ਕਿਸੇ ਵੀ ਦੇਸ਼ ਵਿਚ ਫ਼ਿਰਕੂ ਸਦਭਾਵਨਾ ਕਾਇਮ ਰੱਖਣੀ ਸਰਕਾਰਾਂ ਅਤੇ ਸੱਤਾਧਾਰੀ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਹੈ। ਲਗਭਗ ਹਰ ਦੇਸ਼ ਵਿਚ ਵੱਖ ਵੱਖ ਧਾਰਮਿਕ ਫ਼ਿਰਕਿਆਂ ਵਿਚ ਵਖਰੇਵਿਆਂ ਅਤੇ ਕੁੜੱਤਣਾਂ ਦਾ ਇਤਿਹਾਸ ਹੁੰਦਾ ਹੈ। ਜ਼ਿੰਮੇਵਾਰ ਸਰਕਾਰਾਂ ਅਤੇ ਸੱਤਾਧਾਰੀ ਪਾਰਟੀਆਂ ਅਜਿਹੀਆਂ ਪਹਿਲਕਦਮੀਆਂ ਕਰਦੀਆਂ ਹਨ ਜਿਨ੍ਹਾਂ ਨਾਲ ਵੱਖ ਵੱਖ ਫ਼ਿਰਕਿਆਂ ਦੇ ਲੋਕਾਂ ਵਿਚ ਮੇਲ-ਜੋਲ ਅਤੇ ਸਦਭਾਵਨਾ ਵਧੇ ਅਤੇ ਉਹ ਇਕ-ਦੂਸਰੇ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਸਦਭਾਵਨਾ ਵਧਾਉਣ ਲਈ ਹਰ ਫ਼ਿਰਕੇ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਦੂਸਰੇ ਫ਼ਿਰਕਿਆਂ ਦੇ ਵੱਖਰੇਪਣ ਨੂੰ ਪਛਾਣੇ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਕਿਹੜੇ ਕਾਰਨਾਂ ਕਰ ਕੇ ਆਪਸੀ ਕੁੜੱਤਣ ਵਧਦੀ ਹੈ; ਅਜਿਹੇ ਕਾਰਨਾਂ ਨੂੰ ਦੂਰ ਕਰਨ ਲਈ ਸਰਕਾਰਾਂ ਅਤੇ ਧਾਰਮਿਕ ਫ਼ਿਰਕਿਆਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਯਤਨਾਂ ਨਾਲ ਹੀ ਭਾਈਚਾਰਕ ਸਾਂਝ ਨੂੰ ਵਧਾਉਣ ਵਾਲਾ ਮਾਹੌਲ ਬਣਾਇਆ ਜਾ ਸਕਦਾ ਹੈ। ਜ਼ਿੰਮੇਵਾਰ ਸਰਕਾਰਾਂ ਇਹ ਯਤਨ ਵੀ ਕਰਦੀਆਂ ਹਨ ਕਿ ਕੋਈ ਧਾਰਮਿਕ ਫ਼ਿਰਕਾ ਇਹ ਮਹਿਸੂਸ ਨਾ ਕਰੇ ਕਿ ਉਸ ਦੇ ਫ਼ਰਦਾਂ ਨਾਲ ਵਿਤਕਰਾ ਹੋ ਰਿਹਾ ਹੈ।
ਜੇ ਕਿਸੇ ਦੇਸ਼ ਵਿਚ ਅਜਿਹਾ ਮਾਹੌਲ ਨਾ ਹੋਵੇ ਤਾਂ ਉਸ ਦੇ ਨਤੀਜੇ ਖ਼ਤਰਨਾਕ ਹੋ ਸਕਦੇ ਹਨ। ਜੇ ਭਾਈਚਾਰਕ ਸਾਂਝ ਅਤੇ ਫ਼ਿਰਕੂ ਸਦਭਾਵਨਾ ਵਧਾਉਣ ਦਾ ਏਜੰਡਾ ਸਰਕਾਰੀ ਨੀਤੀਆਂ ਵਿਚੋਂ ਗ਼ੈਰ-ਹਾਜ਼ਰ ਹੋਵੇ ਤਾਂ ਦੇਸ਼ ਕੁੜੱਤਣ, ਨਫ਼ਰਤ ਅਤੇ ਫ਼ਿਰਕੂ ਹਿੰਸਾ ਦੀ ਰਾਹ ਵੱਲ ਵਧ ਸਕਦਾ ਹੈ।
ਦਿੱਲੀ ਦੇ ਉੱਤਰ-ਪੱਛਮੀ ਜ਼ਿਲ੍ਹੇ ਦੇ ਜਹਾਂਗੀਰਪੁਰੀ ਇਲਾਕੇ ਵਿਚ ਹਨੂੰਮਾਨ ਜਯੰਤੀ ਮੌਕੇ ਕੱਢੇ ਗਏ ਤੀਸਰੇ ਜਲੂਸ ਦੌਰਾਨ ਹਿੰਸਾ ਹੋਈ; ਪੁਲੀਸ ਨੇ 23 ਵਿਅਕਤੀਆਂ, ਜਿਨ੍ਹਾਂ ਵਿਚ ਇਕ ਔਰਤ ਅਤੇ ਦੋ ਨਾਬਾਲਗ਼ ਵੀ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕੀਤਾ ਹੈ। ਹਿੰਦੂ ਭਾਈਚਾਰੇ ਅਨੁਸਾਰ ਇਲਾਕੇ ਦੀ ਮਸਜਿਦ ਵਿਚ ਇੱਟਾਂ-ਪੱਥਰ ਇਕੱਠੇ ਕਰ ਕੇ ਰੱਖੇ ਗਏ ਸਨ ਅਤੇ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਜਲੂਸ ’ਤੇ ਪੱਥਰਬਾਜ਼ੀ ਕੀਤੀ। ਮੁਸਲਮਾਨ ਭਾਈਚਾਰੇ ਦੇ ਲੋਕਾਂ ਅਨੁਸਾਰ ਜਲੂਸ ਕੱਢਣ ਵਾਲਿਆਂ ਨੇ ਮਸਜਿਦ ਦੇ ਸਾਹਮਣੇ ਭੜਕਾਊ ਨਾਅਰੇ ਲਗਾਏ, ਭਗਵਾ ਝੰਡਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਡੀਜੇ ਲਿਆ ਕੇ ਉੱਚੀ ਆਵਾਜ਼ ਵਿਚ ਗੀਤ-ਸੰਗੀਤ ਵਜਾਇਆ ਗਿਆ। ਪੁਲੀਸ ਅਨੁਸਾਰ ਦੋਹਾਂ ਫ਼ਿਰਕਿਆਂ ਨਾਲ ਸਬੰਧਿਤ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਵਿਚ ਇਕ ਅਜਿਹਾ ਵਿਅਕਤੀ ਜੋ ਜਲੂਸ ਦੌਰਾਨ ਗੋਲਾਬਾਰੀ ਕਰਦਾ ਦੇਖਿਆ ਗਿਆ, ਵੀ ਸ਼ਾਮਲ ਹੈ। ਇਲਾਕੇ ਨੂੰ ਪੰਜ ਹਿੱਸਿਆਂ ਵਿਚ ਵੰਡ ਕੇ ਉੱਥੇ ਵੱਡੀ ਗਿਣਤੀ ਵਿਚ ਪੁਲੀਸ ਅਤੇ ਸੀਆਰਪੀਐੱਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਝੜਪ ਦੌਰਾਨ 9 ਵਿਅਕਤੀ ਜ਼ਖ਼ਮੀ ਹੋਏ ਜਿਨ੍ਹਾਂ ਵਿਚੋਂ 8 ਪੁਲੀਸ ਕਰਮਚਾਰੀ ਹਨ। ਪੁਲੀਸ ਨੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵਿਰੁੱਧ ਬਿਨਾਂ ਇਜਾਜ਼ਤ ਜਲੂਸ ਕੱਢਣ ਦਾ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਉਸ ਦਿਨ ਪਹਿਲਾਂ ਵੀ ਦੋ ਜਲੂਸ ਕੱਢੇ ਗਏ ਸਨ ਜਿਨ੍ਹਾਂ ਦੌਰਾਨ ਕੋਈ ਝਗੜਾ, ਝੜਪ ਜਾਂ ਬਦਮਗਜ਼ੀ ਪੈਦਾ ਕਰਨ ਵਾਲੀ ਘਟਨਾ ਨਹੀਂ ਸੀ ਹੋਈ। ਤੀਸਰਾ ਜਲੂਸ ਸ਼ਾਮ ਵੇਲੇ ਬਿਨਾਂ ਇਜਾਜ਼ਤ ਕੱਢਿਆ ਗਿਆ। ਝੜਪ ਬਾਰੇ ਦੋਹਾਂ ਫ਼ਿਰਕਿਆਂ ਦਾ ਆਪਣਾ ਵੱਖਰਾ ਵੱਖਰਾ ਬਿਰਤਾਂਤ ਹੈ ਅਤੇ ਦੋਵੇਂ ਇਕ-ਦੂਸਰੇ ’ਤੇ ਹਿੰਸਾ ਸ਼ੁਰੂ ਕਰਨ ਦਾ ਦੋਸ਼ ਲਗਾਉਂਦੇ ਹਨ। ਇਸ ਹਿੰਸਾ ਕਾਰਨ ਪੁਲੀਸ ਦੀ ਭੂਮਿਕਾ ’ਤੇ ਵੀ ਸਵਾਲ ਉੱਠਦੇ ਹਨ ਕਿ ਪੁਲੀਸ ਨੂੰ ਆਪਣੇ ਖ਼ੁਫ਼ੀਆ ਪ੍ਰਬੰਧ ਰਾਹੀਂ ਇਸ ਬਾਰੇ ਅਗਾਊਂ ਜਾਣਕਾਰੀ ਕਿਉਂ ਨਹੀਂ ਮਿਲੀ। ਇਸ ਤੋਂ ਪਹਿਲਾਂ ਰਾਮਨੌਮੀ ਮੌਕੇ ਦੇਸ਼ ਦੇ ਕਈ ਸੂਬਿਆਂ ਵਿਚ ਅਜਿਹੀਆਂ ਘਟਨਾਵਾਂ ਹੋਈਆਂ ਸਨ। ਪ੍ਰਮੁੱਖ ਸਵਾਲ ਦੇਸ਼ ਵਿਚ ਅਜਿਹਾ ਮਾਹੌਲ ਹੋਣ ਬਾਰੇ ਹੈ ਜਿਸ ਵਿਚ ਕੱਟੜਪੰਥੀ ਤਾਕਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਘੱਟਗਿਣਤੀ ਭਾਈਚਾਰੇ ਦੇ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ। ਅਸੁਰੱਖਿਆ ਦੀ ਭਾਵਨਾ ਧਾਰਮਿਕ ਕੱਟੜਤਾ ਅਤੇ ਬੇਗ਼ਾਨਗੀ ਦੀਆਂ ਭਾਵਨਾਵਾਂ ਵਧਾਉਂਦੀ ਹੈ। ਕਿਸੇ ਵੀ ਦੇਸ਼ ਜਾਂ ਖ਼ਿੱਤੇ ਵਿਚ ਧਾਰਮਿਕ ਕੱਟੜਤਾ ਅਤੇ ਫ਼ਿਰਕੂ ਹਿੰਸਾ ਦਾ ਇਤਿਹਾਸ ਉਸ ਖ਼ਿੱਤੇ ਦੀਆਂ ਕੱਟੜਪੰਥੀ ਜਥੇਬੰਦੀਆਂ ਦੇ ਇਤਿਹਾਸ ਨਾਲ ਜੁੜਿਆ ਹੁੰਦਾ ਹੈ। ਸਰਕਾਰਾਂ ਦਾ ਕੰਮ ਕੱਟੜਪੰਥੀ ਜਥੇਬੰਦੀਆਂ ’ਤੇ ਨਕੇਲ ਪਾਉਣਾ ਹੁੰਦਾ ਹੈ। ਕਿਸੇ ਵੀ ਫ਼ਿਰਕੇ ਵਿਚ ਕੱਟੜਪੰਥੀ ਰੁਝਾਨ ਦਾ ਵਧਣਾ ਉਸ ਫ਼ਿਰਕੇ ਅਤੇ ਸਮਾਜ ਦੇ ਹਿਤ ਵਿਚ ਨਹੀਂ ਹੁੰਦਾ। ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਅਤੇ ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਦਾ ਸਾਹਮਣਾ ਕਰਨ ਲਈ ਸਾਂਝਾ ਪ੍ਰੋਗਰਾਮ ਬਣਾਉਣ ਦੀ ਜ਼ਰੂਰਤ ਹੈ।