ਜਲੰਧਰ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਖ਼ਿਲਾਫ਼ 58,947 ਵੋਟਾਂ ਦੇ ਵੱਡੇ ਫ਼ਰਕ ਨਾਲ ਹੋਈ ਆਸਾਨ ਜਿੱਤ ਨੇ ਪਾਰਟੀ ਨੂੰ ਕਈ ਤਰੀਕਿਆਂ ਨਾਲ ਹੁਲਾਰਾ ਦਿੱਤਾ ਹੈ। ਇਸ ਜਿੱਤ ਨਾਲ ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਨੀਤੀਆਂ ਵਿਚ ਭਰੋਸਾ ਪ੍ਰਗਟਾਇਆ ਹੈ। ਇਸ ਨਾਲ ਪਾਰਟੀ ਨੇ ਨਾ ਕੇਵਲ ਸੂਬੇ ‘ਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਸਗੋਂ ਸੰਸਦ ਦੇ ਹੇਠਲੇ ਸਦਨ ‘ਚ ਵੀ ਮੁੜ ਦਾਖ਼ਲਾ ਹਾਸਲ ਕੀਤਾ ਹੈ। ਪਿਛਲੇ ਸਾਲ ਵਿਧਾਨ ਸਭਾ ਚੋਣ ਲੜਨ ਵਾਸਤੇ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਪਾਰਟੀ ਦਾ ਲੋਕ ਸਭਾ ‘ਚ ਕੋਈ ਨੁਮਾਇੰਦਾ ਨਹੀਂ ਸੀ। ਲੰਘੇ ਸਾਲ ਜੂਨ ‘ਚ ਹੋਈ ਜ਼ਿਮਨੀ ਚੋਣ ‘ਚ ‘ਆਪ’ ਨੂੰ ਉਦੋਂ ਵੱਡਾ ਝਟਕਾ ਲੱਗਿਆ ਸੀ ਜਦੋਂ ਸੰਗਰੂਰ ਲੋਕ ਸਭਾ ਸੀਟ ਇਸ ਦੇ ਹੱਥੋਂ ਨਿਕਲ ਗਈ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਮਾਮੂਲੀ ਫ਼ਰਕ ਨਾਲ ਹਰਾ ਦਿੱਤਾ ਸੀ।
ਇਸ ਵਾਰ ਵੋਟਰਾਂ ਦੇ ‘ਆਪ’ ਦੇ ਹੱਕ ਵਿਚ ਦਿੱਤੇ ਫਤਵੇ ਤੋਂ ਸੰਕੇਤ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਨੇ ਸੰਗਰੂਰ ‘ਚ ਹੋਈ ਹਾਰ ਤੋਂ ਸਬਕ ਸਿੱਖਦਿਆਂ ਵੋਟਰਾਂ ਨੂੰ ਖਿੱਚਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ‘ਆਪ’ ਦੀਆਂ ਉਨ੍ਹਾਂ ਨੀਤੀਆਂ ਦੀ ਸਫ਼ਲਤਾ ਦਾ ਸਬੂਤ ਹੈ ਜੋ ਇਸ ਨੇ ਮਾਰਚ 2022 ‘ਚ ਪੰਜਾਬ ਦੀ ਸੱਤਾ ਸੰਭਾਲਣ ਪਿੱਛੋਂ ਲਾਗੂ ਕੀਤੀਆਂ ਹਨ ਜਿਨ੍ਹਾਂ ‘ਚ ਮੁੱਖ ਤੌਰ ‘ਤੇ ਘਰੇਲੂ ਖਪਤ ਲਈ ਮੁਫ਼ਤ ਬਿਜਲੀ ਯੂਨਿਟ, ਮੁਹੱਲਾ ਕਲੀਨਿਕਾਂ ਦੀ ਸਥਾਪਤੀ ਅਤੇ ਸਰਕਾਰੀ ਨੌਕਰੀਆਂ ਲਈ ਭਰਤੀ ਖੋਲ੍ਹਣਾ ਸ਼ਾਮਲ ਹਨ।
ਮੁੱਖ ਵਿਰੋਧੀ ਪਾਰਟੀਆਂ- ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ- ਜਲੰਧਰ ਰਾਖਵੀਂ ਸੀਟ ਲਈ ਹੋਏ ਇਸ ਮੁਕਾਬਲੇ ‘ਚ ਬੁਰੀ ਤਰ੍ਹਾਂ ਪੱਛੜ ਗਈਆਂ। ਦੂਜੇ ਸਥਾਨ ‘ਤੇ ਰਹੀ ਕਾਂਗਰਸ ਨੇ ਆਪਣਾ ਮਜ਼ਬੂਤ ਗੜ੍ਹ ਗੁਆ ਲਿਆ ਹੈ। ਇੱਥੋਂ ਤਕ ਕਿ 2022 ਅਸੈਂਬਲੀ ਚੋਣਾਂ ‘ਚ ਜਦੋਂ ‘ਆਪ’ ਦੀ ਹਨੇਰੀ ਝੁੱਲ ਰਹੀ ਸੀ ਤਾਂ ਵੀ ਜਲੰਧਰ ਲੋਕ ਸਭਾ ਖੇਤਰ ਨੇ ਇਸ ਰੁਝਾਨ ਨੂੰ ਨਕਾਰਦਿਆਂ ਨੌਂ ਵਿਚੋਂ ਪੰਜ ਹਲਕਿਆਂ ‘ਚ ਕਾਂਗਰਸ ਉਮੀਦਵਾਰਾਂ ਨੂੰ ਜਿਤਾਇਆ ਸੀ। ਇਨ੍ਹਾਂ ਚੋਣਾਂ ਵਿਚ ‘ਆਪ’ ਨੇ ਵਿਧਾਨ ਸਭਾ ਦੇ ਹਰ ਹਲਕੇ ਵਿਚ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਵਧੇਰੇ ਨੁਕਸਾਨਦਾਇਕ ਸਿੱਧ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਇਹ ਪਾਰਟੀ 1970 ਤੋਂ ਪੰਜਾਬ ਦੀ ਇਕ ਪ੍ਰਮੁੱਖ ਸਿਆਸੀ ਪਾਰਟੀ ਰਹੀ ਪਰ ਇਨ੍ਹਾਂ ਚੋਣਾਂ ਵਿਚ ਇਹ ਤੀਜੇ ਸਥਾਨ ‘ਤੇ ਰਹੀ ਹੈ ਜਦੋਂਕਿ ਕਿਸੇ ਵੇਲੇ ਇਸ ਦੀ ਸਹਿਯੋਗੀ ਰਹੀ ਭਾਰਤੀ ਜਨਤਾ ਪਾਰਟੀ ਨੂੰ ਚੌਥਾ ਸਥਾਨ ਮਿਲਿਆ। ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ 2021 ‘ਚ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਸਮੀਖਿਆ ਕਰਨੀ ਚਾਹੀਦੀ ਹੈ ਕਿ ਉਹ ਆਪਣੀ ਸਾਖ਼ ਕਿਵੇਂ ਬਹਾਲ ਕਰੇ। ਸਾਰੀਆਂ ਪਾਰਟੀਆਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਜ਼ਰੂਰਤ ਹੈ ਕਿਉਂਕਿ ਸੱਤਾ ਦੇ ਸੰਤੁਲਨ ਲਈ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ। ‘ਆਪ’ ਦੀ ਜਿੱਤ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਆਏ ਨਤੀਜਿਆਂ ਦੀ ਯਾਦ ਵੀ ਤਾਜ਼ਾ ਕਰਵਾਈ ਹੈ। 2013 ਵਿਚ ਦਿੱਲੀ ਵਿਚ ‘ਆਪ’ ਸਰਕਾਰ ਬਣਨ ਨੇ ਪੰਜਾਬ ਵਿਚ ਕੁਝ ਇਸ ਤਰ੍ਹਾਂ ਦੀ ਗੂੰਜ ਪੈਦਾ ਕੀਤੀ ਸੀ ਜੋ ਦੇਸ਼ ਦੇ ਦੂਸਰੇ ਸੂਬਿਆਂ ਵਿਚ ਸੁਣਾਈ ਨਹੀਂ ਸੀ ਦਿੱਤੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਦੀ ਜਿੱਤ ਨੇ ਪੰਜਾਬ ਦੇ ਲੋਕਾਂ ਦਾ ਇਹ ਫ਼ੈਸਲਾ ਬਹੁਤ ਸਪੱਸ਼ਟਤਾ ਨਾਲ ਸੁਣਾਇਆ ਸੀ ਕਿ ਪੰਜਾਬ ਤਬਦੀਲੀ ਲਈ ਤਿਆਰ ਹੈ। ਉਨ੍ਹਾਂ ਚੋਣਾਂ ਵਿਚ ‘ਆਪ’ ਨੂੰ ਚਾਰ ਲੋਕ ਸਭਾ ਹਲਕਿਆਂ ਵਿਚ ਸਫ਼ਲਤਾ ਮਿਲੀ ਸੀ ਜਦੋਂਕਿ ਉਹ ਦੋ-ਤਿੰਨ ਸੀਟਾਂ ਮਾਮੂਲੀ ਫ਼ਰਕ ਨਾਲ ਹਾਰੀ ਸੀ। ਇਸ ਤਰ੍ਹਾਂ ਪੰਜਾਬ ਨੇ ‘ਆਪ’ ਲਈ ਲੋਕ ਸਭਾ ਦੇ ਦਰਵਾਜ਼ੇ 2014 ਵਿਚ ਹੀ ਖੋਲ੍ਹ ਦਿੱਤੇ ਸਨ ਜਦੋਂਕਿ ਪਾਰਟੀ ਕਿਸੇ ਹੋਰ ਸੂਬੇ ਵਿਚੋਂ ਸਫ਼ਲਤਾ ਹਾਸਿਲ ਨਹੀਂ ਸੀ ਕਰ ਸਕੀ। ਪੰਜਾਬ ਵਿਚ ‘ਆਪ’ ਦਾ ਇਹ ਪਸਾਰ ਪੰਜਾਬ ਦੀ ‘ਆਪ’ ਇਕਾਈ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਮੁੱਖ ਮੁਕਾਬਲਾ ‘ਆਪ’ ਤੇ ਕਾਂਗਰਸ ਵਿਚਕਾਰ ਹੋਵੇਗਾ ਉੱਥੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੱਖਰੇ ਸਿਆਸੀ ਸਮੀਕਰਨਾਂ ਦੀ ਤਲਾਸ਼ ਕਰਨਗੀਆਂ।