ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਹਿਮਦਾਬਾਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਬਣੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ ਜਿਸ ਵਿਚ ਹਾਲ ਵਿਚ ਭਾਰਤ ਤੇ ਇੰਗਲੈਂਡ ਵਿਚਕਾਰ ਹੋਇਆ ਕ੍ਰਿਕਟ ਮੈਚ ਖੇਡਿਆ ਗਿਆ। ਕ੍ਰਿਕਟ ਵਿਚ ਦੋ ਪਾਸਿਆਂ ਤੋਂ ਬਾਲ ਸੁੱਟੇ ਜਾਂਦੇ ਹਨ ਤੇ ਬਾਲ ਸੁੱਟਣ ਵਾਲੇ ਪਾਸੇ ਨੂੰ ਕੋਈ ਨਾਮ ਦਿੱਤਾ ਜਾਂਦਾ ਹੈ। ਨਰਿੰਦਰ ਮੋਦੀ ਸਟੇਡੀਅਮ ਦੀ ਗਰਾਊਂਡ ਵਿਚ ਬਾਲ ਸੁੱਟਣ ਵਾਲੇ ਇਕ ਪਾਸੇ ਦਾ ਨਾਂ ਹੈ ‘ਅਡਾਨੀ ਪਾਸਾ’ ਅਤੇ ਦੂਸਰੀ ਤਰਫ਼ ਦਾ ਨਾਂ ‘ਰਿਲਾਇੰਸ ਪਾਸਾ’ ਹੈ। ਇੰਨਾ ਦੱਸਣ ਨਾਲ ਹੀ ਅਜੋਕੇ ਭਾਰਤ ਦੀ ਤਸਵੀਰ ਮੁਕੰਮਲ ਹੋ ਜਾਂਦੀ ਹੈ ਅਤੇ ਇਸ ’ਤੇ ਹੋਰ ਟਿੱਪਣੀ ਕਰਨ ਦੀ ਸ਼ਾਇਦ ਕੋਈ ਲੋੜ ਨਹੀਂ ਹੈ ਪਰ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਨਾਮਕਰਨ ਦੇ ਸਮਾਗਮ ਵਿਚ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਸੀ।
ਭਾਰਤੀ ਜਨਤਾ ਪਾਰਟੀ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਅਖ਼ਬਾਰਾਂ ਅਤੇ ਮੀਡੀਆ ਵਿਚ ਗ਼ਲਤ ਪ੍ਰਚਾਰ ਕੀਤਾ ਗਿਆ ਹੈ ਕਿ ਪੁਰਾਣਾ ਸਟੇਡੀਅਮ, ਜੋ ਸਰਦਾਰ ਵੱਲਭਭਾਈ ਪਟੇਲ ਦੇ ਨਾਂ ’ਤੇ ਸੀ, ਦਾ ਨਾਮ ਬਦਲ ਕੇ ਨਰਿੰਦਰ ਮੋਦੀ ਸਟੇਡੀਅਮ ਰੱਖਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਸਟੇਡੀਅਮ ਬਹੁਤ ਵੱਡੇ ਸਰਦਾਰ ਵੱਲਭਭਾਈ ਪਟੇਲ ਖੇਲ ਐਨਕਲੇਵ ਦਾ ਹਿੱਸਾ ਹੈ ਜਿਸ ਵਿਚ ਤੈਰਾਕੀ ਲਈ ਤਲਾਬ ਅਤੇ ਸਕੁਐਸ਼, ਬੈਡਮਿੰਟਨ ਤੇ ਟੈਨਿਸ ਖੇਡਣ ਲਈ ਮੈਦਾਨ ਹਨ। ਭਾਜਪਾ ਅਨੁਸਾਰ ਇਸ ਸਟੇਡੀਅਮ ਦਾ ਪਹਿਲਾਂ ਨਾਮ ਮੋਟੇਰਾ ਸਟੇਡੀਅਮ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕਾਰਪੋਰੇਟ ਘਰਾਣਿਆਂ ਨੇ ਇਸ ਸਟੇਡੀਅਮ ਦੀ ਨਵ-ਉਸਾਰੀ ਲਈ ਦਿਲ ਖੋਲ੍ਹ ਕੇ ਪੈਸੇ ਦਿੱਤੇ ਅਤੇ ਦੋਹਾਂ ਪਾਸਿਆਂ ’ਤੇ ਇਕ ਇਕ ਕਾਰਪੋਰੇਟ ਬਾਕਸ ਵੀ ਖ਼ਰੀਦਿਆ ਜਿਸ ਦੀ ਕੀਮਤ 250 ਕਰੋੜ ਰੁਪਏ+ਜੀਐੱਸਟੀ ਹੈ। ਸ੍ਰੋਤਾਂ ਅਨੁਸਾਰ ਦਾਨ ਦੇਣ ਵਾਲਿਆਂ ਨੇ ਇਹ ਮੰਗ ਕੀਤੀ ਸੀ ਕਿ ਬਾਲ ਸੁੱਟਣ ਵਾਲੇ ਪਾਸਿਆਂ ਦਾ ਨਾਂ ਉਨ੍ਹਾਂ (ਦਾਨ ਦੇਣ ਵਾਲਿਆਂ) ਦੇ ਨਾਂ ’ਤੇ ਰੱਖਿਆ ਜਾਵੇ।
ਸਵਾਲ ਕਾਨੂੰਨੀ ਤੌਰ ’ਤੇ ਸਹੀ ਹੋਣ ਦਾ ਨਹੀਂ ਸਗੋਂ ਨੈਤਿਕਤਾ ਅਤੇ ਕਾਰਪੋਰੇਟ ਪੂੰਜੀ ਦੀ ਵਿਸ਼ਾਲ ਪਹੁੰਚ ਅਤੇ ਉਸ ਨੂੰ ਸਵੀਕਾਰ ਕੀਤੇ ਜਾਣ ਦਾ ਹੈ। ਇਸ ਤੋਂ ਵੱਡਾ ਸਵਾਲ ਕਿਸੇ ਜਮਹੂਰੀਅਤ ਵਿਚ ਕਿਸੇ ਆਗੂ ਦੇ ਜਿਊਂਦੇ ਜੀ ਉਸ ਦੇ ਨਾਂ ’ਤੇ ਕਿਸੇ ਇਮਾਰਤ ਦਾ ਨਾਂ ਰੱਖਣ ਦਾ ਹੈ। ਇਹ ਵਰਤਾਰਾ ਤਾਨਾਸ਼ਾਹੀ ਤਰਜ਼ ਦੀਆਂ ਹਕੂਮਤਾਂ ਅਤੇ ਸਾਮਵਾਦੀ-ਸਮਾਜਵਾਦੀ ਮੁਲਕਾਂ ਵਿਚ ਤਾਂ ਵੱਡੇ ਪੱਧਰ ’ਤੇ ਵਾਪਰਿਆ ਪਰ ਜਮਹੂਰੀ ਮੁਲਕਾਂ ਵਿਚ ਇਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਜਮਹੂਰੀ ਰਵਾਇਤਾਂ ਮੰਗ ਕਰਦੀਆਂ ਹਨ ਕਿ ਸ਼ਖ਼ਸੀ ਪੂਜਾ ਦੀ ਥਾਂ ’ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਤਰਜੀਹ ਦਿੰਦਿਆਂ ਅਜਿਹੇ ਰੁਝਾਨਾਂ ਤੋਂ ਬਚਿਆ ਜਾਵੇ। ਵੈਸੇ ਤਾਂ ਹਰ ਯੁੱਗ ਵਿਚ ਸ਼ਖ਼ਸੀ ਪੂਜਾ ਹੁੰਦੀ ਰਹੀ ਪਰ ਵੀਹਵੀਂ ਸਦੀ ਵਿਚ ਇਹ ਰੁਝਾਨ ਸਿਖ਼ਰਾਂ ’ਤੇ ਪਹੁੰਚਿਆ ਅਤੇ ਜਰਮਨੀ, ਇਟਲੀ, ਸੋਵੀਅਤ ਯੂਨੀਅਨ, ਚੀਨ, ਇਰਾਕ, ਉੱਤਰੀ ਕੋਰੀਆ, ਪੂਰਬੀ ਯੂਰੋਪ ਦੀਆਂ ਸਮਾਜਵਾਦੀ ਹਕੂਮਤਾਂ ਅਤੇ ਕਈ ਹੋਰ ਦੇਸ਼ਾਂ ਵਿਚ ਸ਼ਖ਼ਸੀ ਪੂਜਾ ਚਰਮ ਸੀਮਾ ’ਤੇ ਪਹੁੰਚੀ। ਤਾਨਾਸ਼ਾਹ ਅਤੇ ਸਮਾਜਵਾਦੀ ਦੇਸ਼ਾਂ ਦੇ ਆਗੂ ਆਪਣੀਆਂ ਸ਼ਖ਼ਸੀਅਤਾਂ ਨੂੰ ਵਡੇਰੀਆਂ ਦਰਸਾਉਣ ਲਈ ਇਸ ਲਈ ਵੀ ਸਫ਼ਲ ਹੋਏ ਸਨ ਕਿ ਉਨ੍ਹਾਂ ਨਿਜ਼ਾਮਾਂ ਵਿਚ ਨਾ ਕੋਈ ਵਿਰੋਧੀ ਪਾਰਟੀਆਂ ਸਨ ਅਤੇ ਨਾ ਹੀ ਪ੍ਰੈੱਸ ਦੀ ਆਜ਼ਾਦੀ ਪਰ ਕਿਸੇ ਜਮਹੂਰੀਅਤ ਵਿਚ ਅਜਿਹਾ ਹੋਣਾ ਇਕ ਵੱਡਾ ਵਿਰੋਧਾਭਾਸ ਹੈ। ਜਮਹੂਰੀਅਤਾਂ ਵਿਚ ਸ਼ਖ਼ਸੀਅਤਾਂ ਦੇ ਆਲੇ ਦੁਆਲੇ ਹਾਕਮ ਵਿਚਾਰਧਾਰਾ ਦਾ ਜਾਲ਼ ਬੁਣ ਕੇ ਸ਼ਖ਼ਸੀ ਪੂਜਾ ਲੋਕਾਂ ਦੀ ਸਮੂਹਿਕ ਤਾਕਤ ਨੂੰ ਨਕਾਰਨਾ ਅਤੇ ਉਨ੍ਹਾਂ ਨੂੰ ਨਿਤਾਣੇ ਬਣਾਉਣਾ ਹੈ। ਇਤਿਹਾਸ ਨੇ ਇਹ ਵੀ ਦੱਸਿਆ ਹੈ ਕਿ ਇਹ ਰੁਝਾਨ ਸਮਾਜ ਲਈ ਕਿੰਨਾ ਘਾਤਕ ਹੋ ਸਕਦਾ ਹੈ। ਜਮਹੂਰੀ ਤਾਕਤਾਂ ਨੂੰ ਇਸ ਕਦਮ ਦਾ ਵਿਰੋਧ ਕਰਨ ਦੇ ਨਾਲ ਨਾਲ ਲੋਕਾਂ ਵਿਚ ਸ਼ਖ਼ਸੀ ਪੂਜਾ ਵਿਰੁੱਧ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਇਸ ਲਈ ਜਮਹੂਰੀ ਪਾਰਟੀਆਂ ਨੂੰ ਆਪਣੇ ਅੰਦਰ ਪਣਪਦੇ ਸ਼ਖ਼ਸੀ ਪੂਜਾ ਦੇ ਰੁਝਾਨਾਂ ਤੋਂ ਗੁਰੇਜ਼ ਕਰਦਿਆਂ ਪਾਰਟੀਆਂ ਦੀ ਅੰਦਰੂਨੀ ਜਮਹੂਰੀਅਤ ਬਹਾਲ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।