ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜੋਅ ਬਾਇਡਨ ਦੀ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ ਲਈ ਬਾਇਡਨ ਦੀ ਜਿੱਤ ਦੇ ਮਾਇਨਿਆਂ ਬਾਰੇ ਵਿਚਾਰ-ਚਰਚਾ ਹੋ ਰਹੀ ਹੈ। ਟਰੰਪ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਸੀ ਅਤੇ ਬਾਇਡਨ ਡੈਮੋਕਰੈਟਿਕ ਪਾਰਟੀ ਦਾ। ਬਾਇਡਨ ਦੀ ਜਿੱਤ ਨਾਲ ਡੈਮੋਕਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਅਤੇ ਜਮਾਇਕਨ ਮੂਲ ਦੀ ਕਮਲਾ ਹੈਰਿਸ ਵੀ ਚੋਣ ਜਿੱਤ ਗਈ ਹੈ। ਬਾਇਡਨ ਬਰਾਕ ਓਬਾਮਾ ਨਾਲ ਉਪ ਰਾਸ਼ਟਰਪਤੀ ਦੇ ਅਹੁਦੇ ਉੱਤੇ ਰਿਹਾ ਹੈ। ਉਹ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਦਾ ਚੇਅਰਮੈਨ ਰਿਹਾ ਹੈ। ਉਸ ਦੀ ਉਸ ਵਕਤ ਦੀ ਭਾਰਤ ਸਬੰਧੀ ਪਹੁੰਚ ਤਹਿਤ ਵੀ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਕਿਸੇ ਵੀ ਸਿਆਸੀ ਮੁਖੀ ਦੀ ਤਬਦੀਲੀ ਕਾਰਨ ਦੇਸ਼ ਦੀ ਵਿਦੇਸ਼ ਨੀਤੀ ਵਿਚ ਵੱਡੇ ਬਦਲਾਉ ਦੀ ਉਮੀਦ ਨਹੀਂ ਰੱਖੀ ਜਾਂਦੀ, ਫਿਰ ਵੀ ਸੀਮਤ ਪੱਧਰ ਦੀਆਂ ਤਬਦੀਲੀਆਂ ਦੀਆਂ ਕੁਝ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਡੋਨਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਜਾਂ ਕਾਰ ਵਿਹਾਰ ਵਿਚ ਸਮਾਨਤਾਵਾਂ ਦੇਖਣ ਦੀ ਕੋਸ਼ਿਸ਼ ਵੀ ਹੁੰਦੀ ਰਹੀ ਹੈ।
ਅਮਰੀਕਾ ਵਿਚ ਰਹਿੰਦੇ ਭਾਰਤੀਆਂ ਲਈ ਪਰਵਾਸ ਸਬੰਧੀ ਨੀਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਡੋਨਲਡ ਟਰੰਪ ਨੇ ਅਮਰੀਕਨਾਂ ਨੂੰ ਪਹਿਲ ਦੇਣ ਦੀ ਨੀਤੀ ਤਹਿਤ ਪਿਛਲੇ ਚਾਰ ਸਾਲਾਂ ਦੌਰਾਨ ਇਮੀਗ੍ਰੇਸ਼ਨ ਦੇ ਨਿਯਮਾਂ ਨੂੰ ਸਖ਼ਤ ਕੀਤਾ ਹੈ। ਮੌਜੂਦਾ ਨਤੀਜੇ ਦੱਸਦੇ ਹਨ ਕਿ ਅਮਰੀਕਾ ਵਿਚ ਨਸਲੀ ਆਧਾਰ ਉੱਤੇ ਧਰੁਵੀਕਰਨ ਸਿਖ਼ਰ ਉੱਤੇ ਹੈ। ਇਸੇ ਕਰ ਕੇ ਟਰੰਪ 47 ਫ਼ੀਸਦੀ ਵੋਟਾਂ ਹਾਸਲ ਕਰਨ ਵਿਚ ਕਾਮਯਾਬ ਹੋਇਆ ਹੈ। ਬਾਇਡਨ ਦੀ ਅਗਵਾਈ ਵਿਚ ਪਰਵਾਸ ਸਬੰਧੀ ਨੀਤੀ ਵਿਚ ਕੁਝ ਤਬਦੀਲੀ ਤਾਂ ਆਵੇਗੀ ਪਰ ਉਸ ਦੇ ਪਾਸਾਰ ਵੱਡੇ ਨਹੀਂ ਹੋਣਗੇ। ਟਰੰਪ ਦੀ ਨੀਤੀ ਕਾਰਨ ਬਹੁਤ ਸਾਰੇ ਪਰਵਾਸੀ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਉੱਤੇ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਬਾਇਡਨ ਪਰਵਾਸ ਸਬੰਧੀ ਨੀਤੀ ਨੂੰ ਨਰਮ ਕਰਨ ਦੇ ਪੱਖ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਲਗਭੱਗ ਪੰਜ ਲੱਖ ਭਾਰਤੀਆਂ ਨੂੰ ਨਾਗਰਿਕਤਾ ਮਿਲਣ ਦਾ ਰਾਹ ਖੁੱਲ੍ਹ ਸਕਦਾ ਹੈ। ਇਸ ਤੋਂ ਬਿਨਾ ਐਚ-1ਬੀ ਵੀਜ਼ੇ ਵਾਲੇ ਪਰਵਾਸੀਆਂ ਦੇ ਪਰਿਵਾਰਾਂ ਨੂੰ ਕੰਮ ਦਾ ਮੌਕਾ ਦੇਣ ਦਾ ਮਾਮਲਾ ਵੀ ਪਰਵਾਸੀਆਂ ਦਾ ਮੁੱਖ ਮਸਲਾ ਹੈ। ਡੈਮੋਕਰੈਟਿਕ ਪਾਰਟੀ ਦੇ ਨੀਤੀਵਾਨਾਂ ਵੱਲੋਂ ਅਜਿਹਾ ਮੌਕਾ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਚੀਨ ਨਾਲ ਸਬੰਧਾਂ ਨੂੰ ਲੈ ਕੇ ਰਿਪਬਲਿਕਨ ਅਤੇ ਡੈਮੋਕਰੈਟਿਕ ਪਾਰਟੀਆਂ ਦੀ ਪਹੁੰਚ ਵਿਚ ਵੱਡਾ ਅੰਤਰ ਨਹੀਂ ਹੈ ਕਿਉਂਕਿ ਦੋਵੇਂ ਹੀ ਚੀਨ ਨੂੰ ਭਵਿੱਖ ਦਾ ਰਣਨੀਤਕ ਅਤੇ ਤਜਾਰਤੀ ਵਿਰੋਧੀ ਮੰਨਦੇ ਹਨ। ਇਸ ਖਿੱਤੇ ਵਿਚ ਭਾਰਤ ਨਾਲ ਦੋਸਤੀ ਹਰ ਅਮਰੀਕੀ ਸਰਕਾਰ ਦੀ ਰਣਨੀਤੀ ਦਾ ਹਿੱਸਾ ਰਹੀ ਹੈ। ਬਾਇਡਨ ਨੇ ਉਪ ਰਾਸ਼ਟਰਪਤੀ ਹੁੰਦਿਆਂ ਰੱਖਿਆ ਮਾਮਲੇ ਵਿਚ ਭਾਰਤ ਨੂੰ ਰਣਨੀਤਕ ਹਿੱਸੇਦਾਰ ਬਣਾਉਣ ਸਬੰਧੀ ਵੱਡੀ ਭੂਮਿਕਾ ਨਿਭਾਈ ਸੀ। ਬਾਇਡਨ ਅਤੇ ਕਮਲਾ ਹੈਰਿਸ ਦਾ ਸੱਤਾ ਵਿਚ ਆਉਣਾ ਇਹ ਸੰਕੇਤ ਵੀ ਦਿੰਦਾ ਹੈ ਕਿ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਮਾਮਲੇ ਵਿਚ ਟਰੰਪ ਵਰਗੀ ਖਾਮੋਸ਼ੀ ਜਾਂ ਮਲਵੀਂ ਜੀਭ ਨਾਲ ਵਿਰੋਧ ਕਰਨ ਦੀ ਬਜਾਏ ਵਿਰੋਧ ਵਾਲੀ ਸੁਰ ਸੁਣਨ ਨੂੰ ਮਿਲ ਸਕਦੀ ਹੈ। ਏਸ਼ੀਆ ਵਿਚ ਅਮਰੀਕਾ ਦੇ ਇਰਾਨ ਪ੍ਰਤੀ ਰਵੱਈਏ ਅਤੇ ਉਸ ’ਤੇ ਲਗਾਈਆਂ ਗਈਆਂ ਪਾਬੰਦੀਆਂ ਨੇ ਭਾਰਤ ਹੋਰ ਦੇਸ਼ਾਂ ਲਈ ਕਾਫ਼ੀ ਮੁਸ਼ਕਿਲਾਂ ਪੈਦਾ ਕੀਤੀਆਂ ਹਨ। ਏਸ਼ੀਆ ਦੇ ਦੇਸ਼ਾਂ ਵਿਚ ਅਮਰੀਕਾ ਦੇ ਇਰਾਨ ਅਤੇ ਚੀਨ ਪ੍ਰਤੀ ਰਵੱਈਏ ਬਾਰੇ ਦਿਲਚਸਪੀ ਰਹੇਗੀ। ਅਮਰੀਕਾ ਚੀਨ ਅਤੇ ਇਰਾਨ ਦਾ ਮੁਕਾਬਲਾ ਕਰਨ ਲਈ ਏਸ਼ੀਆ ਦੇ ਵੱਖ ਵੱਖ ਦੇਸ਼ਾਂ ਨਾਲ ਕੂਟਨੀਤਕ ਅਤੇ ਵਪਾਰਕ ਸਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਨੂੰ ਇਹ ਵੀ ਸੋਚਣਾ ਪੈਣਾ ਹੈ ਕਿ ਉਸ ਨੇ ਗੁਆਂਢੀਆਂ ਨਾਲ ਸਬੰਧਾਂ ਦੇ ਮਾਮਲੇ ਵਿਚ ਅਮਰੀਕਾ ਮੁਤਾਬਿਕ ਚੱਲਣਾ ਹੈ ਜਾਂ ਪੁਰਾਣੇ ਸਮਿਆਂ ਵਾਂਗ ਸੰਤੁਲਤ ਨੀਤੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ।