ਸੌ ਸਾਲ ਪਹਿਲਾਂ ਅੱਜ ਦੇ ਦਿਨ ਪੰਜਾਬ ਦੇ ਇਤਿਹਾਸ ਵਿਚ ਇਤਿਹਾਸਕ ਘਟਨਾ ਵਾਪਰੀ ਜਿਸ ਨਾਲ ਉਸ ਵੇਲੇ ਸ੍ਰੀ ਦਰਬਾਰ ਸਾਹਿਬ ’ਤੇ ਕਾਬਜ਼ ਪੁਜਾਰੀਆਂ ਅਤੇ ਮਹੰਤ ਵੱਲੋਂ ਦਰਬਾਰ ਸਾਹਿਬ ਵਿਚ ਦਲਿਤ ਸਿੱਖਾਂ ਨਾਲ ਕੀਤਾ ਜਾਂਦਾ ਵਿਤਕਰਾ ਦੂਰ ਕੀਤਾ ਗਿਆ। ਜਾਤੀਵਾਦ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇਨ੍ਹਾਂ ਨੇ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਰਹਿੰਦੇ ਵੱਖ ਵੱਖ ਸਮਾਜਾਂ ਨੂੰ ਗ੍ਰਸਿਆ ਹੋਇਆ ਹੈ। ਇਸ ਵਰਤਾਰੇ ਨਾਲ ਸਿਰਫ਼ ਦਲਿਤ ਭਾਈਚਾਰੇ ਦੇ ਲੋਕ ਹੀ ਦਰੜੇ ਨਹੀਂ ਜਾਂਦੇ ਸਗੋਂ ਆਪਣੇ ਆਪ ਨੂੰ ਅਖੌਤੀ ਉੱਚੀਆਂ ਜਾਤਾਂ ਕਹਾਉਣ ਵਾਲੇ ਲੋਕਾਂ ਦੀ ਮਾਨਸਿਕਤਾ ਵਿਚ ਵੀ ਵਿਗਾੜ ਪੈਦਾ ਹੁੰਦੇ ਹਨ; ਉਹ ਜਾਤੀਵਾਦੀ ਹਉਮੈ ਤੇ ਖ਼ਾਸ ਜਾਤਾਂ ਵਿਚ ਆਪਣਾ ਜਨਮ ਹੋਣ ਕਾਰਨ ਆਪਣੇ ਆਪ ਨੂੰ ਉੱਚੇ ਸਮਝਣ ਦੇ ਖਿਆਲਾਂ ਵਿਚ ਜਕੜੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਮਨੁੱਖਤਾ ’ਤੇ ਵੀ ਸੱਟ ਵੱਜਦੀ ਹੈ। ਪੰਜਾਬੀ ਹਮੇਸ਼ਾ ਅਨਿਆਂ ਵਿਰੁੱਧ ਯੁੱਧ ਕਰਦੇ ਰਹੇ ਹਨ ਅਤੇ ਜਾਤੀਵਾਦੀ ਅਨਿਆਂ ਵਿਰੁੱਧ ਵੀ ਲੜੇ ਹਨ। ਸਿੱਖ ਗੁਰੂਆਂ ਨੇ ਸਮਾਜਿਕ ਬਰਾਬਰੀ ਅਤੇ ਜਾਤੀਵਾਦੀ ਵਿਤਕਰਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਇਸ ਵਰਤਾਰੇ ਨੂੰ ਖ਼ਤਮ ਕਰਨ ਲਈ ਲੰਗਰ ਦੀ ਪ੍ਰਥਾ ਅਤੇ ਖ਼ਾਲਸੇ ਦੀ ਸਾਜਨਾ ਜਿਹੇ ਮਹਾਨ ਇਤਿਹਾਸਕ ਉਪਰਾਲੇ ਕੀਤੇ।
ਇਸ ਵੇਲੇ ਪੰਜਾਬ ਵਿਚ ਸਦੀਆਂ ਤੋਂ ਦਰੜੇ ਜਾ ਰਹੇ ਕਿਸਾਨਾਂ ਦੀ ਆਵਾਜ਼ ਉਠਾਉਣ ਲਈ ਦੇਸ਼ ਵਿਚ ਮੋਹਰੀ ਬਣ ਕੇ ਉੱਭਰਿਆ। ਕਈ ਜਥੇਬੰਦੀਆਂ ਔਰਤਾਂ ਅਤੇ ਦਲਿਤਾਂ ਦੇ ਹੱਕ ਵਿਚ ਸੰਘਰਸ਼ ਕਰ ਰਹੀਆਂ ਹਨ। ਮਾਈਕਰੋਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਵਿਚ ਫਸੀਆਂ ਦਿਹਾਤੀ ਔਰਤਾਂ, ਦਸਵੀਂ ਤੋਂ ਬਾਅਦ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ, ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਮੰਗਾਂ, ਨਵੇਂ ਕਿਰਤ ਕਾਨੂੰਨਾਂ ਦੀ ਮੁਖ਼ਾਲਫ਼ਤ ਤੇ ਹੋਰ ਮੁੱਦੇ ਇਕ ਵੱਡੇ ਸੰਘਰਸ਼ ਵੱਲ ਇਸ਼ਾਰਾ ਕਰਦੇ ਹਨ। ਸ਼ਨਿਚਰਵਾਰ ਉੱਘੇ ਵਕੀਲ ਅਤੇ ਸਮਾਜਿਕ ਕਾਰਕੁਨ ਪ੍ਰਸ਼ਾਂਤ ਭੂਸ਼ਣ ਨੇ ‘ਜਾਗਦਾ ਪੰਜਾਬ ਮੰਚ’ ਵੱਲੋਂ ਕਰਾਏ ਸੈਮੀਨਾਰ ਵਿਚ ਪੰਜਾਬੀਆਂ ਦੇ ਸੰਘਰਸ਼ੀ ਵਿਰਸੇ ਤੇ ਸਮਕਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ‘‘ਪੰਜਾਬ ਵਿਚੋਂ ਪੂਰਨ ਆਜ਼ਾਦੀ ਦੀ ਲਹਿਰ ਉੱਠਣ ਲੱਗੀ ਹੈ। ਲੋਕਾਂ ਦੇ ਮਨ ਵਿਚੋਂ ਡਰ ਨਿਕਲ ਗਿਆ ਹੈ।’’ ਕੁਝ ਦਿਨ ਪਹਿਲਾਂ ਸਵਰਾਜ ਅਭਿਆਨ ਦੇ ਨੇਤਾ ਯੋਗੇਂਦਰ ਯਾਦਵ ਨੇ ਵੀ ਪੰਜਾਬ ਦੇ ਕਿਸਾਨਾਂ ਨੂੰ ਸਲਾਮ ਕਰਦਿਆਂ ਕਿਹਾ ਸੀ ਦੇਸ਼ ਭਰ ਵਿਚ ਖੇਤੀ ਮੰਡੀਕਰਨ ਸਬੰਧੀ ਬਣਾਏ ਗਏ ਕਾਨੂੰਨਾਂ ਵਿਚ ਮੋਹਰੀ ਭੂਮਿਕਾ ਨਿਭਾ ਕੇ ਪੰਜਾਬ ਨੇ ਸਾਰੇ ਦੇਸ਼ ਨੂੰ ਰਾਹ ਵਿਖਾਇਆ ਹੈ। ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਲਗਾਏ ਗਏ ਮੋਰਚੇ ਵਿਚ ਭਾਰੀ ਗਿਣਤੀ ਵਿਚ ਸ਼ਾਮਿਲ ਹੋ ਕੇ ਉੱਥੇ ਇਕੱਠੀਆਂ ਹੋਈਆਂ ਨਾਨੀਆਂ, ਦਾਦੀਆਂ ਤੇ ਹਰ ਉਮਰ ਦੀਆਂ ਔਰਤਾਂ ਦੀ ਅਗਵਾਈ ਵਿਚ ਚੱਲ ਰਹੇ ਮੋਰਚੇ ਵਿਚ ਹਿੱਸਾ ਲੈਣ ਵਾਲਿਆਂ ਦੀ ਹਿੰਮਤ ਵਧਾਈ ਸੀ। ਪੰਜਾਬ ਦੇ ਲੇਖਕ, ਕਲਾਕਾਰ, ਚਿੰਤਕ, ਬੁੱਧੀਜੀਵੀ, ਵਿਗਿਆਨੀ ਅਤੇ ਡਾਕਟਰ ਵੀ ਅੱਜ ਕਿਸਾਨਾਂ ਦੇ ਨਾਲ ਖਲੋਤੇ ਹਨ।
ਏਨੀਆਂ ਹਾਂ-ਮੁਖੀ ਸਰਗਰਮੀਆਂ ਹੋਣ ਦੇ ਬਾਵਜੂਦ ਪੰਜਾਬੀ ਆਪਣੇ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਤੇ ਦੁਸ਼ਵਾਰੀਆਂ ਤੋਂ ਮੂੰਹ ਨਹੀਂ ਮੋੜ ਸਕਦੇ। ਪੰਜਾਬੀਆਂ ਦਾ ਵੱਡਾ ਹਿੱਸਾ ਆਪਣੀ ਸੰਤਾਨ ਨੂੰ ਵਿਦੇਸ਼ਾਂ ਵਿਚ ਭੇਜਣ ਤੇ ਆਮਦਾ ਹੈ। ਕਿਸਾਨ ਤੇ ਮਜ਼ਦੂਰ ਇਕ ਖ਼ਾਸ ਤਰ੍ਹਾਂ ਦੀ ਉਦਾਸੀ ਤੇ ਬੇਉਮੀਦੀ ਦਾ ਸ਼ਿਕਾਰ ਹਨ ਅਤੇ ਖ਼ੁਦਕੁਸ਼ੀ ਦਾ ਰਾਹ ਅਪਣਾ ਰਹੇ ਹਨ। ਪੰਜਾਬ ਵਿਚ ਧੀਆਂ ਨਾਲ ਵਿਤਕਰਾ ਕੀਤਾ ਜਾਂਦਾ ਤੇ ਮਰਦਾਵੀਂ ਧੌਂਸ ਕਾਰਨ ਸਾਡੀਆਂ ਧੀਆਂ ਭੈਣਾਂ ਨਾ ਤਾਂ ਆਪਣੇ ਸਾਥੀ ਚੁਣਨ ਦੇ ਫ਼ੈਸਲੇ ਲੈ ਸਕਦੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੂਰੇ ਹੱਕ ਮਿਲਦੇ ਹਨ। ਅੱਜ ਦਾ ਦਿਨ ਇਹ ਯਾਦ ਕਰਨ ਦਾ ਮੌਕਾ ਵੀ ਹੈ ਆਪਣੇ ਸ਼ਾਨਦਾਰ ਵਿਰਸੇ ਦੇ ਬਾਵਜੂਦ ਪੰਜਾਬ ਵਿਚ ਜਾਤੀਵਾਦ ਦਾ ਬੋਲਬਾਲਾ ਅਤੇ ਇਹ ਕਈ ਰੂਪਾਂ ਵਿਚ ਸਮਾਜ ਵਿਚ ਮੌਜੂਦ ਹੈ। ਪਿੰਡਾਂ ਦੀਆਂ ਸ਼ਾਮਲਾਟਾਂ ਵਿਚ ਦਲਿਤਾਂ ਨੂੰ ਇਕ ਤਿਹਾਈ ਹਿੱਸਾ ਦੇਣ ਵਿਚ ਆਉਂਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਸਮੂਹ ਪੰਜਾਬੀ ਸਮਾਜ ਦੀ ਜ਼ਿੰਮੇਵਾਰੀ ਹੈ। ਚੇਤਨ ਲੋਕਾਂ ਅਤੇ ਜਥੇਬੰਦੀਆਂ ਨੇ ਜਾਤੀਵਾਦ ਵਿਰੁੱਧ ਸੰਘਰਸ਼ ਕੀਤਾ ਹੈ। ਪੰਜਾਬੀਅਤ ਦਾ ਮਹਾਨ ਵਿਰਸਾ ਮੰਗ ਕਰਦਾ ਹੈ ਕਿ ਅੱਜ ਦੇ ਦਿਨ ਅਸੀਂ ਜਾਤੀਵਾਦ ਨੂੰ ਖ਼ਤਮ ਕਰਨ ਦੇ ਇਰਾਦੇ ਨੂੰ ਦੁਹਰਾਈਏ ਅਤੇ ਅਹਿਦ ਕਰੀਏ ਕਿ ਅਸੀਂ ਇਸ ਘਿਨੌਣੇ ਵਰਤਾਰੇ ਵਿਰੁੱਧ ਜੰਗ ਜਾਰੀ ਰੱਖਾਂਗੇ। ਇਸ ਲੜਾਈ ਵਿਚ ਸਭ ਵਰਗਾਂ ਦੀ ਸ਼ਮੂਲੀਅਤ ਦੀ ਜ਼ਰੂਰਤ ਹੈ। ਭਗਤ ਰਵਿਦਾਸ ਜੀ ਦੇ ਬੇਗ਼ਮਪੁਰੇ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ।