ਟੂਲਕਿੱਟ ਦਾ ਮਾਮਲਾ

ਟੂਲਕਿੱਟ ਦਾ ਮਾਮਲਾ

ਸਿਆਸੀ ਪਾਰਟੀਆਂ ’ਚ ਮੱਤਭੇਦ ਅਤੇ ਵਿਚਾਰਧਾਰਕ ਵਿਰੋਧ ਹੁੰਦਾ ਹੈ। ਇਕ ਸਿਆਸੀ ਪਾਰਟੀ ਦੇ ਆਗੂ ਦੂਸਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਵਿਚਾਰਧਾਰਾ ਵਿਰੁੱਧ ਵਿਚਾਰ ਪ੍ਰਗਟ ਕਰਦੇ ਹਨ। ਇਸ ਬਹਿਸ-ਮੁਬਾਹਿਸੇ ਦੀਆਂ ਆਪਣੀਆਂ ਰਵਾਇਤਾਂ ਤੇ ਮਰਿਆਦਾ ਹੁੰਦੀ ਹੈ। ਇਹ ਸਭ ਕੁਝ ਜਮਹੂਰੀਅਤ ਲਈ ਜ਼ਰੂਰੀ ਹੈ ਤਾਂ ਕਿ ਕਿਸੇ ਵੀ ਪਾਰਟੀ, ਖਾਸਕਰ ਸੱਤਾਧਾਰੀ ਪਾਰਟੀ ਵਿਚ ਤਾਨਾਸ਼ਾਹੀ ਰੁਚੀਆਂ ਨਾ ਪਨਪਣ। ਸਾਡੇ ਦੇਸ਼ ’ਚ ਜਮਹੂਰੀ ਵਿਚਾਰ-ਵਟਾਂਦਰੇ ਦੀ ਥਾਂ ਦੂਸ਼ਣਬਾਜ਼ੀ ਤੇ ਘਟੀਆ ਪੱਧਰ ਦੀ ਸਿਆਸਤ ਨੇ ਲੈ ਲਈ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਲਈ ਟੂਲਕਿੱਟ ਬਣਾਈ ਹੈ। ਉਸੇ ਦਿਨ ਪਾਤਰਾ ਨੇ ਇਸ ਟੂਲਕਿੱਟ ਬਾਰੇ ਟਵੀਟ ਵੀ ਕੀਤਾ ਸੀ। ਪਾਤਰਾ ਅਨੁਸਾਰ ਕਾਂਗਰਸ ਨੇ ਲੋਕਾਂ ਨੂੰ ਗੁਮਰਾਹ ਕਰਨ ਲਈ ਕੋਵਿਡ-19 ਦੀ ਮਹਾਮਾਰੀ ਦੇ ਫੈਲਣ ਦਾ ਦੋਸ਼ ਕੁੰਭ ਮੇਲੇ ਦੌਰਾਨ ਹੋਏ ਸਮਾਗਮਾਂ ਅਤੇ ਭਾਜਪਾ ਆਗੂਆਂ ’ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਨੇ ਟਵਿੱਟਰ ਕੰਪਨੀ ਨੂੰ ਸ਼ਿਕਾਇਤ ਕੀਤੀ ਕਿ ਇਹ ਖ਼ਬਰ ਫਰਜ਼ੀ (fake) ਹੈ ਤੇ ਸੰਬਿਤ ਪਾਤਰਾ ਟਵਿੱਟਰ ਦੇ ਪਲੈਟਫਾਰਮ ਦਾ ਗ਼ਲਤ ਇਸਤੇਮਾਲ ਕਰ ਰਿਹਾ ਹੈ। ਵੀਰਵਾਰ ਟਵਿੱਟਰ ਕੰਪਨੀ ਨੇ ਸੰਬਿਤ ਪਾਤਰਾ ਦੀ ਟਵੀਟ ਨੂੰ ‘ਤਰੋੜੀ ਮਰੋੜੀ ਗਈ ਖ਼ਬਰ (Manipulated News)’ ਕਿਹਾ। ਇਹ ਆਪਣੇ ਆਪ ਵਿਚ ਚਿਤਾਵਨੀ ਹੈ। ਟਵਿੱਟਰ ਨੇ ਪਹਿਲਾਂ ਵੀ ਕਈ ਸਿਆਸੀ ਆਗੂਆਂ ਨੂੰ ਅਜਿਹੀਆਂ ਚਿਤਾਵਨੀਆਂ ਦਿੱਤੀਆਂ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੈ।

ਇਸ ਤੋਂ ਪਹਿਲਾਂ ਫਰਜ਼ੀ ਖ਼ਬਰਾਂ ਬਾਰੇ ਪੜਤਾਲ ਕਰਨ ਵਾਲੀ ਸੰਸਥਾ ‘ਆਲਟਨਿਊਜ਼ (AltNews)’ ਨੇ ਦੱਸਿਆ ਸੀ ਕਿ ਭਾਜਪਾ ਵੱਲੋਂ ਕਾਂਗਰਸ ਦੁਆਰਾ ਬਣਾਈ ਦੱਸੀ ਜਾ ਰਹੀ ਟੂਲਕਿੱਟ ਫਰਜ਼ੀ ਤੇ ਜਾਅਲੀ ਹੈ; ਕਿਸੇ ਨੇ ਕਾਂਗਰਸ ਦੇ ਲੈਟਰ ਹੈੱਡ ਦੀ ਵਰਤੋਂ ਕਰ ਕੇ ਜਾਅਲਸਾਜ਼ੀ ਕੀਤੀ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵੱਲੋਂ ਟੂਲਕਿੱਟ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਦੇਸ਼ ਦੇ ਲੋਕਾਂ ਦਾ ਕੇਂਦਰ ਸਰਕਾਰ ਦੀ ਕੋਵਿਡ-19 ਦੀ ਮਹਾਮਾਰੀ ਵਿਰੁੱਧ ਲੜਨ ਦੀ ਅਸਫ਼ਲਤਾ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ। ਭਾਜਪਾ ਇਸ ਪ੍ਰਚਾਰ ਲਈ ਇੰਨੀ ਜਲਦੀ ਵਿਚ ਸੀ ਕਿ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਤੇ ਕੇਂਦਰੀ ਮੰਤਰੀਆਂ ਹਰਦੀਪ ਸਿੰਘ ਪੁਰੀ, ਸਿਮ੍ਰਤੀ ਇਰਾਨੀ, ਪਿਊਸ਼ ਗੋਇਲ, ਪ੍ਰਹਲਾਦ ਜੋਸ਼ੀ, ਕਿਰਨ ਰਿਜਿਜੂ ਅਤੇ ਕਈ ਹੋਰ ਸੰਸਦ ਮੈਂਬਰ ਅਤੇ ਆਗੂ ਵੀ ਟੂਲਕਿੱਟ ਬਾਰੇ ਇਸ ਪ੍ਰਚਾਰ ਵਿਚ ਸ਼ਾਮਲ ਹੋ ਗਏ। ਇਕ ਕੇਂਦਰੀ ਮੰਤਰੀ ਨੇ ਆਪਣੀ ਟਵੀਟ ਵਿਚ ਲਿਖਿਆ, ‘‘ਬਿੱਲੀ ਵੀ ਕੁਝ ਘਰ ਛੱਡ ਕੇ ਮੂੰਹ ਮਾਰਦੀ ਹੈ… ਆਪਣੀ ਦਾਦੀ ਦੇ ਧਰਮ ਨੂੰ ਤਾਂ ਬਖਸ਼ ਦਿੰਦੇ ਜਨਾਬ।’’ ਅਜਿਹੀ ਭਾਸ਼ਾ ਵਰਤਣਾ ਕਿਸੇ ਕੇਂਦਰੀ ਮੰਤਰੀ ਨੂੰ ਸੋਭਾ ਨਹੀਂ ਦਿੰਦਾ। ਭਾਜਪਾ ਦੇ ਉੱਤਰਾਖੰਡ ਅਤੇ ਮਨੀਪੁਰ ਦੇ ਮੁੱਖ ਮੰਤਰੀਆਂ ਨੇ ਵੀ ਇਸ ਪ੍ਰਚਾਰ ਵਿਚ ਹਿੱਸਾ ਪਾਇਆ ਹੈ। ਕਾਂਗਰਸ ਨੇ ਇਸ ਸਬੰਧ ਵਿਚ ਦਿੱਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਈ ਹੈ।

ਹੁਣ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਕਿਹਾ ਹੈ ਕਿ ਉਹ ਭਾਜਪਾ ਆਗੂਆਂ ਦੀਆਂ ਟਵੀਟਾਂ ਨੂੰ ‘ਤਰੋੜੀਆਂ ਮਰੋੜੀਆਂ ਖ਼ਬਰਾਂ’ ਨਾ ਕਹੇ। ਸਰਕਾਰ ਅਨੁਸਾਰ ਇਸ ਮਾਮਲੇ ਵਿਚ ਕੀਤੀ ਜਾ ਰਹੀ ਤਫ਼ਤੀਸ਼ ਤੈਅ ਕਰੇਗੀ ਕਿ ਅਸਲੀਅਤ ਕੀ ਹੈ। ਕੇਂਦਰ ਸਰਕਾਰ ਦੇ ਦਖਲ ਨੇ ਇਸ ਮਾਮਲੇ ਵਿਚ ਹੋਰ ਜਟਿਲਤਾ ਪੈਦਾ ਕਰ ਦਿੱਤੀ ਹੈ। ਪ੍ਰਮੁੱਖ ਸਵਾਲ ਇਹ ਹੈ ਕਿ ਇਹ ਜਾਅਲਸਾਜ਼ੀ ਕਿਸ ਨੇ ਕੀਤੀ। ਦੂਸਰਾ ਸਵਾਲ ਇਹ ਹੈ ਕਿ ਸੰਬਿਤ ਪਾਤਰਾ ਤੇ ਕੇਂਦਰੀ ਮੰਤਰੀਆਂ ਨੇ ਇਸ ਗੱਲ ਦੀ ਪੜਤਾਲ ਕਿਉਂ ਨਹੀਂ ਕੀਤੀ ਕਿ ਇਹ ਟੂਲਕਿੱਟ ਵਾਕਿਆ ਹੀ ਕਾਂਗਰਸ ਨੇ ਬਣਾਈ ਹੈ ਜਾਂ ਫਰਜ਼ੀ ਹੈ। ਫਰਜ਼ੀ ਖ਼ਬਰਾਂ ਦੇ ਇਸ ਯੁੱਗ ਵਿਚ ਜਦ ਵੀ ਕੋਈ ਖ਼ਬਰ ਭਰੋਸੇਯੋਗ ਨਹੀਂ ਜਾਪਦੀ ਤਾਂ ਜਾਣਕਾਰ ਤੇ ਜ਼ਿੰਮੇਵਾਰ ਲੋਕ ਝੱਟ ਇਹ ਖਦਸ਼ਾ ਪ੍ਰਗਟਾਉਂਦੇ ਹਨ ਕਿ ਖ਼ਬਰ ਫਰਜ਼ੀ ਹੋ ਸਕਦੀ ਹੈ। ਇਸ ਪ੍ਰਚਾਰ ਦੌਰਾਨ ਵਰਤੀ ਗਈ ਭਾਸ਼ਾ ਬਾਰੇ ਵੀ ਸਵਾਲ ਪੁੱਛੇ ਜਾ ਰਹੇ ਹਨ। ਇਹ ਸਾਰਾ ਵਰਤਾਰਾ ਇਹ ਦਰਸਾਉਂਦਾ ਹੈ ਕਿ ਸਾਡੇ ਦੇਸ਼ ਦੀ ਸਿਆਸਤ ਦਾ ਨੈਤਿਕ ਪੱਧਰ ਬਹੁਤ ਹੇਠਾਂ ਡਿੱਗ ਚੁੱਕਾ ਹੈ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਵਿਰੁੱਧ ਚੇਤਨ ਰਹਿੰਦਿਆਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਦੀ ਜ਼ਰੂਰਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All