ਕਰੋਨਾਵਾਇਰਸ ਨੂੰ ਰੋਕਣ ਦੇ ਨਾਮ ਉੱਤੇ ਮਹਾਰਾਸ਼ਟਰ ਵਿਚ ਲਗਭੱਗ ਪੂਰਨ ਤਾਲਾਬੰਦੀ ਅਤੇ ਦਿੱਲੀ ਤੇ ਚੰਡੀਗੜ੍ਹ ਪ੍ਰਸ਼ਾਸਨਾਂ ਵੱਲੋਂ ਹਫ਼ਤੇ ਦੇ ਆਖ਼ਰੀ ਦੋ ਦਿਨਾਂ ਵਾਸਤੇ ਤਾਲਾਬੰਦੀ ਕਰਨ ਦੇ ਹੁਕਮ ਲਾਗੂ ਕਰਨ ਨਾਲ ਜ਼ਿੰਦਗੀ ਇਕ ਵਾਰ ਮੁੜ ਪਟੜੀ ਤੋਂ ਉੱਤਰਨ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਦੇਸ਼-ਵਿਦੇਸ਼ ਦਾ ਤਜਰਬਾ ਦਰਸਾਉਂਦਾ ਹੈ ਕਿ ਵੱਖ ਵੱਖ ਤਰ੍ਹਾਂ ਦੀਆਂ ਤਾਲਾਬੰਦੀਆਂ ਨਾਲ ਕਰੋਨਾ ਦੀ ਰੋਕਥਾਮ ਲਈ ਲਾਭ ਘੱਟ ਹੋਇਆ ਹੈ ਅਤੇ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਜ਼ਿਆਦਾ ਵਧੀਆਂ ਹਨ। ਪਿਛਲੇ ਸਾਲ ਦੋ ਮਹੀਨੇ ਦੀ ਤਾਲਾਬੰਦੀ ਦੇ ਕਰ ਕੇ ਠੱਪ ਹੋਏ ਕਾਰੋਬਾਰ ਕਾਰਨ ਲੱਖਾਂ ਦੀ ਤਾਦਾਦ ਵਿਚ ਪਰਵਾਸੀ ਮਜ਼ਦੂਰਾਂ ਨੂੰ ਪੈਦਲ ਚੱਲ ਕੇ ਆਪਣੇ ਘਰਾਂ ਨੂੰ ਪਰਤਣਾ ਪਿਆ ਸੀ। ਇਹ ਰੁਝਾਨ ਮੁੜ ਸ਼ੁਰੂ ਹੋ ਗਿਆ ਹੈ। ਇਕ ਸਵਾਲ ਲੋਕਾਂ ਦੇ ਮਨਾਂ ਵਿਚ ਲਗਾਤਾਰ ਖਲਲ ਪੈਦਾ ਕਰ ਰਿਹਾ ਹੈ ਕਿ ਚੋਣਾਂ ਵਾਲੇ ਰਾਜਾਂ ਵਿਚ ਵੱਡੀਆਂ ਸਿਆਸੀ ਰੈਲੀਆਂ ਜਾਂ ਧਾਰਮਿਕ ਸਮਾਗਮਾਂ ਸਮੇਂ ਅਜਿਹੀ ਸਖ਼ਤੀ ਕਰਨ ਦੀ ਜ਼ਰੂਰਤ ਕਿਉਂ ਨਹੀਂ ਸਮਝੀ ਗਈ।
ਸਰਕਾਰ ਨੇ ਲੋਕਾਂ ਦੇ ਇਕੱਠੇ ਨਾ ਹੋਣ ਬਾਰੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ, ਜੋ ਬਿਲਕੁਲ ਸਹੀ ਕਦਮ ਹਨ ਪਰ ਕਈ ਹੁਕਮਾਂ ’ਤੇ ਅਮਲ ਕਰਵਾਉਣ ਲਈ ਬਹੁਤੀ ਸਖ਼ਤੀ ਜਾਂ ਵੱਡੇ ਜੁਰਮਾਨਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਮਿਸਾਲ ਦੇ ਤੌਰ ਉੱਤੇ ਬਹੁਤੇ ਰਾਜਾਂ ਵਿਚ ਮਾਸਕ ਨਾ ਪਹਿਨਣ ਉੱਤੇ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਮਾਸਕ ਨਾ ਪਹਿਨਣ ਉੱਤੇ ਜੁਰਮਾਨਾ ਦਸ ਹਜ਼ਾਰ ਰੁਪਏ ਕਰ ਦਿੱਤਾ ਹੈ। ਸਰਕਾਰ ਕਿਸਾਨਾਂ ਦੇ ਖਾਤਿਆਂ ਵਿਚ ਸਾਲਾਨਾ ਛੇ ਹਜ਼ਾਰ ਰੁਪਏ ਪਾ ਕੇ ਉਨ੍ਹਾਂ ਦੀ ਆਰਥਿਕਤਾ ਸੁਧਰ ਜਾਣ ਦੀ ਦਲੀਲ ਦੇ ਰਹੀ ਹੈ। ਇਸ ਦਾ ਭਾਵ ਹੈ ਕਿ ਜੇ ਕੋਈ ਕਿਸਾਨ ਬਿਨਾਂ ਮਾਸਕ ਦੇ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਾਲਾਨਾ ਸਰਕਾਰੀ ਰਾਹਤ ਤੋਂ ਡੇਢ ਗੁਣਾ ਜੁਰਮਾਨਾ ਦੇਣਾ ਪਵੇਗਾ। ਕੀ ਉਹ ਅਜਿਹਾ ਜੁਰਮਾਨਾ ਅਦਾ ਕਰ ਸਕਦਾ ਹੈ?
ਲੋਕਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਲਏ ਗਏ ਅਜਿਹੇ ਫ਼ੈਸਲਿਆਂ ਕਾਰਨ ਸਮੱਸਿਆਵਾਂ ਵਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਕਰੋਨਾ ਜਾਂ ਕਿਸੇ ਵੀ ਬਿਮਾਰੀ ਵਿਰੁੱਧ ਲੋਕਾਂ ਅੰਦਰ ਡਰ ਜਾਂ ਸਹਿਮ ਪੈਦਾ ਕਰ ਕੇ ਨਹੀਂ ਲੜਿਆ ਜਾ ਸਕਦਾ। ਕੇਂਦਰ ਸਰਕਾਰ ਨੇ ਕਰੋਨਾ ਦੌਰਾਨ ਖੇਤੀ ਕਾਨੂੰਨ ਅਤੇ ਕਿਰਤ ਕੋਡ ਬਣਾ ਕੇ ਲੋਕਾਂ ਦਾ ਭਰੋਸਾ ਤੋੜਿਆ ਹੈ। ਲੋਕਾਂ ਦੀ ਰੋਜ਼ੀ-ਰੋਟੀ ਦਾ ਖਿਆਲ ਰੱਖੇ ਬਿਨਾਂ ਲਾਗੂ ਕੀਤੇ ਜਾਣ ਵਾਲੇ ਆਦੇਸ਼ ਲੋਕਾਂ ਦਾ ਸਹਿਯੋਗ ਹਾਸਿਲ ਕਰਨ ਵਿਚ ਸਫਲ ਨਹੀਂ ਹੋ ਸਕਦੇ। ਕਰੋਨਾ ਦੇ ਮਾਮਲੇ ਵਿਚ ਅਸਲ ਸਮੱਸਿਆ ਸਿਹਤ ਸਹੂਲਤਾਂ ਨਾਲ ਸਬੰਧਿਤ ਹੈ। ਬੈੱਡਾਂ, ਆਕਸੀਜਨ, ਵੈਕਸੀਨ ਅਤੇ ਵੈਂਟੀਲੇਟਰਾਂ ਬਾਰੇ ਭਰੋਸਾ ਦਿਵਾਉਂਦੀਆਂ ਰਹੀਆਂ ਸਰਕਾਰਾਂ ਹੁਣ ਇਨ੍ਹਾਂ ਵਸਤਾਂ ਦੀ ਕਮੀ ਹੋਣ ਦੇ ਬਿਆਨ ਦੇਣ ਲੱਗੀਆਂ ਹਨ। ਅਜਿਹੇ ਮਾਹੌਲ ਵਿਚ ਸਰਕਾਰਾਂ ਨੂੰ ਲੋਕਾਂ ਨਾਲ ਤਾਲਮੇਲ ਦੀ ਕਮੀ ਨੂੰ ਦੂਰ ਕਰਨ ਵੱਲ ਪਹਿਲਕਦਮੀ ਕਰਨ ਦੀ ਲੋੜ ਹੈ। ਕਰੋਨਾ ਵਿਰੁੱਧ ਲੜਾਈ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ।