ਇਹ ਲੇਖ ਹਿੰਦੀ ਦੀ ਉੱਘੀ ਸ਼ਾਇਰਾ ਗਗਨ ਗਿੱਲ ਨੇ ਸਤਾਈ ਸਾਲ ਪਹਿਲਾਂ 1994 ਵਿਚ ਲਿਖਿਆ ਸੀ। ਇਕ ਪਰਵਾਸੀ ਨਾਲ ਮੁਲਾਕਾਤ; ਇਕ ਬੇਘਰੇ ਦੀ ਕਹਾਣੀ। ਉਸ ਨੂੰ 1994 ਵਿਚ ਦਿੱਲੀ ਆਇਆਂ 15 ਸਾਲ ਹੋ ਗਏ ਸਨ ਪਰ ਉਹ ਦਿੱਲੀ ਨੂੰ ਘਰ ਨਹੀਂ ਸਮਝਦਾ। ਉਹ ਹਰ ਸ਼ਾਮ ਭਗਵਾਨ ਦੀ ਪੂਜਾ ਕਰਦਾ ਤੇ ਉਸ ਤੋਂ ਡਰਦਿਆਂ ਮੀਟਰ ਠੀਕ ਰੱਖਦਾ ਹੈ। 27 ਸਾਲ ਪਹਿਲਾਂ ਦੇ ਇਸ ਬਿਰਤਾਂਤ ਵਿਚ ਵੀ ‘ਅੱਛੇ ਦਿਨਾਂ’ ਦਾ ਜ਼ਿਕਰ ਹੈ। ਔਰਤ ਦੀ ਗੱਲ ਵੀ ਛਿੜਦੀ ਹੈ ਤੇ ਘਰ ਦੀ ਵੀ। ਉਸ ਦਾ ‘ਘਰ’ ਉਸ ਦੇ ਪਿੰਡ ਵਿਚ ਹੈ। ਇਹ ਲੇਖ ਪੜ੍ਹ ਕੇ ਸਮਝ ਆਉਂਦੀ ਹੈ ਕਿ ਅੱਜ ਵੀ ਪਰਵਾਸੀ ਕਿਰਤੀ ਮੁਸ਼ਕਿਲਾਂ ਭਰੇ ਦਿਨਾਂ ਵਿਚ ਪਿੰਡਾਂ ਨੂੰ ਕਿਉਂ ਤੁਰ ਪੈਂਦੇ ਹਨ। ਮੁੱਖ ਸਵਾਲ ਇਹ ਹੈ: ਕੀ ਪਰਵਾਸੀ ਕਿਰਤੀਆਂ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ?
ਗਗਨ ਗਿੱਲ
ਫਰਵਰੀ ਦੀ ਸ਼ਾਮ। ਸਾਲ 1994, ਰੋਜ਼ਾਨਾ ਵਰਗਾ ਦਿਨ। ਹਵਾ ਵਿਚ ਠੰਢਕ ਹੈ। ਮੈਂ ਹੁਣੇ ‘ਸਵਾਤੀ’ ਤੋਂ ਸਾਹਿਤ ਅਕਾਦਮੀ ਦੀਆਂ ਕੁਝ ਪ੍ਰਕਾਸ਼ਨਾਵਾਂ ਖ਼ਰੀਦ ਕੇ ਇਸ ਸੜਕ – ਮੰਦਰ ਮਾਰਗ ’ਤੇ ਪੁੱਜੀ ਹਾਂ। ਸੜਕ ਸੁੰਨਸਾਨ ਹੈ। ਬਿਰਲਾ ਮੰਦਰ ਦੇ ਬਾਹਰ ਇਕ-ਦੋ ਆਟੋ ਖੜ੍ਹੇ ਹਨ। ਮੈਂ ਇਕ ਨੂੰ ਚੱਲਣ ਲਈ ਪੁੱਛਦੀ ਹਾਂ। ਉਹ ਕਹਿੰਦਾ ਹੈ, ‘‘ਬੈਠੋ ਜੀ।’’ ਉਸ ਦੇ ਚੱਲਣ ਵਿਚ ਦੇਰ ਹੈ। ਉਸ ਦੀ ਸਰੀਰਕ ਹਰਕਤ ਵਿਚ ਅਜੀਬ ਜਿਹਾ ਥਕੇਵਾਂ ਹੈ। ਉਹ ਸੀਟ ਹੇਠੋਂ ਕੱਢ ਕੇ ਇਕ ਗੰਦਾ, ਉਧੜਿਆ, ਅੱਧੀਆਂ ਬਾਹਾਂ ਦਾ ਭੂਰਾ ਸਵੈਟਰ ਪਹਿਨ ਰਿਹਾ ਹੈ। ਹੌਲੀ-ਹੌਲੀ।
ਹਾਲੇ ਮੇਰਾ ਧਿਆਨ ਉਸ ਦੇ ਚਿਹਰੇ ਵੱਲ ਨਹੀਂ ਗਿਆ, ਉਸ ਨੂੰ ਬਾਅਦ ਵਿਚ ਆਟੋ ਦੇ ਡਾਈਵਿੰਗ ਸ਼ੀਸ਼ੇ ’ਚੋਂ ਦੇਖਦੀ ਹਾਂ। ਜਿਸ ਵਿਚ ਉਸ ਦੀਆਂ ਅੱਖਾਂ ਹੋਰ ਅੰਦਰ ਧਸੀਆਂ ਦਿਖਾਈ ਦਿੰਦੀਆਂ ਨੇ ਤੇ ਹੱਡੀਆਂ ਹੋਰ ਉੱਭਰੀਆਂ ਹੋਈਆਂ। ਉਸ ਦੇ ਚਿਹਰੇ ’ਤੇ ਬਿਮਾਰੀ ਤੇ ਭੁੱਖ ਤੋਂ ਇਲਾਵਾ ਇਕ ਹੋਰ ਚੀਜ਼ ਵੀ ਦਿਖਾਈ ਦਿੰਦੀ ਹੈ। ਹਾਲੇ ਮੈਨੂੰ ਉਸ ਚੀਜ਼ ਦਾ ਨਾਂ ਨਹੀਂ ਪਤਾ। ਕੁਝ ਦਿਨਾਂ ਤੱਕ ਮੈਂ ਉਸ ਲਈ ਕੋਈ ਢੁਕਵਾਂ ਲਫ਼ਜ਼ ਲੱਭ ਲਵਾਂਗੀ।
ਆਖ਼ਰ ਉਹ ਤੁਰਦਾ ਹੈ। ਆਟੋ ਤੁਰਦਿਆਂ ਹੀ ਉਸ ਦੀ ਖੰਘ ਸ਼ੁਰੂ ਹੋ ਜਾਂਦੀ ਹੈ। ਪਤਾ ਨਹੀਂ ਉਸ ਨੂੰ ਠੰਢ ਲੱਗ ਰਹੀ ਹੈ ਜਾਂ ਅਸੀਂ ਦਮਘੋਟੂ ਟਰੈਫਿਕ ਵਿਚ ਆ ਗਏ ਹਾਂ। ਅਸੀਂ ਦੋ ਮੋੜ ਲੰਘ ਆਏ ਹਾਂ ਪਰ ਨਾ ਉਸ ਦੀ ਖਾਂਸੀ ਰੁਕਦੀ ਹੈ, ਨਾ ਆਟੋ।
‘‘ਇਹ ਖਾਂਸੀ ਕਦੋਂ ਤੋਂ ਹੈ?’’ ਮੈਂ ਪਿੱਛੇ ਬੈਠਿਆਂ ਪੁੱਛਿਆ।
‘‘ਹੋਊ ਕੋਈ 10-12 ਸਾਲਾਂ ਤੋਂ।’’
‘‘ਕਿਸੇ ਡਾਕਟਰ ਨੂੰ ਨਹੀਂ ਦਿਖਾਇਆ?’’
‘‘ਉਸ ਲਈ ਤਾਂ ਪੈਸੇ ਚਾਹੀਦੇ ਨੇ।’’
ਸਾਡੀ ਗੱਲਬਾਤ ਟੁੱਟ ਜਾਂਦੀ ਹੈ। ਸੜਕ ਦੇ ਦੋਹੀਂ ਪਾਸੀਂ ਭਾਰੀ ਟਰੈਫਿਕ ਹੈ। ਉਸ ਦਾ ਸਾਹ ਫੁੱਲ ਰਿਹਾ ਹੈ।
‘‘ਤੁਸੀਂ ਰਹਿੰਦੇ ਕਿੱਥੇ ਹੋ?’’ ਮੈਂ ਬਾਹਰ ਲੱਗੇ ਵੱਡੇ-ਵੱਡੇ ਇਸ਼ਤਿਹਾਰੀ ਬੋਰਡਾਂ ਨੂੰ ਪੜ੍ਹਦਿਆਂ-ਪੜ੍ਹਦਿਆਂ ਪੁੱਛਦੀ ਹਾਂ।
‘‘ਇਸੇ ਆਟੋ ’ਚ।’’
‘‘ਇਸੇ ਆਟੋ ’ਚ?’’ ਹੁਣ ਮੈਂ ਉਸ ਨੂੰ ਸ਼ੀਸ਼ੇ ਵਿਚ ਦੇਖਦਿਆਂ ਪੁੱਛਦੀ ਹਾਂ।
‘‘ਹਾਂ।’’ ਉਹ ਪਹਿਲੀ ਵਾਰ ਜਵਾਬ ਦਿੰਦਿਆਂ ਸ਼ੀਸ਼ੇ ’ਚੋਂ ਦੇਖਦਾ ਹੈ। ਹਾਲੇ ਮੈਨੂੰ ਉਸ ਦੇ ਜਵਾਬ ਦੀ ਪੂਰੀ ਸਮਝ ਨਹੀਂ ਆਈ। ਮੈਂ ਇਸ ਤੋਂ ਪਹਿਲਾਂ ਕਦੇ ਕਿਸੇ ਬੇਘਰੇ ਬਾਰੇ ਨਹੀਂ ਸੀ ਸੋਚਿਆ। ਕਦੇ ਵਾਹ ਹੀ ਨਹੀਂ ਪਿਆ। ਘਰ ਦਾ ਨਾ ਹੋਣਾ ਕੀ ਹੁੰਦਾ ਹੈ, ਇਕ ਬੇਫ਼ਿਕਰੀ ਨੀਂਦ ਦਾ ਨਾ ਮਿਲਣਾ ਕਿਸੇ ਦੀ ਆਤਮਾ ਵਿਚ ਕਿੱਥੇ ਸੁਰਾਖ਼ ਕਰ ਸਕਦਾ ਹੈ – ਮੈਨੂੰ ਹਾਲੇ ਕੁਝ ਨਹੀਂ ਪਤਾ।
‘‘ਤੁਸੀਂ ਦਿੱਲੀ ਕਦੋਂ ਆਏ ਸੋ?’’
‘‘1979 ਵਿਚ।’’
‘‘ਤੁਸੀਂ ਉਦੋਂ ਤੋਂ ਸੜਕ ’ਤੇ ਹੀ ਹੋ?’’
‘‘ਹਾਂ ਜੀ।’’
ਮਤਲਬ ਉਹ 14 ਸਾਲਾਂ ਤੋਂ ਮੰਜੀ ’ਤੇ ਨਹੀਂ ਸੁੱਤਾ। ਮੈਂ ਉਸ ਨੂੰ ਦੇਖ ਕੇ ਇਹ ਤਾਂ ਆਖ ਸਕਦੀ ਹਾਂ ਕਿ ਉਹ ਗ਼ਰੀਬ ਹੈ, ਕਿ ਉਸ ਕੋਲ ਪੂਰੇ ਕੱਪੜੇ ਨਹੀਂ, ਕਿ ਉਹ ਅਜਿਹੇ ਬੰਦੇ ਵਰਗਾ ਜਾਪਦਾ ਹੈ ਜਿਸ ਨੂੰ ਫਾਕੇ ਕੱਟਣ (ਭੁੱਖੇ ਰਹਿਣ) ਦੀ ਆਦਤ ਹੈ। ਪਰ ਬੇਘਰਾ? ਬੇਘਰਾ ਤਾਂ ਉਹ ਕਿਤੋਂ ਨਹੀਂ ਜਾਪਦਾ।
‘‘ਮਤਲਬ ਤੁਸੀਂ ਇਸ ਤਿੰਨ ਫੁੱਟ ਦੀ ਸੀਟ ’ਤੇ ਸੌਂਦੇ ਹੋ?’’
‘‘ਹਾਂ।’’
‘‘ਤੇ ਤੁਹਾਡੀਆਂ ਚੀਜ਼ਾਂ?’’
ਉਹ ਦੱਸਦਾ ਹੈ ਕਿ ਆਟੋ ਦੀ ਪਿਛਲੀ ਸੀਟ ਥੱਲੇ ਉਸ ਦਾ ਬਕਸਾ ਹੈ, ਜਿਸ ਵਿਚ ਇਕ ਕੰਬਲ ਹੈ। ਇਕ ਜੋੜੀ ਕੱਪੜੇ। ਇਕ ਕਟੋਰਾ, ਜੋ ਪਾਣੀ ਪੀਣ ਤੇ ਖਾਣਾ ਖਾਣ ਦੇ ਕੰਮ ਆਉਂਦਾ ਹੈ।
‘‘ਤੁਸੀਂ ਖਾਣਾ ਕਿੱਥੇ ਖਾਂਦੇ ਹੋ?’’
‘‘ਕਿਸੇ ਢਾਬੇ ’ਚ ਖਾ ਲੈਂਦਾ ਹਾਂ।’’
‘‘ਤੇ ਬਾਥਰੂਮ ਲਈ?’’
‘‘ਪਬਲਿਕ ਪਖ਼ਾਨਾ ਹੈ। ਨਹਾ ਮੈਂ ਕਿਤੇ ਵੀ ਲੈਂਦਾ ਹਾਂ। ਸੜਕ ਕੰਢੇ ਕਿਸੇ ਨਲਕੇ ਤੋਂ। ਅਕਸਰ ਪੰਜਕੂਈਆਂ ਰੋਡ ’ਤੇ ਨਹਾਉਂਦਾ ਹਾਂ ਐਤਵਾਰ ਨੂੰ। ਉੱਥੇ ਮੇਰੇ ਵਰਗੇ ਕਈ ਹੋਰ ਵੀ ਆਉਂਦੇ ਹਨ।’’
ਮੇਰਾ ਘਰ ਆ ਗਿਆ ਹੈ। ਮੈਂ ਉਸ ਦਾ ਮੀਟਰ ਦੇਖਦੀ ਹਾਂ ਤਾਂ ਸ਼ੱਕ ਹੁੰਦਾ ਹੈ ਕਿ ਕਿਤੇ ਇਹ ਰੁਕਿਆ ਹੋਇਆ ਤਾਂ ਨਹੀਂ? ਮੈਂ ਪੁੱਛਦੀ ਹਾਂ, ‘‘ਤੁਹਾਡਾ ਮੀਟਰ ਤਾਂ ਠੀਕ ਹੈ?’’ ਉਹ ਕਹਿੰਦਾ ਹੈ, ‘‘ਜੀ ਬਿਲਕੁਲ ਠੀਕ ਹੈ। ਪਿਛਲੇ ਛੇ ਸਾਲਾਂ ਤੋਂ ਇਕ ਪੈਸੇ ਦਾ ਫ਼ਰਕ ਨਹੀਂ ਪਿਆ।’’
ਮੈਂ ਉਤਰਦਿਆਂ ਉਸ ਨੂੰ ਪੁੱਛਦੀ ਹਾਂ – ‘‘ਸੁਣੋ, ਅਸੀਂ ਕੱਲ੍ਹ ਕਿਸੇ ਸਮੇਂ ਮਿਲ ਸਕਦੇ ਹਾਂ?’’
‘‘ਕਿਉਂ?’’ ਉਹ ਜਾਨਣਾ ਚਾਹੁੰਦਾ ਹੈ।
‘‘ਮੈਂ ਤੁਹਾਡੇ ਬਾਰੇ ਸਭ ਕੁਝ ਜਾਨਣਾ ਚਾਹੁੰਦੀ ਹਾਂ।’’
‘‘ਉਸ ਨਾਲ ਕੀ ਹੋਵੇਗਾ?’’
‘‘ਕੀ?’’ ਮੈਂ ਪੁੱਛਿਆ।
‘‘ਕੀ ਫਿਰ ਸਰਕਾਰ ਮੇਰੇ ਲਈ ਕੁਝ ਕਰੇਗੀ?’’
‘‘ਇਹ ਤਾਂ ਮੈਂ ਆਖ ਨਹੀਂ ਸਕਦੀ। ਪਰ ਜੇ ਤੁਸੀਂ ਗੱਲ ਕਰੋਗੇ ਤਾਂ ਘੱਟੋ-ਘੱਟ ਆਮ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਬਾਰੇ ਪਤਾ ਲੱਗੇਗਾ।’’
‘‘ਤੇ ਤੁਹਾਨੂੰ ਕੀ ਮਿਲੇਗਾ?’’
‘‘ਮੈਂ ਆਪਣਾ ਕੰਮ ਕਰਾਂਗੀ। ਮੈਂ ਰੇਡੀਓ ਲਈ ਪ੍ਰੋਗਰਾਮ ਬਣਾ ਰਹੀ ਹਾਂ।’’
‘‘ਠੀਕ। ਮੈਂ ਸਮਝ ਗਿਆ। ਤੁਹਾਡੇ ਕੋਲ ਵੀ ਤਾਂ ਕੋਈ ਤਾਕਤ ਨਹੀਂ। ਤੁਸੀਂ ਵੀ ਮੇਰੇ ਵਰਗੇ ਹੀ ਹੋ। ਮੈਂ ਸੜਕ ’ਤੇ ਸਵਾਰੀਆਂ ਲੱਭਦਾਂ, ਤੁਸੀਂ ਕਹਾਣੀ। ਜੇ ਮੇਰੀ ਕਹਾਣੀ ਸੁਣ ਕੇ ਤੁਹਾਡਾ ਕੰਮ ਹੁੰਦਾ ਹੈ ਤਾਂ ਮੈਂ ਆ ਜਾਵਾਂਗਾ। … ਸਵੇਰੇ ਦਸ ਵਜੇ।’’
ਅਗਲੇ ਦਿਨ ਉਹ ਮੇਰੇ ਘਰ ਪੁੱਜਦਾ ਹੈ। ਕਰੀਬ ਸਾਢੇ ਪੰਜ ਫੁੱਟ ਦਾ ਮਾੜਚੂ ਜਿਹਾ, ਵੱਡੇ ਕਮਰੇ ਦੇ ਦਰਵਾਜ਼ੇ ’ਤੇ ਹੀ ਸੁੰਗੜ ਜਾਂਦਾ ਹੈ। ਸੋਫੇ ਉੱਤੇ ਨਹੀਂ, ਫ਼ਰਸ਼ ’ਤੇ ਹੀ ਬੈਠ ਜਾਂਦਾ ਹੈ।
‘‘ਮੈਂ ਇੱਥੇ ਹੀ ਠੀਕ ਹਾਂ, ਮੈਂ ਤੁਹਾਡਾ ਸੋਫ਼ਾ ਗੰਦਾ ਨਹੀਂ ਕਰਨਾ ਚਾਹੁੰਦਾ।’’
ਮੈਂ ਕੱਲ੍ਹ ਦੀ ਆਪਣੀ ਜਾਣ-ਪਛਾਣ ਦੇ ਨਾਤੇ ਉਸ ਵੱਲ ਵੇਖ ਕੇ ਦੋਸਤਾਨਾ ਤਰੀਕੇ ਨਾਲ ਮੁਸਕਰਾਉਂਦੀ ਹਾਂ। ਉਸ ਦੇ ਸਰੀਰ, ਚਿਹਰੇ, ਹੱਥਾਂ-ਪੈਰਾਂ ’ਤੇ ਇੰਨੀਆਂ ਨੀਲੀਆਂ ਰਗ਼ਾਂ ਹਨ- ਮੈਂ ਅਜਿਹਾ ਪਹਿਲਾਂ ਨਹੀਂ ਸੀ ਦੇਖਿਆ। ਉਹ ਬੈਠਦਾ ਹੈ ਤਾਂ ਜਿਵੇਂ ਉਸ ਦੀ ਸਾਰੀ ਭੁੱਖ-ਪਿਆਸ ਨਾਲ ਹੀ ਬੈਠ ਜਾਂਦੀ ਹੈ।
‘‘ਕੁਝ ਚਾਹ ਵਗ਼ੈਰਾ ਲਵੋਗੇ?’’
ਉਹ ਕੁਝ ਝਿਜਕਦਾ ਹੈ, ਸ਼ਰਮਾਉਂਦਾ ਹੈ। ਸੈਂਡੀ, ਮੇਰੇ ਹਾਰਵਰਡ ਦੇ ਦਿਨਾਂ ਦਾ ਸਾਥੀ, ਆਪਣਾ ਟੇਪਰਿਕਾਰਡਰ ਲਗਾ ਰਿਹਾ ਹੈ। ਲਾਤੀਨੀ (ਦੱਖਣੀ) ਅਮਰੀਕੀ ਮੁਲਕਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਸ ਦਾ ਵਾਸਤਾ ਭਾਰਤੀ ਗ਼ਰੀਬੀ ਨਾਲ ਪੈ ਰਿਹਾ ਹੈ। ਅਸੀਂ ਅਮਰੀਕਾ ਦੇ ਨੈਸ਼ਨਲ ਪਬਲਿਕ ਰੇਡੀਓ ਲਈ ‘ਅੰਨ ਤੇ ਭੁੱਖ’ ਵਿਸ਼ੇ ਉੱਤੇ ਪ੍ਰੋਗਰਾਮ ਬਣਾ ਰਹੇ ਸਾਂ ਕਿ ਮੈਨੂੰ ਇਹ ਆਟੋ ਡਰਾਈਵਰ ਮਿਲ ਗਿਆ। ਹੁਣ ਅਸੀਂ ਉਸ ਦੀ ਨੀਂਦ ਬਾਰੇ ਜਾਨਣਾ ਚਾਹੁੰਦੇ ਹਾਂ, ਅਸੰਭਵ ਨੀਂਦ ਬਾਰੇ। ਮੈਂ ਚਾਹ ਬਣਾ ਲਿਆਉਂਦੀ ਹਾਂ ਤਾਂ ਕਿ ਉਸ ਦੀ ਝਿਜਕ ਕੁਝ ਘਟੇ।
‘‘ਕੀ ਨਾਂ ਹੈ ਤੁਹਾਡਾ?’’
‘‘ਰਾਜਾ ਰਾਮ’’
‘‘ਘਰ ਕਿੱਥੇ ਹੈ?’’
‘ਉਨਾਉਂ, ਯੂਪੀ ਵਿਚ।’’
ਉਹ ਦੱਸਦਾ ਹੈ ਕਿ ਪਹਿਲਾਂ ਅੱਠ ਸਾਲ ਰਿਕਸ਼ਾ ਚਲਾਉਂਦਾ ਰਿਹਾ, ਚਾਂਦਨੀ ਚੌਕ ਵਿਚ। ਫਿਰ ਇਕ ਦਿਆਲੂ, ਅਮੀਰ ਆਦਮੀ ਉਸ ਨੂੰ ਮਿਲਿਆ।
‘‘ਮੈਂ ਡੇਢ ਸਾਲ ਉਸ ਦੀ ਸੇਵਾ ਕੀਤੀ, ਰੋਜ਼ਾਨਾ ਲੈ ਕੇ ਜਾਂਦਾ, ਪੈਸਾ ਕੋਈ ਨਹੀਂ ਲਿਆ। ਖ਼ੁਸ਼ ਹੋ ਕੇ ਉਸ ਨੇ ਮੈਨੂੰ ਇਹ ਪੁਰਾਣਾ ਆਟੋ ਲੈ ਦਿੱਤਾ।’’
‘‘ਉਸ ਤੋਂ ਪਹਿਲਾਂ ਕੀ ਕਰਦੇ ਸੀ?’’
‘‘ਪਿੰਡ ਵਿਚ ਸਾਂ… ਖੇਤ ਮਜ਼ਦੂਰੀ। ਘਰ ਬਾਰਸ਼ਾਂ ਵਿਚ ਢਹਿ ਗਿਆ ਤਾਂ ਮੁੜ ਬਣਵਾ ਨਾ ਸਕਿਆ। ਭੁੱਖਮਰੀ ਸੀ। ਇਕ ਦਿਨ ਦਿੱਲੀ ਆਉਣ ਦਾ ਫ਼ੈਸਲਾ ਕਰ ਲਿਆ।’’
‘‘ਪਿੰਡ ਕੋਈ ਜ਼ਮੀਨ ਨਹੀਂ ਸੀ?’’
‘‘ਨਹੀਂ, ਸਾਡੇ ਕੋਲ ਪੁਸ਼ਤਾਂ ਤੋਂ ਕਦੇ ਜ਼ਮੀਨ ਨਹੀਂ ਸੀ। 14-15 ਸਾਲਾਂ ਦਾ ਸਾਂ ਮੇਰਾ ਪਿਉ ਅੰਨ੍ਹਾ ਹੋ ਗਿਆ। ਮੈਨੂੰ ਪਿੰਡ ਵਿਚ ਕੋਈ ਕੰਮ ਨਹੀਂ ਸੀ ਮਿਲਦਾ।’’
‘‘ਦਿੱਲੀ ਹੀ ਕਿਉਂ ਆਏ?’’
‘‘ਪਿੰਡ ਮੈਂ ਸਿਰ ’ਤੇ ਵਜ਼ਨ ਢੋਂਦਾ ਸਾਂ। ਇਕ ਰਾਤ ਸੋਚਿਆ ਕਿ ਮੇਰੇ ਸਿਰ ’ਤੇ ਛੱਤ ਤਾਂ ਉਂਝ ਵੀ ਨਹੀਂ। ਕੀ ਫ਼ਰਕ ਪੈਂਦੈ, ਪਿੰਡ ਖੁੱਲ੍ਹੇ ’ਚ ਸੌਂਵਾਂ ਜਾਂ ਦਿੱਲੀ ਦੀਆਂ ਸੜਕਾਂ ’ਤੇ? ਪਹਿਲਾਂ ਕਾਨਪੁਰ ਗਿਆ, ਉੱਥੋਂ ਦਿੱਲੀ।’’
‘‘ਇੱਥੇ ਆਣ ਕੇ ਖ਼ੁਸ਼ ਹੋ?’’
‘‘ਢਿੱਡ ਭਰਨ ਆਇਆ ਸਾਂ, ਖ਼ੁਸ਼ੀ ਹੈ ਕਿ ਭਰ ਲੈਂਦਾ ਹਾਂ। ਆਟੋ ਚਲਾਉਂਦਾ ਹਾਂ, ਸਿਰ ’ਤੇ ਭਾਰ ਢੋਣ ਨਾਲੋਂ ਤਾਂ ਠੀਕ ਹੀ ਹੈ। ਹੈ ਕਿ ਨਹੀਂ?’’
ਮੈਂ ਨਹੀਂ ਜਾਣਦੀ ਕਿ ਸਿਰ ’ਤੇ ਭਾਰ ਢੋਂਦਿਆਂ ਇਹ ਦੁਨੀਆਂ ਕਿਹੋ ਜਿਹੀ ਦਿਖਾਈ ਦਿੰਦੀ ਹੈ, ਸੜਕ ’ਤੇ ਸੌਂਦਿਆਂ ਕਿਹੋ ਜਿਹੀ ਅਤੇ ਆਟੋ ਵਿਚ ਰਹਿੰਦਿਆਂ ਕਿਹੋ ਜਿਹੀ। ਮੇਰੇ ਕੋਲ ਉਸ ਦੇ ਸਵਾਲ ਦਾ ਕੋਈ ਜਵਾਬ ਨਹੀਂ।
‘‘ਆਟੋ ਚਲਾਉਂਦਿਆਂ ਕਿੰਝ ਲੱਗਦਾ ਹੈ?’’
‘‘ਆਟੋ ਚਲਾਉਣਾ ਬਹੁਤ ਔਖਾ ਹੈ, ਹਰ ਵੇਲੇ ਖੜ-ਖੜ ਕਰਦਾ ਰਹਿੰਦੈ। ਜਵਾਨ ਡਰਾਈਵਰਾਂ ਲਈ ਤਾਂ ਠੀਕ ਹੈ ਪਰ ਮੇਰੇ ਵਰਗਿਆਂ ਲਈ ਨਹੀਂ। ਚਾਰੇ ਪਾਸੇ ਧੂੰਆਂ। ਮੈਨੂੰ ਤਾਂ ਉਦੋਂ ਚੰਗਾ ਲੱਗਦੈ, ਜਦੋਂ ਕੋਈ ਗਾਹਕ ਕਿਸੇ ਖੁੱਲ੍ਹੀ ਥਾਂ ਵੱਲ ਜਾ ਰਿਹਾ ਹੋਵੇ…।’’
‘‘ਤੁਹਾਡੀ ਖੰਘ ਵੀ ਧੂੰਏਂ ਕਾਰਨ ਹੀ ਹੈ?’’
‘‘ਪਤਾ ਨਹੀਂ। ਸ਼ਾਇਦ ਰੱਬ ਦੀ ਸਜ਼ਾ ਹੋਵੇ। ਮੈਂ ਤਾਂ ਬੱਸ ਇੰਨਾ ਜਾਣਦਾਂ ਕਿ ਧੂੰਏਂ ਵਿਚ ਸਾਹ ਲੈਦਿਆਂ ਹੀ ਮੇਰਾ ਅੰਦਰ ਸੁੰਗੜ ਜਾਂਦੈ।’’
‘‘ਉਮਰ ਕਿੰਨੀ ਕੁ ਹੋਵੇਗੀ?’’
‘‘ਕੀ ਪਤਾ? ਸ਼ਾਇਦ ਪੰਜਾਹ ਸਾਲ। ਬੱਸ ਇੰਨਾ ਯਾਦ ਹੈ ਕਿ ਸੰਨ ’62 ਵਿਚ ਮੈਂ ਪੰਜਵੀਂ ’ਚ ਪੜ੍ਹਦਾ ਸਾਂ ਤੇ ਅੱਠ ਸਾਲਾਂ ਦੀ ਉਮਰ ਵਿਚ ਸਕੂਲੇ ਜਾਣ ਲੱਗਾ ਸਾਂ।’’
ਮੈਂ ਹਿਸਾਬ ਲਾਇਆ ਕਿ ਇਹ 40 ਸਾਲਾਂ ਤੋਂ ਵੱਧ ਦਾ ਨਹੀਂ ਹੋਵੇਗਾ। ਤਾਂ ਕੀ ਉਸ ਦੇ ਥਕੇਵੇਂ ਦੇ ਸਾਰੇ ਸਾਲ ਉਸ ਦੀ ਉਮਰ ਵਿਚ ਜੁੜ ਗਏ?
‘‘ਤੁਹਾਡੇ ਲਈ ਕੋਈ ਅੱਛਾ ਦਿਨ ਕਿਹੋ ਜਿਹਾ ਹੁੰਦਾ ਹੈ?’’
‘ਅੱਛਾ ਦਿਨ’ ਕਹਿੰਦਿਆਂ ਹੀ ਮੇਰੇ ਮੂੰਹ ਵਿਚ ਪਾਣੀ ਆ ਗਿਆ। ਮੀਂਹ ਨਾਲ ਧੋਤੇ ਪੱਤੇ, ਗਿੱਲੀ-ਗਿੱਲੀ ਹਵਾ, ਅੱਧ-ਗਿੱਲੀਆਂ ਸੜਕਾਂ – ਸਭ ਅੱਖਾਂ ਅੱਗੇ ਘੁੰਮ ਜਾਂਦੇ ਹਨ।
‘‘ਮੈਨੂੰ ਨਹੀਂ ਪਤਾ ਅੱਛਾ ਦਿਨ ਕੀ ਹੁੰਦੈ। ਦੋ ਡੰਗ ਦੀ ਰੋਟੀ ਮਿਲ ਜਾਵੇ ਤਾਂ ਵੱਡੀ ਗੱਲ ਹੈ।’’
ਮੇਰੇ ਲਈ ਇਹ ਪਹਿਲਾ ਸਬਕ ਸੀ। ਇੱਕੋ ਸ਼ਹਿਰ ਵਿਚ ਰਹਿੰਦਿਆਂ ਵੀ ਅਸੀਂ ਦੋ ਵੱਖੋ-ਵੱਖ ਮੌਸਮਾਂ ਵਿਚ ਰਹਿੰਦੇ ਹਾਂ। ਅੰਨ ਤੇ ਭੁੱਖ ਦੇ ਮੌਸਮ ’ਚ। ਘਰ ਤੇ ਬੇਘਰੀ ਦੇ ਮੌਸਮ ’ਚ।
‘‘ਤੁਹਾਨੂੰ ਆਪਣੀ ਜ਼ਿੰਦਗੀ ਦੀ ਕੋਈ ਦਿਲਚਸਪ ਘਟਨਾ ਚੇਤੇ ਹੈ?’’
‘‘ਮੇਰੀ ਜ਼ਿੰਦਗੀ ਵਿਚ ਅਜਿਹਾ ਕੁਝ ਨਹੀਂ, ਜਿਸ ਨੂੰ ਮੈਂ ਯਾਦ ਕਰ ਸਕਾਂ।’’
‘‘ਤੁਸੀਂ ਕੱਲ੍ਹ ਕਿਹਾ ਸੀ ਕਿ ਤੁਸੀਂ ਆਟੋ ਵਿਚ ਰਹਿੰਦੇ ਹੋ?’’
‘‘ਹਾਂ, ਹਾਲਾਂਕਿ ਮੇਰੇ ਲਾਇਸੈਂਸ ਵਿਚ ਕਨਾਟ ਪਲੇਸ ਦੀ ਇਕ ਦੁਕਾਨ ਦਾ ਪਤਾ ਲਿਖਿਐ। ਪਰ ਮੈਂ ਆਟੋ ਵਿਚ ਹੀ ਸੌਂਦਾ ਹਾਂ। ਖਾਣਾ ਢਾਬੇ ਵਿਚ। ਦਸ-ਪੰਦਰਾਂ ਦਿਨਾਂ ਵਿਚ ਕਦੇ ਰੋਡ ਸਾਈਡ ਰੁਕ ਕੇ ਨਹਾਉਂਦਾ ਹਾਂ। ਉਹ ਛੁੱਟੀ ਦਾ ਦਿਨ ਹੁੰਦੈ। ਕੱਪੜੇ ਧੋਂਦਾਂ, ਸੁਕਾਉਂਦਾਂ। ਜਦੋਂ ਸੁੱਕ ਜਾਂਦੇ ਨੇ, ਉਨ੍ਹਾਂ ਨੂੰ ਪਹਿਨ ਕੇ ਮੁੜ ਸੜਕ ’ਤੇ ਆ ਜਾਂਦਾਂ।’’
‘‘ਆਟੋ ਵਿਚ ਸੌਂਦਿਆਂ ਕਿੰਝ ਲੱਗਦਾ?’’
‘‘ਆਟੋ ਵਿਚ ਕਾਹਦਾ ਸੌਣਾ? ਮੈਂ ਦੋ-ਤਿੰਨ ਘੰਟੇ ਸੌਂਦਾਂ। ਸਿੱਧਾ ਲੇਟ ਨਹੀਂ ਸਕਦਾ, ਨਾ ਕਰਵਟ ਲੈ ਸਕਦਾ ਹਾਂ।’’
‘‘ਕਦੇ ਕਿਸੇ ਪਾਰਕ ਵਿਚ ਜਾ ਕੇ ਸੌਣ ਨੂੰ ਦਿਲ ਨਹੀਂ ਕਰਦਾ? ਜਾਂ ਸੜਕ ਕੰਢੇ ਹੀ?’’
‘‘ਨਹੀਂ, ਆਪਣਾ ਆਟੋ ਛੱਡ ਕੇ ਕਿਵੇਂ ਜਾ ਸਕਦਾ ਹਾਂ।’’
‘‘ਫਿਰ ਤਾਂ ਤੁਹਾਨੂੰ ਨੀਂਦ ਦੀਆਂ ਝਪਕੀਆਂ ਹੀ ਆਉਂਦੀਆਂ ਹੋਣੀਆਂ?’’
‘‘ਮੇਰਾ ਸਰੀਰ ਇੰਨੇ ਚਿਰਾਂ ਤੋਂ ਜਾਗਦਾ ਹੈ ਕਿ ਮੈਂ ਹੁਣ ਜ਼ਿਆਦਾ ਸਮਾਂ ਸੌਂ ਹੀ ਨਹੀਂ ਸਕਦਾ। ਜੇ ਕਿਸੇ ਦਿਨ ਚੰਗੀ ਨੀਂਦ ਆ ਵੀ ਜਾਵੇ ਤਾਂ ਪੁਲੀਸ ਆ ਜਾਂਦੀ ਹੈ। ਉਹ ਜਗਾ ਕੇ ਕਿਤੇ ਹੋਰ ਜਾ ਕੇ ਸੌਣ ਨੂੰ ਆਖਦੇ ਨੇ। ਅਜਿਹੀਆਂ ਰਾਤਾਂ ਬੜੀਆਂ ਔਖੀਆਂ ਗੁਜ਼ਰਦੀਆਂ ਨੇ। ਰਾਤ ਭਰ ਇਕ ਤੋਂ ਦੂਜੀ ਥਾਂ ਭਟਕਣਾ ਪੈਂਦੈ।’’
‘‘ਰਾਤੀਂ ਆਟੋ ਚਲਾਉਂਦੇ ਹੋ?’’
‘‘ਹਾਂ ਜੇ ਕੋਈ ਸਵਾਰੀ ਆ ਜਾਵੇ ਤੇ ਮੇਰੇ ਵਿਚ ਹਿੰਮਤ ਹੋਵੇ ਤਾਂ ਚਲਾ ਜਾਂਦਾ ਹਾਂ।’’
ਉਸ ਦਾ 14 ਸਾਲਾਂ ਦਾ ਉਨੀਂਦਰਾ, ਉਸੇ ਉਨੀਂਦਰੇ ’ਚ ਫੈਲੀਆਂ ਦਿੱਲੀ ਦੀਆਂ ਸੜਕਾਂ, ਸਾਡੀਆਂ ਸਭਨਾਂ ਦੀਆਂ 14 ਸਾਲਾਂ ਦੀਆਂ ਆਰਾਮਦੇਹ ਰਾਤਾਂ – ਜਿਵੇਂ ਕੋਈ ਪੰਡ ਖੁਲ੍ਹ ਕੇ ਖਿੱਲਰ ਗਈ ਹੋਵੇ। ਜਿਵੇਂ ਉਸ
ਦੇ ਉਨੀਂਦਰੇ ਦੇ ਪਾਪ ਵਿਚ ਸਾਡੇ ਸਭ ਦੇ ਆਰਾਮ
ਦਾ ਹੱਥ ਹੋਵੇ।
‘‘ਮਹੀਨੇ ਵਿਚ ਕਿੰਨੀ ਕਮਾਈ ਹੋ ਜਾਂਦੀ ਏ?’’
‘‘ਕੋਈ ਤੈਅ ਨਹੀਂ। ਕਦੇ ਇਕ ਘੰਟੇ ’ਚ ਤਿੰਨ ਸਵਾਰੀਆਂ ਮਿਲ ਜਾਂਦੀਆਂ ਤੇ ਕਦੇ ਸਾਰੇ ਦਿਨ ’ਚ ਕੋਈ ਨਹੀਂ… ਮੇਰੀ ਕਮਾਈ ਤਾਂ ਤੁਹਾਡੇ ’ਤੇ ਮੁਨੱਸਰ ਹੈ, ਤੁਸੀਂ ਘਰੋਂ ਨਿਕਲੋਗੇ, ਆਟੋ ਲਵੋਗੇ, ਤਾਂ ਮੇਰਾ ਦਿਨ ਵਧੀਆ ਹੋਵੇਗਾ। … ਉਂਝ ਰੋਜ਼ਾਨਾ ਸੌ ਕੁ ਰੁਪਏ ਬਣ ਜਾਂਦੇ ਹੋਣਗੇ। ਖ਼ਰਚਾ-ਪਾਣੀ ਕੱਢ ਕੇ 25 ਕੁ ਬਚ ਜਾਂਦੇ ਨੇ।’’
‘‘ਕੁਝ ਜਮ੍ਹਾਂ ਕਰ ਲੈਂਦੇ ਹੋ?’’
‘‘ਹਾਂ, ਕਦੇ 10, ਕਦੇ 5 ਰੁਪਏ। ਕਦੇ ਜਮ੍ਹਾਂ ਰਕਮ ’ਚੋਂ ਹੀ ਖਾਣਾ ਪੈਂਦਾ।’’ ਉਹ ਦੱਸਦਾ ਹੈ ਕਿ ਜਮ੍ਹਾਂ ਪੈਸੇ ਉਹ ਇਕ-ਦੋ ਮਹੀਨੇ ਬਾਅਦ ਦੋ-ਤਿੰਨ ਸੌ ਹੋਣ ’ਤੇ ਬੈਂਕ ਜਮ੍ਹਾਂ ਕਰਵਾ ਦਿੰਦਾ ਹੈ। ਉਸੇ ਭਲੇ ਅਮੀਰ ਆਦਮੀ ਨੇ ਉਸ ਦਾ ਖ਼ਾਤਾ ਖੁਲ੍ਹਵਾ ਦਿੱਤਾ ਸੀ। ਉਸ ਨੇ 12 ਹਜ਼ਾਰ ਜਮ੍ਹਾਂ ਕੀਤੇ ਸਨ। ਫਿਰ ਪਿੰਡ ਜਾ ਕੇ ਆਪਣੀ ਜ਼ਮੀਨ ਦੀ ਚਾਰਦੀਵਾਰੀ ਕਰਵਾ ਲਈ ਜਿਸ ’ਤੇ 11000 ਰੁਪਏ ਖ਼ਰਚ ਹੋ ਗਏ। ਉਹ ਉੱਥੇ ਹੌਲੀ-ਹੌਲੀ ਕਮਰਾ ਬਣਵਾਉਣਾ ਚਾਹੁੰਦਾ ਹੈ। ਭਾਵੇਂ ਪਿੱਛੇ ਉਸ ਦੇ ਘਰ ਕੋਈ ਨਹੀਂ ਹੈ, ਪਰ ਉਹ ਆਪਣਾ ਬੁਢਾਪਾ ਪਿੰਡ ਵਿਚ ਹੀ ਗੁਜ਼ਾਰਨਾ ਚਾਹੁੰਦਾ ਹੈ।
‘‘ਉੱਥੇ ਚਾਰਦੀਵਾਰੀ ਕਰਵਾਉਣ ਨਾਲੋਂ ਉਸ ਪੈਸੇ ਨਾਲ ਦਿੱਲੀ ਵਿਚ ਕੋਈ ਛੋਟੀ-ਮੋਟੀ ਥਾਂ ਦੇਖ ਲੈਂਦੇ।’’
‘‘ਦਿੱਲੀ ਮੇਰਾ ‘ਘਰ’ ਤਾਂ ਨਹੀਂ ਨਾ। ਹਰ ਵੇਲ਼ੇ ਪਿੰਡ ਬਾਰੇ ਸੋਚਦਾ ਹਾਂ। ਜਿੱਥੇ ਪੈਦਾ ਹੋਇਆ, ਉੱਥੇ ਹੀ ਮਰਨਾ ਚਾਹੁੰਦਾ ਹਾਂ।’’
‘‘ਵਿਆਹ ਨਹੀਂ ਕਰਵਾਇਆ?’’
‘‘ਨਹੀਂ। ਵਿਆਹ ਦੀ ਉਮਰੇ ਦਿਨ ਵਿਚ ਦੋ-ਤਿੰਨ ਰੁਪਏ ਹੀ ਕਮਾ ਸਕਦਾ ਸਾਂ। ਪਿਉ ਅੰਨ੍ਹਾ ਸੀ। ਦੋ ਰੁਪਿਆਂ ਦਾ ਦੋ ਕਿਲੋ ਆਟਾ ਆਉਂਦਾ ਸੀ ਜਿਸ ਨਾਲ ਸਿਰਫ਼ ਦੋ ਜਣਿਆਂ ਦਾ ਗੁਜ਼ਾਰਾ ਹੋ ਸਕਦਾ ਸੀ। ਮੈਂ ਸਮਝ ਗਿਆ ਸਾਂ ਕਿ ਮੇਰੀ ਕਿਸਮਤ ਵਿਚ ਵਿਆਹ ਨਹੀਂ।’’
‘‘ਇਸ ’ਤੇ ਦੁੱਖ ਹੁੰਦਾ ਹੋਵੇਗਾ?’’
‘‘ਨਹੀਂ ਨਹੀਂ। ਮੈਂ ਤਾਂ ਖ਼ੁਦ ਨੂੰ ਭਾਗਾਂ ਵਾਲਾ ਸਮਝਦਾਂ ਕਿ ਮੇਰਾ ਕੋਈ ਪਰਿਵਾਰ ਨਹੀਂ, ਜ਼ਿੰਮੇਵਾਰੀ ਨਹੀਂ। ਵਿਆਹ ਕਰਵਾ ਲੈਂਦਾ ਤਾਂ ਔਰਤ ਦਾ ਢਿੱਡ ਭਰਨ ਲਈ ਪਿਉ ਨੂੰ ਭੁੱਖਾ ਰੱਖਣਾ ਪੈਂਦਾ। ਤੁਸੀਂ ਹੀ ਦੱਸੋ ਇਕ ਔਰਤ ਕਿਸ ਕੰਮ ਦੀ?’’
ਭੁੱਖੇ ਤੇ ਬੇਘਰੇ ਆਦਮੀ ਲਈ ਔਰਤ ਕਿਸ ਕੰਮ ਦੀ? ਦੱਸੋ ਕਿਸੇ ਕੋਲ ਹੈ ਇਸ ਦਾ ਜਵਾਬ?
‘‘ਕੀ ਆਟੋ ਨਾਲ ਸਾਈਕਲ-ਰਿਕਸ਼ਾ ਨਾਲੋਂ ਵੱਧ ਕਮਾਈ ਹੁੰਦੀ ਹੈ?’’
‘‘ਕੁੱਲ ਮਿਲਾ ਕੇ ਓਨੀ ਕੁ ਹੀ ਹੁੰਦੀ ਹੈ। ਫ਼ਰਕ ਹੈ ਸਰੀਰਕ ਮਿਹਨਤ ਦਾ। ਰਿਕਸ਼ੇ ਵਿਚ ਬਹੁਤ ਜ਼ੋਰ ਲੱਗਦਾ, ਉਸ ਲਈ ਖ਼ੁਰਾਕ ਚਾਹੀਦੀ ਹੈ। ਆਟੋ ਲਈ ਪੈਟਰੋਲ ਚਾਹੀਦਾ। ਬਚਦਾ ਦੋਵਾਂ ’ਚ ਓਨਾ ਕੁ ਹੀ ਹੈ।’’
‘‘ਪਹਿਲੀ ਵਾਰ ਆਟੋ ਲਿਆ ਤਾਂ ਕਿੰਝ ਲੱਗਿਆ ਸੀ?’’
‘ਪਹਿਲੇ ਦਿਨ ਲੱਗਾ ਕਿ ਮੈਂ ਛੇਤੀ ਹੀ ਅਮੀਰ ਹੋ ਜਾਵਾਂਗਾ। ਇੰਨੇ ਸਾਲ ਕਿਸ਼ਤਾਂ ਭਰਦਾ ਰਿਹਾ, ਮੁਰੰਮਤ ਦੇ ਖ਼ਰਚੇ ਕੀਤੇ, ਜਮ੍ਹਾਂ ਰਕਮ ’ਚੋਂ ਖਾਂਦਾ ਰਿਹਾ। ਅਮੀਰ ਨਹੀਂ ਹੋ ਸਕਿਆ।’’
‘‘ਸਾਰਾ ਦਿਨ ਆਟੋ ਚਲਾਉਂਦਿਆਂ ਕੀ ਸੋਚਦੇ ਹੋ?’’
‘‘ਸਾਰਾ ਦਿਨ ਕਿੱਥੇ, ਸਿਰਫ਼ ਚਾਰ ਘੰਟੇ ਆਟੋ ਚਲਾਉਂਦਾ ਹਾਂ। … ਚਾਰ ਘੰਟੇ ਨੀਂਦ ਦੇ ਕੱਢ ਦਿਉ। ਦੋ ਘੰਟੇ ਰਾਤੀਂ, ਦੋ ਦਿਨੇ। ਤੁਸੀਂ ਆਪਣਾ ਹੀ ਦੇਖੋ, ਤੁਸੀਂ ਆਟੋ ਲੈਂਦੇ ਹੋ ਤਾਂ ਮੈਂ ਤੁਹਾਨੂੰ 15-20 ਮਿੰਟਾਂ ਵਿਚ ਪਹੁੰਚਾ ਦਿੰਦਾ ਹਾਂ। ਫਿਰ ਸਵਾਰੀ ਦੀ ਉਡੀਕ ਕਰਦਾ ਹਾਂ, ਕਦੇ ਅੱਧਾ ਘੰਟਾ, ਕਦੇ ਇਕ ਘੰਟਾ। ਕਦੇ ਸਾਰਾ ਦਿਨ।’’
‘‘ਮਤਲਬ ਕਿੰਨੇ ਘੰਟੇ ਗੱਡੀ ਚਲਾਉਂਦੇ ਹੋ?’’
‘‘ਚਾਰ ਘੰਟੇ, ਬਾਕੀ 16 ਘੰਟੇ ਇੰਤਜ਼ਾਰ।’’
‘‘ਚਲੋ, ਗੱਡੀ ਚਲਾਉਂਦਿਆਂ ਕੀ ਸੋਚਦੇ ਹੋ?’’
‘‘ਚਲਾਉਂਦੇ ਸਮੇਂ ਪੈਸੇ ਬਾਰੇ ਸੋਚਦਾ ਹਾਂ ਕਿ ਪੈਸਾ ਮਿਲੇਗਾ। ਫਿਰ ਉਸ ਪੈਸੇ ਨੂੰ ਦੂਜੀ ਸਵਾਰੀ ਵਾਲੇ ਪੈਸਿਆਂ ਨਾਲ ਜੋੜ ਦਿੰਦਾ ਹਾਂ… ਫਿਰ ਦੇਖਦਾ ਹਾਂ ਕਿ ਮੈਂ ਪਿੰਡ ਜਾ ਰਿਹਾਂ, ਘਰ ਬਣਵਾ ਰਿਹਾਂ, ਪਰਚੂਨ ਦੀ ਦੁਕਾਨ ਖੋਲ੍ਹ ਰਿਹਾਂ… ਹਰ ਵਾਰ ਇੰਝ ਸੋਚਦਾਂ, ਹਰ ਦਿਨ।’’
‘‘ਤੇ ਜਦੋਂ ਤੁਸੀਂ ਇੰਤਜ਼ਾਰ ਕਰ ਰਹੇ ਹੁੰਦੇ ਹੋ?’’
‘‘ਉਦੋਂ ਸੋਚਦਾਂ ਕਿ ਇਹ ਪਿਛਲੇ ਜਨਮਾਂ ਦਾ ਫ਼ਲ ਹੈ। ਇਸੇ ਕਾਰਨ ਇਸ ਜਨਮ ਵਿਚ ਮੇਰਾ ਕੋਈ ਘਰ ਨਹੀਂ ਤੇ ਮੈਂ ਸੜਕਾਂ ’ਤੇ ਧੱਕੇ ਖਾ ਰਿਹਾਂ…।’’
‘‘ਕਦੇ ਅਗਲੇ ਜਨਮ ਬਾਰੇ ਵੀ ਸੋਚਿਆ ਹੈ?’’
‘‘ਹਾਂ, ਮੈਂ ਖ਼ੁਦ ਨੂੰ ਕਹਿੰਦਾਂ ਕਿ ਜੇ ਮੈਂ ਇਸ ਜਨਮ ਵਿਚ ਕੋਈ ਪਾਪ ਨਾ ਕੀਤਾ, ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਤਾਂ ਸ਼ਾਇਦ ਅਗਲਾ ਜਨਮ ਸੁਖਾਲ਼ਾ ਹੋਵੇ। ਤੁਸੀਂ ਦੇਖਿਆ ਹੈ ਕਿ ਮੈਂ ਆਪਣਾ ਮੀਟਰ ਹਮੇਸ਼ਾ ਠੀਕ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਸਿਰਫ਼ ਪੁਲੀਸ ਕਾਰਨ ਨਹੀਂ ਸਗੋਂ ਇਸ ਲਈ ਕਿ ਮੈਂ ਭਗਵਾਨ ਤੋਂ ਡਰਦਾ ਹਾਂ…।’’
‘‘ਕਿਹੜੇ ਭਗਵਾਨ ਤੋਂ?’’
‘‘ਭਗਵਾਨ ਰਾਮ ਤੋਂ। ਮੈਂ ਹਰ ਸ਼ਾਮ ਬਿਰਲਾ ਮੰਦਰ ਜਾ ਕੇ ਪੂਜਾ ਕਰਦਾ ਹਾਂ। ਉੱਥੇ ਹੀ ਤਾਂ ਤੁਸੀਂ ਮਿਲੇ ਸੀ।’’
‘‘ਪਰ ਉੱਥੇ ਤਾਂ ਭਗਵਾਨ ਰਾਮ ਦੀ ਕੋਈ ਮੂਰਤੀ ਨਹੀਂ। ਉਹ ਤਾਂ ਰਾਧਾ-ਕ੍ਰਿਸ਼ਨ ਦਾ ਮੰਦਰ ਹੈ।’’
‘‘ਹਾਂ, ਪਰ ਭਗਵਾਨ ਵਿਸ਼ਨੂੰ ਦੀ ਮੂਰਤੀ ਹੈ। ਭਗਵਾਨ ਰਾਮ, ਵਿਸ਼ਨੂੰ ਦਾ ਹੀ ਅਵਤਾਰ ਹਨ। ਸਾਨੂੰ ਹਿੰਦੂਆਂ ਨੂੰ ਆਪਣੇ ਭਗਵਾਨ ਤੱਕ ਪੁੱਜਣ ਦੇ ਸਾਰੇ ਰਾਹ ਪਤਾ ਨੇ।’’
‘‘ਮਤਲਬ ਕਦੇ ਕਿਸੇ ਸਵਾਰੀ ਨਾਲ ਬੇਈਮਾਨੀ ਦਾ ਖ਼ਿਆਲ ਦਿਲ ’ਚ ਨਹੀਂ ਆਇਆ?’’
‘‘ਮੈਂ ਪੰਜ ਸਾਲ ਦਾ ਸਾਂ, ਮੇਰੀ ਮਾਂ ਗੁਜ਼ਰ ਗਈ। ਦੋ ਛੋਟੀਆਂ ਭੈਣਾਂ ਸਨ- ਦੋ ਤੇ ਤਿੰਨ ਸਾਲ ਦੀਆਂ। ਉਹ ਵੀ ਮਰ ਗਈਆਂ। 15 ਸਾਲਾਂ ਦਾ ਸਾਂ ਤਾਂ ਪਿਉ ਅੰਨ੍ਹਾ ਹੋ ਗਿਆ। ਤਾਂ ਮੈਨੂੰ ਲੱਗਿਆ ਕਿ ਇਹ ਭਗਵਾਨ ਦੀ ਦਿੱਤੀ ਸਜ਼ਾ ਹੈ। ਉਦੋਂ ਮੈਂ ਫ਼ੈਸਲਾ ਕੀਤਾ ਕਿ ਮੈਂ ਇਮਾਨਦਾਰੀ ਨਾਲ ਹੀ ਜੀਵਾਂਗਾ, ਭਾਵੇਂ ਕੁਝ ਹੋ ਜਾਵੇ। ਤਾਂ ਹੀ ਮੈਂ ਉਸ ਪੀੜ ਤੇ ਦਰਦ ਤੋਂ ਬਚ ਸਕਾਂਗਾ।’’
‘‘ਤੁਹਾਨੂੰ ਸੱਚਮੁੱਚ ਰੱਬ ’ਤੇ ਵਿਸ਼ਵਾਸ ਹੈ?’’
‘‘ਹਾਂ, ਇਕ ਵਾਰ ਮੈਂ ਅੱਠ ਦਿਨ ਭੁੱਖਾ ਰਿਹਾ ਪਰ ਮਰਿਆ ਨਹੀਂ। ਰੱਬ ਨਾ ਹੁੰਦਾ ਤਾਂ ਕੀ ਮੈਂ ਬਚ ਜਾਂਦਾ?’’
‘‘ਮਤਲਬ ਤੁਸੀਂ ਦਿੱਲੀ ਵਿਚ ਅੱਠ ਦਿਨ ਭੁੱਖੇ ਰਹੇ?’’
‘‘ਹਾਂ। ਉਦੋਂ ਮੈਂ ਹਾਲੇ ਆਟੋ ਲਿਆ ਹੀ ਸੀ। ਸਾਰੇ ਪੈਸੇ ਖ਼ਰਚ ਹੋ ਗਏ ਤੇ ਆਟੋ ਖ਼ਰਾਬ ਹੋ ਗਿਆ। ਨਾ ਮੇਰੇ ਕੋਲ ਇਸ ਦੀ ਮੁਰੰਮਤ ਲਈ ਪੈਸੇ ਸਨ ਨਾ ਖਾਣ ਲਈ। ਮੈਂ ਪਾਣੀ ਪੀ-ਪੀ ਕੇ ਜ਼ਿੰਦਾ ਰਿਹਾ।’’
ਨੁਟ ਹੈਮਸਨ ਦੇ ਨਾਵਲ ‘ਭੁੱਖ’ ਦਾ ਨਾਇਕ ਵੀ ਕੀ ਇੰਝ ਹੀ ਰਿਹਾ ਹੋਵੇਗਾ? ਉਹ ਆਪਣੇ ਮੂੰਹ ਵਿਚ ਪੱਥਰ ਲੈ ਕੇ ਚੂਸਦਾ ਰਹਿੰਦਾ ਤਾਂ ਕਿ ਸਰੀਰ ਨੂੰ ਭੋਜਨ ਦਾ ਭਰਮ ਦਿੱਤਾ ਜਾ ਸਕੇ। ਇਸ ਨੇ ਆਪਣੇ ਮੂੰਹ ਵਿਚ ਕੀ ਰੱਖਿਆ ਹੋਵੇਗਾ? ਕਿਹੜੇ ਸਬਰ ਦਾ ਪੱਥਰ?
‘‘ਕਦੇ ਆਪਣੀਆਂ ਸਵਾਰੀਆਂ ਬਾਰੇ ਵੀ ਸੋਚਦੇ ਹੋ?’’
‘‘ਕਿਸੇ ਹੋਰ ਬਾਰੇ ਸੋਚਣ ਦੀ ਵਿਹਲ ਮੈਨੂੰ ਕਿੱਥੇ? ਮੇਰੀ ਆਪਣੀ ਹਾਲਤ ਹੀ ਐਨੀ ਮਾੜੀ ਹੈ।’’
‘‘ਇੰਨੀ ਟਰੈਫਿਕ ’ਚ ਗੱਡੀ ਚਲਾਉਂਦਿਆਂ ਕਿਵੇਂ ਲੱਗਦਾ?’’
‘‘ਆਸੇ-ਪਾਸੇ ਦੀਆਂ ਗੱਡੀਆਂ ਦਾ ਖ਼ਿਆਲ ਰੱਖਣਾ ਪੈਂਦੈ ਕਿ ਕਿਤੇ ਕੋਈ ਟੱਚ ਨਾ ਹੋ ਜਾਵੇ। ਲਾਲ ਬੱਤੀ ਹੁੰਦਿਆਂ ਹੀ ਮੈਂ ਤਣਾਅ ’ਚ ਆ ਜਾਂਦਾ ਹਾਂ।’’
‘‘ਕੀ ਇਹ ਡਰਾਈਵਿੰਗ ਮੁਸ਼ਕਲ ਹੈ?’’
‘‘ਹੈ ਵੀ ਨਹੀਂ ਵੀ। ਜੇ ਤੁਹਾਡਾ ਧਿਆਨ ਟਿਕਿਆ ਹੈ ਤਾਂ ਕੋਈ ਮੁਸ਼ਕਲ ਨਹੀਂ, ਰਤਾ ਵੀ ਧਿਆਨ ਭਟਕਿਆ ਤਾਂ ਪੈ ਗਿਆ ਪੰਗਾ… ਸਭ ਤੋਂ ਵੱਡੀ ਮੁਸ਼ਕਲ ਧੂੰਏਂ ਦੀ ਹੈ। ਜਦੋਂ ਸਾਹ ਘੁਟ ਰਿਹਾ ਹੋਵੇ ਤਾਂ ਇਹੋ ਕੋਸ਼ਿਸ਼ ਕਰੀਦੀ ਹੈ ਕਿ ਅੱਖਾਂ ਖੁੱਲ੍ਹੀਆਂ ਰਹਿਣ, ਗੱਡੀ ’ਤੇ ਪਕੜ ਬਣੀ ਰਹੇ।’’
‘‘ਕਦੇ ਸੈਲਾਨੀ ਵੀ ਮਿਲਦੇ ਹਨ?’’
‘‘ਹਾਂ, ਕਦੇ ਕਦੇ ਮਿਲ ਜਾਂਦੇ ਨੇ। ਦਿੱਲੀ ਘੁਮਾਉਣ ਲਈ ਕਹਿੰਦੇ ਨੇ, ਚਿੜੀਆ ਘਰ, ਲਾਲ ਕਿਲ੍ਹਾ, ਬਿਰਲਾ ਮੰਦਰ। ਪਰ ਉਹ ਮੈਥੋਂ ਸਵਾਲ ਨਹੀਂ ਪੁੱਛਦੇ, ਗੱਲ ਨਹੀਂ ਕਰਦੇ। ਇਨ੍ਹਾਂ ਅੱਠ ਸਾਲਾਂ ਦੌਰਾਨ ਤੁਸੀਂ ਹੀ ਮੇਰੇ ਨਾਲ ਗੱਲ ਕੀਤੀ।’’
‘‘ਤੁਸੀਂ ਮੇਰੇ ਕੋਲੋਂ ਕੁਝ ਪੁੱਛਣਾ ਹੈ?’’
‘‘ਮੈਂ ਤੁਹਾਨੂੰ ਕੁਝ ਪੁੱਛਣ ਵਾਲਾ ਕੌਣ ਹੁੰਦਾਂ? ਉਂਝ ਵੀ ਮੈਂ ਖ਼ੁਦ ਨੂੰ ਰੱਬ ਭਰੋਸੇ ਛੱਡਿਆ ਹੈ।’’
‘‘ਤੁਹਾਨੂੰ ਕਦੇ ਫਿਰ ਮਿਲਣਾ ਹੋਵੇ?’’
‘‘ਮੈਂ ਹਰ ਸ਼ਾਮ ਬਿਰਲਾ ਮੰਦਰ ਜਾਂਦਾ ਹਾਂ, ਕਰੀਬ 5 ਵਜੇ। ਕੋਈ ਇਕ ਘੰਟਾ ਉੱਥੇ ਰਹਿੰਦਾ ਹਾਂ। ਉੱਥੋਂ ਦੇ ਢਾਬੇ ’ਤੇ ਚਾਹ ਪੀਂਦਾ ਹਾਂ। ਕਦੇ ਉਧਰੋਂ ਲੰਘੋ ਤਾਂ ਨਜ਼ਰ ਮਾਰ ਲੈਣਾ।’’
ਉਹ ਉੱਠਦਾ ਹੈ ਤੇ ਚਲਾ ਜਾਂਦਾ ਹੈ। ਇਕ ਬੇਘਰ ਰਾਜਾ। ਬੇਘਰ ਰਾਮ। ਮੈਂ ਉਸ ਦੇ ਮਾਪਿਆਂ ਬਾਰੇ ਸੋਚਦੀ ਹਾਂ ਜੋ ਉਸ ਦੇ ਜਨਮ ’ਤੇ ਬਹੁਤ ਖ਼ੁਸ਼ ਹੋਏ ਹੋਣਗੇ। ਪਰਿਵਾਰ ਦਾ ਪਹਿਲਾ ਪੁੱਤਰ। ਜਦੋਂ ਉਸ ਦਾ ਨਾਂ ਰਾਜਾ ਰਾਮ ਰੱਖਿਆ ਹੋਵੇਗਾ ਤਾਂ ਸੋਚਿਆ ਹੋਵੇਗਾ ਕਿ ਉਸ ਦੀ ਜ਼ਿੰਦਗੀ ਇਹੋ ਜਿਹੀ ਹੋਵੇਗੀ।
ਜਦੋਂ ਉਸ ਨੇ ਕਿਹਾ ਕਿ ਤੁਸੀਂ ਪਹਿਲੇ ਹੋ ਜਿਸ ਨੇ ਮੇਰੇ ਨਾਲ ਗੱਲ ਕੀਤੀ ਤਾਂ ਉਸ ਦੀ ਆਵਾਜ਼ ਵਿਚ ਬਹੁਤ ਦਰਦ ਸੀ। ਜਦੋਂ ਉਹ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਂ ਕਈ ਕੁਝ ਸੋਚ ਰਹੀ ਸਾਂ ਕਿ ਉਸ ਨੂੰ ਕੁਝ ਰਾਹਤ ਮਿਲ ਸਕੇ। ਮੈਂ ਉਸ ਨੂੰ ਕਿਸੇ ਡਾਕਟਰ ਕੋਲ ਲਿਜਾ ਸਕਦੀ ਹਾਂ ਤਾਂ ਕਿ ਪਤਾ ਲੱਗੇ ਕਿ ਉਸ ਨੂੰ 12 ਸਾਲਾਂ ਤੋਂ ਖੰਘ ਕਿਉਂ ਹੈ? ਜਾਂ ਉਸ ਨੂੰ ਆਖਾਂ ਕਿ ਉਹ ਇੱਥੇ ਮੇਰੇ ਘਰ ਦੇ ਬਾਥਰੂਮ ਵਿਚ ਗਰਮ ਪਾਣੀ ਨਾਲ ਨਹਾ ਸਕਦਾ ਹੈ? ਜਾਂ ਉਸ ਨੂੰ ਕੁਝ ਕੱਪੜੇ ਦੇ ਦੇਵਾਂ?
ਪਰ ਮੇਰਾ ਸਰੀਰ ਅਜਿਹਾ ਸੁੰਨ ਹੋਇਆ ਕਿ ਮੈਨੂੰ ਵੇਲ਼ੇ ਸਿਰ ਕੁਝ ਸੁੱਝਿਆ ਹੀ ਨਹੀਂ। ਕੁਝ ਵੀ ਉਸ ਲਈ ਘੱਟ ਲੱਗਿਆ। ਫ਼ਜ਼ੂਲ। ਮੈਂ ਉਸ ਨੂੰ ਸਿਰਫ਼ ਇਕ ਪਿਆਲੀ ਚਾਹ ਦਿੱਤੀ। ਕੀ ਇਹ ‘ਕਿਤੇ ਨਹੀਂ’ ਵਾਲਾ ਘਰ ਸੀ ਜਿਸ ਵਿਚ ਅਸੀਂ ਚਾਹ ਪੀ ਰਹੇ ਸਾਂ? ਕੀ ਇਹ ‘ਕਿਤੇ ਨਹੀਂ’ ਵਾਲੇ ਘਰ ਦੀ ਚਾਹ ਸੀ ਜੋ ਮੈਂ ਉਸ ਨੂੰ ਦੇ ਰਹੀ ਸਾਂ?
ਜ਼ਿਆਦਾਤਰ ਹਿੰਦੂ ਵਿਸ਼ਵਾਸ ਕਰਦੇ ਹਨ ਕਿ ਭਗਵਾਨ ਸੌਂਦਾ ਰਹਿੰਦਾ ਹੈ। ਇਸੇ ਕਾਰਨ ਉਹ ਮੰਦਰ ਜਾਂਦੇ ਹਨ ਤਾਂ ਘੰਟਾ ਵਜਾਉਂਦੇ ਹਨ ਤਾਂ ਕਿ ਅੰਦਰ ਖ਼ਬਰ ਹੋ ਜਾਵੇ। ਕੀ ਰਾਜਾ ਰਾਮ ਵੀ ਘੰਟਾ ਵਜਾਉਂਦਾ ਹੋਵੇਗਾ? ਕੀ ਉਸ ਦੀ ਖ਼ਬਰ ਰੱਬ ਤੱਕ ਪੁੱਜ ਜਾਂਦੀ ਹੋਵੇਗੀ? ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਖ਼ੁਦ ਹੀ ਭਗਵਾਨ ਹੋਵੇ – ਭੇਸ ਬਦਲ ਕੇ ਘੁੰਮਦਾ ਹੋਇਆ, ਜਿਸ ਨੂੰ ਕਿਤੇ ਨਾ ਕਿਤੇ, ਕਦੇ ਨਾ ਕਦੇ ਮਿਲ ਜਾਣ ਦੀ ਖ਼ਾਹਿਸ਼ ਸਾਡੀ ਸਭ ਦੀ ਰਹਿੰਦੀ ਹੈ। ਰੁੱਖ ਵਿਚ ਭਗਵਾਨ, ਤਿਤਲੀ ਵਿਚ, ਬ੍ਰਾਹਮਣ ਵਿਚ ਭਗਵਾਨ, ਭਿਖਾਰੀ ਵਿਚ, ਹਰ ਚੀਜ਼ ਵਿਚ ਭਗਵਾਨ। ਉਸ ਨੇ ਕਿਹਾ ਸੀ- ਉਹ ਰਾਜਾ ਰਾਮ ਹੈ। ਕੀ ਉਹ ਨਹੀਂ ਹੈ?