ਜੋਧਪੁਰ ਵਿਚ ਈਦ ਮੌਕੇ ਫ਼ਿਰਕੂ ਤਣਾਅ ਵਧਿਆ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਕਰਫਿਊ ਲਗਾਉਣਾ ਪਿਆ। ਖ਼ਬਰਾਂ ਅਨੁਸਾਰ 3-4 ਮਈ ਦੀ ਰਾਤ ਨੂੰ ਘੱਟਗਿਣਤੀ ਫ਼ਿਰਕੇ ਦੇ ਕੁਝ ਵਿਅਕਤੀਆਂ ਨੇ ਕਈ ਥਾਵਾਂ ’ਤੇ ਇਸਲਾਮੀ ਝੰਡੇ ਲਹਿਰਾਏ। ਸੁਤੰਤਰਤਾ ਸੰਗਰਾਮੀ ਬਾਲ ਮੁਕੰਦ ਬਿੱਸਾ ਦੇ ਬੁੱਤ ’ਤੇ ਵੀ ਝੰਡਾ ਲਗਾਇਆ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਉੱਥੋਂ ਭਗਵਾ ਝੰਡਾ ਹਟਾ ਕੇ ਇਸਲਾਮੀ ਝੰਡਾ ਲਗਾਇਆ। ਈਦ ਤੋਂ ਕੁਝ ਘੰਟੇ ਪਹਿਲਾਂ ਤਣਾਅ ਜ਼ਿਆਦਾ ਵਧਿਆ ਜਿਸ ਕਾਰਨ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਕੁਝ ਸਮੇਂ ਲਈ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕੀਤੀਆਂ ਗਈਆਂ। ਵਾਪਰੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਫ਼ਿਰਕਿਆਂ ਦੇ ਕੁਝ ਵਿਅਕਤੀਆਂ ਨੇ ਲੜਾਈ ਲਈ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ। ਪ੍ਰਸ਼ਨ ਇਹ ਹੈ ਕਿ ਸਮਾਜ ਵਿਚ ਧਰਮ ਆਧਾਰਿਤ ਕੁੜੱਤਣ ਕਿਉਂ ਵਧ ਰਹੀ ਹੈ; ਸਮਾਜ ਦਿਨ ਪ੍ਰਤੀ ਦਿਨ ਅਸਹਿਣਸ਼ੀਲ ਕਿਉਂ ਹੋ ਰਿਹਾ ਹੈ?
ਮਹਾਰਾਸ਼ਟਰ ਵਿਚ ਕੁਝ ਮਸਜਿਦਾਂ ਵਿਚ ਲਾਊਡ ਸਪੀਕਰ ਲਾ ਕੇ ਅਜਾਨ ਕਰਨ (ਬਾਂਗ ਦੇਣ) ਅਤੇ ਇਸ ਦੇ ਵਿਰੋਧ ਵਿਚ ਉਨ੍ਹਾਂ ਮਸਜਿਦਾਂ ਦੇ ਸਾਹਮਣੇ ਲਾਊਡ ਸਪੀਕਰ ਲਾ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਫ਼ਿਰਕੂ ਤਣਾਅ ਵਧ ਰਿਹਾ ਹੈ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਆਗੂ ਰਾਜ ਠਾਕਰੇ ਨੇ ਔਰੰਗਾਬਾਦ ਕੀਤੀ ਰੈਲੀ ਵਿਚ ਭੜਕਾਊ ਭਾਸ਼ਾ ਵਰਤੀ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਲਾਊਡ ਸਪੀਕਰ ਵਰਤਣ ਵਾਲੀਆਂ ਮਸਜਿਦਾਂ ਸਾਹਮਣੇ ਹਨੂੰਮਾਨ ਚਾਲੀਸਾ ਪੜ੍ਹਨ ਲਈ ਕਿਹਾ। ਇਸ ਤੋਂ ਪਹਿਲਾਂ ਲੋਕ ਸਭਾ ਦੀ ਮੈਂਬਰ ਨਵਨੀਤ ਕੌਰ ਰਾਣਾ ਅਤੇ ਉਸ ਦੇ ਪਤੀ ਐੱਮਐੱਲਏ ਰਵੀ ਰਾਣਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਨਿੱਜੀ ਰਿਹਾਇਸ਼ ਮਾਤਾਸ਼੍ਰੀ ਸਾਹਮਣੇ ਹਨੂੰਮਾਨ ਚਾਲੀਸਾ ਪੜ੍ਹਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਾਣਾ ਦੰਪਤੀ ਦਾ ਕਹਿਣਾ ਸੀ ਕਿ ਉਧਵ ਠਾਕਰੇ ਆਪਣੇ ਪਿਤਾ ਬਾਲਾਜੀ ਠਾਕਰੇ ਦੀ ਹਿੰਦੂਤਵੀ ਵਿਚਾਰਧਾਰਾ ਤੋਂ ਭਟਕ ਗਿਆ ਹੈ ਅਤੇ ਉਹ ਉਸ ਨੂੰ ਸਹੀ ਰਾਹ ’ਤੇ ਲਿਆਉਣ ਲਈ ਉਸ ਦੀ ਰਿਹਾਇਸ਼ ਸਾਹਮਣੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੁੰਦੇ ਹਨ।
ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਿਆਸੀ ਆਗੂ ਲੋਕਾਂ ਨੂੰ ਦਰਪੇਸ਼ ਮੁੱਦਿਆਂ ’ਤੇ ਸਿਆਸਤ ਕਰਨ ਨਾਲੋਂ ਧਾਰਮਿਕ ਮੁੱਦਿਆਂ ਨੂੰ ਹਵਾ ਦੇਣਾ ਅਤੇ ਸਿਆਸੀ ਮਤਭੇਦ ਨਿਪਟਾਉਣ ਲਈ ਧਾਰਮਿਕ ਪ੍ਰਤੀਕਾਂ ਅਤੇ ਚਿੰਨ੍ਹਾਂ ਦੀ ਵਰਤੋਂ ਕਰਨੀ ਚਾਹੁੰਦੇ ਹਨ। ਇਸ ਤਰ੍ਹਾਂ ਕਰਕੇ ਉਹ ਜਜ਼ਬਾਤ ਭੜਕਾਉਂਦੇ ਅਤੇ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਹਟਾਉਣ ਵਿਚ ਕਾਮਯਾਬ ਹੁੰਦੇ ਹਨ। ਪਟਿਆਲਾ ਵਿਚ ਵੀ ਅਜਿਹੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਮਾਜ ਵਿਚ ਬਹੁਤ ਸਾਰੇ ਧਾਰਮਿਕ ਮਸਲਿਆਂ ਨੂੰ ਆਪਸੀ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਹੈ। ਕਿਸੇ ਵੀ ਫ਼ਿਰਕੇ ਵੱਲੋਂ ਧਾਰਮਿਕ ਝੰਡੇ ਲਾਉਣ ਜਾਂ ਅਜਿਹੀਆਂ ਹਰਕਤਾਂ ਕਰਨ ਜਿਨ੍ਹਾਂ ਕਾਰਨ ਉਤੇਜਨਾ ਵਧੇ, ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਖ਼ਾਸਕਰ ਉਦੋਂ ਜਦ ਸਮਾਜ ਪਹਿਲਾਂ ਹੀ ਫ਼ਿਰਕੂ ਤਣਾਅ ਦਾ ਸਾਹਮਣਾ ਕਰ ਰਿਹਾ ਹੋਵੇ। ਧਾਰਮਿਕ ਤਿਉਹਾਰਾਂ ਨੂੰ ਸਹਿਜ ਅਤੇ ਪਰੰਪਰਿਕ ਸਾਦਗੀ ਨਾਲ ਮਨਾਉਣ ਨਾਲ ਤਿਉਹਾਰਾਂ ਵਿਚਲੀ ਭਾਵਨਾ ਵਧੀਆ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਆਉਂਦੀ ਹੈ। ਤਿਉਹਾਰ ਧਾਰਮਿਕ ਪਰੰਪਰਾਵਾਂ ਦਾ ਹਿੱਸਾ ਹੋਣ ਦੇ ਨਾਲ ਨਾਲ ਲੋਕ ਸਿਮਰਤੀ ਅਤੇ ਲੋਕ ਸਭਿਆਚਾਰ ਦਾ ਹਿੱਸਾ ਵੀ ਹੁੰਦੇ ਹਨ; ਉਨ੍ਹਾਂ ਦਾ ਕਾਰਜ ਧਾਰਮਿਕ ਆਗੂਆਂ ਅਤੇ ਉਨ੍ਹਾਂ ਦੀ ਸਮਾਜਿਕ ਦੇਣ ਨੂੰ ਯਾਦ ਕਰਨਾ ਹੁੰਦਾ ਹੈ। ਯਾਦ ਕਰਨ ਦੇ ਮੌਕੇ ਭੜਕਾਊ ਕਾਰਵਾਈਆਂ ਕਰਨੀਆਂ ਯਾਦ ਦੀ ਬੇਹੁਰਮਤੀ ਹੈ; ਅਜਿਹੀਆਂ ਕਾਰਵਾਈਆਂ ਧਾਰਮਿਕ ਨਿਸ਼ਠਾ ਤੇ ਸ਼ਰਧਾ ਨਹੀਂ ਵਧਾਉਂਦੀਆਂ ਅਤੇ ਕਿਸੇ ਵੀ ਧਾਰਮਿਕ ਪਰੰਪਰਾ ਦਾ ਹਿੱਸਾ ਨਹੀਂ ਹੋ ਸਕਦੀਆਂ। ਹਰ ਧਾਰਮਿਕ ਫ਼ਿਰਕੇ ਵਿਚ ਅਜਿਹੇ ਕੱਟੜਪੰਥੀ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਨੂੰ ਫ਼ਿਰਕੂ ਤਣਾਅ ਵਧਣ ਕਾਰਨ ਫਾਇਦਾ ਹੁੰਦਾ ਹੈ। ਉਹ ਇਸ ਤੋਂ ਸਿਆਸੀ ਲਾਹਾ ਲੈਂਦੇ ਅਤੇ ਸਿਆਸੀ ਆਗੂਆਂ ਦੇ ਇਸ਼ਾਰਿਆਂ ’ਤੇ ਭਾਈਚਾਰਿਆਂ ਵਿਚ ਪਾੜਾ ਵਧਾਉਂਦੇ ਹਨ। ਸਮਾਜ ਨੂੰ ਅਜਿਹੇ ਤੱਤਾਂ ਤੋਂ ਬਚਣ ਦੀ ਜ਼ਰੂਰਤ ਹੈ। ਅਜਿਹਾ ਭਾਈਚਾਰਿਆਂ ਦੇ ਆਪਸੀ ਸੰਵਾਦ ਰਾਹੀਂ ਹੀ ਸੰਭਵ ਹੈ।