ਲੱਦਾਖ਼ ਦੀ ਗਲਵਾਨ ਵੈਲ਼ੀ ਵਿਚ ਭਾਰਤ-ਚੀਨ ਸਰਹੱਦ ’ਤੇ ਹਾਲਾਤ ਚਿੰਤਾਜਨਕ ਹਨ। ਸਰਕਾਰੀ ਸੂਤਰਾਂ ਅਨੁਸਾਰ ਭਾਰਤੀ ਤੇ ਚੀਨੀ ਸੈਨਿਕਾਂ ਵਿਚ ਹੋਈ ਤਾਜ਼ਾ ਝੜਪ ਵਿਚ ਇਕ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਹਨ। ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਵਿਚੋਂ ਬਹੁਤਿਆਂ ਦੀ ਮੌਤ ਦਾ ਕਾਰਨ ਉਸ ਇਲਾਕੇ ਵਿਚ ਅਤਿਅੰਤ ਠੰਢ ਹੈ ਜਿੱਥੇ ਤਾਪਮਾਨ ਸਿਫ਼ਰ ਤੋਂ ਵੀ ਥੱਲੇ ਚਲਾ ਜਾਂਦਾ ਹੈ। ਇਸ ਤੋਂ ਪਹਿਲਾਂ 5-6 ਮਈ ਨੂੰ ਵੀ ਦੋਵਾਂ ਦੇਸ਼ਾਂ ਦੇ ਸੈਨਿਕਾਂ ਦਰਮਿਆਨ ਝੜਪ ਹੋਈ ਸੀ ਜਿਸ ਵਿਚ 70 ਜਵਾਨ ਜ਼ਖ਼ਮੀ ਹੋਏ ਸਨ। ਗ਼ੈਰ-ਸਰਕਾਰੀ ਸੂਤਰਾਂ ਅਨੁਸਾਰ ਇਸ ਸੋਮਵਾਰ ਹੋਈ ਝੜਪ ਵਿਚ ਚੀਨ ਦੇ 40 ਤੋਂ ਵੱਧ ਫ਼ੌਜੀ ਮਾਰੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਅਤੇ ਕਿਸੇ ਗਵਾਂਢੀ ਦੇਸ਼ ਨੂੰ ਜੰਗ ਕਰਨ ਲਈ ਨਹੀਂ ਉਕਸਾਏਗਾ ਪਰ ਅਸੀਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹਾਂ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੈਨਿਕਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।
ਭਾਰਤ ਅਤੇ ਚੀਨ ਵਿਚਕਾਰਲੀ ਸਰਹੱਦ ਅਤਿਅੰਤ ਲੰਮੀ ਹੋਣ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਕਈ ਤਰ੍ਹਾਂ ਦੇ ਮਤਭੇਦ ਹੋਣੇ ਸੁਭਾਵਿਕ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਮਤਭੇਦਾਂ ਨੂੰ ਵਿਵਾਦਾਂ ਵਿਚ ਨਹੀਂ ਬਦਲਣਾ ਚਾਹੁੰਦਾ। ਭਾਰਤ ਦੀਆਂ ਵੱਖ ਵੱਖ ਇਲਾਕਿਆਂ ’ਤੇ ਆਪਣਾ ਹੱਕ ਜਤਾਉਣ ਦੀਆਂ ਦਲੀਲਾਂ ਅੰਗਰੇਜ਼ ਸਰਕਾਰ ਦੁਆਰਾ ਬਣਾਏ ਗਏ ਨਕਸ਼ਿਆਂ ਅਤੇ 1914 ਵਿਚ ਤਿੱਬਤ ਅਤੇ ਅੰਗਰੇਜ਼ਾਂ ਵਿਚਕਾਰ ਹੋਏ ‘ਸ਼ਿਮਲਾ ਸਮਝੌਤੇ’ ਅਨੁਸਾਰ ਉਲੀਕੀ ਗਈ ਮੈਕਮੋਹਨ ਲਾਈਨ ’ਤੇ ਆਧਾਰਿਤ ਹਨ। ਚੀਨ ਦਾ ਕਹਿਣਾ ਹੈ ਕਿ ‘ਸ਼ਿਮਲਾ ਸਮਝੌਤਾ’ ਅੰਗਰੇਜ਼ਾਂ ਅਤੇ ਤਿੱਬਤ ਵਿਚਕਾਰ ਸੀ ਅਤੇ ਤਿੱਬਤ ਆਜ਼ਾਦ ਦੇਸ਼ ਨਾ ਹੋਣ ਕਾਰਨ ਅਜਿਹੇ ਸਮਝੌਤੇ ’ਤੇ ਦਸਤਖ਼ਤ ਨਹੀਂ ਸੀ ਕਰ ਸਕਦਾ। ਦੋਹਾਂ ਦੇਸ਼ਾਂ ਵਿਚਕਾਰ ਸਰਹੱਦ ਉਲੀਕਣ ਲਈ ਹੁੰਦੀ ਰਹੀ ਗੱਲਬਾਤ ਦੀ ਅਸਫ਼ਲਤਾ ਕਾਰਨ 1962 ਵਿਚ ਭਾਰਤ-ਚੀਨ ਯੁੱਧ ਹੋਇਆ। ਉਸ ਸਮੇਂ ਚੀਨ ਨੇ ਭਾਰਤ ਦੇ ਕਈ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਪਰ ਕੌਮਾਂਤਰੀ ਦਬਾਓ ਕਾਰਨ ਬਾਅਦ ਵਿਚ ਉਹ ਇਲਾਕੇ ਖਾਲੀ ਕਰ ਦਿੱਤੇ। ਚੀਨ ਭਾਰਤ ਦੇ ਕਈ ਇਲਾਕਿਆਂ ’ਤੇ ਆਪਣਾ ਦਾਅਵਾ ਜਤਾਉਂਦਾ ਆਇਆ ਹੈ ਅਤੇ ਉਸ ਨੇ ਸਰਹੱਦੀ ਇਲਾਕਿਆਂ ਵਿਚ ਸੜਕਾਂ, ਹਵਾਈ ਅੱਡੇ ਅਤੇ ਹੈਲੀਕਾਪਟਰਾਂ ਦੇ ਉਤਰਨ ਲਈ ਸਥਾਨ ਬਣਾਏ ਹਨ। ਭਾਰਤ ਨੇ ਪਹਿਲਾਂ ਤਾਂ ਸਰਹੱਦੀ ਇਲਾਕਿਆਂ ਵੱਲ ਜ਼ਿਆਦਾ ਤਰਜੀਹ ਨਹੀਂ ਸੀ ਦਿੱਤੀ ਪਰ ਪਿਛਲੇ ਕੁਝ ਸਾਲਾਂ ਵਿਚ ਇਨ੍ਹਾਂ ਇਲਾਕਿਆਂ ਵਿਚ ਬੁਨਿਆਦੀ ਢਾਂਚਾ ਬਣਾਉਣ ਦੀਆਂ ਕਾਰਵਾਈਆਂ ਤੇਜ਼ ਕੀਤੀਆਂ ਹਨ।
ਭਾਰਤ ਤੇ ਚੀਨ ਵਿਚਲੇ ਸਬੰਧ ਬਹੁਤ ਜਟਿਲ ਹਨ। ਸਦੀਆਂ ਪੁਰਾਣੇ ਸੱਭਿਆਚਾਰਕ, ਵਪਾਰਕ ਤੇ ਧਾਰਮਿਕ ਸਬੰਧ ਹੋਣ ਦੇ ਬਾਵਜੂਦ ਦੋਹਾਂ ਵਿਚਲਾ ਰਾਸ਼ਟਰਵਾਦ ਇਨ੍ਹਾਂ ਸਬੰਧਾਂ ਨੂੰ ਹੋਰ ਉਲਝਣਾਂ ਭਰੇ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਰਿਹਾ ਹੈ। ਕਿਸੇ ਦੇਸ਼ ਦਾ ਦੂਸਰੇ ਦੇਸ਼ ਦੇ ਇਲਾਕੇ ਉੱਤੇ ਦਾਅਵਾ ਕਰਨਾ ਅਤੇ ਉਸ ਨੂੰ ਉਹ ਇਲਾਕਾ ਖਾਲੀ ਕਰਨ ਲਈ ਕਹਿਣਾ ਜਜ਼ਬਾਤੀ ਮਾਮਲਾ ਹੈ ਅਤੇ ਸਾਰੇ ਦੇਸ਼ ਇਸ ਸਬੰਧ ਵਿਚ ਫ਼ੈਸਲੇ ਲੈਣ ਤੋਂ ਝਿਜਕਦੇ ਹਨ। 1962 ਦੀ ਜੰਗ ਤੋਂ ਬਾਅਦ ਇਸ ਸਰਹੱਦ ’ਤੇ ਜ਼ਿਆਦਾਤਰ ਅਮਨ-ਸ਼ਾਂਤੀ ਰਹੀ ਹੈ ਭਾਵੇਂ ਕਿ ਵਿਚ-ਵਿਚਕਾਰ ਕਈ ਥਾਵਾਂ ’ਤੇ ਝੜਪਾਂ ਹੁੰਦੀਆਂ ਰਹੀਆਂ। 1967 ਵਿਚ ਦੋਹਾਂ ਦੇਸ਼ਾਂ ਵਿਚਕਾਰ ਹੋਈ ਝੜਪ ਦੌਰਾਨ ਸੈਂਕੜੇ ਜਾਨਾਂ ਗਈਆਂ ਸਨ ਅਤੇ 1975 ਵਿਚ ਚੀਨੀ ਫ਼ੌਜੀਆਂ ਨੇ ਅਸਾਮ ਰਾਈਫ਼ਲਜ਼ ਦੇ ਕੁਝ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਬਾਅਦ ਵਿਚ ਹੋਈਆਂ ਝੜਪਾਂ ਵਿਚ ਗੋਲੀ-ਬਾਰੂਦ ਦੀ ਵਰਤੋਂ ਨਹੀਂ ਕੀਤੀ ਗਈ ਪਰ ਹਾਲ ਵਿਚ ਹੋਈ ਝੜਪ ਦੱਸਦੀ ਹੈ ਕਿ ਗੋਲੀ-ਬਾਰੂਦ ਦੀ ਵਰਤੋਂ ਨਾ ਕਰਨ ਦੇ ਬਾਵਜੂਦ ਇਹ ਝੜਪਾਂ ਕਿੰਨੀਆਂ ਹਿੰਸਕ ਹੋ ਸਕਦੀਆਂ ਹਨ। ਬਹੁਤ ਸਾਰੇ ਸਿਆਸੀ ਅਤੇ ਕੂਟਨੀਤਕ ਮਾਹਿਰ ਇਸ ਗੱਲ ਉੱਤੇ ਹੈਰਾਨ ਹਨ ਕਿ ਦੋਹਾਂ ਦੇਸ਼ਾਂ ਦੇ ਮੁੱਖ ਆਗੂਆਂ ਵਿਚਕਾਰ ਨਜ਼ਦੀਕੀਆਂ ਦੇ ਬਾਵਜੂਦ ਇਹ ਮਾਮਲਾ ਸੁਲਝਾਇਆ ਨਹੀਂ ਜਾ ਸਕਿਆ। ਚੀਨ ਨੇ ਆਪਣੇ ਸਰਕਾਰੀ ਬਿਆਨ ਵਿਚ ਭਾਰਤ ’ਤੇ ਸਰਹੱਦ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ ਪਰ ਨਾਲ ਹੀ ਇਹ ਕਿਹਾ ਹੈ ਕਿ ਉਹ ਇਸ ਖਿੱਚੋਤਾਣ ਨੂੰ ਵਧਾਉਣਾ ਨਹੀਂ ਚਾਹੁੰਦਾ। ਕੋਵਿਡ-19 ਦੀ ਮਹਾਮਾਰੀ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਅਰਥਚਾਰੇ ਮੰਦਵਾੜੇ ਵੱਲ ਜਾ ਰਹੇ ਹਨ ਅਤੇ ਵੱਡੀ ਵਸੋਂ ਵਾਲੇ ਇਹ ਦੇਸ਼ ਇਕ-ਦੂਸਰੇ ਨਾਲ ਜੰਗ ਕਰਕੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ ਚਾਹੀਦਾ ਹੈ ਕਿ ਉੱਚ-ਪੱਧਰ ’ਤੇ ਕੂਟਨੀਤਕ ਅਤੇ ਸਫ਼ਾਰਤੀ ਪਹੁੰਚ ਦੇ ਨਾਲ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਨਜਿੱਠਿਆ ਜਾਵੇ।