ਦੇਸ਼ ’ਚ ਮੁਸਲਮਾਨ ਵਿਰੋਧ ਦਾ ਰੁਝਾਨ ਵਧ ਰਿਹਾ ਹੈ। ਉੱਤਰੀ ਭਾਰਤ ਦੇ ਰਾਜਾਂ ਤੋਂ ਬਾਅਦ ਹੁਣ ਕਰਨਾਟਕ ਇਸ ਵਰਤਾਰੇ ਦੇ ਮੁੱਖ ਕੇਂਦਰ ਵਜੋਂ ਉੱਭਰਿਆ ਹੈ। ਪਹਿਲਾਂ ਹਿਜਾਬ ’ਤੇ ਪਾਬੰਦੀ, ਹਲਾਲ ਮਾਸ ਦੀਆਂ ਦੁਕਾਨਾਂ ਦਾ ਵਿਰੋਧ ਅਤੇ ਮੁਸਲਮਾਨਾਂ ਦੁਆਰਾ ਮੰਦਰਾਂ ਨਜ਼ਦੀਕ ਫੁੱਲ ਤੇ ਹੋਰ ਵਸਤਾਂ ਵੇਚਣ ਤੋਂ ਮਨਾਹੀ ਜਿਹੇ ਵਰਤਾਰੇ ਸਾਹਮਣੇ ਆਏ; ਹੁਣ ਹਿੰਦੂ ਜਨ-ਜਾਗ੍ਰਿਤੀ ਸਮਿਤੀ ਲੋਕਾਂ ਨੂੰ ਮੁਸਲਮਾਨਾਂ ਤੋਂ ਫਲ ਖ਼ਰੀਦਣ ਤੋਂ ਵਰਜ ਰਹੀ ਹੈ। ਇਹ ਪ੍ਰਚਾਰ ਨੈਤਿਕ ਪੱਖ ਤੋਂ ਏਨਾ ਗਿਰ ਚੁੱਕਾ ਹੈ ਕਿ ਪ੍ਰਚਾਰ ਕਰਨ ਵਾਲੇ ਇਸ ਨੂੰ ‘ਥੁੱਕ ਜਹਾਦ’ ਦਾ ਨਾਮ ਦਿੰਦੇ ਤੇ ਦੋਸ਼ ਲਗਾਉਂਦੇ ਹਨ ਕਿ ਮੁਸਲਮਾਨ ਵਿਕਰੇਤਾ ਫਲਾਂ ’ਤੇ ਆਪਣਾ ਥੁੱਕ ਮਲਦੇ ਅਤੇ ਉਨ੍ਹਾਂ ਨੂੰ ‘ਮਲੀਨ’ ਕਰਦੇ ਹਨ। ਇਹ ਪ੍ਰਚਾਰ ਗ਼ਲਤ ਤੇ ਨਫ਼ਰਤ ਫੈਲਾਉਣ ਵਾਲਾ ਹੈ। ਕੁਝ ਮੁਸਲਮਾਨ ਜਥੇਬੰਦੀਆਂ ਨੇ ਇਸ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੇ ਯਤਨ ਕੀਤੇ ਹਨ ਅਤੇ ਦੋਸ਼ ਲਗਾਇਆ ਹੈ ਕਿ ਪੁਲੀਸ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ।
ਦੇਸ਼ ’ਚ ਜਿੱਥੇ ਕਈ ਸਦੀਆਂ ਤੋਂ ਫ਼ਿਰਕੂ ਵਖਰੇਵੇਂ ਰਹੇ ਹਨ, ਉੱਥੇ ਭਾਈਚਾਰਕ ਸਾਂਝ ਵੀ ਪਨਪੀ ਹੈ। ਬਹੁਤੀ ਵਾਰ ਹਿੰਦੋਸਤਾਨੀ ਬਰੇ-ਸਗੀਰ (ਉੱਪ-ਮਹਾਂਦੀਪ) ਦੇ ਸਮਾਜ ਇਨ੍ਹਾਂ ਵਖਰੇਵਿਆਂ ਨੂੰ ਪਛਾਣਦੇ ਅਤੇ ਸਵੀਕਾਰ ਕਰਦੇ ਹੋਏ ਸਹਿਜ ਭਾਵ ਵਾਲੀ ਜੀਵਨ ਜਾਚ ਅਪਣਾਉਂਦੇ ਰਹੇ ਹਨ, ਉੱਥੇ ਕਈ ਵਾਰ ਭਾਈਚਾਰਕ ਸਾਂਝ ਟੁੱਟੀ ਅਤੇ ਫ਼ਿਰਕੂ ਹਿੰਸਾ ਤੇ ਦੰਗੇ ਵੀ ਹੋਏ ਹਨ। 1947 ਇਸ ਦਾ ਸਿਖ਼ਰ ਸੀ; ਦੇਸ਼ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਸ ਦਾ ਕਾਰਨ ਧਾਰਮਿਕ ਕੱਟੜਤਾ ਅਤੇ ਫ਼ਿਰਕਾਪ੍ਰਸਤੀ ਦਾ ਵਧਣਾ ਸੀ। ਉਸ ਹਿੰਸਾ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਲੱਖਾਂ ਬੇਘਰ ਹੋਏ ਤੇ ਉੱਜੜੇ। ਇਸੇ ਲਈ ਉਸ ਵੰਡ ਨੂੰ ਕਈ ਵਾਰ ਉਜਾੜਾ ਵੀ ਕਿਹਾ ਜਾਂਦਾ ਹੈ। ਜਾਇਦਾਦਾਂ ਦੀ ਲੁੱਟ ਅਤੇ ਔਰਤਾਂ ’ਤੇ ਹੋਏ ਜ਼ੁਲਮ ਦੇ ਨਾਲ ਨਾਲ ਇਹ ਸਾਡੀ ਭਾਈਚਾਰਕ ਸਾਂਝ ਅਤੇ ਵਿਰਸੇ ਦਾ ਉਜਾੜਾ ਸੀ। ਇਸ ਉਜਾੜੇ ਤੋਂ ਪਹਿਲਾਂ ਸਮਾਜਿਕ ਪਤਨ ਏਨਾ ਡੂੰਘਾ ਸੀ ਕਿ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ’ਤੇ ਪੀਣ ਵਾਲੇ ਪਾਣੀ ਵਿਚ ਵੀ ‘ਹਿੰਦੂ ਪਾਣੀ’, ‘ਮੁਸਲਮਾਨ ਪਾਣੀ’ ਦੀਆਂ ਵੰਡੀਆਂ ਪਾਈਆਂ ਗਈਆਂ ਸਨ। ਅਜਿਹੇ ਲੱਛਣ ਹੁਣ ਫਿਰ ਦਿਖਾਈ ਦੇ ਰਹੇ ਹਨ। ਹਜੂਮੀ ਹਿੰਸਾ ਦੀਆਂ ਕਾਰਵਾਈਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਵਿਤਕਰੇ ਵਾਲੇ ਕਾਨੂੰਨ ਬਣਾਏ ਜਾਂਦੇ ਹਨ ਅਤੇ ਦੇਸ਼ ਦੇ ਸਰਬਉੱਚ ਨੇਤਾ ‘ਦੁਸ਼ਮਣਾਂ’ ਨੂੰ ਲਬਿਾਸ ਦੇ ਆਧਾਰ ’ਤੇ ਪਛਾਣਨ ਦੀਆਂ ਗੱਲਾਂ ਕਰਦੇ ਹਨ। ਨਫ਼ਰਤ ਦੇ ਵਪਾਰੀਆਂ ਨੇ ਹੁਣ ਫਲਾਂ ’ਤੇ ਵੀ ਫ਼ਿਰਕੂ ਲੇਬਲ ਲਗਾ ਦਿੱਤੇ ਹਨ। ਮੁੱਖ ਪ੍ਰਸ਼ਨ ਇਹ ਹਨ ਕਿ ਅਸੀਂ ਕਿਸ ਤਰ੍ਹਾਂ ਦਾ ਸਿਆਸੀ ਨਿਜ਼ਾਮ ਸਿਰਜਣਾ ਚਾਹੁੰਦੇ ਹਾਂ? ਕੀ ਅਸੀਂ ਸੰਵਿਧਾਨ ਦੁਆਰਾ ਪਰਿਭਾਸ਼ਿਤ ਧਰਮ ਨਿਰਪੱਖਤਾ ਅਤੇ ਮਨੁੱਖੀ ਮਾਣ-ਸਨਮਾਨ ਦੀਆਂ ਧਾਰਨਾਵਾਂ ਤੋਂ ਇਨਕਾਰੀ ਹੋਣਾ ਚਾਹੁੰਦੇ ਹਾਂ? ਕੀ ਅਸੀਂ ਨਫ਼ਰਤ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਨੂੰ ਮਾਨਤਾ ਦੇਣੀ ਚਾਹੁੰਦੇ ਹਾਂ?
ਜੇ ਸਮਾਜ ਵਿਚ ਫ਼ਿਰਕੂ ਪਾੜੇ ਵਧਦੇ ਹਨ ਤਾਂ ਇਹ ਸੰਵਿਧਾਨ ਅਤੇ ਕਾਨੂੰਨ ਦੀ ਹਾਰ ਹੋਵੇਗੀ। ਧਰਮ ਦੇ ਆਧਾਰ ’ਤੇ ਵੰਡਿਆ ਸਮਾਜ ਨਾ ਤਾਂ ਮਾਣ-ਸਨਮਾਨ ਵਾਲੇ ਦੇਸ਼ ਦਾ ਨਿਰਮਾਣ ਕਰ ਸਕਦਾ ਹੈ ਅਤੇ ਨਾ ਹੀ ਵਿਕਾਸ ਦੀ ਰਾਹ ’ਤੇ ਤੁਰ ਸਕਦਾ ਹੈ। ਫ਼ਿਰਕਾਪ੍ਰਸਤੀ ਨੂੰ ਕੁਝ ਦੇਰ ਤਕ ਤਾਂ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ ਪਰ ਇਸ ਦੀਆਂ ਵੀ ਸੀਮਾਵਾਂ ਹਨ। ਫ਼ਿਰਕਾਪ੍ਰਸਤੀ ਵਧਣ ਨਾਲ ਅਸੀਂ ਸਿਆਸੀ ਤੇ ਸਮਾਜਿਕ ਪਤਨ ਦੇ ਅਜਿਹੇ ਦੌਰ ਵਿਚ ਦਾਖ਼ਲ ਹੋ ਸਕਦੇ ਹਾਂ ਜਿਸ ਵਿਚੋਂ ਬਾਹਰ ਆਉਣਾ ਮੁਸ਼ਕਿਲ ਹੋਵੇਗਾ। ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਤੇ ਸ਼ਕਤੀਸ਼ਾਲੀ ਸਿਆਸੀ ਜਮਾਤ ਹੈ; ਕੌਮੀ ਪੱਧਰ ’ਤੇ ਉਸ ਦਾ ਕੋਈ ਮੁਕਾਬਲਾ ਨਹੀਂ ਹੈ; ਪਾਰਟੀ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਜ਼ਰੂਰਤ ਹੈ ਕਿ ਉਹ ਨਫ਼ਰਤ ਫੈਲਾਉਣ ਵਾਲੇ ਅਜਿਹੇ ਤੱਤਾਂ ’ਤੇ ਕਦੋਂ ਲਗਾਮ ਕੱਸੇਗੀ; ਕਦੋਂ ਤਕ ਅਜਿਹੇ ਤੱਤਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜੇ ਅਜਿਹੇ ਰੁਝਾਨ ਜਾਰੀ ਰਹੇ ਤਾਂ ਭਵਿੱਖ ਹੋਰ ਹਨੇਰਾ ਹੋ ਸਕਦਾ ਹੈ। ਕੇਂਦਰ ਸਰਕਾਰ ਅਤੇ ਭਾਜਪਾ ਨੂੰ ਫ਼ਿਰਕਾਪ੍ਰਸਤੀ ਦੇ ਜ਼ਹਿਰੀਲੇ ਪ੍ਰਚਾਰ ਨੂੰ ਰੋਕਣ ਲਈ ਆਤਮ-ਮੰਥਨ ਦੀ ਜ਼ਰੂਰਤ ਹੈ; ਫ਼ਿਰਕਾਪ੍ਰਸਤੀ ਕਿਸੇ ਵੀ ਭਾਈਚਾਰੇ ਦਾ ਭਲਾ ਨਹੀਂ ਕਰ ਸਕਦੀ; ਇਹ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗੀ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਸ ਵਰਤਾਰੇ ਵਿਰੁੱਧ ਲੜਨ ਲਈ ਸਾਂਝਾ ਮੁਹਾਜ਼ ਬਣਾਉਣ ਦੀ ਜ਼ਰੂਰਤ ਹੈ।