ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਦਿੱਲੀ ਦਾ ਰਲੇਵਾਂ ਹੋ ਗਿਆ ਹੈ। ਇਸ ਨੂੰ ਪੰਥਕ ਮੇਲ ਦਾ ਨਾਮ ਦਿੱਤਾ ਗਿਆ ਹੈ। ਇਸ ਨਾਲ ਲਗਭਗ 23 ਸਾਲ ਪਹਿਲਾਂ (1999 ਵਿਚ) ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਭਰਾਵਾਂ ਨੂੰ ਦਿੱਲੀ ਦੀ ਕਮਾਨ ਸੌਂਪੀ ਗਈ ਹੈ। ਪਿਛਲੇ ਦਿਨੀਂ ਅਕਾਲੀ ਦਲ ਦੇ ਚੋਣ ਨਿਸ਼ਾਨ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜੇਤੂ ਰਹੇ ਧੜੇ ਨੇ ਭਾਜਪਾ ਦੀ ਸਰਪ੍ਰਸਤੀ ਨਾਲ ਅਕਾਲੀ ਦਲ ਤੋਂ ਤੋੜ-ਵਿਛੋੜਾ ਕਰ ਲਿਆ ਸੀ। ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ। ਇਸ ਕਾਰਨ ਅਕਾਲੀ ਦਲ ਦੇ ਦਿੱਲੀ ਵਿਚ ਆਧਾਰ ਨੂੰ ਵੱਡਾ ਖ਼ੋਰਾ ਲੱਗਾ ਸੀ। ਸਰਨਾ ਭਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਰਹੇ ਹਨ, ਉਨ੍ਹਾਂ ਅਨੁਸਾਰ ਅਕਾਲੀ ਦਲ ਦਿੱਲੀ ਜਥੇਦਾਰ ਟੌਹੜਾ ਦੀ ਸਲਾਹ ਨਾਲ ਹੀ ਬਣਾਇਆ ਗਿਆ ਸੀ। ਦਿੱਲੀ ਦੀ ਸਿਆਸਤ ਵਿਚ ਸਰਨਾ ਭਰਾਵਾਂ ਨੂੰ ਕਾਂਗਰਸ ਦੇ ਨੇੜੇ ਸਮਝਿਆ ਜਾਂਦਾ ਰਿਹਾ ਹੈ।
ਅਕਾਲੀ ਆਗੂਆਂ ਨੇ ਇਸ ਮੇਲ ਨੂੰ ਭਾਜਪਾ ਅਤੇ ਆਰਐੱਸਐੱਸ ਦਾ ਸਾਹਮਣਾ ਕਰਨ ਦੀ ਰਣਨੀਤੀ ਲਈ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਮੰਨਣਾ ਹੈ ਕਿ ਕਾਂਗਰਸ ਪਹਿਲਾਂ ਹੀ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ ਅਤੇ ਹੁਣ ਭਾਜਪਾ ਵੀ ਉਸ ਦੇ ਰਾਹ ਉੱਤੇ ਚੱਲ ਰਹੀ ਹੈ। ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਚੋਣ ਲੜ ਕੇ ਜਿੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਫ਼ ਸੰਕੇਤ ਦਿੱਤਾ ਕਿ ਸਰਨਾ ਭਰਾਵਾਂ ਲਈ ਸਿਆਸੀ ਲੜਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰਨ ਦੀ ਹੈ।
ਅਕਾਲੀ ਦਲ ਦੇ ਵਿਧਾਨ ਸਭਾ ਅੰਦਰ ਕੇਵਲ ਤਿੰਨ ਵਿਧਾਇਕ ਰਹਿ ਜਾਣ ਕਰਕੇ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਾਲੀ ਤੱਥ ਖੋਜ ਕਮੇਟੀ ਨੇ ਪਾਰਟੀ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਕੁਝ ਤਬਦੀਲੀਆਂ ਦਾ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਵੀ ਐਲਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਹਰਿਆਣਾ ਦੀ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਮਾਨਤਾ ਖ਼ਿਲਾਫ਼ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ। ਹਰਿਆਣਾ ਕਮੇਟੀ ਦੇ ਆਗੂ ਇਸ ਲਾਮਬੰਦੀ ਨੂੰ ਅਕਾਲੀ ਦਲ ਅਤੇ ਖ਼ਾਸ ਤੌਰ ਉੱਤੇ ਬਾਦਲ ਪਰਿਵਾਰ ਦੀ ਖੁੱਸੀ ਸਾਖ਼ ਬਹਾਲ ਕਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ। ਪਾਰਟੀ ਦੀ ਅੰਦਰੂਨੀ ਜਮਹੂਰੀਅਤ ਲਿਆਉਣ ਅਤੇ ਪਿਛਲੀਆਂ ਗ਼ਲਤੀਆਂ ਦਾ ਪਸ਼ਚਾਤਾਪ ਕਰਨ ਦੀਆਂ ਕਮੇਟੀ ਦੀਆਂ ਸਿਫ਼ਾਰਿਸ਼ਾਂ ਉੱਤੇ ਅਜੇ ਅਮਲ ਨਹੀਂ ਹੋਇਆ। ਇਹ ਕਹਿਣਾ ਤਾਂ ਅਜੇ ਮੁਸ਼ਕਿਲ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਕਿੰਨੀਆਂ ਕੁ ਸਫ਼ਲ ਹੋਣਗੀਆਂ ਪਰ ਸਰਨਾ ਭਰਾਵਾਂ ਦੇ ਰੂਪ ਵਿਚ ਅਕਾਲੀ ਦਲ ਨੂੰ ਦਿੱਲੀ ਵਿਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਬੁਲਾਰੇ ਜ਼ਰੂਰ ਮਿਲ ਗਏ ਹਨ।