ਦਲਿਤ ਸਮਾਜਿਕ ਕਾਰਕੁਨਾਂ ਨੇ ਇਕ ਟਨ ਪਿੱਤਲ ਦਾ ਸਿੱਕਾ ਬਣਾਇਆ ਹੈ ਜਿਸ ਦੇ ਇਕ ਪਾਸੇ ਮਹਾਤਮਾ ਬੁੱਧ ਦੀ ਤਸਵੀਰ ਹੈ ਤੇ ਦੂਸਰੇ ਪਾਸੇ ਡਾ. ਅੰਬੇਡਕਰ ਦੁਆਰਾ ਪੁੱਛਿਆ ਪ੍ਰਸ਼ਨ ‘ਕੀ ਛੂਆ-ਛਾਤ ਤੋਂ ਆਜ਼ਾਦ ਭਾਰਤ ਦਾ 1947 ਦਾ ਸੁਪਨਾ 2047 ਤਕ ਹਕੀਕਤ ’ਚ ਬਦਲ ਜਾਵੇਗਾ?’ ਵੀ ਉੱਕਰਿਆ ਹੈ। ਸਿੱਕੇ ਦਾ ਵਿਆਸ 2047 ਮਿਲੀਮੀਟਰ ਰੱਖਿਆ ਗਿਆ ਕਿਉਂਕਿ 2047 ’ਚ ਦੇਸ਼ ਨੇ ਆਜ਼ਾਦੀ ਦੇ 100 ਵਰ੍ਹੇ ਪੂਰੇ ਕਰ ਲੈਣੇ ਹਨ। ਉਹ ਇਹ ਸਿੱਕਾ ਰਾਸ਼ਟਰਪਤੀ ਨੂੰ ਭੇਟ ਕਰਨਾ ਚਾਹੁੰਦੇ ਸਨ ਤਾਂ ਕਿ ਇਸ ਨੂੰ ਸੰਸਦ ਵਾਸਤੇ ਬਣਾਈ ਜਾ ਰਹੀ ਨਵੀਂ ਇਮਾਰਤ ਵਿਚ ਰੱਖਿਆ ਜਾ ਸਕੇ। ਉਨ੍ਹਾਂ ਨੇ ਆਪਣੀ ਯਾਤਰਾ ਜਿਸ ਦਾ ਨਾਂ ‘ਭੀਮ ਰੁਦਨ (ਭੀਮ ਦਾ ਵਿਰਲਾਪ)’ ਰੱਖਿਆ ਗਿਆ, ਅਹਿਮਦਾਬਾਦ ਤੋਂ ਸ਼ੁਰੂ ਕੀਤੀ। ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਰਾਜਸਥਾਨ-ਹਰਿਆਣਾ ਹੱਦ ’ਤੇ ਸ਼ਾਹਜਹਾਨਪੁਰ ਨਜ਼ਦੀਕ ਰੋਕ ਲਿਆ।
ਸਿੱਕਾ ਬਣਾਉਣ ਅਤੇ ਯਾਤਰਾ ਕਰਨ ਦੀ ਯੋਜਨਾ ਗੁਜਰਾਤ ਦੀਆਂ ਦੋ ਜਥੇਬੰਦੀਆਂ ਨਵਸਿਰਜਨ ਟਰੱਸਟ ਅਤੇ ਦਲਿਤ ਸ਼ਕਤੀ ਕੇਂਦਰ ਨੇ ਬਣਾਈ। 2020 ਤੋਂ ਸ਼ੁਰੂ ਕੀਤੇ ਗਏ ਇਸ ਯਤਨ ਵਿਚ ਦਲਿਤ ਪਰਿਵਾਰਾਂ ਨੇ ਭਾਂਡੇ ਅਤੇ ਪੈਸੇ ਇਕੱਠੇ ਕਰ ਕੇ ਸਿੱਕੇ ਦੀ ਢਲਵਾਈ ਕਰਵਾਈ। ਸਿੱਕੇ ’ਤੇ ਦੇਸ਼ ਦੀਆਂ 15 ਭਾਸ਼ਾਵਾਂ ਵਿਚ ਸ਼ਬਦ ‘ਛੂਆ-ਛਾਤ’ ਵੀ ਉੱਕਰਿਆ ਗਿਆ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ ਪਝੱਤਰ ਵਰ੍ਹੇ ਪੂਰੇ ਹੋਣ ਦੇ ਬਾਵਜੂਦ ਦੇਸ਼ ਛੂਆ-ਛਾਤ ਦੀ ਸਮੱਸਿਆ ਤੋਂ ਮੁਕਤੀ ਨਹੀਂ ਪਾ ਸਕਿਆ। ਜਥੇਬੰਦੀਆਂ ਨੇ 20 ਲੱਖ ਰੁਪਏ ਦੇ ਸਿੱਕੇ ਵੀ ਇਕੱਠੇ ਕੀਤੇ ਜਿਨ੍ਹਾਂ ਨੂੰ ਉਨ੍ਹਾਂ ਨੇ 3 ਟਰੱਕਾਂ ਵਿਚ ਲੱਦਿਆ; ਉਹ ਇਹ ਪੈਸੇ ਵੀ ਸੰਸਦ ਦੀ ਨਵੀਂ ਇਮਾਰਤ ਲਈ ਭੇਟ ਕਰਨਾ ਚਾਹੁੰਦੇ ਸਨ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਸੰਸਦ ਦੀ ਅਸਲੀ ਤਾਕਤ ਲੋਕਾਂ ਵਿਚ ਹੈ। ਯਾਤਰਾ ਦੇ ਆਗੂਆਂ ਨੇ ਇਹ ਸੰਦੇਸ਼ ਵੀ ਦਿੱਤਾ ਕਿ ਉਨ੍ਹਾਂ ਦਾ ਮਨੋਰਥ ਲੋਕਾਂ ਤੇ ਸਿਆਸਤਦਾਨਾਂ ਨੂੰ ਇਹ ਯਾਦ ਦਿਵਾਉਣਾ ਹੈ ਕਿ ਉਹ ਸੰਵਿਧਾਨ ਦੀ ਧਾਰਾ 17 (ਛੂਆ-ਛਾਤ ਨੂੰ ਖ਼ਤਮ ਕਰਨ ਸਬੰਧੀ ਧਾਰਾ) ਨੂੰ ਹਕੀਕੀ ਰੂਪ ਵਿਚ ਲਾਗੂ ਕਰਵਾਉਣਾ ਚਾਹੁੰਦੇ ਹਨ। ਜਥੇਬੰਦੀਆਂ ਦੁਆਰਾ ਰਾਸ਼ਟਰਪਤੀ, ਲੋਕ ਸਭਾ ਦੇ ਸਪੀਕਰ ਤੇ ਰਾਜ ਸਭਾ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿਚ ਕਿਹਾ, ‘‘ਨਵੀਂ ਸੰਸਦ (ਭਾਵ ਸੰਸਦ ਦੀ ਨਵੀਂ ਇਮਾਰਤ) ਦੀ ਸੋਭਾ ਅਤੇ ਸ਼ਾਨ ਤਦ ਹੀ ਚਮਕੇਗੀ ਜੇ ਇਹ ਛੂਆ-ਛਾਤ ਖ਼ਤਮ ਕਰਨ ਦੇ ਸੰਵਿਧਾਨਕ ਆਦੇਸ਼ ’ਤੇ ਅਮਲ ਕਰਵਾ ਸਕੇ।’’ ਸੰਸਥਾ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਸਿੱਕੇ ਦੇ ਛੋਟੇ ਰੂਪ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਵੀ ਭੇਜਣਗੇ।
ਜਾਤੀਵਾਦ ਦੇਸ਼ ਦੀ ਪ੍ਰਮੁੱਖ ਸਮਾਜਿਕ ਸਮੱਸਿਆ ਹੈ। ਦਲਿਤ ਅਤੇ ਆਦਿਵਾਸੀ ਸਦੀਆਂ ਤੋਂ ਜਾਤੀਵਾਦ ਅਤੇ ਵਰਣ-ਆਸ਼ਰਮ ਦੀਆਂ ਪਰੰਪਰਾਵਾਂ ਕਾਰਨ ਹਿੰਸਾ ਦਾ ਸ਼ਿਕਾਰ ਹੁੰਦੇ ਆਏ ਹਨ। ਸਮਾਜ ’ਤੇ ਜਾਤੀਵਾਦ ਦੀ ਜਕੜ ਏਨੀ ਡੂੰਘੀ ਹੈ ਕਿ ਜਨਮ-ਆਧਾਰਿਤ ਦਰਜਾਬੰਦੀ ਨੂੰ ਕੁਦਰਤੀ ਵਰਤਾਰਾ ਸਮਝ ਕੇ ਸਵੀਕਾਰ ਕਰ ਲਿਆ ਜਾਂਦਾ ਹੈ। ਤਥਾਕਥਿਤ ਉੱਚੀਆਂ ਜਾਤਾਂ ਦੇ ਲੋਕ ਜਾਤੀਵਾਦ ਦੇ ਸਿਰ ’ਤੇ ਆਪਣੀ ਸਮਾਜਿਕ ਤੇ ਸਿਆਸੀ ਤਾਕਤ ਕਾਇਮ ਰੱਖਣਾ ਚਾਹੁੰਦੇ ਹਨ। ਸੰਵਿਧਾਨ, ਕਾਨੂੰਨਾਂ ਅਤੇ ਆਧੁਨਿਕਤਾ ਦੇ ਕਈ ਵਰਤਾਰਿਆਂ ਨੇ ਜਾਤੀਵਾਦ ਨੂੰ ਖ਼ਤਮ ਕਰਨ ਦਾ ਯਤਨ ਤਾਂ ਕੀਤਾ ਹੈ ਪਰ ਇਸ ਵਿਚ ਪੂਰਨ ਸਫ਼ਲਤਾ ਨਹੀਂ ਮਿਲੀ। ਡਾ. ਅੰਬੇਡਕਰ ਨੇ ਇਸ ਦਾ ਕਾਰਨ ਜਾਤੀ-ਪ੍ਰਥਾ ਨੂੰ ਧਰਮ ਦੁਆਰਾ ਸਵੀਕਾਰ ਕੀਤੇ ਜਾਣਾ ਦੱਸਿਆ ਸੀ। ਕਰਮ-ਫਲ ਅਤੇ ਪੁਨਰ-ਜਨਮ ਦੇ ਸਿਧਾਂਤ ਜਾਤੀਵਾਦ ਦਾ ਆਧਾਰ ਹਨ। ਤਥਾਕਥਿਤ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਪੁਰਾਣੇ ਜਨਮਾਂ ਵਿਚ ਕੀਤੇ ਮਾੜੇ ਕਰਮਾਂ ਕਰ ਕੇ ਇਨ੍ਹਾਂ ਜਾਤਾਂ ਵਿਚ ਜਨਮੇ ਹਨ। ਇਸ ਤਰਕਹੀਣ ਵਿਦਵਤਾ ਨੂੰ ਸਮਾਜ ਤੇ ਧਰਮ ਤੋਂ ਹੁੰਗਾਰਾ ਮਿਲਦਾ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਦੁਆਰਾ ਕੀਤਾ ਗਿਆ ਇਹ ਯਤਨ ਪ੍ਰਤੀਕਾਤਮਕ ਹੈ। ਪ੍ਰਤੀਕਾਤਮਕ ਯਤਨਾਂ ਦਾ ਮਹੱਤਵ ਕਾਫ਼ੀ ਵੱਡਾ ਹੁੰਦਾ ਹੈ ਪਰ ਜ਼ਰੂਰਤ ਇਹ ਹੈ ਕਿ ਡਾ. ਬੀਆਰ ਅੰਬੇਡਕਰ ਦੀ ਸੋਚ ਤੋਂ ਸੇਧਿਤ ਸਿਆਸਤ ਨੂੰ ਮਜ਼ਬੂਤ ਕੀਤਾ ਜਾਵੇ। ਸਿਆਸੀ ਪਾਰਟੀਆਂ ਡਾ. ਅੰਬੇਡਕਰ ਪ੍ਰਤੀ ਸਨਮਾਨ ਤਾਂ ਪ੍ਰਗਟ ਕਰਦੀਆਂ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਤੋਂ ਗੁਰੇਜ਼ ਕਰਦੀਆਂ ਹਨ। ਡਾ. ਅੰਬੇਡਕਰ ਨੇ ਆਪਣੀ ਦੂਰਦ੍ਰਿਸ਼ਟੀ ਤਹਿਤ ਹਿੰਦੂ ਰਾਸ਼ਟਰਵਾਦ ਦੇ ਰੁਝਾਨਾਂ ਨੂੰ ਪਛਾਣਿਆ ਅਤੇ ਲੋਕਾਂ ਨੂੰ ਇਨ੍ਹਾਂ ਬਾਰੇ ਚੇਤਨ ਕੀਤਾ ਸੀ। ਉਦਾਰਵਾਦੀ, ਕੇਂਦਰਵਾਦੀ, ਖੱਬੇ-ਪੱਖੀ ਅਤੇ ਹੋਰ ਜਮਹੂਰੀ ਤਾਕਤਾਂ ਨੂੰ ਡਾ. ਅੰਬੇਡਕਰ ਦੀ ਸੋਚ ਨਾਲ ਸਕਾਰਾਤਮਕ ਨਾਤਾ ਜੋੜ ਕੇ ਜਮਹੂਰੀ ਮੁਹਾਜ਼ ਖੜ੍ਹਾ ਕਰਨਾ ਚਾਹੀਦਾ ਹੈ।