ਭਾਰਤੀ ਜਨਤਾ ਪਾਰਟੀ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੀ ਪੈਗੰਬਰ ਹਜ਼ਰਤ ਮੁਹੰਮਦ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਦੋਵਾਂ ਧਰਮਾਂ ਦੇ ਕੱਟੜਪੰਥੀ ਨਫ਼ਰਤ ਭਰੀ ਅਤੇ ਹਿੰਸਾਤਮਕ ਭਾਸ਼ਾ ਵਰਤ ਕੇ ਭਾਵਨਾਵਾਂ ਨੂੰ ਭੜਕਾ ਰਹੇ ਹਨ। ਨੂਪੁਰ ਸ਼ਰਮਾ ਦੁਆਰਾ ਕੀਤੀ ਅਪਮਾਨਜਨਕ ਟਿੱਪਣੀ ’ਤੇ ਕਾਰਵਾਈ ਕਰਦਿਆਂ ਭਾਜਪਾ ਨੇ ਉਸ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ; ਬਾਅਦ ਵਿਚ ਨੂਪੁਰ ਨੇ ਮੁਆਫ਼ੀ ਵੀ ਮੰਗੀ। ਸੁਪਰੀਮ ਕੋਰਟ ਨੇ ਵੀ ਉਸ ਦੀ ਟਿੱਪਣੀ ਨੂੰ ਗ਼ੈਰ-ਜ਼ਿੰਮੇਵਾਰਾਨਾ ਠਹਿਰਾਇਆ। ਦੇਸ਼-ਵਿਦੇਸ਼ ਵਿਚ ਨੂਪੁਰ ਦੀ ਆਲੋਚਨਾ ਹੋਈ ਅਤੇ ਮੁਸਲਮਾਨ ਭਾਈਚਾਰੇ ਨੇ ਉਸ ਦਾ ਵਿਰੋਧ ਕੀਤਾ। ਆਲੋਚਨਾ ਤੇ ਵਿਰੋਧ ਆਪਣੀ ਜਗ੍ਹਾ ਸਹੀ ਹਨ ਪਰ ਉਸ ਨੂੰ ਮਾਰਨ ਦੀਆਂ ਧਮਕੀਆਂ ਅਤੇ ਉਦੇਪੁਰ ਤੇ ਅਮਰਾਵਤੀ ਵਿਚ ਹੋਏ ਕਤਲ ਅਜਿਹੀਆਂ ਕਰੂਰ ਕਾਰਵਾਈਆਂ ਸਨ ਜਿਨ੍ਹਾਂ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਓਨੀ ਹੀ ਘੱਟ ਹੈ। ਇਹੀ ਨਹੀਂ, ਕੱਟੜਪੰਥੀਆਂ ਨੇ ਅਜਮੇਰ ਵਿਖੇ ਖ਼ਵਾਜਾ ਮੋਇਨ-ਉਦ-ਦੀਨ ਚਿਸ਼ਤੀ ਦੀ ਦਰਗਾਹ ਨੂੰ ਵੀ ਨਫ਼ਰਤੀ ਪ੍ਰਚਾਰ ਅਤੇ ਹਿੰਸਾ ਭੜਕਾਉਣ ਲਈ ਵਰਤਿਆ। ਜਿੱਥੇ ਦਰਗਾਹ ਦੇ ਇਕ ਖਾਦਿਮ ਨੇ ਨੂਪੁਰ ਦਾ ਸਿਰ ਵੱਢਣ ਵਾਲੇ ਨੂੰ ਆਪਣਾ ਘਰ ਦੇਣ ਦੀ ਪੇਸ਼ਕਸ਼ ਕੀਤੀ, ਉੱਥੇ ਇਕ ਹੋਰ ਖਾਦਿਮ ਨੇ ਹਿੰਦੂਆਂ ਦਾ ਬਾਈਕਾਟ (ਨਾਮਿਲਵਰਤਨ) ਕਰਨ ਦੀ ਅਪੀਲ ਕੀਤੀ। ਖਾਦਿਮਾਂ ਦੀਆਂ ਇਹ ਕਾਰਵਾਈਆਂ ਅਜਮੇਰ ਦਰਗਾਹ ਦੇ ਸਾਂਝੀਵਾਲਤਾ ਵਾਲੇ ਸੂਫ਼ੀ ਵਿਰਸੇ ਦਾ ਨਿਖੇਧ ਹਨ।
ਹਿੰਦੂ ਭਾਈਚਾਰੇ ਨਾਲ ਜੁੜੇ ਕੱਟੜਪੰਥੀ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੇ। ਹਰਿਆਣੇ ਦੇ ਗੁੜਗਾਉਂ ਨਾਲ ਲੱਗਦੇ ਸ਼ਹਿਰ ਮਾਨੇਸਰ ਵਿਚ ਹੋਈ ਮਹਾਪੰਚਾਇਤ ਵਿਚ ਮੁਸਲਿਮ ਭਾਈਚਾਰੇ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ। ਕੁਝ ਦਿਨ ਪਹਿਲਾਂ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਅਤੇ ਕੁਝ ਹੋਰ ਕੱਟੜਪੰਥੀ ਜਥੇਬੰਦੀਆਂ ਦੇ ਇਸ ਇਕੱਠ ਵਿਚ ਝੁੱਗੀਆਂ ਵਿਚ ਰਹਿਣ ਵਾਲੇ ਮੁਸਲਮਾਨ ਮਜ਼ਦੂਰਾਂ ਅਤੇ ਕਾਮਿਆਂ ਨੂੰ ਘਰਾਂ ਵਿਚ ਕੰਮ ਨਾ ਦੇਣ ਦੀ ਅਪੀਲ ਕੀਤੀ ਗਈ। ਇਕੱਠ ਦੇ ਮੁੱਖ ਆਗੂਆਂ ਅਨੁਸਾਰ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉੱਥੇ ਰਹਿੰਦੇ ਮੁਸਲਮਾਨਾਂ ਜੋ ਉਨ੍ਹਾਂ ਅਨੁਸਾਰ ਰੋਹਿੰਗੀਆ ਤੇ ਬੰਗਲਾਦੇਸ਼ੀ ਹਨ, ਦੀ ਸ਼ਨਾਖ਼ਤ ਕਰਵਾਈ ਜਾਵੇ। ਇਹ ਦਲੀਲ ਵੀ ਦਿੱਤੀ ਗਈ ਕਿ ਜਦੋਂ ਹੋਰ ਅੰਦੋਲਨਾਂ ਵਿਚ ਕਾਰਪੋਰੇਟਾਂ ਅਤੇ ਸਿਆਸੀ ਪਾਰਟੀਆਂ ਦੇ ਬਾਈਕਾਟ ਦੀ ਅਪੀਲ ਕੀਤੀ ਜਾ ਸਕਦੀ ਹੈ ਤਾਂ ਉਹ (ਭਾਵ ਇਕੱਠ ਕਰਨ ਵਾਲੇ) ਮੁਸਲਿਮ ਭਾਈਚਾਰੇ ਦੇ ਬਾਈਕਾਟ ਦੀ ਅਪੀਲ ਕਿਉਂ ਨਹੀਂ ਕਰ ਸਕਦੇ। ਆਗੂਆਂ ਨੇ ਲੋਕਾਂ ਨੂੰ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨ ਅਤੇ ਮੁਸਲਮਾਨ ਭਾਈਚਾਰੇ ਵਿਰੁੱਧ ਹਥਿਆਰ ਚੁੱਕਣ ਦਾ ਸੱਦਾ ਦਿੱਤਾ।
ਸਿਆਸੀ ਮਾਹਿਰ ਅਤੇ ਵਿਸ਼ਲੇਸ਼ਕ ਇਹ ਸਵਾਲ ਉਠਾ ਰਹੇ ਹਨ ਕਿ ਕੱਟੜਪੰਥੀ ਦੇਸ਼ ਨੂੰ ਕਿੱਥੇ ਲਿਜਾਣਾ ਚਾਹੁੰਦੇ ਹਨ। ਭਾਈਚਾਰਿਆਂ ਵਿਚ ਨਾਮਿਲਵਰਤਨ ਦੇ ਸੱਦੇ ਆਪਸੀ ਕੁੜੱਤਣ ਨੂੰ ਹੋਰ ਵਧਾਉਣਗੇ। ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੇ ਸ਼ਾਸਕ ਅਤੇ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਪ੍ਰਮੁੱਖ ਆਗੂ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਇਸ ਮਾਮਲੇ ਨੂੰ ਸ਼ਾਂਤਮਈ ਢੰਗ ਨਾਲ ਸੁਲਝਾਉਣ ਲਈ ਸਾਹਮਣੇ ਆਉਂਦੇ ਪਰ ਟੈਲੀਵਿਜ਼ਨ ਚੈਨਲਾਂ ’ਤੇ ਹੋ ਰਹੀਆਂ ਬਹਿਸਾਂ ਅਤੇ ਅਖ਼ਬਾਰਾਂ ਤੇ ਨਿਊਜ਼ ਪੋਰਟਲਾਂ ’ਤੇ ਛਪ ਰਹੇ ਲੇਖ ਮਾਮਲੇ ਨੂੰ ਹੋਰ ਹਵਾ ਦੇ ਰਹੇ ਹਨ। ਨਫ਼ਰਤ ਫੈਲਾਉਣ ਅਤੇ ਕੁੜੱਤਣ ਵਧਾਉਣ ਵਾਲਾ ਕੋਈ ਵੀ ਬਿਆਨ ਤੇ ਟਿੱਪਣੀ ਹਰ ਧਰਮ ਦੇ ਕੱਟੜਪੰਥੀਆਂ ਨੂੰ ਰਾਸ ਆਉਂਦੇ ਹਨ। ਮਾਮਲਾ ਉਦੋਂ ਹੋਰ ਜਟਿਲ ਹੋ ਜਾਂਦਾ ਹੈ ਜਦੋਂ ਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ ਦੀ ਟੇਕ ਵੀ ਅਜਿਹੇ ਵਰਤਾਰੇ ’ਤੇ ਟਿਕੀ ਹੋਵੇ। ਅਜਿਹੇ ਹਾਲਾਤ ਵਿਚ ਧਰਮ ਨਿਰਪੱਖਤਾ ਅਤੇ ਭਾਈਚਾਰਕ ਸਾਂਝ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਪਰੇਸ਼ਾਨ ਹਨ ਕਿ ਉਹ ਅਗਵਾਈ ਲਈ ਕਿਸ ਪਾਸੇ ਦੇਖਣ। ਦੇਸ਼ ਦੀਆਂ ਵਿਰੋਧੀ ਪਾਰਟੀਆਂ ਖਿੰਡੀਆਂ ਹੋਈਆਂ ਹਨ ਅਤੇ ਜਮਹੂਰੀ ਤਾਕਤਾਂ ਦਿਨੋ-ਦਿਨ ਕਮਜ਼ੋਰ ਹੋ ਰਹੀਆਂ ਹਨ। ਵਧ ਰਹੀ ਕੱਟੜਤਾ ਦੇਸ਼ ਨੂੰ ਨਫ਼ਰਤ ਭਰੇ ਰਸਤਿਆਂ ਵੱਲ ਧੱਕ ਰਹੀ ਹੈ। ਸਾਡੇ ਗੁਆਂਢੀ ਦੇਸ਼ਾਂ ਜਿਨ੍ਹਾਂ ਵਿਚ ਪਾਕਿਸਤਾਨ, ਅਫ਼ਗ਼ਾਨਿਸਤਾਨ ਤੇ ਸ੍ਰੀਲੰਕਾ ਸ਼ਾਮਲ ਹਨ, ਨੇ ਧਾਰਮਿਕ ਕੱਟੜਤਾ ਦੇ ਰਸਤਿਆਂ ’ਤੇ ਚੱਲਦਿਆਂ ਸਮੂਹਿਕ ਤਬਾਹੀ ਨੂੰ ਸੱਦਾ ਦਿੱਤਾ ਹੈ। ਸ੍ਰੀਲੰਕਾ ਵਿਚ ਬੋਧੀ ਧਰਮ ਨਾਲ ਸਬੰਧਿਤ ਬਹੁਗਿਣਤੀਵਾਦ ਅਤੇ ਧਾਰਮਿਕ ਕੱਟੜਤਾ ਨੇ ਹੀ ਰਾਜਪਕਸੇ ਪਰਿਵਾਰ ਨੂੰ ਮਜ਼ਬੂਤ ਕੀਤਾ ਸੀ। ਅਜਿਹੀ ਸਿਆਸਤ ਦੇਸ਼ ਲਈ ਘਾਤਕ ਹੋ ਸਕਦੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਜਿਹੀਆਂ ਕਾਰਵਾਈਆਂ ਕਰ ਰਹੀਆਂ ਜਥੇਬੰਦੀਆਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਸਮਾਜ ਨੂੰ ਨਾਮਿਲਵਰਤਨ ਦੇ ਸੱਦਿਆਂ ਦੀ ਥਾਂ ਮਿਲਵਰਤਨ ਅਤੇ ਭਾਈਚਾਰਕ ਸਾਂਝ ਵਧਾਉਣ ਦੀ ਜ਼ਰੂਰਤ ਹੈ।