ ਸੀ: ਨਾਰਵੇਕਰ ਨੂੰ 164 ਅਤੇ ਉਨ੍ਹਾਂ ਦੇ ਵਿਰੋਧੀ ਨੂੰ 107 ਵੋਟਾਂ ਪਈਆਂ। ਇਸ ਤੋਂ ਬਾਅਦ ਬੀਤੇ ਸੋਮਵਾਰ ਨੂੰ ਸ਼ਿੰਦੇ ਸਰਕਾਰ ਵੱਲੋਂ ਹਾਸਲ ਕੀਤੀ ਗਈ ਭਰੋਸੇ ਦੀ ਵੋਟ ਤਾਂ ਸੱਤਾ ਦਾ ਤਰਾਜ਼ੂ ਹੋਰ ਜ਼ਿਆਦਾ ਸ਼ਿੰਦੇ ਦੇ ਪੱਖ ਵਿਚ ਝੁਕ ਜਾਣ ਵੱਲ ਇਸ਼ਾਰਾ ਕਰਦੀ ਸੀ। ਇਸ ਦੌਰਾਨ ਸ਼ਿਵ ਸੈਨਾ ਦੇ ਬਚੇ ਧੜੇ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਅਤੇ ਕਾਂਗਰਸ ਦੀ ਤਿੱਕੜੀ ਉੱਤੇ ਆਧਾਰਿਤ ਵਿਰੋਧੀ ਧਿਰ, ਜਿਨ੍ਹਾਂ ਨੇ ਆਪਣੇ ਗੱਠਜੋੜ ਨੂੰ ਮਹਾ ਵਿਕਾਸ ਅਘਾੜੀ (ਐਮਵੀਏ) ਦਾ ਨਾਂ ਦਿੱਤਾ ਹੋਇਆ ਹੈ, ਨੇ ਅੱਠ ਹੋਰ ਵਿਧਾਇਕਾਂ ਦੀ ਹਮਾਇਤ ਗੁਆ ਲਈ। ਮੂਲ ਸ਼ਿਵ ਸੈਨਾ ਦੇ 2019 ਵਿਚ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨਾਲ ਗੱਠਜੋੜ ਦੌਰਾਨ ਜਿੱਤੇ ਕੁੱਲ 56 ਵਿਧਾਇਕਾਂ ਵਿਚੋਂ 40 ਸ਼ਿੰਦੇ ਧੜੇ ਨਾਲ ਜਾ ਚੁੱਕੇ ਸਨ। ਇਸ ਤਰ੍ਹਾਂ ਜਾਪਦਾ ਹੈ ਕਿ ਇਕ ਪਾਸੇ ਜਿੱਥੇ ਭਾਜਪਾ ਦੀ ਹਮਾਇਤ ਨਾਲ ਸ਼ਿੰਦੇ ਬਹੁਤ ਆਰਾਮਦੇਹ ਢੰਗ ਨਾਲ ਆਪਣੀ ਹਕੂਮਤ ਚਲਾਉਣਗੇ, ਉੱਥੇ ਊਧਵ ਬੇਯਕੀਨੀ ਵਾਲੇ ਭਵਿੱਖ ਵੱਲ ਦੇਖ ਰਹੇ ਹਨ ਜਿਸ ਉੱਤੇ ਐਮਵੀਏ ਅਤੇ ਇਸ ਦੀ ਸਮਰੱਥਾ ਦਾ ਭਵਿੱਖ ਵੀ ਨਿਰਭਰ ਕਰਦਾ ਹੈ, ਜਾਂ ਫਿਰ ਇਹ ਗੱਠਜੋੜ ਇਕੱਠਿਆਂ ਵਿਰੋਧੀ ਧਿਰ ਵਿਚ ਬਣਿਆ ਰਹੇਗਾ। ਸੱਤਾ ਤੋਂ ਬੇਦਖ਼ਲ ਹੋ ਕੇ ਗੱਠਜੋੜ ਘੱਟ ਹੀ ਇਕਮੁੱਠ ਰਹਿੰਦੇ ਹਨ ਕਿਉਂਕਿ ਉਸ ਵਿਚ ਇਸ ਦੇ ਭਾਈਵਾਲਾਂ ਨੂੰ ਜੋੜ ਕੇ ਰੱਖਣ ਵਾਲੀ ਚੁੰਬਕ – ਭਾਵ ਸੱਤਾ – ਦੀ ਅਣਹੋਂਦ ਹੁੰਦੀ ਹੈ। ਕੋਈ ਸਬੰਧਿਤ ਸਮੂਹ ਚੋਣਾਂ ਦੇ ਨੇੜੇ ਜਾਂ ਇਨ੍ਹਾਂ ਤੋਂ ਬਾਅਦ ਤਾਂ ਕਰੀਬ ਆ ਸਕਦਾ ਹੈ ਜੇ ਹਾਲਾਤ ਦੀ ਮਜਬੂਰੀ ਇਸ ਦੀ ਮੰਗ ਕਰਦੀ ਹੋਵੇ ਜਾਂ ਫਿਰ ਇਸ ਵਿਚ ਸੱਤਾ ਦੀ ਚੁੰਬਕੀ ਖਿੱਚ ਹੋਵੇ।
ਉਂਝ ਹਾਲੇ ਸ਼ਿੰਦੇ ਨੇ ਵੱਡੀ ਲੜਾਈ ਲੜਨੀ ਹੈ ਅਤੇ ਉਹ ਹੈ ਧੁਰ ਪਿੰਡਾਂ ਤੱਕ ਮੌਜੂਦ ਸੈਨਾ ਦੇ ਢਾਂਚੇ ਉੱਤੇ ਆਪਣਾ ਕਬਜ਼ਾ ਜਮਾਉਣਾ, ਖ਼ਾਸਕਰ ਜੇ ਇਸ ਨੇ ਪਾਰਟੀ ਦਾ ਚੋਣ ਨਿਸ਼ਾਨ ਤੀਰ-ਕਮਾਨ ਹਾਸਲ ਕਰਨਾ ਹੈ। ਇਹ ਚੋਣ ਨਿਸ਼ਾਨ ਪਾਰਟੀ ਦੇ ਬਾਨੀ ਬਾਲ ਠਾਕਰੇ ਦੀ ਅਗਵਾਈ ਹੇਠ ਬਹੁਤ ਹੀ ਗਰਮਖ਼ਿਆਲੀ ਸਿਆਸਤ ਦਾ ਪ੍ਰਤੀਕ ਸੀ ਅਤੇ ਇਸੇ ਸਿਆਸਤ ਨੂੰ ਬਹਾਲ ਕਰਨ ਦੇ ਸ਼ਿੰਦੇ ਦਾਅਵੇ ਕਰ ਰਹੇ ਹਨ। ਇਸ ਲਈ ਉਸ ਮੁਕਾਮ ਤੱਕ ਪੁੱਜਣ ਵਾਸਤੇ ਮਹਿਜ਼ ਵਿਧਾਇਕਾਂ ਨੂੰ ਤੋੜ ਲੈਣਾ ਹੀ ਕਾਫ਼ੀ ਨਹੀਂ ਹੈ।
ਸ਼ਿੰਦੇ ਸਾਰੇ ਪੱਖਾਂ ਤੋਂ ਬਾਲ ਠਾਕਰੇ ਦੀ ਵਿਰਾਸਤ ਨੂੰ ਹਥਿਆਉਣਾ ਚਾਹੁੰਦੇ ਹਨ ਕਿਉਂਕਿ ਉਸ ਵਿਰਾਸਤ ਵਿਚ ਬੜੇ ਜ਼ੋਰਦਾਰ ਢੰਗ ਨਾਲ ਬਾਗ਼ੀ ਇਰਾਦੇ ਜ਼ਾਹਿਰ ਹੁੰਦੇ ਹਨ। ਇਕ ਆਸਾਨ ਵਿਕਲਪ ਇਹ ਹੈ ਕਿ ਉਹ ਆਪਣੇ ਧੜੇ ਦਾ ਭਾਜਪਾ ਵਿਚ ਰਲੇਵਾਂ ਕਰ ਦੇਣ, ਪਰ ਇਹ ਵਿਕਲਪ ਨਾ ਉਹ ਚਾਹੁੰਦੇ ਹਨ ਤੇ ਨਾ ਹੀ ਭਾਜਪਾ। ਭਾਜਪਾ ਉਦੋਂ ਤੋਂ ਹੀ ਚੌਕਸ ਹੋ ਗਈ ਸੀ ਜਦੋਂ ਊਧਵ ਨੇ ਇਸ ਤੋਂ ਨਾਤਾ ਤੋੜ ਕੇ ਬੇਮੇਲ ਭਾਈਵਾਲਾਂ ਦੀ ਮਦਦ ਨਾਲ ਮੁੱਖ ਮੰਤਰੀ ਦੀ ਗੱਦੀ ਸੰਭਾਲੀ ਸੀ। ਭਾਜਪਾ ਨਾ ਸਿਰਫ਼ ਇਕ ਮੋਹਰੀ ਸੂਬੇ (48 ਲੋਕ ਸਭਾ ਮੈਂਬਰਾਂ ਤੇ 288 ਵਿਧਾਇਕਾਂ ਵਾਲਾ) ਵਿਚ ਆਪਣੀ ਸੱਤਾ ਬਹਾਲ ਕਰਨੀ ਚਾਹੁੰਦੀ ਸੀ ਸਗੋਂ ਨਾਲ ਹੀ ਮੁੰਬਈ ਉੱਤੇ ਵੀ ਆਪਣਾ ਝੰਡਾ ਲਹਿਰਾਉਣਾ ਚਾਹੁੰਦੀ ਸੀ ਜੋ ਭਾਰਤੀ ਕਾਰੋਬਾਰ ਤੇ ਸਨਅਤ ਦਾ ਧੜਕਦਾ ਹੋਇਆ ਦਿਲ ਹੈ। ਇਸ ਤੋਂ ਵੀ ਵੱਧ, ਹੁਣ ਜਦੋਂ ਭਾਜਪਾ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ ਹੈ ਤੇ ਦੇਸ਼ ਦੀ ਮੋਹਰੀ ਵਿਰੋਧੀ ਧਿਰ ਵਜੋਂ ਇਸ ਦੇ ਰੁਤਬੇ ਨੂੰ ਭਾਰੀ ਢਾਹ ਲਾਈ ਹੈ ਤਾਂ ਭਾਜਪਾ ਦੇ ਹਮਲੇ ਦਾ ਅਗਲਾ ਨਿਸ਼ਾਨਾ ਖੇਤਰੀ ਪਾਰਟੀਆਂ ਹੀ ਹੋਣਗੀਆਂ, ਖ਼ਾਸਕਰ ਉਹ ਪਾਰਟੀਆਂ ਜਿਨ੍ਹਾਂ ਦੇ ਆਗੂ ਭਾਜਪਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਦੇ ਹਨ। ਅਜਿਹੇ ਆਗੂਆਂ ਦੀ ਸੂਚੀ ਵਿਚ ਮਮਤਾ ਬੈਨਰਜੀ, ਕੇ. ਚੰਦਰਸ਼ੇਖਰ ਰਾਓ, ਸ਼ਰਦ ਪਵਾਰ ਅਤੇ ਊਧਵ ਠਾਕਰੇ ਪ੍ਰਮੁੱਖ ਸੂਬਾਈ ਆਗੂ ਹਨ ਜਿਨ੍ਹਾਂ ਨੂੰ ਭਾਜਪਾ ਮਾਤ ਦੇਣ ਦੀ ਚਾਹਵਾਨ ਹੈ।
ਐਨਸੀਪੀ ਸੁਪਰੀਮੋ ਸ਼ਰਦ ਪਵਾਰ ਤਾਕਤ ਤੇ ਲੋਕ-ਆਧਾਰ ਮਹਾਰਾਸ਼ਟਰ ਤੋਂ ਹਾਸਲ ਕਰਦੇ ਹਨ ਅਤੇ ਵਿਰੋਧੀਆਂ ਉੱਤੇ ਆਪਣੀ ਸਮਰੱਥਾ ਤੋਂ ਜ਼ਿਆਦਾ ਜ਼ੋਰਦਾਰ ਵਾਰ ਕਰ ਸਕਦੇ ਹਨ। ਉਹ ਇਕ ਕੌਮੀ ਤਾਕਤ ਬਣ ਕੇ ਉੱਭਰੇ ਹਨ ਜਿਨ੍ਹਾਂ ਨੇ ਅਤੀਤ ਵਿਚ ਆਪਣੀ ਮੁੱਢਲੀ ਪਾਰਟੀ ਕਾਂਗਰਸ ਦਾ ਕਾਮਯਾਬੀ ਨਾਲ ਟਾਕਰਾ ਕੀਤਾ ਅਤੇ ਬਾਅਦ ਵਿਚ ਆਪਣੇ ਆਪ ਨੂੰ ਪ੍ਰਸੰਗਿਕ ਬਣਾਈ ਰੱਖਣ ਲਈ ਛੋਟੇ ਆਗੂਆਂ ਨਾਲ ਸੁਲ੍ਹਾ ਤੇ ਸ਼ਾਂਤੀ ਕਾਇਮ ਕਰ ਲਈ। ਪਵਾਰ ਦੇ ‘ਕੌਮੀ’ ਰੁਤਬੇ ਦਾ ਹੀ ਸਿੱਟਾ ਸੀ ਕਿ ਉਹ ਹਾਲੀਆ ਸਾਲਾਂ ਦੌਰਾਨ ਭਾਜਪਾ-ਵਿਰੋਧੀ ਗੱਠਜੋੜ ਵਿਚ ਇਕ ਫਿਲਾਸਫ਼ਰ ਤੇ ਸੇਧਗਾਰ ਵਜੋਂ ਵਿਚਰਦੇ ਰਹੇ ਹਨ। ਇਸ ਦੇ ਬਾਵਜੂਦ ਜੇ ਉਨ੍ਹਾਂ ਤੋਂ ਮਹਾਰਾਸ਼ਟਰ ਲੈ ਲਿਆ ਜਾਵੇ ਤਾਂ ਉਨ੍ਹਾਂ ਦੀ ਹੈਸੀਅਤ ਕੁਝ ਵੀ ਨਹੀਂ ਰਹਿੰਦੀ।
ਆਪਣੇ ਜੱਦੀ ਸੂਬੇ ਵਿਚ ਪਵਾਰ ਦੀ ਤਾਕਤ ਉਨ੍ਹਾਂ ਦੇ ਮਰਾਠਾ ਜਾਤ ਭਾਈਚਾਰੇ ਤੋਂ ਆਉਂਦੀ ਹੈ ਜਿਸ ਦਾ ਸੂਬੇ ਦੀ ਚੀਨੀ ਪੱਟੀ ਵਿਚ ਸਿਆਸੀ, ਵਿੱਤੀ ਤੇ ਸਮਾਜਿਕ ਪੱਧਰ ’ਤੇ ਪੂਰਾ ਦਬਦਬਾ ਹੈ ਅਤੇ ਉੱਥੇ ਚੀਨੀ ਦੀਆਂ ਸਹਿਕਾਰੀ ਸਭਾਵਾਂ ਜ਼ੋਰਦਾਰ ਸਰਪ੍ਰਸਤੀ ਦਾ ਜ਼ਰੀਆ ਹਨ। ਦੂਜੇ ਪਾਸੇ ਮਹਾਰਾਸ਼ਟਰ ਵਿਚ ਭਾਜਪਾ ਦੀ ਹੋਂਦ ਸੀਮਿਤ ਹੈ ਕਿਉਂਕਿ ਇਹ ਭਗਵਾਂ ਪਾਰਟੀ ਹਾਲੇ ਤੱਕ ਚੀਨੀ ਪੱਟੀ ਵਿਚ ਆਪਣੀਆਂ ਜੜ੍ਹਾਂ ਜਮਾਉਣ ’ਚ ਨਾਕਾਮ ਰਹੀ ਹੈ। ਇਸ ਕਾਰਨ 2014 ਦੀ ਮੋਦੀ ‘ਲਹਿਰ’ ਤੋਂ ਬਾਅਦ ਵੀ ਇਸ ਦੀ ਬਿਹਤਰੀਨ ਕਾਰਗੁਜ਼ਾਰੀ ਬਹੁਮਤ ਤੱਕ ਨਾ ਪੁੱਜ ਸਕੀ। ਇਸ ਨੇ ਮਰਾਠਾ ਆਗੂ ਵਜੋਂ ਨਾਰਾਇਣ ਰਾਣੇ ਨੂੰ ਵੀ ਪੇਸ਼ ਕੀਤਾ ਜੋ ਸਾਬਕਾ ਸ਼ਿਵ ਸੈਨਿਕ ਹੈ, ਜਿਸ ਨੇ ਬਾਲ ਠਾਕਰੇ ਤੋਂ ਵੱਖ ਹੋ ਕੇ ਪਹਿਲਾਂ ਆਪਣੀ ਵੱਖਰੀ ਪਾਰਟੀ ਬਣਾਈ ਸੀ ਤੇ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਿਆ ਤੇ ਬਾਅਦ ਵਿਚ ਭਾਜਪਾ ’ਚ। ਰਾਣੇ ਦਾ ਸਾਹਿਲੀ ਕੋਂਕਣ ਖ਼ਿੱਤੇ ਵਿਚ ਆਪਣਾ ਆਧਾਰ ਹੈ ਪਰ ਇਹ ਆਧਾਰ ਆਪਣੇ ਘੇਰੇ ਤੋਂ ਬਾਹਰ ਕੋਈ ਅਸਰ ਨਾ ਪਾ ਸਕਿਆ। ਇਸ ਕਾਰਨ ਇਕ ਹੋਰ ਮਰਾਠਾ ਆਗੂ ਸ਼ਿੰਦੇ ਨੇ ਭਾਜਪਾ ਦਾ ਧਿਆਨ ਖਿੱਚਿਆ। ਉਹ ਭਾਵੇਂ ਪੱਛਮੀ ਮਹਾਰਾਸ਼ਟਰ ਸਥਿਤ ਸਤਾਰਾ ਨਾਲ ਸਬੰਧਤ ਹਨ, ਪਰ ਉਨ੍ਹਾਂ ਠਾਣੇ ਵਿਖੇ ਆ ਕੇ ਆਪਣੀ ਸਿਆਸੀ ਜ਼ਮੀਨ ਬਣਾਈ ਅਤੇ ਇਸ ਦੌਰਾਨ ਜ਼ਮੀਨੀ ਪੱਧਰ ਦੇ ਆਗੂ ਤੇ ਲੋਕ-ਆਧਾਰ ਵਾਲੇ ਮਰਹੂਮ ਆਨੰਦ ਦੀਘੇ ਨੇ ਉਨ੍ਹਾਂ ਨੂੰ ਸਰਪ੍ਰਸਤੀ ਦਿੱਤੀ। ਭਾਜਪਾ ਨੂੰ ਉਮੀਦ ਹੈ ਕਿ ਉਹ ਠਾਣੇ ਤੇ ਸਤਾਰਾ ਵਿਚ ਸ਼ਿੰਦੇ ਦੇ ਰਸੂਖ਼ ਦਾ ਲਾਹਾ ਲੈਂਦਿਆਂ ਮਰਾਠਾ ਭਾਈਚਾਰੇ ਤੱਕ ਪਹੁੰਚ ਕਰ ਸਕੇਗੀ।
ਊਧਵ ਦੀ ਹਾਲਤ ਬਹੁਤੀ ਮਜ਼ਬੂਤ ਨਹੀਂ ਹੈ। ਉਨ੍ਹਾਂ ਦੀ ਬੀਤੇ ਦੋ ਸਾਲਾਂ ਦੀ ਹਕੂਮਤ ਦੌਰਾਨ ਉਨ੍ਹਾਂ ਦੇ ਸਹਿਯੋਗੀ ਪੁੱਛਦੇ ਹਨ ਕਿ ਕੀ ਸੈਨਾ ਦਾ ਉਗਰ ਰੂਪ ਕਾਇਮ ਹੈ ਜਾਂ ਨਹੀਂ, ਕਿਉਂਕਿ ਉਨ੍ਹਾਂ ਮੁਤਾਬਿਕ ਊਧਵ ਨੇ ਸੈਨਾ ਦੀ ਆਪਣੀ ਤਰ੍ਹਾਂ ਖ਼ਾਸ ਬੇਹੱਦ ਤਿੱਖੀ ਤੇ ਇਕ ਤਰ੍ਹਾਂ ਬੇਰਹਿਮ ਸਿਆਸਤ ਦੀ ਧਾਰ ਹੁਣ ਖੁੰਢੀ ਕਰ ਦਿੱਤੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਮੁੰਬਈ ਦੇ ਸਿਆਸੀ ਤੌਰ ’ਤੇ ਭੱਦਰ ਵਰਗ ਵਿਚ ਪ੍ਰਵਾਨਗੀ ਯੋਗ ਬਣਾ ਸਕਣ। ਹੁਣ ਉਨ੍ਹਾਂ ਦਾ ਸਭ ਤੋਂ ਵੱਡਾ ਫ਼ਿਕਰ ਸੈਨਾ ਨੂੰ ਅੱਧ ਵਿਚਾਲਿਉਂ ਦੁਫੇੜ ਹੋਣ ਤੋਂ ਬਚਾਉਣਾ ਤੇ ਨਾਲ ਹੀ ਆਪਣੇ ਪਿਤਾ ਬਾਲ ਠਾਕਰੇ ਦੀ ਵਿਰਾਸਤ ਨੂੰ ਸ਼ਿੰਦੇ ਦੇ ਹੱਥਾਂ ਵਿਚ ਜਾਣ ਤੋਂ ਰੋਕਣਾ ਹੋਣਾ ਚਾਹੀਦਾ ਹੈ। ਕੀ ਉਹ ਆਪਣੀ ਦਿੱਖ ਸੁਧਾਰਨ ਦੀਆਂ ਕੋਸ਼ਿਸ਼ਾਂ ਨੂੰ ਬੰਦ ਕਰ ਕੇ ਮੁੜ ਕੱਟੜ ਵਿਚਾਰਧਾਰਾ ਅਪਣਾਉਣਗੇ?
ਐਮਵੀਏ ਵਿਚ ਕਾਂਗਰਸ ਤਾਂ ਇਕ ਤਰ੍ਹਾਂ ਵਾਧੂ ਹੀ ਹੈ ਜਿਸ ਦਾ ਸੂਬੇ ਵਿਚ ਨਾ ਕੋਈ ਆਗੂ ਹੈ ਤੇ ਨਾ ਸੰਗਠਨ। ਵਿਰੋਧੀ ਧਿਰ ਵਜੋਂ ਹੁਣ ਐਮਵੀਏ ਦੇ ਭਾਈਵਾਲ ਖ਼ਾਸਕਰ ਸੈਨਾ ਤੇ ਐਨਸੀਪੀ ਹੀ ਆਪੋ-ਆਪਣੇ ਆਧਾਰ ਨੂੰ ਬਚਾਉਣ ਤੇ ਅਗਾਂਹ ਫੈਲਾਉਣ ਲਈ ਇਕ-ਦੂਜੇ ਨਾਲ ਮੁਕਾਬਲਾ ਕਰਨਗੇ। ਬ੍ਰਿਹਨਮੁੰਬਈ ਨਗਰ ਨਿਗਮ, ਪੁਣੇ, ਨਾਗਪੁਰ, ਠਾਣੇ ਅਤੇ ਹੋਰ ਸਥਾਨਕ ਸਰਕਾਰਾਂ ਦੀਆਂ ਚੋਣਾਂ, ਜੋ ਬਰਸਾਤ ਦੇ ਮੌਸਮ ਤੋਂ ਬਾਅਦ ਹੋਣ ਵਾਲੀਆਂ ਹਨ, ਹੀ ਅਸਲ ਵਿਚ ਸਾਰੀਆਂ ਧਿਰਾਂ ਦਾ ਪਹਿਲਾ ਇਮਤਿਹਾਨ ਹੋਣਗੀਆਂ। ਇਨ੍ਹਾਂ ਚੋਣਾਂ ਤੋਂ ਹੀ ਇਹ ਪਤਾ ਲੱਗ ਸਕੇਗਾ ਕਿ ਸ਼ਿਵ ਸੈਨਾ ਦੇ ਦੋਵੇਂ ਧੜਿਆਂ – ਊਧਵ ਤੇ ਸ਼ਿੰਦੇ – ਵਿਚੋਂ ਕਿਹੜਾ ਬਾਲ ਠਾਕਰੇ ਦਾ ‘ਸੱਚਾ’ ਸਿਆਸੀ ਵਾਰਿਸ ਹੈ।
* ਲੇਖਿਕਾ ਸੀਨੀਅਰ ਪੱਤਰਕਾਰ ਹੈ।