ਹਰ ਧਾਰਮਿਕ ਫ਼ਿਰਕੇ ਦੇ ਲੋਕਾਂ ਵਿਚ ਆਪਣੇ ਧਰਮ ਨੂੰ ਦੂਸਰੇ ਧਰਮਾਂ ਤੋਂ ਵਧੀਆ ਸਮਝਣ ਦੀ ਭਾਵਨਾ ਹੁੰਦੀ ਹੈ; ਇਸ ਦੇ ਨਾਲ ਨਾਲ ਉਹ ਇਹ ਵੀ ਸਮਝਦੇ ਹਨ ਕਿ ਦੁਨੀਆ ਵਿਚ ਹੋਰ ਧਰਮਾਂ ਦੇ ਲੋਕ ਵੀ ਵੱਸਦੇ ਹਨ ਅਤੇ ਸਾਰਿਆਂ ਨੂੰ ਰਲ-ਮਿਲ ਕੇ ਰਹਿਣਾ ਪੈਣਾ ਹੈ। ਲੋਕ-ਸਮੂਹ ਸਹਿਹੋਂਦ ਦੇ ਮਹੱਤਵ ਨੂੰ ਪਛਾਣਦੇ ਹਨ। ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਜੇ ਲੋਕ-ਸਮੂਹ ਸਹਿਹੋਂਦ ਦੇ ਮਹੱਤਵ ਨੂੰ ਪਛਾਣਦੇ ਹਨ ਤਾਂ ਵੱਖ ਵੱਖ ਸਮਾਜਾਂ ਵਿਚ ਧਰਮ ’ਤੇ ਆਧਾਰਿਤ ਨਫ਼ਰਤ ਕਿਉਂ ਪਨਪਦੀ ਰਹਿੰਦੀ ਹੈ; ਫ਼ਿਰਕੂ ਹਿੰਸਾ ਕਿਉਂ ਭੜਕਦੀ ਹੈ; ਦੰਗੇ ਕਿਉਂ ਹੁੰਦੇ ਹਨ? ਧਾਰਮਿਕ ਵਖਰੇਵਿਆਂ ਤੇ ਪਛਾਣਾਂ ਸਮੂਹਿਕ ਅਵਚੇਤਨ ਵਿਚ ਕਾਇਮ ਰਹਿਣ ਦੇ ਬਾਵਜੂਦ ਆਮ ਕਰਕੇ ਲੋਕ ਅਜਿਹੇ ਜਜ਼ਬਿਆਂ ਨੂੰ ਇਕ-ਦੂਸਰੇ ਨੂੰ ਤਬਾਹ ਕਰ ਦੇਣ ਵਾਲੀ ਨਫ਼ਰਤ ਦੀ ਪੱਧਰ ’ਤੇ ਨਹੀਂ ਪਹੁੰਚਣ ਦਿੰਦੇ। ਵੱਡੀ ਗਿਣਤੀ ਲੋਕਾਂ ਵਿਚ ਧਾਰਮਿਕ ਵਖਰੇਵਿਆਂ ਦੇ ਆਧਾਰ ’ਤੇ ਹਿੰਸਾਤਮਕ ਨਫ਼ਰਤ ਦੀ ਭਾਵਨਾ ਕੋਈ ਸਜੀਵ ਜਜ਼ਬਾ ਨਹੀਂ ਹੁੰਦੀ ਸਗੋਂ ਧਰਮ ’ਤੇ ਆਧਾਰਿਤ ਸਿਆਸਤ ਅਤੇ ਸੱਤਾ ਪ੍ਰਾਪਤ ਕਰਨ ਵਾਲਿਆਂ ਵੱਲੋਂ ਇਹ ਜਜ਼ਬਾ ਪੈਦਾ ਕੀਤਾ ਜਾਂਦਾ ਹੈ। ਸਮਾਜ ਵਿਚ ਧਾਰਮਿਕ ਵਖਰੇਵਿਆਂ ਨੂੰ ਸਮਝਣ, ਉਨ੍ਹਾਂ ਨੂੰ ਮਾਣ-ਸਨਮਾਨ ਦੇਣ, ਘਟਾਉਣ ਅਤੇ ਸਹਿਹੋਂਦ ਪੈਦਾ ਕਰਨ ਦੀ ਥਾਂ ’ਤੇ ਨਫ਼ਰਤ ਕਰਨ ਲਈ ਜ਼ਮੀਨ ਤਿਆਰ ਕੀਤੀ ਜਾਂਦੀ ਹੈ।
ਇਹ ਜ਼ਮੀਨ ਕਿਵੇਂ ਤਿਆਰ ਕੀਤੀ ਜਾਂਦੀ ਹੈ? ਹਰ ਸਮਾਜ ਦੇ ਇਤਿਹਾਸ ਵਿਚ ਧਾਰਮਿਕ ਵਖਰੇਵਿਆਂ ਦੇ ਆਧਾਰ ’ਤੇ ਹੋਏ ਜ਼ੁਲਮਾਂ, ਵਿਤਕਰਿਆਂ ਅਤੇ ਕਤਲੋਗਾਰਤ ਦੀਆਂ ਯਾਦਾਂ ਪਈਆਂ ਹੁੰਦੀਆਂ ਹਨ। ਅਜਿਹੇ ਵਰਤਾਰਿਆਂ ਦੇ ਕਾਰਨ ਖ਼ਾਸ ਤਰ੍ਹਾਂ ਦੀਆਂ ਇਤਿਹਾਸਕ ਸਥਿਤੀਆਂ, ਧਾਰਮਿਕ ਕੱਟੜਤਾ, ਸੱਤਾ ਲਈ ਧਰਮ ਨੂੰ ਵਰਤਣਾ ਆਦਿ ਹੁੰਦੇ ਹਨ।
ਮਨੁੱਖਤਾ ਦਾ ਕਾਰਜ ਅਜਿਹੀਆ ਯਾਦਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣਾ ਹੁੰਦਾ ਹੈ ਪਰ
ਧਰਮ ਦੇ ਨਾਂ ’ਤੇ ਸੱਤਾ ਹਾਸਲ ਕਰਨ ਵਾਲੀਆਂ ਸ਼ਕਤੀਆਂ ਅਜਿਹੀਆਂ ਯਾਦਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦੀਆਂ ਹਨ; ਉਹ ਆਪਣੇ ਧਾਰਮਿਕ ਫ਼ਿਰਕੇ ਨੂੰ ਪੀੜਤ ਫ਼ਿਰਕਾ ਗਰਦਾਨਦੀਆਂ ਹਨ; ਦੂਸਰੇ ਧਾਰਮਿਕ ਫ਼ਿਰਕੇ ਜਾਂ ਫ਼ਿਰਕਿਆਂ ਨੂੰ ਜ਼ਾਲਮ, ਵਹਿਸ਼ੀ, ਅਸੰਵੇਦਨਸ਼ੀਲ,
ਪਰਾਏ, ਬੇਗ਼ਾਨੇ ਤੇ ਮਨੁੱਖਤਾ ਤੋਂ ਵਾਂਝੇ ਦੱਸਿਆ ਜਾਂਦਾ ਹੈ। ਭਾਰਤ ਵਿਚ ਇਹ ਵਰਤਾਰਾ
ਵੱਡੇ ਪੱਧਰ ’ਤੇ ਵਾਪਰ ਰਿਹਾ ਹੈ।
ਮੱਧ ਪ੍ਰਦੇਸ਼ ਦੇ ਖਰਗੋਨ ਕਸਬੇ ਵਿਚ ਰਾਮਨੌਮੀ ਦੇ ਤਿਉਹਾਰ ਮੌਕੇ ਕੱਢੇ ਗਏ ਜਲੂਸ ਦੌਰਾਨ ਹੋਈ ਹਿੰਸਾ ਤੋਂ ਬਾਅਦ 45 ਤੋਂ ਜ਼ਿਆਦਾ ਘਰ ਤੇ ਦੁਕਾਨਾਂ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ, ‘‘ਜਿਸ ਘਰ ਸੇ ਪੱਥਰ ਆਏ ਹੈਂ, ਉਸ ਘਰ ਕੋ ਪੱਥਰੋਂ ਕਾ ਹੀ ਢੇਰ ਬਣਾਏਗੇਂ।’’ ਜੇ ਕਿਸੇ ਨੇ ਧਾਰਮਿਕ ਜਲੂਸ ਜਾਂ ਸਮਾਗਮ ’ਤੇ ਪੱਥਰਬਾਜ਼ੀ ਜਾਂ ਕੋਈ ਹਿੰਸਾ ਕੀਤੀ ਹੈ ਤਾਂ ਉਸ ਨੂੰ ਨਿਸ਼ਚੇ ਹੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ; ਉਸ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ; ਅਦਾਲਤ ਨੂੰ ਉਸ ਨੂੰ ਕਠੋਰ ਸਜ਼ਾ ਦੇਣ ਲਈ ਕਿਹਾ ਜਾ ਸਕਦਾ ਹੈ ਪਰ ਸੂਬੇ ਦੇ ਗ੍ਰਹਿ ਮੰਤਰੀ ਦਾ ਅਜਿਹੇ ਸ਼ਬਦ ਬੋਲਣਾ ਗ਼ੈਰ-ਕਾਨੂੰਨੀ ਹੈ; ਇਹ ਸ਼ਬਦ ਸੰਵਿਧਾਨ ਦਾ ਅਪਮਾਨ ਹਨ; ਸਮਾਜ ਵਿਚ ਸਹਿਮ ਅਤੇ ਦਹਿਸ਼ਤ ਪੈਦਾ ਕਰਨ ਵਾਲੇ ਹਨ। ਅਜਿਹੇ ਸ਼ਬਦ ਬੋਲਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਵਿਰੋਧਾਭਾਸ ਇਹ ਹੈ ਕਿ ਇਹ ਸ਼ਬਦ ਅਜਿਹਾ ਵਿਅਕਤੀ ਬੋਲ ਰਿਹਾ ਹੈ ਜਿਸ ਨੂੰ ਸੰਵਿਧਾਨ ਤਹਿਤ ਸੂਬੇ ਵਿਚ ਅਮਨ-ਕਾਨੂੰਨ ਕਾਇਮ ਰੱਖਣ, ਰਾਜ-ਪ੍ਰਬੰਧ ਨੂੰ ਕਾਨੂੰਨ ਅਨੁਸਾਰ ਚਲਾਉਣ ਅਤੇ ਲੋਕਾਂ ਦੀ ਜ਼ਿੰਦਗੀ ਦੇ ਜਾਇਦਾਦ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਿਆਸੀ ਮਾਹਿਰਾਂ ਅਨੁਸਾਰ ਇਹ ਸਭ ਕੁਝ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਸਾਲ ਦੇ ਅਖੀਰ ਵਿਚ ਸੂਬੇ ਦੀ ਵਿਧਾਨ ਸਭਾ ਲਈ ਚੋਣਾਂ ਹੋਣੀਆਂ ਹਨ; ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਵੋਟਾਂ ਦੇ ਧਰੁਵੀਕਰਨ ਕਰਨ ਦੀ ਸਿਆਸਤ ਨੂੰ ਨਵੀਂ ਪੁੱਠ ਚਾੜ੍ਹੀ ਜਾ ਰਹੀ ਹੈ। ਇਹ ਰੁਝਾਨ ਜਮਹੂਰੀਅਤ ਲਈ ਵੱਡਾ ਖ਼ਤਰਾ ਹੈ। ਘੱਟਗਿਣਤੀ ਫ਼ਿਰਕਿਆਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਦਾ ਜ਼ਮੀਨੀ ਪੱਧਰ ’ਤੇ ਸਾਹਮਣਾ ਕਰਨ ਲਈ ਸਾਂਝੇ ਮੁਹਾਜ਼ ਬਣਾਉਣ ਦੀ ਜ਼ਰੂਰਤ ਹੈ।