ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰ ਕੇ ਜੰਮੂ ਕਸ਼ਮੀਰ ਸੂਬੇ ਨੂੰ ਤੋੜ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆਂ ਇਕ ਵਰ੍ਹੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਸੈਨਾ ਅਤੇ ਸੁਰੱਖਆ ਦਲ ਤਾਇਨਾਤ ਕਰ ਕੇ ਜਮਹੂਰੀ ਸਰਗਰਮੀਆਂ ’ਤੇ ਪਾਬੰਦੀਆਂ ਲਾਉਣ ਦੇ ਨਾਲ ਨਾਲ ਸਮਾਜਿਕ, ਵਿਦਿਅਕ ਅਤੇ ਹੋਰ ਖੇਤਰਾਂ ਵਿਚ ਵੀ ਵੱਡੀਆਂ ਬੰਦਿਸ਼ਾਂ ਲਗਾਈਆਂ ਗਈਆਂ। ਸਿਆਸੀ ਪਾਰਟੀਆਂ ਦੇ ਆਗੂ ਜਿਨ੍ਹਾਂ ਵਿਚ ਪੀਡੀਪੀ ਜੋ ਕੁਝ ਸਮਾਂ ਪਹਿਲਾਂ ਤਕ ਸੱਤਾ ਵਿਚ ਭਾਜਪਾ ਨਾਲ ਸਾਂਝੀਵਾਲ ਸੀ, ਦੇ ਨੇਤਾ ਵੀ ਸ਼ਾਮਿਲ ਸਨ, ਗ੍ਰਿਫ਼ਤਾਰ ਕਰ ਲਏ ਗਏ। 4 ਅਗਸਤ 2019 ਨੂੰ ਭਾਜਪਾ ਤੋਂ ਬਿਨਾ ਸਭ ਸਿਆਸੀ ਪਾਰਟੀਆਂ ਨੇ ਗੁਪਕਰ ਸੜਕ ’ਤੇ ਸਥਿਤ ਫ਼ਾਰੂਕ ਅਬਦੁੱਲਾ ਦੀ ਰਿਹਾਇਸ਼ ਵਿਚ ਇਕੱਠੇ ਹੋ ਕੇ ਧਾਰਾ 370 ਅਨੁਸਾਰ ਜੰਮੂ ਕਸ਼ਮੀਰ ਨੂੰ ਦਿੱਤੇ ਖ਼ਾਸ ਦਰਜੇ ਨੂੰ ਜੰਮੂ ਕਸ਼ਮੀਰ ਦੀ ਹੋਂਦ ਲਈ ਬੁਨਿਆਦੀ ਕਰਾਰ ਦਿੱਤਾ ਸੀ। ਉਸ ਐਲਾਨ ਨੂੰ ਗੁਪਕਰ ਘੋਸ਼ਣਾ ਕਿਹਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਕਸ਼ਮੀਰ ਦੇ ਕੁਝ ਆਗੂ ਰਿਹਾਅ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਫਿਰ ਫ਼ਾਰੂਕ ਅਬਦੁੱਲਾ ਦੀ ਰਿਹਾਇਸ਼ ਵਿਚ ਮੀਟਿੰਗ ਕਰ ਕੇ ਧਾਰਾ 370 ਨੂੰ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਐਲਾਨ ਨੂੰ ਵੀ ਗੁਪਕਰ ਘੋਸ਼ਣਾ ਕਿਹਾ ਜਾ ਰਿਹਾ ਹੈ। ਪਾਕਿਸਤਾਨ ਨੇ ਪਿਛਲੇ ਦਿਨੀਂ ਕੀਤੀ ਗਈ ਇਸ ਗੁਪਕਰ ਘੋਸ਼ਣਾ ਦੀ ਹਮਾਇਤ ਕੀਤੀ ਹੈ।
ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਪਾਕਿਸਤਾਨ ਦੇ ਪੈਂਤੜੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਹਮੇਸ਼ਾਂ ਜਮਹੂਰੀ ਸਿਆਸਤ ਵਿਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਦੀ ਨਿੰਦਾ ਕਰਦਾ ਰਿਹਾ ਹੈ। ਫ਼ਾਰੂਕ ਅਬਦੁੱਲਾ ਨੇ ਸਪੱਸ਼ਟ ਕੀਤਾ ਹੈ ਕਿ ਨੈਸ਼ਨਲ ਕਾਨਫ਼ਰੰਸ ਅਤੇ ਹੋਰ ਸਿਆਸੀ ਪਾਰਟੀਆਂ ਪਾਕਿਸਤਾਨ ਜਾਂ ਕਿਸੇ ਹੋਰ ਤਾਕਤ ਦੀ ਕਠਪੁਤਲੀ ਨਹੀਂ ਅਤੇ ਉਹ ਕਸ਼ਮੀਰ ਦੇ ਲੋਕਾਂ ਅਤੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ। ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ ਨੂੰ ਕਸ਼ਮੀਰ ਵਿਚ ਹਥਿਆਰਬੰਦ ਜਹਾਦੀ ਭੇਜਣੇ ਬੰਦ ਕਰਨੇ ਚਾਹੀਦੇ ਹਨ ਕਿਉਂਕਿ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਸੂਬੇ ਵਿਚ ਖ਼ੂਨ ਖਰਾਬਾ ਬੰਦ ਕਰਵਾਉਣਾ ਚਾਹੁੰਦੀਆਂ ਹਨ। ਫ਼ਾਰੂਕ ਨੇ ਭਾਰਤ ਤੇ ਪਾਕਿਸਤਾਨ ਨੂੰ ਆਪਸੀ ਗੱਲਬਾਤ ਸ਼ੁਰੂ ਕਰਨ ਦੀ ਸਲਾਹ ਵੀ ਦਿੱਤੀ। ਧਾਰਾ 370 ਦੇ ਮਨਸੂਖ ਕੀਤੇ ਜਾਣ ਨਾਲ ਜੰਮੂ ਕਸ਼ਮੀਰ ਦੀ ਸਥਿਤੀ ਬਹੁਤ ਜ਼ਿਆਦਾ ਜਟਿਲ ਹੋ ਗਈ ਹੈ। ਕਸ਼ਮੀਰੀਆਂ ਦੇ ਮਨਾਂ ਵਿਚ ਬੇਗ਼ਾਨਗੀ ਅਤੇ ਉਦਾਸੀਨਤਾ ਦੀਆਂ ਭਾਵਨਾਵਾਂ ਵਧੀਆਂ ਹਨ ਅਤੇ ਕੇਂਦਰੀ ਸਰਕਾਰ ਦੀ ਜੰਮੂ ਕਸ਼ਮੀਰ ਪ੍ਰਤੀ ਪਹੁੰਚ ਨਕਾਰਾਤਮਕ ਰਹੀ ਹੈ। ਸ਼ਨਿਚਰਵਾਰ ਸ੍ਰੀਨਗਰ ਵਿਚ ਮੁਹੱਰਮ ਦੇ ਮੌਕੇ ਸ਼ੀਆ ਮੁਸਲਮਾਨਾਂ ਦੇ ਜਲੂਸ ’ਤੇ ਛੱਰਿਆਂ (Pellets) ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਗੋਲੀਬਾਰੀ ਦਰਸਾਉਂਦੀ ਹੈ ਕਿ ਸਰਕਾਰ ਦੀ ਪਹੁੰਚ ਮਨੁੱਖੀ ਹਮਦਰਦੀ ਤੋਂ ਸੱਖਣੀ ਤੇ ਅਸੰਵੇਨਦਸ਼ੀਲ ਹੈ। ਮੁਹੱਰਮ ਮੌਕੇ ਕੱਢੇ ਜਾਂਦੇ ਜਲੂਸ ਮਾਤਮੀ ਜਲੂਸ ਹੁੰਦੇ ਹਨ, ਰੋਹ ਜਾਂ ਰੋਸ ਦੇ ਵਿਖਾਵੇ ਨਹੀਂ। ਅਜਿਹੇ ਧਾਰਮਿਕ ਸਮਾਗਮਾਂ, ਜਲਸਿਆਂ ਤੇ ਜਲੂਸਾਂ ਨੂੰ ਗੱਲਬਾਤ ਕਰ ਕੇ ਸਹੀ ਢੰਗ ਨਾਲ ਸਮਝਣ ਦੀ ਜ਼ਰੂਰਤ ਹੈ/ਸੀ।
ਕਸ਼ਮੀਰੀ ਲੋਕ ਸਿਆਸੀ ਪਾਰਟੀਆਂ ਦੇ ਘਮਸਾਨ ਵਿਚ ਫਸੇ ਹੋਏ ਹਨ। ਭਾਰਤ ਦੀ ਸਭ ਤੋਂ ਤਾਕਤਵਰ ਸਿਆਸੀ ਪਾਰਟੀ ਉਨ੍ਹਾਂ ਨੂੰ ਸਿਆਸੀ ਅਤੇ ਜਮਹੂਰੀ ਹੱਕਾਂ ਤੋਂ ਮਹਿਰੂਮ ਕਰ ਕੇ ਬਾਕੀ ਦੇ ਦੇਸ਼ ਵਿਚ ਆਪਣਾ ਵੋਟ ਬੈਂਕ ਅਤੇ ਸਿਆਸੀ ਤਾਕਤ ਮਜ਼ਬੂਤ ਕਰਨਾ ਚਾਹੁੰਦੀ ਹੈ ਜਦੋਂਕਿ ਦਹਿਸ਼ਤਗਰਦ ਜਥੇਬੰਦੀਆਂ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਰਾਹ-ਰਸਤਿਆਂ ’ਤੇ ਲੈ ਜਾਂਦੀਆਂ ਹਨ ਜਿਹੜੇ ਕਿਸੇ ਮੰਜ਼ਿਲ ਤਕ ਨਹੀਂ ਪਹੁੰਚਦੇ। ਇਨ੍ਹਾਂ ਸਭ ਮਾਮਲਿਆਂ ਦਾ ਹੱਲ ਗੱਲਬਾਤ ਰਾਹੀਂ ਹੋਣਾ ਹੈ। ਦੇਸ਼ ਦੀਆਂ ਬਾਕੀ ਖੇਤਰੀ ਪਾਰਟੀਆਂ ਨੇ ਸਮੇਂ ਸਿਰ ਕਸ਼ਮੀਰੀਆਂ ਦੀ ਬਾਂਹ ਨਹੀ ਫੜੀ। ਕਸ਼ਮੀਰ ਦਾ ਮਸਲਾ ਕਸ਼ਮੀਰ ਅਤੇ ਕਸ਼ਮੀਰੀਆਂ ਨੂੰ ਕਮਜ਼ੋਰ ਕਰ ਕੇ ਹੱਲ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਦੇਸ਼ ਦੀਆਂ ਸਭ ਸਿਆਸੀ ਪਾਰਟੀਆਂ ਨੂੰ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨ ਦੀ ਹਮਾਇਤ ਕਰਨੀ ਚਾਹੀਦੀ ਹੈ। ਚਾਹੀਦਾ ਤਾਂ ਇਹ ਹੈ ਕਿ ਖੇਤਰੀ ਪਾਰਟੀਆਂ ਇਸ ਵਿਚ ਖ਼ਾਸ ਭੂਮਿਕਾ ਨਿਭਾਉਣ।