ਵਿਧਾਨ ਸਭਾ ਦੀਆਂ 2022 ਵਿਚ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਨਵੀਂ ਬਣਾਈ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣਾ ਤੈਅ ਹੋ ਗਿਆ ਹੈ। ਭਾਜਪਾ ਇਸ ਗੱਠਜੋੜ ਵਿਚ ਇੱਕਾ-ਦੁੱਕਾ ਸੀਟਾਂ ’ਤੇ ਚੋਣ ਲੜਨ ਵਾਲੀਆਂ ਪਾਰਟੀਆਂ ਨੂੰ ਨਾਲ ਮਿਲਾ ਕੇ ਮਹਾਂ-ਗੱਠਬੰਧਨ ਦੇ ਰੂਪ ਵਿਚ ਪੇਸ਼ ਕਰਦਿਆਂ ਇਹ ਦੱਸਣਾ ਚਾਹੇਗੀ ਕਿ ਉਸ ਦੀ ਅਗਵਾਈ ਵਾਲਾ ਗੱਠਜੋੜ ਵਿਧਾਨ ਸਭਾ ਦੇ ਸਾਰੇ ਹਲਕਿਆਂ ਵਿਚ ਚੋਣ ਲੜਨ ਦੇ ਸਮਰੱਥ ਅਤੇ ਵਿਆਪਕ ਆਧਾਰ ਵਾਲਾ ਹੈ। ਉਹ ਲੋਕਾਂ ਨੂੰ ਇਹ ਵੀ ਭੁਲਾ ਦੇਣਾ ਚਾਹੇਗੀ ਕਿ ਇਹ ਗੱਠਜੋੜ ਕਿੰਨੀ ਮੌਕਾਪ੍ਰਸਤ ਸਿਆਸਤ ਦੇ ਆਧਾਰ ’ਤੇ ਬਣਿਆ ਹੈ। ਭਾਜਪਾ ਦਾ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਸਾਂਝ ਪਾਉਣ ਦਾ ਮਕਸਦ ਸ਼ਹਿਰੀ ਹਿੰਦੂ ਭਾਈਚਾਰੇ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸਾਂਝ ਭਿਆਲੀ ਕਰਕੇ ਉਹ ਦਿਹਾਤੀ ਇਲਾਕਿਆਂ ਵਿਚ ਗੱਠਜੋੜ ਦੀ ਮੌਜੂਦਗੀ ਦਿਖਾਉਣ ਦੀ ਕੋਸ਼ਿਸ਼ ਕਰੇਗੀ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਇਹ ਦਲੀਲ ਦੇ ਸਕਦੇ ਹਨ ਕਿ ਉਨ੍ਹਾਂ ਦੀ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ ਕਈ ਦਹਾਕਿਆਂ ਤੋਂ ਭਾਜਪਾ ਨਾਲ ਗੱਠਜੋੜ ਕਰ ਕੇ ਚੋਣਾਂ ਲੜਦੀ ਰਹੀ ਹੈ, ਇਸ ਲਈ ਉਨ੍ਹਾਂ ਦੇ ਭਾਜਪਾ ਨਾਲ ਸਾਂਝ ਪਾਉਣ ’ਤੇ ਕੋਈ ਇਤਰਾਜ਼ ਨਹੀਂ ਕੀਤਾ ਜਾਣਾ ਚਾਹੀਦਾ ਪਰ ਉਹ ਇਸ ਤੱਥ ਨੂੰ ਵਿਸਾਰ ਰਹੇ ਹਨ ਕਿ ਹੁਣੇ ਹੁਣੇ ਜੇਤੂ ਹੋਏ ਕਿਸਾਨ ਅੰਦੋਲਨ ਦੇ ਪ੍ਰਭਾਵ ਨਾਲ ਭਾਜਪਾ ਜਾਂ ਭਾਜਪਾ ਨਾਲ ਸਾਂਝ ਪਾਉਣ ਵਾਲੀ ਕਿਸੇ ਸਿਆਸੀ ਪਾਰਟੀ ਦੇ ਹਰ ਉਮੀਦਵਾਰ ਨੂੰ ਦਿਹਾਤੀ ਇਲਾਕਿਆਂ ਵਿਚ ਬਹੁਤ ਮੁਸ਼ਕਿਲਾਂ ਆਉਣਗੀਆਂ; ਕਈ ਥਾਵਾਂ ’ਤੇ ਉਮੀਦਵਾਰਾਂ ਨੂੰ ਨਾਮਿਲਵਰਤਨ (ਬਾਈਕਾਟ) ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕੇਂਦਰ ਸਰਕਾਰ ਦੁਆਰਾ ਕਾਰਪੋਰੇਟ ਅਦਾਰਿਆਂ ਦਾ ਖੇਤੀ ਖੇਤਰ ਵਿਚ ਰਾਹ ਪੱਧਰਾ ਕਰਨ ਵਾਲੇ ਕਾਨੂੰਨ ਬਣਾਉਣ ਕਾਰਨ ਭਾਜਪਾ ਵਿਰੁੱਧ ਦਿਹਾਤੀ ਲੋਕਾਂ ਅਤੇ ਖ਼ਾਸ ਕਰਕੇ ਕਿਸਾਨਾਂ ਵਿਚ ਭਾਰੀ ਰੋਸ ਹੈ। ਕਿਸਾਨ ਮੋਰਚੇ ਦੀ ਜਿੱਤ ਨੇ ਇਸ ਰੋਸ ਅਤੇ ਲੋਕ-ਰੋਹ ਨੂੰ ਹੋਰ ਪ੍ਰਚੰਡ ਕੀਤਾ ਹੈ। ਕਿਸਾਨ ਅੰਦੋਲਨ ਨੇ ਪੰਜਾਬ ਨੂੰ ਭਾਵਨਾਤਮਕ ਏਕਤਾ ਦੇ ਸੂਤਰ ਵਿਚ ਪਰੋਇਆ ਹੈ। ਇਸ ਕਾਰਨ ਭਾਜਪਾ ਜਾਂ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਦਿਹਾਤੀ ਇਲਾਕਿਆਂ ਵਿਚ ਫਾਇਦਾ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਭਾਜਪਾ ਨਾਲ ਆਪਣੇ ਗੱਠਜੋੜ ਨੂੰ ਪਿਛਲੇ ਸਮਿਆਂ ਦੀ ਅਕਾਲੀ ਦਲ ਦੀ ਸਾਂਝ ਕਾਰਨ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਕੋਲ ਅਜਿਹੀ ਕੋਈ ਦਲੀਲ ਨਹੀਂ ਹੈ। ਉਸ ਨੇ ਕਾਂਗਰਸ ਤੋਂ ਸ਼ੁਰੂ ਕਰਕੇ, ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ, ਆਪਣਾ ਅਕਾਲੀ ਦਲ ਬਣਾਉਣ, ਕਾਂਗਰਸ ਵਿਚ ਵਾਪਸ ਆਉਣ ਤੇ ਫਿਰ ਨਵੀਂ ਪਾਰਟੀ ਬਣਾਉਣ ਦਾ ਲੰਮਾ ਸਿਆਸੀ ਸਫ਼ਰ ਕੀਤਾ ਹੈ। ਉਸ ਦਾ 1980ਵਿਆਂ ਵਿਚ ਕਾਂਗਰਸ ਛੱਡਣਾ ਵਿਚਾਰਧਾਰਕ ਆਧਾਰ ’ਤੇ ਸਹੀ ਅਤੇ ਪੰਜਾਬ ਪੱਖੀ ਮੰਨਿਆ ਗਿਆ ਸੀ ਪਰ ਉਸ ਦਾ ਭਾਜਪਾ ਨਾਲ ਗੱਠਜੋੜ ਕਰਨਾ ਪੰਜਾਬ ਅਤੇ ਕਿਸਾਨ ਵਿਰੋਧੀ ਮੰਨਿਆ ਜਾ ਰਿਹਾ ਹੈ। ਇਸ ਵਿਚ ਸਿਆਸੀ ਮੌਕਾਪ੍ਰਸਤੀ ਅਤੇ ਸੱਤਾ ਦਾ ਲਾਲਚ ਸਾਫ਼ ਨਜ਼ਰ ਆਉਂਦੇ ਹਨ। ਦੇਸ਼ ਦੀ ਸਿਆਸਤ ਦੀ ਨੁਹਾਰ ਕੁਝ ਇਹੋ ਜਿਹੀ ਹੈ ਕਿ ਮੌਕਾਪ੍ਰਸਤੀ ਨੂੰ ਹੁਣ ਸਿਆਸੀ ਔਗੁਣ ਨਹੀਂ ਮੰਨਿਆ ਜਾਂਦਾ ਪਰ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੇ ਹੋਰ ਸੂਬਿਆਂ ਨਾਲੋਂ ਵੱਖਰੀ ਤਰ੍ਹਾਂ ਦੀ ਸਿਆਸਤ ਨੂੰ ਤਰਜੀਹ ਦਿੱਤੀ ਹੈ। ਪੰਜਾਬ ਦੇ ਭਵਿੱਖ ਲਈ ਨੀਤੀਗਤ ਪ੍ਰਤੀਬੱਧਤਾ ਵਾਲੇ ਸਿਆਸੀ ਏਜੰਡੇ ਦੀ ਜ਼ਰੂਰਤ ਹੈ। ਸਿਆਸੀ ਪਾਰਟੀਆਂ ਜਾਤ-ਪਾਤ ਅਤੇ ਧਰਮ ’ਤੇ ਆਧਾਰਿਤ ਗੱਠਜੋੜ ਕਰਨ ਅਤੇ ਲੋਕ-ਲੁਭਾਊ ਨਾਅਰੇ ਦੇਣ ਦੀ ਰਾਹ ’ਤੇ ਪਈਆਂ ਹੋਈਆਂ ਹਨ। ਅਜਿਹੇ ਰਾਹ ਪੰਜਾਬ ਨੂੰ ਉੱਜਲ ਭਵਿੱਖ ਵੱਲ ਨਹੀਂ ਲਿਜਾ ਸਕਦੇ। ਪੰਜਾਬੀਆਂ ਨੂੰ ਮੌਕਾਪ੍ਰਸਤ ਗੱਠਜੋੜਾਂ ਅਤੇ ਸਿਆਸਤਦਾਨਾਂ ਨੂੰ ਹਰਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ।